‘ਦ ਐਕਸੀਡੈਂਟਲ ਪ੍ਰਾਈਮ ਮਨਿਸਟਰ’: ਕਹੀਂ ਪੇ ਨਿਗਾਹੇਂ, ਕਹੀਂ ਪੇ ਨਿਸ਼ਾਨਾ

ਇਕਬਾਲ ਸਿੰਘ ਚਾਨਾ
ਬਹੁ-ਚਰਚਿਤ ਫਿਲਮ ‘ਦ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਕਾਂਗਰਸ ਪਾਰਟੀ ਦੇ ਵਿਰੋਧ ਦੇ ਬਾਵਜੂਦ ਸਿਨਮਾ ਘਰਾਂ ‘ਚ ਪਹੁੰਚ ਗਈ ਹੈ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਬਾਰੇ ਉਨ੍ਹਾਂ ਦੇ ਸਾਬਕਾ ਮੀਡੀਆ ਸਲਾਹਕਾਰ ਪੱਤਰਕਾਰ ਸੰਜਯਾ ਬਾਰੂ ਦੀ ਲਿਖੀ ਚਰਚਿਤ ਪੁਸਤਕ ‘ਤੇ ਆਧਾਰਤ ਇਸ ਫਿਲਮ ਵਿਚ ਡਾ. ਮਨਮੋਹਨ ਸਿੰਘ ਦਾ ਕਿਰਦਾਰ ਅਨੁਪਮ ਖੇਰ ਨੇ ਨਿਭਾਇਆ ਹੈ।

ਫਿਲਮ ਵਿਚ ਵਿਖਾਇਆ ਗਿਆ ਹੈ ਕਿ 10 ਸਾਲ ਤਕ ਭਾਰਤ ਦੇ ਪ੍ਰਧਾਨ ਮੰਤਰੀ ਰਹਿ ਚੁਕੇ ਡਾ. ਮਨਮੋਹਨ ਸਿੰਘ ਕਿਵੇਂ ਗਾਂਧੀ ਪਰਿਵਾਰ ਦੇ ਪ੍ਰਭਾਵ ਹੇਠ ਇਕ ਮਜਬੂਰ ਤੇ ਲਾਚਾਰ ਪ੍ਰਧਾਨ ਮੰਤਰੀ ਬਣ ਕੇ ਰਹਿ ਗਏ ਸਨ। ਕਿਵੇਂ ਉਨ੍ਹਾਂ ਨੂੰ ਸੋਨੀਆ ਗਾਂਧੀ ਤੇ ਪਰਿਵਾਰ ਵੱਲੋਂ ਠੋਸੇ ਗਏ ਹਰ ਫੈਸਲੇ ‘ਤੇ ਸਹਿਮਤੀ ਦੇਣੀ ਪੈਂਦੀ ਸੀ ਅਤੇ ਪ੍ਰਾਈਮ ਮਨਿਸਟਰ ਦਾ ਵੱਡਾ ਅਹੁਦਾ ਹੋਣ ਦੇ ਬਾਵਜੂਦ ਉਹ ਕਿੰਨੇ ਦੁਖੀ ਤੇ ਅੰਦਰੋਂ ਟੁੱਟੇ ਹੋਏ ਸਨ।
ਸੰਜਯ ਬਾਰੂ ਨੇ ਆਪਣੀ ਕਿਤਾਬ ਵਿਚ ਜੋ ਕੁਝ ਲਿਖਿਆ ਸੀ, ਉਸ ‘ਚੋਂ ਕੁਝ ਟੁਕੜੇ ਉਠਾ ਕੇ ਫਿਲਮੀ ਪਰਦੇ ‘ਤੇ ਲਿਆਂਦੇ ਗਏ ਹਨ। ਟੁਕੜੇ ਇਸ ਲਈ ਕਿ ਫਿਲਮ ਦਾ ਸਕਰੀਨ ਪਲੇ ਬੇਹੱਦ ਕਮਜ਼ੋਰ ਹੈ, ਇਕ ਲੜੀ ਵਿਚ ਪਰੋ ਕੇ ਫਿਲਮ ਵਰਗੀ ਗਤੀ ਦੇਣ ਵਿਚ ਫਿਲਮ ਦੇ ਲੇਖਕ ਮਯੰਕ ਤਿਵਾੜੀ, ਕਰਫ ਦੁੱਨੇ, ਆਦਿਤਿਆ ਸਿਨਹਾ ਅਤੇ ਡਾਇਰੈਕਟਰ ਵਿਜੈ ਰਤਨਾਕਰ ਗੁੱਟੇ ਪੂਰੀ ਤਰ੍ਹਾਂ ਅਸਫਲ ਰਹੇ ਹਨ।
ਡਾ. ਮਨਮੋਹਨ ਸਿੰਘ ਦੇ ਕਿਰਦਾਰ ਵਿਚ ਅਨੁਪਮ ਖੇਰ ਨੇ ਉਨ੍ਹਾਂ ਦੀ ਚਾਲ-ਢਾਲ ਤੇ ਸਰੀਰਕ ਹਾਵ-ਭਾਵ ਵਿਚ ਉਤਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ, ਤੇ ਸਫਲ ਵੀ ਰਿਹਾ ਹੈ। ਉਸ ਦੇ ਮੇਕ-ਅੱਪ ‘ਤੇ ਵੀ ਬਹੁਤ ਮਿਹਨਤ ਕੀਤੀ ਗਈ ਹੈ, ਪਰ ਸਭ ਤੋਂ ਵਧੀਆ ਰੋਲ ਸੰਜਯ ਬਾਰੂ ਦੇ ਕਿਰਦਾਰ ਤੇ ਸੂਤਰਧਾਰ ਦੇ ਰੂਪ ਵਿਚ ਅਕਸ਼ੈ ਖੰਨਾ ਦਾ ਲੱਗਾ। ਉਸ ਦੀ ਵਿਅੰਗਮਈ ਮੁਸਕਾਨ ਬਹੁਤ ਜਗ੍ਹਾ ਬਹੁਤ ਕੁਛ ਕਹਿ ਜਾਂਦੀ ਹੈ।
ਵਿਦੇਸ਼ੀ ਐਕਟਰੈਸ ਸੂਜੇਨ ਬਰਨੈਟ ਨੇ ਸੋਨੀਆ ਗਾਂਧੀ ਦੇ ਕਿਰਦਾਰ ਨੂੰ ਬਾਖੂਬੀ ਨਿਭਾਇਆ ਹੈ। ਇਟਾਲੀਅਨ ਸਟਾਈਲ ਵਿਚ ਹਿੰਦੀ ਬੋਲਣ ਤੇ ਹਾਵ-ਭਾਵ ਕਾਰਨ ਉਹ ਸੋਨੀਆ ਦੇ ਨਿੱਜੀ ਸਟਾਈਲ ਦੇ ਬਹੁਤ ਨੇੜੇ ਪਹੁੰਚ ਜਾਂਦੀ ਹੈ। ਪ੍ਰਿਯੰਕਾ ਗਾਂਧੀ ਦੀ ਭੂਮਿਕਾ ਵਿਚ ਅਹਾਨਾ ਕੁਮਰਾ ਠੀਕ ਠੀਕ ਰਹੀ ਤੇ ਰਾਹੁਲ ਗਾਂਧੀ ਦੇ ਰੂਪ ਵਿਚ ਅਰਜਨ ਮਾਥੁਰ ਸਾਧਾਰਨ। ਹਾਂ, ਉਸ ਦੇ ਪਰਦੇ ‘ਤੇ ਆਉਣ ਸਾਰ ਦਰਸ਼ਕਾਂ ਦੇ ਠਹਾਕੇ ਸ਼ੁਰੂ ਹੋ ਜਾਂਦੇ ਹਨ ਤੇ ਕਿਤਿਓਂ ਕਿਤਿਓਂ ‘ਪੱਪੂ ਪੱਪੂ’ ਦੀਆਂ ਅਵਾਜ਼ਾਂ ਵੀ ਆਉਂਦੀਆਂ ਹਨ।
ਫਿਲਮ ਦੀ ਖਾਸ ਗੱਲ ਇਹ ਹੈ ਕਿ ਇਸ ਵਿਚ ਕਿਤੇ ਵੀ ਡਾ. ਮਨਮੋਹਨ ਸਿੰਘ ਦੇ ਬਾਰੇ ਕੋਈ ਇੱਕ ਵੀ ਅਜਿਹਾ ਦ੍ਰਿਸ਼ ਨਹੀਂ ਹੈ, ਜੋ ਉਨ੍ਹਾਂ ਦੇ ਕਿਰਦਾਰ ‘ਤੇ ਕਿੰਤੂ ਕਰਦਾ ਹੋਵੇ। ਉਨ੍ਹਾਂ ਦਾ ਕਿਰਦਾਰ ਇਕ ਸਨਮਾਨਿਤ ਸ਼ਖਸੀਅਤ ਦਾ ਪ੍ਰਭਾਵ ਦਿੰਦਾ ਹੈ, ਜੋ ਗਾਂਧੀ ਪਰਿਵਾਰ ਦੇ ਦਬਾਅ ਕਾਰਨ ਇਕ ਮਜਬੂਰ, ਲਾਚਾਰ ਤੇ ਮਾਯੂਸ ਸ਼ਖਸ ਹੋ ਕੇ ਰਹਿ ਜਾਂਦਾ ਹੈ।
ਫਿਲਮ ਦੇ ਕੁਝ ਡਾਇਲਾਗ ਜਿਵੇਂ “ਪੀ. ਐਮ. ਕੀ ਕੁਰਸੀ ਜ਼ਮੀਨ ਸੇ ਦੂਰ ਕਰ ਦੇਤੀ ਹੈ, ਫਾਈਲਜ਼ ਔਰ ਬਿਊਰੋਕਰੈਟਸ ਹੀ ਨਜ਼ਰ ਆਤੇ ਹੈਂ” ਅਤੇ ਇਕ ਜਗ੍ਹਾ ਉਹ ਸੰਜਯ ਨੂੰ ਆਖਦੇ ਹਨ, “ਤੁਮ ਮੈਡਮ ਕੋ ਕਯੋਂ ਨਹੀਂ ਮਿਲਤੇ, ਮੈਂ ਐਪੁਆਇੰਟਮੈਂਟ ਫਿਕਸ ਕਰੂੰ…।” ਇਹ ਸਭ ਸਾਬਕਾ ਪ੍ਰਧਾਨ ਮੰਤਰੀ ਦੀ ਲਾਚਾਰੀ ਦਰਸਾਉਂਦੇ ਹਨ। ਫਿਲਮ ਵਿਚ ਸਿਰਫ ਗਾਂਧੀ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜੋ ਸ਼ਾਇਦ ਆਉਂਦੀਆਂ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਕੁਝ ਫਾਇਦਾ ਦੇਣ ਦੀ ਕੋਸ਼ਿਸ਼ ਹੋ ਸਕਦਾ ਹੈ।
ਫਿਲਮ ਦੀ ਗਤੀ ਢਿੱਲ੍ਹੀ ਹੈ। ਸੈਟ ਤੇ ਲੋਕੇਸ਼ਨਾਂ ਵੀ ਅਸਲੀਅਤ ਨਾਲ ਮੇਲ ਨਹੀਂ ਖਾਂਦੀਆਂ ਤੇ ਗਰੇਂਜਰ ਵੀ ਉਹ ਨਹੀਂ ਹੈ, ਜੋ ਅਜਿਹੇ ਵਿਸ਼ਿਆਂ ‘ਤੇ ਵਿਦੇਸ਼ੀ ਫਿਲਮਾਂ ਵਿਚ ਵੇਖਣ ਨੂੰ ਮਿਲਦਾ ਹੈ। ਹਾਂ, ਸੰਜਯ ਬਾਰੂ ਦੀ ਕਿਤਾਬ ਬਹੁਤੇ ਲੋਕਾਂ ਨੇ ਨਹੀਂ ਪੜ੍ਹੀ ਹੋਵੇਗੀ, ਮੈਂ ਵੀ ਨਹੀਂ ਪੜ੍ਹੀ ਸੀ, ਇਸ ਲਈ ਸੰਜਯ ਬਾਰੂ ਨੇ ਸਾਬਕਾ ਪ੍ਰਧਾਨ ਮੰਤਰੀ ਦੇ ਨੇੜੇ ਰਹਿ ਕੇ ਜੋ ਕੁਝ ਦੇਖਿਆ ਅਤੇ ਮਹਿਸੂਸ ਕੀਤਾ, ਉਸ ਦੇ ਕੁਝ ਅੰਸ਼ ਫਿਲਮੀ ਪਰਦੇ ‘ਤੇ ਪੜ੍ਹਨ ਲਈ ਇਹ ਫਿਲਮ ਵੇਖੀ ਜਾ ਸਕਦੀ ਹੈ।