ਵਿਕਾਸ ਦੇ ਅੰਕੜਿਆਂ ਦੀ ਲੁਭਾਉਣੀ ਸਿਆਸਤ ਦਾ ਕੋਹਝ

-ਜਤਿੰਦਰ ਪਨੂੰ
ਭਾਰਤ ਦੀ ਰਾਜਨੀਤੀ ਉਸ ਪੜਾਅ ‘ਤੇ ਪਹੁੰਚ ਗਈ ਹੈ, ਜਿੱਥੇ ਜਾ ਕੇ ਮੀਡੀਆ ਵਾਲਿਆਂ ਨੇ ਅਗਲੇ ਪੰਜ ਸਾਲਾਂ ਲਈ ਦੇਸ਼ ‘ਤੇ ਰਾਜ ਕਰਨ ਵਾਲਿਆਂ ਦੇ ਨਕਸ਼ ਪਛਾਣਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਲੋਕ ਅਜੇ ਤੱਕ ਇਸ ਸਭ ਕੁਝ ਤੋਂ ਆਮ ਕਰ ਕੇ ਬੇਫਿਕਰ ਦੋ ਡੰਗ ਦੀ ਰੋਟੀ ਦੇ ਜੁਗਾੜ ਵਿਚ ਰੁੱਝੇ ਦਿਖਾਈ ਦਿੰਦੇ ਹਨ। ਪਿਛਲੇ ਦਿਨੀਂ ਮੀਡੀਆ ਦੀ ਇੱਕ ਏਦਾਂ ਦੀ ਟੀਮ ਜਦੋਂ ਲੋਕਾਂ ਦੇ ਵਿਚਾਰ ਪੁੱਛ ਰਹੀ ਸੀ ਕਿ ਅਗਲੀ ਵਾਰੀ ਕਿਸ ਦੀ ਸਰਕਾਰ ਚਾਹੀਦੀ ਹੈ ਤਾਂ ਮੱਧ ਭਾਰਤੀ ਰਾਜਾਂ ਵਿਚੋਂ ਇੱਕ ਹਿੰਦੀ ਬੋਲਣ ਵਾਲੇ ਆਦਮੀ ਨੇ ਕਿਹਾ ਸੀ, “ਦੋਨੋਂ ਮੇ ਸੇ ਕੋਈ ਭੀ ਆ ਜਾਏ, ਚੁਲਹਾ ਜਲਾਨੇ ਕੇ ਲੀਏ ਪਸੀਨਾ ਤੋ ਹਮੇਂ ਬਹਾਨਾ ਹੀ ਪੜੇਗਾ, ਗਰੀਬ ਕੋ ਰੋਟੀ ਕੋਈ ਨਹੀਂ ਦੇਤਾ।”

ਉਸ ਦੀ ਇਹ ਗੱਲ ਜਿਉਣ ਦਾ ਸੰਘਰਸ਼ ਕਰਦੇ ਇਸ ਦੇਸ਼ ਦੇ ਆਮ ਲੋਕਾਂ ਦੀ ਬਹੁਸੰਮਤੀ ਦਾ ਹਉਕਾ ਜਾਪਦੀ ਸੀ, ਉਸ ਬਹੁਗਿਣਤੀ ਦਾ, ਜਿਨ੍ਹਾਂ ਕੋਲ ਹਰ ਲੀਡਰ ਇਹ ਕਹਿਣ ਆਉਂਦਾ ਹੈ ਕਿ ਅਸਮਾਨ ਤੋਂ ਤਾਰੇ ਤੋੜ ਕੇ ਲਿਆ ਦਿਆਂਗੇ; ਪਰ ਏਦਾਂ ਕਦੇ ਨਹੀਂ ਹੁੰਦਾ।
ਇਸ ਵੇਲੇ ਦੇਸ਼ ਜਦੋਂ ਇੱਕ ਹੋਰ ਸਰਕਾਰ ਚੁਣਨ ਵਾਲੇ ਮੁਕਾਬਲੇ ਵੱਲ ਵਧਦਾ ਪਿਆ ਹੈ, ਸਰਕਾਰ ਚਲਾ ਰਹੇ ਗੱਠਜੋੜ ਦੇ ਮੋਹਰੀ ਬਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਹਿ ਦਿੱਤਾ ਹੈ ਕਿ ਮੇਰੀ ਸਰਕਾਰ ਨੇ ਉਹ ਵੀ ਕੰਮ ਕਰ ਦਿੱਤੇ ਹਨ, ਜੋ ਪਿਛਲੀਆਂ ਸਰਕਾਰਾਂ ਨੇ ਸੱਤਰ ਸਾਲਾਂ ਵਿਚ ਨਹੀਂ ਸਨ ਕੀਤੇ। ਜਵਾਬ ਵਿਚ ਇੱਕ ਹੋਰ ਆਗੂ ਨੇ ਇਹ ਬਿਆਨ ਦਾਗ ਦਿੱਤਾ ਕਿ ਨਰਿੰਦਰ ਮੋਦੀ ਨੂੰ ਉਹ ਕੰਮ ਵੀ ਗਿਣਵਾ ਦੇਣੇ ਚਾਹੀਦੇ ਹਨ, ਜੋ ਉਨ੍ਹਾਂ ਸੱਤਰ ਸਾਲਾਂ ਦੌਰਾਨ ਚੱਲੀਆਂ ਸਰਕਾਰਾਂ ਨੇ ਕੀਤੇ ਸਨ ਤੇ ਮੋਦੀ ਨੂੰ ਆਣ ਕੇ ਕਰਨੇ ਨਹੀਂ ਪਏ। ਅਹਿਸਾਨ ਜਤਾਉਣ ਵਾਂਗ ਮੋਦੀ ਸਾਹਿਬ ਇਹ ਕਹਿੰਦੇ ਹਨ ਕਿ ਮੇਰੇ ਰਾਜ ਵਿਚ ਐਨੇ ਕਿਲੋਮੀਟਰ ਨਵੀਂ ਰੇਲ ਪਟੜੀ ਵਿਛਾਈ ਗਈ, ਪਰ ਇਹ ਗੱਲ ਨਹੀਂ ਦੱਸਦੇ ਕਿ ਉਸ ਤੋਂ ਪਹਿਲਾਂ ਦੀਆਂ ਸਰਕਾਰਾਂ ਵਿਚੋਂ ਵੀ ਹਰ ਕਿਸੇ ਦੇ ਰਾਜ ਵਿਚ ਉਸ ਤੋਂ ਪਹਿਲੀਆਂ ਨਾਲੋਂ ਵੱਧ ਕੰਮ ਹੋਣ ਦਾ ਦਾਅਵਾ ਕੀਤਾ ਜਾਂਦਾ ਸੀ।
ਰਾਜੀਵ ਗਾਂਧੀ ਨੇ ਕਿਹਾ ਸੀ ਕਿ ਮੇਰੀ ਸਰਕਾਰ ਤੋਂ ਪਹਿਲਾਂ ਕਿਸੇ ਸਰਕਾਰ ਨੇ ਫਲਾਣਾ ਕੰਮ ਕਰਨ ਲਈ ਸੋਚਿਆ ਤੱਕ ਨਹੀਂ ਸੀ। ਇੱਕ ਪਾਰਲੀਮੈਂਟ ਮੈਂਬਰ ਨੇ ਉਠ ਕੇ ਕਿਹਾ ਸੀ ਕਿ ਇਹ ਗੱਲ ਕਹਿਣ ਤੋਂ ਪਹਿਲਾਂ ਇਹ ਵੀ ਸੋਚ ਲੈਣਾ ਸੀ ਕਿ ਜਿਹੜੇ ਆਗੂ ਪਹਿਲਾਂ ਰਾਜ ਕਰਦੇ ਸਨ ਤੇ ਜਿਨ੍ਹਾਂ ਨੂੰ ਤੁਸੀਂ ਅੱਜ ਭੰਡ ਰਹੇ ਹੋ, ਉਨ੍ਹਾਂ ਵਿਚ ਸ੍ਰੀਮਤੀ ਇੰਦਰਾ ਗਾਂਧੀ ਵੀ ਹੁੰਦੀ ਸੀ ਤੇ ਉਹ ਤੁਹਾਡੀ ਮਾਤਾ ਸੀ, ਤੁਸੀਂ ਉਸ ਨੂੰ ਵੀ ਨਿੰਦਣ ਲੱਗ ਪਏ ਹੋ। ਅੱਜ ਭਾਜਪਾ ਦਾ ਸਭ ਤੋਂ ਵੱਡਾ ਆਗੂ ਨਰਿੰਦਰ ਮੋਦੀ ਜਦੋਂ ਸੱਤਰ ਸਾਲਾਂ ਦੇ ਸਾਰੇ ਹਾਕਮਾਂ ਨੂੰ ਭੰਡਦਾ ਹੈ ਤਾਂ ਉਹ ਆਪਣੇ ਆਗੂ ਅਟਲ ਬਿਹਾਰੀ ਵਾਜਪਾਈ ਨੂੰ ਹੀ ਨਹੀਂ, ਖੁਦ ਆਪਣੇ ਰਾਜ ਦੇ ਪਹਿਲੇ ਤਿੰਨ ਸਾਲਾਂ ਨੂੰ ਵੀ ਰੱਦ ਕਰ ਛੱਡਦਾ ਹੈ, ਉਸ ਨੇ ਕਮਾਨ ਜਦੋਂ ਸਾਂਭੀ ਸੀ, ਉਦੋਂ ਆਜ਼ਾਦੀ ਨੂੰ 67 ਸਾਲ ਬਣਦੇ ਸਨ ਤੇ ਉਸ ਦੇ ਤਿੰਨ ਸਾਲ ਪਾ ਕੇ ਹੀ 70 ਬਣਦੇ ਹਨ।
ਇੰਨੇ ਸਿਆਣੇ ਮੋਦੀਆਂ ਤੇ ਰਾਜੀਵ ਗਾਂਧੀਆਂ ਦੇ ਰਾਜ ਵਿਚ ਵੀ ਭਾਰਤ ਨੇ ਤਰੱਕੀ ਕੀਤੀ ਸੀ, ਪਰ ਤਰੱਕੀ ਕਰਨ ਪਿਛੋਂ ਵੀ ਸੰਸਾਰ ਦਰਜਾਬੰਦੀ ਵਿਚ ਅਜੇ ਕਈ ਗੱਲਾਂ ਵਿਚ ਬੜਾ ਪਿੱਛੇ ਹੈ। ਸਾਡੇ ਪਿੱਛੋਂ ਆਜ਼ਾਦ ਹੋਏ ਦੁਨੀਆਂ ਦੇ ਕਈ ਦੇਸ਼ ਵਿਕਾਸ ਤੇ ਕਿਰਦਾਰ ਪੱਖੋਂ ਅੱਗੇ ਨਿਕਲ ਗਏ ਹਨ। ਸਾਨੂੰ ਕਦੇ ਕਦਾਈਂ ਸੰਸਾਰ ਦੇ ਉਨ੍ਹਾਂ ਦੇਸ਼ਾਂ ਨਾਲ ਇਸ ਦੇਸ਼ ਦੀ ਤੁਲਨਾ ਕਰਨ ਵਾਲੇ ਅੰਕੜੇ ਤੇ ਚਾਰਟ ਵੇਖ ਲੈਣੇ ਚਾਹੀਦੇ ਹਨ, ਜਿਸ ਤੋਂ ਸਾਰੀ ਤਸਵੀਰ ਦਾ ਪਤਾ ਲੱਗਦਾ ਹੈ। ਅਸੀਂ ਲੋਕ ਜਿਸ ਪ੍ਰੈਸ ਦੀ ਆਜ਼ਾਦੀ ਨਾਲ ਅੰਦਰੂਨੀ ਹਾਲਾਤ ਦੀਆਂ ਕੌੜੀਆਂ ਹਕੀਕਤਾਂ ਤੋਂ ਜਾਣੂ ਹੋਇਆ ਕਰਦੇ ਹਾਂ, ਉਸ ਪੱਖੋਂ ਭਾਰਤ ਦਾ ਦਰਜਾ ਸਾਰੇ ਸੰਸਾਰ ਵਿਚ ਕਦੇ 80ਵਾਂ ਹੁੰਦਾ ਸੀ ਤੇ ਪਿਛਲੇ 17 ਸਾਲਾਂ ਦੌਰਾਨ ਹੀ ਬਹੁਤਾ ਵਿਗੜਦਾ ਗਿਆ ਹੈ।
ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਦੇ ਤੀਸਰੇ ਸਾਲ ਦੌਰਾਨ ਇਸ ਦਾ ਵਿਗਾੜ ਸ਼ੁਰੂ ਹੋਇਆ ਸੀ ਤੇ ਸਿਰਫ ਇੱਕ ਸਾਲ ਬਾਅਦ 80ਵੇਂ ਤੋਂ ਭਾਰਤ 128ਵੇਂ ਥਾਂ ਜਾ ਡਿੱਗਾ ਸੀ। ਡਾ. ਮਨਮੋਹਨ ਸਿੰਘ ਦੀ ਸਰਕਾਰ ਦੇ ਪਹਿਲੇ ਸਾਲ ਵਿਚ ਇਹ ਕੁਝ ਸੁਧਰ ਕੇ 106 ਨੰਬਰ ‘ਤੇ ਆ ਗਿਆ ਤਾਂ ਚੰਗਾ ਲੱਗਾ ਸੀ, ਪਰ ਫਿਰ ਡਿੱਗਣ ਲੱਗ ਪਿਆ ਤੇ ਜਦੋਂ ਮੋਦੀ ਰਾਜ ਸ਼ੁਰੂ ਹੋਣਾ ਸੀ, ਉਦੋਂ ਨੂੰ 140ਵੇਂ ਥਾਂ ਜਾ ਡਿੱਗਾ ਸੀ।
ਅਜੋਕੇ ਭਾਰਤ ਦੀ ਹਾਲਤ ਇਹ ਹੈ ਕਿ ਮਨੁੱਖੀ ਵਿਕਾਸ ਦੇ ਪੱਖ ਤੋਂ ਪਹਿਲੇ ਨੰਬਰ ‘ਤੇ ਨਾਰਵੇ ਦਾ ਨਾਂ ਲਿਖਿਆ ਹੈ, ਫਿਰ ਹੋਰਨਾਂ ਦੇਸ਼ਾਂ ਦੇ ਨਾਂ ਪੜ੍ਹਦੇ ਜਾਈਏ ਤਾਂ ਬੜੇ ਪੱਛੜੇ ਦੇਸ਼ਾਂ ਵਿਚਾਲੇ ਭਾਰਤ ਦਾ ਨਾਂ 130ਵੇਂ ਥਾਂ ਦਰਜ ਹੈ। ਅਗਲੀ ਗੱਲ ਇਹ ਕਿ ਲੋਕਾਂ ਨੂੰ ਰੋਟੀ ਦੇਣ ਪੱਖੋਂ ਉਹੋ ਭਾਰਤ 103 ਨੰਬਰ ‘ਤੇ ਜਾ ਡਿੱਗਾ ਹੈ, ਜਿਸ ਦੇ ਕਿਸਾਨ ਦੀ ਫਸਲ ਇਹ ਕਹਿ ਕੇ ਖਰੀਦੀ ਨਹੀਂ ਜਾ ਰਹੀ ਕਿ ਲੋੜ ਤੋਂ ਵੱਧ ਪੈਦਾ ਹੋ ਗਈ ਹੈ। ਸਿਹਤ ਦੇ ਅੰਕੜੇ ਸਵਿਟਜ਼ਰਲੈਂਡ ਨੂੰ ਇੱਕ ਨੰਬਰ ਲਿਖ ਕੇ ਸ਼ੁਰੂ ਕੀਤੇ ਜਾਂਦੇ ਹਨ ਤੇ ਭਾਰਤ ਦਾ ਨਾਂ ਅੱਤ ਦੇ ਪੱਛੜੇ ਦੇਸ਼ਾਂ ਵਿਚਾਲੇ 154 ਨੰਬਰ ‘ਤੇ ਪੜ੍ਹਨ ਨੂੰ ਮਿਲਦਾ ਹੈ। ਦਿਲ ਦੁਖਾਉਂਦੀ ਇਸ ਤਸਵੀਰ ਬਾਰੇ ਕਦੇ ਕੋਈ ਆਗੂ ਗੱਲ ਹੀ ਨਹੀਂ ਕਰਦਾ।
ਗੱਲ ਕਰਨ ਦੀ ਕਿਸੇ ਨੂੰ ਬਹੁਤੀ ਲੋੜ ਵੀ ਨਹੀਂ, ਜਦੋਂ ਯੱਕੜ ਮਾਰ ਕੇ ਲੋਕਾਂ ਤੋਂ ਵੋਟਾਂ ਲਈਆਂ ਜਾਣ ਦਾ ਰਿਵਾਜ ਪੈ ਚੁਕਾ ਹੈ ਤਾਂ ਏਦਾਂ ਦੀ ਖੇਚਲ ਬੇਲੋੜੀ ਹੋ ਜਾਂਦੀ ਹੈ। ਮਿਸਾਲ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੀ ਪਾਰਟੀ ਦੇ ਆਗੂ ਆਪਣੇ ਬਿਆਨਾਂ ਵਿਚ ਇਹ ਹਵਾਲੇ ਦੇ ਲੈਂਦੇ ਹਨ ਕਿ ਅੰਕੜਿਆਂ ਦੀ ਸੰਸਾਰ ਵਿਚ ਪ੍ਰਸਿੱਧ ਸੰਸਥਾ ਫੋਰਬਸ ਨੇ ਵੀ ਫਲਾਣੇ ਕੇਸ ਵਿਚ ਭਾਰਤ ਨੂੰ ਉਪਰ ਰੱਖਿਆ ਤੇ ਐਨੇ ਲੋਕ ਭਾਰਤ ਵਿਚ ਉਦਯੋਗ ਲਾਉਣ ਪੱਖੋਂ ਸੰਸਾਰ ਭਰ ਵਿਚ ਮੋਹਰੀ ਹਨ, ਪਰ ਕਈ ਹੋਰ ਪੱਖ ਲੁਕਾਏ ਜਾਂਦੇ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਉਤਰ ਪ੍ਰਦੇਸ਼ ਬਾਰੇ ਜਦੋਂ ਇਹ ਕਿਹਾ ਸੀ ਕਿ ਉਸ ਦੇ ਕਈ ਇਲਾਕਿਆਂ ਵਿਚ ਅੱਜ ਤੱਕ ਕਿਸੇ ਨੇ ਬਿਜਲੀ ਨਹੀਂ ਸੀ ਪੁਚਾਈ ਤੇ ਮੇਰੀ ਸਰਕਾਰ ਨੇ ਪੁਚਾਈ ਹੈ ਅਤੇ ਸਾਰੇ ਦੇਸ਼ ਦੇ ਹਰ ਪਿੰਡ ਨੂੰ ਬਿਜਲੀ ਦੀ ਤਾਰ ਮੇਰੇ ਰਾਜ ਵਿਚ ਪੁੱਜੀ ਹੈ ਤਾਂ ਓਸੇ ਫੋਰਬਸ ਦੀ ਇੱਕ ਰਿਪੋਰਟ ਇਸ ਨੂੰ ਰੱਦ ਕਰਨ ਵਾਲੀ ਵੀ ਸਾਹਮਣੇ ਆਈ ਸੀ। ਫੋਰਬਸ ਦੀ ਰਿਪੋਰਟ ਮੁਤਾਬਕ ਭਾਰਤ ਵਿਚ 42 ਫੀਸਦੀ ਲੋਕ ਅਜੇ ਵੀ ਬਿਜਲੀ ਦੀ ਸਹੂਲਤ ਤੋਂ ਵਾਂਝੇ ਹਨ, ਜਿਨ੍ਹਾਂ ਵਿਚ ਜੰਗਲੀ ਕਬੀਲਿਆਂ ਵਾਲੇ ਵੀ ਹਨ ਅਤੇ ਪਿੰਡਾਂ ਤੇ ਸ਼ਹਿਰਾਂ ਦੇ ਗਰੀਬੀ ਮਾਰੇ ਮੁਹੱਲਿਆਂ ਦੇ ਵਸਨੀਕ ਵੀ ਹਨ। ਉਤਰ ਪ੍ਰਦੇਸ਼ ਦਾ ਝਾਂਸੀ ਜ਼ਿਲਾ ਜੰਗਲ ਦੇ ਕਿਸੇ ਪੱਛੜੇ ਖੇਤਰ ਵਿਚ ਨਹੀਂ, ਸੰਸਾਰ ਪ੍ਰਸਿੱਧ ਤਾਜ ਮਹਿਲ ਵਾਲੇ ਆਗਰੇ ਨਾਲ ਜੁੜਦਾ ਹੈ ਤੇ ਉਸ ਦੇ 28 ਫੀਸਦੀ ਲੋਕ ਸੱਤਰ ਸਾਲਾਂ ਦੀ ਆਜ਼ਾਦੀ ਮਾਣਨ ਦੇ ਬਾਵਜੂਦ ਬਿਜਲੀ ਨਾਲ ਲਾਟੂ ਜਗਾਉਣ ਜੋਗੇ ਨਹੀਂ ਹੋ ਸਕੇ।
ਜਿਸ ਗੱਲ ਵਿਚ ਭਾਰਤ ਇੱਕ ਨੰਬਰ ‘ਤੇ ਹੈ, ਉਹ ਹੈ, ਵਿਦੇਸ਼ਾਂ ਨੂੰ ਪਰਵਾਸ ਕਰਨ ਦੇ ਮਾਮਲੇ ਵਿਚ ਭਾਰਤ ਜਿੰਨੀ ਦੌੜ ਕਿਸੇ ਦੇਸ਼ ਦੇ ਲੋਕ ਨਹੀਂ ਲਾ ਰਹੇ। ਇਥੋਂ ਜਵਾਨੀ ਬਾਹਰ ਨੂੰ ਭੱਜ ਰਹੀ ਹੈ। ਮਾਪੇ ਚਾਹੁੰਦੇ ਹਨ ਕਿ ਬੱਚੇ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਰਹਿਣ, ਪਰ ਪੁਰਾਤਨ ਯੁੱਗ ਤੋਂ ਮਨੁੱਖਤਾ ਦਾ ਇਤਿਹਾਸ ਇਹੋ ਹੈ ਕਿ ਜਦੋਂ ਕਿਸੇ ਜਗ੍ਹਾ ਪੇਟ ਭਰਨ ਦਾ ਜੁਗਾੜ ਨਹੀਂ ਹੋ ਸਕਦਾ, ਉਦੋਂ ਜੰਗਲੀ ਜੀਵ ਤੇ ਪੰਖੇਰੂ ਵੀ ਉਡਾਰੀਆਂ ਲਾ ਕੇ ਦੂਸਰੇ ਆਸਰੇ ਭਾਲਣ ਨਿਕਲ ਤੁਰਦੇ ਹਨ ਤੇ ਮਨੁੱਖ ਏਦਾਂ ਹੀ ਪਰਵਾਸ ਕਰਦਾ ਰਿਹਾ ਹੈ। ਆਰਿਆਈ ਲੋਕ ਵੀ ਇਸੇ ਕਾਰਨ ਭਾਰਤ ਆਏ ਸਨ, ਕਈ ਹੋਰ ਵੀ ਆਉਂਦੇ ਰਹੇ ਸਨ। ਭਾਰਤ ਮਾਂ ਆਪਣੇ ਬੱਚਿਆਂ ਦਾ ਪੇਟ ਭਰਨ ਜੋਗੀ ਹੋਵੇ ਤਾਂ ਇਨ੍ਹਾਂ ਨੂੰ ਬਾਹਰ ਵੱਲ ਭੱਜਣ ਦੀ ਲੋੜ ਨਹੀਂ, ਪਰ ਦੁੱਖ ਦੀ ਗੱਲ ਇਹ ਹੈ ਕਿ ਭਾਰਤ ਮਾਂ ਦੇ ਪੱਲੇ ਸਿਆਸੀ ਲੀਡਰਾਂ ਨੇ ਛੱਡਿਆ ਕੁਝ ਨਹੀਂ!
ਅੱਜ ਦੋਹਾਂ ਵੱਡੀਆਂ ਸਿਆਸੀ ਧਿਰਾਂ ਦੇ ਆਗੂ ਇਸ ਤ੍ਰਾਸਦੀ ਵਾਲੀ ਹਾਲਤ ਲਈ ਇੱਕ-ਦੂਸਰੇ ਸਿਰ ਭਾਂਡਾ ਭੰਨ ਰਹੇ ਹਨ, ਦੋਵੇਂ ਹੀ ਦੂਸਰੇ ਵੱਲ ਉਂਗਲ ਠੀਕ ਉਠਾ ਕੇ ਆਪਣਾ ਕੋਝਾਪਣ ਲੁਕਾਉਂਦੇ ਹਨ ਤੇ ਦੋਹਾਂ ਦੀ ਆਪਸ ਵਿਚ ਬਣਦੀ ਨਹੀਂ। ਫਰਜ਼ ਕਰੋ ਕਿ ਉਨ੍ਹਾਂ ਦੋਹਾਂ ਦੀ ਆਪੋ ਵਿਚ ਬਣਦੀ ਹੋਵੇ, ਦੋਵੇਂ ਪਾਰਟੀਆਂ ਦੇ ਆਗੂ ਇੱਕ ਦਿਨ ਖਾਣੇ ਲਈ ਇੱਕੋ ਘਰ ਇਕੱਠੇ ਹੋ ਜਾਣ ਅਤੇ ਫਿਰ ਇਹ ਸਲਾਹ ਕਰਨ ਲੱਗ ਜਾਣ ਕਿ ਕਿਸੇ ਦੇਸ਼ ਦਾ ਭੱਠਾ ਕਿਵੇਂ ਬਿਠਾਇਆ ਜਾ ਸਕਦਾ ਹੈ? ਜਿੰਨਾ ਭੱਠਾ ਉਹ ਬਿਠਾ ਚੁਕੇ ਹਨ, ਭਲਾ ਇਸ ਤੋਂ ਵੱਧ ਵੀ ਕਿਸੇ ਦੇਸ਼ ਦਾ ਬਿਠਾਇਆ ਜਾ ਸਕਦਾ ਹੈ? ਇਹੋ ਵੱਡਾ ਸਵਾਲ ਹੈ, ਜੋ ਸਾਡੀ ਪੀੜ੍ਹੀ ਦੇ ਲੋਕ ਸੋਚ ਨਹੀਂ ਸਕੇ, ਜਾਂ ਸੋਚਣ ਦਾ ਸਮਾਂ ਨਹੀਂ ਕੱਢ ਸਕੇ, ਪਰ ਅਗਲੀ ਪੀੜ੍ਹੀ ਜਦੋਂ ਏਦਾਂ ਦਾ ਸਵਾਲ ਸੋਚਣ ਬੈਠ ਗਈ ਤਾਂ ਭਾਰਤ ਦੇ ਲੀਡਰਾਂ ਬਾਰੇ ਕਿਸ ਸਿੱਟੇ ‘ਤੇ ਪੁੱਜੇਗੀ, ਕਹਿਣ ਦੀ ਲੋੜ ਨਹੀਂ।