ਛਤਰਪਤੀ ਹੱਤਿਆ ਮਾਮਲਾ: 16 ਸਾਲਾਂ ਬਾਅਦ ਮਿਲਿਆ ਪੀੜਤਾਂ ਨੂੰ ਨਿਆਂ

ਚੰਡੀਗੜ੍ਹ: ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਤੇ ਤਿੰਨ ਡੇਰਾ ਪ੍ਰੇਮੀਆਂ ਨੂੰ ਪੱਤਰਕਾਰ ਰਾਮ ਚੰਦਰ ਛਤਰਪਤੀ ਹੱਤਿਆ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਹੈ। 16 ਸਾਲ ਪੁਰਾਣੇ ਕਤਲ ਦੇ ਇਸ ਮਾਮਲੇ ਵਿਚ ਡੇਰਾ ਮੁਖੀ ਤੋਂ ਇਲਾਵਾ ਜਿਨ੍ਹਾਂ ਤਿੰਨ ਹੋਰਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ, ਉਨ੍ਹਾਂ ਵਿਚ ਡੇਰਾ ਪ੍ਰੇਮੀ ਕ੍ਰਿਸ਼ਨ ਲਾਲ, ਨਿਰਮਲ ਸਿੰਘ ਤੇ ਕੁਲਦੀਪ ਸਿੰਘ ਸ਼ਾਮਲ ਹਨ। ਚਾਰੇ ਮੁਜਰਮਾਂ ਨੂੰ ਆਈ.ਪੀ.ਸੀ. ਦੀ ਧਾਰਾ 302 ਤੇ 120ਬੀ ਤਹਿਤ ਦੋਸ਼ੀ ਠਹਿਰਾਇਆ ਗਿਆ ਹੈ। ਨਿਰਮਲ ਸਿੰਘ ਤੇ ਕ੍ਰਿਸ਼ਨ ਲਾਲ ਲਈ ਆਰਮਜ਼ ਐਕਟ ਦੀਆਂ ਧਾਰਾਵਾਂ ਵੀ ਜੋੜੀਆਂ ਗਈਆਂ ਹਨ। ਇਸ ਦੌਰਾਨ ਪੰਚਕੂਲਾ ਅਦਾਲਤੀ ਕੰਪਲੈਕਸ ਦੇ ਬਾਹਰ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ।

ਡੇਰਾ ਮੁਖੀ, ਡੇਰੇ ਦੀਆਂ ਦੋ ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ ਵਿਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ 20 ਸਾਲ ਦੀ ਸਜ਼ਾ ਅਧੀਨ ਬੰਦ ਹੈ। ਪੱਤਰਕਾਰ ਛਤਰਪਤੀ ਨੂੰ ਸਾਲ 2002 ਵਿਚ ਹਰਿਆਣਾ ਦੇ ਸਿਰਸਾ ਵਿਚ ਕਤਲ ਕਰ ਦਿੱਤਾ ਗਿਆ ਸੀ। ਛਤਰਪਤੀ ਨੇ ਆਪਣੇ ਅਖ਼ਬਾਰ ਵਿਚ ਡੇਰਾ ਮੁਖੀ ਵੱਲੋਂ ਡੇਰੇ ਵਿਚ ਸਾਧਵੀਆਂ ਦੇ ਸ਼ੋਸ਼ਣ ਸਬੰਧੀ ਇਕ ਚਿੱਠੀ ਪ੍ਰਕਾਸ਼ਿਤ ਕੀਤੀ ਸੀ। ਇਸ ਮਾਮਲੇ ਵਿਚ ਸੀ.ਬੀ.ਆਈ. ਵੱਲੋਂ 46 ਗਵਾਹੀਆਂ ਪੇਸ਼ ਕੀਤੀਆਂ ਗਈਆਂ ਜਦਕਿ ਦੋ ਦਰਜਨ ਤੋਂ ਵੱਧ ਗਵਾਹ ਬਚਾਅ ਪੱਖ ਦੇ ਸਨ। ਬਚਾਅ ਪੱਖ ਦੇ ਵਕੀਲ ਨੇ ਦੱਸਿਆ ਕਿ ਉਹ ਇਸ ਮਾਮਲੇ ਵਿਚ ਹਾਈ ਕੋਰਟ ਜਾ ਸਕਦੇ ਹਨ। ਉਧਰ,
ਇਸ ਮਾਮਲੇ ਦੇ ਅਹਿਮ ਗਵਾਹ ਖੱਟਾ ਸਿੰਘ ਨੇ ਦੱਸਿਆ ਕਿ ਸਜ਼ਾ ਸੁਣਾਏ ਜਾਣ ਵੇਲੇ ਗੁਰਮੀਤ ਰਾਮ ਰਹੀਮ ਮਾਯੂਸ ਸੀ ਤੇ ਨੀਵੀਂ ਪਾਈ ਬੈਠਾ ਰਿਹਾ।
ਕਾਬਲੇਗੌਰ ਹੈ ਕਿ ਪੱਤਰਕਾਰ ਰਾਮ ਚੰਦਰ ਛਤਰਪਤੀ ਨੂੰ 24 ਅਕਤੂਬਰ, 2002 ਨੂੰ ਗੋਲੀਆਂ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ ਸੀ। 21 ਨਵੰਬਰ 2002 ਨੂੰ ਦਿੱਲੀ ਦੇ ਅਪੋਲੋ ਹਸਪਤਾਲ ਵਿਚ ਉਹਦੀ ਮੌਤ ਹੋ ਗਈ, ਪਰ ਛਤਰਪਤੀ ਦੇ ਪੁੱਤਰ ਅੰਸ਼ੁਲ ਛਤਰਪਤੀ ਨੇ ਹਾਰ ਨਹੀਂ ਮੰਨੀ। ਪੱਤਰਕਾਰ ਰਾਮਚੰਦਰ ਛਤਰਪਤੀ ਨੇ ਸਾਧਵੀਆਂ ਨਾਲ ਜਿਨਸੀ ਸ਼ੋਸ਼ਣ ਸਬੰਧੀ ਆਪਣੇ ਅਖਬਾਰ ‘ਪੂਰਾ ਸੱਚ’ ਵਿਚ ਪਹਿਲਾਂ ਖ਼ਬਰ ਛਾਪੀ ਤੇ ਮਗਰੋਂ ਸਾਧਵੀਆਂ ਦੀ ਚਿੱਠੀ ਵੀ ਛਾਪੀ। ਇਸ ਮਗਰੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਪੱਤਰਕਾਰ ਨੂੰ ਧਮਕੀਆਂ ਦਿੱਤੀਆਂ ਅਤੇ ਡੇਰੇ ਵਿਚ ਆ ਮੁਆਫੀ ਮੰਗਣ ਲਈ ਕਿਹਾ। ਜਦੋਂ ਪੱਤਰਕਾਰ ਇਨ੍ਹਾਂ ਧਮਕੀਆਂ ਅੱਗੇ ਨਾ ਝੁਕਿਆ ਤਾਂ ਉਹਨੇ ਛਤਰਪਤੀ ਦੀ ਹੱਤਿਆ ਕਰਵਾ ਦਿੱਤੀ।
____________________________
ਨਿੰਮੋਝੂਣਾ ਬੈਠਾ ਰਿਹਾ ਰਾਮ ਰਹੀਮ
ਰੋਹਤਕ: ਪੰਚਕੂਲਾ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਵੱਲੋਂ ਡੇਰਾ ਮੁਖੀ ਨੂੰ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਤਿਆ ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ਮਗਰੋਂ ਵੀਡੀਓ ਕਾਨਫਰੰਸਿੰਗ ਰਾਹੀਂ ਸਥਾਨਕ ਸੁਨਾਰੀਆ ਜੇਲ੍ਹ ਵਿਚੋਂ ਪੇਸ਼ੀ ਭੁਗਤ ਰਿਹਾ ਗੁਰਮੀਤ ਰਾਮ ਰਹੀਮ ਕੋਰਟ ਰੂਮ ਵਿਚ ਕਾਫੀ ਦੇਰ ਤੱਕ ਨਿੰਮੋਝੂਣਾ ਹੋ ਕੇ ਖੜ੍ਹਾ ਰਿਹਾ। ਪੇਸ਼ੀ ਦਾ ਅਮਲ ਮੁਕੰਮਲ ਹੋਣ ਮਗਰੋਂ ਉਸ ਨੇ ਕਿਸੇ ਨਾਲ ਕੋਈ ਗੱਲਬਾਤ ਨਹੀਂ ਕੀਤੀ। ਡਾਕਟਰਾਂ ਦੀ ਟੀਮ ਨੇ ਉਹਦੀ ਸਿਹਤ ਦੀ ਜਾਂਚ ਕੀਤੀ ਤਾਂ ਡੇਰਾ ਮੁਖੀ ਦੇ ਦਿਲ ਦੀ ਧੜਕਣ ਵਧੀ ਹੋਈ ਸੀ। ਕੋਰਟ ਰੂਮ ਤੋਂ ਬੈਰਕ ਤੱਕ ਰਾਮ ਰਹੀਮ ਨੂੰ ਗੱਡੀ ਰਾਹੀਂ ਲਿਜਾਇਆ ਗਿਆ, ਜਿਥੇ ਉਹ ਨਿਢਾਲ ਹੋਇਆ ਪਿਆ ਰਿਹਾ।
____________________________
ਪਰਿਵਾਰ ਨੂੰ ਅੱਜ ਸ਼ਾਂਤੀ ਮਿਲੀ: ਅੰਸ਼ੁਲ ਛਤਰਪਤੀ
ਪੰਚਕੂਲਾ: ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਬੇਟੇ ਅੰਸ਼ੁਲ ਨੇ ਅਦਾਲਤ ਦੇ ਬਾਹਰ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨੂੰ ਅੱਜ ਸ਼ਾਂਤੀ ਮਿਲੀ ਹੈ, ਕਿਉਂਕਿ ਇਕ ਅਸਰ ਰਸੂਖ ਵਾਲੇ ਵਿਅਕਤੀ ਤੇ ਉਸ ਦੇ ਚੇਲਿਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਅੰਸ਼ੁਲ ਨੇ ਕਿਹਾ ਕਿ ਉਸ ਨੂੰ ਨਿਆਂ ਪਾਲਿਕਾ ‘ਤੇ ਪੂਰਾ ਵਿਸ਼ਵਾਸ ਹੈ। ਅੰਸ਼ੁਲ ਨੇ ਕੇਂਦਰੀ ਜਾਂਚ ਏਜੰਸੀ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਸ ਦਾ ਕੇਸ ਸੁਣਿਆ, ਪੜ੍ਹਿਆ ਤੇ ਅਦਾਲਤ ਤੱਕ ਲੜਿਆ। ਅੰਸ਼ੁਲ ਨੇ ਕਿਹਾ ਅਦਾਲਤ ਨੇ ਛਤਰਪਤੀ ਦੇ ਸੱਚ ‘ਤੇ ਮੋਹਰ ਲਾਈ ਹੈ।
____________________________
ਵਿਵਾਦਾਂ ਵਿਚ ਰਿਹਾ ਰਾਮ ਰਹੀਮ
-ਮਈ 2007 ਵਿਚ ਡੇਰਾ ਸਲਾਬਤਪੁਰਾ (ਬਠਿੰਡਾ) ਵਿਚ ਡੇਰਾ ਮੁਖੀ ਰਾਮ ਰਹੀਮ ਨੇ ਗੁਰੂ ਗੋਬਿੰਦ ਸਿੰਘ ਜੀ ਵਰਗਾ ਪਹਿਰਾਵਾ ਪਾ ਕੇ ਤੇ ਫੋਟੋ ਖਿਚਵਾ ਕੇ ਅਖਬਾਰਾਂ ‘ਚ ਪ੍ਰਕਾਸ਼ਿਤ ਕਰਵਾਈ, ਜਿਸ ਕਾਰਨ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਣ ਕਾਰਨ ਪੰਜਾਬ ਦਾ ਮਾਹੌਲ ਖਰਾਬ ਹੋ ਗਿਆ ਸੀ।
-3 ਮਈ 2007 ਨੂੰ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਹਿਰਾਵੇ ਦੀ ਨਕਲ ਕੀਤੇ ਜਾਣ ਦੇ ਵਿਰੋਧ ਵਿਚ ਬਠਿੰਡਾ ਵਿਖੇ ਡੇਰਾ ਮੁਖੀ ਰਾਮ ਰਹੀਮ ਦਾ ਪੁਤਲਾ ਸਾੜਿਆ, ਪ੍ਰਦਰਸ਼ਨਕਾਰੀ ਸਿੱਖਾਂ ‘ਤੇ ਡੇਰਾ ਪ੍ਰੇਮੀਆਂ ਨੇ ਹਮਲਾ ਕੀਤਾ, ਜਿਸ ਤੋਂ ਬਾਅਦ 13 ਮਈ 2007 ਨੂੰ ਪੂਰੇ ਉੱਤਰ ਭਾਰਤ ਵਿਚ ਹਿੰਸਕ ਘਟਨਾਵਾਂ ਹੋਈਆਂ, ਜਿਸ ਦੇ ਚਲਦਿਆਂ ਸਿੱਖ ਤੇ ਡੇਰਾ ਪ੍ਰੇਮੀਆਂ ਵਿਚਕਾਰ ਥਾਂ-ਥਾਂ ਝੜਪਾਂ ਵੀ ਹੋਈਆਂ।
-17 ਮਈ 2007 ਨੂੰ ਪ੍ਰਦਰਸ਼ਨ ਕਰ ਰਹੇ ਸਿੱਖਾਂ ‘ਤੇ ਸੁਨਾਮ ਵਿਚ ਡੇਰਾ ਪ੍ਰੇਮੀ ਨੇ ਗੋਲੀ ਚਲਾਈ, ਜਿਸ ਵਿਚ ਸਿੱਖ ਨੌਜਵਾਨ ਕਮਲਜੀਤ ਸਿੰਘ ਦੀ ਮੌਤ ਹੋ ਗਈ, ਜਿਸ ਉਪਰੰਤ ਸਿੱਖ ਜਥੇਬੰਦੀਆਂ ਨੇ ਡੇਰਾ ਮੁਖੀ ਦੀ ਗ੍ਰਿਫਤਾਰੀ ਨੂੰ ਲੈ ਕੇ ਅੰਦੋਲਨ ਕੀਤੇ ਤੇ ਪੰਜਾਬ ਵਿਚ ਡੇਰਾ ਮੁਖੀ ਦੇ ਜਾਣ ‘ਤੇ ਪਾਬੰਦੀ ਲੱਗ ਗਈ।
-18 ਜੂਨ 2007 ਨੂੰ ਬਠਿੰਡਾ ਦੀ ਅਦਾਲਤ ਨੇ ਰਾਜਿੰਦਰ ਸਿੰਘ ਸਿੱਧੂ ਦੀ ਅਰਜ਼ੀ ‘ਤੇ ਡੇਰਾ ਮੁਖੀ ਦੇ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ
-24 ਜੁਲਾਈ 2007 ਨੂੰ ਪਿੰਡ ਮੱਲੇਵਾਲਾ ਵਿਚ ਨਾਮ ਚਰਚਾ ਕਰਨ ‘ਤੇ ਵਿਵਾਦ ਖੜ੍ਹਾ ਹੋ ਗਿਆ, ਜਿਸ ਵਿਚ ਇਕ ਡੇਰਾ ਪ੍ਰੇਮੀ ਨੇ ਆਪਣੀ ਬੰਦੂਕ ਨਾਲ ਫਾਇਰ ਕਰ ਕੇ ਤਿੰਨ ਪੁਲਿਸ ਕਰਮਚਾਰੀਆਂ ਸਮੇਤ ਅੱਠ ਸਿੱਖਾਂ ਨੂੰ ਜ਼ਖ਼ਮੀ ਕਰ ਦਿੱਤਾ, ਜਿਸ ਕਾਰਨ ਮਾਹੌਲ ਮੁੜ ਤਣਾਅਪੂਰਨ ਹੋ ਗਿਆ।
-31 ਜੁਲਾਈ 2007 ਨੂੰ ਸੀ.ਬੀ.ਆਈ. ਨੇ ਹੱਤਿਆ ਮਾਮਲਿਆਂ ਤੇ ਸਾਧਵੀ ਸਰੀਰਕ ਸ਼ੋਸ਼ਣ ਮਾਮਲੇ ਵਿਚ ਜਾਂਚ ਪੂਰੀ ਕਰਕੇ ਚਲਾਨ ਅਦਾਲਤ ਵਿਚ ਪੇਸ਼ ਕਰ ਦਿੱਤਾ ਅਤੇ ਸੀ.ਬੀ.ਆਈ. ਨੇ ਤਿੰਨਾਂ ਮਾਮਲਿਆਂ ਵਿਚ ਡੇਰਾ ਮੁਖੀ ਨੂੰ ਦੋਸ਼ੀ ਬਣਾਇਆ।
____________________________
ਅਹਿਮ ਸਾਬਤ ਹੋਈ ਖੱਟਾ ਸਿੰਘ ਦੀ ਗਵਾਹੀ
ਚੰਡੀਗੜ੍ਹ: ਇਸ ਮਾਮਲੇ ‘ਚ ਰਾਮ ਰਹੀਮ ਦੇ ਸਾਬਕਾ ਡਰਾਈਵਰ ਖੱਟਾ ਸਿੰਘ ਦੀ ਗਵਾਹੀ ਬੇਹੱਦ ਅਹਿਮ ਰਹੀ। ਖੱਟਾ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਉਸ ਦੇ ਸਾਹਮਣੇ ਹੀ ਰਾਮ ਰਹੀਮ ਨੇ ਕ੍ਰਿਸ਼ਨ ਲਾਲ, ਕੁਲਦੀਪ ਤੇ ਨਿਰਮਲ ਸਿੰਘ ਨੂੰ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਤਿਆ ਕਰਨ ਦਾ ਆਦੇਸ਼ ਦਿੱਤਾ ਸੀ। ਜਦੋਂ 23 ਅਕਤੂਬਰ 2002 ਨੂੰ ਰਾਮ ਰਹੀਮ ਜਲੰਧਰ ਤੋਂ ਸਤਸੰਗ ਖਤਮ ਕਰਕੇ ਵਾਪਸ ਸਿਰਸਾ ਪਹੁੰਚਿਆ ਤਾਂ ਕ੍ਰਿਸ਼ਨ ਲਾਲ ਨੇ ਉਸ ਨੂੰ ਛਤਰਪਤੀ ਦਾ ਅਖਬਾਰ ਵਿਖਾਇਆ, ਜਿਸ ‘ਚ ਉਸ ਨੇ ਸਾਧਵੀਆਂ ਨਾਲ ਸਰੀਰਕ ਸ਼ੋਸ਼ਣ ਦੀ ਖਬਰ ਛਾਪੀ ਸੀ।
ਇਸ ਖਬਰ ਨਾਲ ਗੁੱਸੇ ‘ਚ ਆ ਕੇ ਰਾਮ ਰਹੀਮ ਨੇ ਉਸ ਦੇ ਸਾਹਮਣੇ ਕ੍ਰਿਸ਼ਨ ਲਾਲ, ਕੁਲਦੀਪ ਤੇ ਨਿਰਮਲ ਨੂੰ ਆਦੇਸ਼ ਦਿੱਤਾ ਕਿ ਪੱਤਰਕਾਰ ਛਤਰਪਤੀ ਨੂੰ ਮੌਤ ਦੇ ਘਾਟ ਉਤਾਰ ਦਿਓ ਤੇ 24 ਅਕਤੂਬਰ ਨੂੰ ਕ੍ਰਿਸ਼ਨ ਲਾਲ ਦੀ ਲਾਇਸੈਂਸੀ ਰਿਵਾਲਵਰ ਨਾਲ ਗੋਲੀਆਂ ਮਾਰ ਕੇ ਛਤਰਪਤੀ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ ਤੇ ਕੁਝ ਦਿਨਾਂ ਬਾਅਦ ਹਸਪਤਾਲ ‘ਚ ਉਸ ਦੀ ਮੌਤ ਹੋ ਗਈ। ਗਵਾਹ ਬਣਨ ਤੋਂ ਬਾਅਦ ਉਸ ਨੂੰ ਲਗਾਤਾਰ ਧਮਕੀਆਂ ਮਿਲਦੀਆਂ ਰਹੀਆਂ।