ਸ਼ੁਕਰਗੁਜ਼ਾਰੀ, ਸਲੀਕਾ ਤੇ ਸਿਹਤ

ਗੁਲਜ਼ਾਰ ਸਿੰਘ ਸੰਧੂ
ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਪ੍ਰਸੰਗ ਵਿਚ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਦੀ ਉਸ ਸਮੇਂ ਦੇ ਮੁਗਲ ਬਾਦਸ਼ਾਹ ਔਰੰਗਜ਼ੇਬ ਆਲਮਗੀਰ ਨੂੰ ਲਿਖੀ ਖੁੱਲ੍ਹੀ ਚਿੱਠੀ (ਪਹੁ ਫਟਾਲਾ, ਪੰਜਾਬੀ ਇਸਲਾਮਿਕ ਪਬਲੀਕੇਸ਼ਨਜ਼, ਮਲੇਰਕੋਟਲਾ; ਦਸੰਬਰ 2018) ਇਸਲਾਮ ਦੇ ਹਾਂ ਪੱਖੀ ਗੁਣ ਹੀ ਉਜਾਗਰ ਨਹੀਂ ਕਰਦੀ, ਉਰਦੂ ਜ਼ੁਬਾਨ ਦੀ ਮਿੱਠਤ, ਸਲੀਕੇ ਤੇ ਸ਼ੁਕਰਗੁਜ਼ਾਰੀ ਉਤੇ ਵੀ ਮੋਹਰ ਲਾਉਂਦੀ ਹੈ। ਇਸ ਦਾ ਸਿੱਧਾ ਸਬੰਧ ਸਾਹਿਬਜ਼ਾਦਾ ਫਤਿਹ ਸਿੰਘ ਤੇ ਜ਼ੋਰਾਵਰ ਸਿੰਘ ਦੇ 27 ਦਸੰਬਰ 1704 ਨੂੰ ਸੂਬਾ ਸਰਹਿੰਦ ਦੇ ਹੁਕਮ ਅਨੁਸਾਰ ਨੌਂ ਤੇ ਸੱਤ ਸਾਲ ਦੀ ਘਟ ਉਮਰੇ ਕੰਧ ਵਿਚ ਚਿਣਵਾ ਕੇ ਸ਼ਹੀਦ ਕਰਨ ਨਾਲ ਹੈ।

ਜਦੋਂ ਸੂਬੇਦਾਰ ਵਜ਼ੀਰ ਖਾਂ ਨੇ ਮਾਸੂਮ ਸਾਹਿਬਜ਼ਾਦਿਆਂ ਨੂੰ ਕਸੂਰਵਾਰ ਠਹਿਰਾ ਕੇ ਕਾਜ਼ੀ ਨੂੰ ਸਜ਼ਾ ਸੁਣਾਉਣ ਲਈ ਕਿਹਾ ਤਾਂ ਕਾਜ਼ੀ ਨੇ ਸਪਸ਼ਟ ਸ਼ਬਦਾਂ ਵਿਚ ਕਿਹਾ ਸੀ ਕਿ ਇਸਲਾਮ ਮਾਸੂਮ ਬੱਚਿਆਂ ਨੂੰ ਉਨ੍ਹਾਂ ਦੇ ਬਾਪ ਵਲੋਂ ਕੀਤੇ ਅਪਰਾਧ ਦੀ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਦਿੰਦਾ। ਪਰ ਸੂਬਾ ਸਰਹਿੰਦ ਦੇ ਦੀਵਾਨ ਸੁੱਚਾ ਨੰਦ ਨੇ ਸੂਬੇਦਾਰ ਪ੍ਰਤੀ ਆਪਣੀ ‘ਵਫਾਦਾਰੀ’ ਦਰਸਾਉਂਦਿਆਂ ਸਮੇਂ ਦੇ ਹਾਕਮਾਂ ਨੂੰ ਇਹ ਜਚਾ ਦਿੱਤਾ ਕਿ ਸਾਹਿਬਜ਼ਾਦੇ ਬਾਗੀ ਹਨ ਤੇ ਬਗਾਵਤ ਦੀ ਸਜ਼ਾ ਮੌਤ ਹੈ।
ਇਸ ਮੌਕੇ ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਨ ਵੀ ਹਾਜ਼ਰ ਸੀ, ਜਿਸ ਨੇ ਕਾਜ਼ੀ ਦੇ ਪਹਿਲੇ ਇਤਰਾਜ਼ ਉਤੇ ਪਹਿਰਾ ਦਿੰਦਿਆਂ ਵਜ਼ੀਰ ਖਾਂ ਨੂੰ ਵਰਜਿਆ, ਪਰ ਉਸ ਦੀ ਉਕਾ ਹੀ ਨਾ ਸੁਣੀ ਗਈ, ਤੇ ਉਹ ਉਥੋਂ ਚਲਾ ਗਿਆ। ਨਵਾਬ ਵਲੋਂ ਔਰੰਗਜ਼ੇਬ ਨੂੰ ਲਿਖੀ ਗਈ ਚਿੱਠੀ ਦੀ ਮਿਤੀ ਕੋਈ ਵੀ ਹੋਵੇ, ਇਸ ਦੀ ਜ਼ੁਬਾਨ ਤੇ ਦਲੀਲ ਕਾਲਜੇ ਠੰਢ ਪਾਉਣ ਵਾਲੀ ਹੈ। ਜਿਥੇ ਉਸ ਨੇ ਮੁਗਲ ਬਾਦਸ਼ਾਹ ਨੂੰ ਆਲੀਜਾਹ (ਉਚਤਮ ਰੁਤਬੇ ਵਾਲਾ), ਆਲਮ ਪਨਾਹ (ਕੁਲ ਦੁਨੀਆਂ ਨੂੰ ਸ਼ਰਨ ਦੇਣ ਵਾਲਾ), ਜ਼ਿੱਲੇ ਇਲਾਹੀ/ਸੁਬਾਹਾਨੀ (ਖੁਦਾਈ ਖੌਫ ਦਾ ਅਨੁਆਈ) ਆਦਿ ਸ਼ਬਦਾਂ ਨਾਲ ਸੰਬੋਧਨ ਕੀਤਾ ਸੀ, ਉਥੇ ਆਪਣੇ ਆਪ ਨੂੰ ਸਮੇਂ ਦੇ ਹਾਕਮ ਦਾ ਛੋਟਾ ਖਾਦਮ ਦਰਸਾ ਕੇ ਅਜਿਹੀ ਪੇਸ਼ਕਸ਼ ਦੇ ਰੁਤਬੇ ਦੇ ਹਾਣ ਦਾ ਬਣਾ ਦਿੱਤਾ। ਉਸ ਦੀ ਖੁੱਲ੍ਹੀ ਚਿੱਠੀ ਦਾ ਤੋੜਾ ਇਸ ਵਾਕ ਨਾਲ ਟੁਟਦਾ ਹੈ,
“ਜੇ ਜ਼ਿੱਲੇ ਇਲਾਹੀ ਮੁਨਾਸਬ ਖਿਆਲ ਫਰਮਾਉਣ ਤਾਂ ਦੋਹਾਂ ਬੱਚਿਆਂ ਨੂੰ ਆਪਣੇ ਇਸ ਅਦਨਾ ਗੁਲਾਮ ਦੀ ਨਿਗਰਾਨੀ ਵਿਚ ਦੇਣ ਦਾ ਹੁਕਮ ਵੀ ਫਰਮਾ ਸਕਦੇ ਹਨ ਤਾਂ ਜੋ ਬੱਚਿਆਂ ਉਤੇ ਨਜ਼ਰ ਰਹੇ ਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀਆਂ ਸਰਗਰਮੀਆਂ ਤੋਂ ਬਾਜ਼ ਰੱਖਿਆ ਜਾ ਸਕੇ। ਉਨ੍ਹਾਂ ਦੀ ਜਾਨ ਲੈਣਾ ਬਿਲਕੁਲ ਜਾਇਜ਼ ਨਹੀਂ।”
ਇਤਿਹਾਸ ਗਵਾਹ ਹੈ ਕਿ ਨਵਾਬ ਦਾ ਇਹ ‘ਹਾਅ ਦਾ ਨਾਅਰਾ’ ਸਾਹਿਬਜ਼ਾਦਿਆਂ ਨੂੰ ਦਿੱਤੀ ਸਜ਼ਾ ਤਾਂ ਨਹੀਂ ਉਲਟਾ ਸਕਿਆ, ਪਰ ਨਵਾਬ ਸ਼ੇਰ ਖਾਂ ਵਲੋਂ ਕੀਤੇ ਅਹਿਸਾਨ ਦਾ ਸਿੱਖ ਜਗਤ ਸਦਾ ਰਿਣੀ ਰਿਹਾ ਹੈ ਤੇ ਰਹੇਗਾ। ਸਿੱਖ ਸਮਾਜ ਨੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਅਸਥਾਨ ਦੀ ਚੜ੍ਹਦੀ ਦਿਸ਼ਾ ਵਲ ਦਾ ਗੇਟ ਨਵਾਬ ਦੀ ਯਾਦ ਨੂੰ ਸਮਰਪਿਤ ਕੀਤਾ ਹੈ, ਜੋ ਨਵਾਬ ਸ਼ੇਰ ਮੁਹੰਮਦ ਖਾਨ ਦੀ ਆਨ, ਸ਼ਾਨ, ਸਲੀਕੇ ਤੇ ਸ਼ੁਕਰਗੁਜ਼ਾਰੀ ਨੂੰ ਰਹਿੰਦੀ ਦੁਨੀਆਂ ਤੱਕ ਰੌਸ਼ਨ ਕਰਦਾ ਰਹੇਗਾ।
ਇਹ ਗੱਲ ਵੀ ਕਿਸੇ ਨੂੰ ਭੁੱਲੀ ਹੋਈ ਨਹੀਂ ਕਿ ਸਿੱਖੀ ਮਰਿਆਦਾ ਨੂੰ ਪ੍ਰਣਾਇਆ ਸਾਰਾ ਜਗਤ ਸਮੇਂ ਸਮੇਂ ਮਲੇਰਕੋਟਲੇ ਤੇ ਆਸ ਪਾਸ ਦੀ ਮੁਸਲਿਮ ਵਸੋਂ ਨੂੰ ਕੋਈ ਆਂਚ ਨਹੀਂ ਆਉਣ ਦਿੰਦਾ। ਇਥੇ ਹੀ ਬਸ ਨਹੀਂ, ਸਾਰਾ ਸਿੱਖ ਸੰਸਾਰ ਇਸ ਅਣਲਿਖੀ ਵਚਨਬੱਧਤਾ ‘ਤੇ ਪਹਿਰਾ ਦਿੰਦਾ ਰਿਹਾ ਹੈ ਤੇ ਦਿੰਦਾ ਰਹੇਗਾ। 1947 ਦੀ ਦੇਸ਼ ਵੰਡ ਦਾ ਕਾਲ ਇਸ ਦੀ ਪੁਸ਼ਟੀ ਕਰਦਾ ਹੈ।
ਨਵਾਬ ਦੀ ਖੁੱਲ੍ਹੀ ਚਿੱਠੀ ਦੇ ਪੰਜਾਬੀ ਅਨੁਵਾਦ ਤੋਂ ਪ੍ਰਤੱਖ ਹੈ ਕਿ ਉਰਦੂ ਜ਼ੁਬਾਨ ਦੀ ਮਿੱਠਤ ਤੇ ਸਲੀਕਾ ਕਾਲਜੇ ਠੰਢ ਪਾਉਣ ਵਾਲਾ ਹੈ। ਇਸ ਨੇ ਮੈਨੂੰ ਇਹ ਵੀ ਚੇਤੇ ਕਰਵਾ ਦਿੱਤਾ ਹੈ ਕਿ ਜਦੋਂ ਮੈਂ ਆਰੀਆ ਹਾਈ ਸਕੂਲ, ਖੰਨਾ ਦਾ ਵਿਦਿਆਰਥੀ ਸਾਂ ਤਾਂ ਸਾਨੂੰ ਉਰਦੂ ਪੜ੍ਹਾਉਣ ਵਾਲਾ ਮਾਸਟਰ ਕਿਸ਼ੋਰੀ ਲਾਲ ਸੀ ਤਾਂ ਪੰਡਿਤ, ਪਰ ਉਸ ਨੇ ਛੁੱਟੀ ਦੀ ਅਰਜ਼ੀ ਲਿਖਣ ਲਈ ਜੋ ਜ਼ੁਬਾਨ ਸਾਨੂੰ ਦੱਸੀ ਸੀ, ਉਸ ਅਨੁਸਾਰ ਅਸੀਂ ‘ਜਨਾਬ ਏ ਆਅਲਾ ਦਾਮ ਇਕਬਾਲ ਹੋ’ ਸੰਬੋਧਨੀ ਸ਼ਬਦਾਂ ਤੋਂ ਪਿਛੋਂ ਬੇਨਤੀ ਵਜੋਂ ਲਿਖਦੇ ਸਾਂ ‘ਗੁਜ਼ਾਰਿਸ਼ ਕਮਤਰੀਨ ਕੀ ਯੇਹ ਹੈ ਕਿ ਬੰਦਾ ਬੀਮਾਰੀ ਕੀ ਵਜ੍ਹਾ ਸੇ ਸਕੂਲ ਆਨੇ ਸੇ ਲਾਚਾਰ ਹੈ।’
ਅੱਜ ਦੇ ਮਨੋਵਿਗਿਆਨੀ ਇਸ ਤਰ੍ਹਾਂ ਦੀ ਸ਼ੁਕਰਗੁਜ਼ਾਰੀ ਤੇ ਸਲੀਕੇ ਨੂੰ ਚੰਗੀ ਸਿਹਤ ਦਾ ਨੁਸਖਾ ਦੱਸਦੇ ਹਨ। ਇਥੋਂ ਤੱਕ ਕਿ ਜਦੋਂ ਅੰਗਰੇਜ਼ੀ ਭਾਸ਼ਾ ਨਾ ਜਾਣਨ ਵਾਲੇ ਵੀ ‘ਥੈਂਕ ਯੂ’ ਅਤੇ ‘ਵੈਲਕਮ’ ਸ਼ਬਦ ਵਰਤਦੇ ਹਨ ਤਾਂ ਇਹ ਸ਼ਬਦ ਉਨ੍ਹਾਂ ਨੂੰ ਆਮ ਦਬਾਓ ਤੇ ਪ੍ਰੇਸ਼ਾਨੀ ਤੋਂ ਮੁਕਤ ਕਰਦੇ ਹਨ। ਸਿੱਖ ਸਮਾਜ ਵਲੋਂ ਹਾਅ ਦੇ ਨਾਅਰੇ ਦਾ ਸ਼ੁਕਰਾਨਾ ਵੀ ਏਸੇ ਹੀ ਲੜੀ ਵਿਚ ਆਉਂਦਾ ਹੈ।
ਅੰਤਿਕਾ: ਗੁਮਨਾਮ ਕਵੀ
ਉਰਦੂ ਕਾ ਮੁਸਾਫਿਰ ਹੈ
ਯਹੀ ਪਹਿਚਾਨ ਹੈ ਉਸ ਕੀ,
ਜਿਸ ਰਾਹ ਸੇ ਗੁਜ਼ਰਤਾ ਹੈ
ਸਲੀਕਾ ਛੋੜ ਜਾਤਾ ਹੈ।