ਖਜਾਨੇ ਨੂੰ ਪੰਜ ਕਰੋੜ ਵਿਚ ਪਏ ਸਹੁੰ ਚੁੱਕ ਸਮਾਗਮ

ਬਠਿੰਡਾ: ਕੈਪਟਨ ਸਰਕਾਰ ਦੇ ਪੰਚਾਂ/ਸਰਪੰਚਾਂ ਦੇ ਸਹੁੰ ਚੁੱਕ ਸਮਾਗਮਾਂ ਨੇ ਸਰਕਾਰੀ ਖਜਾਨੇ ‘ਤੇ ਕਰੀਬ ਪੰਜ ਕਰੋੜ ਰੁਪਏ ਦਾ ਬੋਝ ਪਾਇਆ। ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸਹੁੰ ਚੁੱਕ ਸਮਾਰੋਹਾਂ ਵਿਚ ਪ੍ਰਤੀ ਪੰਚ/ਸਰਪੰਚ ਔਸਤਨ 400 ਰੁਪਏ ਖਰਚੇ ਗਏ। ਕਿਤੇ ਬਰੈੱਡ ਪਕੌੜਿਆਂ ਦੇ ਲੰਗਰ ਲਾਏ ਗਏ ਹਨ ਅਤੇ ਕਿਤੇ ਦੁਪਹਿਰ ਦਾ ਖਾਣਾ ਦਿੱਤਾ ਗਿਆ ਹੈ। ਬਠਿੰਡਾ ਜ਼ਿਲ੍ਹੇ ‘ਚ ਤਾਂ ਦੋ-ਦੋ ਲੱਡੂ ਵੀ ਦਿੱਤੇ ਗਏ ਹਨ। ਖਜਾਨਾ ਪਹਿਲਾਂ ਹੀ ਤੰਗੀ ਝੱਲ ਰਿਹਾ ਹੈ ਤੇ ਇਥੋਂ ਤੱਕ ਸਕੂਲੀ ਵਰਦੀਆਂ ਲਈ ਪੈਸਿਆਂ ਦਾ ਟੋਟਾ ਹੈ।

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੇ ਸਪੈਸ਼ਲ ਸਕੱਤਰ ਵੱਲੋਂ ਇਨ੍ਹਾਂ ਸਮਾਗਮਾਂ ਲਈ ਕਰੀਬ ਪੰਜ ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਗਏ ਹਨ ਅਤੇ 4.27 ਕਰੋੜ ਦੇ ਫੰਡਾਂ ਦੀ ਜ਼ਿਲ੍ਹਾਵਾਰ ਵੰਡ ਕੀਤੀ ਗਈ ਹੈ। ਸਭ ਤੋਂ ਵੱਧ ਫੰਡ ਜ਼ਿਲ੍ਹਾ ਪਟਿਆਲਾ ਨੂੰ 53.24 ਲੱਖ ਜਾਰੀ ਕੀਤੇ ਗਏ ਹਨ ਅਤੇ ਇਸ ਜ਼ਿਲ੍ਹੇ ਵਿਚ ਮੁੱਖ ਮੰਤਰੀ ਨੇ 7646 ਪੰਚਾਇਤੀ ਨੁਮਾਇੰਦਿਆਂ ਨੂੰ ਸਹੁੰ ਚੁਕਾਈ। ਇਸ ਜ਼ਿਲ੍ਹੇ ਵਿਚ ਸਰਕਾਰ ਨੇ ਪ੍ਰਤੀ ਪੰਚ/ਸਰਪੰਚ 696 ਰੁਪਏ ਖਰਚ ਕੀਤੇ ਹਨ ਜਦਕਿ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿਚ ਪ੍ਰਤੀ ਨੁਮਾਇੰਦਾ ਔਸਤਨ 400 ਰੁਪਏ ਖਰਚ ਕੀਤੇ ਜਾ ਰਹੇ ਹਨ। ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਭਰ ਦੇ 1,00,312 ਪੰਚਾਂ ਤੇ ਸਰਪੰਚਾਂ, ਸਮਿਤੀ ਤੇ ਜ਼ਿਲ੍ਹਾ ਪਰਿਸ਼ਦ ਮੈਂਬਰਾਂ ਨੇ ਇਨ੍ਹਾਂ ਦੋ ਦਿਨਾਂ ਦੌਰਾਨ ਅਹੁਦੇ ਦੀ ਸਹੁੰ ਚੁਕਾਈ ਗਈ। ਪੰਜਾਬ ਭਰ ‘ਚ 13262 ਨਵੇਂ ਸਰਪੰਚ, 83,831 ਪੰਚ, 2899 ਸਮਿਤੀ ਮੈਂਬਰ ਅਤੇ 353 ਜ਼ਿਲ੍ਹਾ ਪਰਿਸ਼ਦ ਮੈਂਬਰ ਚੁਣੇ ਗਏ ਹਨ। ਜ਼ਿਲ੍ਹਾ ਹੁਸ਼ਿਆਰਪੁਰ ਵਿਚ ਸਭ ਤੋਂ ਵੱਧ 1405 ਸਰਪੰਚ, ਗੁਰਦਾਸਪੁਰ ਵਿਚ 1279 ਅਤੇ ਤੀਜੇ ਨੰਬਰ ‘ਤੇ ਜ਼ਿਲ੍ਹਾ ਪਟਿਆਲਾ ‘ਚ 1038 ਸਰਪੰਚ ਚੁਣੇ ਗਏ ਹਨ।
ਬਰਨਾਲਾ ਜ਼ਿਲ੍ਹੇ ਨੂੰ ਸਹੁੰ ਚੁੱਕ ਸਮਾਰੋਹਾਂ ਲਈ ਪ੍ਰਤੀ ਨੁਮਾਇੰਦਾ 394 ਰੁਪਏ ਖਰਚਾ ਦਿੱਤਾ ਗਿਆ ਹੈ ਜਦਕਿ ਬਾਕੀ ਜ਼ਿਲ੍ਹਿਆਂ ਨੂੰ ਇਕਸਾਰ ਰਾਸ਼ੀ ਦਿੱਤੀ ਗਈ ਹੈ। ਬਹੁਤੀਆਂ ਥਾਵਾਂ ‘ਤੇ ਇਹ ਪ੍ਰੋਗਰਾਮ ਮੈਰਿਜ ਪੈਲੇਸਾਂ ਵਿਚ ਰੱਖੇ ਗਏ। ਪ੍ਰਾਪਤ ਤੱਥਾਂ ਅਨੁਸਾਰ ਸਰਕਾਰ ਨੇ ਹੁਸ਼ਿਆਰਪੁਰ ਨੂੰ ਸਹੁੰ ਚੁੱਕ ਸਮਾਗਮਾਂ ਲਈ 38.72 ਲੱਖ ਰੁਪਏ, ਅੰਮ੍ਰਿਤਸਰ ਨੂੰ 26.84 ਲੱਖ, ਗੁਰਦਾਸਪੁਰ ਨੂੰ 36.33 ਲੱਖ, ਸੰਗਰੂਰ ਨੂੰ 20.44 ਲੱਖ, ਲੁਧਿਆਣਾ ਨੂੰ 30.38 ਲੱਖ, ਫਿਰੋਜ਼ਪੁਰ ਨੂੰ 22.75 ਲੱਖ ਦੇ ਫੰਡ ਜਾਰੀ ਕੀਤੇ ਹਨ।
ਵਿਰੋਧੀ ਧਿਰ ਦੇ ਨੇਤਾ ਅਤੇ ‘ਆਪ’ ਆਗੂ ਹਰਪਾਲ ਸਿੰਘ ਚੀਮਾ ਨੇ ਸਮਾਰੋਹਾਂ ਨੂੰ ਸਿਆਸੀ ਸਟੰਟ ਦੱਸਿਆ ਹੈ। ਉਨ੍ਹਾਂ ਆਖਿਆ ਕਿ ਹੁਣ ਸਰਕਾਰ ਦੀ ਕਿਫਾਇਤੀ ਮੁਹਿੰਮ ਕਿਥੇ ਚਲੀ ਗਈ ਹੈ ਅਤੇ ਕਰੋੜਾਂ ਰੁਪਏ ਪਾਣੀ ਦੀ ਤਰ੍ਹਾਂ ਵਹਾ ਦਿੱਤੇ ਗਏ ਹਨ। ਉਨ੍ਹਾਂ ਆਖਿਆ ਕਿ ਇਹ ਫਜ਼ੂਲ ਖਰਚੀ ਹੈ ਅਤੇ ਇਹ ਸਮਾਗਮ ਸਾਦੇ ਤੇ ਪਿੰਡਾਂ ਵਿਚ ਹੋਣੇ ਚਾਹੀਦੇ ਸਨ। ਪੰਚਾਇਤਾਂ ਲੋਕਾਂ ਦੇ ਸਾਹਮਣੇ ਸਹੁੰ ਚੁੱਕਦੀਆਂ।
___________________________________
ਨਸ਼ਿਆਂ ਦੇ ਖਾਤਮੇ ਬਾਰੇ ਕੈਪਟਨ ਦੇ ਦਾਅਵਿਆਂ ਦੀ ਕਾਂਗਰਸੀ ਵਿਧਾਇਕ ਨੇ ਹੀ ਕੱਢੀ ਫੂਕ
ਫਿਰੋਜ਼ਪੁਰ: ਪੰਜਾਬ ਸਰਕਾਰ ਵੱਲੋਂ ਸਰਪੰਚਾਂ ਨੂੰ ਸਹੁੰ ਚੁਕਵਾਉਣ ਲਈ ਵੱਡੇ ਪੱਧਰ ‘ਤੇ ਕਰਵਾਏ ਸਮਾਗਮਾਂ ਦੀ ਫੂਕ ਨਸ਼ਿਆਂ ਨੇ ਕੱਢ ਦਿੱਤੀ। ਜ਼ੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਮਨਪ੍ਰੀਤ ਬਾਦਲ ਦੀ ਹਾਜ਼ਰੀ ਵਿਚ ਇਸ ਸਮਾਗਮ ਦਾ ਬਾਈਕਾਟ ਕਰ ਦਿੱਤਾ ਤੇ ਉਥੋਂ ਚਲੇ ਗਏ। ਜ਼ੀਰਾ ਨੇ ਦੋਸ਼ ਲਾਇਆ ਕਿ ਸਰਕਾਰ ਤੇ ਪੁਲਿਸ ਨਸ਼ੇ ਖਤਮ ਕਰਨ ਵਿਚ ਸਫਲ ਨਹੀਂ ਹੋਈ। ਜ਼ੀਰਾ ਨੇ ਨਸ਼ਿਆਂ ਨੂੰ ਖਤਮ ਕਰਨ ਲਈ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕੇ ਅਤੇ ਮੰਚ ਤੋਂ ਸਾਰਿਆਂ ਸਾਹਮਣੇ ਸਹੁੰ ਚੁੱਕ ਸਮਾਗਮ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਤੇ ਉਥੋਂ ਚਲੇ ਗਏ। ਇਹ ਦੇਖ ਸਮਾਗਮ ਦੇ ਮੁੱਖ ਮਹਿਮਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਡੌਰ-ਭੌਰ ਹੋ ਗਏ। ਵਿਧਾਇਕ ਜ਼ੀਰਾ ਨੇ ਆਪਣੇ ਭਾਸ਼ਣ ਦੌਰਾਨ ਹੀ ਮਨਪ੍ਰੀਤ ਬਾਦਲ ਸਾਹਮਣੇ ਨਸ਼ਾ ਤਸਕਰਾਂ ਦੇ ਨਾਂ ਵੀ ਬੋਲੇ। ਜ਼ੀਰਾ ਨੇ ਵਿੱਤ ਮੰਤਰੀ ਵੱਲੋਂ ਸਰਪੰਚਾਂ ਤੇ ਪੰਚਾਂ ਨੂੰ ਚੁਕਾਈ ਜਾਣ ਵਾਲੀ ‘ਸਹੁੰ’ ਨੂੰ ਝੂਠੀ ਸਹੁੰ ਦੱਸਿਆ ਅਤੇ ਨਾਅਰੇ ਲਗਾਉਂਦੇ ਹੋਏ ਸਮਾਗਮ ਦਾ ਬਾਈਕਾਟ ਕੀਤਾ।