ਆਟਾ ਦਾਲ ਸਕੀਮ ਦੇ ਸੱਤ ਲੱਖ ਲਾਭਪਾਤਰੀ ਲਾਪਤਾ

ਬਠਿੰਡਾ: ਆਟਾ-ਦਾਲ ਸਕੀਮ ਦੇ ਤਕਰੀਬਨ ਸੱਤ ਲੱਖ ਲਾਭਪਾਤਰੀ ਲਾਪਤਾ ਹੋ ਗਏ ਹਨ ਜਿਨ੍ਹਾਂ ਨੂੰ ਹੁਣ ਸਰਕਾਰੀ ਅਫਸਰ ਤੇ ਮੁਲਾਜ਼ਮ ਲੱਭਣਗੇ। ਇਨ੍ਹਾਂ ਦੀ ਬਦੌਲਤ ਕਰੀਬ 84 ਕਰੋੜ ਦਾ ਰਗੜਾ ਹਰ ਵਰ੍ਹੇ ਖਜ਼ਾਨੇ ਨੂੰ ਲੱਗ ਰਿਹਾ ਸੀ। ਪੰਜਾਬ ਸਰਕਾਰ ਨੇ ਹੁਣ ਲਾਪਤਾ ਹੋਏ ਨੀਲੇ ਕਾਰਡ ਹੋਲਡਰਾਂ ਦੀ ਪੈੜ ਨੱਪਣ ਲਈ ਪੜਤਾਲ ਦੇ ਹੁਕਮ ਦਿੱਤੇ ਹਨ।

ਖੁਰਾਕ ਤੇ ਸਪਲਾਈ ਵਿਭਾਗ ਵੱਲੋਂ ਜਦੋਂ ਆਖਰੀ ਵਾਰ ਆਟਾ-ਦਾਲ ਸਕੀਮ ਦੇ ਅਨਾਜ ਦੀ ਈ-ਪੋਸ ਮਸ਼ੀਨਾਂ (ਪੁਆਇੰਟ ਆਫ ਸੇਲ) ਨਾਲ ਵੰਡ ਕੀਤੀ ਸੀ ਤਾਂ ਹੈਰਾਨੀ ਵਾਲੇ ਤੱਥ ਸਾਹਮਣੇ ਆਏ ਸਨ। ਅਕਤੂਬਰ 2018 ਤੱਕ (ਛੇ ਮਹੀਨੇ ਦਾ) ਦਾ ਅਨਾਜ ਲੈਣ ਲਈ ਪੰਜਾਬ ਭਰ ਵਿਚੋਂ ਕਰੀਬ 1.76 ਲੱਖ ਨੀਲੇ ਕਾਰਡ ਹੋਲਡਰ ਨਹੀਂ ਆਏ ਜਿਨ੍ਹਾਂ ਵੱਲੋਂ 7.04 ਲੱਖ ਪਰਿਵਾਰਕ ਮੈਂਬਰਾਂ ਦਾ ਅਨਾਜ ਪਹਿਲਾਂ ਨਿਯਮਤ ਤੌਰ ਉਤੇ ਲਿਆ ਜਾਂਦਾ ਸੀ। ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਪੰਜਾਬ ਨੇ 7 ਜਨਵਰੀ ਨੂੰ ਪੰਜਾਬ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਆਟਾ-ਦਾਲ ਸਕੀਮ ਦੇ ਲਾਭਪਾਤਰੀਆਂ ਦੀ ਸ਼ਨਾਖਤ ਕਰਨ ਦੇ ਹੁਕਮ ਜਾਰੀ ਕੀਤੇ ਹਨ ਅਤੇ 15 ਫਰਵਰੀ ਤੱਕ ਪੜਤਾਲ ਮੁਕੰਮਲ ਕਰਨ ਦਾ ਟੀਚਾ ਦਿੱਤਾ ਗਿਆ ਹੈ।
ਪੰਜਾਬ ਵਿਚ ਕਰੀਬ 35.26 ਲੱਖ ਨੀਲੇ ਕਾਰਡ ਹਨ ਜਿਨ੍ਹਾਂ ਉਤੇ 1.41 ਕਰੋੜ ਲਾਭਪਾਤਰੀ ਅਨਾਜ ਲੈ ਰਹੇ ਹਨ। ਕੈਪਟਨ ਸਰਕਾਰ ਨੇ ਜਦੋਂ ਹੁਣ ਈ-ਪੋਸ ਮਸ਼ੀਨਾਂ ਨਾਲ (ਅੰਗੂਠਾ ਲਗਵਾ ਕੇ) ਰਾਸ਼ਨ ਵੰਡਣਾ ਸ਼ੁਰੂ ਕੀਤਾ ਤਾਂ 33.50 ਲੱਖ ਪਰਿਵਾਰਾਂ ਨੇ ਰਾਸ਼ਨ ਲਿਆ ਜਦੋਂ ਕਿ ਬਾਕੀ 1.76 ਲੱਖ ਪਰਿਵਾਰ ਰਾਸ਼ਨ ਲੈਣ ਹੀ ਨਹੀਂ ਪੁੱਜੇ ਜੋ ਹੁਣ ਸ਼ੱਕ ਦੇ ਦਾਇਰੇ ਵਿਚ ਆ ਗਏ ਹਨ। ਪੰਜਾਬ ਸਰਕਾਰ ਵੱਲੋਂ ਹੁਣ ਆਟਾ-ਦਾਲ ਸਕੀਮ ਦੀ ਛੇਵੀਂ ਵਾਰ ਪੜਤਾਲ ਕਰਵਾਈ ਜਾਣੀ ਹੈ ਜਿਸ ਵਿਚ ਗੁੰਮ ਹੋਏ ਕਾਰਡ ਹੋਲਡਰਾਂ ਦਾ ਸੱਚ ਜਾਣਿਆ ਜਾਵੇਗਾ।
ਪ੍ਰਾਪਤ ਵੇਰਵਿਆਂ ਅਨੁਸਾਰ ਸਾਲ 2011 ਦੀ ਜਨਗਣਨਾ ਨੂੰ ਆਧਾਰ ਮੰਨੀਏ ਤਾਂ ਪੰਜਾਬ ਦੀ 49.50 ਫੀਸਦੀ ਆਬਾਦੀ ਆਟਾ-ਦਾਲ ਸਕੀਮ ਦਾ ਫਾਇਦਾ ਲੈ ਰਹੀ ਹੈ ਜਿਨ੍ਹਾਂ ਵਿਚ 44.88 ਫੀਸਦੀ ਸ਼ਹਿਰੀ ਅਤੇ 54.60 ਫੀਸਦੀ ਆਬਾਦੀ ਪੇਂਡੂ ਹੈ। ਸਰਹੱਦੀ ਜ਼ਿਲ੍ਹਿਆਂ ਵਿਚ 80 ਫੀਸਦੀ ਆਬਾਦੀ ਕੋਲ ਆਟਾ-ਦਾਲ ਸਕੀਮ ਦੇ ਕਾਰਡ ਹਨ। ਖਜ਼ਾਨਾ ਮੰਤਰੀ ਦੇ ਹਲਕਾ ਬਠਿੰਡਾ ਵਿਚ 39 ਹਜ਼ਾਰ ਨੀਲੇ ਕਾਰਡ ਬਣੇ ਹੋਏ ਸਨ ਜਿਨ੍ਹਾਂ ਵਿਚੋਂ 22 ਹਜ਼ਾਰ ਕਾਰਡ ਅਯੋਗ ਨਿਕਲੇ ਸਨ। ਖੁਰਾਕ ਤੇ ਸਪਲਾਈ ਮੰਤਰੀ ਤਾਂ ਇਥੋਂ ਤੱਕ ਦੱਸਦੇ ਹਨ ਕਿ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੌਰਾਨ ਅਯੋਗ ਕਾਰਡ ਵੱਡੀ ਗਿਣਤੀ ਵਿਚ ਬਣੇ ਹਨ। ਉਨ੍ਹਾਂ ਅਨੁਸਾਰ ਮਜੀਠਾ ਹਲਕੇ ਵਿਚ 98 ਫੀਸਦੀ ਆਬਾਦੀ, ਜਲਾਲਾਬਾਦ ਵਿਚ 75 ਫੀਸਦੀ ਅਤੇ ਪੱਟੀ ਵਿਚ 72 ਫੀਸਦੀ ਆਬਾਦੀ ਆਟਾ-ਦਾਲ ਸਕੀਮ ਕਾਰਡ ਧਾਰਕ ਹੈ।
ਦੱਸਣਯੋਗ ਹੈ ਕਿ ਚੋਣਾਂ ਤੋਂ ਪਹਿਲਾਂ ਬਠਿੰਡਾ ਤੇ ਮਾਨਸਾ ਵਿਚ ਧੜਾਧੜ ਆਟਾ-ਦਾਲ ਸਕੀਮ ਦੇ ਕਾਰਡ ਬਣਦੇ ਰਹੇ ਹਨ। ਹੁਣ ਬਠਿੰਡਾ ਵਿਚ ਇਸ ਸਕੀਮ ਦੇ 1.78 ਲੱਖ ਅਤੇ ਮਾਨਸਾ ਵਿਚ 1.06 ਲੱਖ ਨੀਲੇ ਕਾਰਡ ਹਨ। ਪੰਜਾਬ ਸਰਕਾਰ ਵੱਲੋਂ ਆਟਾ-ਦਾਲ ਸਕੀਮ ਤਹਿਤ ਪ੍ਰਤੀ ਕਾਰਡ ਧਾਰਕ ਨੂੰ ਔਸਤ ਚਾਰ ਮੈਂਬਰਾਂ ਦਾ ਸਾਲਾਨਾ ਅਨਾਜ 2.40 ਕੁਇੰਟਲ (ਕਣਕ) ਦਿੱਤਾ ਹੈ। ਇਹ ਕਣਕ ਦੋ ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਦਿੱਤੀ ਜਾਂਦੀ ਹੈ। ਇਸ ਲਿਹਾਜ਼ ਨਾਲ ਸਰਕਾਰ 1.76 ਲੱਖ ਕਾਰਡ ਧਾਰਕਾਂ (ਜੋ ਹੁਣ ਗੁੰਮ ਹਨ), ਨੂੰ ਸਾਲਾਨਾ 84 ਕਰੋੜ ਦੀ ਕਣਕ ਵੰਡਦੀ ਰਹੀ ਹੈ।
ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ 1.76 ਲੱਖ ਕਾਰਡ ਧਾਰਕ ਲਾਪਤਾ ਹਨ ਜਿਨ੍ਹਾਂ ਦੀ ਭਾਲ ਦੇ ਹੁਕਮ ਦਿੱਤੇ ਗਏ ਹਨ। ਇਹ ਕਾਰਡ ਡਬਲ ਹੋ ਸਕਦੇ ਹਨ ਅਤੇ ਨਾਜਾਇਜ਼ ਕਾਰਡ ਬਣੇ ਹੋਣ ਦਾ ਦਾ ਸ਼ੱਕ ਵੀ ਹੈ। ਪੜਤਾਲ ਦੌਰਾਨ ਅਨਾਜ ਦੀ ਵੰਡ ਜਾਰੀ ਰਹੇਗੀ ਅਤੇ ਪੂਰੇ ਪੰਜਾਬ ਵਿਚ ਕਾਰਡਾਂ ਦੀ ਵੰਡ ਸਾਵੀਂ ਕੀਤੀ ਜਾਵੇਗੀ ਕਿਉਂਕਿ ਇਸ ਵੇਲੇ ਕਿਤੇ ਜ਼ਿਆਦਾ ਤੇ ਕਿਤੇ ਘੱਟ ਕਾਰਡ ਹੋਲਡਰ ਹਨ।
___________________________
ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਵੀ ਮਿਲੇਗਾ ਆਟਾ-ਦਾਲ
ਖੁਦਕੁਸ਼ੀ ਕਰਨ ਵਾਲੇ ਕਿਸਾਨਾਂ/ਭੂਮੀਹੀਣ ਪਰਿਵਾਰਾਂ ਨੂੰ ਵੀ ਆਟਾ-ਦਾਲ ਸਕੀਮ ਦਾ ਲਾਭ ਮਿਲੇਗਾ। ਨਵੀਂ ਹਦਾਇਤ ਜਾਰੀ ਕਰ ਕੇ ਅਜਿਹੇ ਪਰਿਵਾਰਾਂ ਨੂੰ ਸਕੀਮ ਵਿਚ ਸ਼ਾਮਲ ਕਰਨ ਲਈ ਆਖਿਆ ਗਿਆ ਹੈ ਜਿਨ੍ਹਾਂ ਦੇ ਕਮਾਊ ਜੀਅ ਤੰਗੀ ਕਰ ਕੇ ਖੁਦਕੁਸ਼ੀ ਕਰ ਗਏ ਹਨ। ਇਸੇ ਤਰ੍ਹਾਂ ਸਾਬਕਾ ਫੌਜੀਆਂ ਅਤੇ ਉਨ੍ਹਾਂ ਦੇ ਆਸ਼ਰਿਤ ਵੀ ਇਸ ਸਕੀਮ ਵਿਚ ਸ਼ਾਮਲ ਹੋਣਗੇ ਜਿਨ੍ਹਾਂ ਦੀ ਸਾਲਾਨਾ ਆਮਦਨ ਪੈਨਸ਼ਨ ਤੋਂ ਇਲਾਵਾ 60 ਹਜ਼ਾਰ ਰੁਪਏ ਤੋਂ ਘੱਟ ਬਣਦੀ ਹੋਵੇਗੀ। ਏਡਜ਼ ਤੇ ਕੋਹੜ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਵੀ ਇਹ ਸਹੂਲਤ ਦਿੱਤੀ ਜਾਣੀ ਹੈ।