ਸਲਮਾਨ ਰਸ਼ਦੀ, ਤਸਲੀਮਾ ਨਸਰੀਨ ਅਤੇ ਸਾਹਿਤ ਦੀ ਦੁਨੀਆਂ

ਪੂਰਬੀ ਪਾਕਿਸਤਾਨ (ਹੁਣ ਬੰਗਲਾਦੇਸ਼) ਵਿਚ 25 ਅਗਸਤ 1966 ਨੂੰ ਜਨਮੀ ਤਸਲੀਮਾ ਨਸਰੀਨ 1994 ਤੋਂ ਮੁਲਕ ਬਦਰ ਹੈ। ਨਾਵਲ ‘ਲੱਜਾ’ ਕਾਰਨ ਕੱਟੜਪੰਥੀਆਂ ਨੇ ਉਸ ਖਿਲਾਫ ਫਤਵਾ ਜਾਰੀ ਕਰ ਦਿੱਤਾ ਸੀ ਅਤੇ ਉਸ ਨੂੰ ਮੁਲਕ ਛੱਡਾ ਪਿਆ ਸੀ। ਉਹ ਭਾਰਤ ਤੇ ਅਮਰੀਕਾ ਸਮੇਤ ਕਈ ਹੋਰ ਮੁਲਕਾਂ ਵਿਚ ਰਹੀ ਪਰ ਉਸ ਨੇ ਆਪਣੀਆਂ ਲਿਖਤਾਂ ਰਾਹੀਂ ਕੱਟੜਤਾ ਦੇ ਖਿਲਾਫ ਅਤੇ ਮਨੁੱਖਤਾ ਤੇ ਔਰਤਾਂ ਦੇ ਹੱਕ ਵਿਚ ਆਵਾਜ਼ ਲਗਾਤਾਰ ਬੁਲੰਦ ਰੱਖੀ।

ਬਹੁਤ ਵਾਰੀ ਉਸ ਦੀ ਤੁਲਨਾ ਸਲਮਾਨ ਰਸ਼ਦੀ ਨਾਲ ਕੀਤੀ ਜਾਂਦੀ ਹੈ, ਜਿਸ ਖਿਲਾਫ ਇਰਾਨ ਨੇ ਫਤਵਾ ਜਾਰੀ ਕੀਤਾ ਸੀ। ਉਂਜ ਤਸਲੀਮਾ ਨਸਰੀਨ ਆਪਣੀ ਤੁਲਨਾ ਸਲਮਾਨ ਰਸ਼ਦੀ ਨਾਲ ਕਰਨ ਵਾਲਿਆਂ ਨੂੰ ਬਾਕਾਇਦਾ ਸਵਾਲ ਪੁੱਛਦੀ ਹੈ। ਇਸ ਲੇਖ ਵਿਚ ਉਸ ਨੇ ਆਪਣੇ, ਆਪਣੀਆਂ ਲਿਖਤਾਂ ਅਤੇ ਸਲਮਾਨ ਰਸ਼ਦੀ ਵਿਚਕਾਰ ਵੱਡੇ ਫਰਕਾਂ ਦਾ ਜ਼ਿਕਰ ਕੀਤਾ ਹੈ, ਜੋ ਅਸੀਂ ਆਪਣੇ ਸੁਘੜ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। -ਸੰਪਾਦਕ

ਤਸਲੀਮਾ ਨਸਰੀਨ
ਅਨੁਵਾਦ: ਭਜਨਬੀਰ ਸਿੰਘ

ਲੋਕ ਮੇਰਾ ਨਾਂ ਸਲਮਾਨ ਰਸ਼ਦੀ ਨਾਲ ਜੋੜ ਦਿੰਦੇ ਹਨ। ਦੇਸ਼-ਵਿਦੇਸ਼ ਸਾਰੀਆਂ ਥਾਵਾਂ ‘ਤੇ। ਇਸ ‘ਤੇ ਮੈਨੂੰ ਇਤਰਾਜ਼ ਹੈ। ਮੇਰਾ ਸਲਮਾਨ ਰਸ਼ਦੀ ਨਾਲ ਕੋਈ ਮੇਲ ਨਹੀਂ। ਮੈਨੂੰ ਅਕਸਰ ਔਰਤ ਰਸ਼ਦੀ ਕਹਿ ਦਿੱਤਾ ਜਾਂਦਾ ਹੈ। ਮੈਂ ਪੁੱਛਦੀ ਹਾਂ, ਲੋਕ ਸਲਮਾਨ ਰਸ਼ਦੀ ਨੂੰ ਮਰਦ ਨਸਰੀਨ ਕਿਉਂ ਨਹੀਂ ਕਹਿੰਦੇ? ਜੇ ਫਤਵੇ ਵਾਲੀ ਛੱਡ ਦਈਏ ਤਾਂ ਸਾਡੇ ਦੋਹਾਂ ਵਿਚਕਾਰ ਕੋਈ ਮੇਲ ਨਹੀਂ ਹੈ। ਰਸ਼ਦੀ ਮਰਦ ਹੈ। ਮੈਂ ਔਰਤ ਹਾਂ। ਇਹੀ ਸਭ ਤੋਂ ਵੱਡਾ ਫਰਕ ਹੈ। ਮਰਦ ਹੋਣ ਕਾਰਨ ਉਹ ਸਹੂਲਤਾਂ ਭੋਗ ਰਿਹਾ ਹੈ। ਔਰਤ ਹੋਣ ਕਾਰਨ ਮੈਂ ਸਹੂਲਤਾਂ ਤੋਂ ਵਿਰਵੀ ਹਾਂ।
ਸਾਡੇ ਵਿਚਕਾਰ ਜੋ ਫਰਕ ਹੈ, ਉਹ ਮੈਂ ਹੁਣ ਇਕ ਇਕ ਕਰਕੇ ਗਿਣਵਾਉਂਦੀ ਹਾਂ। ਫਤਵਾ ਜਾਰੀ ਹੋਣ ਪਿਛੋਂ ਸਲਮਾਨ ਰਸ਼ਦੀ ਨੇ ਕੱਟੜਪੰਥੀਆਂ ਤੋਂ ਮੁਆਫੀ ਮੰਗੀ, ਤੌਬਾ ਕਰਕੇ ਪੱਕਾ ਮੁਸਲਮਾਨ ਬਣੇ ਰਹਿਣ ਦੀ ਸਹੁੰ ਖਾਧੀ। ਮੈਂ ਮੁਆਫੀ ਨਹੀਂ ਮੰਗੀ; ਤੇ ਮੈਂ ਮੁਸਲਮਾਨ ਵੀ ਨਹੀਂ ਬਣਨਾ ਚਾਹੁੰਦੀ। ਮੈਂ ਬਚਪਨ ਤੋਂ ਨਾਸਤਿਕ ਹਾਂ। ਹਨੇਰੀ ਆਏ, ਤੂਫਾਨ ਆਏ; ਮੈਂ ਸਿਰ ਉਚਾ ਕਰਕੇ ਨਾਸਤਿਕ ਬਣੀ ਰਹੀ ਹਾਂ।
ਜਿਸ ਇਰਾਨ ਨੇ ਸਲਮਾਨ ਰਸ਼ਦੀ ਦੇ ਖਿਲਾਫ ਫਤਵਾ ਜਾਰੀ ਕੀਤਾ ਸੀ, ਉਸ ਮੁਲਕ ਵਿਚ ਉਹ ਕਦੇ ਨਹੀਂ ਰਿਹਾ ਪਰ ਜਿਸ ਮੁਲਕ ਵਿਚ ਮੈਨੂੰ ਫਾਂਸੀ ਉਤੇ ਚੜ੍ਹਾਉਣ ਦੇ ਮਕਸਦ ਨਾਲ ਸਾਲਾਂ ਬੱਧੀ ਜਨੂੰਨੀਆਂ ਦਾ ਜਲੂਸ ਨਿਕਲਦਾ ਰਿਹਾ, ਜਿਸ ਮੁਲਕ ਦੇ ਕੱਟੜਪੰਥੀ ਮੇਰੀ ਧੌਣ ਮਰੋੜਨ ‘ਤੇ ਤੁਲੇ ਹੋਏ ਸਨ, ਜਿਥੋਂ ਦੀ ਸਰਕਾਰ ਨੇ ਖੁਦ ਮੇਰੇ ਖਿਲਾਫ ਅਪੀਲ ਕੀਤੀ, ਜਿਥੇ ਮੇਰਾ ਹੁਲੀਆ ਜਾਰੀ ਕੀਤਾ ਗਿਆ, ਮੈਂ ਉਸ ਮੁਲਕ ਦੇ ਭੜਕਾਏ ਮਾਹੌਲ ‘ਚ ਰਾਤ ਦੇ ਹਨੇਰੇ ਵਿਚ ਲੁਕ ਕੇ ਰਹੀ। ਇਕ ਪਾਸੇ ਸਰਕਾਰ ਅਤੇ ਕੱਟੜਪੰਥੀ, ਦੂਜੇ ਪਾਸੇ ਮੈਂ। ਇਕੱਲੀ।
ਸਲਮਾਨ ਰਸ਼ਦੀ ਦਾ ਮੁਲਕ ਇੰਗਲੈਂਡ ਹੈ। ਫਤਵੇ ਕਾਰਨ ਉਹਨੂੰ ਉਥੇ ਕਿਸੇ ਨੇ ਪੀੜਤ ਨਹੀਂ ਕੀਤਾ। ਮੁਲਕ ਵਿਚੋਂ ਨਿਕਾਲੇ ਦੀ ਸਜ਼ਾ ਨਹੀਂ ਦਿੱਤੀ ਗਈ। ਉਹ ਜਿਥੋਂ ਦਾ ਸੀ, ਉਥੇ ਹੀ ਰਿਹਾ। ਮੇਰੇ ਖਿਲਾਫ ਬੰਗਲਾਦੇਸ਼ ਵਿਚ ਪੰਜ ਅਤੇ ਭਾਰਤ ਵਿਚ ਤਿੰਨ ਫਤਵੇ ਜਾਰੀ ਹੋਏ। ਸਭ ਵਿਚ ਮੇਰੇ ਸਿਰ ਦਾ ਮੁੱਲ ਐਲਾਨਿਆ ਗਿਆ। ਲਿਖਣ ਕਾਰਨ ਮੈਨੂੰ ਦੋ ਮੁਲਕਾਂ ਵਿਚੋਂ ਬਾਹਰ ਕੱਢ ਦਿੱਤਾ ਗਿਆ। ਰਸ਼ਦੀ ਦੀ ਇਕ ਕਿਤਾਬ ‘ਤੇ ਪਾਬੰਦੀ ਹੈ, ਮੇਰੀ ਪੰਜ ਕਿਤਾਬਾਂ ‘ਤੇ ਪਾਬੰਦੀ ਹੈ: ਲੱਜਾ, ਮੇਰਾ ਬਚਪਨ, ਉਤਾਲ ਹਵਾ, ਦ੍ਰਿਖੰਡਿਤ ਤੇ ਸਾਰਾ ਅੰਧਕਾਰ।
ਸਲਮਾਨ ਰਸ਼ਦੀ ਨਿੱਜੀ ਜੀਵਨ ਵਿਚ ਜਗੀਰੂ (ਫਿਊਡਲ) ਹੈ। ਮੈਂ ਉਸ ਦੇ ਐਨ ਉਲਟ ਹਾਂ। ਰਸ਼ਦੀ ਇਕ ਤੋਂ ਬਾਅਦ ਇਕ ਕੁੜੀਆਂ ਨੂੰ ਲੱਭਦਾ, ਭੋਗਦਾ ਅਤੇ ਫਿਰ ਛੱਡ ਦਿੰਦਾ ਹੈ। ਬੁੱਢੀ ਉਮਰ ਵਿਚ ਉਸ ਦੀ ਯੌਨ ਹਵਸ ਨੂੰ ਕੋਈ ਵਿਗਾੜ ਵਜੋਂ ਨਹੀਂ ਦੇਖਦਾ ਸਗੋਂ ਉਸ ਨੂੰ ਜ਼ਿਆਦਾ ਸਮਰੱਥ, ਸੁੰਦਰ, ਪ੍ਰੇਮੀ ਦੇ ਰੂਪ ਵਿਚ ਮਾਣ ਦਿੱਤਾ ਜਾਂਦਾ ਹੈ ਅਤੇ ਯੌਨ ਭੋਗੀ ਹੋਣੀ ਕਰਕੇ ਉਹ ਮਰਦਾਂ ਲਈ ਈਰਖਾ ਦਾ ਕਾਰਨ ਬਣਿਆ ਹੋਇਆ ਹੈ। ਮੈਂ ਮਰਦ ਸਾਥੀ ਤੋਂ ਬਿਨਾਂ ਜੀਵਨ ਗੁਜ਼ਾਰਦੀ ਹਾਂ ਪਰ ਮੇਰੀ ਯੌਨਿਕਤਾ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਕਿੱਸੇ ਕਹਾਣੀਆਂ ਲਿਖੇ ਜਾਂਦੇ ਹਨ। ਮੈਨੂੰ ਵੇਸਵਾ ਅਤੇ ਵਿਗੜੀ ਹੋਈ ਔਰਤ ਕਹਿਣ ਦੱਸਣ ਵਾਲਿਆਂ ਦੀ ਘਾਟ ਨਹੀਂ ਹੈ।
ਮੈਂ ਜਦੋਂ ਦਾ ਲਿਖਣਾ ਸ਼ੁਰੂ ਕੀਤਾ ਹੈ, ਲੋਕਾਂ ਦੀ ਨਿੰਦਾ ਸੁਣਦੀ ਆ ਰਹੀ ਹਾਂ। ਇਸਤਰੀ ਯੌਨ ਆਜ਼ਾਦੀ ਦਾ ਪ੍ਰਸ਼ਨ ਚੁੱਕ ਕੇ ਜਿਵੇਂ ਮੈਂ ਸਮਾਜ ਦੀ ਦੁਸ਼ਮਣੀ ਮੁੱਲ ਲੈ ਲਈ ਹੋਵੇ। ਮਰਦ ਯੌਨ ਜੀਵਨ ਦਾ ਉਪਭੋਗ ਕਰ ਸਕਦਾ ਹੈ। ਜੇ ਔਰਤ ਇੰਜ ਕਰਦੀ ਹੈ ਜਾਂ ਅਜਿਹਾ ਕਰਨ ਦੇ ਅਧਿਕਾਰ ਦੀ ਗੱਲ ਕਰਦੀ ਜਾਂ ਲਿਖਦੀ ਹੈ ਤਾਂ ਉਹ ‘ਵੇਸਵਾ’ ਹੈ।
ਰਸ਼ਦੀ ਅਤੇ ਮੇਰੇ ਵਿਚਕਾਰ ਇਕ ਹੋਰ ਵਚਿੱਤਰ ਮੇਲ ਜਾਂ ਫਰਕ ਇਹ ਹੈ ਕਿ ਜਿਹੜੇ ਸਲਮਾਨ ਰਸ਼ਦੀ ਨੂੰ ਚੰਗਾ ਲੇਖਕ ਮੰਨਦੇ ਹਨ, ਉਨ੍ਹਾਂ ਵਿਚੋਂ ਜ਼ਿਆਦਾਤਰ ਨੇ ਉਸ ਦਾ ਲਿਖਿਆ ਪੜ੍ਹਿਆ ਨਹੀਂ ਹੈ; ਤੇ ਜਿਹੜੇ ਲੋਕ ਮੈਨੂੰ ਖਰਾਬ ਲੇਖਕ ਮੰਨਦੇ ਹਨ, ਉਨ੍ਹਾਂ ਵਿਚੋਂ ਵੀ ਜ਼ਿਆਦਾਤਰ ਨੇ ਮੇਰਾ ਲਿਖਿਆ, ਪੜ੍ਹਿਆ ਨਹੀਂ ਹੈ।
ਇਰਾਨ ਤੋਂ ਫਤਵਾ ਜਾਰੀ ਹੋਣ ਪਿਛੋਂ ਸਲਮਾਨ ਰਸ਼ਦੀ ਮਸ਼ਹੂਰ ਨਾਂ ਹੋ ਗਿਆ, ਜਦਕਿ ਮੇਰੇ ਸਿਰ ਦੀ ਕੀਮਤ ਐਲਾਨੇ ਜਾਣ ਪਿਛੋਂ ਬੰਗਲਾਦੇਸ਼ ਅਤੇ ਭਾਰਤ ਦੀ ਸੀਮਾ ‘ਤੇ ਕੁਝ ਲੋਕਾਂ ਨੂੰ ਮੇਰਾ ਨਾਂ ਪਤਾ ਲੱਗਾ। ਜਿਸ ਵੇਲੇ ਮੈਂ ਬੰਗਲਾਦੇਸ਼ ਵਿਚ ਨਜ਼ਰਬੰਦ ਸੀ, ਉਸ ਵੇਲੇ ਮੇਰੇ ਪੱਖ ਵਿਚ ਖੁੱਲ੍ਹੀ ਚਿੱਠੀ ਲਿਖ ਕੇ ਅੰਦੋਲਨ ਚਲਾਉਣ ਵਾਲੇ ਯੂਰਪੀ ਲੇਖਕਾਂ ਵਿਚ ਸਲਮਾਨ ਰਸ਼ਦੀ ਵੀ ਸੀ ਪਰ ਮੁਲਕ ਵਿਚੋਂ ਨਿਕਾਲੇ ਦੌਰਾਨ ਇਕ ਜਰਮਨ ਰਸਾਲੇ ਵਿਚ ਛਪਿਆ ਮੇਰਾ ਬਿਆਨ ਪੜ੍ਹ ਕੇ ਉਹ ਅੱਗ-ਬਬੂਲਾ ਹੋ ਉਠਿਆ। ਇਸ ਰਸਾਲੇ ਵਿਚ ਮੈਂ ਨਿਰਾਸ਼ਾ ਪ੍ਰਗਟ ਕਰਦਿਆਂ ਕਿਹਾ ਸੀ ਕਿ ਜੇ ਫਤਵੇ ਦੇ ਡਰ ਨਾਲ ਸਲਮਾਨ ਰਸ਼ਦੀ ਨੇ ਮੁਆਫੀ ਮੰਗੀ ਹੈ ਤਾਂ ਇਸ ਉਸ ਦੀ ਕਾਇਰਤਾ ਹੈ।
ਇਕ ਵਕਤ ਸੀ, ਰਸ਼ਦੀ ਨਿਊ ਯਾਰਕ ਸ਼ਹਿਰ ਵਿਚ ਰਹਿੰਦਾ ਸੀ, ਮੈਂ ਵੀ ਉਥੇ ਹੀ ਰਹਿੰਦੀ ਸਾਂ ਪਰ ਸਾਡੇ ਦੋਵਾਂ ਵਿਚ ਮੁਲਾਕਾਤ ਨਹੀਂ ਹੋਈ। ਉਹ ਅਮਰੀਕੀ ਕਵੀਆਂ, ਲੇਖਕਾਂ ਦੇ ਵੱਡੇ ਸੰਗਠਨ (ਪੈੱਨ ਕਲੱਬ) ਦਾ ਪ੍ਰਧਾਨ ਹੈ। ਇਹ ਸੰਗਠਨ ਲੇਖਕ ਦੇ ਵਿਚਾਰਾਂ ਦੀ ਆਜ਼ਾਦੀ ਦੀ ਗੱਲ ਕਰਦਾ ਹੈ, ਸਮਾਗਮ ਰਚਾਉਂਦਾ ਹੈ। ਸਲਮਾਨ ਰਸ਼ਦੀ ਜਾਣਦਾ ਸੀ ਕਿ ਮੈਂ ਭਾਰਤ ਵਿਚ ਸਮਾਂ ਸੀਮਾ ਖਤਮ ਹੋਣ ਤੋਂ ਬਾਅਦ ਨਿਊ ਯਾਰਕ ਪੁੱਜੀ ਸਾਂ। ਮੇਰੀ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ‘ਤੇ ਜਿਹੜਾ ਹਮਲਾ ਹੋਇਆ ਹੈ, ਉਹਦੇ ਪਿੱਛੇ ਨਫਰਤ ਅਤੇ ਬੇਯਕੀਨੀ ਹੈ। ਬੰਗਲਾਦੇਸ਼ ਵਿਚ ਮੇਰੀਆਂ ਸਾਰੀਆਂ ਕਿਤਾਬਾਂ ਉਤੇ ਸਮਾਜਿਕ ਭਾਵ ਨਾਲ ਨਹੀਂ, ਸਰਕਾਰੀ ਤੌਰ ‘ਤੇ ਪਾਬੰਦੀ ਹੈ। ਕੇਵਲ ਬੰਗਲਾਦੇਸ਼ ਤੋਂ ਹੀ ਨਹੀਂ, ਪੱਛਮੀ ਬੰਗਾਲ ਤੋਂ ਵੀ ਮੈਨੂੰ ਕੱਢਿਆ ਜਾ ਚੁੱਕਾ ਹੈ। ਇਹੀ ਨਹੀਂ; ਮੁਲਕ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਸਾਢੇ ਸੱਤ ਮਹੀਨੇ ਤੱਕ ਮੈਨੂੰ ਦਿੱਲੀ ਅਤੇ ਕੋਲਕਾਤਾ ਵਿਚ ਨਜ਼ਰਬੰਦੀ ਦੀ ਹਾਲਤ ਵਿਚ ਰੱਖਿਆ ਗਿਆ ਪਰ ਮੇਰੇ ਇਸ ਇਤਿਹਾਸ ਨੂੰ ਛਲ, ਤਾਕਤ, ਫਰੇਬ, ਚਲਾਕੀ ਨਾਲ ਨਾ ਕਬੂਲਦਿਆਂ ਹੋਇਆਂ ਸਲਮਾਨ ਰਸ਼ਦੀ ਚੁੱਪ ਹੈ, ਇਹਦਾ ਵਿਰੋਧ ਨਹੀਂ ਕਰ ਰਿਹਾ ਅਤੇ ਆਪਣੀ ਚੌਧਰ ਦਾ ਜਸ਼ਨ ਮਨਾ ਰਿਹਾ ਹੈ।
ਉਹ ਜੋ ਚਾਹੁੰਦਾ ਹੈ, ਕਰਦਾ ਹੈ। ਉਸ ਦੇ ਸੁਰੱਖਿਆ ਕਰਮਚਾਰੀਆਂ ਵਿਚੋਂ ਇਕ ਨੇ ਉਹਦੇ ਖਿਲਾਫ ਕਿਤਾਬ ਲਿਖੀ ਹੈ। ਉਸ ਨੇ ਪ੍ਰਕਾਸ਼ਕਾਂ ਨਾਲ ਗੱਲ ਕਰਕੇ ਇਸ ਕਿਤਾਬ ਨੂੰ ਨਾ ਛਪਣ ਦੇਣ ਪ੍ਰਬੰਧ ਕਰ ਲਿਆ ਹੈ। ਨਾਲ ਇਹ ਵੀ ਕਹੀ ਜਾਂਦਾ ਹੈ ਕਿ ਲੇਖਕ ਨੂੰ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ।
ਰਸ਼ਦੀ ਸੱਤਰਾਂ ਨੂੰ ਪਾਰ ਕਰ ਚੁੱਕਾ ਹੈ। ਉਹ ਕੁੜੀਆਂ ਵੱਲ ਲਲਚਾਈਆਂ ਨਜ਼ਰਾਂ ਨਾਲ ਦੇਖਦਾ ਹੈ। ਕੁੜੀਆਂ ਉਸ ‘ਤੇ ਇਲਜ਼ਾਮ ਲਾ ਚੁੱਕੀਆਂ ਹਨ ਕਿ ਰਸ਼ਦੀ ਉਨ੍ਹਾਂ ਨੂੰ ਯੌਨ ਵਸਤੂ ਤੋਂ ਇਲਾਵਾ ਹੋਰ ਕੁਝ ਨਹੀਂ ਸਮਝਦਾ। ਤਦ ਵੀ ਉਹਦੇ ਵਲ ਲੋਕਾਂ ਵਿਚ ਘ੍ਰਿਣਾ ਪੈਦਾ ਨਹੀਂ ਹੁੰਦੀ। ਇਸ ਪ੍ਰਚੰਡ ਮਰਦਵਾਦੀ ਲੇਖਕ ਦਾ ਬਹੁਤ ਵੱਡਾ ਨਾਂ ਹੈ। ਇਸ ਲਈ ਫਤਵੇ ਨੂੰ ਛੱਡ ਕੇ ਉਸ ਨਾਲ ਮੇਰਾ ਹੋਰ ਕੋਈ ਮੇਲ ਨਹੀਂ ਹੈ।
ਦੁਨੀਆਂ ਦੇ ਹਰ ਧਰਮ ਪ੍ਰਤੀ ਮੇਰੇ ਮਨ ਵਿਚ ਬੇਯਕੀਨੀ ਹੈ। ਮੈਂ ਲੰਮੇ ਸਮੇਂ ਤਕ ਧਰਮ ਵਿਚ ਅੰਨ੍ਹੇ ਲੋਕਾਂ ਅਤੇ ਤਾਕਤਵਰ ਸਰਕਾਰ ਦੇ ਅਤਿਆਚਾਰ ਸਹਿਣ ਕੀਤੇ ਹਨ। ਮੈਨੂੰ ਬੇਘਰ ਹੋ ਕੇ ਵਿਦੇਸ਼ ਵਿਚ ਇਕੱਲੀ ਰਹਿ ਕੇ ਖੁਦ ਨੂੰ ਬਚਾਉਣ ਲਈ ਦਿਨ-ਬ-ਦਿਨ ਸੰਘਰਸ਼ ਕਰਨਾ ਪੈ ਰਿਹਾ ਹੈ- ਜੇ ਕੋਈ ਨਾਲ ਹੈ ਤਾਂ ਉਹ ਹੈ ਮੇਰਾ ਆਦਰਸ਼ ਅਤੇ ਵਿਸ਼ਵਾਸ। ਇਹ ਸਭ ਨਜ਼ਰ ਅੰਦਾਜ਼ ਕਰਨ ਵਾਲੀ ਚੀਜ਼ ਨਹੀਂ ਹੈ।
ਧਰਮ ਮੁਕਤ, ਮਜਬੂਰੀ ਰਹਿਤ, ਬਰਾਬਰ ਹੱਕਾਂ ਵਾਲੇ ਸਮਾਜ ਦੀ ਖਾਤਰ ਮੈਂ ਜੋ ਸੰਘਰਸ਼ ਕਰ ਰਹੀ ਹਾਂ ਉਹ ਜੇ ਕਿਸੇ ਨੂੰ ਨਹੀਂ ਦਿਸਦਾ ਤਾਂ ਉਹ ਚਾਹੇ ਜਿੰਨਾ ਵੀ ਮਰਜ਼ੀ ਵੱਡਾ ਲੇਖਕ ਜਾਂ ਕਲਾਕਾਰ ਕਿਉਂ ਨਾ ਹੋਵੇ, ਮੇਰੇ ਆਦਰਸ਼ ਦੇ ਨੇੜੇ ਆਉਣ ਦੀ ਉਸ ਵਿਚ ਯੋਗਤਾ ਨਹੀਂ ਹੈ।