ਕਾਂਗਰਸੀ ਵਿਧਾਇਕ ਇਕ ਵਾਰ ਫਿਰ ਸਰਗਰਮ
ਚੰਡੀਗੜ੍ਹ: ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਵਿਚ ਵੱਡੇ ਪੱਧਰ ਉਥੇ ਬਾਗੀ ਸੁਰਾਂ ਉਠ ਖਲੋਤੀਆਂ ਹਨ। ਇਕ ਪਾਸੇ ਕਿਸਾਨ, ਮੁਲਾਜ਼ਮ ਤੇ ਮਜ਼ਦੂਰ ਸੜਕਾਂ ‘ਤੇ ਉਤਰੇ ਹਨ, ਦੂਜੇ ਪਾਸੇ ਕਾਂਗਰਸ ਦੇ ਆਪਣੇ ਵਿਧਾਇਕ ਹੀ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਉਠਾ ਰਹੇ ਹਨ। ਇਥੋਂ ਤੱਕ ਕਿ ਕੈਪਟਨ ਸਰਕਾਰ ਵੱਲੋਂ ਚੋਣਾਂ ਸਮੇਂ ਕੀਤਾ ਹਰ ਵਾਅਦਾ ਪੁਗਾਉਣ ਦੇ ਦਾਅਵਿਆਂ ਦੀ ਫੂਕ ਹੁਣ ਇਸ ਦੇ ਆਪਣੇ ਹੀ ਮੰਤਰੀ ਤੇ ਵਿਧਾਇਕ ਕੱਢਣ ਲੱਗੇ ਹਨ।
ਅਜਿਹੀ ਹਿਲਜੁਲ ਪਿੱਛੋਂ ਕੈਪਟਨ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਤੇ ਕਾਂਗਰਸੀ ਵਿਧਾਇਕਾਂ ਦੇ ਸ਼ਿਕਵੇ ਦੂਰ ਕਰਨ ਲਈ ਵੱਡੇ ਪੱਧਰ ਉਤੇ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਕਾਂਗਰਸ ਸਰਕਾਰ ਨੂੰ ਸਭ ਤੋਂ ਵੱਧ ਨਮੋਸ਼ੀ ਉਦੋਂ ਝੱਲਣੀ ਪਈ ਜਦੋਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਸਰਪੰਚਾਂ ਨੂੰ ਸਹੁੰ ਚੁਕਾਉਣ ਦੇ ਸਮਾਗਮ ਵਿਚ ਸਰਕਾਰ ਦੀ ਨਸ਼ਿਆਂ ਨੂੰ ਖਤਮ ਕਰਨ ਬਾਰੇ ਮਾੜੀ ਕਾਰਗੁਜ਼ਾਰੀ ਉਤੇ ਸਵਾਲ ਚੁੱਕ ਕੇ ਸਮਾਗਮ ਵਿਚੇ ਛੱਡ ਕੇ ਚਲੇ ਗਏ। ਇਸ ਸਮਾਗਮ ਵਿਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਮੌਜੂਦ ਸਨ। ਸ਼ ਜ਼ੀਰਾ ਨੇ ਸਰਕਾਰ ਨੂੰ ਉਦੋਂ ਘੇਰਿਆ, ਜਦੋਂ ਸਰਪੰਚਾਂ ਨੂੰ ਨਸ਼ਾ ਮੁਕਤ ਪਿੰਡ ਬਣਾਉਣ ਲਈ ਸਹੁੰ ਚੁਕਾਈ ਜਾ ਰਹੀ ਸੀ। ਜ਼ੀਰਾ ਨੇ ਸ਼ਰੇਆਮ ਇਕ ਆਈ.ਜੀ. ਉਤੇ ਨਸ਼ਾ ਸਪਲਾਈ ਕਰਨ ਦੇ ਦੋਸ਼ ਲਾਏ। ਇਹ ਆਈ.ਜੀ. ਇਸੇ ਸਮਾਗਮ ਵਿਚ ਮੌਜੂਦ ਸੀ ਤੇ ਸਰਪੰਚਾਂ ਨੂੰ ਨਸ਼ਿਆਂ ਖਿਲਾਫ ਮੁਹਿੰਮ ਖੜ੍ਹੀ ਕਰਨ ਲਈ ਪ੍ਰੇਰਿਤ ਕਰ ਰਿਹਾ ਸੀ, ਜਿਸ ਉਤੇ ਜ਼ੀਰਾ ਨੂੰ ਗੁੱਸਾ ਆ ਗਿਆ ਤੇ ਉਸ ਨੇ ਖੜ੍ਹੇ ਹੋ ਕੇ ਸ਼ਰੇਆਮ ਉਸ ਆਈ.ਜੀ. ਦਾ ਨਾਮ ਲੈ ਦਿੱਤਾ। ਅਗਲੇ ਦਿਨ ਡੀ.ਜੀ.ਪੀ. ਕੋਲ ਨਸ਼ਿਆਂ ਦੀਆਂ 29 ਸ਼ਿਕਾਇਤਾਂ ਲੈ ਕੇ ਪੁੱਜ ਗਿਆ।
ਇਸ ਤੋਂ ਅਗਲੇ ਹੀ ਦਿਨ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈਆਂ ਪਾਰਟੀ ਵਿਚ ਸੁਣਵਾਈ ਨਾ ਹੋਣ ਦਾ ਦੋਸ਼ ਲਾ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਪੰਜਗਰਾਈਆਂ ਦੋ ਵਾਰ ਕਾਂਗਰਸ ਦੇ ਵਿਧਾਇਕ ਰਹਿ ਚੁੱਕੇ ਹਨ। ਪੰਜਗਰਾਈਆਂ ਨੇ ਕਾਂਗਰਸ ਖਿਲਾਫ਼ ਖੂਬ ਭੜਾਸ ਕੱਢੀ। ਇਸ ਤੋਂ ਪਹਿਲਾਂ ਵਿਧਾਇਕ ਸੁਰਜੀਤ ਸਿੰਘ ਧੀਮਾਨ, ਕੁਲਬੀਰ ਸਿੰਘ ਜ਼ੀਰਾ ਤੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਉਠਾਏ ਸਨ। ਇਨ੍ਹਾਂ ਲੀਡਰਾਂ ਦਾ ਕਹਿਣਾ ਹੈ ਕਿ ਸਰਕਾਰ ਵਾਅਦਿਆਂ ਮੁਤਾਬਕ ਕੰਮ ਨਹੀਂ ਕਰ ਰਹੀ। ਸਭ ਤੋਂ ਵੱਡਾ ਸਵਾਲ ਨਸ਼ਿਆਂ ਤੇ ਕਿਸਾਨ ਖੁਦਕੁਸ਼ੀਆਂ ਦਾ ਹੈ। ਪੰਜਾਬ ਵਿਚ ਅੱਜ ਵੀ ਨਸ਼ਿਆਂ ਨਾਲ ਨੌਜਵਾਨ ਮਰ ਰਹੇ ਹਨ ਤੇ ਕਿਸਾਨ ਨਿੱਤ ਖੁਦਕੁਸ਼ੀਆਂ ਕਰ ਰਹੇ ਹਨ।
ਕਾਂਗਰਸ ਦੇ ਹੇਠਲੇ ਪੱਧਰ ਦੇ ਲੀਡਰਾਂ ਵਿਚ ਬੇਗਾਨਗੀ ਦੀ ਭਾਵਨਾ ਹੈ। ਲੀਡਰਾਂ ਤੇ ਵਰਕਰਾਂ ਦਾ ਕਹਿਣਾ ਹੈ ਕਿ ਆਪਣੀ ਸਰਕਾਰ ਹੋਣ ਦੇ ਬਾਵਜੂਦ ਅਫਸਰ ਉਨ੍ਹਾਂ ਦੇ ਕੰਮ ਨਹੀਂ ਕਰ ਰਹੇ। ਲੋਕ ਉਨ੍ਹਾਂ ਕੋਲ ਉਮੀਦਾਂ ਲੈ ਕੇ ਆਉਂਦੇ ਹਨ ਪਰ ਨਿਰਾਸ਼ ਹੋ ਕੇ ਜਾਂਦੇ ਹਨ। ਇਸ ਬਾਰੇ ਨਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਾ ਹੀ ਸੂਬਾ ਪ੍ਰਧਾਨ ਸੁਨੀਲ ਜਾਖੜ ਉਨ੍ਹਾਂ ਦੀ ਗੱਲ ਸੁਣਦੇ ਹਨ। ਕਾਂਗਰਸੀ ਆਗੂਆਂ ਵਿਚ ਸਭ ਤੋਂ ਵੱਧ ਗੁੱਸਾ ਇਸ ਗੱਲ ਦਾ ਹੈ ਕਿ ਚੋਣਾਂ ਸਮੇਂ ਨਸ਼ਾ ਸਪਲਾਈ ਕਰਨ ਦੇ ਦੋਸ਼ਾਂ ਵਿਚ ਘਿਰੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਸਰਕਾਰ ਬਣਦਿਆਂ ਹੀ ਜੇਲ੍ਹ ਭੇਜਣ ਦੇ ਵਾਅਦੇ ਉਤੇ ਉਨ੍ਹਾਂ ਦੀ ਸਰਕਾਰ ਖਰੀ ਨਹੀਂ ਉਤਰੀ। ਬਾਦਲਾਂ ਦੀਆਂ ਸੜਕਾਂ ਉਤੇ ਦੌੜਦੀਆਂ ਨਾਜਾਇਜ਼ ਬੱਸਾਂ ਨੂੰ ਵੀ ਬਰੇਕ ਲਾਉਣ ਦਾ ਵਾਅਦਾ ਕੀਤਾ ਸੀ ਪਰ ਅਜੇ ਤੱਕ ਇਸ ਪਾਸੇ ਕੋਈ ਕਾਰਵਾਈ ਨਹੀਂ ਹੋਈ। ਇਸ ਸਬੰਧੀ ਕਈ ਵਾਰ ਕਾਂਗਰਸ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਗਿਲਾ ਕਰ ਚੁੱਕੇ ਹਨ ਕਿ ਲੋਕ ਉਨ੍ਹਾਂ ਨੂੰ ਸਵਾਲ ਕਰਦੇ ਹਨ ਕਿ ਚੋਣਾਂ ਵਾਲੇ ਵਾਅਦੇ ਕਿਥੇ ਗਏ, ਪਰ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਹੁੰਦਾ। ਕੈਪਟਨ ਨੇ ਕਦੇ ਵੀ ਇਨ੍ਹਾਂ ਆਗੂਆਂ ਨੂੰ ਹੁੰਗਾਰਾ ਨਹੀਂ ਭਰਿਆ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕਾਂਗਰਸੀ ਆਗੂਆਂ ਵੱਲੋਂ ਸ਼ਰੇਆਮ ਉਚ ਅਫਸਰਾਂ ਦੀ ਨਸ਼ਾ ਤਸਕਰੀ ਵਿਚ ਭੂਮਿਕਾ ਬਾਰੇ ਖੁਲਾਸੇ ਕੀਤੇ ਗਏ ਹਨ, ਪਰ ਕੈਪਟਨ ਸਰਕਾਰ ਇਹ ਆਖ ਕੇ ਟਾਲਾ ਵੱਟ ਰਹੀ ਹੈ ਕਿ ਜਾਂਚ ਜਾਰੀ ਹੈ।