ਧੂਣੀ ਦਾ ਧਰਮ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ। ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਸ਼ਹੀਦਾਂ ਦੀਆਂ ਯਾਦਗਾਰਾਂ ਨੂੰ ਕਾਰ ਸੇਵਾ ਵਾਲੇ ਬਾਬਿਆਂ ਵਲੋਂ ਸੰਗਮਰਮਰ ਹੇਠ ਲੁਕਾ ਦੇਣ ਉਤੇ ਰੁਦਨ ਕੀਤਾ ਸੀ, “ਕੱਚੀ ਗੜ੍ਹੀ ਦੇ ਦੁੱਖ ਨੂੰ ਫਰੋਲਣ ਲੱਗਿਆਂ ਤਾਂ ਕਲਮ ਵੀ ਹੁੱਬਕੀਂ ਰੋਂਦੀ ਏ। ਪਤਾ ਨਹੀਂ ਕੌਣ ਸਨ ਪੱਥਰ-ਦਿਲ ਲੋਕ ਜਿਨ੍ਹਾਂ ਨੇ ਕੱਚੀ ਗੜ੍ਹੀ ਦੇ ਨੈਣੀਂ ਝਾਕਣ ਦੀ ਥਾਂ ਇਸ ਨੂੰ ਸੰਗਮਰਮਰੀ ਕਬਰ ਬਣਾ ਦਿੱਤਾ। ਕਬਰਾਂ ਕਦੇ ਨਹੀਂ ਬੋਲਦੀਆਂ, ਨਿਸ਼ਾਨੀਆਂ ਬੋਲਦੀਆਂ ਨੇ।”

ਹਥਲੇ ਲੇਖ ਵਿਚ ਉਨ੍ਹਾਂ ਗਿਆਨ ਦੀ, ਜਜ਼ਬਾਤ ਦੀ ਅਤੇ ਹਿੰਮਤ ਤੇ ਹੌਸਲੇ ਦੀ ਧੂਣੀ ਧੁਖਾਉਣ ਦੀ ਗੱਲ ਕਰਦਿਆਂ ਨਸੀਹਤ ਦਿੱਤੀ ਹੈ, “ਧੂਣੀ ਧੁਖਾਵੋ ਆਪਣੀ ਹਿੰਮਤ ਅਤੇ ਹੌਂਸਲੇ ਨਾਲ ਤਾਂ ਕਿ ਲੋਕਾਂ ਨੂੰ ਮਿਲ-ਬੈਠਣ ਦਾ ਸਬੱਬ ਮਿਲੇ। ਆਪਸੀ ਗਿਲੇ ਸ਼ਿਕਵੇ ਦੂਰ ਹੋਣ। ਠੰਢੀ ਪੌਣ ਦਾ ਮਹਿਕੀਲਾ ਬੁੱਲਾ ਫਿਜ਼ਾ ‘ਚ ਪਿਆਰ ਦਾ ਪੈਗਾਮ ਫੈਲਾਵੇ।” ਉਨ੍ਹਾਂ ਦਾ ਹੇਰਵਾ ਹੈ, “ਸ਼ਬਦਾਂ ਦੀ ਧੂਣੀ ਧੁਖਾਉਣ ਵਾਲੇ ਅਤੇ ਅਰਥਾਂ ਦੀ ਆਤਿਸ਼ਬਾਜੀ ਚਲਾਉਣ ਵਾਲੇ ਨਹੀਂ ਦਿੱਸਦੇ ਅੱਜ ਕੱਲ। ਨਿੱਜ ਤੱਕ ਸਿਮਟ ਗਈ ਏ, ਹਰਫਾਂ ਦੀ ਪਰਵਾਜ਼।” ਉਹ ਕਹਿੰਦੇ ਹਨ, “ਧੂਣੀ ਬਾਲੋ ਸੋਚ ਦੀ, ਹੋਸ਼ ਦੀ, ਸੰਵੇਦਨਾ ਦੀ, ਸਿਆਣਪਾਂ ਦੀ, ਸੁਗਮ ਸਲਾਹਾਂ ਦੀ, ਸੁੰਦਰ ਸੰਯੋਗਾਂ ਦੀ ਅਤੇ ਸਿੱਧ-ਜੋਗਾਂ ਦੀ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਧੁੱਖ ਰਹੀ ਧੂਣੀ; ਉਠਦਾ ਧੂੰਆਂ; ਸੁਲਘਦੀ ਅੱਗ। ਗਿੱਲੀਆਂ ਲੱਕੜਾਂ ਦੀ ਤਿੜਕਣ। ਅੱਖਾਂ ‘ਚ ਵਗਦਾ ਪਾਣੀ। ਕਦੇ ਕਦਾਈਂ ਹੀ ਅੱਗ ਦੀ ਲਾਟ ਨਿਕਲਦੀ। ਧੂੰਏ ‘ਚ ਗਵਾਚ ਜਾਂਦੇ ਨਾਲ ਬੈਠੇ ਸਾਥੀਆਂ ਦੇ ਨਕਸ਼।
ਧੁਖਦੀ ਧੂਣੀ ਦੀ ਜਿੱਦ ਅਤੇ ਧੂਣੀ ਸੇਕਣ ਦਾ ਸਿਰੜ, ਜੱਗ-ਜਾਹਰ। ਜਿੱਦ ਤੇ ਸਿਰੜ ਦਾ ਪੁੱਗਣਾ ਹੀ ਜੀਵਨ ਦੇ ਨਵੇਂ ਦਿਸਹੱਦੇ।
ਧੁਖਦੀ ਧੁਣੀ, ਸੰਵਾਦ-ਸਟੇਜ। ਗੁਫਤਗੂ-ਗਹਿਰਾਈ। ਗੰਭੀਰ ਗੱਲਾਂ ਦਾ ਗਲਿਆਰਾ। ਨਿੱਘੀ ਗੱਲਬਾਤ ਦਾ ਸਬੱਬ। ਡੂੰਘੇ ਰਹੱਸ ਤੇ ਰਾਜ਼ ਦੀਆਂ ਬਾਤਾਂ। ਰਮਜ਼ਾਂ ਦੀਆਂ ਰਾਜ਼ਦਾਰੀਆਂ। ਬਲਿਹਾਰੀ ਬੋਲਚਾਲ। ਮਨੁੱਖ ਦਾ ਬਾਹਰ ਤੋਂ ਅੰਤਰੀਵ ਤੀਕ ਦਾ ਸਫਰ।
ਇਕ ਧੂਣੀ ਸੰਵੇਦਨਸ਼ੀਲ ਮਨ ‘ਚ ਧੁਖਦੀ। ਸੋਚਾਂ ਦੀ, ਸਰੋਕਾਰਾਂ ਦੀ, ਸੰਭਾਵਨਾਵਾਂ ਦੀ, ਸੁਪਨਿਆਂ ਦੀ, ਸਮਰਪਣ ਦੀ, ਸਫਲਤਾਵਾਂ ਦੀ, ਸੰਯੋਗਾਂ ਦੀ, ਸਬੰਧਾਂ ਦੀ, ਸੁਹਜ ਦੀ, ਸਹਿਜ ਦੀ, ਸੁੱਚਮਤਾ ਦੀ ਅਤੇ ਸੱਚ ਦੀ।
ਅੰਤਰੀਵ ਧੂਣੀ, ਮਨੁੱਖ ਦਾ ਖੁਦ ਨਾਲ ਸੰਵਾਦ। ਖੁਦ ਦੀਆਂ ਕਮੀਆਂ, ਕੋਤਾਹੀਆਂ, ਕਮੀਨਗੀਆਂ, ਕਮਦਿਲੀਆਂ ਅਤੇ ਕੁਰਹਿਤਾਂ ਰਾਖ ਹੋ ਚਾਨਣ ਪੈਦਾ ਕਰਦੀਆਂ ਤਾਂ ਰੌਸ਼ਨ-ਰਾਹਾਂ ਦੀ ਦੱਸ ਪੈਂਦੀ। ਪਾਕੀਜ਼-ਮਾਰਗ ਤਰਜ਼ੀਹ ਬਣਦਾ।
ਅੰਦਰ ਧੁੱਖ ਰਹੀ ਧੂਣੀ ਨੂੰ ਮੁਖਾਤਬ ਹੋਣ ਲਈ ਬਾਬੇ ਨਾਨਕ ਨੇ ਵੇਈਂ ਦੀ ਓਟ ਵਿਚ ਜਾਣ ਦਾ ਪ੍ਰਣ ਕੀਤਾ ਅਤੇ ਫਿਰ ਇਸ ਧੂਣੀ ਨੂੰ ਜੱਗ ਲਈ ਧੁਖਾਇਆ। ਇਸ ਦੇ ਤਰਕ-ਸੇਕ ਅਤੇ ਨਿਰਛੱਲ-ਨਿੱਘ ਨੇ ਅੰਧਕਾਰ ਦੀ ਨਗਰੀ ਵਿਚ ਰਿਸ਼ਮ-ਰਾਗ ਉਚਾਰਿਆ।
ਮੁਰਸ਼ਦ ਵਾਲਾ ਧੂੰਆਂ ਜਦ ਮਨ ਦੇ ਅੰਬਰੀਂ ਫੈਲਦਾ ਤਾਂ ਰੂਹ ਦੀ ਧੂਣੀ ਧੁਖਦੀ। ਮਿਲਾਪ ਲਈ ਜੁਗਤ-ਛਿੱਟੀਆਂ ਨੂੰ ਬਾਲਣ ਲਈ ਤਦਬੀਰਾਂ ਦੀਆਂ ਫੂਕਾਂ ਮਾਰਨ ਦੀ ਰੁੱਤ ਆਉਂਦੀ। ਫਿਰ ਨੀਲੀ ਲਾਟ ਕੂੜ-ਕਬਾੜੇ ਨੂੰ ਰਾਖ ਕਰ ਮਨ ਦੀ ਪਾਕ ਸਫ ਪਿਆਰੇ ਲਈ ਵਿੱਛ ਜਾਂਦੀ।
ਅਧਰਮ ਦੇ ਸਮਿਆਂ ਵਿਚ ਧਰਮ ਦੀ ਧੂਣੀ ਬਾਲਣ ਦਾ ਹੀਆ ਬਹੁਤ ਹੀ ਵਿਰਲੇ ਕਰਦੇ। ਉਨ੍ਹਾਂ ਵਿਚੋਂ ਬਹੁਤੇ ਤਾਂ ਨਿੱਜ ਤੀਕ ਸੀਮਤ ਹੋ ਸੰਸਾਰਕ ਪਦਾਰਥਾਂ ਦੇ ਰੱਜ ਤੀਕ ਹੀ ਸਿਮਟ ਜਾਂਦੇ।
ਖੁਦਾ ਕਰੇ! ਕੋਈ ਵੀ ਧੂਣੀ ਨਾ ਸੇਕੇ; ਧੂਣੀ, ਜਿਸ ਵਿਚ ਭਾਵਨਾਵਾਂ ਦਾ ਲਾਂਬੂ ਹੋਵੇ, ਚਾਵਾਂ ਦੀਆਂ ਚੰਗਿਆੜੀਆਂ ਹੋਣ, ਸੁਪਨਿਆਂ ਦੀ ਰਾਖ ਕਿਰਦੀ ਹੋਵੇ, ਸਬੰਧਾਂ ਦਾ ਸਿਤਮ ਸੁਆਹ ਹੋ ਰਿਹਾ ਹੋਵੇ ਜਾਂ ਦਰ-ਦਰਵਾਜਿਆਂ ਨੂੰ ਆਪਣੀ ਹੋਂਦ ਮਿਟਾਉਣ ਦਾ ਹੁਕਮਨਾਮਾ ਹੋਵੇ।
ਧੂਣੀ ਜਦ ਹਰਫਾਂ ਵਿਚ ਬਲਦੀ ਤਾਂ ਇਸ ਦੇ ਪਿੰਡੇ ਦਾ ਸੇਕ ਵਰਕੇ ਨੂੰ ਲੂੰਹਦਾ। ਅਰਥਾਂ ਦੀਆਂ ਨੀਲੀਆਂ ਲਾਟਾਂ ਵਿਚ ਰੋਹ ਦੀ ਮਸ਼ਾਲ ਬਲਦੀ। ਇਹ ਮਸ਼ਾਲ ਜਦ ਕਿਰਤੀ ਹੱਥਾਂ ਵਿਚ ਹੁੰਦੀ ਤਾਂ ਨਵੀਂ ਸੋਚ-ਸਾਧਨਾ ਸਰੋਕਾਰਾਂ ਦੀ ਪਰਵਾਜ਼ ਬਣਦੀ।
ਧੂਣੀ ਬਾਲੋ, ਜਿਸ ਦਾ ਸੇਕ ਸੇਕਹੀਣ ਬਾਲਾਂ ਨੂੰ ਨਿੱਘ ਤਰੌਂਕੇ ਅਤੇ ਨਿੱਘਹੀਣ ਪਿੰਡਿਆਂ ਦੀ ਠਰਨ ਭੰਨੇ; ਜਿਸ ਦੀ ਰੌਸ਼ਨੀ ਵਿਚ ਧੁਆਂਖੀਆਂ ਰਾਹਾਂ ਵਿਚ ਪੈੜਾਂ ਉਗਣ, ਜੋ ਧੁੰਦ ਦੇ ਧੁੰਦਲਕੇ ਵਿਚ ਮੰਜ਼ਿਲ ਦਾ ਸਿਰਨਾਵਾਂ ਬਣੇ। ਧੂਣੀ, ਜਿਸ ਦੇ ਆਲੇ-ਦੁਆਲੇ ਬੈਠਿਆਂ ਮੋਹ-ਮੁਹੱਬਤ ਦੀਆਂ ਬਾਤਾਂ ਦੀਆਂ ਲੜੀਆਂ ਲੰਮੇਰੀਆਂ ਹੁੰਦੀਆਂ ਜਾਣ। ਹਾਸਿਆਂ ਦੀਆਂ ਫੁਲਝੜੀਆਂ ਖਿੜਨ। ਆਪਸੀ ਨੋਕ-ਝੋਕ ਵਿਚੋਂ ਜੀਵਨ ਨੂੰ ਨਵੀਂਆਂ ਬੁਲੰਦੀਆਂ ਅਤੇ ਸੰਭਾਵਨਾਵਾਂ ਦਾ ਕਿਆਸ ਹੋਵੇ।
ਧੂਣੀ ਧੁਖਾਵੋ ਆਪਣੀ ਹਿੰਮਤ ਅਤੇ ਹੌਂਸਲੇ ਨਾਲ ਤਾਂ ਕਿ ਲੋਕਾਂ ਨੂੰ ਮਿਲ-ਬੈਠਣ ਦਾ ਸਬੱਬ ਮਿਲੇ। ਆਪਸੀ ਗਿਲੇ ਸ਼ਿਕਵੇ ਦੂਰ ਹੋਣ। ਠੰਢੀ ਪੌਣ ਦਾ ਮਹਿਕੀਲਾ ਬੁੱਲਾ ਫਿਜ਼ਾ ‘ਚ ਪਿਆਰ ਦਾ ਪੈਗਾਮ ਫੈਲਾਵੇ। ਧੂਣੀ, ਜਿਸ ਨੂੰ ਸੌੜੇ ਦਾਅਰਿਆਂ ਅਤੇ ਤੰਗ ਵਲਗਣਾਂ ਨੂੰ ਤੋੜਨ ਤੇ ਵਿਸ਼ਾਲਣ ਦਾ ਸ਼ਰਫ ਹਾਸਲ ਹੋਵੇ। ਮਨੁੱਖੀ ਬਿਰਤੀਆਂ ਵਿਚਲੀ ਬੇਗਾਨਗੀ ਖਤਮ ਹੋਵੇ।
ਧੂਣੀ ਕਦੇ ਫਕੀਰ ਲੋਕ ਬਾਲਦੇ ਸਨ, ਜਿਨ੍ਹਾਂ ਦੀ ਪਾਕੀਜ਼ਗੀ ਤੇ ਬੇਲਾਗਤਾ ਨੇ ਸਮਿਆਂ ਨੂੰ ਨਵਾਂ ਮੁਹਾਂਦਰਾ ਅਤੇ ਪੈਗਾਮ ਦਿੱਤਾ। ਉਹ ਧੂਣੀਆਂ ਪਤਾ ਨਹੀਂ ਕਿਥੇ ਅਲੋਪ ਹੋ ਗਈਆਂ? ਹੁਣ ਤਾਂ ਆਲੇ-ਦੁਆਲੇ ਧੂਣੇ ਹੀ ਨਜ਼ਰ ਆਉਂਦੇ ਹਨ, ਜਿਨ੍ਹਾਂ ਦੁਆਲੇ ਸਾਜਿਸ਼ਾਂ ਉਗਦੀਆਂ, ਘਿਨਾਉਣੀਆਂ ਕਰਤੂਤਾਂ ਅਤੇ ਕਤਲਾਂ ਦੀ ਸਰਜ਼ਮੀਂ ਵਿਚੋਂ ਭਰਮੀ ਉਚਤਾ ਦਾ ਅਡੰਬਰ ਰਚਿਆ ਜਾਂਦਾ। ਇਸ ਅਡੰਬਰ ਦਾ ਹੀ ਹਿੱਸਾ ਬਣ ਚੁਕਾ ਏ, ਅਜੋਕਾ ਮਨੁੱਖ।
ਸ਼ਬਦਾਂ ਦੀ ਧੂਣੀ ਧੁਖਾਉਣ ਵਾਲੇ ਅਤੇ ਅਰਥਾਂ ਦੀ ਆਤਿਸ਼ਬਾਜੀ ਚਲਾਉਣ ਵਾਲੇ ਨਹੀਂ ਦਿੱਸਦੇ ਅੱਜ ਕੱਲ। ਨਿੱਜ ਤੱਕ ਸਿਮਟ ਗਈ ਏ, ਹਰਫਾਂ ਦੀ ਪਰਵਾਜ਼। ਗਿਆਨ-ਗੋਸ਼ਟਿ ਦੀਆਂ ਧੂਣੀਆਂ ਬਾਲਣ ਵਾਲੇ ਲੋਕਾਂ ਵਿਚ ਹਉਮੈ, ਈਰਖਾ ਤੇ ਨਿੱਜੀ ਲਾਲਚ ਨੇ ਸਿੱਧ-ਗੋਸ਼ਟਿ ਦਾ ਵਪਾਰੀਕਰਨ ਕਰ ਦਿੱਤਾ ਏ। ਗਿਆਨੀ ਲੋਕ ਜਦ ਵਣਜਾਰੇ ਬਣ ਜਾਂਦੇ ਤਾਂ ਗੋਸ਼ਟਿ ਨਫੇ-ਨੁਕਸਾਨ ਵਿਚ ਹੀ ਗੁਆਚ ਜਾਂਦਾ।
ਬਚਪਨੀ ਬੇਪ੍ਰਵਾਹੀ ਦੀਆਂ ਧੂਣੀਆਂ ਜਦ ਮਨ-ਚੇਤਿਆਂ ਦੀ ਪਰਦਖਣਾ ਕਰਦੀਆਂ ਤਾਂ ਬੀਤੇ ਬਚਪਨ ਵਿਚ ਮੁੜ-ਪਰਤਣ ਨੂੰ ਮਨ ਕਰਦਾ। ਪਰ ਇਹ ਨਿਆਮਤਾਂ ‘ਕੇਰਾਂ ਹੱਥੋਂ ਖਿਸਕ ਜਾਣ ਤੋਂ ਬਾਅਦ ਕਦ ਫਿਰ ਮਿਲਦੀਆਂ? ਇਕ ਸਿੱਕ ਰਹਿ ਜਾਂਦੀ ਦਿਲ-ਜੂਹੇ, ਜਿਸ ਵਿਚ ਜਿੰਦ ਨੂੰ ਤੋਲਿਆ ਜਾ ਸਕਦਾ।
ਕਦੇ ਕਪਾਹ, ਸਨੂਕੜਾ ਆਦਿ ਦੀਆਂ ਛਿੱਟੀਆਂ ਦੀ ਅੱਗ ਸੇਕਦੇ ਬਜੁਰਗਾਂ ਦੀਆਂ ਧੂਣੀਆਂ ਨੂੰ ਯਾਦ ਕਰਨਾ, ਸਿਆਣਪ ਭਰੇ ਟੋਟਕੇ, ਇਤਿਹਾਸਕ ਤੇ ਮਿਥਿਹਾਸਕ ਰੌਚਕ ਤਬਸਰੇ ਅਤੇ ਉਨ੍ਹਾਂ ਦੀ ਗੱਲਬਾਤ ਵਿਚ ਸਮੋਈ ਸਿਆਣਪ ਤੇ ਦੁਨੀਆਂਦਾਰੀ ਦੀ ਅਸੀਮਤ ਸਮਝ ਨੂੰ ਯਾਦ ਕਰਨਾ, ਉਨ੍ਹਾਂ ਦੀਆਂ ਮੱਤਾਂ ਹਰ ਮੋੜ ਅਤੇ ਵਕਤ ‘ਤੇ ਤੁਹਾਡਾ ਸੁਚਾਰੂ ਤੇ ਉਸਾਰੂ ਮਾਰਗ-ਦਰਸ਼ਨ ਕਰਨਗੀਆਂ।
ਧੂਣੀ ਵਿਚ ਜਦ ਧਰਮ ਤੇ ਧੀਰਜ ਦੀ ਅੱਗ ਧੁੱਖਦੀ ਤਾਂ ਧਰਤੀ ਵਰਗੀ ਅਸੀਮਤਾ ਤੇ ਰਹਿਮਤੀ ਬਰਕਤ ਮਨੁੱਖ ਦੀ ਝੋਲੀ ਪੈਂਦੀ। ਮਨੁੱਖ ਨੇ ਇਸ ਦੀ ਕੁੱਖ ਨੂੰ ਜ਼ਹਿਰੀਲਾ ਕਰਨ ਵਿਚ ਕੋਈ ਕਸਰ ਨਹੀਂ ਛੱਡੀ, ਪਰ ਧਰਤੀ ਆਪਣਾ ਧਰਮ ਪਾਲਣ ਤੋਂ ਕਦੇ ਨਹੀਂ ਟਲਦੀ। ਧੀਆਂ ਵੀ ਧਰਤੀ ਵਰਗੀਆਂ। ਧੀਆਂ ਨੂੰ ਧੁਖਦੀਆਂ ਧੂਣੀਆਂ ਨਾ ਬਣਾਓ ਸਗੋਂ ਪ੍ਰਚੰਡ ਅਗਨੀ ਬਣਾਓ।
ਰਿਸ਼ਤਿਆਂ ਦੀ ਧੁਖਦੀ ਧੂਣੀ ਵਿਚ ਰਾਖ ਹੋ ਜਾਂਦਾ ਵਿਸ਼ਵਾਸ ਅਤੇ ਬੇਆਸ ਹੋ ਜਾਂਦੀ ਆਸ। ਚਾਅ-ਚੰਗੇਰ ਹੋ ਜਾਂਦੀ ਚੋਰੀ ਅਤੇ ਹਥੇਲੀ ‘ਤੇ ਚੜ੍ਹੀ ਮਹਿੰਦੀ ਦੇ ਰੰਗ ਹੋ ਜਾਂਦੇ ਫਿੱਕੜੇ। ਨੈਣੀਂ ਸੰਜੋਏ ਸੁਪਨਿਆਂ ਨੂੰ ਲੱਗ ਜਾਂਦੀ ਨਜ਼ਰ ਅਤੇ ਤਿੜਕਣ ਨੂੰ ਆਸਰਾ ਦਿੰਦੀ ਖੁਦ ਹੀ ਤਿੜਕ ਜਾਂਦੀ ਡਗਰ। ਸਾਹਾਂ ਵਿਚ ਹਟਕੋਰਿਆਂ ਦੀ ਰੁੱਤ ਦਾ ਰੋਣ ਅਤੇ ਹਾਵਿਆਂ ਦਾ ਗੂੰਜਦਾ ਗੌਣ। ਸਮਿਆਂ ਦੀ ਤੰਦੀ ਟੁੱਟਣ ਨੂੰ ਕਰਦੀ ਅਤੇ ਕਈ ਵਾਰ ਇਕ ਹੀ ਹਟਕੋਰੇ ਨਾਲ ਆਪਣਾ ਫਾਤਿਹਾ ਪੜ੍ਹਦੀ। ਧੂਣੀ ਦੇ ਧੂੰਏ ‘ਚ ਕੋਏ ਸਦਾ ਰਹਿੰਦੇ ਗਿੱਲੇ ਅਤੇ ਸੰਧੂਰੀ ਰੰਗ ਹੋ ਜਾਂਦੇ ਪਿਲਪਿਲੇ। ਉਦਾਸ ਪਲਾਂ ਦੀ ਪੀੜ ਦਰ ਦਾ ਹਾਣੀ, ਜਿਸ ਦੇ ਦੀਦਿਆਂ ਦੀ ਕਹਾਣੀ, ਨਾ ਵਕਤ ਨੇ ਸੁਣਨੀ ਅਤੇ ਨਾ ਹੀ ਪਥਰਾਏ ਦੀਦਿਆਂ ਨੇ ਸੁਣਾਉਣੀ।
ਕਈ ਵਾਰ ਸਬੰਧਾਂ ਦੀ ਗਿੱਲੀ ਧੂਣੀ ਨੂੰ ਬਾਲਣ ਵਿਚ ਹੀ ਉਮਰਾਂ ਬੀਤ ਜਾਂਦੀਆਂ। ਨਹੀਂ ਮਿਲਦਾ ਕੋਈ ਮਿੱਤਰ-ਮੋਢਾ ਰੋਣ ਲਈ ਅਤੇ ਆਪਣਿਆਂ ਦੇ ਲਾਏ ਦਾਗ ਧੋਣ ਲਈ। ਸਾਹਾਂ ‘ਤੇ ਖੁਦਕੁਸ਼ੀਆਂ ਦੀ ਆਮਦ ਹੁੰਦੀ ਅਤੇ ਬਹੁਤ ਕੁਝ ਸਮੇਂ ਦੀ ਹੋਣੀ ਬਣ ਜਾਂਦਾ। ਇਸ ‘ਚ ਗਵਾਚ ਜਾਂਦੀ ਭਵਿੱਖ-ਮੁਖੀ ਸਰੋਕਾਰਾਂ ਦੀ ਸੰਵੇਦਨਾ। ਧੂਣੀ ਵਰਗੇ ਸਬੰਧਾਂ ਤੇ ਰਿਸ਼ਤਿਆਂ ਨੂੰ ਕਦੇ ਵੀ ਖੁਦਕੁਸ਼ੀ ਦੇ ਰਾਹ ਨਾ ਤੋਰੋ ਕਿਉਂਕਿ ਆਪਣਿਆਂ ਦੇ ਤੁਰ ਜਾਣ ਦੀ ਪੀੜ ਜਦ ਮਨ-ਦਰ ਦੀ ਦਸਤਕ ਬਣਦੀ ਤਾਂ ਸਾਹ ਵੀ ਆਪਣੇ ਨਹੀਂ ਰਹਿੰਦੇ। ਜਿਉਣਾ ਅਕਾਰਥ। ਅਜਿਹੇ ਸਮੇਂ ਮਰਨ ‘ਚੋਂ ਹੀ ਆਪਣੀ ਰਿਹਾਈ ਤਲਾਸ਼ਦਿਆਂ ਕੁਝ ਵੀ ਅਣਹੋਇਆ ਵਾਪਰ ਸਕਦਾ।
ਸੰਭਾਵਨਾਵਾਂ ਦੀ ਧੂਣੀ ਨੂੰ ਸੇਕਣ ਦੀ ਆਦਤ ਪਾਓ। ਤੁਹਾਡੇ ਦਰਾਂ ‘ਤੇ ਸੁਪਨਿਆਂ ਦੇ ਸੱਚ ਅਤੇ ਸਫਲਤਾਵਾਂ ਦੀ ਸੰਪੂਰਨਤਾ ਦਾ ਮਜੀਠੀ ਰੰਗ ਉਕਰਿਆ ਜਾਵੇਗਾ, ਜਿਸ ਦੀ ਰੰਗਤ ਵਿਚ ਜਿਉਣ ਦਾ ਸਬੱਬ ਬਣੇਗਾ।
ਅੰਦਰ ਬਲਦੀ ਧੂਣੀ ਦਾ ਸੇਕ ਹਾਸਲ ਹੋਵੇ ਤਾਂ ਬਾਹਰਲੀ ਠੰਢ ਮਨੁੱਖ ਦਾ ਕੁਝ ਨਹੀਂ ਵਿਗਾੜ ਸਕਦੀ। ਅੰਦਰਲਾ ਚਾਨਣ ਹੀ ਹੁੰਦਾ, ਜੋ ਆਲੇ-ਦੁਆਲੇ ‘ਚ ਫੈਲੀ ਧੁੰਦ ਦੀ ਵੱਖੀ ਵਿਚ ਛੇਕ ਪਾ, ਰਾਹਾਂ ਦੀ ਨਿਸ਼ਾਨਦੇਹੀ ਕਰਨ ਵਿਚ ਸਹਾਈ ਹੁੰਦਾ।
ਮਨੁੱਖ ਅੰਦਰ ਬਲਦੇ ਜਜ਼ਬਿਆਂ ਦੀ ਅੱਗ ਦੇ ਤੇਜ਼ ਸਾਹਵੇਂ ਦੁਨਿਆਵੀ ਹਥਿਆਰਾਂ ਦੀ ਕੀ ਵੁੱਕਤ! ਇਹ ਅੱਗ ਜਿੰਨਾ ਚਿਰ ਬਲਦੀ, ਮਨੁੱਖ ਜਿਉਂਦਾ, ਉਸ ਦੀ ਚੇਤਨਾ ਜਿਉਂਦੀ। ਸਿਰਫ ਲੋੜ ਹੈ, ਧੁੱਖਣ ਤੋਂ ਬਲਣ ਤੀਕ ਦੀ ਯਾਤਰਾ ਦਾ ਬਿਖੜਾ ਪੈਂਡਾ ਬਣਨ ਦੀ। ਇਹ ਪੈਂਡਾ ਸਿਰਫ ਸਿਰੜੀਆਂ ਦਾ ਹੀ ਹਾਸਲ, ਜੋ ਹੱਡਾਂ ਦੇ ਬਾਲਣ ਅਤੇ ਸਬਰ-ਸਬੂਰੀ ਦੀਆਂ ਫੂਕਾਂ ਨਾਲ ਧੁੱਖਦੀ ਅੱਗ ਨੂੰ ਵੀ ਮੱਚਣ ਲਾਉਂਦਾ।
ਜੰਗਲ ਧੁਖਦਾ ਤਾਂ ਕੁਦਰਤ ਦੀ ਅੱਖ ਗਿੱਲੀ ਹੋ ਜਾਂਦੀ। ਬਿਰਖ ਧੁਖਦਾ ਤਾਂ ਆਲ੍ਹਣਿਆਂ ਵਿਚ ਸੋਗ ਪਸਰਦਾ। ਹਵਾ ਸਿਸਕਦੀ ਤਾਂ ਵੈਰਾਗ ਫੈਲਦਾ। ਫਿਜ਼ਾ ਵਿਚ ਦਰਦ ਰੁਮਕਦਾ ਤਾਂ ਬੋਲਾਂ ‘ਤੇ ਸਿੱਕਰੀ ਜੰਮ ਜਾਂਦੀ। ਧੁੱਖਣ ਦੇ ਧੂੰਏਂ ਵਿਚ ਗੁਆਚ ਜਾਂਦੀ ਸੁੱਚੀਆਂ ਪੈੜਾਂ ਦੀ ਕਰਮਯੋਗਤਾ। ਸਿਰਫ ਲੋੜ ਹੈ, ਧੁਖਦੇ ਜੰਗਲ, ਬਿਰਖ ਜਾਂ ਫਿਜ਼ਾ ਨੂੰ ਆਪਣੇ ਅੰਦਰ ਉਤਾਰਨ ਦੀ। ਇਸ ਦੀ ਧੁਖਧੁਖੀ ਵਿਚ ਕੁਝ ਨਰੋਆ ਵਿਚਾਰੋ ਤਾਂ ਕਿ ਵਕਤ ਨੂੰ ਆਪਣੀ ਮੁਹਾਰ ਚੜ੍ਹਦੇ ਸੁਰਜ ਵੰਨੀਂ ਮੋੜਨ ਲਈ ਮਜਬੂਰ ਹੋਣਾ ਪਵੇ।
ਇਕ ਸਿਵਾ ਬਾਹਰ ਹੁੰਦਾ, ਜੋ ਕਦੇ ਬਲਦਾ, ਕਦੇ ਧੁਖਦਾ। ਇਹੀ ਸਿਵਾ ਜਦ ਮਨੁੱਖ ਦੇ ਅੰਦਰ ਧੁਖਦਾ ਤਾਂ ਨਜ਼ਰ ਨਹੀਂ ਆਉਂਦਾ, ਪਰ ਇਸ ਦੇ ਧੂੰਏ ਦੇ ਸੇਕ ਵਿਚੋਂ ਹੀ ਇਕ ਨਵੇਂ ਮਨੁੱਖ ਦਾ ਜਨਮ ਹੁੰਦਾ, ਜੋ ਸਮਾਜ ਦੇ ਕੋਹਝ ਨੂੰ ਸਾੜਨ ਲਈ ਖੁਦ ਬਲਣ ਨੂੰ ਤਰਜ਼ੀਹ ਦਿੰਦਾ।
ਕੁਝ ਲੋਕ ਖੁਦ ਦੀ ਧੂਣੀ ਧੁਖਾ ਕੇ ਆਪੇ ਨੂੰ ਸਵਾਹ ਕਰ ਲੈਂਦੇ, ਪਰ ਕੁਝ ਲੋਕ ਆਪੇ ਨੂੰ ਬਾਲ ਕੇ ਪੁਨਰ ਜਨਮ ਲੈਂਦੇ, ਜਿਨ੍ਹਾਂ ਦੇ ਦੀਦਿਆਂ ਵਿਚ ਅੱਗ ਬਲਦੀ। ਉਨ੍ਹਾਂ ਦੇ ਰੋਹ ‘ਚ ਅਗਨ-ਬਾਣ ਅਤੇ ਲਲਕਾਰ ਵਿਚ ਭਸਮ ਕਰਨ ਵਾਲੀ ਦਹਾੜ। ਅਜਿਹੇ ਲੋਕ ਯੁੱਗ-ਪਲਟਾਊ ਵਰਤਾਰਿਆਂ ਦਾ ਅਨੋਖਾ ਸਰੂਪ ਹੁੰਦੇ।
ਅਗਰ ਧੂਣੀ ਹੀ ਬਾਲਣੀ ਹੈ ਤਾਂ ਸਾਂਝਾਂ ਦੀ ਬਾਲੋ। ਪਿਆਰ ਦੀ ਧੂਣੀ ਸੇਕੋ। ਟੁੱਟਣ ਦੀ ਪੀੜ-ਧੂਣੀ ਦੀ ਥਾਂ ਮਿਲਾਪ ਦੀ ਨਿੱਘੀ ਨਿੱਘੀ ਅੱਗ ਨੂੰ ਸੇਕਣ ਦਾ ਹੁਨਰ ਜਾਣੋ। ਕੁਰੀਤੀਆਂ, ਕਮੀਨਗੀਆਂ ਤੇ ਕੋਤਾਹੀਆਂ ਨੂੰ ਅੱਗ ਵਿਚ ਡਾਹ ਕੇ ਕੀਰਤੀਆਂ, ਕਾਰਨਾਮਿਆਂ ਅਤੇ ਕਰਨੀਆਂ ਦੀਆਂ ਨੀਲੀਆਂ ਲਪਟਾਂ ਦਾ ਰੂਪ ਵਟਾਵੋ। ਹਟਕੋਰਿਆਂ ਤੇ ਹਾਵਿਆਂ ਦੀ ਕੰਗਾਲੀ ਕੁੱਖ ਵਿਚ ਖੁਸ਼ੀਆਂ ਤੇ ਖੇੜਿਆਂ ਦੀ ਧੂਣੀ ਬਾਲਣ ਲਈ ਹੰਭਲਿਆਂ ਦੀਆਂ ਛਿੱਟੀਆਂ ਨੂੰ ਬਾਲੋ। ਨਿੱਕੇ ਨਿੱਕੇ ਕਦਮ ਅਤੇ ਕੋਸ਼ਿਸ਼ਾਂ ਹੀ ਸੰਪੂਰਨਤਾ ਦਾ ਸਿਰਨਾਵਾਂ ਹੁੰਦੇ।
ਜਦ ਦੋ ਰੂਹਾਂ ਇਕ ਦੂਜੇ ਦੀਆਂ ਭਾਵਨਾਵਾਂ ਦੀ ਮਘਦੀ ਧੂਣੀ ਦੇ ਸੇਕ ਵਿਚ ਪਿੱਘਲ ਜਾਂਦੀਆਂ ਤਾਂ ਦੋ ਜਿਸਮਾਂ ਵਲੋਂ ਇਕ ਜਾਨ ਬਣਨ ਦਾ ਸਫਰ ਸ਼ੁਰੂ ਹੁੰਦਾ, ਜਿਸ ਦੇ ਹਰ ਮੋੜ ‘ਤੇ ਸੁਰਖ ਪਲਾਂ ਦਾ ਪੀਹੜਾ ਸਮੇਂ ਨੂੰ ਠਹਿਰ ਜਾਣ ਲਈ ਕਹਿੰਦਾ। ਜੀਵਨ ਨੂੰ ਜਿੰ.ਦਾਦਿਲੀ ਦਾ ਰੁਤਬਾ ਮਿਲਦਾ।
ਬਜੁਰਗਾਂ ਦੀ ਬਾਲੀ ਹੋਈ ਧੂਣੀ ਦੁਆਲੇ ਬੱਚਿਆਂ ਨੂੰ ਬੈਠਣ, ਸਿਆਣਪਾਂ ਤੇ ਨਸੀਹਤਾਂ ਨੂੰ ਸੁਣਨ ਅਤੇ ਇਨ੍ਹਾਂ ਨੂੰ ਅਪਨਾਉਣ ਦਾ ਹੁਨਰ ਆ ਜਾਵੇ ਤਾਂ ਨਵੀਂ ਪੀੜ੍ਹੀ ਆਪਣੀ ਵਿਰਾਸਤ ਦੀ ਸੁਚੱਜੀ ਵਾਰਸ ਬਣਦੀ। ਵਿਰਸੇ ਦੀ ਅਮੀਰੀ ਹੀ ਕੌਮ ਦਾ ਸਭ ਤੋਂ ਵੱਡਾ ਸਰਮਾਇਆ, ਜਿਸ ਦੇ ਆਲੇ-ਦੁਆਲੇ ਸਦੀਆਂ ਦਾ ਇਤਿਹਾਸ ਲਿਖਿਆ ਹੁੰਦਾ।
ਅੰਬਰ-ਧੂਣੀ ਵਿਚੋਂ ਤਾਰਿਆਂ ਦੀ ਰੌਸ਼ਨੀ ਅਤੇ ਸੇਕ ਨੂੰ ਆਪਣੇ ਅੰਤਰੀਵ ਵਿਚ ਉਤਾਰਨਾ, ਤੁਹਾਡੇ ਮਨ ਵਿਚ ਤਾਰਿਆਂ ਵਰਗੀ ਔਕਾਤ ਨੂੰ ਅਪਨਾਉਣ ਅਤੇ ਜਿਉਣ ਦਾ ਰੂਹਾਨੀ ਅਹਿਸਾਸ ਹੋਵੇਗਾ। ਤਾਰਾ ਬਣ ਕੇ ਤਾਰਿਆਂ ਦੀ ਹਮਦਮਤਾ ਵਿਚ ਤਾਰਿਆਂ ਜਿਹੇ ਕਰਮ ਕਮਾਉਣੇ ਪੈਂਦੇ।
ਬਚਪਨੇ ਦੀ ਧੁਖਾਈ, ਬਾਲੀ ਤੇ ਸੇਕੀ ਉਹ ਧੂਣੀ ਹੁਣ ਵੀ ਚੇਤਿਆਂ ਨੂੰ ਹਲੂਣਦੀ ਏ, ਜਦ ਖੂਹ ਦੇ ਅਗਵਾੜ ਵਿਚ ਧੁਣੀ ‘ਤੇ ਕੱਚੇ ਦੋਧਿਆਂ ਨੂੰ ਭੁੰਨ ਨੇ ਚੱਬੀਦਾ ਸੀ। ਛੋਲਿਆਂ ਜਾਂ ਮੂੰਗਫਲੀ ਦੇ ਲਾਂਗੇ ਨੂੰ ਧੂਣੀ ਵਿਚ ਪਕਾ ਕੇ ਖਾਂਦਿਆਂ ਹੱਥ-ਮੂੰਹ ਕਾਲੇ ਕਰ ਲੈਂਦੇ ਸਾਂ। ਹੌਲਾਂ, ਕੱਚੀ ਮੂੰਗਫਲੀ ਨੂੰ ਭੁੰਨ ਕੇ ਖਾਣ ਜਾਂ ਛੱਲੀਆਂ ਭੁੰਨ ਕੇ ਧੂਣੀ ਦੁਆਲੇ ਬੈਠਿਆਂ ਖਾਣ ਦਾ ਨਜ਼ਾਰਾ ਹੁਣ ਵੀ ਸਵਾਦ-ਸਵਾਦ ਕਰ ਜਾਂਦਾ।
ਹਰਫਾਂ ਦੀ ਧੂਣੀ ਜਦ ਬਲੇ ਤਾਂ ਅਰਥਾਂ ਦੀ ਲੋਅ ਹੁੰਦੀ। ਵਰਕਿਆਂ ‘ਤੇ ਉਤਰਦੇ ਅੰਬਰਾਂ ਦੇ ਤਾਰੇ। ਸਮਿਆਂ ਦੀ ਗੁੰਗੀ ਬੀਹੀ ‘ਚ ਗੂੰਜਦੀ ਨਿੱਘ-ਵਿਸਮਾਦੀ ਲੋਰ। ਹਰਫ-ਸਫਰ ਦੇ ਪੈਰੀਂ ਮੌਲਦੀ ਸਾਵੀਂ-ਪੱਧਰੀ ਤੋਰ। ਸੁਪਨਹੀਣ ਨੈਣਾਂ ਵਿਚ ਮਹਿਕਦੀ ਰਿਸ਼ਮਾਂ ਦੀ ਖੁਸ਼ਬੋਈ, ਜਿਸ ਦੀ ਸੰਗਤ ਵਿਚ ਰੂਹ ਮਹਿਕਾਂ-ਮਹਿਕਾਂ ਹੋਈ।
ਧੂਣੀ ਧੁਖਾਓ ਨਾ ਸਗੋਂ ਸੂਣੀ ਬਾਲੋ ਤਾਂ ਕਿ ਠਰੇ ਜ਼ਜਬਾਤ ਪਿਘਲ ਜਾਣ। ਮੋਹ ਦੀ ਤਾਜ਼ਗੀ ਹਿਰਦਿਆਂ ਨੂੰ ਮੁਅੱਤਰ ਕਰੇ। ਆਪਸੀ ਸਾਂਝ ਤੇ ਮੁਹੱਬਤੀ ਫਿਜ਼ਾ ਵਿਚ ਸਾਹਾਂ ਨੂੰ ਸੰਦਲੀ ਹੋਣ ਦਾ ਵਰ ਮਿਲੇ।
ਧੁਖਦੀਆਂ ਧੂਣੀਆਂ ਹਿਰਦਿਆਂ ਨੂੰ ਰਾਖ ਕਰਦੀਆਂ। ਮਨ ਦੀ ਬੀਹੀ ਵਿਚ ਰੋਗ-ਸੋਗ ਦਾ ਤਰੌਂਕਾ। ਨੈਣਾਂ ਦਾ ਖੌਅ। ਗਲ ਜਾਂਦੇ ਦੀਦੇ ਧੂੰਏਂ ‘ਚ ਅਤੇ ਧੂੰਏ ਦੀ ਦੀਵਾਰ ਆਪਣਿਆਂ ਦੇ ਮੁਹਾਂਦਰੇ ਵੀ ਧੁੰਦਲੇ ਕਰ ਦਿੰਦੀ।
ਧੂਣੀ ਬਾਲੋ ਸੋਚ ਦੀ, ਹੋਸ਼ ਦੀ, ਸੰਵੇਦਨਾ ਦੀ, ਸਿਆਣਪਾਂ ਦੀ, ਸੁਗਮ ਸਲਾਹਾਂ ਦੀ, ਸੁੰਦਰ ਸੰਯੋਗਾਂ ਦੀ ਅਤੇ ਸਿੱਧ-ਜੋਗਾਂ ਦੀ।
ਧੂਣੀ ਬਾਲਦੇ ਸੀ ਫੱਕਰ ਲੋਕ, ਜਿਨ੍ਹਾਂ ਦੇ ਆਲੇ-ਦੁਆਲੇ ਬੈਠਦੀ ਸੀ ਲੋਕਾਈ। ਧਰਮਾਂ ਦੀਆਂ ਵੰਡੀਆਂ ਨਹੀਂ ਸਗੋਂ ਇਕ ਮਨੁੱਖ ਸੀ। ਧਰਮ ਦੀਆਂ ਕੰਧਾਂ ਨੇ ਤਾਂ ਮਨੁੱਖ ਨੂੰ ਇਕ ਵਸਤ ਬਣਾ ਦਿੱਤਾ ਏ। ਇਹ ਵਿਕਾਊ ਹੋ, ਰੰਗ ਬਦਲਣ ਤੇ ਮੁਖੌਟੇ ਤਬਦੀਲ ਕਰਨ ਵਿਚ ਮਾਹਰ।
ਕਦੇ ਹਰਫ ਵੀ ਧੂਣੀ ਬਣ ਕੇ ਸਫਿਆਂ ਨੂੰ ਆਪਣਾ ਦਰਦ ਸੁਣਾਉਂਦੇ:
ਮੈਂ ਧੁਖਦੀ ਧੂਣੀ ਦਾ ਦੁਖੜਾ
ਦੀਦਿਆਂ ‘ਚੋਂ ਟਪਕ ਰਿਹਾਂ।
ਮੈਂ ਛਿੱਦੀ ਫੁਲਕਾਰੀ ਦਾ ਟੋਟਾ
ਸਿਰੋਂ ਹੇਠਾਂ ਸਰਕ ਰਿਹਾਂ।
ਮੈਂ ਤਿੜਕੇ ਮਾਣ ਦਾ ਮਿਹਣਾ
ਸੋਚਾਂ ਵਿਚ ਚਸਕ ਰਿਹਾਂ।
ਮੈਂ ਟੁੱਟੀ ਆਸ ਦਾ ਹਉਕਾ
ਸੀਨੇ ਵਿਚ ਟਸਕ ਰਿਹਾਂ।
ਮੈਂ ਨਦੀ ਤੋਂ ਵਿਛੜਿਆ ਪਾਣੀ
ਹੋਂਦ ਵੰਨੀਂ ਲਪਕ ਰਿਹਾਂ।
ਮੈਂ ਰੁੱਸੇ ਹਰਫਾਂ ਦਾ ਹੋਕਾ
ਸ਼ਬਦਾਂ ‘ਚ ਕਸਕ ਰਿਹਾਂ।
ਮੈਂ ਟੁੱਟੇ ਹੋਏ ਫੁੱਲਾਂ ਦਾ ਵਿਗੋਚਾ
ਚਮਨ ‘ਚ ਮਟਕ ਰਿਹਾਂ।
ਧੂਣੀ ‘ਚੋਂ ਗਿਆਨ, ਧਿਆਨ, ਧਰਮ, ਧੀਰਜ, ਧੰਨਤਾ ਦੀਆਂ ਚੰਗਿਆਈਆਂ ਨੂੰ ਫਰੋਲਣ ਵਾਲਿਆਂ ਦੇ ਦਗਦੇ ਚਿਹਰੇ ਦਾ ਜਲਾਲ, ਧੂਣੀ ਦਾ ਸਭ ਤੋਂ ਵੱਡਾ ਹਾਸਲ।
ਇਹ ਹਾਸਲ ਤੁਸੀਂ ਵੀ ਹੋ ਸਕਦੇ ਹੋ?