ਪੰਜਾਬੀ ਅਕਾਦਮੀ ਦਿੱਲੀ ਦੇ ਰੂਹੇ ਰਵਾਂ ਗੁਰਭੇਜ ਸਿੰਘ ਗੁਰਾਇਆ

ਅਰਵਿੰਦਰ ਕੌਰ ਸੰਧੂ
ਸਿਰਸਾ (ਹਰਿਆਣਾ)
ਸ਼ ਗੁਰਭੇਜ ਸਿੰਘ ਗੁਰਾਇਆ ਦਿੱਲੀ ਦੇ ਸਾਹਿਤਕ, ਸਮਾਜਕ ਅਤੇ ਸਰਕਾਰੀ ਹਲਕਿਆਂ ਵਿਚ ਕਿਸੇ ਜਾਣ ਪਛਾਣ ਦੇ ਮੁਥਾਜ ਨਹੀਂ। ਉਹ ਬਹੁਤ ਹੀ ਮਿੱਠ-ਬੋਲੜੇ ਅਤੇ ਮਿਲਣਸਾਰ ਸੁਭਾਅ ਦੇ ਮਾਲਕ ਹਨ।

ਲੋਹੜੀ ਦੇ ਮੁਬਾਰਕ ਮੌਕੇ ਪਿਤਾ ਸ਼ ਬੱਲੀ ਸਿੰਘ ਗੁਰਾਇਆ ਮਾਤਾ (ਸਵ.) ਗੁਰਮੀਤ ਕੌਰ ਦੇ ਘਰ ਜਨਮੇ ਗੁਰਭੇਜ ਸਿੰਘ ਗੁਰਾਇਆ ਨੇ ਮੁੱਢਲੀ ਸਕੂਲੀ ਸਿੱਖਿਆ ਹਾਸਲ ਕਰਨ ਪਿਛੋਂ ਗੈਜੂਏਸ਼ਨ, ਐਲ਼ ਐਲ਼ ਬੀ. ਅਤੇ ਐਮ. ਏ. ਪੰਜਾਬੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ।
ਗੁਰਭੇਜ ਸਿੰਘ ਗੁਰਾਇਆ ਨੇ ਆਪਣਾ ਵਕਾਲਤ ਦਾ ਸਫਰ 1990 ਵਿਚ ਸਿਰਸਾ (ਹਰਿਆਣਾ) ਦੀ ਜ਼ਿਲ੍ਹਾ ਕਚਹਿਰੀ ਤੋਂ ਸ਼ੁਰੂ ਕੀਤਾ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ, ਸਿਰਸਾ ਦੇ ਸਕੱਤਰ ਵੀ ਰਹੇ। 1996 ਵਿਚ ਉਨ੍ਹਾਂ ਦੀ ਨਿਯੁਕਤੀ ਦਿੱਲੀ ਸਰਕਾਰ ਦੇ ਗ੍ਰਹਿ ਵਿਭਾਗ ਅਧੀਨ ਆਉਂਦੇ ਪ੍ਰਾਸੀਕਿਊਸ਼ਨ ਡਾਇਰੈਕਟੋਰੇਟ ਵਿਚ ਬਤੌਰ ਪਬਲਿਕ ਪ੍ਰਾਸੀਕਿਊਟਰ ਹੋਈ। ਪੰਜਾਬੀ ਅਕਾਦਮੀ ਦੇ ਸਕੱਤਰ ਨਿਯੁਕਤ ਹੋਣ ਤਕ ਉਨ੍ਹਾਂ ਇਸ ਅਹੁਦੇ ਦੀ ਮਾਣ ਮਰਿਆਦਾ ਨੂੰ ਬਰਕਰਾਰ ਰੱਖਦਿਆਂ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਸੇਵਾਵਾਂ ਨਿਭਾਈਆਂ।
ਗੁਰਭੇਜ ਸਿੰਘ ਗੁਰਾਇਆ ਨੂੰ ਸਾਹਿਤ ਪੜ੍ਹਨ ਅਤੇ ਲਿਖਣ ਦੀ ਚੇਟਕ ਘਰੋਂ ਹੀ ਲੱਗੀ ਹੈ। ਉਨ੍ਹਾਂ ਦੇ ਦਾਦਾ ਜੀ ਸ਼ ਤਰਨ ਸਿੰਘ ਵਹਿਮੀ ਨੇ ਅਨੇਕ ਇਤਿਹਾਸਕ ਪੁਸਤਕਾਂ ਪੰਜਾਬੀ ਸਹਿਤ ਦੀ ਝੋਲੀ ਪਾਈਆਂ ਹਨ। ਆਪਣੇ ਦਾਦਾ ਸ਼ ਤਰਨ ਸਿੰਘ ਵਹਿਮੀ ਦੀਆਂ ਲਿਖਤਾਂ ਦੀ ਸੰਪਾਦਨਾ ਬੜੀ ਖੂਬਸੂਰਤੀ ਅਤੇ ਇੱਕ ਪਰਪੱਕ ਸੰਪਾਦਕ ਵਜੋਂ ਕਰਕੇ ਸਾਹਿਤ ਦੇ ਖੇਤਰ ਵਿਚ ਆਪਣਾ ਨਾਂ ਬਣਾਇਆ। ਕਿਸਾਨ ਪਰਿਵਾਰ ਨਾਲ ਸਬੰਧਤ ਸ਼ ਗੁਰਭੇਜ ਸਿੰਘ ਗੁਰਾਇਆ ਨੇ ਕਾਨੂੰਨ ਦੀਆਂ ਬਾਰੀਕੀਆਂ ਨਾਲ ਦਸਤਪੰਜਾ ਲੈਂਦਿਆਂ ਸਾਹਿਤ ਨਾਲ ਵੀ ਨਿਰੰਤਰ ਨਾਤਾ ਜੋੜੀ ਰੱਖਿਆ। ਸਮੇਂ ਸਮੇਂ ਉਨ੍ਹਾਂ ਦੇ ਲੇਖ ਮਾਸਿਕ ਰਸਾਲੇ ‘ਵਰਿਆਮ’ ਅਤੇ ‘ਸਤਿਜੁਗ’ ਵਿਚ ਛਪਦੇ ਰਹਿੰਦੇ ਹਨ। ਉਹ 1990 ਤੋਂ ਪੰਜਾਬੀ ਸਾਹਿਤ ਸਭਾ, ਸਿਰਸਾ ਦੇ ਮੈਂਬਰ ਚਲੇ ਆ ਰਹੇ ਹਨ। ਉਨ੍ਹਾਂ ਦੀਆਂ ਪੰਜਾਬੀ ਅਕਾਦਮੀ ਦਿੱਲੀ ਦੇ ਸਕੱਤਰ ਵਜੋਂ ਪੰਜਾਬੀ ਭਾਸ਼ਾ ਦੀ ਬਿਹਤਰੀ ਲਈ ਵੀ ਜ਼ਿਕਰਯੋਗ ਪ੍ਰਾਪਤੀਆਂ ਹਨ। ਉਨ੍ਹਾਂ ਨੇ ਜਿੱਥੇ ਦਿੱਲੀ ਤੋਂ ਇਲਾਵਾ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਜੰਮੂ ਕਸ਼ਮੀਰ ਦੇ ਸਾਹਿਤਕਾਰਾਂ ਨੂੰ ਸਾਹਿਤ ਅਕਾਦਮੀ ਨਾਲ ਜੋੜਿਆ, ਉਥੇ ਪੰਜਾਬੀ ਭਾਸ਼ਾ ਨੂੰ ਪ੍ਰਫੁਲਿਤ ਕਰਨ, ਧਾਰਮਕ ਅਤੇ ਸੱਭਿਆਚਾਰਕ ਖੇਤਰ ਵਿਚ ਵੀ ਅਜਿਹੇ ਮੀਲ ਪੱਥਰ ਗੱਡੇ, ਜੋ ਹਮੇਸ਼ਾ ਯਾਦ ਰੱਖੇ ਜਾਣਗੇ।
ਸ਼ ਗੁਰਭੇਜ ਸਿੰਘ ਗੁਰਾਇਆ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਤਾਬਦੀ ਮੌਕੇ ਦਿੱਲੀ ਦੇ ਦਿਲ ‘ਕਨਾਟ ਪਲੇਸ’ ਵਿਚ ਸਟੇਜ ਸ਼ੋਅ ਕਰਕੇ ਦੁਨੀਆਂ ਭਰ ਵਿਚ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਅਕਾਦਮੀ ਸਿਰਫ ਸਾਹਿਤਕ ਪੱਧਰ ਦੇ ਹੀ ਕਾਰਜ ਨਹੀਂ ਕਰਦੀ, ਸਗੋਂ ਸੱਭਿਆਚਾਰਕ ਖੇਤਰ ਵਿਚ ਵੀ ਨਿਵੇਕਲੀ ਪਹਿਲਕਦਮੀ ਕਰ ਰਹੀ ਹੈ। ਇਸ ਦੇ ਨਾਲ ਹੀ ਪੰਜਾਬੀ ਅਕਾਦਮੀ ਵੱਲੋਂ ਗੁਰੂ ਗੋਬਿੰਦ ਸਿੰਘ ਦੇ 350ਵੇਂ ਪ੍ਰਕਾਸ਼ ਪੁਰਬ ਮੌਕੇ ਕਰਵਾਏ ਗਏ ਕੌਮੀ ਸੈਮੀਨਾਰ ਵਿਚ ਵੱਖ-ਵੱਖ ਧਰਮਾਂ ਦੇ ਮੁਖੀਆਂ ਤੇ ਵਿਦਵਾਨਾਂ ਦਾ ਇਕੱਠ ਕਰ ਕੇ ਇਹ ਸਿੱਧ ਕਰ ਦਿੱਤਾ ਕਿ ਜੇ ਤੁਹਾਡੀ ਸੋਚ ਉਸਾਰੂ ਹੈ ਤਾਂ ਤੁਸੀਂ ਹਰ ਕਿਸੇ ਨੂੰ ਆਪਣੇ ਨਾਲ ਜੋੜ ਸਕਦੇ ਹੋ।
ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਸ਼ ਗੁਰਾਇਆ ਨੇ ਸਿਰਫ ਆਪਣੀ ਪਹੁੰਚ ਦਿੱਲੀ ਦੇ ਸਰਕਾਰੀ ਸਕੂਲਾਂ ਤੱਕ ਹੀ ਸੀਮਿਤ ਨਹੀਂ ਰੱਖੀ, ਸਗੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਪੰਜਾਬੀ ਅਧਿਆਪਕਾਂ ਨੂੰ ਵੀ ਆਪਣੇ ਪ੍ਰੋਗਰਾਮਾਂ ਵਿਚ ਖਾਸ ਤੌਰ ‘ਤੇ ਪੰਜਾਬੀ ਅਧਿਆਪਕਾਂ ਨੂੰ ਸਿਖਲਾਈ ਦੇਣ ਦੇ ਸੈਮੀਨਾਰਾਂ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਲ ਕਰ ਕੇ ਇਹ ਪ੍ਰਤੱਖ ਦਿਖਾ ਦਿੱਤਾ ਹੈ ਕਿ ਉਹ ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਲਈ ਪੂਰੀ ਤਨਦੇਹੀ ਨਾਲ ਕਾਰਜਸ਼ੀਲ ਹਨ ਤੇ ਰਹਿਣਗੇ। ਉਨ੍ਹਾਂ ਦੀ ਇਸੇ ਸੋਚ ਦੀ ਅੱਜ ਦਿੱਲੀ ਦੀਆਂ ਸਾਹਿਤਕ ਗੋਸ਼ਟੀਆਂ, ਸੈਮੀਨਾਰਾਂ, ਸਭਾਵਾਂ ਤੇ ਸੰਸਥਾਵਾਂ ਵਿਚ ਚਰਚਾ ਹੁੰਦੀ ਰਹਿੰਦੀ ਹੈ।
ਪੰਜਾਬੀ ਅਕਾਦਮੀ ਦਿੱਲੀ ਵੱਲੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਪਿਛਲੇ ਲੰਮੇ ਸਮੇਂ ਤੋਂ ਯਤਨ ਕੀਤੇ ਜਾ ਰਹੇ ਹਨ| ਹਰ ਸਾਲ ਅਕਾਦਮੀ ਵੱਲੋਂ ਗਰਮੀ ਦੀਆਂ ਛੁੱਟੀਆਂ ਵਿਚ ਪੰਜਾਬੀ ਭਾਸ਼ਾ ਸਿਖਾਉਣ ਲਈ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿਚ ਪੰਜਾਬੀ ਦੇ ਕੇਂਦਰ ਖੋਲ੍ਹੇ ਜਾਂਦੇ ਹਨ, ਜੋ ਭਾਈਚਾਰਕ ਕੇਂਦਰਾਂ ਤੇ ਗੁਰਦੁਆਰਿਆਂ ਵਿਚ ਚਲਾਏ ਜਾਂਦੇ ਹਨ| ਇਨ੍ਹਾਂ ਕੇਂਦਰਾਂ ਵਿਚ ਪੜ੍ਹਨ-ਪੜ੍ਹਾਉਣ ਦੀ ਸਮੱਗਰੀ ਅਤੇ ਅਧਿਆਪਕ ਦਾ ਪ੍ਰਬੰਧ ਪੰਜਾਬੀ ਅਕਾਦਮੀ ਵੱਲੋਂ ਕੀਤਾ ਜਾਂਦਾ ਹੈ| ਆਪਣੇ ਫਰਜ਼ਾਂ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਰਹਿਣ ਵਾਲੀ ਸ਼ਖਸੀਅਤ ਸ਼ ਗੁਰਭੇਜ ਸਿੰਘ ਗੁਰਾਇਆ ਦੇ ਕੀਤੇ ਕਾਰਜਾਂ ਦੀ ਹਰ ਪਾਸੇ ਸਰਾਹਨਾ ਹੋ ਰਹੀ ਹੈ।