ਗਦਰ ਦੀਆਂ ਗੱਲਾਂ: ਫੁਰਸਤ

ਗਦਰ ਲਹਿਰ ਦਾ ਇਤਿਹਾਸ ਆਪਣੇ ਨਾਵਲਾਂ ਅੰਦਰ ਸਮੋ ਕੇ ਪਾਠਕਾਂ ਅੱਗੇ ਪੇਸ਼ ਕਰਨ ਵਾਲੇ ਉਘੇ ਲੇਖਕ ਕੇਸਰ ਸਿੰਘ ਨਾਵਲਿਸਟ ਨੇ ਗਦਰ ਲਹਿਰ ਦੀ ਵਾਰਤਕ ਲੱਭਣ ਅਤੇ ਸੰਭਾਲਣ ਦਾ ਔਖੇਰਾ ਕਾਰਜ ਵੀ ਨੇਪਰੇ ਚਾੜ੍ਹਿਆ ਸੀ। ਗਦਰ ਲਹਿਰ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਦਾ ਅਹਿਮ ਪੰਨਾ ਹੈ। ਗਦਰ ਲਹਿਰ ਸ਼ੁਰੂ ਹੋਣ ਤੋਂ ਪਹਿਲਾਂ ਕੈਨੇਡਾ ਵਿਚ ਕਿਸ ਤਰ੍ਹਾਂ ਦੀ ਸਰਗਰਮੀ ਅੰਗਰੇਜ਼ ਹਕੂਮਤ ਖਿਲਾਫ ਹੋ ਰਹੀ ਸੀ, ਉਸ ਦਾ ਜ਼ਿਕਰ ‘ਪੰਜਾਬ ਟਾਈਮਜ਼’ ਦੇ ਪਾਠਕਾਂ ਨੇ

ਉਸ ਵਕਤ ਕੈਨਡਾ ਤੋਂ ਛਪਦੇ ਰਹੇ ਦੋ ਪਰਚਿਆਂ ‘ਸੁਦੇਸ਼ ਸੇਵਕ’ ਤੇ ‘ਸੰਸਾਰ’ ਵਿਚ ਛਪੀਆਂ ਲਿਖਤਾਂ ਰਾਹੀਂ ਪੜ੍ਹਿਆ ਹੈ। ਹੁਣ ਅਮਰੀਕਾ ਤੋਂ ਛਪਦੇ ‘ਗਦਰ’ ਵਿਚ ਛਪੀਆਂ ਲਿਖਤਾਂ ਦੀ ਲੜੀ ਛਾਪੀ ਜਾ ਰਹੀ ਹੈ। ਇਨ੍ਹਾਂ ਲੇਖਾਂ ਵਿਚੋਂ ਗਦਰੀਆਂ ਦੇ ਸਿਦਕ, ਸਿਰੜ ਅਤੇ ਸੁੱਚੀ ਸੋਚ ਦੇ ਝਲਕਾਰੇ ਮਿਲਦੇ ਹਨ ਅਤੇ ਉਸ ਵੇਲੇ ਆਜ਼ਾਦੀ ਲਈ ਉਠ ਰਹੇ ਵਲਵਲਿਆਂ ਦਾ ਪਤਾ ਲਗਦਾ ਹੈ। ਫੁਰਸਤ’ ਲੇਖ ਵਿਚ ਗਦਰ ਦਾ ਸਾਰਾ ਸੁੱਚਾ ਖਿਆਲ ਠਾਠਾਂ ਮਾਰ ਰਿਹਾ ਹੈ। -ਸੰਪਾਦਕ

(15 ਨਵੰਬਰ 1914 ਨੂੰ ਛਪਿਆ)
ਫੁਰਸਤ ਬੜੀ ਨਿਆਮਤ ਹੈ, ਫੁਰਸਤ ਬੜੀ ਦੌਲਤ ਹੈ, ਇਹ ਉਹ ਕੀਮਤੀ ਦਵਾਈ ਹੈ, ਜੋ ਉਜਾੜ ਭਜਾੜ ਥੱਕੇ ਮੰਦੇ ਮੁਸਾਫਿਰ ਨੂੰ ਫੇਰ ਪਹਿਲੇ ਦੀ ਤਰ੍ਹਾਂ ਕਰ ਦਿੰਦੀ ਹੈ, ਯਾਨੀ ਥਕਾਵਟ ਉਤਾਰ ਦਿੰਦੀ ਹੈ। ਇਹ ਉਹ ਤੇਲ ਹੈ ਜਿਸ ਦੇ ਨਾਲ ਉੱਨਤੀ ਅਤੇ ਸਭਿਅਤਾ ਦੀ ਮਸ਼ਾਲ ਜਲਦੀ ਹੈ ਅਤੇ ਰੋਸ਼ਨ ਰਹਿੰਦੀ ਹੈ। ਜੇ ਇਹ ਤੇਲ ਮੁਕ ਜਾਵੇ ਤਾਂ ਉੱਨਤੀ ਕੀਤੀ ਹੋਈ ਦੁਨੀਆਂ ਫੇਰ ਵਹਿਸ਼ਤ ਦੇ ਹਨ੍ਹੇਰੇ ਵਿਚ ਡੁੱਬ ਜਾਏ।
ਮੁਨਸ਼ਾਪਨ ਦੀ ਪ੍ਰੀਖਿਆ ਫੁਰਸਤ ਹੈ। ਜੇ ਕਾਲੀਦਾਸ ਨੂੰ ਫੁਰਸਤ ਨਾ ਹੁੰਦੀ ਤਾਂ ਸ਼ਕੁੰਤਲਾ ਕੌਣ ਲਿਖਦਾ? ਜੇ ਡਾਰਵਨ ਨੂੰ ਫੁਰਸਤ ਨਾ ਹੁੰਦੀ ਤਾਂ ਉਸ ਦੀ ਬੇਕੀਮਤੀ ਤਸਵੀਰਾਂ ਕੌਣ ਬਣਾਉਂਦਾ। ਜੇ ਡਾਕਟਰ ਬੋਸ ਨੂੰ ਫੁਰਸਤ ਨਾ ਹੋਵੇ ਤਾਂ ਸਾਇੰਸ ਦੀ ਉੱਨਤੀ ਕਿਸ ਤਰ੍ਹਾਂ ਹੁੰਦੀ। ਜੇ ਦਿਮਾਗ਼ ਵਾਲੇ ਦੇਸ਼ ਭਗਤਾਂ ਨੂੰ ਫੁਰਸਤ ਨਾ ਮਿਲੇ ਤਾਂ ਮੁਲਕ ਨੂੰ ਆਜ਼ਾਦ ਕਰਾਉਣ ਦੇ ਢੰਗ ਕੌਣ ਸੋਚੇ? ਮੁਲਕੀ ਅਤੇ ਸਮਾਜਿਕ ਕੰਮਾਂ ‘ਤੇ ਗ਼ੌਰ ਕਰਨ ਵਾਸਤੇ ਫੁਰਸਤ ਦੀ ਬੜੀ ਲੋੜ ਹੈ। ਕਿਸੇ ਕੌਮ ਵਿਚ ਆਜ਼ਾਦੀ ਕਾਇਮ ਨਹੀਂ ਹੋ ਸਕਦੀ ਜਿੰਨਾ ਚਿਰ ਉਸ ਕੌਮ ਦੇ ਆਦਮੀਆਂ ਨੂੰ ਕੰਮ ਤੋਂ ਫੁਰਸਤ ਮਿਲੇ ਕਿ ਉਹ ਮੁਲਕੀ ਕੰਮਾਂ ‘ਤੇ ਗੌਰ ਕਰਕੇ ਆਪਣੀ ਰਾਇ ਕਾਇਮ ਕਰ ਸਕਣ ਅਤੇ ਪੂਰੇ ਤੌਰ ‘ਤੇ ਆਪਣੀ ਰਾਏ ਦੇ ਸਕਣ।
ਮੁਲਕੀ ਆਜ਼ਾਦੀ ਦੇ ਮਾਇਨੇ ਇਹ ਹਨ ਕਿ ਮੁਲਕ ਦੀ ਹਕੂਮਤ ਸਭ ਦੀ ਰਾਏ ‘ਤੇ ਹੋਵੇ। ਬਿਨਾਂ ਫੁਰਸਤ ਮਿਲਣ ਦੇ ਮੁਲਕੀ ਕੰਮਾਂ ‘ਤੇ ਕੌਣ ਠੀਕ ਤਰ੍ਹਾਂ ਰਾਏ ਕਾਇਮ ਕਰ ਸਕਦਾ ਹੈ? ਫੁਰਸਤ ਦੀ ਤਲਾਸ਼ ਵਿਚ ਸਾਧੂ ਸੰਤ ਘਰ ਬਾਰ ਛੱਡ ਦਿੰਦੇ ਹਨ। ਫੁਰਸਤ ਦੀ ਤਲਾਸ਼ ਵਿਚ ਦੇਸ਼ ਦੇ ਪਿਆਰੇ ਫਕੀਰੀ ਅਖਤਿਆਰ ਕਰਦੇ ਹਨ। ਗ੍ਰਹਿਸਤੀ ਪ੍ਰਾਰਥਨਾ ਕਰਦਾ ਹੈ ਕਿ ਉਸ ਨੂੰ ਭੀ ਫੁਰਸਤ ਮਿਲ ਜਾਵੇ। ਮਜ਼ਦੂਰ ਅਤੇ ਕਿਸਾਨ ਤਰਸਦੇ ਹਨ ਕਿ ਉਨ੍ਹਾਂ ਨੂੰ ਕੁਝ ਫੁਰਸਤ ਮਿਲ ਜਾਵੇ, ਪਰ ਫੁਰਸਤ ਭਾਲਦਿਆਂ ਨੂੰ ਨਹੀਂ ਲਭਦੀ? ਮਿਲੇ ਕਿਸ ਤਰ੍ਹਾਂ? ਥੋੜ੍ਹੇ ਜਿਹੇ ਬਦਜ਼ਾਤ ਡਾਕੂਆਂ ਨੇ ਕੌਮ ਦੀ ਸਾਰੀ ਫੁਰਸਤ ਖੋਹ ਲਈ ਹੈ ਅਤੇ ਇਸ ਨੂੰ ਬੁਰੀ ਤਰ੍ਹਾਂ ਉਡਾਉਂਦੇ ਹਨ, ਬਰਬਾਦ ਕਰਦੇ ਹਨ, ਇਸ ਗੱਲ ਨੂੰ ਸੋਚਣ ਤੋਂ ਪਹਿਲਾਂ ਕਿ ਇਹ ਲੁਟੇਰੇ ਕੌਣ ਹਨ ਅਤੇ ਉਨ੍ਹਾਂ ਨੇ ਕੰਮ ਦੀ ਫੁਰਸਤ ਕਿਸ ਤਰ੍ਹਾਂ ਲੈ ਲਈ ਹੈ, ਫੁਰਸਤ ਦੀ ਅਸਲੀਅਤ ਨੂੰ ਕੁਝ ਹੋਰ ਬਿਆਨ ਕਰ ਦੇਣਾ ਚਾਹੀਦਾ ਹੈ, ਦੁਨੀਆਂ ਵਿਚ ਫੁਰਸਤ ਇਤਨੀ ਘੱਟ ਹੈ ਕਿ ਲੋਕ ਫੁਰਸਤ ਦੇ ਮਾਇਨੇ ਭੀ ਨਹੀਂ ਸਮਝਦੇ। ਬਹੁਤੇ ਆਦਮੀ ਤਾਂ ਸੁਸਤੀ ਨੂੰ ਫੁਰਸਤ ਸਮਝ ਲੈਂਦੇ ਹਨ। ਸੁਸਤੀ ਅਤੇ ਫੁਰਸਤ ਵਿਚ ਇਤਨਾ ਫਰਕ ਹੈ ਕਿ ਜਿਤਨਾ ਪੰਸਾਰੀ ਦੀ ਸੜੀ ਹਲਦੀ ਅਤੇ ਕਸ਼ਮੀਰ ਦੇ ਨਾਦਰ ਕੋਲਰ (ਜੇਆਫਰਾਨ) (ਕੇਸਰ) ਵਿਚ। ਸੁਸਤੀ ਹਿੰਦੁਸਤਾਨ ਵਿਚ ਬਹੁਤ ਹੈ ਕਿ ਫੁਰਸਤ ਤਲਾਸ਼ ਕੀਤੇ ਨਹੀਂ ਮਿਲਦੀ। ਫੁਰਸਤ ਕਿਸ ਨੂੰ ਕਹਿੰਦੇ ਹਨ- ਜਿਹੜਾ ਵੇਲਾ ਅਤੇ ਸ਼ਕਤੀ ਕੋਈ ਕਮਾਉਣ ਦਾ ਬੰਦ ਕਰਕੇ ਆਪਣੇ ਜਿਸਮ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਕੇ, ਆਦਮੀ ਦੇ ਕੋਲ ਬਾਕੀ ਬਚ ਜਾਏ, ਉਹ ਫੁਰਸਤ ਹੈ। ਜਦੋਂ ਆਦਮੀ ਆਪਣਾ ਅਤੇ ਆਪਣੇ ਬੱਚਿਆਂ ਦਾ ਪੇਟ ਭਰ ਚੁੱਕਦਾ ਹੈ, ਤਨ ਢੱਕ ਚੁਕਦਾ ਹੈ, ਰਹਿਣ ਦਾ ਪੂਰਾ ਬੰਦੋਬਸਤ ਕਰ ਚੁੱਕਦਾ ਹੈ, ਉਸ ਵੇਲੇ ਜੋ ਸ਼ਕਤੀ ਉਸ ਦੇ ਸਰੀਰ ਵਿਚ ਬਾਕੀ ਰਹਿੰਦੀ ਹੈ, ਉਸ ਦਾ ਉਹ ਮਾਲਕ ਹੈ, ਇਹ ਤਾਕਤ ਅਤੇ ਸ਼ਕਤੀ ਫੁਰਸਤ ਹੈ। ਆਦਮੀ ਦਾ ਫਰਜ਼ ਹੈ ਕਿ ਇਸ ਸ਼ਕਤੀ ਨੂੰ ਆਪਣੀ ਅਖਲਾਕੀ-ਦਿਮਾਗ਼ੀ ਅਤੇ ਜਿਸਮਾਨੀ ਉੱਨਤੀ ਕਰਨ ਵਿਚ ਖਰਚ ਕਰੇ। ਇਸ ਤੋਂ ਕੌਮ ਦਾ ਫਾਇਦਾ ਹੋ ਸਕਦਾ ਹੈ। ਫੁਰਸਤ ਨੂੰ ਠੀਕ ਤਰ੍ਹਾਂ ਵਰਤਨਾ ਜ਼ਿੰਦਗੀ ਦਾ ਬੜਾ ਹੁਨਰ ਹੈ। ਬਿਨਾਂ ਵਿਦਿਆ ਦੇ ਇਹ ਨਹੀਂ ਆਉਂਦਾ ਅਤੇ ਵਿਦਿਆ ਦੇ ਵਾਸਤੇ ਖੁਦ ਫੁਰਸਤ ਚਾਹੀਦੀ ਹੈ। ਦੇਖੋ ਹੁਣ ਕਿ ਫੁਰਸਤ ਮੁਲਕ ਵਿਚ ਹੈ ਤਾਂ ਕਿਧਰ ਅਤੇ ਕਿਸ ਤਰ੍ਹਾਂ ਦੀ।
ਅੱਛੀ ਤਰ੍ਹਾਂ ਮਾਲੂਮ ਹੈ ਕਿ ਫੁਰਸਤ ਉਨ੍ਹਾਂ ਆਦਮੀਆਂ ਨੂੰ ਹੈ, ਜਿਹੜੇ ਸ਼ਾਹੂਕਾਰ ਹਨ, ਉਨ੍ਹਾਂ ਵਿਚ ਪਹਿਲਾਂ ਤਾਂ ਸੁਖ ਅੰਗਰੇਜ਼ਾਂ ਵਿਚ ਜਿਨ੍ਹਾਂ ਨੂੰ ਬਹੁਤੀਆਂ ਬਹੁਤੀਆਂ ਤਲਬਾਂ ਮਿਲਦੀਆਂ ਹਨ, ਇਨ੍ਹਾਂ ਦਾ ਕੰਮ ਇਹੀ ਹੈ ਕਿ ਆਨੰਦ ਭੋਗਣ, ਦਿਨ ਰਾਤ ਅਜਿਹੀਆਂ ਗੱਲਾਂ ਸੋਚਣ, ਜਿਨ੍ਹਾਂ ਨਾਲ ਹਿੰਦੁਸਤਾਨ ਗ਼ੁਲਾਮੀ ਦੇ ਫੰਦੇ ਵਿਚ ਬਹੁਤਾ ਜਕੜਿਆ ਜਾਵੇ। ਇਹ ਤਾਂ ਮੁਲਕ ਦੇ ਵੈਰੀ ਹਨ ਹੀ, ਉਨ੍ਹਾਂ ਨੂੰ ਹਰ ਵਕਤ ਫੁਰਸਤ ਹੈ ਕਿਉਂਕਿ ਮੋਟੀ ਮਜ਼ਦੂਰੀ ਦਾ ਕੋਈ ਕੰਮ ਕਰਦੇ ਹੀ ਨਹੀਂ ਅਤੇ ਉਨ੍ਹਾਂ ਦੀ ਸਾਰੀ ਫੁਰਸਤ ਦੇਸ਼ ਦੇ ਵਾਸਤੇ ਕਤਲ ਕਰਨ ਵਾਲੀ ਜ਼ਹਿਰ ਹੈ।
ਫੇਰ ਸਾਡੇ ਦੇਸੀ ਰਾਜੇ ਮਹਾਰਾਜੇ ਆਏ, ਉਨ੍ਹਾਂ ਨੂੰ ਫੁਰਸਤ ਹੀ ਫੁਰਸਤ ਹੈ। ਇਹ 700 ਰਾਜੇ ਅਤੇ ਨਵਾਬ ਕੋਈ ਅਜਿਹਾ ਕੰਮ ਨਹੀਂ ਕਰਦੇ, ਜਿਸ ਤੋਂ ਕੌਮ ਦੀ ਮਾਇਆ ਵਧੇ, ਯਾਨੀ ਰੋਟੀ ਕਮਾਉਣ ਵਿਚ ਉਨ੍ਹਾਂ ਦਾ ਕੋਈ ਹਿੱਸਾ ਨਹੀਂ, ਖਾਣ ਨੂੰ ਸਭ ਤੋਂ ਪਹਿਲਾਂ ਇਨ੍ਹਾਂ ਨੂੰ ਜੋ ਫੁਰਸਤ ਹੈ, ਉਸ ਤੋਂ ਕੌਮ ਨੂੰ ਕੀ ਲਾਭ ਹੈ? ਇਹ ਸ਼ਾਹੂਕਾਰ ਵਿਚ ਫਰਕ ਪਾ ਦਿੰਦਾ ਹੈ। ਉਨ੍ਹਾਂ ਦੀ ਇੱਜ਼ਤ ਘੱਟ ਕਰਦਾ ਹੈ:
ਹਿੰਦੁਸਤਾਨ ਵਿਚ ਤਾਂ ਨਵਾਬੀ ਕਹਿੰਦੇ ਹੀ ਉਸ ਨੂੰ ਹਨ ਕਿ ਕੋਈ ਅੱਧਾ ਕੰਮ ਨਾ ਕੀਤਾ ਜਾਵੇ। ਇਸ ਵਾਸਤੇ ਸਾਡੇ ਸ਼ਾਹੂਕਾਰਾਂ ਦਾ ਸਾਰਾ ਵਕਤ ਅਜਿਹੇ ਕੰਮਾਂ ਵਿਚ ਹੀ ਬਤੀਤ ਹੁੰਦਾ ਹੈ ਜਿਸ ਤੋਂ ਨਾ ਉਨ੍ਹਾਂ ਅਤੇ ਨਾ ਕਿਸੇ ਹੋਰ ਨੂੰ ਕੁਝ ਲਾਭ ਹੋਵੇ। ਰੰਡੀਬਾਜ਼ੀ, ਸ਼ਰਾਬਖੋਰੀ, ਕਮਾਰਬਾਜ਼ੀ, ਘੋੜ ਦੌੜ, ਸ਼ਿਕਾਰ, ਹੀਜੜਿਆਂ ਅਤੇ ਨਟਾਂ ਦੇ ਤਮਾਸ਼ੇ- ਇਹ ਨਵਾਬੀ ਦਾ ਟਾਇਮ ਟੇਬਲ ਹੈ ਅਤੇ ਉਨ੍ਹਾਂ ਦੀ ਨਕਲ ਸਾਰੀ ਕੌਮ ਕਰਦੀ ਹੈ। ਜੋ ਰਾਜਾ ਕਰੇ ਸੋ ਪ੍ਰਜਾ ਕਰੇ। ਭਾਵੇਂ ਸੇਠ, ਮਹਾਜਨ, ਸ਼ਾਹੂਕਾਰ, ਜੋ ਸ਼ਾਹੂਕਾਰੇ ਵਿਚ ਰਾਜਿਆਂ, ਮਹਾਰਾਜਿਆਂ ਤੋਂ ਦੂਜੇ ਦਰਜੇ ਆਉਂਦੇ ਹਨ, ਸਾਰਾ ਰੁਪਿਆ ਬਦਕਾਰੀ ਵਖਾਵੇ ਅਤੇ ਸ਼ਾਨੋ ਸ਼ੌਕਤ ਵਿਚ ਖਰਚ ਕਰਦੇ ਹਨ, ਕਹਾਵਤ ਮਸ਼ਹੂਰ ਹੈ ਕਿ ਸ਼ਾਹੂਕਾਰ ਦੀ ਕਮਾਈ, ਬੀਮਾਰ ਜਾਂ ਮਕਾਨੇ ਨੇ ਖਾਈ।
ਅਮੀਰਾਂ, ਸੇਠਾਂ, ਸ਼ਾਹੂਕਾਰਾਂ ਅਤੇ ਜ਼ਿਮੀਦਾਰਾਂ ਦੀ ਗਿਣਤੀ ਬਹੁਤ ਥੋੜ੍ਹੀ ਹੈ। ਇਕ ਲੱਖ ਭੀ ਨਹੀਂ। ਉਨ੍ਹਾਂ ਦੇ ਪਿਛੋਂ ਵਿਦਵਾਨ ਜੱਥੇ ਦੇ ਆਦਮੀ ਥੋੜ੍ਹੇ ਸ਼ਾਹੂਕਾਰ ਹਨ, ਜਿਵੇਂ ਵਕੀਲ, ਡਾਕਟਰ, ਬੈਰਿਸਟਰ ਆਦਿਕ। ਇਨ੍ਹਾਂ ਆਦਮੀਆਂ ਨੂੰ ਇਤਨੀ ਫੁਰਸਤ ਨਹੀਂ ਜਿਤਨੀ ਸ਼ਾਹੂਕਾਰਾਂ ਨੂੰ ਅਤੇ ਜੋ ਕੁਝ ਫੁਰਸਤ ਉਨ੍ਹਾਂ ਨੂੰ ਮਿਲਦੀ ਹੈ, ਉਸ ਦਾ ਵਿਦਿਆਰਥੀ ਹੋਣ ਦੇ ਕਾਰਨ ਇਨ੍ਹਾਂ ਆਦਮੀਆਂ ਨੂੰ ਇਸਤੇਮਾਲ ਕਰਨਾ ਭੀ ਅੱਛਾ ਆਉਂਦਾ ਹੈ। ਇਸ ਜੱਥੇ ਵਿਚੋਂ ਹੀ ਕੌਮ ਦੇ ਕਈ ਸੱਚੇ ਦੇਸ਼ ਭਗਤ, ਸਮਾਜਿਕ-ਉਧਾਰਕ, ਮਾਨੀ ਉੱਨਤੀ-ਵਿਦਵਾਨ ਪੁਰਸ਼ ਜਿਵੇਂ ਡਾਕਟਰ ਬੋਸ ਆਦਿ ਨਿਕਲਦੇ ਹਨ, ਲੇਕਿਨ ਸਾਰੇ ਮਿਲਾ ਕੇ ਦੇਖਿਆ ਜਾਵੇ ਤਾਂ ਇਹ ਜੱਥਾ ਭੀ ਕੌਮ ਦੀ ਦੁਸ਼ਮਣੀ ਬਹੁਤੀ ਕਰਦਾ ਹੈ ਅਤੇ ਭਲਾਈ ਥੋੜ੍ਹੀ। ਇਹ ਉਹ ਫਿਰਕਾ ਹੈ ਜਿਸ ਵਿਚ ਰਾਏ ਬਹਾਦਰ ਅਤੇ ਖਾਨ ਬਹਾਦਰ ਅਤੇ ਸੀ.ਆਈ.ਏ. ਸ਼ਾਮਿਲ ਹਨ ਜਿਥੇ ਦੀ ਗਿਣਤੀ ਬਹੁਤ ਥੋੜ੍ਹੀ ਹੈ। ਇਸ ਦੇ ਪਿਛੋਂ ਉਹ ਪੜ੍ਹੇ ਲਿਖੇ ਪੁਰਸ਼ ਆਉਂਦੇ ਹਨ ਜੋ ਦਰਮਿਆਨੇ ਦਰਜੇ ਦੀ ਹੈਸੀਅਤ ਦੇ ਪੁਰਸ਼ ਹਨ। ਬਾਬੂ ਸਾਹਿਬਾਨ, ਡਾਕਟਰ, ਵਕੀਲ, ਮਾਸਟਰ, ਪ੍ਰੋਫੈਸਰ, ਸਰਕਾਰੀ ਨੌਕਰ, ਦਫਤਰਾਂ ਦੇ ਮੁਨਸ਼ੀ ਆਦਿ। ਇਨ੍ਹਾਂ ਵਿਚਾਰਿਆਂ ਨੂੰ ਬਹੁਤ ਥੋੜ੍ਹੀ ਫੁਰਸਤ ਮਿਲਦੀ ਹੈ, ਰੋਟੀ ਕਮਾਉਣ ਅਤੇ ਖਾਣ ਵਿਚ ਹੀ ਵਕਤ ਗੁਜ਼ਰ ਜਾਂਦਾ ਹੈ ਅਤੇ ਰੋਟੀ ਭੀ ਪੂਰੀ ਤਰ੍ਹਾਂ ਨਹੀਂ ਮਿਲਦੀ ਲੇਕਿਨ ਇਸ ਜੱਥੇ ਵਿਚ ਵਿਦਿਆ ਦੀ ਰੋਸ਼ਨੀ ਹੈ ਤੇ ਥੋੜ੍ਹੀ ਬਹੁਤ ਫੁਰਸਤ ਜੋ ਉਨ੍ਹਾਂ ਨੂੰ ਮਿਲਦੀ ਹੈ, ਉਸ ਨੂੰ ਚੰਗੀ ਤਰ੍ਹਾਂ ਖਰਚ ਕਰਨ ਜਾਂਦੇ ਹਨ, ਪਰ ਉਨ੍ਹਾਂ ਦੀ ਫੁਰਸਤ ਬਸ ਇਤਨੀ ਹੈ ਕਿ ਐਤਵਾਰ ਨੂੰ ਅੱਧੇ ਦਿਨ ਦੀ ਛੁੱਟੀ ਮਨਾ ਲੈਣ। ਉਨ੍ਹਾਂ ਦਾ ਜੀਅ ਚਾਹੁੰਦਾ ਹੈ ਕਿ ਕੌਮ ਦੀ ਸੇਵਾ ਕਰੀਏ ਲੇਕਿਨ ਇਸ ਦੇ ਵਾਸਤੇ ਫੁਰਸਤ ਕਿੱਥੋਂ ਲਿਆਉਣ। ਭਾਵੇਂ ਕੋਈ ਗ਼ੈਰ ਮਾਮੂਲੀ ਹਥਿਆਰ ਅਤੇ ਦਲੇਰ ਦੇਸ਼ ਭਗਤ ਕੌਮ ਦੀ ਸੇਵਾ ਵਾਸਤੇ ਇਸ ਤਰ੍ਹਾਂ ਫੁਰਸਤ ਕੱਢਦੇ ਹਨ ਕਿ ਘਰ ਬਾਹਰ, ਔਰਤ, ਬੱਚੇ, ਭਾਈਬੰਦ, ਸਭਨਾਂ ਨੂੰ ਤਿਆਗ ਦਿੰਦੇ ਹਨ ਅਤੇ ਆਪ ਦੀਆਂ ਜਿਸਮਾਨੀ ਜ਼ਰੂਰਤਾਂ ਨੂੰ ਭੀ ਬਹੁਤ ਘਟਾ ਦਿੰਦੇ ਹਨ, ਰੁੱਖਾ ਸੁਕਾ ਖਾਣਾ ਖਾਂਦੇ ਹਨ, ਠੰਢੀ ਭੂਮੀ ਉਤੇ ਸੌਂਦੇ ਹਨ, ਭੀਖ ਮੰਗ ਕੇ ਗੁਜ਼ਾਰਾ ਕਰਦੇ ਹਨ, ਅਰਬਿੰਦੋ ਘੋਸ਼, ਹਰਦਿਆਲ ਉਨ੍ਹਾਂ ਸੰਤਾਂ ਵਿਚੋਂ ਹਨ।
ਜੇਕਰ ਇਹ ਮਹਾਂਪੁਰਸ਼ ਰੋਟੀ ਕਮਾਉਣ ਲਗਣ ਤਾਂ ਦੇਸ਼ ਦੇ ਉਧਾਰ ਵਾਸਤੇ ਕੰਮ ਕੌਣ ਕਰੇ? ਹਾਏ ਕਿੰਨਾ ਅੱਛਾ ਤਰੀਕਾ ਹੈ, ਸਾਡੀ ਕੌਮ ਦਾ ਕਿ ਅਜਿਹੇ ਰਤਨਾਂ ਨੂੰ ਦੁੱਖਾਂ ਵਿਚ ਸੜਨ ਦੇਣ, ਪਰ ਇਸ ਦਾ ਜ਼ਿਕਰ ਅੱਗੇ ਕਰਾਂਗੇ, ਜਿਸ ਤਰ੍ਹਾਂ ਕੌਮ ਦੇ ਇਕ ਸਿਰੇ ‘ਤੇ ਕੁਝ ਰਾਜੇ, ਨਵਾਬ, ਜ਼ਿਮੀਦਾਰ, ਸੇਠ ਜਿਹੜੇ ਵਿਆਜ਼ ਅਤੇ ਕਿਰਾਏ ਖਾ ਕੇ ਮੋਟੇ ਮੋਟੇ ਹੋ ਗਏ ਹਨ, ਖਾਨ ਬਹਾਦਰ ਅਤੇ ਰਾਏ ਬਹਾਦਰ ਹਨ, ਜਿਨ੍ਹਾਂ ਨੂੰ ਫੁਰਸਤ ਮਿਲਦੀ ਹੈ, ਲੇਕਿਨ ਅਜਿਹੀ ਜਿਸ ਤੋਂ ਘਾਟਾ ਹੀ ਘਾਟਾ ਮਿਲਦਾ ਹੈ। ਇਸ ਤਰ੍ਹਾਂ ਕੌਮ ਦੇ ਦੂਜੇ ਸਿਰੇ ‘ਤੇ ਭੀ ਯਾਨੀ ਗ਼ਰੀਬਾਂ ਵਿਚ ਅਜਿਹੇ ਪੁਰਸ਼ ਹਨ ਜਿਨ੍ਹਾਂ ਨੂੰ ਇਕ ਕਿਸਮ ਦੀ ਫੁਰਸਤ ਮਿਲਦੀ ਹੈ, ਜਿਸ ‘ਤੇ ਕੌਮ ਨੂੰ ਘਾਟਾ ਹੀ ਘਾਟਾ ਅਤੇ ਲਾਭ ਕੁਝ ਨਹੀਂ। ਇਨ੍ਹਾਂ ਵਿਚ ਕੁਝ ਤਾਂ ਅਜਿਹੇ ਹਨ ਕਿ ਜੋ ਲਾਭਦਾਇਕ ਕੰਮ ਕਰ ਹੀ ਨਹੀਂ ਸਕਦੇ, ਜਿਵੇਂ ਕੋਈ ਮੁਜਰਮ ਪੇਸ਼ਾ ਜੱਥਾ ਅਤੇ ਕੋਈ ਅਜਿਹੇ ਪੁਰਸ਼ ਜੋ ਚਾਰ ਦਿਨ ਭੀ ਠੀਕ ਕੰਮ ਨਹੀਂ ਕਰ ਸਕਦੇ। ਭੁੱਖੇ ਮਰ ਜਾਂਦੇ ਹਨ, ਪਰ ਕੰਮ ਨਾ ਕਰਨ, ਜੇਲ੍ਹ ਅਤੇ ਪਾਗਲਖਾਨੇ ਵਿਚ ਚਲੇ ਗਏ ਹਨ। ਲੇਕਿਨ ਰੋਟੀ ਨਾ ਕਮਾਉਣ। ਇਨ੍ਹਾਂ ਪੁਰਸ਼ਾਂ ਦੀ ਗਿਣਤੀ ਭੀ ਖਾਸ ਕਰ ਬਹੁਤ ਹੈ।
ਲੇਕਿਨ ਇਕ ਬੜੀ ਤਦਾਦ ਯਾਨੀ ਗਿਣਤੀ ਤਾਂ ਹਿੰਦੁਸਤਾਨ ਵਿਚ ਉਨ੍ਹਾਂ ਪੁਰਸ਼ਾਂ ਦੀ ਹੈ, ਜਿਨ੍ਹਾਂ ਨੂੰ ਜ਼ਬਰਦਸਤੀ ਫੁਰਸਤ ਮਿਲਦੀ ਹੈ। ਯਾਨੀ ਰੁਜ਼ਗਾਰ ਹੀ ਨਹੀਂ ਮਿਲਦਾ, ਮਜ਼ਦੂਰੀ ਭਾਲਦੇ ਹਨ, ਕੰਮ ਦੀ ਤਲਾਸ਼ ਵਿਚ ਫਿਰਦੇ ਹਨ ਲੇਕਿਨ ਕੰਮ ਨਹੀਂ ਮਿਲਦਾ- ਅਣਵਸ ਨੂੰ ਭੁੱਖ ਮਰਦੇ ਹਨ। ਅੱਜ ਹਿੰਦੁਸਤਾਨ ਵਿਚ ਘੱਟ ਤੋਂ ਘੱਟ ਚਾਰ ਕਰੋੜ ਆਦਮੀ ਇਸ ਗਰੋਹ ਜੱਥੇ ਵਿਚ ਸ਼ਾਮਿਲ ਹਨ ਕਿ ਜਿਨ੍ਹਾਂ ਦੇ ਕੋਲ ਨਾ ਤਾਂ ਕੋਈ ਜ਼ਮੀਨ ਹੈ ਜਿਸ ਨੂੰ ਵਾਹ ਬੀਜ ਕੇ ਅਨਾਜ ਪੈਦਾ ਕਰਕੇ ਪੇਟ ਭਰ ਸਕਣ ਅਤੇ ਨਾ ਕੋਈ ਹੁਨਰ-ਵਿਦਿਆ ਉਨ੍ਹਾਂ ਨੂੰ ਅਜਿਹੀ ਆਉਂਦੀ ਹੈ ਜਿਸ ਦੇ ਜ਼ੋਰ ਨਾਲ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰ ਸਕਣ- ਸ਼ਹਿਰ ਦਰ ਖਲਕਤ ਕੰਮ ਦੇ ਵਾਸਤੇ ਠੋਕਰਾਂ ਖਾਂਦੀ ਫਿਰਦੀ ਹੈ। ਸਾਲ ਵਿਚ ਕੁਝ ਮਹੀਨਿਆਂ ਵਾਸਤੇ ਜੇ ਵਰਖਾ ਅੱਛੀ ਹੋ ਗਈ ਤਾਂ ਖੇਤੀ ਦੇ ਕੰਮ ਵਿਚੋਂ ਉਨ੍ਹਾਂ ਨੂੰ ਕੁਝ ਮਿਲ ਜਾਂਦਾ ਹੈ, ਨਹੀਂ ਤਾਂ ਲੱਖਾਂ ਦੀ ਗਿਣਤੀ ਵਿਚ ਕਾਲ ਦਾ ਸ਼ਿਕਾਰ ਹੋ ਕੇ ਇਸ ਦੁਨੀਆਂ ਤੋਂ ਕੌਮ ਨੂੰ ਬਦ ਦੁਆਵਾਂ ਦਿੰਦੇ ਮਰ ਜਾਂਦੇ ਹਨ। ਮਜ਼ਦੂਰੀ ਪੇਸ਼ੇ ਹਿੰਦ ਵਾਸੀਆਂ ਨੂੰ ਕੰਮ ਨਾ ਮਿਲਣ ਦੇ ਕਾਰਨ ਤੋਂ ਜਿਹੜੀ ਫੁਰਸਤ ਲਾਭ ਦੀ ਹੈ, ਉਹ ਫੁਰਸਤ ਨਹੀਂ ਮੌਤ ਹੈ।
ਫੁਰਸਤ ਤਾਂ ਪਿਛੋਂ ਮਿਲੇ, ਪਹਿਲਾਂ ਤਾਂ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਹੋਣੀਆਂ ਜ਼ਰੂਰੀ ਹਨ ਅਤੇ ਕਰੋੜਾਂ ਆਦਮੀ ਤਾਂ 24 ਘੰਟੇ ਹਮੇਸ਼ਾ ਕੰਮ ਕਰਕੇ ਭੀ ਆਪਣਾ ਅਤੇ ਆਪਣੇ ਬੱਚਿਆਂ ਦਾ ਪੇਟ ਪਾਲ ਲੈਣ ਤਾਂ ਬੜੀ ਖੁਦਕਿਸਮਤੀ ਸਮਝਦੇ ਹਨ।
ਮੁਲਕ ਦੇ ਬਹੁਤ ਆਦਮੀ ਤਾਂ ਮਜ਼ਦੂਰੀ ਪੇਸ਼ਾ ਕਰਦੇ ਹਨ। ਉਨ੍ਹਾਂ ਵਿਚ ਜਿਹੜੇ ਖੇਤੀ ਕਰਨ ਵਾਲੇ ਹਨ, ਉਨ੍ਹਾਂ ਦੀ ਅਜਿਹੀ ਬੁਰੀ ਹਾਲਤ ਹੁੰਦੀ ਹੈ, ਉਨ੍ਹਾਂ ਦੀ ਤਰਫ ਦਾ ਇਸ਼ਾਰਾ ਉਤੇ ਕੀਤਾ ਹੀ ਕੀਤਾ ਗਿਆ ਹੈ। ਦੂਸਰੀ ਤਰ੍ਹਾਂ ਦੇ ਮਜ਼ਦੂਰ ਉਹ ਹਨ, ਜਿਹੜੇ ਕਾਰਖਾਨਿਆਂ ਯਾਨੀ ਫੈਕਟਰੀਆਂ ਅਤੇ ਖਾਣਾਂ ਦੇ ਵਿਚ ਕੰਮ ਕਰਦੇ ਹਨ। ਉਨ੍ਹਾਂ ਦੀ ਕਿਵੇਂ ਹਾਲਤ ਹੈ, ਉਨ੍ਹਾਂ ਨੂੰ ਕਿਤਨੀ ਫੁਰਸਤ ਮਿਲਦੀ ਹੈ। ਮਿਸਾਲ ਦੇ ਤੌਰ ‘ਤੇ ਬੰਬਈ ਦੇ ਕੱਪੜੇ ਬਣਾਉਣ ਵਾਲੀਆਂ ਫੈਕਟਰੀਆਂ ਯਾਨੀ ਕਾਰਖਾਨਿਆਂ ਦੇ ਵਿਚ ਜੋ ਮਜ਼ਦੂਰਾਂ ਦਾ ਹਾਲ ਹੈ, ਉਨ੍ਹਾਂ ਦਾ ਹਾਲ ਵੇਖੋ:
1. ਮਰਦ ਮਜ਼ਦੂਰਾਂ ਨੂੰ 15 ਘੰਟੇ ਕੰਮ ਕਰਨਾ ਪੈਂਦਾ ਹੈ, ਯਾਨੀ ਸਵੇਰ ਦੇ ਪੰਜ ਵਜੇ ਤੋਂ ਰਾਤ ਦੇ ਅੱਠ ਵਜੇ ਤਕ, ਇਕ ਘੰਟੇ ਦੀ ਦੁਪਹਿਰ ਨੂੰ ਛੁੱਟੀ ਮਿਲਦੀ ਹੈ, ਜਿਸ ਵਿਚ ਥੋੜ੍ਹਾ ਜਿਹਾ ਖਾਣਾ ਖਾ ਲੈਂਦੇ ਹਨ।
2. ਔਰਤ ਮਜ਼ਦੂਰ ਕੰਮ ਦਸ ਘੰਟੇ ਕਰਦੀਆਂ ਹਨ ਅਤੇ ਛੋਟੇ ਬੱਚੇ ਭੀ ਕੰਮ ਕਰਦੇ ਹਨ। ਔਰਤਾਂ ਅਤੇ ਬੱਚੇ ਕੰਮ ਕਿਉਂ ਕਰਦੇ ਹਨ? ਇਸ ਵਾਸਤੇ ਕਿ ਆਦਮੀਆਂ ਨੂੰ ਇਤਨੀ ਕਾਫੀ ਤਲਬ ਯਾਨੀ ਮਜ਼ਦੂਰੀ ਨਹੀਂ ਮਿਲਦੀ ਜਿਸ ਤੋਂ ਆਪਣੇ ਘਰ ਵਾਲਿਆਂ ਦੇ ਪੇਟ ਭਰ ਸਕਣ। ਪੰਦਰਾਂ ਘੰਟੇ ਹਮੇਸ਼ਾ ਕੰਮ ਕਰਕੇ ਇਨ੍ਹਾਂ ਮਰਦਾਂ ਨੂੰ ਕੇਵਲ ਚੌਦਾਂ ਰੁਪਏ ਮਹੀਨੇ ਦੇ ਮਿਲਦੇ ਹਨ।
ਵਿਚਾਰੀਆਂ ਔਰਤਾਂ ਨੂੰ ਕੇਵਲ ਸਾਢੇ ਸੱਤ ਰੁਪਏ ਮਹੀਨੇ ਦੇ ਮਿਲਦੇ ਹਨ ਅਤੇ ਬੱਚਿਆਂ ਨੂੰ ਕੁਲ ਤਿੰਨ ਰੁਪਏ ਮਹੀਨੇ ਦੇ ਮਿਲਦੇ ਹਨ। ਜਿਹੜਾ ਆਦਮੀ ਪੰਦਰਾਂ ਘੰਟੇ ਮਸ਼ੀਨਾਂ ਦਾ ਕੰਮ ਕਰਦਾ ਹੈ, ਉਸ ਨੂੰ ਫੁਰਸਤ ਸੁਫਨੇ ਵਿਚ ਭੀ ਨਹੀਂ ਮਿਲ ਸਕਦੀ। ਮਸ਼ੀਨ ਦਾ ਕੰਮ ਬੜਾ ਥਕਾਉਣ ਵਾਲਾ ਹੈ ਕਿਉਂਕਿ ਕੰਮ ਬੜੀ ਤੇਜ਼ੀ ਨਾਲ ਕਰਨਾ ਪੈਂਦਾ ਹੈ। ਦੂਸਰਾ ਇਸੀ ਵਿਚ ਆਦਮੀ ਨੂੰ ਹੱਥ ਪੈਰ ਹਿਲਾਉਣ ਦੀ ਭੀ ਜ਼ਰਾ ਆਜ਼ਾਦੀ ਨਹੀਂ ਕਿਉਂਕਿ ਆਦਮੀ ਨੂੰ ਕਲਾ ਦੀ ਗ਼ੁਲਾਮੀ ਕਰਨੀ ਪੈਂਦੀ ਹੈ। ਮਸ਼ੀਨ ਦਾ ਪਹੀਆ ਜੋ ਬੇਰੋਕ-ਟੋਕ ਇਕ ਰਫਤਾਰ ਚਲਦਾ ਹੈ ਅਤੇ ਮਜ਼ਦੂਰਾਂ ਨੂੰ ਵੀ ਭੀ ਪਹੀਏ ਦੇ ਨਾਲ ਨਾਲ ਪਹੀਏ ਦੇ ਵਾਂਗ ਕੰਮ ਵਿਚ ਲਗੇ ਰਹਿਣਾ ਪੈਂਦਾ ਹੈ। ਥੋੜ੍ਹੀ ਜਿਹੀ ਗ਼ਲਤੀ ਹੋਈ ਅਤੇ ਮਜ਼ਦੂਰ ਤੇ ਜੁਰਮਾਨਾ ਹੋਇਆ। ਬੰਬਈ ਦੀਆਂ ਫੈਕਟਰੀਆਂ ਵਿਚ ਗ਼ਰੀਬ ਮਜ਼ਦੂਰਾਂ ‘ਤੇ ਹਮੇਸ਼ਾ ਜੁਰਮਾਨਾ ਹੁੰਦਾ ਹੈ।
ਬੇਸ਼ੱਕ ਇਸ ਤਰ੍ਹਾਂ ਦਾ ਕੰਮ ਕਰਨ ਨਾਲ ਉਨ੍ਹਾਂ ਆਦਮੀਆਂ ਨੂੰ ਸਖਤ ਥਕਾਵਟ ਹੋ ਜਾਂਦੀ ਹੈ, ਸਾਰਾ ਸਰੀਰ ਅਤੇ ਹਾਜ਼ਮਾ ਖਰਾਬ ਹੋ ਜਾਂਦਾ ਹੈ, ਜ਼ਿੰਦਗੀ ਤੇ ਉਦਾਸੀ ਦਾ ਪਰਦਾ ਛਾ ਜਾਂਦਾ ਹੈ, ਆਪਣੇ ਗਮ ਨੂੰ ਥੋੜ੍ਹਾ ਬਹੁਤ ਦੂਰ ਕਰਨ ਵਾਸਤੇ ਇਹ ਵਿਚਾਰੇ ਮਜ਼ਦੂਰ ਨਸ਼ਾ ਪੀਣ ਲਗਦੇ ਹਨ। ਕੋਈ ਤਾੜੀ ਪੀਂਦਾ ਹੈ, ਕੋਈ ਫੀਮ ਖਾਂਦਾ ਹੈ, ਕੋਈ ਭੰਗ ਪੀਂਦਾ ਹੈ, ਪਰ ਅੱਜ ਕੱਲ੍ਹ ਤਾਂ ਸ਼ਰਾਬ ਸਭ ਤੋਂ ਬਹੁਤੀ ਵਰਤੀ ਜਾਂਦੀ ਹੈ। ਜਿਹੜਾ ਬੰਬਈ ਦੀਆਂ ਫੈਕਟਰੀਆਂ ਦੇ ਮਜ਼ਦੂਰਾਂ ਦਾ ਹਾਲ ਹੈ, ਉਸ ਤਰ੍ਹਾਂ ਦੀ ਤਮਾਮ ਹੋਰਨਾਂ ਫੈਕਟਰੀਆਂ, ਕਾਰਖਾਨਿਆਂ ਅਤੇ ਖਾਣਾ ਵਿਚ ਕੰਮ ਕਰਨ ਵਾਲੇ ਆਦਮੀਆਂ ਦਾ ਹਾਲ ਹੈ ਕਿ ਇਨ੍ਹਾਂ ਵਿਚਾਰਿਆਂ ਨੂੰ ਫੁਰਸਤ ਮਿਲਣੀ ਤਾਂ ਇਕ ਪਾਸੇ ਰਹੀ, ਇਤਨੀ ਸਖਤ ਪਰੇਸ਼ਾਨੀ ਅਤੇ ਥਕਾਵਟ ਹੁੰਦੀ ਹੈ ਕਿ ਜਿਸ ਤੋਂ ਜ਼ਿੰਦਗੀ ਜੀਣ ਦੇ ਕਾਬਲ ਹੀ ਨਹੀਂ ਰਹਿੰਦੀ।
ਇਹ ਠੀਕ ਕੰਮ ਹੈ ਕਿ ਆਦਮੀ ਦੀ ਅਕਲ ਨੇ ਮਸ਼ੀਨ ਇਸ ਵਾਸਤੇ ਬਣਾਈ ਸੀ ਕਿ ਇਸ ਤੋਂ ਮਿਹਨਤ ਬਚੇ, ਲੇਕਿਨ ਇਸ ਤੋਂ ਕੰਮ ਕਰਨ ਵਾਲਿਆਂ ਦੀ ਮਜ਼ਦੂਰੀ ਹੋਰ ਭੀ ਵਧ ਗਈ, ਪੁਰਾਣੇ ਫੈਸ਼ਨ ਦੇ ਚਰਖੇ ਉਤੇ ਇਕ ਮਹੀਨੇ ਇਕ ਧੋਤੀ ਬਣਦੀ ਸੀ, ਹੁਣ ਇਕ ਘੰਟੇ ਵਿਚ ਅਣਗਿਣਤ ਧੋਤੀਆਂ ਕਲਾ ਦੇ ਨਾਲ ਬਣ ਜਾਂਦੀਆਂ ਲੇਕਿਨ ਫੇਰ ਭੀ ਜੋ ਮਜ਼ਦੂਰ ਕਲਾ ‘ਤੇ ਕੰਮ ਕਰਦੇ ਹਨ ਤਾਂ ਆਪ ਧੋਤੀਆਂ ਬਣਾਉਂਦੇ ਹਨ ਤੇ ਉਹ ਆਪ ਨੰਗੇ ਰਹਿੰਦੇ ਹਨ, ਉਨ੍ਹਾਂ ਨੂੰ ਧੋਤੀ ਆਪਣਾ ਨੰਗ ਢੱਕਣ ਨੂੰ ਭੀ ਨਹੀਂ ਮਿਲਦੀ।
ਸੱਚ ਤਾਂ ਏਹੀ ਹੈ ਕਿ ਇਹ ਯਾਨੀ ਅਸੀਂ ਮਸ਼ੀਨ ਜਿਤਨੀ ਮਾਇਆ ਪੈਦਾ ਹੁੰਦੀ ਹੈ, ਉਹ ਉਨ੍ਹਾਂ ਮਜ਼ਦੂਰਾਂ ਨੂੰ ਨਹੀਂ ਦਿੱਤੀ ਜਾਂਦੀ, ਜਿਹੜੇ ਉਸ ਦੌਲਤ ਨੂੰ ਆਪਣੀ ਮਿਹਨਤ ਨਾਲ ਪੈਦਾ ਕਰਦੇ ਹਨ ਸਗੋਂ ਇਕ ਜਾਂ ਦੋ ਬਦਮਾਸ਼ਾਂ ਦੇ ਹੱਥ ਵਿਚ ਚਲੀ ਜਾਂਦੀ ਹੈ ਜੋ ਮਸ਼ੀਨ ਦੇ ਮਾਲਕ ਕਹਾਉਂਦੇ ਹਨ। ਅਜਿਹੇ ਆਦਮੀ ਬਹੁਤੇ ਤਾਂ ਅੰਗਰੇਜ਼ ਹਨ, ਜਿਵੇਂ ਕਾਨਪੁਰ ਅਤੇ ਧਾਰੀਵਾਲ ਦੇ ਸਾਰੇ ਕਾਰਖਾਨਿਆਂ ਦੇ ਮਾਲਕ ਅੰਗਰੇਜ਼ ਹਨ।
ਕੁਝ ਹੋਰ ਹਿੰਦੁਸਤਾਨੀ ਰਾਜੇ ਮਾਲਦਾਰ ਬਦਮਾਸ਼ ਭੀ ਹਨ, ਜਿਹੜੇ ਅੰਗਰੇਜ਼ੀ ਗਵਰਨਮੈਂਟ ਦੇ ਸਾਥੀ ਹਨ, ਗਵਰਨਮੈਂਟ ਦੇ ਵਫਦਾਰ ਕਹਾਉਂਦੇ ਹਨ, ਗਵਰਨਮੈਂਟ ਨੂੰ ਰਿਸ਼ਵਤਾਂ ਦੇ ਕੇ ਆਪਣਾ ਬਣਾ ਲੈਂਦੇ ਹਨ, ਉਨ੍ਹਾਂ ਨੂੰ ਸਰਕਾਰ ਦਾ ਖੈਰ ਖਵਾਹ ਅਤੇ ਕੌਮ ਦਾ ਵੈਰੀ ਸਮਝਦਾ ਹੈ, ਇਹ ਬਦਜ਼ਾਤ ਆਪਣੇ ਮਜ਼ਦੂਰਾਂ ‘ਤੇ ਕਿਤਨਾ ਹੀ ਜ਼ੁਲਮ ਕਰਨ, ਉਹਨਾਂ ਤੋਂ ਕਿਤਨੇ ਹੀ ਘੰਟੇ ਕੰਮ ਲੈਣ, ਉਨ੍ਹਾਂ ਨੂੰ ਕਿਤਨੀ ਹੀ ਥੋੜ੍ਹੀ ਮਜ਼ਦੂਰੀ ਦੇਣ, ਗਵਰਨਮੈਂਟ ਉਨ੍ਹਾਂ ਨੂੰ ਨਹੀਂ ਮਿਲਦੀ।
ਬਸ ਇਹ ਸ਼ੈਤਾਨ ਜਿਹੜੇ ਖੁਦ ਕੁਝ ਕੰਮ ਨਹੀਂ ਕਰਦੇ, ਗ਼ਰੀਬ ਮਜ਼ਦੂਰਾਂ ਤੋਂ ਦੌਲਤ ਪੈਦਾ ਕਰਾ ਕੇ ਸਾਰੀ ਮਾਇਆ ਆਪਣੇ ਹੱਥ ਲੈ ਲੈਂਦੇ ਹਨ ਅਤੇ ਗ਼ਰੀਬ ਮਜ਼ਦੂਰਾਂ ਨੂੰ ਸੁੱਕੇ ਟੁਕੜੇ ਦੇ ਕੇ ਠੋਕਰ ਮਾਰਦੇ ਹਨ। ਹਿੰਦੁਸਤਾਨ ਦੇ ਮਜ਼ਦੂਰਾਂ ਦੀ ਰਖਸਾ ਕਰਨ ਵਾਲੀ ਤਾਕਤ ਗਦਰ ਪਾਰਟੀ ਦੇ ਇਲਮ ਦੀ ਹੈ। ਹਿੰਦੁਸਤਾਨ ਦੇ ਮਜ਼ਦੂਰਾਂ ਦੀ (ਨੂੰ) ਗ਼ੁਲਾਮੀ ਅਤੇ ਭੁੱਖ ਤੋਂ ਕੱਢ ਕੇ ਪਾਰਟੀ ਆਜ਼ਾਦੀ ਅਤੇ ਫੁਰਸਤ ਬਖਸ਼ੇਗੀ।
ਹਿੰਦੁਸਤਾਨ ਦੇ ਗ਼ਰੀਬ ਮਜ਼ਦੂਰ ਭੀ ਇਸ ਗੱਲ ਨੂੰ ਅੱਛੀ ਤਰ੍ਹਾਂ ਜਾਣਦੇ ਹਨ। ਬੇਸ਼ੱਕ ਜਦੋਂ 1908 ਵਿਚ ਬਦਜ਼ਾਤ ਵੈਰੀ ਅੰਗਰੇਜ਼ਾਂ ਨੇ ਤਿਲਕ ਨੂੰ ਛੇ ਸਾਲ ਦੀ ਕੈਦ ਕਰ ਦਿੱਤੀ ਤਾਂ ਬੰਬਈ ਦੇ ਜੋ ਮਜ਼ਦੂਰ ਫੈਕਟਰੀ ਵਿਚ ਕੰਮ ਕਰਦੇ ਹਨ, ਉਨ੍ਹਾਂ ਨੇ ਛੇ ਦਿਨ ਇਕ ਛੋਟਾ ਜਿਹਾ ਗਦਰ ਮਚਾ ਰਖਿਆ ਸੀ। ਐ ਹਿੰਦੁਸਤਾਨ ਦੇ ਗ਼ਰੀਬ ਆਦਮੀਓ, ਤੁਸਾਂ ਜੋ ਅੱਜ ਭੁੱਖ ਦੇ ਮਾਰੇ ਤੜਪਦੇ ਫਿਰਦੇ ਹੋ, ਤੁਸੀਂ ਜੋ 24 ਘੰਟੇ ਹਮੇਸ਼ਾ ਕੰਮ ਕਰਕੇ ਆਪਣਾ ਅਤੇ ਆਪਣੇ ਟੱਬਰ ਦਾ ਪੇਟ ਨਹੀਂ ਭਰ ਸਕਦੇ, ਤੁਹਾਨੂੰ ਗਦਰ ਇਸ ਗ਼ੁਲਾਮੀ ਤੋਂ ਆਜ਼ਾਦ ਕਰਾਏਗਾ। ਗਦਰ ਦੇ ਮਗਰੋਂ ਜੋ ਕੌਮੀ ਰਾਜ ਕਾਇਮ ਹੋਵੇਗਾ, ਉਸ ਵਿਚ ਕਿਸੀ ਮਜ਼ਦੂਰ ਤੋਂ ਇਤਨਾ ਕੰਮ ਨਹੀਂ ਲਿਆ ਜਾਵੇ, ਜਿਸ ਤੋਂ ਉਹ ਬਿਲਕੁਲ ਥੱਕ ਜਾਵੇ। ਕਿਸੀ ਆਦਮੀ ਨੂੰ ਇਤਨੀ ਥੋੜ੍ਹੀ ਤਨਖਾਹ ਨਹੀਂ ਮਿਲੇਗੀ ਕਿ ਉਹ ਆਰਾਮ ਦੇ ਨਾਲ ਜ਼ਿੰਦਗੀ ਬਸਰ ਨਾ ਕਰ ਸਕਣ। ਛੇ ਜਾਂ ਸੱਤ ਘੰਟੇ ਤੋਂ ਬਹੁਤ ਨਿਤ ਕੰਮ ਕੋਈ ਆਦਮੀ ਨਹੀਂ ਕਰੇਗਾ। ਤਕਰੀਬਨ 200 ਰੁਪਏ (ਤੋਂ) ਘੱਟ ਮਜ਼ਦੂਰੀ ਇਕ ਮਹੀਨੇ ਦੀ ਕਿਸੇ ਮਜ਼ਦੂਰ ਨੂੰ ਨਹੀਂ ਮਿਲੇਗੀ।
ਹਰ ਇਕ ਆਦਮੀ ਨੂੰ ਕੰਮ ਦਿੱਤਾ ਜਾਵੇਗਾ ਅਤੇ ਹਰ ਇਕ ਆਦਮੀ ਨੂੰ ਕਾਫੀ ਆਮਦਨੀ ਹੋਵੇਗੀ। ਹਰ ਇਕ ਸਖਸ਼ ਨੂੰ ਕੰਮ ਉਹੀ ਮਿਲੇਗਾ ਜਿਸ ਨੂੰ ਉਹ ਕਰ ਸਕੇ। ਅੱਜ ਦੁੱਖਾਂ ਦੀਆਂ ਮਾਰੀਆਂ ਹਿੰਦੁਸਤਾਨੀ ਔਰਤਾਂ ਇਹੋ ਜਿਹੇ ਸਖਤ ਕੰਮ ਕਰਦੀਆਂ ਹਨ ਜੋ ਕੁਵੱਤ ਵਾਲੇ ਮਰਦ ਭੀ ਨਹੀਂ ਕਰ ਸਕਦੇ। ਪੱਥਰ ਅਤੇ ਇੱਟਾਂ ਢੋਂਹਦੀਆਂ ਹਨ। ਫੈਕਟਰੀਆਂ ਵਿਚ ਕੰਮ ਕਰਦੀਆਂ ਹਨ ਜੋ ਚਾਰ ਆਨੇ ਦੀ ਖਾਤਿਰ ਆਪਣੀ ਇੱਜ਼ਤ ਭੀ ਵੇਚ ਦਿੰਦੀਆਂ ਹਨ। ਕੁਦਰਤ ਨੇ ਔਰਤ ਦੇ ਸਪੁਰਦ ਜੋ ਕੰਮ ਕੀਤਾ ਹੈ, ਉਹ ਇਹ ਕੌਮ ਦੀ ਨਸਲ ਵਧਾਵੇ ਅਤੇ ਅੱਛੇ ਅੱਛੇ ਕੰਮਾਂ ਵਿਚ ਆਪਣਾ ਵਕਤ ਖਰਚ ਕਰਨ, ਜਿਸ ਵਿਚ ਸਰੀਰ ‘ਤੇ ਕੋਈ ਸਖਤੀ ਨਾ ਹੋਵੇ।
ਜਿਸ ਔਰਤ ਦੇ ਪੇਟ ਵਿਚ ਬੱਚਾ ਹੋਵੇ ਅਤੇ ਉਹ ਭਾਰ ਉਠਾਵੇ ਤਾਂ ਨਾ ਕੇਵਲ ਉਹ ਆਪਣਾ ਖੂਨ ਕਰਦੀ ਹੈ ਬਲਕਿ ਕੌਮ ਦੀ ਆਉਣ ਵਾਲੀ ਨਸਲ ਨੂੰ ਬਰਬਾਦ ਕਰਦੀ ਹੈ। ਹਿੰਦੁਸਤਾਨੀ ਕੌਮ ਦੀਆਂ ਉਹ ਔਰਤਾਂ ਭੀ ਜੋ ਘਰਾਂ ਵਿਚ ਹੀ ਰਹਿੰਦੀਆਂ ਹਨ, ਉਨ੍ਹਾਂ ਨੂੰ ਭੀ ਫੁਰਸਤ ਨਹੀਂ ਮਿਲਦੀ। ਘਰ ਦਾ ਕੰਮ ਜੋ ਮਾਮੂਲੀ ਕੰਮ ਕਹਾਉਂਦਾ ਹੈ, ਉਨ੍ਹਾਂ ਨਾਲ ਵੀ ਬੜਾ ਦੁੱਖ ਅਤੇ ਥਕਾਵਟ ਹੁੰਦੀ ਹੈ। ਗਰਮੀਆਂ ਦੀ ਰੁੱਤ ਨੂੰ ਸਾਰੇ ਘਰਵਾਲਿਆਂ ਦੇ ਵਾਸਤੇ ਛੇ ਘੰਟੇ ਹਮੇਸ਼ਾ ਅੱਗ ਦੇ ਸਾਹਮਣੇ ਬੈਠ ਕੇ ਰੋਟੀ ਪਕਾਉਣੀ, ਘਰ ਦੀ ਸਫਾਈ ਕਰਨੀ, ਚੱਕੀ ਪੀਸਣਾ, ਪਾਣੀ ਢੋਣਾ ਅਤੇ ਹਰ ਵੇਲੇ ਆਦਮੀਆਂ ਦੀ ਬੁਰੀਆਂ ਝਿੜਕਾਂ ਸਹਿਣੀਆਂ, ਹਾਏ ਇਹ ਕਿਹੀ ਤਕਲੀਫ ਹੈ: ਇਹ ਬਦਬਖਤ ਹਿੰਦੁਸਤਾਨ ਵਿਚ ਬੱਚਿਆਂ ਵੀ ਭੀ ਫੁਰਸਤ ਨਹੀਂ। ਛੋਟੀ ਉਮਰ ਵਿਚ ਹੀ ਬੱਚਿਆਂ ਨੂੰ ਮਜ਼ਦੂਰੀ ਦੇ ਕੰਮ ਵਿਚ ਜੋੜ ਦਿੱਤਾ ਜਾਂਦਾ ਹੈ ਅਤੇ ਔਖੇ ਤੋਂ ਔਖਾ ਕੰਮ ਉਨ੍ਹਾਂ ਨੂੰ ਕਰਨਾ ਪੈਂਦਾ ਹੈ, ਘਰਾਂ ਵਿਚ ਬਹੁਤੇ ਮੁਲਾਜ਼ਮ ਬੱਚੇ ਹੀ ਹੁੰਦੇ ਹਨ ਅਤੇ ਉਨ੍ਹਾਂ ਦੇ ਨਾਲ ਬੇਹੱਦ ਜ਼ੁਲਮ ਕੀਤਾ ਜਾਂਦਾ ਹੈ। ਦੋ ਜਾਂ ਤਿੰਨ ਰੁਪਏ ਮਹੀਨੇ ‘ਤੇ ਲੜਕੇ ਸਵੇਰ ਤੋਂ ਰਾਤ ਦੇ ਪੰਦਰਾਂ ਘੰਟੇ ਸਗੋਂ ਇਸ ਤੋਂ ਭੀ ਬਹੁਤਾਂ ਤਰ੍ਹਾਂ ਤਰ੍ਹਾਂ ਦਾ ਨਿਕੰਮਾ ਕੰਮ ਕਰਦੇ ਹਨ ਅਤੇ ਫੇਰ ਭੀ ਮਾਲਕ ਦੀਆਂ ਗਾਲ੍ਹਾਂ ਸੁਣਦੇ ਹਨ ਬਲਕਿ ਥੱਪੜ ਅਤੇ ਮੁੱਕੇ ਭੀ ਖਾਂਦੇ ਹਨ। ਅਜਿਹੇ ਬਦਨਸੀਬ ਦੇਸ਼ ਵਿਚ ਜ਼ੋਰਦਾਰ, ਬਲਵਾਨ, ਜਵਾਨ ਕਿਉਂ ਘਰ ਪੈਦਾ ਹੋਣ। ਖਾਂਦੇ ਪੀਂਦੇ ਪੜ੍ਹੇ ਲਿਖੇ ਆਦਮੀਆਂ ਦੇ ਬੱਚਿਆਂ ਨੂੰ ਛੋਟੀ ਅਵਸਥਾ ਵਿਚ ਅੰਗਰੇਜ਼ੀ ਸਕੂਲਾਂ ਵਿਚ ਭੇਜਿਆ ਜਾਂਦਾ ਹੈ, ਜਿਥੇ ਉਨ੍ਹਾਂ ਨੂੰ ਛੋਟੀ ਉਮਰ ਵਿਚ ਪੜ੍ਹਾਈ ਦਾ ਭਾਰ ਅਤੇ ਮਾਸਟਰ ਦੀਆਂ ਝਿੜਕਾਂ ਮਾਰ ਦਿੰਦੀਆਂ ਹਨ। ਅੰਗਰੇਜ਼ੀ ਵਿਦਿਆ ਦਾ ਢੰਗ ਭੀ ਕੌਮ ਦੀ ਤਾਕਤ ਨੂੰ ਮਿਟਾ ਦੇਣ ਦਾ ਇੰਜਣ ਹੈ। ਹਿੰਦੁਸਤਾਨ ਵਿਚ ਬੱਚਿਆਂ ਨੂੰ ਭੀ ਫੁਰਸਤ ਨਹੀਂ ਮਿਲਦੀ। ਬੱਚਿਆਂ ਦਾ ਤਾਂ ਫੁਰਸਤ ਪਹਿਲਾ ਹੱਕ ਹੈ। ਕੁਦਰਤ ਨੇ ਬੱਚਿਆਂ ਦੇ ਵਾਸਤੇ ਜੋ ਕੰਮ ਪੈਦਾ ਕੀਤਾ ਹੈ, ਉਹ ਕੇਵਲ ਕੁਦਣਾ ਖੇਡਣਾ ਹੈ। ਖੇਡਣ ਕੁਦਣ ਨਾਲ ਹੱਥ ਪੈਰ ਖੁਲ੍ਹਦੇ ਹਨ, ਸਰੀਰ ਚੁਸਤ ਹੁੰਦਾ ਹੈ। ਸਾਰਾ ਖੇਡ ਕੁਦ ਅਥਵਾ ਜ਼ਿੰਦਗੀ ਦੀ ਤਿਆਰੀ ਹੈ। ਸੋਚਣ ਤੋਂ ਮਾਲੂਮ ਹੋਵੇਗਾ ਕਿ ਤਮਾਮ ਖੇਡ ਕੁਦ ਅਤੇ ਤਮਾਸ਼ਾ ਜ਼ਿੰਦਗੀ ਦੇ ਜ਼ਰੂਰੀ ਅਤੇ ਬੇਅੰਤ ਅੱਛੇ ਕੰਮਾਂ ਦੀਆਂ ਝੂਠੀਆਂ ਨਕਲਾਂ ਹੁੰਦੀਆਂ ਹਨ। ਜਿਵੇਂ ਫੁਟਬਾਲ ਦੀ ਖੇਡ ਲੜਾਈ ਦੀ ਝੂਠੀ ਨਕਲ ਹੈ। ਅੰਗਰੇਜ਼ਾਂ ਦੇ ਮਸ਼ਹੂਰ ਫੌਜੀ ਅਫਸਰ ਵੈਲਿੰਗਟਨ ਨੇ ਕਿਹਾ ਸੀ ਕਿ ਜੇ ਲੜਕਪਨ ਵਿਚ ਮੈਂ ਕ੍ਰਿਕਟ ਖੇਡਣਾ ਨਾ ਸਿਖਦਾ ਤਾਂ ਵਾਟਰਲੂ ਦੀ ਲੜਾਈ ਨਹੀਂ ਜਿੱਤ ਸਕਦਾ ਸੀ। ਜਦੋਂ ਤਕ ਹਿੰਦੁਸਤਾਨ ਦੀ ਗ਼ਰੀਬ ਪ੍ਰਜਾ ਹੈ, ਉਸ ਵੇਲੇ ਤਕ ਕੌਮ ਦੇ ਬੱਚਿਆਂ ਨੂੰ ਭੀ ਖੇਡ ਕੁਦ ਅਤੇ ਤਮਾਸ਼ਾ ਨਸੀਬ ਨਹੀਂ ਹੋ ਸਕਦਾ। ਅੰਗਰੇਜ਼ ਦੇ ਬਾਲ ਬੱਚਿਆਂ ਨੂੰ ਦੇਖੋ, ਕਿਹੋ ਜਿਹੀ ਮੌਜ ਨਾਲ ਖੇਡਦੇ ਕੁੱਦਦੇ ਫਿਰਦੇ ਹਨ। ਅਜਿਹਾ ਨਾ ਕਰਨ ਤਾਂ ਉਨ੍ਹਾਂ ਦੀ ਕੌਮ ਵਿਚ ਜਾਨ ਕਿਉਂ ਕਰ ਆਵੇ? ਅੰਗਰੇਜ਼ ਤਾਂ ਸਾਰੀ ਉਮਰ ਹੀ ਖੇਡਦੇ ਕੁੱਦਦੇ ਫਿਰਦੇ ਹਨ ਅਤੇ ਹਿੰਦੁਸਤਾਨ ਦੇ ਕੁਝ ਨਵਾਬ ਅਤੇ ਅਮੀਰ ਭੀ ਅਜਿਹਾ ਹੀ ਕਰਦੇ ਹਨ।
ਕਿਤਨਾ ਜ਼ੁਲਮ ਹੈ ਕਿ ਮੁਲਕ ਵਿਚ ਥੋੜ੍ਹੇ ਜਿਹੇ ਬਦਮਾਸ਼ ਤਾਂ ਅਜਿਹੇ ਹੋਣ ਜਿਨ੍ਹਾਂ ਨੂੰ ਜ਼ਿੰਦਗੀ ਵਿਚ ਸਿਵਾਏ ਖੇਡਣ ਕੁੱਦਣ ਤੇ ਕੋਈ ਕੰਮ ਹੀ ਨਾ ਹੋਵੇ ਅਤੇ ਬਾਕੀ ਸਾਰੀ ਪ੍ਰਜਾ ਕਰੋੜਾਂ ਮਰਦ ਅਤੇ ਔਰਤਾਂ ਅਤੇ ਛੋਟੇ ਬੱਚੇ ਖੇਡ ਕੁੱਦ ਅਤੇ ਤਮਾਸ਼ੇ ਤੋਂ ਮਹਿਰੂਮ ਰਹਿਣ। ਦੇਸ਼ ਭਗਤੋ, ਗਦਰ ਦੇ ਮਗਰੋਂ ਅਜਿਹਾ ਨਹੀਂ ਹੋਵੇਗਾ। ਸਾਰੇ ਬੱਚਿਆਂ ਦੇ ਵਾਸਤੇ ਖੇਡਣ ਕੁੱਦਣ ਦਾ ਬੰਦੋਬਸਤ ਕੀਤਾ ਜਾਵੇਗਾ, ਸਰੀਰ ਦੀ ਕਸਰਤ ਦੇ ਵਾਸਤੇ ਅਖਾੜੇ ਬਣਾਏ ਜਾਣਗੇ। ਪਿੰਡ ਪਿੰਡ ਵਿਚ ਕ੍ਰਿਕਟ ਅਤੇ ਫੁਟਬਾਲ, ਕਬੱਡੀ ਆਦਿ ਖੇਡਾਂ ਹੋਣਗੀਆਂ। ਹਰ ਗਲੀ ਵਿਚ ਬਾਗ਼ ਲਵਾਏ ਜਾਣਗੇ ਜਿਥੇ ਮਰਦ, ਔਰਤਾਂ ਅਤੇ ਬੱਚੇ ਫੁਰਸਤ ਦੇ ਵੇਲੇ ਖੇਡ ਕੁੱਦ ਸਕਣ ਅਤੇ ਆਪਣੀ ਸਿਹਤ ਦਰੁਸਤ ਰੱਖ ਸਕਣ। ਜਦੋਂ ਗਦਰ ਦੇ ਮਗਰੋਂ ਆਜ਼ਾਦੀ ਹਾਸਿਲ ਕਰਕੇ ਰੋਟੀ ਕਮਾਉਣ ਦਾ ਕੰਮ ਥੋੜ੍ਹਾ ਕਰਨਾ ਪਵੇਗਾ ਅਤੇ ਸਾਰੀ ਜ਼ਿੰਦਗੀ ਦੀਆਂ ਲੋੜਾਂ ਆਸਾਨੀ ਨਾਲ ਪੈਦਾ ਹੋ ਜਾਇਆ ਕਰਨਗੀਆਂ ਤਾਂ ਸਭ ਨੂੰ ਫੁਰਸਤ ਮਿਲੇਗੀ। ਉਸ ਵੇਲੇ ਇਹ ਸਵਾਲ ਪੈਦਾ ਹੋਵੇਗਾ ਕਿ ਇਸ ਫੁਰਸਤ ਨੂੰ ਕਿਸ ਤਰ੍ਹਾਂ ਖਰਚ ਕੀਤਾ ਜਾਵੇ। ਕੀ ਅਸੀਂ ਆਪਣੀ ਕੌਮੀ ਫੁਰਸਤ ਨੂੰ ਕਿਸ ਤਰ੍ਹਾਂ ਖਰਚ ਕਰਾਂਗੇ? ਜਿਸ ਤਰ੍ਹਾਂ ਆਰਾਮ, ਤਲਬ, ਰੰਡੀਬਾਜ਼ੀ, ਸੂਬੇਦਾਰ, ਸ਼ਰਾਬੀ ਰਾਜੇ, ਮਹਾਰਾਜੇ, ਨਵਾਬ, ਸ਼ਾਹੂਕਾਰ ਅਤੇ ਅੰਗਰੇਜ਼ੀ ਅਫਸਰ ਖਰਚ ਕਰਦੇ ਹਨ ਯਾਨੀ ਐਸ਼ ਬਦਕਾਰੀ ਵਿਚ? ਨਹੀਂ, ਬਿਲਕੁਲ ਨਹੀਂ।
ਸਾਰੀ ਕੌਮ ਨੂੰ ਮੁਫਤ ਵਿਦਿਆ ਦਿੱਤੀ ਜਾਵੇਗੀ ਜਿਸ ਨਾਲ ਪ੍ਰਜਾ ਨੂੰ ਮਾਲੂਮ ਹੋਵੇਗਾ ਕਿ ਫੁਰਸਤ ਦਾ ਠੀਕ ਇਸਤੇਮਾਲ ਕਿਵੇਂ ਕਰੋ, ਥਾਂ ਥਾਂ ਸਕੂਲ ਅਤੇ ਯੂਨੀਵਰਸਿਟੀਆਂ ਬਣਾਈਆਂ ਜਾਣਗੀਆਂ, ਥਾਂ ਥਾਂ ਲਾਇਬ੍ਰੇਰੀਆਂ ਕਾਇਮ ਹੋਣਗੀਆਂ ਅਤੇ ਸਾਇੰਸ ਦੇ ਸਾਮਾਨ ਘਰਾਂ (ਲੈਬਾਰਟਰੀਆਂ) ਵਿਚ ਹੋਣਗੇ ਜਿਥੇ ਸਾਰੇ ਆਦਮੀ ਇਕੱਠੇ ਹੋ ਕੇ ਵਿਦਿਆ ਅਤੇ ਗਿਆਨ ਹਾਸਲ ਕਰਨਗੇ ਅਤੇ ਕੌਮ ਦੀ ਭਲਾਈ ਦੀਆਂ ਤਜਵੀਜ਼ਾਂ ਸੋਚਣਗੇ। ਅਜਿਹੇ ਨਵੇਂ ਕੰਮ ਕਰਨਗੇ, ਜਿਨ੍ਹਾਂ ਨਾਲ ਪਰਜਾ ਦਾ ਦੁੱਖ ਮਿਟੇ। ਸਾਰੀ ਦੁਨੀਆਂ ਦੀਆਂ ਬੀਮਾਰੀਆਂ ਦੂਰ ਹੋਣ ਅਤੇ ਆਦਮੀ ਕੁਦਰਤ ਦੀਆਂ ਤਾਕਤਾਂ ‘ਤੇ, ਪਾਣੀ ‘ਤੇ, ਹਵਾ ‘ਤੇ, ਰੋਸ਼ਨੀ, ਅੱਗ, ਬਿਜਲੀ ਨੂੰ ਵੱਸ ਕਰਕੇ ਉੱਨਤੀ ਕਰਦਾ ਚਲਿਆ ਜਾਵੇ, ਅੱਗੇ ਹੀ ਅੱਗੇ ਵੱਧਦਾ ਜਾਵੇ।
ਸੂਰਬੀਰ ਹਿੰਦੁਸਤਾਨੀਓ, ਪਹਿਲਾਂ ਵੈਰੀ ਬਦਜ਼ਾਤ ਬੇਵਕੂਫ ਨੂੰ ਅਤੇ ਉਨ੍ਹਾਂ ਦੇ ਸਾਥੀ ਨਾਲਾਇਕ ਸ਼ਾਹੂਕਾਰਾਂ, ਰਾਜੇ ਨਵਾਬ ਹਿੰਦੁਸਤਾਨੀ ਵਫਾਦਾਰ ਨੂੰ ਗਦਰ ਕਰਕੇ ਮਿਟਾ ਦਿਉ, ਬਰਬਾਦ ਕਰ ਦਿਉ। ਫੇਰ ਆਪਣੇ ਪਾਕ ਅਤੇ ਆਜ਼ਾਦ ਦੇਸ਼ ਵਿਚ ਫੁਰਸਤ ਦਾ ਖਜ਼ਾਨਾ ਹੋਵੇਗਾ ਅਤੇ ਫੁਰਸਤ ਦਾ ਠੀਕ ਇਸਤੇਮਾਲ ਕੀਤਾ ਜਾਵੇਗਾ।