ਭਾਜਪਾ ਨੂੰ ਟੱਕਰ ਦੇਣ ਲਈ ਮਹਾਗੱਠਜੋੜ ਦੇ ਰਾਹ ਤੁਰੀਆਂ ਸਿਆਸੀ ਧਿਰਾਂ

ਲਖਨਊ: ਉਤਰ ਪ੍ਰਦੇਸ਼ ਵਿਚ ਰਵਾਇਤੀ ਵਿਰੋਧੀਆਂ ਵਜੋਂ ਜਾਣੀਆਂ ਜਾਂਦੀਆਂ ਸਮਾਜਵਾਦੀ ਪਾਰਟੀ (ਐਸ਼ਪੀ.) ਤੇ ਬਹੁਜਨ ਸਮਾਜ ਪਾਰਟੀ (ਬੀ.ਐਸ਼ਪੀ.) ਨੇ ਗੱਠਜੋੜ ਕਰਦਿਆਂ 2019 ਦੀਆਂ ਲੋਕ ਸਭਾ ਚੋਣਾਂ 38-38 ਸੀਟਾਂ ਵੰਡ ਕੇ ਲੜਨ ਦਾ ਐਲਾਨ ਕੀਤਾ ਹੈ। ਦੋਵਾਂ ਧਿਰਾਂ ਨੇ ਕਾਂਗਰਸ ਨੂੰ ਗੱਠਜੋੜ ਤੋਂ ਬਾਹਰ ਹੀ ਰੱਖਿਆ ਹੈ, ਪਰ ਅਮੇਠੀ ਤੇ ਰਾਇ ਬਰੇਲੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਯੂ.ਪੀ.ਏ. ਚੇਅਰਪਰਸਨ ਸੋਨੀਆ ਗਾਂਧੀ ਲਈ ਛੱਡ ਦਿੱਤੀਆਂ ਹਨ।

ਇਸ ਤੋਂ ਇਲਾਵਾ ਦੋ ਸੀਟਾਂ ਗੱਠਜੋੜ ਦੇ ਛੋਟੇ ਭਾਈਵਾਲਾਂ ਲਈ ਰੱਖੀਆਂ ਗਈਆਂ ਹਨ ਤੇ ਉਨ੍ਹਾਂ ਦੇ ਨਾਂ ਹਾਲੇ ਨਸ਼ਰ ਨਹੀਂ ਕੀਤੇ ਗਏ। ਸੂਤਰਾਂ ਮੁਤਾਬਕ ਰਾਸ਼ਟਰੀ ਲੋਕ ਦਲ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਗੱਠਜੋੜ ਬਾਰੇ ਐਲਾਨ ਕਰਦਿਆਂ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਤੇ ਬਸਪਾ ਸੁਪਰੀਮੋ ਮਾਇਆਵਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ‘ਤੇ ਵਿਅੰਗ ਕੱਸਦਿਆਂ ਕਿਹਾ ਕਿ ਯੂਪੀ ਦਾ ਇਹ ਗੱਠਜੋੜ ‘ਗੁਰੂ ਚੇਲੇ’ ਦੀ ਨੀਂਦ ਉਡਾ ਦੇਵੇਗਾ। ਮਾਇਆਵਤੀ ਨੇ ਕਿਹਾ ਕਿ ਜਿਵੇਂ ਜ਼ਿਮਨੀ ਚੋਣਾਂ ਵਿਚ ਉਨ੍ਹਾਂ ਭਾਜਪਾ ਨੂੰ ਮਾਤ ਦਿੱਤੀ ਸੀ, ਉਸੇ ਤਰ੍ਹਾਂ ਲੋਕ ਸਭਾ ਚੋਣਾਂ ਵਿਚ ਵੀ ਵਾਪਰੇਗਾ। ਭਾਜਪਾ ਨੇ ਗੱਠਜੋੜ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਦੋਵੇਂ ਪਾਰਟੀਆਂ ਉੱਤਰ ਪ੍ਰਦੇਸ਼ ਜਾਂ ਦੇਸ਼ ਲਈ ਨਹੀਂ ਬਲਕਿ ਆਪਣੀ ਹੋਂਦ ਬਚਾਉਣ ਲਈ ਇਕੱਠੀਆਂ ਹੋਈਆਂ ਹਨ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਗੱਠਜੋੜ ਦਾ ਸਵਾਗਤ ਕੀਤਾ ਹੈ।
ਸੀ.ਪੀ.ਆਈ. (ਐਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਤੇ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਨੇ ਵੀ ਗੱਠਜੋੜ ਦਾ ਸਵਾਗਤ ਕੀਤਾ ਹੈ। ਦੱਸਣਯੋਗ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੇ 71 ਸੀਟਾਂ ਉਤੇ ਜਿੱਤ ਪ੍ਰਾਪਤ ਕੀਤੀ ਸੀ ਤੇ ਇਸ ਦੇ ਭਾਈਵਾਲ ਅਪਨਾ ਦਲ ਨੇ ਦੋ ਸੀਟਾਂ ਜਿੱਤੀਆਂ ਸਨ। ਐਸ਼ਪੀ. ਨੂੰ ਉਸ ਵੇਲੇ ਪੰਜ, ਕਾਂਗਰਸ ਨੂੰ ਦੋ ਤੇ ਬੀ.ਐਸ਼ਪੀ. ਦਾ ਖਾਤਾ ਤੱਕ ਨਹੀਂ ਸੀ ਖੁੱਲ੍ਹ ਸਕਿਆ। ਕਾਂਗਰਸ ਨੂੰ ਗੱਠਜੋੜ ਦਾ ਹਿੱਸਾ ਨਾ ਬਣਾਏ ਜਾਣ ਬਾਰੇ ਪੁੱਛਣ ‘ਤੇ ਮਾਇਆਵਤੀ ਨੇ ਕਿਹਾ ਕਿ ਪਾਰਟੀ ਨੇ ਸਾਲਾਂ ਬੱਧੀ ਮੁਲਕ ‘ਤੇ ਰਾਜ ਕੀਤਾ ਹੈ। ਇਸ ਦੌਰਾਨ ਗਰੀਬੀ, ਬੇਰੁਜ਼ਗਾਰੀ ਤੇ ਭ੍ਰਿਸ਼ਟਾਚਾਰ ਵਧਿਆ ਅਤੇ ਰੱਖਿਆ ਸੌਦਿਆਂ ਵਿਚ ਵੀ ਘਪਲੇ ਹੋਏ। ਉਨ੍ਹਾਂ ਕਿਹਾ ਕਿ ਜਿਵੇਂ ਬੋਫੋਰਜ਼ ਨੇ ਕਾਂਗਰਸ ਦੇ ਪੈਰ ਉਖਾੜ ਦਿੱਤੇ, ਰਾਫਾਲ ਵੀ ਭਾਜਪਾ ਨੂੰ ਭਾਰੀ ਪਏਗਾ। ਉਨ੍ਹਾਂ ਨਾਲ ਹੀ ਕਿਹਾ ਕਿ ਕਾਂਗਰਸ ਨਾਲ ਪਹਿਲਾਂ ਕੀਤੇ ਗੱਠਜੋੜਾਂ ਦਾ ਬਸਪਾ ਨੂੰ ਕੋਈ ਲਾਭ ਨਹੀਂ ਹੋਇਆ ਜਦਕਿ ਐਸ਼ਪੀ. ਨਾਲ ਗੱਠਜੋੜ ਤੋਂ ਬਾਅਦ ਵੋਟਾਂ ਦਾ ਗਣਿਤ ਫਿੱਟ ਬੈਠਿਆ ਹੈ। ਐਸ਼ਪੀ. ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਕਿ ਪੱਛਮੀ ਉਤਰ ਪ੍ਰਦੇਸ਼ ਵਿਚ ਰਾਸ਼ਟਰੀ ਲੋਕ ਦਲ ਨਾਲ ਗੱਠਜੋੜ ਬਾਰੇ ਜਲਦੀ ਜਾਣਕਾਰੀ ਦਿੱਤੀ ਜਾਵੇਗੀ।
ਮਾਇਆਵਤੀ ਨੇ ਕਿਹਾ ਕਿ ਇਹ ਗੱਠਜੋੜ ਹੁਣ ਲੰਮਾ ਚੱਲੇਗਾ, ਲੋਕ ਸਭਾ ਚੋਣਾਂ ਤੇ ਯੂਪੀ ਦੀਆਂ ਵਿਧਾਨ ਸਭਾ ਚੋਣਾਂ ਤੋਂ ਵੀ ਅਗਾਂਹ ਤੱਕ। ਮਾਇਆਵਤੀ ਨੂੰ ਪ੍ਰਧਾਨ ਮੰਤਰੀ ਉਮੀਦਵਾਰ ਐਲਾਨੇ ਜਾਣ ਦੀ ਸੂਰਤ ਵਿਚ ਬਸਪਾ ਸੁਪਰੀਮੋ ਨੂੰ ਸਮਰਥਨ ਦੇਣ ਬਾਰੇ ਪੁੱਛੇ ਜਾਣ ‘ਤੇ ਅਖਿਲੇਸ਼ ਨੇ ਕੋਈ ਸਿੱਧਾ ਜਵਾਬ ਦੇਣ ਤੋਂ ਟਾਲਾ ਵੱਟਿਆ ਤੇ ਕਿਹਾ ਕਿ ਸਭ ਜਾਣਦੇ ਹੀ ਹਨ ਕਿ ਉਹ ਕਿਸ ਦੀ ਹਮਾਇਤ ਕਰਨਗੇ। ਅਖਿਲੇਸ਼ ਨੇ ਕਿਹਾ ਕਿ ਉਹ ਪਹਿਲਾਂ ਵੀ ਕਹਿੰਦੇ ਰਹੇ ਹਨ ਕਿ ਯੂਪੀ ਨੇ ਹੀ ਦੇਸ਼ ਨੂੰ ਪ੍ਰਧਾਨ ਮੰਤਰੀ ਦਿੱਤਾ ਹੈ। ਬਸਪਾ ਆਗੂ ਮਾਇਆਵਤੀ ਨੇ ਕਿਹਾ ਕਿ ਸ਼ਿਵਪਾਲ ਯਾਦਵ ਦੀ ਅਗਵਾਈ ਵਾਲੀ ਪ੍ਰਗਤੀਸ਼ੀਲ ਸਮਾਜਵਾਦੀ ਪਾਰਟੀ-ਲੋਹੀਆ ਧਿਰ ‘ਭਾਜਪਾ ਦਾ ਥਾਪੜਾ ਪ੍ਰਾਪਤ ਹੈ’ ਤੇ ਇਹ ਨਾਕਾਮ ਸਾਬਤ ਹੋਵੇਗੀ।
_______________________________
ਲੋਕ ਸਭਾ ਚੋਣਾਂ ਪਾਣੀਪਤ ਦੀ ਤੀਜੀ ਲੜਾਈ ਸਮਾਨ: ਸ਼ਾਹ
ਨਵੀਂ ਦਿੱਲੀ: ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਲੋਕ ਸਭਾ ਚੋਣਾਂ ਦੀ ਤੁਲਨਾ ਮਰਾਠਿਆਂ ਤੇ ਅਫ਼ਗਾਨ ਫ਼ੌਜ ਵਿਚਾਲੇ ਹੋਈ ਪਾਣੀਪਤ ਦੀ ਤੀਜੀ ਲੜਾਈ ਨਾਲ ਕਰਦਿਆਂ ਕਿਹਾ ਹੈ ਕਿ ਇਹ ਵਿਚਾਰਧਾਰਾਵਾਂ ਦੀ ਜੰਗ ਹੈ। ਉੁਨ੍ਹਾਂ ਕਿਹਾ ਕਿ ਚੋਣ ਨਤੀਜੇ ਦੇਸ਼ ਹਿੱਤ ਵਿਚ ਹੀ ਹੋਣਗੇ। ਸ਼ਾਹ ਨੇ ਭਾਜਪਾ ਖ਼ਿਲਾਫ਼ ਵਿਰੋਧੀ ਪਾਰਟੀਆਂ ਦੇ ਮਹਾਗੱਠਜੋੜ ਨੂੰ ‘ਦਿਖਾਵਾ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਗੱਠਜੋੜ ਨਿਰੋਲ ਸੱਤਾ ਦੀ ਭੁੱਖ ਵਿਚੋਂ ਉਪਜਿਆ ਹੈ ਤੇ ਵਿਰੋਧੀ ਧਿਰਾਂ ਕੋਲ ਨਾ ਤਾਂ ਕੋਈ ਠੋਸ ਰਣਨੀਤੀ ਹੈ ਅਤੇ ਨਾ ਹੀ ਆਗੂ। ਉਨ੍ਹਾਂ ਕਿਹਾ ਕਿ ਸਭਿਅਕ ਰਾਸ਼ਟਰਵਾਦ ਤੇ ਗਰੀਬਾਂ ਦੀ ਭਲਾਈ ਦੇ ਏਜੰਡੇ ਦੇ ਸਿਰ ‘ਤੇ ਭਾਜਪਾ ਜ਼ਰੂਰ ਜਿੱਤੇਗੀ।