ਮਾਘੀ ਜੋੜ ਮੇਲੇ ਮੌਕੇ ਸੰਗਤਾਂ ਵੱਲੋਂ 40 ਮੁਕਤਿਆਂ ਨੂੰ ਸਿਜਦਾ

ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਵਿਖੇ 40 ਮੁਕਤਿਆਂ ਦੀ ਯਾਦ ‘ਚ ਮਾਘੀ ਜੋੜ ਮੇਲੇ ਮੌਕੇ ਦੇਸ਼-ਵਿਦੇਸ਼ ‘ਚੋਂ ਵੱਡੀ ਗਿਣਤੀ ਸੰਗਤ ਪਹੁੰਚੀ ਅਤੇ ਪਵਿੱਤਰ ਮੁਕਤ ਸਰੋਵਰ ‘ਚ ਇਸ਼ਨਾਨ ਕੀਤਾ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਅਮਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਮਾਘੀ ਦੇ ਦਿਹਾੜੇ ‘ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਗੁਰਦੁਆਰਾ ਟੁੱਟੀ ਗੰਢੀ ਸਾਹਿਬ (ਸ੍ਰੀ ਦਰਬਾਰ ਸਾਹਿਬ) ਵਿਖੇ ਮੱਥਾ ਟੇਕਿਆ ਤੇ 40 ਮੁਕਤਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

ਉਨ੍ਹਾਂ ਖਿਦਰਾਣੇ ਦੀ ਜੰਗ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਇਸ ਧਰਤੀ ‘ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਬਾਰਕ ਚਰਨ ਪਾਏ ਹਨ ਅਤੇ ਇਥੇ ਮੁਗ਼ਲ ਸਾਮਰਾਜ ਨਾਲ ਆਖਰੀ ਜੰਗ ਲੜ ਕੇ ਜ਼ੁਲਮ ਖ਼ਿਲਾਫ ਫਤਹਿ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਇਸ ਧਰਤੀ ‘ਤੇ ਹੱਕ-ਸੱਚ ਦੀ ਜੰਗ ਲੜੀ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤ ਨੇ ਇਤਿਹਾਸਕ ਗੁਰਦੁਆਰਾ ਟੁੱਟੀ ਗੰਢੀ (ਸ੍ਰੀ ਦਰਬਾਰ ਸਾਹਿਬ), ਗੁਰਦੁਆਰਾ ਤੰਬੂ ਸਾਹਿਬ, ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਗੁਰਦੁਆਰਾ ਮਾਤਾ ਭਾਗ ਕੌਰ, ਗੁਰਦੁਆਰਾ ਟਿੱਬੀ ਸਾਹਿਬ, ਗੁਰਦੁਆਰਾ ਦਾਤਣਸਰ ਸਾਹਿਬ, ਗੁਰਦੁਆਰਾ ਰਕਾਬਸਰ ਸਾਹਿਬ ਦੇ ਦਰਸ਼ਨ ਕੀਤੇ। ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਗਿਆਨੀ ਹਰਪ੍ਰੀਤ ਸਿੰਘ ਤੇ ਗੋਬਿੰਦ ਸਿੰਘ ਲੌਂਗੋਵਾਲ ਨੂੰ ਮੈਨੇਜਰ ਬਲਦੇਵ ਸਿੰਘ, ਹੈੱਡ ਗ੍ਰੰਥੀ ਬਲਵਿੰਦਰ ਸਿੰਘ ਵਲੋਂ ਸਿਰੋਪਾਉ ਅਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸ ਅਦੁੱਤੀ, ਲਾਸਾਨੀ ਤੇ ਬੇਮਿਸਾਲ ਕੁਰਬਾਨੀਆਂ ਦੀ ਗਾਥਾ ਹੈ। ਉਨ੍ਹਾਂ ਕਿਹਾ ਕਿ ਖਿਦਰਾਣੇ ਦੀ ਢਾਬ ਤੋਂ ਸ੍ਰੀ ਮੁਕਤਸਰ ਸਾਹਿਬ ਤੱਕ ਦਾ ਸਫਰ ਗੁਰੂ ਦੇ ਪਿਆਰੇ ਸਿੰਘਾਂ ਦੀਆਂ ਅਦੁੱਤੀ, ਲਾਸਾਨੀ ਤੇ ਬੇਮਿਸਾਲ ਕੁਰਬਾਨੀਆਂ ਦੀ ਗਾਥਾ ਹੈ। ਇਹ ਪਾਵਨ ਇਤਿਹਾਸ ਟੁੱਟੀ ਗੰਢੀ ਦੀ ਉਹ ਇਬਾਰਤ ਹੈ ਜਿਹੜੀ ਸਿੰਘਾਂ ਨੇ ਗੁਰੂ ਸਾਹਿਬ ਤੋਂ ਖਿਮਾ ਮੰਗਣ ਲਈ ਆਪਣੇ ਲਹੂ ਨਾਲ ਲਿਖੀ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਬੇਦਾਵਾ ਦੇ ਕੇ ਗਏ ਸਿੰਘਾਂ ਨੂੰ ਗੁਰੂ ਦੀ ਸ਼ਰਨ ਆ ਕੇ ਸ਼ਹਾਦਤਾਂ ਦੇਣ ‘ਤੇ ਸਾਹਿਬ-ਏ-ਕਮਾਲ, ਦਸਮ ਪਾਤਸ਼ਾਹ ਨੇ ਵੱਡੇ ਖ਼ਿਤਾਬ ਦੇ ਕੇ ਸਿੱਖ ਇਤਿਹਾਸ ‘ਚ ਸਦਾ ਲਈ ਅਮਰ ਕਰ ਦਿੱਤਾ। ਅੱਜ ਅਸੀਂ ਉਨ੍ਹਾਂ ਮਹਾਨ ਸ਼ਹੀਦਾਂ ਨੂੰ 40 ਮੁਕਤਿਆਂ ਵਜੋਂ ਸਤਿਕਾਰ ਨਾਲ ਯਾਦ ਕਰਦੇ ਹਾਂ। ਉਨ੍ਹਾਂ ਕਿਹਾ ਕਿ ਸਾਨੂੰ 40 ਮੁਕਤਿਆਂ ਦੀ ਸ਼ਹੀਦੀ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਸਿੱਖੀ ਦੇ ਪ੍ਰਚਾਰ ਲਈ ਤਤਪਰ ਹੈ ਅਤੇ ਇਸ ਲਹਿਰ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਇਸ ਸਮੇਂ ਸਾਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ‘ਤੇ ਚੱਲਣ ਦੀ ਲੋੜ ਹੈ ਅਤੇ ਸ਼ਬਦ ਗੁਰਬਾਣੀ ਨਾਲ ਜੁੜਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਇਸ ਦਿਹਾੜੇ ਤੋਂ ਪ੍ਰੇਰਨਾ ਲੈ ਕੇ ਨੌਜਵਾਨ ਆਪਣੇ ਅਮੀਰ ਵਿਰਸੇ ਨਾਲ ਜੁੜਨ ਤੇ ਬੁਰਾਈਆਂ ਦੇ ਖਾਤਮੇ ਲਈ ਤਤਪਰ ਹੋਣ। ਉਨ੍ਹਾਂ ਕਿਹਾ ਕਿ ਸਮਾਜ ਵਿਚ ਫੈਲੀਆਂ ਬੁਰਾਈਆਂ ਨੂੰ ਜੜ੍ਹੋਂ ਖਤਮ ਕਰਨ ਲਈ ਨੌਜਵਾਨ ਵੱਡੀ ਭੂਮਿਕਾ ਨਿਭਾਅ ਸਕਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਸਿੱਖੀ ਸਰੂਪ ਨਾਲ ਜੁੜਨ ਲਈ ਕਿਹਾ। ਮਾਘੀ ਦੇ ਦਿਹਾੜੇ ‘ਤੇ ਇਲਾਕੇ ਦੀ ਸੰਗਤ ਵਲੋਂ ਸ੍ਰੀ ਮੁਕਤਸਰ ਸਾਹਿਬ ਨੂੰ ਆਉਣ ਵਾਲੇ ਸਾਰੇ ਰਸਤਿਆਂ ‘ਤੇ ਆਉਣ ਵਾਲੇ ਸ਼ਰਧਾਲੂਆਂ ਲਈ ਲੰਗਰ ਲਾਏ ਗਏ ਸਨ। ਜ਼ਿਕਰਯੋਗ ਹੈ ਕਿ ਇਸੇ ਹੀ ਅਸਥਾਨ ‘ਤੇ ਜ਼ੁਲਮ ਖਿਲਾਫ ਲੜੀ ਜੰਗ ‘ਚ ਫਤਹਿ ਹਾਸਲ ਕਰਨ ਤੋਂ ਇਲਾਵਾ 40 ਸਿੰਘਾਂ ਜੋ ਗੁਰੂ ਜੀ ਨੂੰ ਬੇਦਾਵਾ ਦੇ ਕੇ ਚਲੇ ਗਏ ਸਨ, ਉਨ੍ਹਾਂ ਆਪਣਾ ਬੇਦਾਵਾ ਪੜਵਾ ਕੇ ਇਸ ਧਰਤੀ ‘ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਸਿੱਖਾਂ ਦੀ ਟੁੱਟੀ ਗੰਢ ਕੇ ਖਿਦਰਾਣੇ ਦੀ ਇਸ ਧਰਤੀ ਨੂੰ ਮੁਕਤੀ ਦੇ ਸਰ ਦਾ ਵਰਦਾਨ ਬਖ਼ਸ਼ਿਆ।
_________________________
ਮਾਘੀ ‘ਤੇ ਅਕਾਲੀਆਂ ਨੇ ਮਘਾਈ ਸਿਆਸਤ
ਸ੍ਰੀ ਮੁਕਤਸਰ ਸਾਹਿਬ: ਮਾਘੀ ਦੇ ਮੇਲੇ ਮੌਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਗਈ ਸਿਆਸੀ ਕਾਨਫਰੰਸ ‘ਚ ਕਾਂਗਰਸ ਪਾਰਟੀ ਖਾਸ ਤੌਰ ਉਤੇ ਗਾਂਧੀ ਪਰਿਵਾਰ ਨੂੰ ਪੰਜਾਬ ਦੀ ਬਰਬਾਦੀ ਤੇ ਸਿੱਖ ਨਸਲਕੁਸ਼ੀ ਲਈ ਜ਼ਿੰਮੇਵਾਰ ਦੱਸਦਿਆਂ ਉਸ ਦੀ ਤੁਲਨਾ ‘ਮੁਗਲਾਂ’ ਨਾਲ ਕੀਤੀ ਗਈ ਜਦੋਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਤੇ ਸਿੱਖ ਹਿਤੈਸ਼ੀ ਬਣਾ ਕੇ ਪੇਸ਼ ਕਰਦਿਆਂ ਉਸ ਦੀ ਰੱਜ ਕੇ ਸਿਫਤ ਕੀਤੀ ਗਈ। ਕਾਨਫਰੰਸ ‘ਚ ਆਮ ਆਦਮੀ ਪਾਰਟੀ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਹਾਲਾਂਕਿ ਪਿਛਲੀਆਂ ਸਿਆਸੀ ਕਾਨਫਰੰਸਾਂ ‘ਚ ਮੁੱਖ ਨਿਸ਼ਾਨਾ ‘ਆਪ’ ਹੀ ਹੁੰਦੀ ਸੀ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਾਂ ਸਪੱਸ਼ਟ ਕਿਹਾ ਕਿ ਹੁਣ ਲੜਾਈ ਕਾਂਗਰਸ ਅਤੇ ਅਕਾਲੀ ਦਲ ਵਿਚਕਾਰ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਡਤ ਨਹਿਰੂ ਦੇ ਗਲਤ ਫੈਸਲੇ ਕਰਕੇ ਅੱਜ ਕਰਤਾਰਪੁਰ ਲਾਂਘੇ ਵਰਗੇ ਮਸਲੇ ਖੜ੍ਹੇ ਹੋਏ ਹਨ। ਦੇਸ਼ ਵਿਚ ਸਭ ਤੋਂ ਵੱਧ ਸਮਾਂ ਰਾਜ ਗਾਂਧੀ ਪਰਿਵਾਰ ਨੇ ਕੀਤਾ ਅਤੇ ਕਿਸਾਨਾਂ ਦੀ ਬਦਹਾਲੀ, ਦਲਿਤਾਂ ਦੇ ਸ਼ੋਸ਼ਣ ਅਤੇ ਬੇਰੁਜ਼ਗਾਰੀ ਲਈ ਗਾਂਧੀ ਪਰਿਵਾਰ ਹੀ ਜ਼ਿੰਮੇਵਾਰ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਵਰ੍ਹਦਿਆਂ ਬੁਲਾਰਿਆਂ ਨੇ ਉਸ ਨੂੰ ਸਿੱਖ ਵਿਰੋਧੀ, ਪੰਜਾਬ ਵਿਰੋਧੀ, ਲੋਕ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਅਕਾਲੀ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਕਾਂਗਰਸ ਸਰਕਾਰ ਨੇ ਬੰਦ ਕਰ ਦਿੱਤੀਆਂ ਹਨ। ਦੋਵੇਂ ਬਾਦਲਾਂ ਨੇ ‘ਬਰਗਾੜੀ ਮੋਰਚੇ’ ਦੇ ਪ੍ਰਬੰਧਕਾਂ ‘ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਧਰਨਾ ਲਾ ਕੇ 22 ਕਰੋੜ ਰੁਪਏ ਕਮਾ ਲਏ ਅਤੇ ਕਾਂਗਰਸ ਦੇ ਕਹਿਣ ‘ਤੇ ਧਰਨਾ ਖਤਮ ਕਰ ਦਿੱਤਾ।
_________________________
ਬੈਂਸ ਨੇ ਸਫਾਈ ਮੁਹਿੰਮ ਰਾਹੀਂ ਲਵਾਈ ਸਿਆਸੀ ਹਾਜ਼ਰੀ
ਸ੍ਰੀ ਮੁਕਤਸਰ ਸਾਹਿਬ: ‘ਲੋਕ ਇਨਸਾਫ ਪਾਰਟੀ’ ਨੇ ਮੇਲਾ ਮਾਘੀ ਮੌਕੇ ਸਿਆਸੀ ਇਕੱਠ ਕਰਨ ਦੀ ਥਾਂ ਸ਼ਹਿਰ ਦੀ ਸਫਾਈ ਕਰ ਕੇ ਆਪਣੀ ਹਾਜ਼ਰੀ ਲਵਾਈ। ਸ਼ਹਿਰ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਪੋਸਟਰ ਤੇ ਫਲੈਕਸ ਲਾਏ ਗਏ। ਪਾਰਟੀ ਆਗੂਆਂ ਨੇ ਭਾਵੇਂ ਸਿੱਧੇ ਰੂਪ ਵਿਚ ਕੋਈ ਸਿਆਸੀ ਬਿਆਨ ਨਹੀਂ ਦਿੱਤਾ, ਪਰ ਪਾਰਟੀ ਪ੍ਰਧਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਸ਼ਹਿਰ ਦੇ ਕਈ ਸਿਆਸੀ ਆਗੂਆਂ ਨੂੰ ਦਿੱਤਾ ਥਾਪੜਾ ਸਿਆਸੀ ਦਸਤਕ ਦੇ ਗਿਆ ਹੈ। ਸ੍ਰੀ ਬੈਂਸ ਨੇ ਸਮਰਥਕਾਂ ਸਮੇਤ ਕੋਟਕਪੂਰਾ ਰੋਡ ਬਾਈਪਾਸ ਤੋਂ ਸਫਾਈ ਮੁਹਿੰਮ ਚਲਾਈ ਅਤੇ ਸਵੇਰ ਤੋਂ ਸ਼ਾਮ ਤੱਕ ਗੁਰਦੁਆਰਾ ਦਰਬਾਰ ਸਾਹਿਬ ਦੇ ਨਾਕਾ ਨੰਬਰ ਚਾਰ ਤੱਕ ਸਫਾਈ ਕੀਤੀ। ਸਫਾਈ ਕਰਨ ਵਾਲਿਆਂ ਦਾ ਵਿਸ਼ੇਸ਼ ਡਰੈੱਸ ਕੋਡ ਸੀ, ਜਿਸ ਤੋਂ ਉਨ੍ਹਾਂ ਦੀ ਪਛਾਣ ਆਸਾਨੀ ਨਾਲ ਹੁੰਦੀ ਸੀ। ਬਹੁਤੇ ਸਥਾਨਕ ਲੋਕ ਹੋਣ ਦੇ ਬਾਵਜੂਦ ਬਾਹਰ ਤੋਂ ਵੀ ਵਰਕਰ ਇਸ ਮੁਹਿੰਮ ਵਿਚ ਸ਼ਾਮਲ ਸਨ।