ਸੁੱਚੇ ਲਾਂਘੇ ਤੋਂ ਬਾਹਰ ਦਾ ਪਾਕਿਸਤਾਨ

ਹਿੰਦੋਸਤਾਨ ਅਤੇ ਪਾਕਿਸਤਾਨ ਵਿਚਕਾਰ ਕਰਤਾਰਪੁਰ ਲਾਂਘੇ ਬਾਰੇ ਬਣ ਰਹੇ ਰਾਬਤੇ ਦੇ ਬਹਾਨੇ ਉਘੇ ਲੇਖਕ ਗੁਲਜ਼ਾਰ ਸਿੰਘ ਸੰਧੂ ਨੇ ਪਾਕਿਸਤਾਨ ਦੌਰਿਆਂ ਨਾਲ ਜੁੜੀਆਂ ਆਪਣੀਆਂ ਕੁਝ ਯਾਦਾਂ ਫਰੋਲੀਆਂ ਹਨ। ਇਨ੍ਹਾਂ ਯਾਦਾਂ ਵਿਚ ਦੋਹਾਂ ਪੰਜਾਬਾਂ ਦੇ ਲੋਕਾਂ ਦਾ ਆਪਸੀ ਮੋਹ-ਮੁਹੱਬਤ ਠਾਠਾਂ ਮਾਰਦਾ ਦਿਸਦਾ ਹੈ। ਇਹ ਯਾਦਾਂ ਦੋਹੀਂ ਪਾਸੀਂ ਵੱਸਦੇ ਲੋਕਾਂ ਦਾ ਪੈਗਾਮ-ਏ-ਮੁਹੱਬਤ ਹਨ, ਜੋ ਦੋਹਾਂ ਮੁਲਕਾਂ ਵਿਚ ‘ਦੁਸ਼ਮਣੀ’ ਦੇ ਬਾਵਜੂਦ ਇਕ-ਦੂਜੇ ਦਾ ਸਾਥ ਬਣਦਾ ਹੈ।

-ਸੰਪਾਦਕ

ਗੁਲਜ਼ਾਰ ਸਿੰਘ ਸੰਧੂ

ਸੰਨ ਸੰਤਾਲੀ ਵਿਚ ਹਿੰਦੋਸਤਾਨ ਦੇ ਦੋ ਟੁਕੜੇ ਹੋ ਗਏ, ਪਰ ਵੰਡ ਦੀ ਲਕੀਰ ਦੋਹਾਂ ਮੁਲਕਾਂ ਦੇ ਆਵਾਮ ਦੇ ਆਪਸੀ ਮੋਹ ਨੂੰ ਵੰਡ ਨਾ ਸਕੀ। ਇਹ ਲੇਖ ਪਾਕਿਸਤਾਨ ਦੀਆਂ ਵੱਖ ਵੱਖ ਯਾਤਰਾਵਾਂ ਸਮੇਂ ਉਥੋਂ ਦੇ ਬਾਸ਼ਿੰਦਿਆਂ ਵਲੋਂ ਮਿਲੇ ਮੋਹ ਤੇ ਮਾਣ ਸਤਿਕਾਰ ਦਾ ਜ਼ਿਕਰ ਕਰਦਿਆਂ ਵੰਡ ਵੇਲੇ ਮਿਲੇ ਜ਼ਖਮਾਂ ਦੇ ਬਾਵਜੂਦ ਆਪਸੀ ਸਾਂਝ ਦਾ ਸੁਨੇਹਾ ਦਿੰਦਾ ਹੈ।
ਮੈਂ ਪਾਕਿਸਤਾਨ ਤੇ ਓਥੋਂ ਦੇ ਵਸਨੀਕਾਂ ਨੂੰ ਕਈ ਰੂਪਾਂ ਵਿਚ ਵੇਖਿਆ ਹੈ: 1947 ਵਿਚ ਏਧਰਲੇ ਪੰਜਾਬ ਤੋਂ ਓਧਰ ਜਾਂਦਿਆਂ ਨੂੰ ਹਿੰਦੂ-ਸਿੱਖਾਂ ਹੱਥੋਂ ਬੇਰਹਿਮੀ ਨਾਲ ਕਤਲ ਹੁੰਦਿਆਂ ਵੀ, ਤੇ 1965 ਦੀ ਭਾਰਤ-ਪਾਕਿਸਤਾਨ ਜੰਗ ਸਮੇਂ ਭਾਰਤੀ ਸੈਨਾ ਵਲੋਂ ਜਿੱਤੇ ਪਿੰਡਾਂ ਵਿਚ ਆਪਣੇ ਘਰਾਂ ਦੇ ਦਰ ਦਰਵਾਜੇ ਖੁੱਲ੍ਹੇ ਛੱਡ ਕੇ ਸੁਰੱਖਿਅਤ ਥਾਂਵਾਂ ‘ਤੇ ਜਾ ਕੇ ਸ਼ਰਨ ਲੈਂਦਿਆਂ ਵੀ; 1971 ਦੀ ਜੰਗ ਤੋਂ ਅੱਗੇ-ਪਿੱਛੇ ਰਾਵੀ ਪਾਰ ਤੋਂ ਤੈਰ ਕੇ ਏਧਰਲੇ ਪੰਜਾਬੀਆਂ ਲਈ ਕਿੰਨੂ-ਸੰਗਤਰੇ ਲਿਆ ਕੇ ਉਨ੍ਹਾਂ ਬਦਲੇ ਰੰਮ ਦੀਆਂ ਬੋਤਲਾਂ ਲੈ ਕੇ ਜਾਂਦਿਆਂ ਵੀ; ਉਸ ਪਿੱਛੋਂ 1998 ਵਿਚ ਲਾਹੌਰ, ਕਸੂਰ, ਲਾਇਲਪੁਰ (ਫੈਸਲਾਬਾਦ), ਨਨਕਾਣਾ ਸਾਹਿਬ, ਰਾਵਲਪਿੰਡੀ (ਇਸਲਾਮਾਬਾਦ), ਕੋਹਮਰੀ ਤੇ ਮੁਲਤਾਨ ਵੀ। ਹੁਣ ਕਰਤਾਰਪੁਰ ਸਾਹਿਬ ਦੇਖਣ ਦੀ ਸੰਭਾਵਨਾ ਬਣ ਗਈ ਹੈ। ਦੇਖੋ, ਇਸ ਦਾ ਸਬੱਬ ਕਿਵੇਂ ਬਣਦਾ ਹੈ।
ਹੁਣ ਤੱਕ ਵੇਖੇ ਦੀ ਗੱਲ ਕਰਦੇ ਹਾਂ।
ਸੰਨ ਸੰਤਾਲੀ ਦਾ ਕਤਲੇਆਮ ਇਤਿਹਾਸ ਦਾ ਅੰਗ ਬਣ ਚੁਕਾ ਹੈ। 1965 ਵਿਚ ਮੈਂ ਤੇ ਮੇਰਾ ਕਵੀ ਮਿੱਤਰ ਤਾਰਾ ਸਿੰਘ (ਕਾਮਿਲ) ਭਾਰਤੀ ਫੌਜ ਵਲੋਂ ਜਿੱਤੇ ਗਏ ਇਲਾਕੇ ਦੇਖਣ ਪੰਜਾਬ ਆਏ। ਮੇਰੀ ਦਿੱਲੀ ਦੀ ਜਾਣੂ ਡਾ. ਸੁਰਜੀਤ ਕੌਰ ਪੰਨੂੰ ਆਪਣੇ ਜੱਦੀ ਪਿੰਡ ਨੌਸ਼ਹਿਰਾ ਪੰਨੂਆਂ ਗਈ ਹੋਈ ਸੀ। ਤਰਨਤਾਰਨ ਦੀ ਤਹਿਸੀਲ ਦਾ ਇਹ ਪਿੰਡ ਦੋਹਾਂ ਮੁਲਕਾਂ ਦੀ ਸਰਹੱਦ ਦੇ ਨੇੜੇ ਸੀ। ਨੌਸ਼ਹਿਰਾ ਪੰਨੂਆਂ ਵਿਚ ਰਾਤ ਦਾ ਖਾਣਾ ਖਾਂਦਿਆਂ ਡਾ. ਪੰਨੂੰ ਦਾ ਭਰਾ ਗੁਰਬਚਨ ਸਿੰਘ ਮੇਰੇ ਮਿੱਤਰ ਤਾਰਾ ਸਿੰਘ ਦੇ ਰੌਣਕੀ ਸੁਭਾਅ ਤੋਂ ਏਨਾ ਪ੍ਰਭਾਵਿਤ ਹੋਇਆ ਕਿ ਉਸ ਦਾ ਵੀ ਜਿੱਤੇ ਹੋਏ ਪਿੰਡ ਵੇਖਣ ਨੂੰ ਜੀਅ ਕਰ ਆਇਆ। ਅਸੀਂ ਚਾਰੇ ਇਹ ਪਿੰਡ ਦੇਖਣ ਤੁਰ ਪਏ।
ਰਸਤੇ ਵਿਚ ਅਸੀਂ ਪਾਕਿਸਤਾਨੀ ਫੌਜ ਦੇ ਰੁੱਖਾਂ ਵਿਚ ਫਸੇ ਜਾਂ ਖੂਹਾਂ ਟੋਭਿਆਂ ਵਿਚ ਧਸੇ ਹੋਏ ਪੈਟਨ ਟੈਂਕ ਹੀ ਨਹੀਂ ਵੇਖੇ, ਉਨ੍ਹਾਂ ਦੇ ਚਾਲਕਾਂ ਦੀਆਂ ਫੌਜੀ ਬੂਟਾਂ ਵਾਲੀਆਂ ਲੱਤਾਂ ਬਾਹਵਾਂ ਵੀ ਤੱਕੀਆਂ। ਪਿੰਡਾਂ ਦੇ ਘਰਾਂ ਦੇ ਦਰਵਾਜੇ ਖੁੱਲ੍ਹੇ ਸਨ ਤੇ ਉਨ੍ਹਾਂ ਵਿਚਲਾ ਸਮਾਨ ਖੇਰੂੰ ਖੇਰੂੰ। ਸਭ ਦਰ ਦੀਵਾਰਾਂ ਢੱਠੀਆਂ ਪਈਆਂ ਸਨ। ਗਲੀਆਂ ਤੇ ਬਾਜ਼ਾਰਾਂ ਵਿਚ ਪਾੜ੍ਹੇ ਬਾਲਕਾਂ ਦੀਆਂ ਫੱਟੀਆਂ, ਸਲੇਟਾਂ ਅਤੇ ਕਾਪੀਆਂ ‘ਤੇ ਲਿਖੇ ਲੇਖ ਮਜ਼ਮੂਨ ਵੀ ਪੜ੍ਹੇ। ਕੁਝ ਘਰਾਂ ਵਿਚ ਉਹ ਬਜੁਰਗ ਵੀ ਮਿਲੇ, ਜਿਨ੍ਹਾਂ ਨੂੰ ਉਨ੍ਹਾਂ ਦੀ ਔਲਾਦ ਚੁੱਕ ਕੇ ਸੁਰੱਖਿਅਤ ਥਾਂਵਾਂ ‘ਤੇ ਨਹੀਂ ਸੀ ਲਿਜਾ ਸਕੀ। ਉਨ੍ਹਾਂ ਦੀ ਦੇਖ-ਭਾਲ ਭਾਰਤੀ ਫੌਜੀ ਕਰ ਰਹੇ ਸਨ। ਸਾਡੇ ਮਨਾਂ ਵਿਚ ਉਜਾੜੇ ਦਾ ਦੁੱਖ ਤਾਂ ਸੀ ਪਰ ਅਸੀਂ ਸਾਰੇ ਹੀ ਭਾਰਤੀ ਸੈਨਿਕਾਂ ਦੇ ਬਲਿਹਾਰੇ ਜਾ ਰਹੇ ਸਾਂ, ਜਿਨ੍ਹਾਂ ਨੇ ਦੁਸ਼ਮਣ ਫੌਜ ਨੂੰ ਵੱਡੀ ਭਾਂਜ ਦਿੱਤੀ ਸੀ। ਲਾਹੌਰ ਵਲੋਂ ਅੰਮ੍ਰਿਤਸਰ ਨੂੰ ਪਰਤਦੇ ਸਮੇਂ ਅਸੀਂ ਅਟਾਰੀ ਵਿਖੇ ਸ਼ਾਮ ਸਿੰਘ ਅਟਾਰੀ ਦੀ ਸਮਾਧ ਵੇਖਣ ਲੱਗੇ ਤਾਂ ਸਾਡੀ ਨਜ਼ਰ ਸਮਾਧ ‘ਤੇ ਲਿਖੇ ਇਨ੍ਹਾਂ ਬੰਦਾਂ ਉਤੇ ਪਈ:
ਆਈਆਂ ਪਲਟਣਾਂ ਬੀੜ ਕੇ ਤੋਪਖਾਨੇ
ਅੱਗੋਂ ਸਿੰਘਾਂ ਨੇ ਪਾਸੜੇ ਤੋੜ ਸੁੱਟੇ।
ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ
ਬੰਨ੍ਹ ਸ਼ਸਤਰੀ ਜੋੜ ਵਿਛੋੜ ਸੁੱਟੇ।
ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ
ਹੱਲੇ ਤਿੰਨ ਫਰੰਗੀ ਦੇ ਮੋੜ ਸੁੱਟੇ।
ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ
ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ।
ਸੇਵਾ ਸਿੰਘ ਤੇ ਮਾਖੇ ਖਾਂ ਦੀ ਸਾਂਝ ਨੇ ਮੇਰਾ ਭਾਰਤੀ ਫੌਜਾਂ ਦੀ ਜਿੱਤ ਨਾਲ ਚੜ੍ਹਿਆ ਨਸ਼ਾ ਉਤਾਰ ਦਿੱਤਾ ਸੀ। ਕਰਤਾਰਪੁਰ ਦਾ ਲਾਂਘਾ 1965 ਵਾਲੇ ਨਸ਼ੇ ਦਾ ਹੈਂਗਓਵਰ (ਤੋਟ) ਲਾਹੁਣ ਵਾਲਾ ਵੀ ਹੈ।
ਉਂਜ 1965 ਵਾਲੀ ਫੇਰੀ ਮਗਰੋਂ ਮੈਂ ਤੇ ਸੁਰਜੀਤ ਪੰਨੂੰ ਜੀਵਨ ਭਰ ਦੇ ਸਾਥੀ ਬਣ ਗਏ। 1966 ਤੋਂ ਚਲੇ ਆ ਰਹੇ ਹਾਂ। 1971 ਵਾਲਾ ਵਰਤਾਰਾ ਵੀ ਅਸੀਂ ਇਕੱਠਿਆਂ ਵੇਖਿਆ ਤੇ 1998 ਵਿਚ ਰਲ ਕੇ ਪਾਕਿਸਤਾਨ ਵੀ ਗਏ।

1998 ਵਾਲੀ ਫੇਰੀ ਵਿਸਥਾਰ ਮੰਗਦੀ ਹੈ, ਖਾਸ ਕਰ ਕਰਤਾਰਪੁਰ ਸਾਹਿਬ ਵਾਲੇ ਲਾਂਘੇ ਦੇ ਪ੍ਰਸੰਗ ਵਿਚ।
ਅਪਰੈਲ 1998 ਵਿਚ ਗੋਆ ਦੇ ਸਾਬਕਾ ਲੈਫਟੀਨੈਂਟ ਗਵਰਨਰ ਕਰਨਲ ਪ੍ਰਤਾਪ ਸਿੰਘ ਗਿੱਲ ਨੇ ਸੰਤਾਲੀ ਦੀ ਵੰਡ ਸਮੇਂ ਇਕ ਦੂਜੇ ਤੋਂ ਵਿਛੜੇ ਸੱਜਣਾਂ ਤੇ ਪਰਿਵਾਰਾਂ ਨੂੰ ਮਿਲਾਉਣ ਹਿੱਤ ਇੰਡੋ-ਪਾਕਿ ਮਿਲਾਪ ਟਰਸਟ ਕਾਇਮ ਕੀਤਾ ਅਤੇ ਉਸ ਵੇਲੇ ਦੇ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨਾਲ ਪੇਂਡੂ ਸਾਂਝ ਵੀ ਕੱਢ ਲਈ ਸੀ, ਜਿਸ ਨਾਲ ਓਧਰ ਜਾ ਕੇ ਘੁੰਮਣਾ ਫਿਰਨਾ ਸਹਿਲ ਹੋ ਗਿਆ। ਅਸੀਂ ਨਵਾਜ਼ ਸ਼ਰੀਫ ਦੇ ਮਹਿਮਾਨ ਜੁ ਬਣ ਗਏ ਸਾਂ।
ਅਸੀਂ ਚੰਡੀਗੜ੍ਹ ਤੋਂ ਆਪਣੇ ਨਾਲ ਇਕ ਮੋਟਰ ਗਰਾਜ ਦੇ ਮਾਲਕ ਅਮਰ ਸਿੰਘ ਨੂੰ ਲੈ ਕੇ ਜਾਣਾ ਸੀ, ਜੋ ਦੇਸ਼ ਵੰਡ ਸਮੇਂ ਛੇ ਮਹੀਨੇ ਦਾ ਸੀ ਤੇ ਆਪਣਾ ਜਨਮ ਸਥਾਨ ਦੇਖ ਕੇ ਆਉਣਾ ਚਾਹੁੰਦਾ ਸੀ। ਕੁਰੂਕਸ਼ੇਤਰ ਵਾਲੀ ਧਰਮ ਕੌਰ ਆਪਣੀ ਧੀ ਨੂੰ ਮਿਲਣਾ ਚਾਹੁੰਦੀ ਸੀ, ਜੋ ਵੰਡ ਸਮੇਂ ਚਾਰ ਸਾਲ ਦੀ ਸੀ। ਧਰਮ ਕੌਰ ਹਫੜਾ-ਦਫੜੀ ਵਿਚ ਉਸ ਨੂੰ ਆਪਣੀ ਨਰਸ ਸਹੇਲੀ ਕੋਲ ਛੱਡ ਆਈ ਸੀ। ਉਸ ਨੇ ਹੀ ਪਾਲੀ ਤੇ ਵਿਆਹੀ ਸੀ ਅਤੇ ਸ਼ੇਖੂਪੁਰਾ ਦੇ ਮੁਸਲਮਾਨ ਵਪਾਰੀਆਂ ਦੀ ਨੂੰਹ ਬਣ ਚੁਕੀ ਸੀ। ਪਾਣੀਪਤ ਵਾਲਾ ਨਿਰੰਜਣ ਸਿੰਘ ਆਪਣੀ ਭੈਣ ਨੂੰ ਮਿਲਣਾ ਚਾਹੁੰਦਾ ਸੀ, ਜਿਸ ਨੂੰ ਓਧਰ ਹੀ ਰਹਿਣਾ ਪੈ ਗਿਆ ਸੀ। ਉਹ ਵੀ ਸ਼ੇਖੂਪੁਰੇ ਸੀ। ਕਰਨਲ ਗਿੱਲ ਕੋਲ ਗੁਰਮਿੰਦਰ ਸਿੰਘ ਨਾਂ ਦਾ ਕਾਰ ਸੇਵਕ ਪਹਿਲਾਂ ਹੀ ਪਹੁੰਚ ਚੁਕਾ ਸੀ। ਮੁਸਲਮਾਨ ਮਾਪਿਆਂ ਦੇ ਘਰ ਜੰਮਿਆ ਸੀ, ਪਰ ਵੰਡ ਸਮੇਂ ਏਧਰ ਰਹਿ ਗਿਆ ਤੇ ਵੰਡ ਪਿੱਛੋਂ ਅੰਮ੍ਰਿਤਧਾਰੀ ਹੋ ਚੁਕਾ ਸੀ। ਇਨ੍ਹਾਂ ਸਭ ਨੂੰ ਮਿਲਾਉਣ ਦਾ ਕੰਮ ਮੈਨੂੰ ਸੌਂਪਿਆ ਗਿਆ ਤੇ ਮੇਰੀ ਪਤਨੀ ਸੁਰਜੀਤ ਦੂਜੇ ਟੋਲੇ ਨਾਲ ਰਲ ਗਈ। ਸਾਡੀ ਫੋਟੋਗ੍ਰਾਫਰ ਵੀ ਉਹੀਓ ਸੀ।
ਅਸੀਂ ਵਾਹਗਾ ਪਾਰ ਕੀਤਾ ਤਾਂ ਦੋ ਤਿੰਨ ਕਾਰਾਂ ਤੇ ਇਕ ਵੱਡੀ ਕੋਚ ਸਾਡੀ ਉਡੀਕ ਕਰ ਰਹੀ ਸੀ। ਅਸੀਂ ਅਠਾਰਾਂ ਜਣੇ ਸਾਂ। ਵਾਹਗੇ ਚਾਹ ਪੀਂਦਿਆਂ ਅਤੇ ਲਾਹੌਰ ਜਾ ਕੇ ਫੈਡਰਲ ਗੈਸਟ ਹਾਊਸ ਵਿਚ ਖਾਣਾ ਖਾਂਦਿਆਂ ਅਸੀਂ ਇਕ ਦੂਜੇ ਨਾਲ ਘੁਲ-ਮਿਲ ਗਏ।
ਥੋੜ੍ਹਾ ਆਰਾਮ ਕਰਕੇ ਬਾਜ਼ਾਰ ਗਏ ਤਾਂ ਉਥੋਂ ਦਾ ਨਜ਼ਾਰਾ ਵੇਖਣ ਵਾਲਾ ਸੀ। ਮੇਰੇ ਲਈ ਦੁਕਾਨਾਂ ਦੀ ਅੰਦਰਲੀ ਸ਼ਾਨ ਤੇ ਸਾਜ਼ੋ-ਸਾਮਾਨ ਨਾਲੋਂ ਫਾਰਸੀ ਅੱਖਰਾਂ ਵਿਚ ਲਿਖੇ ਫੱਟੇ ਬੜੀ ਖਿੱਚ ਰੱਖਦੇ ਸਨ। ਦੁਕਾਨਾਂ ਵਿਚ ਚੀਜ਼ਾਂ ਦੀ ਕੀਮਤ ਖੂਬਸੂਰਤ ਤੇ ਖੁਸ਼ਖਤ ਫਾਰਸੀ ਅੱਖਰਾਂ ਵਿਚ ਲਿਖ ਕੇ ਚਿਪਕਾ ਰੱਖੀ ਸੀ। ਮੈਨੂੰ ਲੱਗਾ ਜਿਵੇਂ ਮੈਂ 1947 ਤੋਂ ਪਹਿਲਾਂ ਦੇ ਹਿੰਦੋਸਤਾਨ ਵਿਚ ਦਾਖਲ ਹੋ ਰਿਹਾ ਹੋਵਾਂ।

ਲਾਹੌਰ ਤੋਂ ਅੱਗੇ ਦੋਹਾਂ ਟੋਲਿਆਂ ਨੇ ਵੱਖ ਹੋ ਜਾਣਾ ਸੀ।
ਪਾਕਿਸਤਾਨ ਜਾਂਦੇ ਸਮੇਂ ਅਸੀਂ ਕੁਰਾਨ ਸ਼ਰੀਫ ਦੀਆਂ ਤਿੰਨ ਜਿਲਦਾਂ ਖਰੀਦ ਕੇ ਲੈ ਗਏ ਸਾਂ ਤਾਂ ਕਿ ਜਿਥੇ ਕਿਧਰੇ ਵੀ ਕੋਈ ਮਾਈ, ਭਾਈ ਜਾਂ ਬੀਬੀ ਆਪਣਾ ਧਰਮ ਬਦਲ ਕੇ ਮੁਸਲਮਾਨ ਹੋ ਗਈ ਹੋਵੇ, ਉਸ ਨੂੰ ਭੇਟ ਕਰ ਸਕੀਏ; ਭਾਵ ਇਹ ਕਿ ਸਾਨੂੰ ਮਿਲ ਕੇ ਉਸ ਦੇ ਮਨ ਵਿਚ ਇਹ ਗੱਲ ਨਾ ਆਵੇ ਕਿ ਸਾਨੂੰ ਉਸ ਦਾ ਧਰਮ ਬਦਲਣਾ ਚੰਗਾ ਨਹੀਂ ਸੀ ਲੱਗਾ। ਅਸੀਂ ਉਨ੍ਹਾਂ ਦੇ ਸਾਹਸ ਤੇ ਭਾਵਨਾ ਉਤੇ ਫੁੱਲ ਚੜ੍ਹਾਉਣਾ ਚਾਹੁੰਦੇ ਸਾਂ, ਜਿਸ ਵਿਚੋਂ ਲੰਘ ਕੇ ਉਹ ਪੂਰੇ ਪੰਜਾਹ ਸਾਲ ਉਧਰੋਂ ਇਧਰ ਆਏ ਭੈਣਾਂ, ਭਾਈਆਂ ਤੇ ਮਾਪਿਆਂ ਦੇ ਹੁੰਦਿਆਂ ਵੀ ਉਨ੍ਹਾਂ ਨੂੰ ਮਿਲ ਨਹੀਂ ਸਨ ਸਕੇ।
ਨਿਰੰਜਣ ਸਿੰਘ ਦੀ ਭੈਣ ਜ਼ਿਲਾ ਸ਼ੇਖੂਪੁਰ ਦੇ ਪਿੰਡ ਪੰਧੇਰ ਵਿਚ ਸੀ। ਉਹ ਇਕ ਵਾਰ ਪਹਿਲਾਂ ਵੀ ਪੰਧੇਰ ਜਾ ਚੁਕਾ ਸੀ। ਇਕ ਛੋਟਾ ਜਿਹਾ ਕਸਬਾ ਆਇਆ ਤਾਂ ਨਿਰੰਜਣ ਸਿੰਘ ਨੇ ਗੱਡੀ ਰੋਕਣ ਲਈ ਕਿਹਾ। ਕਸਬੇ ਦੇ ਦੁਕਾਨਦਾਰ ਨਿਰੰਜਣ ਸਿੰਘ ਦੀ ਸ਼ਕਲ ਤੋਂ ਵਾਕਫ ਸਨ। ਉਨ੍ਹਾਂ ਨੇ ਭੈਣ ਦੇ ਪਿੰਡ ਆਏ ਮਹਿਮਾਨਾਂ ਦਾ ਧਿਆਨ ਰੱਖਦਿਆਂ ਸਾਨੂੰ ਠੰਢੀਆਂ ਬੋਤਲਾਂ ਦਾ ਮਿੱਠਾ ਪਾਣੀ ਪਿਲਾਇਆ ਤੇ ਅਸੀਂ ਪੰਧੇਰ ਜਾ ਪਹੁੰਚੇ। ਘਰ ਵਿਚ ਕੋਈ ਜ਼ਿੰਮੇਵਾਰ ਬੰਦਾ ਨਹੀਂ ਸੀ, ਜੀਜਾ ਅਬਦੁੱਲਾ ਵੀ ਨਹੀਂ, ਪਰ ਨਾਲ ਦੇ ਘਰ ਦੀ ਸੁਆਣੀ ਸਾਨੂੰ ਇਸ ਤਰ੍ਹਾਂ ਉਸ ਘਰ ਲੈ ਵੜੀ ਜਿਵੇਂ ਇਹ ਉਸ ਦਾ ਹੀ ਘਰ ਸੀ। ਖੁਸ਼ੀ ਵਿਚ ਉਹਦੀ ਅੱਡੀ ਨਹੀਂ ਸੀ ਲੱਗ ਰਹੀ।
ਹਵਾ ਬੰਦ ਸੀ ਪਰ ਮਕਾਨ ਕੱਚਾ ਹੋਣ ਕਰਕੇ ਗਰਮੀ ਏਨੀ ਮਾਰ ਨਹੀਂ ਸੀ ਕਰ ਰਹੀ। ਅਸੀਂ ਚਾਹ ਪੀ ਰਹੇ ਸਾਂ ਕਿ ਨਿਰੰਜਣ ਸਿੰਘ ਦੀ ਭੈਣ ਤੇ ਜੀਜਾ ਅਬਦੁੱਲਾ ਵੀ ਆ ਗਏ। ਭੈਣ ਭਰਾ ਇਕ ਦੂਜੇ ਨੂੰ ਰੱਜ ਕੇ ਮਿਲੇ ਵੀ ਨਹੀਂ ਸਨ ਕਿ ਵਿਦਾ ਮੰਗਣ ਦਾ ਸਮਾਂ ਹੋ ਗਿਆ। ਸਮੇਂ ਦੀ ਨਜ਼ਾਕਤ ਨੂੰ ਭਾਂਪਦਿਆਂ ਮੈਂ ਭੈਣ ਨੂੰ ਕੁਰਾਨ ਸ਼ਰੀਫ ਦੀ ਕਾਪੀ ਭੇਟ ਕੀਤੀ ਤਾਂ ਉਸ ਨੇ ਬਹੁਤ ਹੀ ਅਦਬ ਨਾਲ ਪ੍ਰਵਾਨ ਕੀਤੀ। ਦੋਵੇਂ ਭਾਵੁਕ ਹੋ ਗਏ।
ਜਦੋਂ ਅਸੀਂ ਨਮਕ ਦੇ ਵਪਾਰੀਆਂ ਦੀ ਨੂੰਹ ਬਣ ਚੁਕੀ ਧਰਮ ਕੌਰ ਦੀ ਧੀ ਨੂੰ ਕੁਰਾਨ ਸ਼ਰੀਫ ਦੀ ਜਿਲਦ ਭੇਟ ਕੀਤੀ ਤਾਂ ਉਸ ਦੀਆਂ ਅੱਖਾਂ ਵੀ ਸ਼ੁਕਰਾਨੇ ਦੇ ਹੰਝੂਆਂ ਨਾਲ ਤਰ ਸਨ।
ਇਸ ਤੋਂ ਅਗਲੇ ਦਿਨ ਗੁਰਮਿੰਦਰ ਸਿੰਘ ਨੂੰ ਉਸ ਦੇ ਪਰਿਵਾਰ ਕੋਲ ਲੈ ਕੇ ਜਾਣਾ ਸੀ, ਜੋ ਖਾਨੇਵਾਲ ਜ਼ਿਲ੍ਹੇ ਵਿਚ ਸੀ ਪਰ ਖਾਨੇਵਾਲ ਤੋਂ ਕਈ ਕਿਲੋਮੀਟਰ ਦੂਰ ਜਹਾਨੀਆਂ ਵਿਚ। ਲਾਹੌਰ ਤੋਂ ਜਹਾਨੀਆਂ ਦਾ ਸਫਰ ਕਾਫੀ ਲੰਮਾ ਹੈ। ਰਸਤੇ ਵਿਚ ਰਾਏਵਿੰਡ, ਓਕਾੜਾ, ਸਾਹੀਵਾਲ-ਕਈ ਪ੍ਰਸਿਧ ਥਾਂਵਾਂ ਆਉਂਦੀਆਂ ਹਨ। ਓਕਾੜਾ ਦੀ ਖੰਡ ਮਿੱਲ ਮਸ਼ਹੂਰ ਹੈ ਤੇ ਸਾਹੀਵਾਲ ਦੀਆਂ ਮੱਝਾਂ-ਗਊਆਂ, ਇਲਾਕੇ ਦੀ ਗਰਮੀ ਤੇ ਰੇਤਾ। ਕਣਕ ਦੀ ਲਹਿਲਹਾਉਂਦੀ ਫਸਲ, ਸੜਕ ਦੇ ਕੰਢੇ ਉਸਰੇ ਵੱਡੇ ਪਿੰਡ ਤੇ ਊਠਾਂ ਵਾਲੇ ਓਡ।
ਸੜਕਾਂ ਦੇ ਕੰਢੇ ਬੁਰਜੀਨੁਮਾ ਮੀਲ ਪੱਥਰਾਂ ਦੇ ਸੱਜੇ-ਖੱਬੇ ਤੇ ਅੱਗੇ-ਪਿੱਛੇ ਕਾਸ਼ਤਕਾਰਾਂ ਲਈ ਹਦਾਇਤਾਂ ਲਿਖੀਆਂ ਹੋਈਆਂ ਸਨ। ਫਸਲ ਦੀਆਂ ਉਨਤ ਕਿਸਮਾਂ ਦੇ ਨਾਂ, ਕੁਦਰਤੀ ਆਫਤਾਂ ਤੋਂ ਬਚਾਅ ਦੇ ਤਰੀਕੇ ਅਤੇ ਵੇਲੇ ਸਿਰ ਸਿੰਜਾਈ ਤੇ ਖਾਦ ਨਾਲ ਸਬੰਧਤ ਨੁਕਤੇ। ਇਹ ਮੀਲ ਪੱਥਰ ਗ੍ਰਾਮ ਸੇਵਕਾਂ ਦਾ ਕੰਮ ਦਿੰਦੇ ਸਨ।
ਵੇਖਣ ਵਿਚ ਆਇਆ ਕਿ ਸਮੁੱਚੇ ਤੌਰ ‘ਤੇ ਪਿੰਡਾਂ ਵਿਚ ਨਿੱਘ ਤੇ ਅਪਣੱਤ ਹੈ। ਤੁਰੇ ਜਾਂਦੇ ਰਾਹੀ ਨੂੰ ਬਾਹੋਂ ਫੜ ਕੇ ਰੋਕ ਲੈਣਾ ਤੇ ਸਲਾਮ ਕਹਿ ਕੇ ਪੁੱਛਣਾ ਕਿ ਕਿਥੋਂ ਆਇਆ ਹੈਂ, ਆਮ ਜਿਹੀ ਗੱਲ ਹੈ। ਮਿੰਟਾਂ-ਸਕਿੰਟਾਂ ਵਿਚ ਬੱਚੇ, ਬਜੁਰਗ ਤੇ ਔਰਤਾਂ ਇਸ ਤਰ੍ਹਾਂ ਇਕੱਠੇ ਹੋ ਜਾਂਦੇ, ਜਿਵੇਂ ਉਨ੍ਹਾਂ ਦਾ 50 ਵਰ੍ਹਿਆਂ ਤੋਂ ਡੱਕਿਆ ਗੱਚ ਗਲ ਤਕ ਭਰ ਆਇਆ ਹੋਵੇ। ਉਨ੍ਹਾਂ ਦੀ ਤਸੱਲੀ ਨਿਰੀ ਗੱਲ ਕਰਨ ਤਕ ਹੀ ਸੀਮਿਤ ਨਹੀਂ ਸੀ, ਉਹ ਕੋਲ ਖੜੋਣਾ ਚਾਹੁੰਦੇ ਹਨ, ਬਹੁਤ ਨੇੜੇ। ਮਰਦ ਲੋਕ ਜੱਫੀਆਂ ਪਾ ਕੇ ਮਿਲਦੇ, ਅਜਿਹੀਆਂ ਜੱਫੀਆਂ ਜਿਨ੍ਹਾਂ ਵਿਚ ਉਹ ਢਿੱਲ੍ਹ ਨਹੀਂ ਸੀ ਆਉਣ ਦਿੰਦੇ। ਜਿਵੇਂ ਵਿਛੜੇ ਵੀਰਾਂ ਨੂੰ ਮਿਲਿਆਂ ਕਰੀਦਾ ਹੈ, ਕਮਰ ਬਾਜਵਾ ਤੇ ਨਵਜੋਤ ਸਿੱਧੂ ਦੀ ਜੱਫੀ ਵਾਂਗ।
ਗੁਰਮਿੰਦਰ ਸਿੰਘ ਮੁਸਲਮਾਨਾਂ ਦਾ ਪੁੱਤ ਸੀ। ਉਸ ਵੇਲੇ ਗੁਰਮਿੰਦਰ ਦੀ ਉਮਰ ਛੇ ਸਾਲ ਸੀ ਤੇ ਨਾਂ ਅਮਾਨਤ ਅੱਲਾ। ਬਾਪ ਵੰਡ ਸਮੇਂ ਕਤਲ ਹੋ ਗਿਆ ਸੀ ਪਰ ਮਾਂ ਵੱਡੇ ਬੱਚਿਆਂ ਸਮੇਤ ਓਧਰ ਜਾਣ ਵਿਚ ਸਫਲ ਹੋ ਗਈ ਸੀ। ਉਸ ਨੂੰ ਪਿੰਡ ਦੇ ਕਿਸੇ ਜੱਟ ਨੇ ਆਪਣੇ ਘਰ ਰੱਖ ਕੇ ਉਸ ਦਾ ਨਾਂ ਗੁਰਮਿੰਦਰ ਸਿੰਘ ਰੱਖ ਲਿਆ ਸੀ। 1998 ਤੱਕ ਉਹ ਕਾਰ ਸੇਵਾ ਕਰਨ ਵਾਲੀ ਸੰਸਥਾ ਦਾ ਉਘਾ ਮੈਂਬਰ ਬਣ ਚੁਕਾ ਸੀ। ਹਰ ਸਵੇਰ ਜਪੁਜੀ ਸਾਹਿਬ ਤੇ ਅਨੰਦ ਸਾਹਿਬ ਦਾ ਪਾਠ ਕਰਕੇ ਸ਼ਾਮ ਨੂੰ ਰਹਿਰਾਸ ਤੇ ਕੀਰਤਨ ਸੋਹਿਲਾ ਪੜ੍ਹ ਕੇ ਸੁਖ ਦੀ ਨੀਂਦ ਸੌਂਦਾ। ਉਸ ਨੂੰ ਸਾਰੇ ਬਾਬਾ ਜੀ ਕਹਿ ਕੇ ਬੁਲਾਉਂਦੇ।
ਸਾਡੀ ਕਾਰ ਦਾ ਡਰਾਈਵਰ ਪਾਕਿਸਤਾਨ ਦੇ ਮੰਤਰੀਆਂ ਦੀਆਂ ਕਾਰਾਂ ਚਲਾਉਂਦਾ ਰਿਹਾ ਸੀ। ਉਸ ਨੂੰ ਸਾਰੇ ਰਾਹ ਆਉਂਦੇ ਸਨ। ਡਰਾਈਵਰ ਨੇ ਨੇੜਲੇ ਥਾਣੇ ਦੀ ਚੌਕੀ ਤੋਂ ਪਿੰਡ ਦਾ ਰਾਹ ਪੁੱਛਣਾ ਚਾਹਿਆ। ਪਿੱਪਲ ਦੇ ਰੁੱਖ ਥੱਲੇ ਤਾਸ਼ ਖੇਡਦਾ ਬਜੁਰਗ ਤਾਸ਼ ਦੇ ਪੱਤੇ ਸੁੱਟ ਕੇ ਪੱਕੇ ਚੌਂਤਰੇ ਤੋਂ ਛਾਲ ਮਾਰ ਕੇ ਉਤਰ ਆਇਆ, “ਅਸੀਂ ਤਾਂ ਦੁਪਹਿਰ ਦੇ ਉਡੀਕ ਰਹੇ ਹਾਂ ਤੁਹਾਨੂੰ।” ਉਸ ਨੇ ਇਕ ਤਰ੍ਹਾਂ ਗਿਲਾ ਕੀਤਾ ਤੇ ਆਗਿਆ ਲਏ ਬਿਨਾ ਹੀ ਡਰਾਈਵਰ ਦੇ ਨਾਲ ਕਾਰ ਦੀ ਅਗਲੀ ਸੀਟ ‘ਤੇ ਬੈਠ ਗਿਆ।
ਬਜੁਰਗ ਦਾ ਨਾਂ ਮੁਹੰਮਦ ਅਸ਼ਰਫ ਰੰਧਾਵਾ ਸੀ। ਉਹ ਮੁਰੱਬਿਆਂ ਦਾ ਮਾਲਕ ਸੀ। ਪਿੰਡ ਵਿਚ ਉਸ ਨੇ ਆਪਣੇ ਨਾਂ ਦਾ ਪਬਲਿਕ ਸਕੂਲ ਖੋਲ੍ਹਿਆ ਹੋਇਆ ਸੀ।
ਗੁਰਮਿੰਦਰ ਸਿੰਘ ਉਰਫ ਅਮਾਨਤ ਅੱਲਾ ਦੀ ਭਾਣਜੀ ਘਰ ਹੀ ਸੀ। ਉਹ ਮੁਸਲਮਾਨ ਤੋਂ ਸਿੱਖ ਹੋਏ ਆਪਣੇ ਮਾਮੂ ਜਾਨ ਦੀ ਉਡੀਕ ਕਰ ਰਹੀ ਸੀ। ਭਾਣਜੀ ਨੇ ਮਾਮੇ ਨੂੰ ਬਿਸਤਰ ਵਿਛੇ ਮੰਜੇ ਉਤੇ ਬਿਠਾਇਆ ਤੇ ਦੋਵੇਂ ਪੁਰਾਣੀਆਂ ਗੱਲਾਂ ਕਰਨ ਲੱਗ ਪਏ। ਮੈਨੂੰ ਇਕੱਲਾ ਦੇਖ ਪਿੰਡ ਦਾ ਇਕ ਬੰਦਾ ਆਪਣੀ ਵਿਥਿਆ ਦੱਸਣ ਲੱਗ ਪਿਆ। ਉਸ ਦੇ ਮਾਪੇ ਦਿੱਲੀ ਤੋਂ ਸਨ। ਉਹ ਖੱਤਰੀ ਸਨ। 1928 ਵਿਚ ਏਸ ਪਿੰਡ ਆਏ ਸਨ। ਉਨ੍ਹਾਂ ਨੂੰ ਆਪਣੇ ਪਿਤਾ ਦੀ ਫੌਜ ਵਿਚ ਨੌਕਰੀ ਦਾ ਮੁਰੱਬਾ ਮਿਲਿਆ ਸੀ। ਵੰਡ ਸਮੇਂ ਆਪਣੇ ਬਜੁਰਗਾਂ ਦੀ ਵਸਾਈ ਨਗਰੀ ਛੱਡਣ ਤੇ ਮੌਤ ਦੇ ਮੂੰਹ ਵਿਚ ਪੈਣ ਦੀ ਥਾਂ ਉਨ੍ਹਾਂ ਨੇ ਇਸਲਾਮ ਕਬੂਲ ਕਰ ਲਿਆ ਸੀ। ਵਿਥਿਆ ਦੱਸਣ ਵਾਲਾ ਵੰਡ ਸਮੇਂ ਦਸ ਕੁ ਸਾਲਾਂ ਦਾ ਸੀ। ਉਦੋਂ ਉਸ ਦਾ ਨਾਂ ਚਮਨ ਲਾਲ ਸੀ। ਉਹ ਚਮਨ ਲਾਲ ਤੋਂ ਇਲਮ ਦੀਨ ਬਣਿਆ ਸੀ। ਫਿਰ ਅਚਾਨਕ ਹੀ ਇਲਮ ਦੀਨ ਲੋਪ ਹੋ ਗਿਆ। ਪਤਾ ਲੱਗਾ ਕਿ ਉਹ ਘਰ ਦੇ ਨੇੜੇ ਪੈਂਦੀ ਮਸਜਿਦ ਵਿਚ ਜਾ ਵੜਿਆ ਸੀ। ਉਸ ਦੀ ਨਮਾਜ਼ ਦਾ ਵਕਤ ਹੋ ਗਿਆ ਸੀ।
ਏਧਰ ਗੁਰਮਿੰਦਰ ਸਿੰਘ ਵਾਪਸ ਮੁੜਨ ਲਈ ਕਾਹਲਾ ਸੀ। ਉਹ ਵਾਰ ਵਾਰ ਘੜੀ ਵੱਲ ਤੱਕ ਰਿਹਾ ਸੀ ਜਿਵੇਂ ਉਸ ਦਾ ਸਬਰ ਜਵਾਬ ਦੇ ਰਿਹਾ ਹੋਵੇ।
ਗਰਮ ਗਰਮ ਸਮੋਸੇ ਤੇ ਜਲੇਬੀਆਂ ਆਈਆਂ ਤਾਂ ਗੁਰਮਿੰਦਰ ਸਿੰਘ ਨੇ ਖਾਣ ਕਮਰੇ ਵਿਚ ਜਾਣ ਦੀ ਥਾਂ ਆਲਾ-ਦੁਆਲਾ ਦੇਖ ਕੇ ਸਭ ਨੂੰ ਚਾਹ ਪਾਣੀ ਪੀਣ ਦੀ ਬੇਨਤੀ ਕੀਤੀ ਤੇ ਆਪ ਪੰਦਰਾਂ ਵੀਹ ਮਿੰਟ ਦੀ ਛੁੱਟੀ ਮੰਗੀ। ਰਹਿਰਾਸ ਦੇ ਪਾਠ ਦਾ ਵਕਤ ਹੋ ਗਿਆ ਸੀ। ਉਹ ਕਾਰ ਦੇ ਦਰਵਾਜੇ ਬੰਦ ਕਰਕੇ ਪਾਠ ਕਰ ਸਕਦਾ ਸੀ।
ਏਧਰ ਇਲਮ ਦੀਨ ਵੀ ਨਮਾਜ਼ ਪੜ੍ਹ ਕੇ ਵਾਪਸ ਆ ਚੁਕਾ ਸੀ। ਉਸ ਨੇ ਵੀ ਰਸੂਖ ਵਰਤਿਆ ਤੇ ਗੁਰਮਿੰਦਰ ਸਿੰਘ ਨੂੰ ਕਾਰ ਅੰਦਰ ਬਿਠਾ ਕੇ ਏ. ਸੀ. ਚਾਲੂ ਕਰਨ ਦਿੱਤਾ। ਉਸ ਨੇ ਪਾਠ ਪੂਰਾ ਹੋਣ ਪਿੱਛੋਂ ਗੁਰਮਿੰਦਰ ਸਿੰਘ ਨੂੰ ਚਾਹ-ਪਾਣੀ ਵਾਲੀ ਮੇਜ ਉਤੇ ਪਹੁੰਚਾਉਣ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਸੀ।
ਗੁਰਮਿੰਦਰ ਸਿੰਘ ਪਿੱਛੋਂ ਮੋਟਰ ਗਰਾਜ ਵਾਲੇ ਅਮਰ ਸਿੰਘ ਦੀ ਵਾਰੀ ਸੀ। ਉਸ ਦਾ ਪਿੰਡ ਇਸਮਾਈਲਾ ਪਿਸ਼ਾਵਰ ਦੇ ਰਾਹ ਵਿਚ ਹੋਤੀ ਮਰਦਾਨ ਦੇ ਨੇੜੇ ਸੀ। ਅਮਰ ਸਿੰਘ ਦੇ ਪਿਤਾ ਭਾਈ ਸੰਤ ਰਾਮ ਉਸ ਪਿੰਡ ਵਿਚ ਕਰਿਆਨੇ ਦੀ ਦੁਕਾਨ ਤੋਂ ਬਿਨਾ ਬਾਗਾਂ ਦੇ ਠੇਕੇ ਲਿਆ ਕਰਦੇ ਸਨ। ਵੰਡ ਸਮੇਂ ਅਮਰ ਸਿੰਘ ਛੇ ਮਹੀਨੇ ਦਾ ਸੀ।
ਵਿੰਗੀਆਂ ਟੇਢੀਆਂ ਗਲੀਆਂ ਵਿਚੋਂ ਤੁਰਦੇ ਅਸੀਂ ਸੂਆ ਪਾਰ ਕਰਕੇ ਪਿੰਡ ਦੇ ਉਸ ਹਿੱਸੇ ਵਿਚ ਪਹੁੰਚ ਗਏ, ਜਿਥੇ ਅਮਰ ਸਿੰਘ ਦੇ ਪੁਰਖਿਆਂ ਦੇ ਘਰ ਹੁੰਦੇ ਸਨ। ਪੁਣਛਾਣ ਪਿੱਛੋਂ ਸਾਨੂੰ ਪਿੰਡ ਦਾ ਸੁਨਿਆਰਾ ਮਿਲ ਗਿਆ, ਜਿਸ ਨੂੰ ਇਸਮਾਈਲਾ ਵਾਲੇ ਜ਼ਰਗਰ ਕਹਿੰਦੇ ਸਨ। ਉਸ ਦੇ ਘਰ ਨੂੰ ਜਾਣ ਵਾਲੀ ਗਲੀ ਉਹੀਓ ਸੀ, ਜਿਸ ਵਿਚ ਅਮਰ ਸਿੰਘ ਹੋਰਾਂ ਦੇ ਘਰ ਹੋਇਆ ਕਰਦੇ ਸਨ। ਜ਼ਰਗਰ ਨੇ ਦੱਸਿਆ ਕਿ ਘਰ ਦਾ ਦਰਵਾਜਾ ਤਾਂ ਕਾਇਮ ਸੀ, ਪਰ ਇਸ ਦਾ ਵਿਹੜਾ ਖੁੱਲ੍ਹਾ ਹੋਣ ਕਾਰਨ ਹੁਣ ਇਹ ਕੋਲਿਆਂ ਦਾ ਡਿਪੂ ਬਣ ਚੁਕਾ ਹੈ। ਜਦੋਂ ਅਮਰ ਸਿੰਘ ਨੇ ਆਪਣੇ ਘਰ ਨੇੜਲੇ ਗੁਰਦੁਆਰੇ ਬਾਰੇ ਪੁੱਛਿਆ ਤਾਂ ਪਤਾ ਲੱਗਾ ਕਿ ਗੁਰਦੁਆਰਾ ਤਾਂ ਹੁਣ ਮਦਰੱਸਾ ਬਣ ਚੁਕਾ ਹੈ। ਅਮਰ ਸਿੰਘ ਦੀ ਤਸੱਲੀ ਹੋ ਗਈ।
ਗੱਲਾਂ ਖਤਮ ਹੋਈਆਂ ਤਾਂ ਸਾਡੇ ਤੁਰਨ ਸਮੇਂ ਬਾਹਰੋਂ ਦੋ ਬਜੁਰਗ ਹੋਰ ਆ ਗਏ। “ਆ ਅਬਦੁਲ ਕਯੂਮਾ ਤੈਨੂੰ ਖਾਸ-ਉਲ-ਖਾਸ ਮਹਿਮਾਨ ਮਿਲਾਵਾਂ। ਦੇਖ ਕੌਣ ਹੈ?” ਜ਼ਰਗਰ ਨੇ ਆਵਾਜ਼ ਦਿੱਤੀ। “ਠੇਕੇਦਾਰ ਸੰਤ ਰਾਮ ਦਾ ਪੁੱਤ ਏ। ਇੰਡੀਆ ਤੋਂ ਆਪਣੀ ਜਨਮ ਭੋਂ ਦੇਖਣ ਆਇਆ ਏ।” ਅਮਰ ਸਿੰਘ ਨੇ ਬਾਹਰੋਂ ਆਏ ਬਜੁਰਗਾਂ ਨੂੰ ਸਲਾਮ ਕਹੀ ਜਿਵੇਂ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਜਾਣਦਾ ਹੋਵੇ। ਉਨ੍ਹਾਂ ਵਿਚੋਂ ਇਕ ਨੇ ਅਮਰ ਸਿੰਘ ਨੂੰ ਗਹੁ ਨਾਲ ਵੇਖਦਿਆਂ ਕਿਹਾ ਕਿ ਉਸ ਦੀਆਂ ਅੱਖਾਂ ਆਪਣੇ ਪਿਤਾ ਵਰਗੀਆਂ ਹਨ ਤੇ ਉਸ ਨੇ ਅਮਰ ਸਿੰਘ ਨੂੰ ਬੁੱਕਲ ਵਿਚ ਲੈ ਕੇ ਏਦਾਂ ਪਿਆਰ ਕੀਤਾ ਜਿਵੇਂ ਵਿਛੜੇ ਪੁੱਤਰ ਨੂੰ ਮਿਲਿਆ ਹੋਵੇ।
ਜਦੋਂ ਮੈਂ ਸ਼ੇਖੂਪੁਰਾ, ਖਾਨੇਵਾਲ ਤੇ ਮੁਲਤਾਨ ਘੁੰਮ ਰਿਹਾ ਸਾਂ ਤਾਂ ਮੇਰੀ ਪਤਨੀ ਸੁਰਜੀਤ ਛਾਂਗਾ-ਮਾਂਗਾ ਨੇੜੇ ਆਪਣਾ ਨਾਨਕਾ ਪਿੰਡ ਵੇਖਣ ਗਈ ਹੋਈ ਸੀ। ਪੁਲਿਸ ਦਾ ਇਕ ਸਿਪਾਹੀ ਪਾਕਿਸਤਾਨੀ ਸਰਕਾਰ ਨੇ ਉਨ੍ਹਾਂ ਦੀ ਹਿਫਾਜ਼ਤ ਲਈ ਨਾਲ ਤੋਰਿਆ ਸੀ।
ਉਸ ਦੇ ਨਾਨਕਾ ਘਰ ਦੇ ਬਾਹਰ ਗੁਲਾਮ ਹੈਦਰ ਨਾਂ ਦਾ ਬਜੁਰਗ ਮਿਲ ਗਿਆ। “ਮੇਰਾ ਨਾਂ ਸੁਰਜੀਤ ਹੈ। ਮੈਂ ਵਕੀਲਾਂ ਦੀ ਵੱਡੀ ਬੀਬੀ ਬਚਿੰਤ ਕੌਰ ਦੀ ਧੀ ਹਾਂ, ਜੋ ਨੌਸ਼ਹਿਰਾ ਪੰਨੂਆਂ ਵਿਆਹੀ ਹੋਈ ਸੀ।” ਸੁਰਜੀਤ ਨੇ ਜਾਣ-ਪਛਾਣ ਕਰਵਾਈ ਤੇ ਆਪਣਾ ਨਾਨਕਾ ਘਰ ਵੇਖਣ ਦੀ ਇੱਛਾ ਪ੍ਰਗਟਾਈ। ਜਦੋਂ ਸੁਰਜੀਤ ਵਕੀਲਾਂ ਦੀ ਹਵੇਲੀ ਦੇ ਵੱਡੇ ਦਰਵਾਜੇ ਉਤੇ ਪਹੁੰਚੀ ਤਾਂ ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ। ਉਸ ਦੇ ਚੇਤੇ ਅਨੁਸਾਰ ਦਰਵਾਜੇ ਵਿਚ ਪਹਿਲਾਂ ਵਾਲੀ ਚਮਕ ਦਮਕ ਨਹੀਂ ਸੀ।
“ਘਰਾਂ ਵਾਲਿਓ, ਹਵੇਲੀ ਦੇ ਅਸਲ ਮਾਲਕ ਆਏ ਹਨ।” ਗੁਲਾਮ ਹੈਦਰ ਨੇ ਉਸ ਘਰ ਵਾਲੇ ਪਰਿਵਾਰ ਨੂੰ ਚੇਤੰਨ ਕਰ ਦਿੱਤਾ। ਇਸ ਇਕੋ ਵਾਕ ਨੇ ਸੁਰਜੀਤ ਦੀ ਉਦਾਸੀ ਖਤਮ ਕਰ ਦਿੱਤੀ। ਇਸ ਘਰ ਵਿਚ ਰਹਿਣ ਵਾਲੇ ਵੀ ਗੁਲਾਮ ਹੈਦਰ ਦਾ ਏਨਾ ਮਾਣ ਕਰ ਰਹੇ ਸਨ ਕਿ ਉਹ ਜਿਧਰ ਜੀਅ ਚਾਹੇ ਜਾ ਸਕਦਾ ਸੀ। ਹਵੇਲੀ ਦੇ ਚੁਬਾਰਿਆਂ ਨੂੰ ਜਾਣ ਵਾਲੀਆਂ ਪੌੜੀਆਂ ਵੀ ਉਸ ਲਈ ਖੁੱਲ੍ਹੀਆਂ ਸਨ।
ਗੁਲਾਮ ਹੈਦਰ ਵਾਰ ਵਾਰ ਆਪਣੀ ਵਡੇਰੀ ਉਮਰ ਦਾ ਹਵਾਲਾ ਦੇ ਕੇ ਕਹਿ ਰਿਹਾ ਸੀ, ਹੁਣ ਜਿਸਮ ਸਾਥ ਨਹੀਂ ਦੇ ਰਿਹਾ ਪਰ ਸੁਰਜੀਤ ਨੋਟ ਕਰ ਰਹੀ ਸੀ ਕਿ ਉਸ ਨੂੰ ਕਿਸੇ ਵੀ ਮਾਮੇ ਦਾ ਨਾਂ ਨਹੀਂ ਸੀ ਭੁੱਲਿਆ। ਸੁਰਜੀਤ ਨੇ ਵੇਖਿਆ ਕਿ ਜਦੋਂ ਉਹ ਪੌੜੀਆਂ ਚੜ੍ਹਿਆ ਤਾਂ ਉਸ ਦੇ ਕਦਮਾਂ ਵਿਚ ਨੌਜਵਾਨੀ ਫੁਰਤੀ ਸੀ।
“ਚੌਧਰੀ ਸਾਬ੍ਹ, ਤੁਸੀਂ ਆਪਣੇ ਆਪ ਨੂੰ ਬੁੱਢਾ ਕਹਿ ਰਹੇ ਹੋ ਪਰ ਤੁਹਾਡੀ ਚਾਲ ਤਾਂ ਜਵਾਨਾਂ ਵਾਲੀ ਹੈ।” ਸੁਰਜੀਤ ਨੇ ਕਿਹਾ।
“ਇਹ ਸ਼ਕਤੀ ਤੁਹਾਡੇ ਕਾਰਨ ਆਈ ਹੈ। ਪਿੰਡ ਦੀ ਦੋਹਤਰੀ ਅੱਧੀ ਸਦੀ ਪਿੱਛੋਂ ਆਪਣੇ ਨਾਨਕੇ ਪਿੰਡ ਆਵੇ ਤਾਂ ਅਸੀਂ ਹਰਕਤ ਵਿਚ ਨਾ ਆਈਏ, ਫੇਰ ਅਸੀਂ ਕਾਹਦੇ ਮਨੁੱਖ ਹੋਏ?” ਗੁਲਾਮ ਹੈਦਰ ਨੇ ਪੌੜੀਆਂ ਚੜ੍ਹ ਕੇ ਸਾਹ ਲੈਂਦਿਆਂ ਉਤਰ ਦਿੱਤਾ।
ਵਡੇਰੀ ਉਮਰ ਦੀ ਇਕ ਔਰਤ ਨੇ ਵੀ ਆਪਣੇ ਪੇਕੇ ਪਿੰਡ ਦਾ ਨਾਂ ਦੱਸ ਕੇ ਸੁਰਜੀਤ ਨੂੰ ਜੱਫੀ ਵਿਚ ਲੈ ਕੇ ਏਨਾ ਹੀ ਕਿਹਾ, “ਕੀ ਅਸੀਂ ਵੀ ਕਦੀ ਆਪਣਾ ਪਿੰਡ ਦੇਖਣ ਓਧਰ ਆ ਸਕਦੇ ਹਾਂ?” ਉਸ ਦੇ ਬੋਲਾਂ ਵਿਚ ਲਾਚਾਰੀ ਸੀ। ਉਹ ਜਾਣਦੀ ਸੀ ਕਿ ਦੋਹਾਂ ਮੁਲਕਾਂ ਵਿਚ ਅਜਿਹੀ ਕੰਧ ਉਸਰ ਚੁਕੀ ਸੀ, ਜਿਸ ਨੂੰ ਪਾਰ ਕਰਨ ਲਈ ਸੌ ਕਿਸਮ ਦੇ ਢਕਵੰਜ ਰਚਣੇ ਪੈਂਦੇ ਸਨ। ਉਹ ਪਸੀਨੇ ਵਿਚ ਭਿੱਜੀ ਸੁਰਜੀਤ ਕੌਰ ਨੂੰ ਏਸ ਤਰ੍ਹਾਂ ਜੱਫੀ ਵਿਚ ਲੈ ਕੇ ਖੜ੍ਹੀ ਸੀ ਜਿਵੇਂ ਉਸ ਦਾ ਛੱਡਣ ਨੂੰ ਜੀਅ ਹੀ ਨਾ ਕਰ ਰਿਹਾ ਹੋਵੇ।
ਤੁਰਨ ਦਾ ਵਕਤ ਹੋਇਆ ਤਾਂ “ਜਾ ਧੀਏ ਜਾ” ਕਹਿ ਕੇ ਗੁਲਾਮ ਹੈਦਰ ਨੇ ਬੇਦਿਲੇ ਜਿਹੇ ਹੱਥ ਨਾਲ ਪਿੰਡ ਦੀ ਦੋਹਤੀ ਦਾ ਸਿਰ ਪਲੋਸਿਆ ਤੇ ਤੋਰ ਦਿੱਤਾ।
ਇਕ ਹੋਰ ਥਾਂ ਦੀ ਮਿਲਣੀ ਵੀ ਦੱਸਣ ਵਾਲੀ ਹੈ, ਜਿਥੇ ਸਾਡੇ ਆਲੇ-ਦੁਆਲੇ ਬਹੁਤ ਭੀੜ ਹੋ ਗਈ ਸੀ। ਉਸ ਵੇਲੇ ਮੈਂ ਤੇ ਸੁਰਜੀਤ ਇਕੱਠੇ ਸਾਂ। ਏਧਰੋਂ ਜਾ ਕੇ ਓਧਰ ਵਸਣ ਵਾਲੇ ਮੁਸਲਮਾਨ ਸਾਡੇ ਵਿਚੋਂ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਸਨ, ਜੋ ਉਸ ਇਲਾਕੇ ਦੇ ਸਨ, ਜਿਸ ਨੂੰ ਉਨ੍ਹਾਂ ਦੇ ਪੁਰਖੇ ਏਧਰ ਛੱਡ ਕੇ ਗਏ ਸਨ। ਪਾਣੀਪਤ ਵਾਲੇ ਨਿਰੰਜਣ ਸਿੰਘ ਨਾਲ ਗੱਲਾਂ ਕਰਨ ਲੱਗ ਪਏ, ਕੁਰੂਕਸ਼ੇਤਰ ਵਾਲੀ ਧਰਮ ਕੌਰ ਨਾਲ, ਤਰਨਤਾਰਨ ਵਾਲੀ ਸੁਰਜੀਤ ਨਾਲ ਤੇ ਹੋਤੀ ਮਰਦਾਨ ਵਾਲੇ ਅਮਰ ਸਿੰਘ ਨਾਲ। ਬਹੁਤੀ ਭੀੜ ਸੁਰਜੀਤ ਦੁਆਲੇ ਹੋ ਗਈ, ਤਰਨਤਾਰਨ ਵਾਲੀ ਹੋਣ ਕਾਰਨ।
“ਤੁਸੀਂ ਸਾਰੇ ਤਰਨਤਾਰਨ ਵਾਲੀ ਦੇ ਪਿੱਛੇ ਹੀ ਨਾ ਲੱਗੇ ਰਹੋ, ਮੈਂ ਹੁਸ਼ਿਆਰਪੁਰ ਦਾ ਹਾਂ।” ਉਨ੍ਹਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਮੈਂ ਕਿਹਾ। ਹੁਸ਼ਿਆਰਪੁਰ ਦਾ ਨਾਂ ਸੁਣਦੇ ਸਾਰ ਪੱਕੇ ਜਿਹੇ ਰੰਗ ਤੇ ਛੋਟੀ ਉਮਰ ਦੀ ਭੰਗਣ ਕੁੜੀ “ਮੇਰੇ ਅੱਬਾ ਅਜੜਾਮ ਦੇ ਸਨ” ਕਹਿ ਕੇ ਆਪਮੁਹਾਰੀ ਝਾੜੂ ਸਮੇਤ ਮੇਰੇ ਨਾਲ ਲੱਗ ਕੇ ਖੜ੍ਹ ਗਈ, ਜਿਵੇਂ ਉਹ ਮੈਨੂੰ ਬਚਪਨ ਤੋਂ ਜਾਣਦੀ ਹੋਵੇ। ਉਸ ਦੇ ਮਾਪੇ ਅਜੜਾਮ ਦੀਆਂ ਕਿੰਨੀਆਂ ਹੀ ਗੱਲਾਂ ਕਰਦੇ ਹੁੰਦੇ ਸਨ। ਗਲੀਆਂ, ਮੁਹੱਲੇ, ਖੇਤ, ਫਸਲਾਂ ਤੇ ਚੋਅ। ਇਸ ਕੁੜੀ ਨੂੰ ਇਹ ਵੀ ਨਹੀਂ ਸੀ ਪਤਾ ਕਿ ਅਜੜਾਮ ਹੁਸ਼ਿਆਰਪੁਰ ਤੋਂ ਕਿੰਨੀ ਦੂਰ ਹੈ। ਉਹ ਤਾਂ ਕੇਵਲ ਏਨਾ ਹੀ ਜਾਣਦੀ ਸੀ ਕਿ ਉਸ ਦੇ ਅੱਬਾ ਦਾ ਪਿੰਡ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਪੈਂਦਾ ਸੀ ਤੇ ਉਸ ਦੇ ਪਿੰਡ ਵਾਲਿਆਂ ਨੇ ਉਸ ਦੇ ਅੱਬਾ ਦੇ ਸਾਰੇ ਪਰਿਵਾਰ ਨੂੰ ਆਪਣੀਆਂ ਅੱਖਾਂ ‘ਤੇ ਬਿਠਾ ਕੇ ਕੈਂਪ ਤਕ ਲਿਆਂਦਾ ਸੀ। ਆਂਢ-ਗੁਆਂਢ ਦੇ ਸਾਰੇ ਲੋਕ ਮੁਸ਼ਕਿਲ ਵੇਲੇ ਇਸੇ ਤਰ੍ਹਾਂ ਭੈਣਾਂ-ਭਰਾਵਾਂ ਨਾਲੋਂ ਵਧ ਕੇ ਮਦਦ ਕਰਦੇ ਸਨ। ਮੈਨੂੰ ਏਦਾਂ ਜਾਪਿਆ ਜਿਵੇਂ ਮੇਰੇ ਨਾਲ ਖੜੋਣ ਨਾਲ ਉਸ ਨੂੰ ਮੇਰੇ ਵਿਚੋਂ ਆਪਣੇ ਅੱਬਾ ਦਾ ਨਿੱਘ ਆ ਰਿਹਾ ਹੋਵੇ। ਮੈਨੂੰ ਵੀ ਉਸ ਵਿਚੋਂ ਕਿਸੇ ਵਿਛੜੀ ਧੀ ਵਾਲੀ ਭਾਵਨਾ ਮਿਲ ਰਹੀ ਸੀ।
ਓਧਰਲਾ ਪੰਜਾਬ ਤੇ ਓਧਰਲੀ ਧਰਤੀ ਰੰਗ, ਰੂਪ ਤੇ ਦਿੱਖ ਵਜੋਂ ਕਈ ਗੱਲਾਂ ਵਿਚ ਸਾਡੇ ਨਾਲੋਂ ਵੱਖਰੀ ਹੈ ਤੇ ਬਹੁਤ ਉਘੜਵੀਂ। ਸਭ ਤੋਂ ਵੱਡੀ ਗੱਲ ਅੰਗਰੇਜ਼ੀ ਪਹਿਰਾਵਾ, ਪੈਂਟ, ਬੁਸ਼ਰਟ ਤੇ ਸਫਾਰੀ ਸੂਟ ਬਹੁਤ ਹੀ ਘੱਟ ਲੋਕਾਂ ਦੇ ਪਹਿਨਿਆ ਮਿਲਿਆ। ਇਕ ਗੱਲ ਬੜੀ ਉਭਰ ਕੇ ਸਾਹਮਣੇ ਆਈ, ਲੋਕਾਂ ਦਾ ਸਿਰ ਤੋਂ ਪੈਰਾਂ ਤਕ ਢਕੇ ਹੋਣਾ। ਕੋਈ ਵਿਰਲਾ ਆਦਮੀ ਤੇ ਔਰਤ ਵੇਖਣ ਨੂੰ ਮਿਲੀ, ਜਿਸ ਦਾ ਗੁੱਟ ਜਾਂ ਗਿੱਟਾ ਨੰਗਾ ਹੋਵੇ।
ਆਮ ਪਹਿਰਾਵਾ ਸਲਵਾਰ ਤੇ ਕਮੀਜ਼ ਹੈ। ਪਹਿਰਾਵੇ ਦੀ ਇਸ ਇਕਸਾਰਤਾ ਦਾ ਆਪਣਾ ਜਲਵਾ ਸੀ। ਮਰਦਾਂ ਦਾ ਪਹਿਰਾਵਾ ਚਿੱਟਾ ਅਤੇ ਬੱਚਿਆਂ ਤੇ ਔਰਤਾਂ ਦਾ ਰੰਗ ਰੰਗੀਲਾ ਪ੍ਰਿੰਟ, ਚੈਕ ਜਾਂ ਧਾਰੀਦਾਰ। ਉਂਜ ਸਭ ਔਰਤਾਂ ਸਰੀਰ ਦੀਆਂ ਇਕਹਿਰੀਆਂ ਤੇ ਸੁਭਾਅ ਦੀਆਂ ਸ਼ਰਮਾਕਲ। ਉਨ੍ਹਾਂ ਦਾ ਪਰਦਾ ਕਰਨ ਦਾ ਅੰਦਾਜ਼ ਵੀ ਆਪਣਾ ਹੀ ਹੈ। ਉਹ ਆਪਣੇ ਦੁਪੱਟੇ ਨੂੰ ਇਕ ਵਾਰੀ ਮੱਥੇ ਉਤੋਂ ਦੀ ਵਲ ਦੇ ਦੂਜੀ ਵਾਰ ਇੰਜ ਵਲ ਦਿੰਦੀਆਂ ਹਨ ਕਿ ਨੱਕ ਤਾਂ ਢਕਿਆ ਜਾਂਦਾ ਹੈ ਪਰ ਅੱਖਾਂ ਨੰਗੀਆਂ ਰਹਿ ਜਾਂਦੀਆਂ ਹਨ। ਅੱਖਾਂ ਦੀ ਸਿੱਧੀ ਪੱਟੀ ਤੋਂ ਬਿਨਾ ਚਿਹਰੇ ਦਾ ਸਾਰਾ ਹਿੱਸਾ ਹਰ ਵੇਲੇ ਢਕਿਆ ਰਹਿੰਦਾ ਹੈ।
ਜਿਥੋਂ ਤਕ ਮਰਦਾਂ ਦਾ ਸਬੰਧ ਹੈ, ਗਰਦਨ ਤੋਂ ਉਤੇ ਸਿਰ ਢਕਣ ਦਾ ਆਪੋ-ਆਪਣਾ ਅੰਦਾਜ਼ ਹੈ। ਪਗੜੀ ਬੰਨਣ ਦਾ ਅੰਦਾਜ਼, ਕੁੱਲ੍ਹਾ ਪਹਿਨਣ ਦਾ ਰਿਵਾਜ, ਤੁਰਕੀ ਟੋਪੀ ਦਾ ਸ਼ੌਕ ਜਾਂ ਸਿਰ ਉਤੇ ਛੰਨੇ ਵਰਗੀ ਬਹੁਤ ਪਤਲੀ ਚੀਨੀ ਟੋਪੀ ਆਮ ਹੈ। ਪਗੜੀ ਦਾ ਰਿਵਾਜ ਵੱਡੀ ਉਮਰ ਦੇ ਲੋਕਾਂ ਵਿਚ ਵਧੇਰੇ ਹੈ। ਉਨ੍ਹਾਂ ਦਾ ਮੱਤ ਹੈ ਕਿ ਖੇਤਾਂ ਵਿਚ ਕੰਮ ਕਰਨ ਵਾਲਿਆਂ ਦੇ ਗਿੱਟੇ-ਗੋਡੇ ਢਕੇ ਹੋਣਾ ਸਰੀਰ ਨੂੰ ਧੁੱਪ ਤੋਂ ਬਚਾਉਂਦਾ ਹੈ ਤੇ ਪਗੜੀ ਸਰੀਰ ਦੇ ਅਤਿਅੰਤ ਅਹਿਮ ਹਿੱਸੇ ਸਿਰ ਨੂੰ ਢਕਦੀ ਹੈ।
ਕਸੂਰ, ਸ਼ੇਖੂਪੁਰਾ ਤੇ ਪੁਰਾਣੇ ਮਾਝੇ ਦੇ ਇਲਾਕੇ ਵਿਚ ਪਿੰਡਾਂ ਦੇ ਲੋਕ ਤਹਿਮਤ ਵਧੇਰੇ ਪਸੰਦ ਕਰਦੇ ਹਨ। ਨੌਸ਼ਹਿਰਾ, ਹੋਤੀ ਮਰਦਾਨ ਤੇ ਪਿਸ਼ਾਵਰ ਵਿਚ ਤਹਿਮਤ ਦੀ ਥਾਂ ਸਲਵਾਰ ਪ੍ਰਧਾਨ ਹੈ। ਪਿਸ਼ੌਰ ਜਾਂ ਕਹੋ ਮੱਰੀ ਦੇ ਪਹਾੜੀ ਲੋਕਾਂ ਦਾ ਪਹਿਰਾਵਾ ਬਾਕੀ ਲੋਕਾਂ ਨਾਲੋਂ ਵੱਖਰੇ ਅੰਦਾਜ਼ ਦਾ ਹੈ। ਪਿਸ਼ਾਵਰ ਦੇ ਐਨ ਮਰਕਜ਼ ਵਿਚ ਸਿੱਖ ਸਰਦਾਰ ਪਗੜੀ ਤੋਂ ਬਿਨਾ ਲਗਭਗ ਉਹੀਓ ਪਹਿਰਾਵਾ ਪਹਿਨਦੇ ਹਨ, ਜੋ ਉਨ੍ਹਾਂ ਦੇ ਮੁਸਲਮਾਨ ਹਮਉਮਰ ਤੇ ਸਾਥੀ। ਔਰਤਾਂ ਖੇਤਾਂ ਵਿਚ ਕੰਮ ਕਰਦੀਆਂ ਹਨ ਪਰ ਗਲੀਆਂ-ਬਾਜ਼ਾਰਾਂ ਵਿਚ ਸਾਡੇ ਵਾਂਗ ਖੁੱਲ੍ਹਮ-ਖੁੱਲ੍ਹਾ ਨਹੀਂ ਫਿਰਦੀਆਂ।
1947 ਪਿੱਛੋਂ ਦੋਹਾਂ ਦੇਸ਼ਾਂ ਦੀ ਧਾਰਮਕ ਸਾਂਝ ਹੀ ਨਹੀਂ ਟੁੱਟੀ, ਇਤਿਹਾਸਕ, ਸਭਿਆਚਾਰਕ ਤੇ ਭਾਸ਼ਾਈ ਸਾਂਝ ਵੀ ਖਤਮ ਹੋ ਗਈ ਹੈ। ਗੁਰਮੁਖੀ ਲਿਪੀ ਵਿਚ ਲਿਖੀ ਜਾਣ ਕਾਰਨ ਪੰਜਾਬੀ ਸਿੱਖਾਂ ਨਾਲ ਜੁੜ ਕੇ ਰਹਿ ਗਈ ਹੈ। ਏਧਰਲੇ ਪੰਜਾਬੀ ਸਾਹਿਤਕਾਰ ਹਿੰਦੀ, ਸੰਸਕ੍ਰਿਤ ਦੇ ਨੇੜੇ ਜਾ ਰਹੇ ਹਨ ਤੇ ਓਧਰਲੇ ਪੰਜਾਬੀ ਅਦੀਬ ਆਲੋਚਨਾ ਨੂੰ ਤਨਕੀਦ, ਰਚਨਾ ਨੂੰ ਤਸਨੀਫ, ਰੋਸ ਨੂੰ ਇਹਤਜਾਜ਼, ਰਾਜਧਾਨੀ ਨੂੰ ਦਾਰਉਲ-ਖਲਾਫਾ ਤੇ ਹੀਣ ਭਾਵ ਨੂੰ ਅਹਿਸਾਸ-ਏ-ਕਮਤਰੀ ਇੰਜ ਬੋਲਦੇ ਹਨ ਜਿਵੇਂ ਇਹ ਪੰਜਾਬੀ ਦੇ ਸ਼ਬਦ ਹੋਣ।
ਉਥੋਂ ਦੇ ਪੜ੍ਹੇ-ਲਿਖੇ, ਸਾਹਿਤ ਤੇ ਕਲਾ ਦੇ ਮਿੱਤਰਾਂ ਲਈ ਵੀ ਪੰਜਾਬੀ ਲੇਖਕ ਬਾਬਾ ਫਰੀਦ, ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ, ਹਾਸ਼ਮ, ਵਾਰਿਸ ਜਾਂ ਵੱਧ ਤੋਂ ਵੱਧ ਮੁਕਬਲ ਹਨ। ਉਨ੍ਹਾਂ ਦੀ ਧਰਤੀ ਵਿਚ ਜੰਮੇ ਪਲੇ ਅੰਮ੍ਰਿਤਾ ਪ੍ਰੀਤਮ, ਮੋਹਨ ਸਿੰਘ, ਕਰਤਾਰ ਸਿੰਘ ਦੁੱਗਲ ਜਾਂ ਗੁਰਬਖਸ਼ ਸਿੰਘ ਉਨ੍ਹਾਂ ਲਈ ਬਹੁਤੇ ਅਰਥ ਨਹੀਂ ਰੱਖਦੇ। ਨਵੀਂ ਪੀੜ੍ਹੀ ਦੇ ਸ਼ਿਵ ਕੁਮਾਰ ਜਾਂ ਸੁਰਜੀਤ ਪਾਤਰ ਤਾਂ ਕਿਸੇ ਨੂੰ ਚਿੱਤ-ਚੇਤੇ ਵੀ ਨਹੀਂ।
ਅਸੀਂ ਵਾਪਸ ਆਉਂਦਿਆਂ ਲਾਹੌਰ ਨੇੜੇ ਹਜ਼ਰਤ ਬਾਬਾ ਮੀਆਂ ਮੀਰ ਦਾ ਮਜ਼ਾਰ ਵੀ ਵੇਖਣ ਗਏ, ਜੋ ਹਾਸ਼ਮਪੁਰਾ ਦੇ ਉਸ ਪਿੰਡ ਵਿਚ ਹੈ, ਜਿਸ ਨੂੰ ਦਾਰਾ ਸ਼ਿਕੋਹ ਦੇ ਹੁਕਮ ਤਹਿਤ ਢਾਹ ਢੇਰੀ ਕਰ ਦਿੱਤਾ ਗਿਆ ਸੀ। ਇਹ ਸਥਾਨ ਸ਼ੇਰਸ਼ਾਹ ਸੂਰੀ ਮਾਰਗ ਤੋਂ ਥੋੜ੍ਹਾ ਹਟਵਾਂ ਹੈ।
ਸਾਡਾ ਟੋਲਾ ਮੀਆਂ ਮੀਰ ਦੇ ਮਕਬਰੇ ਵੱਲ ਵਧ ਰਿਹਾ ਸੀ ਤਾਂ ਸੁਰਜੀਤ ਹਰ ਪਾਸੇ ਤੋਂ ਤਸਵੀਰਾਂ ਲੈ ਰਹੀ ਸੀ। ਉਹ ਦੂਜੇ ਮਹਿਮਾਨਾਂ ਦੇ ਨਾਲ ਆਪਣੀ ਜੁੱਤੀ ਉਤਾਰ ਕੇ ਅਭੋਲ ਹੀ ਮਜ਼ਾਰ ਦੀ ਫੋਟੋ ਖਿੱਚਣ ਮਜ਼ਾਰ ਦੀ ਦਹਿਲੀਜ਼ ਪਾਰ ਕਰ ਗਈ। ਪ੍ਰਬੰਧਕਾਂ ਨੇ ਇਕਦਮ ਸੁਰਜੀਤ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ। ਮੁਸਲਿਮ ਮਰਿਆਦਾ ਔਰਤ ਨੂੰ ਮਸਜਿਦ ਅੰਦਰ ਜਾਣ ਦੀ ਆਗਿਆ ਨਹੀਂ ਦਿੰਦੀ।
ਮਸਜਿਦਾਂ, ਮਜ਼ਾਰਾਂ ਵਿਚ ਔਰਤਾਂ ਨੂੰ ਮਨਾਹੀ ਦਾ ਸਪਸ਼ਟੀਕਰਨ ਦੇਣਾ ਵੀ ਸੌਖਾ ਨਹੀਂ ਸੀ। ਧਾਰਮਕ ਮਰਿਆਦਾ ਸਪਸ਼ਟੀਕਰਨ ਦੇ ਘੇਰੇ ਵਿਚ ਆ ਹੀ ਨਹੀਂ ਸਕਦੀ। ਇਕ ਧਰਮ ਔਰਤ ਨੂੰ ਇਬਾਦਤਗਾਹ ਦੇ ਅੰਦਰ ਜਾਣ ਦੀ ਆਗਿਆ ਦਿੰਦਾ ਹੈ ਤੇ ਦੂਜਾ ਕਿਉਂ ਨਹੀਂ ਦਿੰਦਾ? ਕੀ ਇਹ ਦੋਵੇਂ ਔਰਤਾਂ ਇਕੋ ਧਰਤੀ ਦੀਆਂ ਵਸਨੀਕ ਨਹੀਂ? ਇਸ ਬਹਿਸ ਨੂੰ ਤੂਲ ਦੇਣਾ ਸਥਿਤੀ ਨੂੰ ਬੇਮਜ਼ਾ ਬਣਾਉਣਾ ਸੀ। ਮਜ਼ਾਰ ਦੇ ਮੁਖੀ ਨੇ ਇਸ ਦਾ ਹੱਲ ਇਹ ਲੱਭਿਆ ਕਿ ਉਹ ਸੁਰਜੀਤ ਪ੍ਰਤੀ ਵਧੇਰੇ ਹਲੀਮੀ ਤੇ ਸੁਹਿਰਦਤਾ ਨਾਲ ਵਿਚਰਨ ਲੱਗਾ।

ਮੈਂ ਆਪਣੀ 1998 ਵਾਲੀ ਫੇਰੀ ਸਮੇਂ ਸ਼ੇਰਸ਼ਾਹ ਸੂਰੀ ਮਾਰਗ ਉਤੇ ਵਾਹਗਾ ਪਾਰ ਦੀਆਂ ਮੋਟਰ ਗੱਡੀਆਂ ਵੇਖੀਆਂ ਤਾਂ ਉਨ੍ਹਾਂ ਉਤਲੀ ਚਿੱਤਰਕਾਰੀ ਵੇਖਣ ਵਾਲੀ ਸੀ। ਜਿਧਰ ਵੀ ਜਾਈਏ ਟਰੱਕ, ਬੱਸਾਂ, ਠੇਲ੍ਹੇ, ਥਰੀ-ਵ੍ਹੀਲਰ ਤੇ ਸਕੂਟਰ ਹੀ ਨਹੀਂ, ਸਾਈਕਲ ਵੀ ਸ਼ਿੰਗਾਰੇ ਹੋਏ ਸਨ। ਮਾਲਕਾਂ ਨੇ ਆਪਣੇ ਨਾਂ ਵੀ ਗੱਡੀਆਂ ਦੇ ਸੱਜੇ-ਖੱਬੇ ਲਿਖਵਾ ਛੱਡੇ ਸਨ। ਉਦੋਂ ਮੈਨੂੰ ਇਹ ਸੋਚ ਕੇ ਬੜਾ ਦੁੱਖ ਹੋਇਆ ਸੀ ਕਿ ਉਹ ਵਾਲੇ ਵਾਹਨ ਸਾਡੇ ਪਾਸੇ ਨਹੀਂ ਸਨ ਆ ਸਕਦੇ ਅਤੇ ਸਾਡੇ ਵਾਲੇ ਓਧਰ ਨਹੀਂ ਸਨ ਜਾ ਸਕਦੇ। ਦੇਸ਼ ਵੰਡ ਨੇ ਸ਼ੇਰਸ਼ਾਹ ਸੂਰੀ ਦਾ ਧੜ ਕੱਟ ਦਿੱਤਾ ਸੀ।
ਮੈਂ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਸ਼ੇਰਸ਼ਾਹ ਸੂਰੀ ਮਾਰਗ ਨੂੰ ਕਤਲ ਕਰਨ ਵਾਲਿਆਂ ਦੇ ਵਾਰਿਸਾਂ ਵਲੋਂ ਪਸ਼ਚਾਤਾਪ ਦਾ ਚਿੰਨ੍ਹ ਸਮਝਦਾ ਹਾਂ।