ਦਿੱਲੀ ਵੱਸਦੇ ਅਜੀਤ ਕੌਰ ਅਤੇ ਗੁਰਬਚਨ ਸਿੰਘ ਭੁੱਲਰ ਪੰਜਾਬੀ ਕਹਾਣੀ ਜਗਤ ਦੇ ਦੋ ਉਚ ਦੁਮਾਲੜੇ ਜਿਊੜੇ ਹਨ। ਇਨ੍ਹਾਂ ਦੀਆਂ ਕਹਾਣੀਆਂ ਦਾ ਆਪੋ-ਆਪਣਾ ਰੰਗ ਹੈ ਅਤੇ ਆਪੋ-ਆਪਣੇ ਜੀਵਨ ਵਿਚ ਵੀ ਇਨ੍ਹਾਂ ਦਾ ਜਲੌਅ ਦੇਖਿਆਂ ਹੀ ਬਣਦਾ ਹੈ। ਗੁਰਬਚਨ ਸਿੰਘ ਭੁੱਲਰ ਦੀ ਇਸ ਨਿੱਕੀ ਜਿਹੀ ਟਿੱਪਣੀ ਵਿਚ ਇਨ੍ਹਾਂ ਦੋਹਾਂ ਸ਼ਖਸੀਅਤਾਂ ਦਾ ਇਹ ਰੰਗ ਪੂਰੇ ਜਲੌਅ ਨਾਲ ਪ੍ਰਗਟ ਹੋਇਆ ਹੈ, ਸਗੋਂ ਕਹਿਣਾ ਚਾਹੀਦਾ ਹੈ ਕਿ ਇਹ ਜਲੌਅ ਦੂਣ-ਸਵਾਇਆ ਹੋਇਆ ਹੈ।
-ਸੰਪਾਦਕ
ਗੁਰਬਚਨ ਸਿੰਘ ਭੁੱਲਰ
ਫੋਨ: +1142502364
ਅਜੀਤ ਕੌਰ ਦਾ ਨਾਂ ਸਭ ਤੋਂ ਪਹਿਲਾਂ ਸੀ। ਹੋਣਾ ਹੀ ਚਾਹੀਦਾ ਸੀ। ਪੰਜਾਬੀ ਦੇ ਜੀਵਿਤ ਕਹਾਣੀਕਾਰਾਂ ਵਿਚੋਂ ਉਹ ਉਮਰ ਦੇ ਪੱਖੋਂ ਤਾਂ ਵੱਡੀ ਹੈ ਹੀ, ਕਹਾਣੀ ਦੀ ਗੁਣਤਾ ਦੇ ਪੱਖੋਂ ਵੀ ਵੱਡੀ ਹੈ। ਦਿੱਲੀ ਦੀ ਪੰਜਾਬੀ ਅਕਾਦਮੀ ਗਾਇਕੀ, ਨਾਟਕ ਤੇ ਹੋਰ ਸਭਿਆਚਾਰਕ ਪ੍ਰੋਗਰਾਮ ਕਰਵਾਉਂਦੀ ਰਹਿੰਦੀ ਹੈ। ਇਸ ਵਾਰ ਤਿੰਨ-ਦਿਨਾ ‘ਪੰਜਾਬੀ ਵਿਰਾਸਤੀ ਮੇਲਾ’ ਕਰਵਾਇਆ ਗਿਆ ਤਾਂ ਸਕੱਤਰ ਗੁਰਭੇਜ ਸਿੰਘ ਨੇ ਪਹਿਲੀ ਵਾਰ ਸਭਿਆਚਾਰ ਦੇ ਨਾਲ ਸਾਹਿਤ ਵੀ ਜੋੜ ਲਿਆ। ਪਹਿਲੇ ਦਿਨ ਕਹਾਣੀਕਾਰਾਂ ਨੂੰ, ਦੂਜੇ ਦਿਨ ਕਵੀਆਂ ਅਤੇ ਤੀਜੇ ਦਿਨ ਮੰਚ ਕਲਾਕਾਰਾਂ ਨੂੰ ਦਰਸ਼ਕਾਂ ਦੇ ਰੂਬਰੂ ਕਰਾਇਆ ਜਾਣਾ ਸੀ। ਹਰ ਵਿਧਾ ਦੇ ਸਭਨਾਂ ਪੀੜ੍ਹੀਆਂ ਦੇ ਪ੍ਰਤੀਨਿਧ ਬੁਲਾਏ ਗਏ ਸਨ।
ਪਰ ਅਜੀਤ ਕੌਰ ਤਾਂ ਢਾਈ-ਤਿੰਨ ਦਹਾਕਿਆਂ ਤੋਂ ਪੰਜਾਬੀ ਸਾਹਿਤਕ ਸਭਾਵਾਂ-ਸਮਾਗਮਾਂ ਵਿਚ ਆਉਂਦੀ ਹੀ ਨਹੀਂ। ਗੱਲ ਸਿਰਫ ਉਹਦੇ ਨਾ ਆਉਣ ਤੱਕ ਹੀ ਨਹੀਂ ਸੀ ਰਹੀ ਸਗੋਂ ਉਹਨੂੰ ਉਹਦੇ ਘਰ ਜਾ ਕੇ ਮਿਲਣਾ ਵੀ ਅਸੰਭਵ ਹੋ ਗਿਆ ਸੀ। ਦੁਆਰਪਾਲ ਕੋਲ ਦਿਨ ਨੂੰ ਮਿਲਣ ਆਉਣ ਵਾਲਿਆਂ ਦੀ ਉਹ ਸੂਚੀ ਹੁੰਦੀ ਹੈ, ਜੋ ਉਹਨੂੰ ਅਜੀਤ ਕੌਰ ਨੇ ਫੜਾਈ ਹੁੰਦੀ ਹੈ। ਦੱਸਣਯੋਗ ਹੈ ਕਿ ਸੂਚੀ ਵਿਚ ਨਾਂ ਹੋਣ ਤੋਂ ਬਿਨਾ ਮਿਲਣ ਦੀ ਕੋਈ ਸੂਰਤ ਤੇ ਸੰਭਾਵਨਾ ਨਹੀਂ ਰਹਿ ਜਾਂਦੀ ਤੇ ਤੁਹਾਡਾ ਨਾਂ ਇਸ ਸੂਚੀ ਵਿਚ ਹੈ ਨਹੀਂ! ਅਜੀਤ ਕੌਰ ਦੇ ਦੁਆਰਪਾਲ ਦੇ ਹੱਥ ਵਿਚ ਬਰਛਾ ਤਾਂ ਨਹੀਂ ਹੁੰਦਾ ਪਰ ਉਹਦੀਆਂ ਦੋ-ਟੁੱਕ ਰੁੱਖੀਆਂ ਗੱਲਾਂ ਸੁਣ ਕੇ ਤੁਹਾਨੂੰ ਉਹਦੇ ਹੱਥ ਦਾ ਬਰਛਾ ਦਿਖਾਈ ਦੇਣ ਲਗਦਾ ਹੈ।
ਬੰਦ ਗੇਟ ਅੱਗੇ ਕੱਚਾ ਜਿਹਾ ਹੋ ਕੇ ਖਲੋਤਿਆਂ ਮੈਨੂੰ ਮੋਹਨ ਭੰਡਾਰੀ ਦੀ ਚੜ੍ਹਦੀ ਉਮਰੇ ਲਿਖੀ ਹੋਈ ਕਵਿਤਾ ਚੇਤੇ ਆ ਗਈ, “ਭਾਲ ਥੱਕੇ ਹਾਂ ਬੜਾ, ਤੇਰਾ ਘਰ ਨਹੀਂ ਮਿਲਦਾ/ ਤੇਰਾ ਘਰ ਮਿਲਦਾ ਹੈ, ਤਾਂ ਤੂੰ ਘਰ ਨਹੀਂ ਮਿਲਦਾ!” ਆਖਰ ਫੋਨ ਰਾਹੀਂ ਗੱਲ ਹੋਣ ਦੀ ਆਸ ਬਾਕੀ ਬਚਦੀ ਸੀ। ਸਵੇਰ ਵੇਲੇ ਮਿੱਠੀ ਪੁਰਖੀ ਆਵਾਜ਼ ਵਿਚ ਜਵਾਬ ਮਿਲਿਆ, “ਜੀ ਉਹ ਤਾਂ ਚਲੇ ਗਏ ਨੇ।” ਫੋਨ ਬੰਦ! ਸ਼ਾਮ ਨੂੰ ਫੇਰ ਕੋਸ਼ਿਸ਼ ਕੀਤੀ। ਉਹੋ ਮਿੱਠਾ ਜਵਾਬ, ਉਹੋ ਨਿਰਾਸ਼ਾ! “ਜੀ ਉਹ ਤਾਂ ਅਜੇ ਆਏ ਨਹੀਂ।” ਫੋਨ ਫੇਰ ਬੰਦ। ਦੂਜੀ ਵਾਰ ਮੈਂ ਸੱਤ ਵਜੇ ਸਵੇਰੇ, ਭਾਵ ਉਹਦੇ ਜਾਣ ਤੋਂ ਪਹਿਲਾਂ ਫੋਨ ਮਿਲਾ ਲਿਆ ਪਰ ਉਸੇ ਆਵਾਜ਼ ਅਨੁਸਾਰ ਅਜੀਤ ਕੌਰ ਘਰੋਂ ਕਿਸੇ ਕੰਮ ਜਾ ਵੀ ਚੁਕੀ ਸੀ। ਸ਼ਾਮ ਨੂੰ ਨੌਂ ਵਜੇ ਫੋਨ ਘੁਮਾਉਂਦਿਆਂ ਸੋਚਿਆ, ਹੁਣ ਤਾਂ ਪੰਛੀ ਵੀ ਆਲ੍ਹਣਿਆਂ ਵਿਚ ਮੁੜ ਆਏ, ਅਜੀਤ ਕੌਰ ਵੀ ਘਰ ਆ ਗਈ ਹੋਵੇਗੀ ਪਰ ਪਤਾ ਲੱਗਾ, ਉਹ ਅਜੇ ਵਾਪਸ ਨਹੀਂ ਸੀ ਆਈ।
ਗੱਲ ਕੀ, ਗੱਲ ਅਖਬਾਰਾਂ ਵਿਚ ‘ਗੁਮਸ਼ੁਦਾ ਕੀ ਤਲਾਸ਼’ ਦਾ ਇਸ਼ਤਿਹਾਰ ਦੇਣ ਵਾਲੀ ਬਣੀ ਹੋਈ ਸੀ। ਦੋ-ਤਿੰਨ ਵਾਰ ਇਸ ਅਨੁਭਵ ਵਿਚੋਂ ਲੰਘ ਕੇ ਮੈਂ ਸਮਝ ਗਿਆ ਕਿ ਅਜੀਤ ਕੌਰ ਫੋਨ ਵਾਲੇ ਮਿਠਬੋਲੜੇ ਪਰ ਝੂਠੇ ਬੰਦੇ ਦੇ ਨੇੜੇ ਹੀ ਬੈਠੀ ਹੋਈ ਹੈ, ਬੱਸ ਜੇ ਦੂਰ ਹੈ ਤਾਂ ਸਾਥੋਂ ਪੰਜਾਬੀ ਲੇਖਕਾਂ ਤੋਂ ਹੀ ਦੂਰ ਹੈ। ਪੰਜਾਬੀ ਅਕਾਦਮੀ ਦਿੱਲੀ ਦਾ ਖੂਬਸੂਰਤ ਕਾਰਡ ਦੋ-ਤਿੰਨ ਵਾਰ ਪੜ੍ਹ ਕੇ ਤੇ ਉਲਟ-ਪਲਟ ਕੇ ਵੀ ਇਹ ਸਮਝ ਨਹੀਂ ਸੀ ਆ ਰਹੀ ਕਿ ਪ੍ਰਬੰਧਕਾਂ ਨੇ ਉਹਦਾ ਨਾਂ ਸਮਾਗਮ ਨੂੰ ਖਿੱਚ ਪਾਉਣ ਵਾਲਾ ਬਣਾਉਣ ਲਈ ਕੁਝ ਮਨਮੋਹਕ ਨਾਂ ਐਵੇਂ ਹੀ ਪਾ ਦੇਣ ਦੀ ਪਰੰਪਰਾ ਪਾਲਦਿਆਂ ਲਿਖ ਛੱਡਿਆ ਹੈ ਜਾਂ ਉਹ ਸੱਚਮੁੱਚ ਆਵੇਗੀ!
ਮੈਂ ਪੰਜਾਬੀ ਅਕਾਦਮੀ ਦੇ ਸਕੱਤਰ ਗੁਰਭੇਜ ਸਿੰਘ ਨੂੰ ਫੋਨ ਕੀਤਾ, “ਤੁਸੀਂ ਅਜੀਤ ਕੌਰ ਦਾ ਨਾਂ ਕਿਉਂ ਲਿਖ ਛੱਡਿਆ ਹੈ, ਉਹਨੇ ਤਾਂ ਪੰਜਾਬੀ ਦੇ ਸਾਹਿਤਕ ਸਮਾਗਮਾਂ ਵਿਚ ਆਉਣਾ ਚਿਰੋਕਣਾ ਛੱਡਿਆ ਹੋਇਆ ਹੈ?” ਉਹਨੇ ਮਾਣ ਨਾਲ ਆਖਿਆ, “ਮੈਂ ਉਨ੍ਹਾਂ ਨੂੰ ਮਨਾ ਲਿਆ ਹੈ।” ਮੈਂ ਹੈਰਾਨ ਹੋਇਆ, “ਤੁਸੀਂ ਇਹ ਕ੍ਰਿਸ਼ਮਾ ਕਿਵੇਂ ਕਰ ਦਿਖਾਇਆ?” ਉਹਨੇ ਦੱਸਿਆ, “ਮੈਂ ਕਿਹਾ, ਤੁਸੀਂ ਕੋਈ ਭਾਸ਼ਨ ਨਾ ਦੇਣਾ, ਕਹਾਣੀ ਬਾਰੇ ਵੀ ਕੁਛ ਨਾ ਕਹਿਣਾ, ਬੱਸ ਸਾਨੂੰ ਤੇ ਪੰਜਾਬੀ ਅਕਾਦਮੀ ਨੂੰ ਅਸੀਸ ਦੇ ਜਾਉ, ਭਾਵੇਂ ਦੋ ਮਿੰਟਾਂ ਵਾਸਤੇ ਹੀ ਆ ਜਾਉ।”
ਪੁਰਾਣੇ ਸਮਿਆਂ ਦੀ ਗੱਲ ਹੈ, ਅਜੀਤ ਕੌਰ, ਖਾਸ ਕਰਕੇ ਦਿੱਲੀ ਵਿਚ ਪੰਜਾਬੀ ਸਾਹਿਤਕ ਇਕੱਠਾਂ ਦੀ ਜਾਨ ਤੇ ਸ਼ਾਨ ਹੁੰਦੀ ਸੀ। ਪੰਜਾਬੀ ਕਹਾਣੀ ਦੇ ਜ਼ਿਕਰ ਵਿਚ ਅਜੀਤ ਕੌਰ ਸ਼ਾਮਲ ਨਾ ਹੋਵੇ, ਇਹ ਸੰਭਵ ਨਹੀਂ ਸੀ। 1987 ਵਿਚ ਉਹਨੇ ਪੰਜਾਬੀ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ ਮਸ਼ਹੂਰ ਤ੍ਰਿਵੈਣੀ ਹਾਲ ਵਿਚ ‘ਕਹਾਣੀ ਦਰਬਾਰ’ ਕਰਵਾਇਆ। ਉਹ ਕਹਿੰਦੀ, “ਕਵੀ ਦਰਬਾਰ ਤਾਂ ਸਦਾ ਤੋਂ ਹੁੰਦੇ ਆਏ। ਖਾਸ ਕਰਕੇ ਜਦੋਂ ਦੇ ਆਜ਼ਾਦੀ ਦਿਹਾੜੇ ਤੇ ਰਿਪਬਲਿਕ ਦਿਨ ਨਾਲ ਜੋੜੇ ਗਏ ਇਹ ਕਵੀ ਦਰਬਾਰ, ਉਦੋਂ ਦੀ ਤਾਂ ਤੁਕਾਂ ਜੋੜਨ ਵਾਲਿਆਂ ਦੀ ਮੌਜ ਹੀ ਹੋ ਗਈ।…ਪਰ ਕਹਾਣੀ ਦਰਬਾਰ? ਕਹਾਣੀ ਵੀ ਕੋਈ ਸੁਣਾਉਣ ਦੀ ਚੀਜ਼ ਐ? ਕਹਾਣੀ ਸਿਰਫ ਇੱਕੋ ਬੰਦਾ ਸੁਣਾ ਸਕਦਾ ਏ, ਤੇ ਉਹ ਐ ਦੇਵਿੰਦਰ ਸਤਿਆਰਥੀ।”
ਤਾਂ ਵੀ ਅਜੀਤ ਕੌਰ ਦੇ ਇਸ ਕਾਰਨਾਮੇ ਵਿਚ ਤਿੰਨ ਸੈਸ਼ਨ ਪੰਜਾਬੀ ਕਹਾਣੀਆਂ ਦੇ ਹੋਏ ਤੇ ਇਕ ਸੈਸ਼ਨ ਹਿੰਦੀ ਤੇ ਉਰਦੂ ਕਹਾਣੀਆਂ ਦਾ। ਇਧਰਲੀ ਕਹਾਣੀ ਬਾਰੇ ਡਾ. ਰਘਬੀਰ ਸਿੰਘ ਨੇ ਤੇ ਲਹਿੰਦੇ ਪੰਜਾਬ ਦੀ ਕਹਾਣੀ ਬਾਰੇ ਸਿਬਤੁਲ ਹਸਨ ਜ਼ੈਗਮ ਨੇ ਵਿਚਾਰ ਸਾਂਝੇ ਕੀਤੇ। ਹਿੰਦੀ ਕਹਾਣੀ ਦੀ ਪਛਾਣ ਕਮਲੇਸ਼ਵਰ ਨੇ ਕਰਵਾਈ ਤੇ ਉਰਦੂ ਕਹਾਣੀ ਦੀ ਗੋਪੀ ਚੰਦ ਨਾਰੰਗ ਨੇ।
ਇਧਰਲੇ ਪੰਜਾਬੀ ਕਹਾਣੀਕਾਰ ਤਾਂ ਵਹੀਰਾਂ ਘੱਤ ਕੇ ਆਏ ਹੀ, ਪਾਕਿਸਤਾਨ ਤੋਂ ਸਿਬਤੁਲ ਹਸਨ ਜ਼ੈਗਮ, ਫਖਰ ਜ਼ਮਾਨ, ਅਫਜ਼ਲ ਅਹਿਸਨ ਰੰਧਾਵਾ ਤੇ ਮੁਹੰਮਦ ਮਨਸ਼ਾ ਯਾਦ ਵੀ ਆਏ।
ਮਗਰੋਂ ਅਜੀਤ ਕੌਰ ਨੇ ਕਹਾਣੀ ਦਰਬਾਰ ਬਾਰੇ ਲਿਖਦਿਆਂ ਕਿਹਾ, “ਮੇਲਾ, ਹਜ਼ੂਰ, ਮੇਲਾ! ਮੇਲੇ ਜਿਹਾ ਮੇਲਾ!” ਰੌਣਕਾਂ ਵੱਲ ਦੇਖਦਿਆਂ ਠੀਕ ਹੀ ਇਹ ਮੇਲਾ ਸੀ। “ਓਹੀ ਤ੍ਰਵੈਣੀ ਹਾਲ ਜਿਸ ਦੀਆਂ ਖਾਲੀ ਕੁਰਸੀਆਂ ਹਰ ਫੰਕਸ਼ਨ ਵੇਲੇ ਉਬਾਸੀਆਂ ਲੈਂਦੀਆਂ ਦਿਸਿਆ ਕਰਦੀਆਂ ਸਨ, ਭਰ ਕੇ ਛੁਲ੍ਹਕ ਰਿਹਾ ਸੀ। ਲੋਕ ਕਾਲੀਨਾਂ ‘ਤੇ ਵੀ ਬੈਠੇ ਸਨ, ਭੁੰਜੇ ਵੀ, ਪੌੜੀਆਂ ਵਿਚ ਵੀ, ਤੇ ਕੰਧਾਂ ਨਾਲ ਲੱਗ ਕੇ ਖੜੋਤੇ ਵੀ ਹੋਏ ਸਨ।…ਕਹਾਣੀਕਾਰ! ਕਹਾਣੀਆਂ! ਗੱਪਾਂ! ਕੋਸੀਆਂ, ਰੇਸ਼ਮੀ ਧੁੱਪਾਂ ਵਿਚ ਹਮ-ਨਿਵਾਲਾ ਹੋ ਰਹੇ ਦੋਸਤ! ਤੇ ਸ਼ਾਮੀਂ ਹਮ-ਪਿਆਲਾ (ਕਾਫੀ ਦਾ!)। ਹਾਂ, ਮਗਰੋਂ ਪ੍ਰਾਈਵੇਟ ਮਹਿਫਿਲਾਂ ਵੀ ਹੋਈਆਂ, ਅੱਧੀ ਅੱਧੀ ਰਾਤ ਤੱਕ! ਤੇ ਪਿਆਲਿਆਂ ਦੀ ਲਾਜ ਰੱਖੀ ਗਈ! ਤੇ ਰਾਤੀਂ ਮਹਿਫਿਲਾਂ ਦਾ ਨਿੱਘ! ਦੋਸਤਾਂ ਦੀਆਂ ਮਿਲਣੀਆਂ। ਸਾਹਿਤਕ ਤੇ ਸਮਾਜਿਕ ਅਤੇ ਰਾਜਨੀਤਕ ਤੇ ਜ਼ਾਤੀ ਖਿਆਲਾਂ ਦੇ ਮੁਕਤ ਵਟਾਂਦਰੇ!” ਇਹ ਗੱਲ ਵੱਖਰੀ ਹੈ ਕਿ ਪਿਆਲਿਆਂ ਦੀ ਲਾਜ ਰੱਖਣ ਦੇ ਇਸ ਚੱਕਰ ਨੇ ਤੇ ਰਾਤੀਂ ਮਹਿਫਿਲਾਂ ਦੇ ਨਿੱਘ ਨੇ ਪੁਆੜੇ ਵੀ ਬੜੇ ਪਾਏ!
ਮਗਰੋਂ ਉਥੇ ਪੜ੍ਹੀਆਂ ਗਈਆਂ ਵਿਚੋਂ ਉਹਨੇ ਬਾਈ ਕਹਾਣੀਆਂ ਚੁਣੀਆਂ ਤੇ ਪੁਸਤਕ ‘ਕਹਾਣੀ ਦਰਬਾਰ’ ਛਪਵਾਈ। ਉਹਦੇ ਮੂਹਰੇ ਆਪ ‘ਕਿੱਸਾ ਕਹਾਣੀ ਦਰਬਾਰ ਦਾ’ ਲਿਖਿਆ ਤੇ ਕਰਤਾਰ ਸਿੰਘ ਦੁੱਗਲ ਤੋਂ ‘ਅਜੋਕੀ ਪੰਜਾਬੀ ਕਹਾਣੀ’ ਲੇਖ ਲਿਖਵਾਇਆ। ਇਸ ਸਾਰੇ ਰਾਮ-ਰੌਲੇ ਦਾ ਸਿੱਟਾ ਇਹ ਨਿਕਲਿਆ ਕਿ ਅਜੀਤ ਕੌਰ ਪੰਜਾਬੀ ਕਹਾਣੀ ਦੇ ਦਿੱਲੀ ਮੰਡਲ ਦੀ ਸਰਬਸੰਮਤੀ ਨਾਲ ਮਹਾਂਮੰਡਲੇਸ਼ਵਰ, ਸਿੱਧੇ ਸ਼ਬਦਾਂ ਵਿਚ ਕਹੀਏ ਤਾਂ ਮਹੰਤ ਥਾਪੀ ਗਈ।
ਪਰ ਫੇਰ ਅਚਾਨਕ ਮਹੰਤ ਹੀ ਗਾਇਬ ਹੋ ਗਈ। ਕੁਝ ਚਿਰ ਮਗਰੋਂ ਪਤਾ ਲੱਗਾ, ਉਹਨੇ ਆਪਣੇ ਘਰ ਸਾਹਿਤਕ ਬੈਠਕਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਨ੍ਹਾਂ ਵਿਚ ਦਾਖਲਾ ਸਿਰਫ ਸੱਦੇ ਨਾਲ ਸੰਭਵ ਹੁੰਦਾ ਹੈ। ਇਨ੍ਹਾਂ ਬੈਠਕਾਂ ਵਿਚ ਦੂਜੀਆਂ ਭਾਰਤੀ ਭਾਸ਼ਾਵਾਂ ਦੇ ਪ੍ਰਮੁੱਖ ਲੇਖਕ ਸ਼ਾਮਿਲ ਹੁੰਦੇ। ਅਜੀਤ ਕੌਰ ਦੇ ਸੱਦੇ ਉਤੇ ਕੌਣ ਨਾ ਆਵੇ! ਸਾਬਕਾ ਪ੍ਰਧਾਨ ਮੰਤਰੀ ਵੀ. ਪੀ. ਸਿੰਘ ਵੀ, ਕੈਂਸਰ ਵਰਗੇ ਦੀਰਘ ਰੋਗ ਦੇ ਬਾਵਜੂਦ, ਆਪਣੀਆਂ ਅੰਗਰੇਜ਼ੀ ਕਵਿਤਾਵਾਂ ਸੁਣਾਉਣ ਪਹੁੰਚ ਜਾਂਦਾ। ਪੰਜਾਬੀ ਦੇ ਲੇਖਕਾਂ ਵਿਚੋਂ ਮਸਾਂ ਇਕ-ਦੋ ਨੂੰ ਮੌਕਾ ਮਿਲਦਾ। ਫੇਰ ਉਹਨੇ ਹੋਰ ਵੀ ਵੱਡਾ ਕਦਮ ਚੁੱਕਿਆ। ਉਹਨੇ ‘ਦਿ ਫਾਊਂਡੇਸ਼ਨ ਆਫ ਸਾਰਕ ਰਾਈਟਰਜ਼ ਐਂਡ ਲਿਟਰੇਚਰ’ ਨਾਂ ਦੀ ਸੰਸਥਾ ਬਣਾ ਲਈ ਅਤੇ ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ, ਭਾਰਤ, ਮਾਲਦੀਵਜ਼, ਨੇਪਾਲ, ਪਾਕਿਸਤਾਨ ਤੇ ਸ੍ਰੀਲੰਕਾ ਦੇ ਰਾਜਨੀਤਕ ਸੰਗਠਨ ‘ਦਿ ਸਾਊਥ ਏਸ਼ੀਅਨ ਐਸੋਸੀਏਸ਼ਨ ਫਾਰ ਰਿਜਨਲ ਕੋਆਪਰੇਸ਼ਨ’ (ਸੰਖੇਪ ਵਿਚ ਸਾਰਕ) ਦਾ ਸਾਹਿਤਕ-ਸਭਿਆਚਾਰਕ ਪੱਖ ਸੰਭਾਲ ਲਿਆ। ਉਹਦੀ ਫਾਊਂਡੇਸ਼ਨ ਦਾ ਉਦੇਸ਼ “ਇਸ ਖੇਤਰ ਵਿਚ ਅਮਨ-ਚੈਨ ਲਈ ਸਾਰਕ ਦੇ ਝੰਡੇ ਹੇਠ ਸਾਰਕ ਦੇਸਾਂ ਦੇ ਸਾਹਿਤਕ ਤੇ ਸਭਿਆਚਾਰਕ ਮੇਲ-ਜੋਲ ਰਾਹੀਂ ਲੋਕਾਂ ਵਿਚਕਾਰ ਸੰਪਰਕ ਤੇ ਗੱਲਬਾਤ ਨਾਲ ਰਿਸ਼ਤਿਆਂ ਨੂੰ ਉਜਾਗਰ ਕਰਨਾ, ਵਧਾਉਣਾ ਤੇ ਮਜ਼ਬੂਤ ਕਰਨਾ” ਐਲਾਨਿਆ ਗਿਆ।
ਛੇਤੀ ਹੀ ਸਾਰਕ ਸੈਕਰੇਟੇਰੀਏਟ ਨੇ ਫਾਊਂਡੇਸ਼ਨ ਦਾ ਮਹੱਤਵ ਪਛਾਣਦਿਆਂ ਇਹਨੂੰ ਅਪਨਾ ਲਿਆ। ਹੁਣ ਤੱਕ ਅਜੀਤ ਕੌਰ ਨੇ ਸਾਰਕ ਦੇਸ਼ਾਂ ਵਿਚ ਤੀਹ ਤੋਂ ਵੱਧ ਸਾਹਿਤਕ ਤੇ ਸਭਿਆਚਾਰਕ ਪ੍ਰੋਗਰਾਮ, ਬੁੱਧਮੱਤ ਤੇ ਸੂਫੀਵਾਦ ਦੀਆਂ ਕਾਨਫਰੰਸਾਂ ਅਤੇ ਲੋਕਧਾਰਾ ਦੇ ਮੇਲੇ ਸਫਲਤਾ ਨਾਲ ਕੀਤੇ ਹਨ।
ਮੈਨੂੰ ਅਜੀਤ ਕੌਰ ਦੀਆਂ ਇਹ ਸਭ ਸਰਗਰਮੀਆਂ ਕਿਸੇ ਵੀ ਕਿੰਤੂ-ਪ੍ਰੰਤੂ ਤੋਂ ਬਿਨਾ ਪ੍ਰਵਾਨ ਸਨ ਪਰ ਸੋਚ ਵਿਚ ਸ਼ਿਲਤ ਰੜਕਦੀ ਕਿ ਪੰਜਾਬੀ ਸਾਹਿਤ ਦੀ ਜਿਸ ਪੌੜੀ ਰਾਹੀਂ ਉਹ ਸਾਰਕ ਦੀ ਛੱਤ ਉਤੇ ਚੜ੍ਹੀ ਸੀ, ਛੱਤ ਤੋਂ ਉਸ ਪੌੜੀ ਨੂੰ ਪੈਰ ਨਾਲ ਧੱਕ ਕੇ ਪਰੇ ਕਰ ਦੇਣ ਦਾ ਕੀ ਮਤਲਬ ਹੋਇਆ! ਮਨ ਖਿਝਦਾ, ਜਦੋਂ ਕਿਤੇ ਸਬੱਬੀਂ ਮਿਲ ਗਈ, ਪੁੱਛਾਂਗੇ ਜ਼ਰੂਰ! ਮੈਂ ਕਿਸ਼ੋਰ ਕੁਮਾਰ ਤਾਂ ਨਹੀਂ ਸੀ, ਤਾਂ ਵੀ 1962 ਦੀ ਫਿਲਮ ‘ਰੰਗੋਲੀ’ ਲਈ ਸ਼ੈਲੇਂਦਰ ਦੇ ਸ਼ਬਦਾਂ ਨੂੰ ਦਿੱਤੇ ਉਹਦੇ ਬੋਲ ਗੁਣਗੁਣਾਉਣ ਲਗਦਾ, “ਛੋਟੀ ਸੀ ਯੇ ਦੁਨੀਆ/ ਪਹਿਚਾਨੇ ਰਾਸਤੇ ਹੈਂ/ ਤੁਮ ਕਭੀ ਤੋ ਮਿਲੋਗੇ/ ਕਹੀਂ ਤੋ ਮਿਲੋਗੇ/ ਤੋ ਪੂਛੇਂਗੇ ਹਾਲ!” ਇਹ ਗੀਤ ਜਿਥੇ ਇਕ ਪਾਸੇ ਮਿਲਣ ਦੀ ਸੰਭਾਵਨਾ ਜੀਵਿਤ ਰਖਦਾ ਸੀ, ਉਥੇ ਨਾਲ ਹੀ ‘ਤੋ ਪੂਛੇਂਗੇ ਹਾਲ’ ਦੇ ਪੰਜਾਬੀ ਵਿਚ ਦੋ ਮਤਲਬ ਨਿੱਕਲਦੇ ਸਨ। ਇਕ ਤਾਂ ਸਾਧਾਰਨ ਹਾਲ-ਚਾਲ ਪੁੱਛਣਾ ਤੇ ਦੂਜੇ ਰੋਸ ਤੇ ਰੋਹ ਦਾ ਦੋ-ਦੋ ਹੱਥ ਕਰਨ ਵਾਲਾ ਪ੍ਰਗਟਾਵਾ, “ਮੈਂ ਪੁੱਛੂੰ ਉਹਦਾ ਹਾਲ!” ਬੱਸ ਮੁਲਾਕਾਤ ਦਾ ਸਬੱਬ ਬਣੇ ਸਹੀ! ਅੱਜ ਪੰਜਾਬੀ ਅਕਾਦਮੀ ਦਿੱਲੀ ਨੇ ਉਹ ਸਬੱਬ ਬਣਾ ਦਿੱਤਾ ਸੀ।
ਕਨਾਟ ਪਲੇਸ ਦੇ ਵਿਚਕਾਰਲੇ ਘਾਹੀ ਮੈਦਾਨ ਦੀ ਹਰਿਆਲੀ ਪੂਰੀ ਟਹਿਕੀ ਹੋਈ ਸੀ, ਸਿਆਲੂ ਧੁੱਪ ਪੂਰੀ ਨਿੱਖਰੀ ਹੋਈ ਸੀ ਅਤੇ ਗਹਿਮਾ-ਗਹਿਮੀ, ਤੋਰਾ-ਫੇਰਾ ਤੇ ਰੌਣਕਾਂ ਸਚੁਮੱਚ ਹੀ ਮੇਲੇ ਵਾਲੀਆਂ ਸਨ। ਪਤਾ ਲੱਗਾ, ਉਹ ਘਰੋਂ ਚੱਲ ਪਈ ਹੈ। ਸਲਾਹ ਬਣੀ ਕਿ ਜਦੋਂ ਆਈ, ਸਵਾਗਤ ਹੋ ਜਾਵੇਗਾ, ਪ੍ਰੋਗਰਾਮ ਸ਼ੁਰੂ ਕਰ ਲਿਆ ਜਾਵੇ। ਕੁਝ ਚਿਰ ਮਗਰੋਂ ਗੁਰਭੇਜ ਸਿੰਘ ਨੇ ਮੇਰੇ ਕੰਨ ਵਿਚ ਕਿਹਾ, “ਉਹ ਆ ਗਏ ਨੇ, ਮੈਂ ਜਾ ਕੇ ਲੈ ਆਵਾਂ।”
ਮੈਨੂੰ ਪਤਾ ਸੀ ਕਿ ਮੰਚ ਉਤੇ ਉਹਦੇ ਆਉਂਦਿਆਂ ਹੀ ਸਭ ਕਹਾਣੀਕਾਰਾਂ ਨੇ ਭੱਜ ਕੇ ਉਹਦੇ ਦੁਆਲੇ ਜਾ ਹੋਣਾ ਹੈ। ਮੈਂ ਆਪਣਾ ਰੋਸ ਦਿਖਾਉਣ ਦੀ ਵਿਉਂਤ ਬਣਾ ਲਈ। ਕੁਝ ਸਮਾਂ ਪਿੱਛੇ ਖੜ੍ਹਾ ਰਹਿ ਕੇ ਮੈਂ ਕਹਿਣਾ ਸੀ, “ਮੁੰਡਿਉ, ਜੇ ਦੁਆ-ਸਲਾਮ ਹੋ ਗਈ, ਇਕ ਪਾਸੇ ਹੋ ਜਾਉ, ਹੁਣ ਮੈਨੂੰ ਇਨ੍ਹਾਂ ਨਾਲ ਦੋ-ਦੋ ਹੱਥ ਕਰ ਲੈਣ ਦਿਉ!”
ਅਜੀਤ ਕੌਰ ਮੰਚ ਉਤੇ ਆਈ, ਚਿਹਰਾ ਬਜੁਰਗਾਨਾ ਪਰ ਮੁਸਕਰਾਹਟ ਉਹੋ ਸਦੀਵੀ। ਕਹਾਣੀਕਾਰਾਂ ਨੇ ਉਹਦੇ ਦੁਆਲੇ, ਮੇਰੇ ਸੋਚੇ ਵਾਂਗ ਹੀ, ਝੁਰਮਟ ਜਾ ਪਾਇਆ। ਫੇਰ ਮੈਂ ਆਪਣੇ ਮੂਹਰੇ ਖੜ੍ਹੇ ਦੋ ਮੁੰਡਿਆਂ ਨੂੰ ਮੋਢਿਆਂ ਤੋਂ ਫੜ ਕੇ ਪਾਸੇ ਕਰਦਿਆਂ ਆਪਣੇ ਸੋਚੇ ਹੋਏ ਰੋਸ ਨੂੰ ਜ਼ਬਾਨ ਦਿੱਤੀ, “ਮੁੰਡਿਉ, ਜੇ ਦੁਆ-ਸਲਾਮ ਹੋ ਗਈ, ਇਕ ਪਾਸੇ ਹੋ ਜਾਉ!”
ਜਿਉਂ ਹੀ ਮੈਂ ਸਾਹਮਣੇ ਹੋਇਆ, ਉਹਦੀ ਮੁਸਕਰਾਹਟ ਹੋਰ ਵੀ ਚਾਨਣੀ ਹੋ ਗਈ ਤੇ ਸੋਚੇ ਹੋਏ “ਹੁਣ ਮੈਨੂੰ ਇਨ੍ਹਾਂ ਨਾਲ ਦੋ-ਦੋ ਹੱਥ ਕਰ ਲੈਣ ਦਿਉ” ਦੀ ਥਾਂ ਮੇਰੇ ਮੂੰਹੋਂ ਨਿਕਲਿਆ, “ਹੁਣ ਮੈਨੂੰ ਇਨ੍ਹਾਂ ਦੇ ਗੋਡੀਂ ਹੱਥ ਲਾ ਲੈਣ ਦਿਉ!” ਉਹਨੇ ਮੇਰੇ ਝੁਕੇ ਹੋਏ ਹੱਥ ਆਪਣੇ ਹੱਥਾਂ ਵਿਚ ਬੋਚ ਕੇ ਚੁੰਮ ਲਏ। ਫੇਰ ਵੀ ਮੈਂ ਏਨਾ ਕੁ ਮਿਹਣਾ ਤਾਂ ਮਾਰ ਹੀ ਦਿੱਤਾ, “ਮੈਂ ਗੁਰਬਚਨ ਸਿੰਘ ਭੁੱਲਰ!” ਉਹ ਹੱਸੀ, “ਤੈਨੂੰ ਕੌਣ ਨਾ ਪਛਾਣੇ! ਪੰਜਾਹ ਸਾਲ ਪਹਿਲਾਂ ਵੀ ਤੂੰ ਇਹੋ ਜਿਹਾ ਸੀ, ਅੱਜ ਵੀ ਉਹੋ ਜਿਹਾ ਹੈਂ ਤੇ ਹੋਰ ਪੰਜਾਹ ਸਾਲਾਂ ਨੂੰ ਵੀ ਇਹੋ ਜਿਹਾ ਹੀ ਰਹੇਂਗਾ!”
ਮੈਂ ਕੋਲ ਖਲੋਤੇ ਗੁਰਭੇਜ ਸਿੰਘ ਵੱਲ ਜੇਤੂ ਮੁਸਕਰਾਹਟ ਸੁੱਟੀ। ਮੇਰਾ ਭਾਵ ਸੀ, ਅਜੀਤ ਕੌਰ ਦੀ ਜਿਹੜੀ ਅਸੀਸ ਉਹਨੇ ਪੰਜਾਬੀ ਅਕਾਦਮੀ ਲਈ ਲੈਣ ਵਾਸਤੇ ਏਨਾ ਤਰੱਦਦ ਕੀਤਾ ਹੈ, ਉਸ ਨਾਲੋਂ ਵੀ ਵੱਡੀ ਅਸੀਸ ਉਹਨੇ ਮੈਨੂੰ ਅਣਮੰਗੀ ਹੀ ਦੇ ਦਿੱਤੀ ਹੈ। ਮੇਰਾ ਯਕੀਨ ਹੈ, ਲੇਖਕ ਨੂੰ ਆਪਣੇ ਨਾਲੋਂ ਵੱਡਿਆਂ ਦਾ ਪਿਆਰ ਤੇ ਛੋਟਿਆਂ ਦਾ ਸਤਿਕਾਰ ਮਿਲਦਾ ਰਹੇ, ਉਹਦੀ ਕਲਮ ਨੂੰ ਹੋਰ ਕਿਸੇ ਆਕਸੀਜਨ ਦੀ ਲੋੜ ਨਹੀਂ ਰਹਿੰਦੀ!
