ਕਰਵਟਾਂ ਲੈਂਦਾ ਜਹਾਨ ਅਤੇ ਰੁਮਾਂਸ ਤੋਂ ਜਨੂੰਨ ਵੱਲ ਖੁੱਲ੍ਹਦਾ ਰਾਹ

ਪਟਿਆਲੇ ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵਿਚ ਖੋਜ ਕਾਰਜਾਂ ਵਿਚ ਜੁਟੇ ਨੌਜਵਾਨ ਹਰਵੀਰ ਸਿੰਘ ਨੇ ਆਪਣੇ ਇਸ ਲੇਖ ਵਿਚ ਰੁਮਾਂਸ ਬਾਰੇ ਚਰਚਾ ਕਰਦਿਆਂ ਤੋੜਾ ਉਸ ਜਨੂੰਨ ਉਤੇ ਝਾੜਿਆ ਹੈ, ਜੋ ਮਨੁੱਖ ਨੂੰ ਕਿਤੇ ਦਾ ਕਿਤੇ ਲੈ ਜਾਂਦਾ ਹੈ, ਜਾਂ ਕਹਿ ਲਓ ਕਿ ਇਹ ਮਨੁੱਖ ਨੂੰ ਕਿਸੇ ਪਾਸੇ ਜੋਗਾ ਨਹੀਂ ਛੱਡਦਾ। ਰੁਮਾਂਸ ਜਾਂ ਪਿਆਰ ਦਾ ਤਸੱਵਰ ਆਮ ਕਰਕੇ ਸਿਰਫ ਔਰਤ-ਮਰਦ ਵਿਚਾਲੇ ਪਿਆਰ ਵਜੋਂ ਹੀ ਕੀਤਾ ਜਾਂਦਾ ਹੈ,

ਪਰ ਇਹ ਰੁਮਾਂਸ ਖਬਤ ਵੀ ਹੋ ਸਕਦਾ ਹੈ, ਜਿਵੇਂ ਹਿਟਲਰ ਨੂੰ ਹੋਇਆ ਸੀ ਜਾਂ ਅੱਜ ਅਮਰੀਕਾ ਦੇ ਡੋਨਲਡ ਟਰੰਪ, ਬ੍ਰਾਜ਼ੀਲ ਦੇ ਯਾਇਰ ਬੁਲਸੋਨਾਰੋ, ਹੰਗਰੀ ਦੇ ਵਿਕਟੋਰ ਔਰਬੈਨ ਅਤੇ ਤੁਰਕੀ ਦੇ ਰਿਕੀਪ ਐਡੋਗਨ ਆਦਿ ਨੂੰ ਹੈ ਜਾਂ ਭਾਰਤ ਵਿਚ ਹਿੰਦੂਤਵੀਆਂ ਦਾ ਆਪਣੇ ਖਿਆਲੀ ਵਿਰਸੇ ਪ੍ਰਤੀ ਹੈ, ਜਿਸ ਕਰਕੇ ਉਹ ਅਜੋਕੀ ਹਰ ਨਵੀਂ ਵਿਗਿਆਨਕ ਖੋਜ ਨੂੰ ਆਪਣੇ ਦੇਵੀ-ਦੇਵਤਿਆਂ ਜਾਂ ਪੁਰਖਿਆਂ ਨਾਲ ਜੋੜਦੇ ਹਨ। -ਸੰਪਾਦਕ

ਹਰਵੀਰ ਸਿੰਘ*
ਫੋਨ: 91-94177-55449

ਕੁਦਰਤ, ਕਾਦਰ ਅਤੇ ਇਨਸਾਨੀ ਹਸਤੀ ਦੇ ਰੁਮਾਂਟਿਕ ਤਸੱਵਰ ਨੂੰ ਸ਼ਬਦਾਂ ਦੀ ਖੂਬਸੂਰਤ ਲੜੀ ਵਿਚ ਪਰੋਣ ਵਾਲੇ ਕਿਸੇ ਇਕ ਕਵੀ ਤੋਂ ਅਕਸਰ ਅਸੀਂ ਰੁਮਾਂਟਿਕ ਲਹਿਰ ਦੀ ਸ਼ੁਰੂਆਤ ਮੰਨਦਿਆਂ ਰੁਮਾਂਸਵਾਦ ਨੂੰ ਇਕ ਵਿਸ਼ੇਸ਼ ਕਾਲ ਖੰਡ ਤੱਕ ਹੀ ਮਹਿਦੂਦ ਕਰ ਦਿੰਦੇ ਹਾਂ, ਹਾਲਾਂਕਿ ਰੁਮਾਂਸ ਮਾਨਵੀ ਜ਼ਿੰਦਗੀ ਦਾ ਇੱਕ ਅਟੁੱਟ ਪਹਿਲੂ ਹੈ, ਜਿਸ ਦੀ ਅਭਿਵਿਅਕਤੀ ਕਲਾ ਦੀਆਂ ਵੱਖ-ਵੱਖ ਵੰਨਗੀਆਂ ਦੇ ਰੂਪ ਵਿਚ ਹਰ ਖੇਤਰ ਜਾਂ ਤਵਾਰੀਖ ਦੇ ਹਰ ਕਾਲ ਵਿਚ ਮੌਜੂਦ ਰਹੀ ਹੈ। ਚੌਥੀ-ਪੰਜਵੀਂ ਸਦੀ ਦੇ ਕਵੀ ਕਾਲੀਦਾਸ ਦੇ ਨਾਟਕ ‘ਸ਼ਕੁੰਤਲਾ’ ਵਿਚ ਵਿਸ਼ਵਾਮਿਤ੍ਰ ਅਤੇ ਮੇਨਕਾ ਦੀ ਧੀ ਸ਼ਕੁੰਤਲਾ ਦਾ ਹਸਤਨਾਪੁਰ ਦੇ ਪੁਰੁਵੰਸ਼ੀ ਰਾਜੇ ਦੁਸ਼ਯੰਤ ਨਾਲ ਮਾਲਨੀ ਨਦੀ ਕਿਨਾਰੇ ਮਿਲਾਪ ਅਤੇ ਵਿਛੋੜਾ ਰੁਮਾਂਸ ਦਾ ਸਿਖਰ ਹੈ।
ਵਿਹਾਰਕ ਰੂਪ ਵਿਚ ਵੀ ਰੁਮਾਂਸ ਜਿਹੇ ਵਿਆਪਕ ਸ਼ਬਦ ਨੂੰ ਸਰਲ ਜਾਂ ਇਕਹਿਰੇ ਅਰਥਾਂ ਤੱਕ ਹੀ ਸੀਮਤ ਕੀਤਾ ਜਾਂਦਾ ਰਿਹਾ ਹੈ। ਮਨੁੱਖ ਨੂੰ ਹਮੇਸ਼ਾ ਕਿਸੇ ਵਿਅਕਤੀ ਜਾਂ ਵਿਚਾਰ ਨਾਲ ਮੁਹੱਬਤ ਦੇ ਰੂਪ ਵਿਚ ਹੀ ਰੁਮਾਂਸ ਨਹੀਂ ਹੁੰਦਾ ਸਗੋਂ ਰੁਮਾਂਸ ਕਿਸੇ ਵਿਅਕਤੀ, ਸਮੂਹ ਜਾਂ ਵਿਚਾਰ ਪ੍ਰਤੀ ਨਫਰਤ ਰੱਖਦਿਆਂ ਉਸ ਨੂੰ ਤਬਾਹ ਕਰਨ ਦਾ ਵੀ ਹੋ ਸਕਦਾ ਹੈ। ਦੂਜੇ ਸ਼ਬਦਾਂ ਵਿਚ ਮਾਨਵ ਵਿਰੋਧੀ ਸਥਾਪਤ ਕਦਰਾਂ-ਕੀਮਤਾਂ ਦੇ ਨਾਲ ਮਨੁੱਖ ਵੱਲੋਂ ਨਿੱਜੀ ਜਾਂ ਸਮੂਹਿਕ ਪੱਧਰ ਉਤੇ ਵਿਰੋਧ ਕਰਦਿਆਂ ਆਪਣੀ ਜ਼ਿੰਦਗੀ ਨੂੰ ਹੋਰ ਖੂਬਸੂਰਤ ਬਣਾਉਣ ਦੀ ਇੱਛਾ ਦਾ ਨਾਂ ਹੀ ਰੁਮਾਂਸ ਨਹੀਂ, ਸਗੋਂ ਕਿਸੇ ਕਾਲਪਨਿਕ ਸੰਸਾਰ ਦੀ ਸਿਰਜਣਾ ਲਈ ਅਤਿ ਦਰਜੇ ਤੱਕ ਕੀਤੀ ਜਾਂਦੀ ਹਿੰਸਾ ਤੇ ਵਿਨਾਸ਼ ਦਾ ਰੁਮਾਂਸ ਵੀ ਤਵਾਰੀਖ ਦਾ ਹਿੱਸਾ ਰਿਹਾ ਹੈ।
ਮਸਲਨ, ਅਪਰੈਲ 1941 ਵਿਚ ਦੂਜੇ ਵਿਸ਼ਵ ਯੁੱਧ ਦੌਰਾਨ ਅਡੌਲਫ ਹਿਟਲਰ ਦੀ ਨਾਜ਼ੀ ਫੌਜ ਨੇ ਯੂਗੋਸਲਾਵੀਆ ਦੀ ਰਾਜਧਾਨੀ ਬੈਲਗ੍ਰੇਡ ਉਤੇ ਕਬਜ਼ਾ ਕਰ ਲਿਆ। ਉਸ ਸਮੇਂ ਸ਼ਹਿਰ ਦੀ ਵਸੋਂ, ਅਹਿਮ ਅਦਾਰੇ ਅਤੇ ਰੇਡੀਓ ਬੈਲਗ੍ਰੇਡ ਨਾਜ਼ੀ ਫੌਜ ਅਧੀਨ ਆ ਚੁਕੇ ਸਨ। ਬਰਫਾਨੀ ਮੌਸਮ ਦੀਆਂ ਕਾਲੀਆਂ ਯਖ ਰਾਤਾਂ ਵਿਚ ਥੱਕ ਹਾਰ ਕੇ ਬੈਠੇ ਸਿਪਾਹੀਆਂ ਨੂੰ ਜਦੋਂ ਰੇਡੀਓ ਬੈਲਗ੍ਰੇਡ ਤੋਂ ‘ਲਿਲੀ ਮਾਰਲਿਨ’ ਨਾਮੀ ਗੀਤ ਸੁਣਾਈ ਦਿੰਦਾ ਤਾਂ ਉਨ੍ਹਾਂ ਦੀਆਂ ਅੱਖਾਂ ਚਮਕ ਉਠਦੀਆਂ ਅਤੇ ਅਜਿਹਾ ਰੁਮਾਂਟਿਕ ਵਾਤਾਵਰਣ ਸਿਰਜਿਆ ਜਾਂਦਾ ਕਿ ਨਿੱਸਲ ਹੋਏ ਸਿਪਾਹੀ ‘ਨਵੇਂ ਸੰਸਾਰ’ ਦੀ ਸਿਰਜਣਾ ਦਾ ਰੁਮਾਂਟਿਕ ਸੁਪਨਾ ਜਮੀਨ ‘ਤੇ ਉਤਾਰਨ ਲਈ ਹਰ ਕਿਸੇ ਦੀ ਜਾਨ ਲੈਣ ਲਈ ਤਤਪਰ ਹੋ ਜਾਂਦੇ। ਇਸ ਗੀਤ ਦੇ ਬੋਲ ਕੁਝ ਇਸ ਤਰ੍ਹਾਂ ਸਨ:
ਬੈਰਕਾਂ ਤੋਂ ਬਾਹਰ,
ਜਗ ਰਹੀ ਲਾਲਟੇਨ ਹੇਠ
ਮੈਂ ਹਰ ਰਾਤ ਤੇਰੀ ਉਡੀਕ ਕਰਦਾ
ਤੇਰੇ ਤੇ ਮੇਰੇ ਲਈ
ਨਵੇਂ ਸਮਾਜ ਦੀ ਸਿਰਜਣਾ ਚਾਹੁੰਨਾਂ
ਤੇਰੇ ਤੇ ਮੇਰੇ ਲਈ…।
‘ਨਵੇਂ ਸੰਸਾਰ’ ਦੀ ਸਿਰਜਣਾ ਦਾ ਰੁਮਾਂਟਿਕ ਤਸੱਵਰ ਤਾਂ ਹਕੀਕਤ ਨਾ ਬਣ ਪਾਇਆ, ਉਂਜ ਇਸ ਵਿਸ਼ਵ ਯੁੱਧ ਵਿਚ ਆਪਣੀਆਂ ਜ਼ਿੰਦਗੀਆਂ ਗਵਾ ਚੁਕੇ ਆਵਾਮ ਦੀ ਗਿਣਤੀ ਨਾ-ਕਾਬਿਲੇ ਯਕੀਨ ਸੀ। ‘ਰੁਮਾਂਸ’ ਦੇ ਵਹਾਅ ਵਿਚ ਸਮੂਹਿਕ ਤੌਰ ‘ਤੇ ਹੋਏ ਕਤਲੋਗਾਰਤ ਦੀ ਇਹ ਵੀਂਹਵੀ ਸਦੀ ਦੀ ਸਭ ਤੋਂ ਵੱਡੀ ਮਿਸਾਲ ਹੈ।
ਕਾਰਲ ਮਾਰਕਸ ਦੇ ਆਰਥਕ ਬਰਾਬਰੀ ਦੀ ਹਮਾਇਤ ਅਤੇ ਮਨੁੱਖੀ ਲੁੱਟ-ਖਸੁੱਟ ਦੀ ਮੁਖਾਲਫਤ ਕਰਦੇ ਮਾਡਲ ਨੂੰ ਆਪਣੇ ਹੀ ਅਰਥ ਦਿੰਦਿਆਂ ਤਥਾ-ਕਥਿਤ ਖੱਬੇਪੱਖੀ ਪ੍ਰਧਾਨ ਮੰਤਰੀ ਸਲੋਥੋ ਜ਼ਰ ਉਰਫ ਪੋਲ ਪੋਟ ਨੇ ਸੰਨ 1976 ਵਿਚ ਕੰਬੋਡੀਆ ਦਾ ਨਾਂ ਬਦਲ ਕੇ ਡੈਮੋਕ੍ਰੈਟਿਕ ਕੰਪੋਚੀਆ ਬਣਾਉਣ ਦਾ ਅਜਿਹਾ ਰੁਮਾਂਟਿਕ ਅਹਿਦ ਲਿਆ ਕਿ ਇਸ ਦੇ ਰਾਹ ਵਿਚ ਅੜਚਨ ਬਣ ਰਹੇ ਹਰ ਇਨਸਾਨ ਨੂੰ ਉਸ ਨੇ ‘ਜਮਾਤੀ ਦੁਸ਼ਮਣ’ ਗਰਦਾਨ ਕੇ ਮੌਤ ਦੇ ਘਾਟ ਉਤਾਰ ਦਿੱਤਾ। ਆਰਥਕ, ਸਮਾਜਕ ਅਤੇ ਸੱਭਿਆਚਾਰਕ ਬਰਾਬਰੀ ਦਾ ਡੈਮੋਕ੍ਰੈਟਿਕ ਕੰਪੋਚੀਆ ਤਾਂ ਕਦੇ ਯਥਾਰਥ ਨਾ ਬਣ ਪਾਇਆ, ਪਰ ਤਿੰਨ ਸਾਲਾਂ ਵਿਚ ਜ਼ਿੰਦਗੀ ਤੋਂ ਮਰਹੂਮ ਕੀਤੇ ਜਾ ਚੁਕੇ ਲੋਕਾਂ ਦੀ ਗਿਣਤੀ ਕਰੀਬ ਪੰਦਰਾਂ ਲੱਖ ਤੋਂ ਵੱਧ ਸੀ।
ਰੁਮਾਂਸ ਦਾ ‘ਬੁਖਾਰ’ ਸਮੂਹ ਵਾਂਗ ਨਿੱਜੀ ਪੱਧਰ ਉਤੇ ਵੀ ਕਿਸ ਕਦਰ ਅਸਰਦਾਇਕ ਹੋ ਸਕਦਾ ਹੈ, ਇਸ ਦਾ ਅੰਦਾਜ਼ਾ ਪ੍ਰਸਿੱਧ ਜਰਮਨ ਲੇਖਕ ਗੇਟੇ ਦੇ ਨਾਵਲ ‘ਦ ਸਾਰੋਜ਼ ਆਫ ਯੰਗ ਵਰਦਰ’ ਤੋਂ ਲਾਇਆ ਜਾ ਸਕਦਾ ਹੈ। ਨਾਵਲ ਦਾ ਮੁੱਖ ਕਿਰਦਾਰ ਵਰਦਰ ਇਕ ਆਰਟਿਸਟ ਹੈ, ਜਿਸ ਨੂੰ ਵਾਲਹਿਮ ਨਾਮੀ ਪਿੰਡ ਦੀ ਇਕ ਅਠਾਰਾਂ ਕੁ ਵਰ੍ਹਿਆਂ ਦੀ ਮੁਟਿਆਰ ਸ਼ਾਰਲਟ ਨਾਲ ਮੁਹੱਬਤ ਹੋ ਜਾਂਦੀ ਹੈ। ਸੁੰਦਰ, ਸਡੋਲ ਅਤੇ ਨੀਲੀਆਂ ਅੱਖਾਂ ਵਾਲੀ ਇਹ ਮੁਟਿਆਰ ਆਪਣੇ ਤੋਂ ਗਿਆਰਾਂ ਸਾਲ ਵੱਡੇ ਅਲਬਰਟ ਨਾਮੀ ਵਿਅਕਤੀ ਦੀ ਮੰਗੇਤਰ ਹੈ। ਸ਼ਾਰਲਟ ਅਤੇ ਅਲਬਰਟ ਦਾ ਵਿਆਹ ਨਾਵਲ ਦੇ ਮੁੱਖ ਪਾਤਰ ਵਰਦਰ ਨੂੰ ਅਜਿਹਾ ਡੂੰਘਾ ਜ਼ਖਮ ਦੇ ਦਿੰਦੈ, ਜਿਸ ਦੀ ਤਾਬ ਨਾ ਝੱਲਦਾ ਉਹ ਆਪਣੇ ਆਪ ਨੂੰ ਗੋਲੀ ਮਾਰ ਬੈਠਦਾ ਹੈ। ਹੈਰਤਵਸ ਉਸ ਦੀ ਮੌਤ ਇਕਦਮ ਗੋਲੀ ਲੱਗਣ ਤੋਂ ਬਾਅਦ ਨਹੀਂ ਹੁੰਦੀ। ਉਹ ਬਾਰਾਂ ਘੰਟੇ ਤੜਫਦਾ ਰਹਿੰਦਾ ਹੈ। ਸੁੰਨ ਹੋ ਚੁਕੇ ਵਰਦਰ ਦੇ ਸਰੀਰ ‘ਚੋਂ ਤਿਪ-ਤਿਪ ਵਗ ਰਹੇ ਲਹੂ ਬਾਰੇ ਪੜ੍ਹਦਿਆਂ ਪਾਠਕ ਮਹਿਸੂਸ ਕਰਦੇ ਹਨ ਕਿ ਵਰਦਰ ਦੇ ਟੁੱਟੇ ਦਿਲ ਦੀ ਪੀੜ੍ਹ ਇਸ ਸੱਜਰੇ ਜਖਮ ਤੋਂ ਵੀ ਕਿਤੇ ਡਾਢੀ ਸੀ।
ਨਾਵਲ ਦੇ ਪ੍ਰਕਾਸ਼ਤ ਹੁੰਦਿਆਂ ਹੀ ਅਨੇਕਾਂ ਨੌਜਵਾਨ ਲੜਕਿਆਂ ਨੇ ਇਸ ਨਾਵਲ ਦਾ ਅਜਿਹਾ ਰੁਮਾਂਟਿਕ ਅਸਰ ਕਬੂਲ ਕੀਤਾ ਕਿ ਇਸ ਨੂੰ 18ਵੀਂ ਸਦੀ ਦੇ ਅਖੀਰਲੇ ਤਿੰਨ ਦਹਾਕਿਆਂ ਦੌਰਾਨ ਸਾਹਿਤਕ ਮੰਡਲੀਆਂ ਵਿਚ ‘ਵਰਦਰ ਬੁਖਾਰ’ ਕਿਹਾ ਗਿਆ। ਇਸ ‘ਬੁਖਾਰ’ ਵਸ ਅਨੇਕਾਂ ਨੌਜਵਾਨ ਲੜਕੇ ਵਰਦਰ ਵਾਂਗ ਪਹਿਰਾਵਾ ਪਾ ਕੇ ਖੁਦਕੁਸ਼ੀ ਕਰ ਗਏ। ਸਿੱਟੇ ਵਜੋਂ ਲਾਇਪਜ਼ਿਕ, ਡੈਨਮਾਰਕ ਅਤੇ ਇਟਲੀ ਵਿਚ ਸੰਨ 1775 ਵਿਚ ਇਸ ਨਾਵਲ ਉਤੇ ਪਾਬੰਦੀ ਲਾ ਦਿੱਤੀ ਗਈ।
ਸੋ ਇਤਿਹਾਸ ਦਾ ਕੋਈ ਵੀ ਕਾਲ ਰੁਮਾਂਸ ਦੀਆਂ ਅਜਿਹੀਆਂ ਮਿਸਾਲਾਂ ਤੋਂ ਸੱਖਣਾ ਨਹੀਂ, ਜਿੱਥੇ ਵਿਅਕਤੀਗਤ ਜਾਂ ਸਮੂਹਿਕ ਪੱਧਰ ਉਤੇ ਮਨੁੱਖ ਨੇ ਖੂਬਸੂਰਤ ਜ਼ਿੰਦਗੀ ਨੂੰ ਤਿਲਾਂਜਲੀ ਦੇ ਕੇ ਵਿਨਾਸ਼ ਦਾ ਰਾਹ ਨਾ ਚੁਣਿਆ ਹੋਵੇ। ਉਘਾ ਸਮਾਜਕ ਅਤੇ ਰਾਜਨੀਤਕ ਚਿੰਤਕ ਇਜ਼ਾਈਆ ਬਰਲਿਨ ਆਪਣੀ ਪੁਸਤਕ ‘ਰੂਟਸ ਆਫ ਰੋਮਾਂਟਿਸਿਜ਼ਮ’ ਵਿਚ ਲਿਖਦਾ ਹੈ, “ਫਾਸ਼ੀਵਾਦ ਰੁਮਾਂਸਵਾਦ ਦਾ ਵਾਰਸ ਇਸ ਕਰਕੇ ਨਹੀਂ ਕਿ ਇਹ ਇਕ ਤਰਕਹੀਣ ਵਰਤਾਰਾ ਹੈ, ਬਲਕਿ ਫਾਸ਼ੀਵਾਦ ਦਾ ਰੁਮਾਂਸਵਾਦ ਨਾਲ ਸਬੰਧ ਇਸ ਕਰਕੇ ਹੈ ਕਿ ਇਕ ਵਿਅਕਤੀ ਜਾਂ ਸਮੂਹ ਦੀ ਅਭਿਲਾਸ਼ਾ ਅਜਿਹਾ ਰੂਪ ਅਖਤਿਆਰ ਕਰ ਲੈਂਦੀ ਹੈ, ਜਿਸ ਨੂੰ ਸੰਗਠਿਤ ਕਰਨਾ, ਤਰਕਸੰਗਤ ਠਹਿਰਾਉਣਾ ਅਤੇ ਇਸ ਦੇ ਭਵਿੱਖਮਈ ਸਿੱਟਿਆਂ ਬਾਰੇ ਅੰਦਾਜ਼ਾ ਲਾਉਣਾ ਨਾਮੁਮਕਿਨ ਹੋ ਜਾਂਦਾ ਹੈ।”
ਵੀਹਵੀਂ ਸਦੀ ਦੇ ਅਖੀਰਲੇ ਦਹਾਕੇ ਦੌਰਾਨ ਉਦਾਰਵਾਦ ਅਤੇ ਵਿਸ਼ਵੀਕਰਨ ਦੇ ਮਾਡਲ ਦੀ ਰੁਮਾਂਟਿਕ ਮਿੱਥ ਨੂੰ ਕਾਰਪੋਰੇਟ ਪੂੰਜੀਵਾਦ ਨੇ ਇਸ ਕਦਰ ਸਥਾਪਤ ਕੀਤਾ, ਜਿਸ ਨਾਲ ਦੂਜੀ ਅਤੇ ਤੀਜੀ ਦੁਨੀਆਂ ਦੇ ਦੇਸ਼ਾਂ ਨੂੰ ਪੱਛਮੀ ਵਿਕਸਿਤ ਪੂੰਜੀਵਾਦੀ ਮੁਲਕਾਂ ਵਾਂਗ ਆਪਣਾ ਭਵਿੱਖ ਪੂੰਜੀਵਾਦੀ ਪ੍ਰਬੰਧ ਵਿਚੋਂ ਹੀ ਨਜ਼ਰ ਆਉਣ ਲੱਗ ਪਿਆ। ਮਹਿਜ ਤਿੰਨ ਦਹਾਕੇ ਗੁਜ਼ਰਨ ਪਿਛੋਂ ਜਦੋਂ ਬੇਰੁਜ਼ਗਾਰੀ, ਵੱਧ ਰਹੀ ਵਸੋਂ, ਭੁੱਖਮਰੀ, ਗੰਧਲਾ ਵਾਤਾਵਰਣ, ਹਿਜ਼ਰਤ ਅਤੇ ਅਤਿਵਾਦ ਜਿਹੀਆਂ ਸਮੱਸਿਆਵਾਂ ਦੀ ਜਕੜ ਸਮੁੱਚੇ ਵਿਸ਼ਵ ‘ਤੇ ਹੋਰ ਵੀ ਮਜ਼ਬੂਤ ਹੋ ਗਈ ਤਾਂ ਪੂੰਜੀਵਾਦੀ ਪ੍ਰਬੰਧ ਨੂੰ ਮਨੁੱਖੀ ਸੁਤੰਤਰਤਾ, ਸਮਾਨਤਾ ਅਤੇ ਉਦਾਰਤਾ ਦੇ ਮਾਡਲ ਵਜੋਂ ਸਮਝ ਰਹੇ ‘ਦਾਨਿਸ਼ਵਰਾਂ’ ਨੂੰ ਵੀ ਇਸ ਗੱਲ ਦਾ ਇਲਮ ਹੋਇਆ ਕਿ ਇਹ ਪ੍ਰਬੰਧ ਆਪਣੇ ਆਪ ਵਿਚ ਆਧੁਨਿਕ, ਉਦਾਰਵਾਦੀ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਦਾ ਮਾਡਲ ਨਹੀਂ, ਜਿਵੇਂ ਕਿ ਪੱਛਮੀ ਦੇਸ਼ਾਂ ਨੂੰ ਮਿਸਾਲ ਬਣਾ ਕੇ ਇਹ ਗੱਲ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ।
ਇਸ ਦੇ ਉਲਟ ਪੂੰਜੀਵਾਦੀ ਪ੍ਰਬੰਧ ਪੱਛੜੇ ਸਮਾਜਾਂ ਵਿਚ ਆਰਥਕ ਤੇ ਸਮਾਜਕ ਅਸਮਾਨਤਾ, ਅਗਿਆਨ ਅਤੇ ਪਿਛਾਂਹ ਖਿੱਚੂ ਕਦਰਾਂ-ਕੀਮਤਾਂ ਨੂੰ ਬੜੀ ਤੇਜ਼ੀ ਨਾਲ ਹੋਰ ਵੀ ਗਹਿਰਾ ਕਰ ਸਕਦਾ ਹੈ। ਇਸ ਲਈ ਪੱਛਮੀ ਦੇਸ਼ਾਂ ਵਿਚ ਆਧੁਨਿਕਤਾ ਅਤੇ ਬਰਾਬਰੀ ਦਾ ਪੂੰਜੀਵਾਦ ਨਾਲ ਕੀ ਸਬੰਧ ਰਿਹਾ ਹੈ, ਬਾਰੇ ਸੋਚਿਆ ਜਾ ਸਕਦਾ ਹੈ, ਪ੍ਰੰਤੂ ਆਧੁਨਿਕ ਕਦਰਾਂ-ਕੀਮਤਾਂ ਨੂੰ ਪੂੰਜੀਵਾਦ ਦੇ ਫਲ ਵਜੋਂ ਸਿੱਧ ਕਰਨਾ, ਸਮਾਜਕ ਅਤੇ ਸੱਭਿਆਚਾਰਕ ਪੱਧਰ ਉਤੇ ਆਧੁਨਿਕ ਕਦਰਾਂ-ਕੀਮਤਾਂ ਦੀ ਬਹਾਲੀ ਲਈ ਪੱਛਮ ਵੱਲੋਂ ਕੀਤੀ ਜੱਦੋਜਹਿਦ ਨੂੰ ਅੱਖੋਂ ਪਰੋਖੇ ਕਰਨਾ ਹੈ।
ਅਜੋਕੇ ਸਮੇਂ ਵਿਸ਼ਵ ਦੇ ਬਹੁਤ ਸਾਰੇ ਸਿਆਸਤਦਾਨ ਉਕਤ ਵਰਤਮਾਨ ਸਮੱਸਿਆਵਾਂ ਦਾ ਹੱਲ, ਆਰਥਕ ਅਤੇ ਸਮਾਜਕ ਪੱਧਰ ਉਤੇ ਅਯੋਗ ਨੀਤੀਆਂ ਨੂੰ ਬਦਲਣ ਦੀ ਥਾਂ ਇਤਿਹਾਸ ਦੇ ਕਿਸੇ ਕਾਲਪਨਿਕ ਕਾਲ ਦੀ ਪੁਨਰ ਉਸਾਰੀ ਦੇ ਰੁਮਾਂਟਿਕ ਸੁਪਨੇ ਵਿਚੋਂ ਲੱਭਦੇ ਨਜ਼ਰ ਆ ਰਹੇ ਹਨ। ਇਸ ਲਈ ਕਿਸੇ ਗੁਆਚੇ ਸੁਨਹਿਰੀ ਕਾਲ ਦੀ ਪੁਨਰ ਉਸਾਰੀ ਦਾ ਥੀਮ ਇਨ੍ਹਾਂ ਸਿਆਸਤਦਾਨਾਂ ਦੀਆਂ ਤਕਰੀਰਾਂ ਦਾ ਕੇਂਦਰੀ ਧੁਰਾ ਬਣਦਾ ਜਾ ਰਿਹਾ ਹੈ। ਇਨ੍ਹਾਂ ਨੇਤਾਵਾਂ ‘ਚ ਅਮਰੀਕਾ ਦੇ ਡੋਨਲਡ ਟਰੰਪ, ਬ੍ਰਾਜ਼ੀਲ ਦੇ ਯਾਇਰ ਬੁਲਸੋਨਾਰੋ, ਹੰਗਰੀ ਦੇ ਵਿਕਟੋਰ ਔਰਬੈਨ ਅਤੇ ਤੁਰਕੀ ਦੇ ਰਿਕੀਪ ਐਡੋਗਨ ਆਦਿ ਸ਼ਾਮਿਲ ਹਨ। ਨਤੀਜੇ ਵਜੋਂ, ਪਿਛਲੇ ਕੁਝ ਸਾਲਾਂ ਤੋਂ ਵੱਖ-ਵੱਖ ਦੇਸ਼ਾਂ ਵਿਚ ਰਾਜਨੀਤਕ ਪੱਧਰ ‘ਤੇ ਉਦਾਰਵਾਦੀ ਲੋਕਤੰਤਰ ਦੀ ਥਾਂ ਨਿਰੰਕੁਸ਼ ਸ਼ਾਸਨ ਲੈਂਦਾ ਜਾ ਰਿਹਾ ਹੈ।
ਭਾਰਤ ਦੇ ਪ੍ਰਸੰਗ ਵਿਚ ਵੀ ਸੱਤਾ ‘ਚ ਮੌਜੂਦ ਬਹੁਤੇ ਨੇਤਾ ਬੇਰੁਜ਼ਗਾਰੀ, ਕਿਸਾਨੀ ਸੰਕਟ, ਵਿਹਾਰਕ ਪੱਧਰ ‘ਤੇ ਹੋ ਰਹੇ ਵਿਤਕਰੇ, ਵੱਧ ਰਹੀ ਆਬਾਦੀ ਅਤੇ ਪ੍ਰਦੂਸ਼ਿਤ ਵਾਤਾਵਰਣ ਜਿਹੀਆਂ ਸਮੱਸਿਅਵਾਂ ਨੂੰ ਨਜ਼ਰਅੰਦਾਜ਼ ਕਰ ਕਿਸੇ ਕਾਲਪਨਿਕ ਹੋਮੋਜੀਨੀਅਸ ‘ਪ੍ਰਾਚੀਨ ਹਿੰਦੂ ਭਾਰਤ’ ਦੀ ਪੁਨਰ ਉਸਾਰੀ ਦਾ ਰੁਮਾਂਟਿਕ ਡਿਸਕੋਰਸ ਸਿਰਜ ਰਹੇ ਹਨ। ਇਹ ਆਗੂ ਆਧੁਨਿਕ ਕਾਲ ਦੀ ਹਰ ਮਾਨਵ ਪੱਖੀ ਵਿਗਿਆਨਕ ਖੋਜ ਨੂੰ ਵੀ ਆਪੇ-ਖੋਜੇ ‘ਇਤਿਹਾਸ’ ਦੇ ਨਜ਼ਰੀਏ ਤੋਂ ਪੇਸ਼ ਕਰਦਿਆਂ ਕਦੇ ਪੁਰਾਤਨ ਮਹਾਂਕਾਵਿ ਮਹਾਂਭਾਰਤ ਦੇ ਪਾਤਰ ਕਰਨ ਦੇ ਜਨਮ ਨੂੰ ਸਟੈਮ ਸੈਲ ਵਿਧੀ ਨਾਲ ਅਤੇ ਕਦੇ ਗਣੇਸ਼ ਦੇ ਸਿਰ ਨੂੰ ਪਲਾਸਟਿਕ ਸਰਜਰੀ ਨਾਲ ਜੋੜਦੇ ਹੋਏ ਅਤੀਤ ਸਬੰਧੀ ਰੁਮਾਂਟਿਕ ਡਿਸਕੋਰਸ ਨੂੰ ਹਰ ਪੱਧਰ ‘ਤੇ ਵਾਸਤਵਿਕ ਰੂਪ ਦੇਣ ਦੀ ਕੋਸ਼ਿਸ ਕਰ ਰਹੇ ਹਨ। ਇਸ ਅਮਲ ਵਜੋਂ ਸ਼ਹਿਰਾਂ ਦੇ ਨਾਂ ਬਦਲਣ ਜਾਂ ਘਰ ਵਾਪਸੀ ਜਿਹੇ ਸੰਕਲਪ ਵਾਸਤਵਿਕ ਮੁੱਦਿਆਂ ਦੀ ਥਾਂ ਲੈ ਲੈਂਦੇ ਹਨ।
ਉਕਤ ਡਿਸਕੋਰਸ ਵਿਚ ਫਸੀ ਆਮ ਲੋਕਾਈ ਇਤਿਹਾਸ ਦੀਆਂ ਬੀਤੀਆਂ ਘਟਨਾਵਾਂ ਨੂੰ ਉਸ ਕਾਲ ਦੀ ਪ੍ਰਸੰਗਿਕਤਾ ਵਜੋਂ ਸਮਝੇ ਬਿਨਾ ਇਕਹਿਰੇ, ਸੰਕੁਚਿਤ ਅਤੇ ਸੌੜੇ ਵਰਤਮਾਨ ਦੇ ਚਸ਼ਮੇ ‘ਚੋਂ ਦੇਖਣਾ ਸ਼ੁਰੂ ਕਰ ਦਿੰਦੀ ਹੈ। ਇੰਜ, ਅਜਿਹੇ ਰੁਮਾਂਟਿਕ ਡਿਸਕੋਰਸ ਵਿਚ ਇਤਿਹਾਸ ਦੀ ਹੈਟਰੋਜੀਨੀਅਸ ਖਸਲਤ ਲਈ ਕੋਈ ਸਪੇਸ ਬਾਕੀ ਨਹੀਂ ਰਹਿੰਦੀ, ਜਿਸ ਦੀ ਬਦੌਲਤ ਇੱਕ ਵਿਸ਼ੇਸ਼ ਫਿਰਕੇ ਜਾਂ ਧਰਮ ਨੂੰ ਹੀ ਉਸ ਰਾਸ਼ਟਰ ਦਾ ਮੂਲ ਅਤੇ ਦੂਜੇ ਫਿਰਕਿਆਂ ਨੂੰ ‘ਅਦਰ’ (ਓਪਰਾ) ਜਾਂ ਵਿਰੋਧੀ ਵਜੋਂ ਸਿੱਧ ਕਰਨ ਦੀ ਸਿਆਸਤ ਸ਼ੁਰੂ ਹੋ ਜਾਂਦੀ ਹੈ, ਜਿਸ ਦੇ ਨਤੀਜੇ ਬਹੁਤ ਹੀ ਭਿਆਨਕ ਨਿਕਲਦੇ ਹਨ।
ਇਹ ਰੁਮਾਂਟਿਕ ਡਿਸਕੋਰਸ ਮਹਿਜ ਰਾਜਨੀਤਕ ਪੱਧਰ ‘ਤੇ ਕਿਸੇ ਇੱਕ ਵਿਸ਼ੇਸ਼ ਸੰਸਥਾ ਵਲੋਂ ਹੀ ਨਹੀਂ ਸਿਰਜਿਆ ਜਾਂਦਾ, ਸਗੋਂ ਹਰ ਧਰਮ, ਸਮਾਜ ਅਤੇ ਸੱਭਿਆਚਾਰ ਨਾਲ ਸਬੰਧ ਰੱਖਦੇ ਕੁਝ ਤਥਾ-ਕਥਿਤ ਲੋਕ ਅਜਿਹਾ ਡਿਸਕੋਰਸ ਸਿਰਜਣ ਵਿਚ ਮੋਹਰੀ ਭੂਮਿਕਾ ਨਿਭਾਉਂਦੇ ਹਨ। ਪੰਜਾਬ ਦੇ ਸਬੰਧ ਵਿਚ ਦੇਖਿਆ ਜਾਵੇ ਤਾਂ ਜਾਤ-ਪਾਤ, ਔਰਤਾਂ ਨਾਲ ਹੋ ਰਹੇ ਵਿਤਕਰੇ, ਪਰਵਾਸੀ ਮੁਲਕਾਂ ਵਿਚ ਸਥਾਈ ਨਿਵਾਸ ਦੀ ਉਡੀਕ ਕਰਦੇ ਅਨੇਕਾਂ ਨੌਜਵਾਨ ਲੜਕੇ-ਲੜਕੀਆਂ, ਖੇਤੀ ‘ਚ ਪੈ ਰਹੇ ਲਗਾਤਾਰ ਘਾਟੇ ਨੂੰ ਨਾ ਸਹਿਣ ਕਰਦਿਆਂ ਜ਼ਹਿਰ ਨਿਗਲਦੇ ਕਿਸਾਨ ਅਤੇ ਰੂਹਾਨੀਅਤ ਗਿਰਾਵਟ ਆਦਿ ਜਿਹੀਆਂ ਸਮੱਸਿਆਵਾਂ ਨੂੰ ਮੁਖਾਤਿਬ ਨਾ ਹੋ ਕੇ ਸਿਨੇਮਾ, ਸੋਸ਼ਲ ਮੀਡੀਆ ਜਾਂ ਜ਼ਿਆਦਾਤਰ ਧਾਰਮਕ ਅਤੇ ਸਿਆਸੀ ਆਗੂ ਕਿਸੇ ਕਾਲਪਨਿਕ ਪੁਰਾਣੇ ਪੰਜਾਬ ਦੇ ਰੁਮਾਂਟਿਕ ਤਸੱਵਰ ਨੂੰ ਯਥਾਰਥ ਵਿਚ ਤਬਦੀਲ ਕਰਨ ਦੇ ਸੁਪਨੇ ਵੇਚ ਰਹੇ ਹਨ।
ਸੋ ਰੁਮਾਂਸ ਰੂਪੀ ‘ਪਲੇਗ’ ਦੀ ਲਪੇਟ ‘ਚ ਆਏ ਕਿਸੇ ਵੀ ਧਰਮ ਜਾਂ ਫਿਰਕੇ ਦੇ ਆਮ ਲੋਕਾਂ ਨੂੰ ਜਦੋਂ ਕੋਈ ਸੰਜੀਦਾ ਇਨਸਾਨ, ਕਿਸੇ ਰੁਮਾਂਟਿਕ ਕਾਲਪਨਿਕ ਕਾਲ ਦੀ ਪੁਨਰ ਉਸਾਰੀ ਲਈ ਤੈਸ਼ ‘ਚ ਆਉਣ ਤੋਂ ਰੋਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੀ ਸਥਿਤੀ ਅਲਬੇਅਰ ਕਾਮੂ ਦੇ ਪ੍ਰਸਿੱਧ ਨਾਵਲ ‘ਪਲੇਗ’ ਦੇ ਪਾਤਰ ਜੋਸਿਫ ਗਰੈਂਡ ਵਰਗੀ ਹੋ ਜਾਂਦੀ ਹੈ, ਜੋ ਫਿਕਰ, ਚਿੰਤਾ, ਸੰਤਾਪ, ਸਹਿਮ ਅਤੇ ਤਸ਼ਵੀਸ਼ ਦਾ ਮਾਰਿਆ ਪਿਛਲੇ ਕਈ ਵਰ੍ਹਿਆਂ ਤੋਂ ਉਸ ਦਾ ਘਰ ਛੱਡ ਜੇ ਜਾ ਚੁਕੀ ਪਤਨੀ ਨੂੰ ਖਤ ਲਿਖਣ ਦਾ ਤਰੱਦਦ ਤਾਂ ਕਰਦਾ ਹੈ, ਪਰ ਝੁਰੜੀਆਂ ਪਏ, ਕੰਬ ਰਹੇ ਉਸ ਦੇ ਹੱਥ ਵਿਚ ਫੜੀ ਕਲਮ ਦੀ ਨੋਕ ‘ਤੇ ਜਟਿਲ ਸਥਿਤੀ ਨੂੰ ਬਿਆਨ ਕਰਨ ਲਈ ਹਾਣ ਦੇ ਲਫਜ਼ ਨਹੀਂ ਆਉਂਦੇ। ਰੁਮਾਂਸ ਦੀ ਗੁੰਝਲਦਾਰ ਸਥਿਤੀ ਨੂੰ ਭਾਂਪ ਰਹੇ ਖਾਮੋਸ਼ ਬੈਠੇ ਪਾਤਰ ਜੋਸਿਫ ਜਿਹੇ ਸੁਹਿਰਦ ਇਨਸਾਨਾਂ ਲਈ ਜਦੋਂ ਸਭ ਰਾਹ ਬੰਦ ਹੋ ਜਾਂਦੇ ਹਨ ਤਾਂ ਇਸੇ ਹੀ ਨਾਵਲ ਦਾ ਮੁੱਖ ਕਿਰਦਾਰ ਡਾ. ਬਰਨਾਰਡ ਰੀਓਸ ਦਾ ਗੰਭੀਰ, ਉਦਾਸੀਨ ਪ੍ਰੰਤੂ ਮੁਸਕਰਾਉਂਦਾ ਸ਼ਾਂਤ ਚਿਹਰਾ ਸ਼ਬਦ ਉਚਾਰਦਾ ਜਾਪਦਾ ਹੈ, “ਵਿਰੋਧ ਦਾ ਰੂਪ ਹਮੇਸ਼ਾ ਹੀਰੋਇਜ਼ਮ ਨਹੀਂ ਹੁੰਦਾ, ਸਗੋਂ ਪਲੇਗ ਨਾਲ ਮੁਕਾਬਲਾ ਕਰਨ ਦਾ ਇਕ ਰਾਹ ਸਭਿਅਕ ਹੋਣਾ ਵੀ ਹੁੰਦਾ ਹੈ।”
ਸੋ ਬਦਲ ਰਹੇ ਇਸ ਸੰਸਾਰ ਵਿਚ ਅਜੋਕੇ ਮਨੁੱਖ ਨੂੰ ਕੋਈ ਵੀ ਸਿਆਸੀ, ਧਾਰਮਕ ਜਾਂ ਸੱਭਿਆਚਾਰਕ ਤਕਰੀਰ ਸੁਣਦਿਆਂ, ਬਿਨਾ ਸੋਚੇ ਸਮਝੇ ਉਸ ਦੀ ਵਕਾਲਤ ਕਰਨ ਤੋਂ ਪਹਿਲਾਂ, ਕਾਮੂ ਦੇ ਉਕਤ ਸ਼ਬਦਾਂ ਨੂੰ ਆਪਣੀ ਸਿਮਰਤੀ ਦਾ ਅਟੁੱਟ ਹਿੱਸਾ ਬਣਾਉਣ ਦੀ ਸਖਤ ਲੋੜ ਹੈ ਤਾਂ ਜੋ ਕਿਸੇ ਵੀ ਭਿਆਨਕ ਸਥਿਤੀ ਦਾ ਸਾਹਮਣਾ ਰੁਮਾਂਸ ਦੇ ਉਕਤ ਡਿਸਕੋਰਸ ਵਿਚ ਫਸਣ ਦੀ ਥਾਂ ਸਭਿਅਕ ਹੋ ਕੇ ਕੀਤਾ ਜਾ ਸਕੇ।

*ਰਿਸਰਚ ਸਕਾਲਰ, ਅੰਗਰੇਜ਼ੀ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ।