ਸ਼ਬਦ ਨਾਲ ਸਾਂਝ ਬਨਾਮ ਗਿਆਨ ਦੀ ਜਗਿਆਸਾ

ਪੰਜਾਬ ਦੀ ਧਰਤੀ ‘ਤੇ ਸ਼ਬਦ ਨੂੰ ਗੁਰੂ ਦਾ ਰੁਤਬਾ ਹਾਸਿਲ ਹੈ ਜੋ ਸ਼ਬਦਾਂ ਦੇ ਸਤਿਕਾਰ ਦੀ ਸਭ ਤੋਂ ਮਹਾਨ ਉਦਾਹਰਣ ਹੈ। ਹਾਲਾਤ ਦੀ ਸਿਤਮਜ਼ਰੀਫੀ ਇਹ ਹੈ ਕਿ ਜਿਸ ਧਰਤੀ ਉਪਰ ਸ਼ਬਦ ਦੀ ਸ਼ਕਤੀ ਨਾਲ ਇਤਿਹਾਸ ਦੇ ਰੁਖ ਨੂੰ ਪੰਜ ਸਦੀਆਂ ਪਹਿਲਾਂ ਮੋੜਾ ਦਿੱਤਾ ਗਿਆ ਸੀ; ਅੱਜ ਉਸ ਧਰਤੀ ਦੇ ਲੋਕ ਹੀ ਸ਼ਬਦਾਂ ਤੋਂ ਮੂੰਹ ਮੋੜੀ ਬੈਠੇ ਹਨ। ਪਟਿਆਲਾ ਦੇ ਮੁਲਤਾਨੀ ਮੱਲ ਮੋਦੀ ਕਾਲਜ ਵਿਚ ਪੜ੍ਹਾ ਰਹੇ ਡਾ. ਦਵਿੰਦਰ ਸਿੰਘ ਨੇ ਸ਼ਬਦ ਅਤੇ ਸਾਹਿਤ ਤੋਂ ਬੇਮੁਖ ਹੋਏ ਅੱਜ ਦੇ ਮਨੁੱਖ ਬਾਰੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਹਨ।

-ਸੰਪਾਦਕ

ਡਾ. ਦਵਿੰਦਰ ਸਿੰਘ
ਫੋਨ: +91-94174-38285

ਸਾਡੀ ਨਸਲ ਲਈ ਸਾਹਿਤ ਪੜ੍ਹਨਾ ਸਾਹ ਲੈਣ ਜਿੰਨਾ ਜ਼ਰੂਰੀ ਹੈ ਪਰ ਅਸੀਂ ਮੌਸਮੀ ਫਲਾਂ ਵਾਂਗ ਇਸ ਦਾ ਵੀ ਲੁਤਫ਼ ਲੈਣਾ ਛੱਡ ਦਿੱਤਾ ਹੈ। ਸ਼ਬਦ ਤੋਂ ਟੁੱਟਣ ਕਾਰਨ ਮਨੁੱਖ ਵਜੋਂ ਸਾਡੀ ਪੀੜ੍ਹੀ ਦਾ ਸਾਹ ਉਖੜਿਆ ਪਿਆ ਹੈ। ਦਰਅਸਲ, ਕੁਝ ਲੋੜਾਂ ਸਾਡੇ ਸਰੀਰ ਦੀਆਂ ਹੁੰਦੀਆਂ ਹਨ ਅਤੇ ਕੁਝ ਮਨ ਦੀਆਂ। ਸਰੀਰ ਦੀਆਂ ਲੋੜਾਂ ਪੂਰੀਆਂ ਹੋਣ ਤੋਂ ਬਾਅਦ ਮਨ ਦੀਆਂ ਲੋੜਾਂ ਨੂੰ ਸੁਚੱਜੇ ਢੰਗ ਨਾਲ ਸ਼ਬਦ ਨਾਲ ਜੁੜ ਕੇ ਹੀ ਪੂਰਿਆਂ ਕੀਤਾ ਜਾ ਸਕਦਾ ਹੈ। ਸਰੀਰਕ ਲੋੜਾਂ ਦੀ ਪੂਰਤੀ ਵੀ ਭਾਵੇਂ ਸਿੱਧੇ-ਅਸਿੱਧੇ ਰੂਪ ਵਿਚ ਸ਼ਬਦ-ਗਿਆਨ ਅਤੇ ਭਾਸ਼ਾ ਨਾਲ ਹੀ ਜੁੜੀ ਹੋਈ ਹੈ। ਗਿਆਨ ਦੀ ਭੁੱਖ ਅਤੇ ਨਵਾਂ ਜਾਣਨ ਦੀ ਜਗਿਆਸਾ ਮਨੁੱਖੀ ਮਨ ਦੀਆਂ ਸੁਭਾਵਿਕ ਤੇ ਕੁਦਰਤੀ ਰੁਚੀਆਂ ਹਨ। ਇਹ ਸ਼ਬਦ ਨਾਲ ਜੁੜ ਕੇ ਹੀ ਪੂਰੀਆਂ ਹੋ ਸਕਦੀਆਂ ਹਨ ਪਰ ਪਦਾਰਥ-ਪੈਸੇ ਦੀ ਮਹੱਤਤਾ ਅਤੇ ਲਾਲਸਾ ਵਾਲੇ ਇਸ ਯੁੱਗ ਵਿਚ ਅਸੀਂ ਆਪਣੀਆਂ ਮਾਨਸਿਕ ਲੋੜਾਂ ਨੂੰ ਵੀ ਪੈਸੇ ਅਤੇ ਪਦਾਰਥਕ ਸਹੂਲਤਾਂ ਨਾਲ ਪੂਰੀਆਂ ਕਰਨੀਆਂ ਚਾਹੁੰਦੇ ਹਾਂ। ਇਸੇ ਵਿਚ ਸਾਡੀ ਮੌਜੂਦਾ ਪੀੜ੍ਹੀ ਦਾ ਸਾਰਾ ਦੁਖਾਂਤ ਛੁਪਿਆ ਹੋਇਆ ਹੈ।
ਦਰਅਸਲ, ਬਾਜ਼ਾਰ ਨੇ ਸਾਡੇ ਦਿਮਾਗ ਅਤੇ ਸੋਚਣ ਵਿਚਾਰਨ ਦੀ ਸ਼ਕਤੀ ਨੂੰ ਸਾਧਨਾਂ, ਤਕਨਾਲੋਜੀ ਅਤੇ ਇਸ਼ਤਿਹਾਰਬਾਜ਼ੀ ਰਾਹੀਂ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਹੁਣ ਸਾਡੀਆਂ ਇੱਛਾਵਾਂ ਜਾਂ ਲੋੜਾਂ ਸਚਮੁਚ ਸਾਡੀਆਂ ਨਾ ਹੋ ਕੇ ਬਾਜ਼ਾਰ ਵਲੋਂ ਸਾਡੇ ਮਨ ਵਿਚ ਪੈਦਾ ਕੀਤੀਆਂ ਹੋਈਆਂ ਹਨ। ਬਿਨਾਂ ਕੁਝ ਸੋਚੇ ਵਿਚਾਰੇ ਸਾਡਾ ਜ਼ੋਰ ਇਨ੍ਹਾਂ ਪਦਾਰਥਾਂ ਨੂੰ ਪ੍ਰਾਪਤ ਅਤੇ ਇਕੱਠਾ ਕਰਨ ‘ਤੇ ਲੱਗਿਆ ਹੋਇਆ ਹੈ। ਜਦੋਂ ਇਹ ਵਸਤਾਂ ਮਿਲਣ ਤੋਂ ਬਾਅਦ ਵੀ ਸਾਨੂੰ ਤਸਕੀਨ ਨਹੀਂ ਮਿਲਦੀ ਤਾਂ ਅਸੀਂ ਪਹਿਲਾਂ ਮੌਜੂਦ ਸ਼ੈਆਂ ਨੂੰ ਭੁੱਲ ਕੇ ਹੋਰ ਨਵੀਆਂ ਅਤੇ ਦਿਲਕਸ਼ ਚੀਜ਼ਾਂ ਨੂੰ ਪ੍ਰਾਪਤ ਕਰਨ ਦੀ ਹੋੜ ਵਿਚ ਲੱਗ ਜਾਂਦੇ ਹਾਂ। ਜੇ ਅਸੀਂ ਆਪਣੀਆਂ ਸੂਝ-ਸਮਝ ਵਾਲੀਆਂ ਸ਼ਕਤੀਆਂ ਨੂੰ ਵਰਤਣ ਤੋਂ ਇਸੇ ਤਰ੍ਹਾਂ ਕਿਨਾਰਾਕਸ਼ੀ ਕਰੀ ਰੱਖੀ ਤਾਂ ਇਹ ਸਿਲਸਿਲਾ ਅਨੰਤ ਅਤੇ ਨਿਰੰਤਰ ਚਲਦਾ ਰਹੇਗਾ। ਅੱਜ ਪ੍ਰਬੰਧ ਦੁਆਰਾ ਸੰਗਠਿਤ ਅਤੇ ਦਿਲਕਸ਼ ਢੰਗ ਨਾਲ ਸਾਡੀ ਅਕਲ ਨੂੰ ਅਗਵਾ ਕਰ ਲਿਆ ਗਿਆ ਹੈ।
ਇਤਿਹਾਸ ਗਵਾਹ ਹੈ ਕਿ ਅਗਿਆਨ, ਅਨਿਆਂ ਅਤੇ ਜ਼ੁਲਮ ਦੀ ਕੰਧ ‘ਚ ਮੋਰੇ ਸ਼ਬਦ-ਸਾਧਕਾਂ ਨੇ ਹੀ ਕੀਤੇ ਹਨ। ਮੱਧਕਾਲ ‘ਚ ਗੁਰੁ ਨਾਨਕ ਦੇਵ ਜੀ ਨੇ ਬ੍ਰਾਹਮਣੀ ਸਭਿਆਚਾਰਕ ਅਤੇ ਮੁਗ਼ਲ ਰਾਜਨੀਤਕ ਜ਼ੁਲਮ-ਜਬਰ ਦਾ ਵਿਰੋਧ ਸ਼ਬਦਾਂ ਦੇ ਹਥਿਆਰ ਨਾਲ ਹੀ ਕੀਤਾ ਸੀ। ਮਨੁੱਖ ਨੂੰ ਮਨੁੱਖ ਭਾਸ਼ਾ ਨੇ ਬਣਾਇਆ ਹੈ ਅਤੇ ਸਾਹਿਤ ਨੇ ਉਸ ਦੇ ਸਭ ਤੋਂ ਡੂੰਘੇ ਅਨੁਭਵਾਂ ਨੂੰ ਕਲਾਤਮਕ ਜਾਮਾ ਪਹਿਨਾ ਕੇ ਮਨੁੱਖਤਾ ਦੀ ਮਹਾਨ ਵਿਰਾਸਤ ਵਜੋਂ ਸੰਭਾਲਿਆ ਅਤੇ ਉਸ ਦੇ ਹਿਰਦੇ ‘ਤੇ ਅੰਕਿਤ ਕੀਤਾ ਹੈ। ਮਨੁੱਖੀ ਅਨੁਭਵਾਂ, ਸੋਚਾਂ, ਕਲਪਨਾਵਾਂ ਦੀ ਸਭ ਤੋਂ ਘੱਟ ਗ਼ੈਰ-ਮਿਲਾਵਟੀ ਪੇਸ਼ਕਾਰੀ ਸਾਨੂੰ ਮਹਾਨ ਸਾਹਿਤ ਵਿਚ ਹੀ ਮਿਲ ਸਕਦੀ ਹੈ। ਇਹ ਮਹਾਨ ਸਾਹਿਤ ਹੀ ਮਨੁੱਖ ਲਈ ਚਾਨਣ-ਮੁਨਾਰੇ ਦਾ ਕਾਰਜ ਕਰਦਾ ਹੈ। ਜਿਨ੍ਹਾਂ ਕੌਮਾਂ ਕੋਲ ਮਹਾਨ ਸਾਹਿਤ ਦਾ ਖਜ਼ਾਨਾ ਹੈ ਉਹ ਅਨੇਕਾਂ ਹਾਰਾਂ ਅਤੇ ਸੰਕਟਾਂ ਦੇ ਬਾਵਜੂਦ ਆਪਣੇ ਸਾਹਿਤ ਵਿਚੋਂ ਊਰਜਾ ਪ੍ਰਾਪਤ ਕਰਕੇ ਮੁੜ ਉਠ ਖਲੋਂਦੀਆਂ ਹਨ। ਇਸ ਦੀਆਂ ਸੰਸਾਰ ਪੱਧਰ ‘ਤੇ ਕੌਮਾਂ ਦੇ ਇਤਿਹਾਸ ਵਿਚ ਅਨੇਕਾਂ ਮਿਸਾਲਾਂ ਹਨ।
ਇਸ ਭੌਤਿਕ ਸੰਸਾਰ ਵਿਚ ਇਕ ਦੁਨੀਆਂ ਨੂੰ ਮਨੁੱਖ ਨੇ ਆਪਣੀ ਭਾਸ਼ਾ ਰਾਹੀਂ ਸਿਰਜਿਆ ਹੈ। ਇਸ ਮਨੁੱਖ ਸਿਰਜਤ ਦੁਨੀਆਂ ਵਿਚ ਮੁੱਢ ਤੋਂ ਹੀ ਸੱਤਾ ਦੁਆਰਾ ਦੂਜੇ ਮਨੁੱਖ ਨੂੰ ਭਾਸ਼ਾ ਰਾਹੀਂ ਕਾਬੂ ਕਰਨ ਦੀ ਰਵਾਇਤ ਚੱਲੀ ਆ ਰਹੀ ਹੈ। ਮਨੁੱਖ ਨੂੰ ਸੱਤਾ ਦੁਆਰਾ ਕਾਬੂ ‘ਚ ਰੱਖਣ ਦੀ ਇਹ ਰੀਤ ਤਕਨਾਲੋਜੀ ਆਧਾਰਿਤ ਪੂੰਜੀਵਾਦੀ ਯੁੱਗ ਵਿਚ ਆਪਣੀ ਸਿਖਰ ਛੂੰਹਦੀ ਹੈ। ਅੱਜ ਦੇ ਮਨੁੱਖ ਬਾਰੇ ਕਿਹਾ ਜਾਂਦਾ ਹੈ ਕਿ ਇਹ ਇਤਿਹਾਸ ਦੇ ਸਭ ਯੁੱਗਾਂ ਤੋਂ ਵੱਧ ਨਿਯੰਤਰਤ ਮਨੁੱਖ ਹੈ। ਇਸ ਨੂੰ ਕਾਬੂ ਜਾਂ ਕੰਟਰੋਲ ਹੇਠ ਕਰਨ ਦੀ ਕਵਾਇਦ ਇਸ ਦੇ ਜਨਮ ਤੋਂ ਹੀ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਅਨੇਕਾਂ ਤਰ੍ਹਾਂ ਦੀਆਂ ਰਜਿਸਟ੍ਰੇਸ਼ਨਾਂ, ਜਨਮ ਸਰਟੀਫਿਕੇਟ, ਵੋਟਰ ਕਾਰਡ, ਆਧਾਰ ਕਾਰਡ ‘ਚ ਦਰਜ ਹੁੰਦਾ ਹੋਇਆ, ਹਰ ਸਮੇਂ ਸੀ.ਸੀ.ਟੀ.ਵੀ. ਕੈਮਰਿਆਂ ਅਤੇ ਬਣਾਉਟੀ ਉਪਗ੍ਰਹਿਆਂ ਦੀ ਨਿਗਰਾਨੀ ‘ਚ ਵਿਚਰਦੇ ਹੋਏ ਇਸ ਅਖੌਤੀ ਆਜ਼ਾਦ ਮਨੁੱਖ ਦੇ ਹਰ ਸਾਹ ਦਾ ਹਿਸਾਬ ਕਿਤਾਬ ਰੱਖਿਆ ਜਾਂਦਾ ਹੈ। ਇਸ ਤੋਂ ਇਲਾਵਾ ਪਰਿਵਾਰ, ਸਕੂਲ, ਸਮਾਜ ਅਤੇ ਅਨੇਕਾਂ ਸਮਾਜਿਕ ਸੰਸਥਾਵਾਂ ਹਰ ਸਮੇਂ ਇਤਿਹਾਸ, ਰਾਜਨੀਤੀ, ਸਮਾਜ, ਧਰਮ ਆਦਿ ਦੇ ਅਨੇਕਾਂ ਸੱਚੇ-ਝੂਠੇ ਲੇਖੇ ਇਸ ਦੇ ਮਨ ‘ਤੇ ਅੰਕਿਤ ਕਰਕੇ ਇਸ ਨੂੰ ਸੱਤਾ ਅਨੁਸਾਰ ਜੀਵਨ ਜਿਊਣ ਲਈ ‘ਸੋਧਣ’ ਦਾ ਕਾਰਜ ਕਰਦੇ ਰਹਿੰਦੇ ਹਨ। ਇਸ ਪ੍ਰਕਿਰਿਆ ਵਿਚ ਇਸ ਮਨੁੱਖ ਦੀ ਮੌਲਿਕਤਾ ਅਤੇ ਕੁਦਰਤੀਪਣ ਮਧੋਲਿਆ ਜਾਂਦਾ ਹੈ। ਉਹ ਇਸ ਗ਼ਲਤ ਸਮਾਜਿਕ ਪ੍ਰਬੰਧ ਦੇ ਝੂਠੇ ਨਿਯਮਾਂ ਦਾ ਅਨੁਸਾਰੀ ਹੋਣ ਲਈ ਆਪਣੇ ਜੀਵਨ ਦੇ ਸਹਿਜ ਨੂੰ ਛਿੱਕੇ ਟੰਗੀ ਰੱਖਦਾ ਹੈ।
ਮਨੁੱਖ ਨੇ ਸਮਾਜ ਸਿਰਜਣਾ ਚਾਹਿਆ ਸੀ, ਪਰ ਉਸ ਨੇ ਇਕ ਅਰਥਚਾਰਾ ਸਿਰਜ ਲਿਆ ਹੈ ਜਿਸ ਵਿਚ ਇਸ ਸਮਾਜ ਦੇ ਹਰ ਜ਼ਿੰਦਾ ਮੁਰਦਾ ਜੁਜ਼ ਨੂੰ ਇਸ ਦੇ ਬਾਲਣ ਵਜੋਂ ਬਲਣਾ ਪੈਂਦਾ ਹੈ। ਪ੍ਰਬੰਧ ਦੇ ਇਸ ਤਰ੍ਹਾਂ ਦੇ ਢਾਂਚੇ ਵਿਚ ਮਨੁੱਖ ਵਜੋਂ ਵਿਚਰਨਾ ਅੰਤਾਂ ਦਾ ਮੁਸ਼ਕਿਲ ਕੰਮ ਹੈ ਕਿਉਂਕਿ ਇਹ ਢਾਂਚਾ ਹਰ ਸਮੇਂ ਤੁਹਾਡੀਆਂ ਮਨੁੱਖਤਾ ਨੂੰ ਮਨਫ਼ੀ ਕਰਕੇ ਤੁਹਾਨੂੰ ਇਸ ਵਿਚ ਫਿੱਟ ਕਰਨ ਲਈ ਤਤਪਰ ਤੇ ਵਚਨਬੱਧ ਹੈ। ਸਵੈ ਤੇ ਸਮਾਜ ਨੂੰ ਇਸ ਵਰਤਾਰੇ ਦੇ ਮਾਰੂ ਪ੍ਰਭਾਵਾਂ ਤੋਂ ਬਚਾਉਣ ਲਈ ਸਾਹਿਤ ਹੀ ਸਾਡਾ ਸਹਾਰਾ ਤੇ ਰਾਹ ਦਸੇਰਾ ਬਣ ਸਕਦਾ ਹੈ। ਸੰਵੇਦਨਾ, ਹਮਦਰਦੀ, ਕਰੁਣਾ, ਉਤਸ਼ਾਹ, ਭਾਈਚਾਰਾ ਅਤੇ ਤਿਆਗ ਵਰਗੇ ਭਾਵਾਂ ਨੂੰ ਪ੍ਰਚੰਡ ਕਰਨ ਵਿਚ ਸਾਹਿਤ ਅਹਿਮ ਭੂਮਿਕਾ ਨਿਭਾਉਂਦਾ ਹੈ। ਮਨੁੱਖ ਨੂੰ ਗਿਆਨ ਮੁਹੱਈਆ ਕਰਨ ਅਤੇ ਵਿਚਾਰਵਾਨ ਬਣਾਉਣ ਵਿਚ ਤਾਂ ਇਸ ਦੀ ਭੂਮਿਕਾ ਹਮੇਸ਼ਾ ਹੀ ਰਹੀ ਹੈ। ਅੱਜ ਦੇ ਯੁੱਗ ਵਿਚ ਸਾਨੂੰ ਸਿਰਫ਼ ਡਾਕਟਰਾਂ, ਇੰਜਨੀਅਰਾਂ ਜਾਂ ਹੋਰ ਕਿੱਤਾ ਮਾਹਿਰਾਂ ਦੀ ਹੀ ਲੋੜ ਨਹੀਂ ਸਗੋਂ ਅਜਿਹੇ ਡਾਕਟਰਾਂ, ਵਕੀਲਾਂ ਜਾਂ ਅਧਿਆਪਕਾਂ ਦੀ ਲੋੜ ਹੈ ਜਿਨ੍ਹਾਂ ਦੇ ਦਿਲ ਮਨੁੱਖਤਾ ਪ੍ਰਤੀ ਲਗਾਅ ਤੇ ਸੇਵਾ ਭਾਵਨਾ ਨਾਲ ਭਰੇ ਹੋਣ।
ਅਫ਼ਸੋਸ ਦੀ ਗੱਲ ਇਹ ਹੈ ਕਿ ਇਸ ਤੋਂ ਬਿਲਕੁਲ ਉਲਟ ਵਾਪਰ ਰਿਹਾ ਹੈ। ਜ਼ਿਆਦਾਤਰ ਡਾਕਟਰਾਂ ਨੂੰ ਮਰੀਜ਼ਾਂ ਨਾਲ ਕੋਈ ਹਮਦਰਦੀ ਨਹੀਂ ਰਹੀ ਅਤੇ ਬਹੁਤੇ ਵਕੀਲ ਨਿਆਂ ਨੂੰ ਆਮ ਬੰਦੇ ਦੀ ਪਹੁੰਚ ਤੋਂ ਦੂਰ ਕਰਨ ‘ਚ ਲੱਗੇ ਹੋਏ ਹਨ। ਅਧਿਆਪਕਾਂ ਰਾਹੀਂ ਵਿੱਦਿਆ ਦਾ ਵਪਾਰ ਕੀਤਾ ਜਾ ਰਿਹਾ ਹੈ। ਸਾਰੇ ਕਿੱਤਿਆਂ ਦਾ ਤਕਰੀਬਨ ਇਹੀ ਹਾਲ ਹੈ। ਇਨ੍ਹਾਂ ਸਭ ਸਮੱਸਿਆਵਾਂ ਦੇ ਅਨੇਕਾਂ ਕਾਰਨ ਹੋਣਗੇ ਪਰ ਸ਼ਬਦਾਂ ਤੋਂ ਸਾਡੀ ਬੇਮੁਖਤਾ ਇਸ ਸਭ ਦੀਆਂ ਜੜ੍ਹਾਂ ਵਿਚ ਸਮਾਈ ਹੋਈ ਹੈ। ਅਗਿਆਨ ਤੇ ਲਾਲਚ ਨੂੰ ਮਨੁੱਖੀ ਦੁੱਖਾਂ ਦੇ ਵੱਡੇ ਕਾਰਨ ਮੰਨਿਆ ਜਾਂਦਾ ਹੈ। ਜੇ ਇਨ੍ਹਾਂ ਨੂੰ ਪੂਰੀ ਤਰ੍ਹਾਂ ਖਤਮ ਨਾ ਵੀ ਕੀਤਾ ਜਾ ਸਕੇ ਤਾਂ ਵੀ ਸ਼ਬਦ ਤੇ ਸਾਹਿਤ ਸਾਧਨਾ ਦੁਆਰਾ ਘਟਾਇਆ ਜ਼ਰੂਰ ਜਾ ਸਕਦਾ ਹੈ। ਪੰਜਾਬ ਦੀ ਧਰਤੀ ‘ਤੇ ਸ਼ਬਦ ਨੂੰ ਗੁਰੂ ਦਾ ਰੁਤਬਾ ਹਾਸਿਲ ਹੈ ਜੋ ਸ਼ਬਦਾਂ ਦੇ ਸਤਿਕਾਰ ਦੀ ਸਭ ਤੋਂ ਮਹਾਨ ਉਦਾਹਰਣ ਹੈ। ਹਾਲਾਤ ਦੀ ਸਿਤਮਜ਼ਰੀਫੀ ਇਹ ਹੈ ਕਿ ਜਿਸ ਧਰਤੀ ਉਪਰ ਸ਼ਬਦ ਦੀ ਸ਼ਕਤੀ ਨਾਲ ਇਤਿਹਾਸ ਦੇ ਰੁਖ ਨੂੰ ਪੰਜ ਸਦੀਆਂ ਪਹਿਲਾਂ ਮੋੜਾ ਦਿੱਤਾ ਗਿਆ ਸੀ; ਅੱਜ ਉਸ ਧਰਤੀ ਦੇ ਲੋਕ ਹੀ ਸ਼ਬਦਾਂ ਤੋਂ ਮੂੰਹ ਮੋੜੀ ਬੈਠੇ ਹਨ। ਗੁਰਬਾਣੀ ਦੀਆਂ ਇਨ੍ਹਾਂ ਤੁਕਾਂ ਨੂੰ ਨਵੇਂ ਹਾਲਾਤ ਦੇ ਸਨਮੁੱਖ ਵਿਚਾਰਨ ਦੀ ਲੋੜ ਹੈ:
ਸਬਦੁ ਗੁਰੂ ਸੁਰਤਿ ਧੁਨਿ ਚੇਲਾ॥
ਅਕਥ ਕਥਾ ਲੇ ਰਹਉ ਨਿਰਾਲਾ॥