ਨਾਵਲ ਕਿਆਮਤ-12

ਹਰਮਹਿੰਦਰ ਚਾਹਲ ਦਾ ਨਾਵਲ ‘ਕਿਆਮਤ’ ਇਰਾਕ ਦੇ ਛੋਟੇ ਜਿਹੇ ਅਕੀਦੇ/ਕਬੀਲੇ ਜਾਜ਼ੀਦੀ ਨਾਲ ਸਬੰਧਤ ਕੁੜੀ ਆਸਮਾ ਦੇ ਜੀਵਨ ਦੁਆਲੇ ਬੁਣਿਆ ਗਿਆ ਹੈ। ਇਸ ਵਿਚ ਇਸਲਾਮਕ ਸਟੇਟ ਆਫ ਇਰਾਕ ਐਂਡ ਸੀਰੀਆ (ਆਈ. ਐਸ਼ ਆਈ. ਐਸ਼) ਦੇ ਦਹਿਸ਼ਤਗਰਦਾਂ ਦੀਆਂ ਜ਼ਿਆਦਤੀਆਂ ਦਾ ਚਿੱਠਾ ਫਰੋਲਿਆ ਗਿਆ ਹੈ। ਇਰਾਕ ਵਿਚ ਸੱਦਾਮ ਹੁਸੈਨ ਦੇ ਜ਼ਮਾਨੇ ਵਿਚ ਇਨ੍ਹਾਂ ਲੋਕਾਂ ‘ਤੇ ਬਹੁਤ ਕਹਿਰ ਵਾਪਰਿਆ, ਪਰ ਆਈ. ਐਸ਼ ਆਈ. ਐਸ਼ ਦੇ ਉਭਾਰ ਪਿਛੋਂ ਤਾਂ ਉਨ੍ਹਾਂ ਉਤੇ ਕਹਿਰ ਦੀ ਹੱਦ ਹੋ ਗਈ, ਜੋ ਪੜ੍ਹ-ਸੁਣ ਕੇ ਕਾਲਜਾ ਮੂੰਹ ਨੂੰ ਆਉਂਦਾ ਹੈ।

‘ਪੰਜਾਬ ਟਾਈਮਜ਼’ ਦੇ ਪਾਠਕ ਕੁਝ ਅਰਸਾ ਪਹਿਲਾਂ ਚਾਹਲ ਦੀ ਇਕ ਹੋਰ ਲਿਖਤ ‘ਆਫੀਆ ਸਿੱਦੀਕੀ ਦਾ ਜਹਾਦ’ ਪੜ੍ਹ ਚੁਕੇ ਹਨ, ਜਿਸ ਵਿਚ ਉਸ ਨੇ ਅਲ-ਕਾਇਦਾ ਨਾਲ ਜੁੜੀ ਅਤੇ ਅਮਰੀਕਾ ਵਿਚ ਪੜ੍ਹਦੀ ਕੁੜੀ ਆਫੀਆ ਸਿੱਦੀਕੀ ਦੇ ਜੀਵਨ ਦੇ ਆਧਾਰ ‘ਤੇ ਕਹਾਣੀ ਬੁਣੀ ਸੀ। ਆਫੀਆ ਨੂੰ 2010 ਵਿਚ 86 ਵਰ੍ਹਿਆਂ ਦੀ ਕੈਦ ਹੋਈ ਸੀ, ਉਹ ਅੱਜ ਕੱਲ੍ਹ ਅਮਰੀਕੀ ਜੇਲ੍ਹ ਵਿਚ ਬੰਦ ਹੈ। -ਸੰਪਾਦਕ

ਤੁਸੀਂ ਪੜ੍ਹ ਚੁਕੇ ਹੋ…
ਇਰਾਕ ਦੇ ਇਕ ਹਿੱਸੇ ‘ਤੇ ਆਈ. ਐਸ਼ ਆਈ. ਐਸ਼ ਦੇ ਕਬਜ਼ੇ ਪਿਛੋਂ ਜਾਜ਼ੀਦੀ ਕਬੀਲੇ ਦੇ ਲੋਕ ਉਜੜ-ਪੁੱਜੜ ਗਏ। ਅਤਿਵਾਦੀਆਂ ਦੇ ਹੱਥ ਆਈਆਂ ਜਾਜ਼ੀਦੀ ਕੁੜੀਆਂ ਰੁਲ ਰਹੀਆਂ ਹਨ। ਇਨ੍ਹਾਂ ਵਿਚੋਂ ਇਕ ਕੁੜੀ ਆਸਮਾ ਨੂੰ ਸੀਰੀਆ ਭੇਜਿਆ ਜਾ ਰਿਹਾ ਹੈ ਪਰ ਉਹ ਉਨ੍ਹਾਂ ਦੇ ਚੁੰਗਲ ਵਿਚੋਂ ਬਚ ਨਿਕਲਦੀ ਹੈ। ਉਸ ਨੂੰ ਆਪਣੇ ਘਰ ਅਤੇ ਘਰ ਦੇ ਜੀਆਂ ਦਾ ਚੇਤਾ ਆਉਂਦਾ ਹੈ, ਉਹ ਚੇਤਿਆਂ ਵਿਚ ਹੀ ਆਪਣੇ ਪਿੰਡ ਜਾ ਵੜਦੀ ਹੈ। ਇਹ ਉਹ ਸਮਾਂ ਹੈ ਜਦੋਂ ਅਮਰੀਕਾ ਨੇ ਸੱਦਾਮ ਹੁਸੈਨ ਦਾ ਤਖਤਾ ਪਲਟਣ ਲਈ ਇਰਾਕ ਉਤੇ ਹਮਲਾ ਕਰ ਦਿੱਤਾ ਸੀ। ਸੱਦਾਮ ਮਾਰਿਆ ਗਿਆ। ਨਵੀਂ ਹਕੂਮਤ ਆ ਗਈ ਪਰ ਉਦੋਂ ਹੀ ਸੁੰਨੀ ਮੁਸਲਮਾਨਾਂ ਦੇ ਕੁਝ ਧੜੇ ਦਹਿਸ਼ਤਪਸੰਦ ਬਣ ਗਏ ਅਤੇ ਸ਼ੀਆ ਮੁਸਲਮਾਨਾਂ ਤੇ ਜਾਜ਼ੀਦੀਆਂ ‘ਤੇ ਕਹਿਰ ਢਾਹੁਣ ਲੱਗੇ। ਆਈ. ਐਸ਼ ਆਈ. ਐਸ਼ ਦੇ ਅਤਿਵਾਦੀ ਜਾਜ਼ੀਦੀਆਂ ਦੇ ਇਲਾਕੇ ਨੂੰ ਘੇਰਾ ਪਾ ਕੇ ਸਭ ਜਾਜ਼ੀਦੀਆਂ ਨੂੰ ਟਰੱਕਾਂ ਵਿਚ ਲੱਦ ਕੇ ਲੈ ਗਏ। ਔਰਤਾਂ ਤੇ ਬੱਚਿਆਂ ਨੂੰ ਵੱਖ ਕਰਕੇ ਵੱਖ-ਵੱਖ ਥਾਂਈਂ ਭੇਜ ਦਿੱਤਾ। ਜਾਜ਼ੀਦੀ ਕੁੜੀਆਂ ਦੀ ਮੰਡੀ ਲਾਈ ਗਈ ਤੇ ਆਸਮਾ ਨੂੰ ਜੱਜ ਹਾਜੀ ਸਲਮਾਨ ਖਰੀਦ ਕੇ ਲੈ ਗਿਆ। ਉਸ ਦੇ ਕਬਜ਼ੇ ਵਿਚੋਂ ਭੱਜਣ ਦੀ ਕੋਸ਼ਿਸ਼ ਕਰਨ ‘ਤੇ ਆਸਮਾ ਨੂੰ ਸਮੂਹਿਕ ਜਬਰ ਜਨਾਹ ਦੀ ਸਜ਼ਾ ਦਿੱਤੀ ਗਈ ਅਤੇ ਫਿਰ ਅਗਾਂਹ ਵੇਚ ਦਿੱਤਾ। ਇਉਂ ਅਗਾਂਹ ਵਿਕਦੀ-ਵਿਕਦੀ ਉਹ ਹਾਜੀ ਅਮਰ ਪਾਸ ਪੁੱਜ ਗਈ, ਜਿਥੋਂ ਉਹ ਕਿਸੇ ਤਰ੍ਹਾਂ ਖਿਸਕਣ ਵਿਚ ਕਾਮਯਾਬ ਹੋ ਗਈ ਅਤੇ ਨਾਸਿਰ ਦੇ ਪਰਿਵਾਰ ਦੀ ਮਦਦ ਨਾਲ ਕੁਰਦਸਤਾਨ ਦੇ ਬਾਰਡਰ ਵੱਲ ਤੁਰ ਪਈ। ਹੁਣ ਪੜ੍ਹੋ ਇਸ ਗਾਥਾ ਦੀ ਆਖਰੀ ਕਿਸ਼ਤ…

ਹਰਮੋਹਿੰਦਰ ਚਾਹਲ
ਫੋਨ: 703-362-3239

(13)
ਚੈਕ ਪੁਆਇੰਟ ਵਲ ਨੂੰ ਤੁਰੇ ਤਾਂ ਅੱਗੇ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਤੁਰੇ ਜਾਂਦਿਆਂ ਨਾਸਿਰ ਨੇ ਮੈਨੂੰ ਕਿਹਾ, “ਹੁਣ ਇੱਥੇ ਤੈਨੂੰ ਆਪਣਾ ਸੱਚ ਦੱਸ ਦੇਣਾ ਚਾਹੀਦਾ ਐ। ਨਾਲੇ ਵਕਤ ਬਚੂਗਾ ਤੇ ਨਾਲੇ ਉਹ ਤੁਰੰਤ ਮਦਦ ਕਰਨਗੇ।”
“ਨਹੀਂ, ਮੈਂ ਅਜਿਹਾ ਨ੍ਹੀਂ ਕਰ ਸਕਦੀ।”
“ਪਰ ਕਿਉਂ?”
“ਜੇ ਉਨ੍ਹਾਂ ਨੂੰ ਕੋਈ ਸ਼ੱਕ ਹੋ ਗਿਆ ਤੇ ਮੇਰੀ ਗੱਲ ਨਾ ਮੰਨੀ ਤਾਂ ਆਪਾਂ ਨੂੰ ਅੱਗੇ ਨ੍ਹੀਂ ਜਾਣ ਦੇਣਗੇ। ਪਿੱਛੇ ਇਸਲਾਮਕ ਸਟੇਟ ਐ। ਆਪਣਾ ਰਾਹ ਬੰਦ ਹੋਜੂਗਾ।”
“ਮੇਰਾ ਨ੍ਹੀਂ ਖਿਆਲ ਉਹ ਤੇਰੀ ਗੱਲ ਨ੍ਹੀਂ ਮੰਨਣਗੇ।”
“ਪਰ ਮੈਂ ਖਤਰਾ ਨ੍ਹੀਂ ਸਹੇੜ ਸਕਦੀ। ਆਪਾਂ ਇਨ੍ਹਾਂ ਸ਼ਨਾਖਤੀ ਕਾਰਡਾਂ ‘ਤੇ ਈ ਅੱਗੇ ਜਾਵਾਂਗੇ।”
ਮੈਂ ਜਾਣਦੀ ਸਾਂ ਕਿ ਇਹ ਪਤਾ ਲੱਗਣ ‘ਤੇ ਕਿ ਮੈਂ ਜਾਜ਼ੀਦੀ ਹਾਂ ਅਤੇ ਇਸਲਾਮਕ ਸਟੇਟ ਦੇ ਕਬਜ਼ੇ ‘ਚੋਂ ਫਰਾਰ ਹੋ ਕੇ ਆਈ ਹਾਂ, ਪੇਸ਼ਮਰਗਾ ਵਾਲੇ ਸਭ ਤੋਂ ਪਹਿਲਾਂ ਮੇਰੀ ਮਦਦ ਕਰਨਗੇ, ਕਿਉਂਕਿ ਇਸਲਾਮਕ ਸਟੇਟ ਤੋਂ ਪੀੜਤ ਲੋਕਾਂ ਲਈ ਤਾਂ ਕੁਰਦਸਤਾਨ ਅਥਾਰਟੀ ਨੇ ਖਾਸ ਸੈਲ ਬਣਾਇਆ ਹੋਇਆ ਸੀ। ਪਰ ਮੈਂ ਭੋਰਾ ਭਰ ਵੀ ਖਤਰਾ ਨਹੀਂ ਲੈਣਾ ਚਾਹੁੰਦੀ ਸਾਂ। ਨਾਸਿਰ ਮੇਰੇ ਨਾਲ ਸਹਿਮਤ ਨਹੀਂ ਸੀ ਪਰ ਫਿਰ ਵੀ ਉਸ ਨੇ ਮੇਰੀ ਗੱਲ ਮੰਨ ਲਈ। ਅੱਗੇ ਪੈਦਲ ਹੀ ਲਾਈਨ ਵਿਚ ਲੱਗ ਗਏ। ਜਿਉਂ ਹੀ ਮੈਂ ਸਾਹਮਣੇ ਕੁਰਦਸਤਾਨ ਫੋਰਸ ਦੀ ਵਰਦੀ ਪਹਿਨੀ ਪੇਸ਼ਮਰਗਾ ਦੇ ਅਧਿਕਾਰੀਆਂ ਨੂੰ ਵੇਖਿਆ ਤਾਂ ਇਕਦਮ ਮਨ ‘ਚ ਘ੍ਰਿਣਾ ਉਪਜੀ। ਉਨ੍ਹਾਂ ਵਲ ਵੇਖਦਿਆਂ ਮੈਨੂੰ ਸਾਡੇ ਪਿੰਡ ‘ਚ ਤਾਇਨਾਤ ਪੇਸ਼ਮਰਗਾ ਯਾਦ ਆ ਗਏ, ਜਿਨ੍ਹਾਂ ਨੇ ਪਿੰਡ ਵਾਸੀਆਂ ਨੂੰ ਆਖਰੀ ਘੜੀ ਤੱਕ ਸੁਰੱਖਿਆ ਦਾ ਯਕੀਨ ਦਿਵਾਇਆ ਸੀ, ਪਰ ਜਦੋਂ ਹੀ ਇਸਲਾਮਕ ਸਟੇਟ ਵਾਲੇ ਉਧਰ ਨੂੰ ਆਏ ਤਾਂ ਸਭ ਤੋਂ ਪਹਿਲਾਂ ਭੱਜਣ ਵਾਲੇ ਇਹ ਪੇਸ਼ਮਰਗਾ ਵਾਲੇ ਹੀ ਸਨ। ਕੁਝ ਦੇਰ ਆਲੇ ਦੁਆਲੇ ਝਾਕਦਿਆਂ ਨਾਸਿਰ ਨੇ ਫਿਰ ਕਿਹਾ, “ਆਸਮਾ, ਮੇਰੀ ਮੰਨ। ਅੱਗੇ ਹੋ ਕੇ ਆਪਣਾ ਸੱਚ ਦੱਸ ਦੇਹ, ਨਾਲੇ ਮੇਰੇ ਬਾਰੇ ਵੀ। ਇਸ ਤਰ੍ਹਾਂ ਆਪਾਂ ਖੱਜਲ ਖੁਆਰੀ ਤੋਂ ਬਚ ਰਹਾਂਗੇ।”
“ਨਹੀਂ, ਹੁਣ ਤਾਂ ਬਿਲਕੁਲ ਈ ਨ੍ਹੀਂ।” ਮੇਰੇ ਮਨ ਵਿਚਲੀ ਪੇਸ਼ਮਰਗਾ ਪ੍ਰਤੀ ਉਪਜੀ ਘ੍ਰਿਣਾ ਬੋਲੀ।
“ਚੱਲ ਤੇਰੀ ਮਰਜ਼ੀ।” ਇੰਨਾ ਕਹਿੰਦਿਆਂ ਉਹ ਮੁਸਕਰਾਇਆ। ਪਿਛਲੇ ਦਿਨਾਂ ‘ਚ ਅਸੀਂ ਪੂਰੀ ਤਰ੍ਹਾਂ ਆਪਸ ‘ਚ ਘੁਲ ਮਿਲ ਚੁਕੇ ਸਾਂ। ਮੌਕਾ ਮਿਲਦਿਆਂ ਹੀ ਉਹ ਮੈਨੂੰ ਮਖੌਲ ਕਰਨ ਲੱਗ ਜਾਂਦਾ। ਕਦੇ ਹਾਸੇ ਹਾਸੇ ‘ਚ ਡਰਾਉਂਦਾ, ਕਦੇ ਸਿਆਣੀਆਂ ਗੱਲਾਂ ਕਰਨ ਲੱਗ ਪੈਂਦਾ। ਮੈਨੂੰ ਉਸ ਦਾ ਬੱਚਿਆਂ ਵਰਗਾ ਸੁਭਾਅ ਬੜਾ ਚੰਗਾ ਲੱਗਾ। ਹੁਣ ਵੀ ਉਸ ਨੇ ਮੈਨੂੰ ਸਿਆਣੀ ਰਾਇ ਦੇਣੀ ਚਾਹੀ ਸੀ ਪਰ ਮੇਰਾ ਮਨ ਨਾ ਮੰਨਿਆ।
ਖੈਰ! ਕਤਾਰ ਹੌਲੀ ਹੌਲੀ ਰਿਸਕੀ ਜਾ ਰਹੀ ਸੀ ਤੇ ਅਸੀਂ ਅੱਗੇ ਹੁੰਦੇ ਜਾ ਰਹੇ ਸਾਂ। ਅੱਗੇ ਇਕ ਅਫਸਰ ਖੜ੍ਹਾ ਸੀ, ਜੋ ਪਹਿਲਾਂ ਕੁਝ ਪੁੱਛ-ਗਿੱਛ ਆਪ ਕਰਦਾ ਤੇ ਫਿਰ ਅਗਾਂਹ ਦੀਆਂ ਵੱਡੀਆਂ ਕਤਾਰਾਂ ਵਲ ਤੋਰ ਦਿੰਦਾ। ਇੰਨੇ ਨੂੰ ਸਾਡੀ ਵਾਰੀ ਆ ਗਈ। ਹੁਣ ਮੈਂ ਮੂਹਰੇ ਹੋ ਕੇ ਅਫਸਰ ਨਾਲ ਅਰਬੀ ‘ਚ ਗੱਲ ਕਰਦਿਆਂ ਕਿਹਾ, “ਮੈਂ ਮੀਨਾ ਆਂ ਤੇ ਇਹ ਮੇਰਾ ਖਾਵੰਦ ਨਾਸਿਰ ਐ। ਅਸੀਂ ਮੋਸਲ ਤੋਂ ਆਏ ਆਂ। ਕਿਰਕਕ ਮੇਰੇ ਮਾਂ-ਪਿਉ ਰਹਿੰਦੇ ਨੇ, ਉਨ੍ਹਾਂ ਕੋਲ ਜਾ ਰਹੇ ਆਂ।”
ਅਫਸਰ ਨੇ ਗਹੁ ਨਾਲ ਸਾਡੇ ਵਲ ਵੇਖਿਆ। ਫਿਰ ਉਸ ਨੇ ਆਲੇ ਦੁਆਲੇ ਅਤੇ ਪਿਛਾਂਹ ਵਲ ਨਜ਼ਰ ਮਾਰੀ। ਹੈਰਾਨ ਜਿਹਾ ਹੁੰਦਾ ਉਹ ਬੋਲਿਆ, “ਮੋਸਲ ਤੋਂ ਤੁਰ ਕੇ ਈ ਆਏ ਓਂ?”
“ਨਹੀਂ, ਟੈਕਸੀ ‘ਤੇ ਆਏ ਸੀ, ਪਰ ਡਰਾਈਵਰ ਨੇ ਅੱਗੇ ਜਾਣ ਤੋਂ ਨਾਂਹ ਕਰ ਦਿੱਤੀ।”
“ਕਿਉਂ?” ਉਸ ਨੇ ਹੈਰਾਨ ਹੁੰਦਿਆਂ ਪੁੱਛਿਆ।
“ਉਸ ਦਾ ਕਹਿਣਾ ਸੀ ਕਿ ਉਸ ਦੀ ਟੈਕਸੀ ਮੋਸਲ ਦੀ ਐ ਤੇ ਇਸ ਕਰਕੇ ਸ਼ਾਇਦ ਉਸ ਨੂੰ ਅੱਗੇ ਨਾ ਜਾਣ ਦੇਣ।”
“ਹੂੰ।” ਇੰਨਾ ਕਹਿੰਦਿਆਂ ਉਹ ਗਹੁ ਨਾਲ ਸਾਡੇ ਵਲ ਝਾਕਿਆ। ਸ਼ਾਇਦ ਉਸ ਨੂੰ ਕੋਈ ਸ਼ੱਕ ਹੋ ਗਿਆ ਸੀ। ਫਿਰ ਉਸ ਨੇ ਦੂਸਰੇ ਪਾਸੇ ਵੇਖਦਿਆਂ ਸਾਨੂੰ ਇਕ ਕਤਾਰ ‘ਚ ਲੱਗਣ ਦਾ ਇਸ਼ਾਰਾ ਕੀਤਾ। ਇੱਧਰ ਬੜੇ ਲੋਕ ਕਤਾਰਾਂ ‘ਚ ਲੱਗੇ ਹੋਏ ਸਨ। ਕਿਸੇ ਦੇ ਹੱਥਾਂ ‘ਚ ਬੈਗ ਸਨ, ਕਿਸੇ ਨੇ ਸਿਰ ‘ਤੇ ਸਮਾਨ ਚੁੱਕਿਆ ਹੋਇਆ ਸੀ। ਸਿਰੇ ਵਾਲੀ ਲਾਈਨ ਵਿਚ ਸਾਮਾਨ ਦੀਆਂ ਉਪਰ ਤੱਕ ਲੱਦੀਆਂ ਕਾਰਾਂ ਲੱਗੀਆਂ ਹੋਈਆਂ ਸਨ। ਮੁੜ੍ਹਕੇ ਨਾਲ ਭਿੱਜ ਕੇ ਤਰ ਹੋ ਗਏ ਤੇ ਕਿਧਰੇ ਦੋ ਘੰਟਿਆਂ ਪਿੱਛੋਂ ਜਾ ਕੇ ਵਾਰੀ ਆਈ। ਅਫਸਰ ਪਹਿਲਾਂ ਤੋਂ ਹੀ ਸ਼ੱਕੀ ਜਿਹਾ ਸੀ। ਉਹੀ ਸਾਧਾਰਣ ਜਿਹੇ ਸਵਾਲ ਪੁੱਛਣ ਲੱਗਾ। ਨਾਂ ਕੀ ਹੈ, ਕਿੱਥੋਂ ਆਏ, ਕਿੱਥੇ ਅਤੇ ਕਿਉਂ ਜਾਣਾ ਹੈ? ਕਾਫੀ ਦੇਰ ਸੁਆਲਾਤ ਕਰਨ ਪਿਛੋਂ ਵੀ ਉਸ ਦੀ ਤਸੱਲੀ ਨਾ ਹੋਈ। ਉਹ ਉਠਿਆ ਤੇ ਅੰਦਰ ਲੰਘ ਗਿਆ। ਪੰਜ ਸੱਤ ਮਿੰਟ ਪਿੱਛੋਂ ਵਾਪਸ ਆ ਕੇ ਸਾਡੇ ਸ਼ਨਾਖਤੀ ਕਾਰਡ ਵਾਪਸ ਫੜ੍ਹਾਉਂਦਾ ਬੋਲਿਆ, “ਆਉ ਮੇਰੇ ਨਾਲ।” ਉਸ ਨੇ ਸਾਨੂੰ ਮਗਰ ਤੋਰ ਲਿਆ ਤੇ ਲਿਜਾ ਕੇ ਇਕ ਕਮਰੇ ‘ਚ ਬਿਠਾਉਂਦਾ ਕਹਿਣ ਲੱਗਾ, “ਤੁਸੀਂ ਇੱਥੇ ਬੈਠੋ। ਤੁਹਾਡੀ ਖਾਸ ਪੁੱਛ-ਗਿੱਛ ਹੋਵੇਗੀ।” ਇੰਨਾ ਕਹਿੰਦਿਆਂ ਉਹ ਬਾਹਰੋਂ ਦਰਵਾਜਾ ਬੰਦ ਕਰ ਗਿਆ। ਮਨ ਅੰਦਰ ਸ਼ੱਕ ਦਾ ਕੀੜਾ ਖੁੱਭ ਗਿਆ। ਸੋਚਿਆ ਹੁਣ ਪਤਾ ਨਹੀਂ ਕੀ ਹੋਵੇਗਾ। ਨਾਸਿਰ ਮੇਰੇ ਵਲ ਵੇਖਦਾ ਮੁਸਕਰਾਉਣ ਲੱਗਾ ਤਾਂ ਮੈਂ ਗੁੱਸਾ ਵਿਖਾਉਂਦਿਆਂ ਕਿਹਾ, “ਖੁਸ਼ ਹੋਣ ਦੀ ਇਸ ‘ਚ ਕਿਹੜੀ ਗੱਲ ਐ? ਮੁਸੀਬਤ ‘ਚ ਫਸ ਚੁਕੇ ਆਂ।”
“ਨਹੀਂ, ਕੁਛ ਨ੍ਹੀਂ ਹੁੰਦਾ। ਜਦੋਂ ਈ ਤੂੰ ਦੱਸਿਆ ਕਿ ਤੂੰ ਜਾਜ਼ੀਦੀ ਐਂ ਤੇ ਇਸਲਾਮਕ ਸਟੇਟ ਦੇ ਕਬਜ਼ੇ ‘ਚੋਂ ਭੱਜ ਕੇ ਆਈ ਐਂ, ਤੇ ਮੈਂ ਤੇਰੀ ਮਦਦ ਕੀਤੀ ਐ, ਤਾਂ ਉਨ੍ਹਾਂ ਤੁਰੰਤ ਅੱਗੇ ਲੰਘਾ ਦੇਣਾ ਐਂ।”
“ਜੇ ਫਿਰ ਵੀ ਗੱਲ ਨਾ ਬਣੀ?” ਇੰਨਾ ਕਹਿੰਦਿਆਂ ਮੇਰੀਆਂ ਅੱਖਾਂ ਭਰ ਆਈਆਂ। ਨਾਸਿਰ ਨੇ ਮੇਰਾ ਹੱਥ ਫੜ੍ਹ ਕੇ ਪਲੋਸਿਆ ਤੇ ਸ਼ਾਂਤ ਰਹਿਣ ਨੂੰ ਕਿਹਾ। ਉਦੋਂ ਹੀ ਪੇਸ਼ਮਰਗਾ ਦਾ ਵੱਡਾ ਅਫਸਰ ਦਰਵਾਜਾ ਖੋਲ੍ਹਦਿਆਂ ਅੰਦਰ ਆਇਆ। ਉਸ ਨੇ ਬੜੇ ਅਦਬ ਨਾਲ ਕਿਹਾ, “ਦਰਅਸਲ ਗੱਲ ਇਹ ਐ ਕਿ ਅਸੀਂ ਕਿਸੇ ਵੀ ਉਸ ਸ਼ਖਸ ਨੂੰ ਕੁਰਦਸਤਾਨ ਵਲ ਜਾਣ ਦੀ ਇਜਾਜ਼ਤ ਨ੍ਹੀਂ ਦੇ ਸਕਦੇ, ਜਿਸ ਦਾ ਇੱਧਰੋਂ ਕੋਈ ਸਪਾਂਸਰ ਨਾ ਹੋਵੇ। ਜੇ ਤੁਸੀਂ ਤੁਹਾਡੇ ਕਿਸੇ ਜਾਣਕਾਰ ਨਾਲ ਗੱਲ ਕਰਵਾ ਸਕਦੇ ਓਂ ਤਾਂ ਦੱਸੋ?”
ਮੈਨੂੰ ਲੱਗਾ, ਹੁਣ ਮੇਰਾ ਝੂਠ ਫੜ੍ਹਿਆ ਜਾਵੇਗਾ, ਕਿਉਂਕਿ ਮੈਂ ਕਹਿ ਰਹੀ ਸਾਂ ਕਿ ਮੇਰੇ ਮਾਪੇ ਕਿਰਕਕ ਰਹਿੰਦੇ ਹਨ ਪਰ ਉਨ੍ਹਾਂ ਨਾਲ ਹੁਣ ਗੱਲ ਕਿਵੇਂ ਕਰਵਾ ਸਕਦੀ ਹਾਂ ਜਦੋਂ ਕਿ ਇਹ ਤਾਂ ਹੈ ਹੀ ਝੂਠ ਸੀ। ਪਰ ਉਦੋਂ ਹੀ ਨਾਸਿਰ ਨੂੰ ਕੋਈ ਖਿਆਲ ਆਇਆ ਤੇ ਉਸ ਨੇ ਅਫਸਰ ਨੂੰ ਕਿਹਾ ਕਿ ਉਹ ਹੁਣੇ ਹੀ ਗੱਲ ਕਰਵਾਉਂਦਾ ਹੈ। ਉਸ ਦਾ ਦੂਰ ਦਾ ਰਿਸ਼ਤੇਦਾਰ ਕਿਰਕਕ ਰਹਿੰਦਾ ਸੀ। ਪਹਿਲਾਂ ਉਸ ਨੇ ਆਪਣੇ ਬਾਪ ਨੂੰ ਫੋਨ ਕਰਕੇ ਉਸ ਰਿਸ਼ਤੇਦਾਰ ਦਾ ਫੋਨ ਨੰਬਰ ਲਿਆ ਤੇ ਫਿਰ ਰਿਸ਼ਤੇਦਾਰ ਨੂੰ ਫੋਨ ਮਿਲਾ ਲਿਆ। ਉਸ ਨੂੰ ਇੰਨਾ ਹੀ ਦੱਸਿਆ ਕਿ ਉਹ ਬੀਵੀ ਸਮੇਤ ਆ ਰਿਹਾ ਹੈ। ਹੋਲਡ ਕਰਵਾ ਕੇ ਉਸ ਨੇ ਫੋਨ ਅਫਸਰ ਨੂੰ ਫੜ੍ਹਾ ਦਿੱਤਾ। ਅਫਸਰ ਨੇ ਅੱਧਾ ਕੁ ਮਿੰਟ ਗੱਲ ਕਰਦਿਆਂ ਫੋਨ ਵਾਪਸ ਫੜ੍ਹਾਉਂਦਿਆਂ ਸਾਨੂੰ ਕਿਰਕਕ ਜਾਣ ਦੀ ਇਜਾਜ਼ਤ ਦੇ ਦਿੱਤੀ। ਤਿੰਨ ਚਾਰ ਘੰਟਿਆਂ ਦੀ ਖੱਜਲ-ਖੁਆਰੀ ਪਿੱਛੋਂ ਦੂਜੇ ਪਾਸੇ ਲੰਘ ਕੇ ਛੋਟੇ ਜਿਹੇ ਰੈਸਟੋਰੈਂਟ ‘ਚ ਜਾ ਬੈਠੇ। ਪਰ ਮੇਰਾ ਬੁਰਕਾ ਅਜੇ ਵੀ ਪਹਿਨਿਆ ਹੋਇਆ ਸੀ। ਮੈਂ ਜੂਸ ਦਾ ਘੁੱਟ ਭਰਦਿਆਂ ਕਿਹਾ, “ਇਕ ਤਾਂ ਮੈਨੂੰ ਇਸ ਬੁਰਕੇ ਨੇ ਮਾਰ ਲਿਆ।”
“ਇਸ ਦਾ ਤਾਂ ਸੌਖਾ ਈ ਹੱਲ ਐ।” ਨਾਸਿਰ ਮੁਸਕਰਾਇਆ।
“ਕੀ?”
“ਤੂੰ ਆਪਣੀ ਅਸਲੀਅਤ ਦੱਸ ਦੇਹ। ਇਸ ਨਾਲ ਫਾਇਦਾ ਈ ਫਾਇਦਾ ਹੋਊ, ਨੁਕਸਾਨ ਕੋਈ ਨ੍ਹੀਂ।”
“ਨਹੀਂ, ਇਹ ਨ੍ਹੀਂ ਮੈਂ ਕਰਨਾ।”
“ਵੇਖਦੇ ਆਂ ਕਿੰਨਾ ਕੁ ਚਿਰ ਮੀਨਾ ਬਣ ਕੇ ਰਹੇਂਗੀ। ਕਿਤੇ ਤਾਂ ਤੈਨੂੰ ਅਸਲੀਅਤ ਦੱਸਣੀ ਈ ਪਊ।”
“ਜਿੰਨਾ ਚਿਰ ਸਰਦਾ, ਇਵੇਂ ਹੀ ਰਹੂੰ।” ਇੰਨਾ ਕਹਿੰਦਿਆਂ ਮੈਂ ਜੂਸ ਖਤਮ ਕੀਤਾ, ਤੇ ਅਸੀਂ ਬਾਹਰ ਨਿਕਲ ਆਏ। ਟੈਕਸੀ ਵਾਲਾ ਸਾਹਮਣੇ ਹੀ ਮਿਲ ਗਿਆ। ਬੜਾ ਖੁਸ਼ ਮਿਜਾਜ਼ ਸੀ, ਬਿਠਾਉਂਦਾ ਹੀ ਬੋਲਿਆ, “ਦੱਸੋ ਜਨਾਬ ਕਿੱਧਰ ਜਾਣਾ?”
“ਕੁਰਦਸਤਾਨ।” ਮੈਂ ਇੰਨਾ ਕਿਹਾ ਤਾਂ ਉਹ ਹੱਸਦਿਆਂ ਬੋਲਿਆ, “ਉਹ ਬੀਬੀ, ਕੁਰਦਸਤਾਨ ‘ਚ ਤਾਂ ਤੁਸੀਂ ਆ ਈ ਚੁਕੇ ਓਂ। ਇਹ ਦੱਸੋ ਕਿ ਸ਼ਹਿਰ ਕਿਹੜੇ ਜਾਣੈਂ?”
“ਇਰਬਲ।”
“ਠੀਕ ਐ। ਪਹਿਲਾਂ ਅਗਲੇ ਚੈਕ ਪੁਆਇੰਟ ਤੱਕ ਵੇਖ ਲਈਏ। ਜੇ ਉਨ੍ਹਾਂ ਤੁਹਾਨੂੰ ਅੱਗੇ ਜਾਣ ਦੀ ਇਜਾਜ਼ਤ ਦੇ ਦਿੱਤੀ ਤਾਂ ਮੈਂ ਅਗਾਂਹ ਜਾਂਦਾ ਰਹੂੰਗਾ।”
“ਅੱਗੇ ਅਜੇ ਹੋਰ ਵੀ ਕੋਈ ਚੈਕ ਪੁਆਇੰਟ ਐ?” ਮੈਂ ਹੈਰਾਨ ਹੁੰਦਿਆਂ ਪੁੱਛਿਆ ਤਾਂ ਉਹ ਕੁਝ ਸੰਜੀਦਾ ਹੁੰਦਾ ਬੋਲਿਆ, “ਹਾਂ ਹੈ, ਸਗੋਂ ਪੂਰਾ ਸਖਤ ਐ। ਕਿਉਂਕਿ ਇਰਬਲ ਕੁਰਦਸਤਾਨ ਦੀ ਰਾਜਧਾਨੀ ਐਂ। ਸਰਕਾਰ ਕੋਈ ਵੀ ਖਤਰਾ ਨ੍ਹੀਂ ਉਠਾਉਣਾ ਚਾਹੁੰਦੀ।”
ਥੋੜ੍ਹੀ ਦੇਰ ਪਿਛੋਂ ਕਾਰ ਵੱਡੇ ਚੈਕ ਪੁਆਇੰਟ ‘ਤੇ ਜਾ ਰੁਕੀ। ਸਾਡੀ ਵਾਰੀ ਆਈ ਤਾਂ ਅਫਸਰ ਸ਼ਨਾਖਤੀ ਕਾਰਡ ਚੈਕ ਕਰਨ ਲੱਗਾ। ਕੁਝ ਪਲ ਵੇਖਦਿਆਂ ਰਹਿਣ ਪਿੱਛੋਂ ਉਹ ਪਿੱਛੇ ਦਫਤਰ ‘ਚ ਗਿਆ। ਵਾਪਸ ਮੁੜਿਆ ਤਾਂ ਉਸ ਦੇ ਨਾਲ ਇਕ ਹੋਰ ਅਫਸਰ ਸੀ। ਸਾਨੂੰ ਬਾਹਰ ਨਿਕਲਣ ਦਾ ਕਹਿ ਕੇ ਉਨ੍ਹਾਂ ਟੈਕਸੀ ਪਿਛਾਂਹ ਮੋੜ ਦਿੱਤੀ। ਇਸ ਪਿੱਛੋਂ ਉਹ ਸਾਨੂੰ ਨਾਲ ਤੋਰਦੇ ਇਕ ਕਮਰੇ ‘ਚ ਲੈ ਗਏ। ਬੜੀ ਦੇਰ ਤੱਕ ਸਾਨੂੰ ਮੁੜ ਮੁੜ ਪਹਿਲਿਆਂ ਵਾਲੇ ਸੁਆਲ ਪੁੱਛਦੇ ਰਹੇ। ਫਿਰ ਗੱਲ ਇੱਥੇ ਆ ਕੇ ਅੜ ਗਈ ਕਿ ਨਾਸਿਰ ਦਾ ਪਤਾ ਮੋਸਲ ਦਾ ਸੀ ਤੇ ਮੇਰਾ ਕਿਰਕਕ ਦਾ, ਪਰ ਜਾ ਅਸੀਂ ਇਰਬਲ ਵਲ ਰਹੇ ਸੀ। ਜਾਪਦਾ ਸੀ ਕਿ ਉਨ੍ਹਾਂ ਲਈ ਮਸਲਾ ਸਾਨੂੰ ਅੱਗੇ ਲੰਘਾਉਣ ਨਾਲੋਂ ਵੀ ਕੁਝ ਹੋਰ ਬਣ ਗਿਆ ਹੈ। ਮੈਨੂੰ ਲੱਗਾ, ਉਨ੍ਹਾਂ ਦੀਆਂ ਨਜ਼ਰਾਂ ‘ਚ ਅਸੀਂ ਸ਼ੱਕੀ ਬਣ ਗਏ ਹਾਂ। ਉਨ੍ਹਾਂ ਦੇ ਸੁਆਲਾਂ ਨੇ ਪ੍ਰੇਸ਼ਾਨ ਹੀ ਨਹੀਂ ਕੀਤਾ ਸਗੋਂ ਪੂਰੀ ਤਰ੍ਹਾਂ ਡਰਾ ਦਿੱਤਾ। ਅੱਧਾ ਘੰਟਾ ਪੁੱਛ-ਗਿੱਛ ਕਰਨ ਪਿੱਛੋਂ ਉਹ ਆਪਣੇ ਉਚ ਅਧਿਕਾਰੀ ਨੂੰ ਲੈ ਆਏ। ਉਹ ਸਾਡੇ ਸਾਹਮਣੇ ਆ ਬੈਠਾ ਤੇ ਕੁਝ ਦੇਰ ਨਾਸਿਰ ਦੇ ਹਾਵ ਭਾਵ ਵੇਖਦਾ ਰਿਹਾ। ਫਿਰ ਉਸ ਨੇ ਬੜੀਆਂ ਤਾੜਵੀਆਂ ਨਜ਼ਰਾਂ ਨਾਲ ਮੇਰੇ ਵਲ ਝਾਕਦਿਆਂ ਕਿਹਾ, “ਅਸੀਂ ਤੁਹਾਨੂੰ ਗ੍ਰਿਫਤਾਰ ਕਰਨ ਲੱਗੇ ਆਂ। ਜਦੋਂ ਤੱਕ ਪੂਰੀ ਤਹਿਕੀਕਾਤ ਨ੍ਹੀਂ ਕਰ ਲੈਂਦੇ, ਤੁਸੀਂ ਹਿਰਾਸਤ ‘ਚ ਰਹੋਗੇ।”
ਸੁਣਦਿਆਂ ਹੀ ਮੇਰੇ ਹੋਸ਼ ਉਡ ਗਏ ਤੇ ਮੈਂ ਡਰ ਕੇ ਨਾਸਿਰ ਵਲ ਵੇਖਿਆ। ਨਾਸਿਰ ਨੇ ਹੌਲੀ ਜਿਹੀ ਫੁਸਫਸਾਉਂਦਿਆਂ ਕਿਹਾ ਕਿ ਹੁਣ ਮੈਂ ਆਪਣੀ ਅਸਲੀਅਤ ਦੱਸ ਦੇਵਾਂ। ਉਸ ਦੀ ਗੱਲ ਸੁਣ ਕੇ ਮੇਰਾ ਡਰ ਕੁਝ ਘਟ ਗਿਆ। ਅਫਸਰ ਨੇ ਸਾਨੂੰ ਤੁਰਨ ਦਾ ਆਖਿਆ ਤਾਂ ਮੈਂ ਝਿਜਕਦਿਆਂ ਕਿਹਾ, “ਰੁਕ ਜਾਵੋ, ਮੈਂ ਆਪਣਾ ਸੱਚ ਦੱਸਦੀ ਆਂ।”
“ਹੈਂ!” ਅਫਸਰ ਹੈਰਾਨ ਹੁੰਦਿਆਂ ਖੜ੍ਹੋ ਗਿਆ।
“ਮੈਂ ਮੀਨਾ ਨਹੀਂ ਤੇ ਨਾ ਈ ਇਸ ਦੀ ਬੀਵੀ ਆਂ।”
“ਕੀ ਕਿਹਾ? ਕੌਣ ਐਂ ਫਿਰ ਤੂੰ?” ਅਫਸਰ ਨੇ ਭਵਾਂ ਸਕੋੜਦਿਆਂ ਮੇਰੇ ਵਲ ਵੇਖਿਆ।
“ਮੈਂ ਤਾਂ ਵਖਤਾਂ ਦੀ ਮਾਰੀ ਇਕ ਜਾਜ਼ੀਦੀ ਕੁੜੀ, ਆਸਮਾ ਆਂ। ਮੇਰਾ ਪਿੰਡ ਲਗਾਸ਼, ਸਿੰਜਾਰ ਜਿਲ੍ਹੇ ‘ਚ ਪੈਂਦਾ ਐ। ਜਦੋਂ ਇਸਲਾਮਕ ਸਟੇਟ ਨੇ ਸਾਡੇ ਪਿੰਡ ‘ਤੇ ਕਬਜ਼ਾ ਕੀਤਾ ਤਾਂ ਪਿੰਡ ਦੇ ਸਭ ਆਦਮੀ ਮਾਰ ਮੁਕਾਏ ਤੇ ਔਰਤਾਂ ਨੂੰ ਬੰਦੀ ਬਣਾ ਕੇ ਲੈ ਗਏ। ਮੈਂ ਤਾਂ ਮੋਸਲ ਤੋਂ ਉਨ੍ਹਾਂ ਦੀ ਕੈਦ ‘ਚੋਂ ਭੱਜ ਕੇ ਆਈ ਆਂ।”
“ਆਹ ਨਾਲ ਕੌਣ ਐਂ?” ਅਫਸਰ ਨੇ ਇੰਨਾ ਕਹਿੰਦਿਆਂ ਨਾਸਿਰ ਨੂੰ ਘੂਰਵੀਆਂ ਨਜ਼ਰਾਂ ਨਾਲ ਤਾੜਿਆ ਤਾਂ ਮੈਂ ਕਿਹਾ, “ਇਹ ਨਾਸਿਰ ਐ ਜੋ ਮੈਨੂੰ ਲੈ ਕੇ ਆਇਆ ਐ।”
ਅਫਸਰ ਦੇ ਚਿਹਰੇ ਦਾ ਤਣਾਅ ਕੁਝ ਘਟ ਗਿਆ ਤੇ ਉਸ ਨੇ ਝਿੜਕਵੇਂ ਜਿਹੇ ਲਹਿਜੇ ‘ਚ ਕਿਹਾ, “ਤੂੰ ਫਿਰ ਇਹ ਸਭ ਪਹਿਲਾਂ ਕਿਉਂ ਨਾ ਦੱਸਿਆ?”
“ਮੈਂ ਬਹੁਤ ਜ਼ਿਆਦਾ ਡਰੀ ਹੋਈ ਸਾਂ।” ਆਪਣੇ ਆਪ ਨੂੰ ਸੰਭਾਲਦਿਆਂ ਮੈਂ ਕਿਹਾ। ਫਿਰ ਉਸ ਨੇ ਆਪਣੇ ਅਮਲੇ ਨੂੰ ਕੋਈ ਹਦਾਇਤ ਕੀਤੀ ਤੇ ਜਾਣ ਲੱਗਾ ਬੋਲਿਆ, “ਅੱਜ ਕੱਲ੍ਹ ਇਸਲਾਮਕ ਸਟੇਟ ਦੇ ਅਤਿਵਾਦੀ ਕਈ ਤਰ੍ਹਾਂ ਦੇ ਭੇਸ ਬਣਾ ਕੇ ਅੱਗੇ ਲੰਘ ਜਾਂਦੇ ਨੇ। ਫਿਰ ਕਿਧਰੇ ਆਤਮਘਾਤੀ ਬੰਬ ਬਣ ਕੇ ਲੋਕਾਂ ਦੀਆਂ ਜਾਨਾਂ ਲੈਂਦੇ ਨੇ ਤੇ ਕਿਧਰੇ ਹੋਰ ਤਰ੍ਹਾਂ ਦੇ ਨੁਕਸਾਨ ਪਹੁੰਚਾਉਂਦੇ ਨੇ।”
ਪਿੱਛੇ ਦੂਸਰੇ ਅਫਸਰ ਆਪਸ ‘ਚ ਕੁਝ ਵਿਚਾਰ-ਵਟਾਂਦਰਾ ਕਰਦੇ ਰਹੇ। ਇਸ ਪਿੱਛੋਂ ਉਨ੍ਹਾਂ ਕਿਧਰੇ ਫੋਨ ਕੀਤਾ। ਫਿਰ ਇਕ ਜਣਾ ਮੈਨੂੰ ਸੰਬੋਧਤ ਹੁੰਦਾ ਬੋਲਿਆ, “ਹੁਣ ਕਿਉਂਕਿ ਮਾਮਲਾ ਕੁਛ ਹੋਰ ਬਣ ਗਿਆ ਐ। ਇਸ ਤਰ੍ਹਾਂ ਦੇ ਕੇਸ ਸਈਅਸ਼ ਸੰਭਾਲਦੀ ਐ। ਆਉ ਸਾਡੇ ਨਾਲ ਆਪਾਂ ਸਈਅਸ਼ ਦੇ ਦਫਤਰ ਚੱਲਦੇ ਆਂ।”
“ਸਈਅਸ਼?” ਮੈਂ ਹੈਰਾਨ ਹੁੰਦਿਆਂ ਪੁੱਛਿਆ।
“ਸਈਅਸ਼ ਸਾਡੀ ਸੀਕਰਟ ਸਰਵਿਸ ਏਜੈਂਸੀ ਐ। ਉਨ੍ਹਾਂ ਦਾ ਦਫਤਰ ਆਹ ਨਾਲ ਈ ਐ। ਆਉ ਮੇਰੇ ਨਾਲ।”
ਇੰਨਾ ਕਹਿੰਦਿਆਂ ਉਸ ਨੇ ਸਾਨੂੰ ਨਾਲ ਤੋਰ ਲਿਆ। ਪੰਜ ਕੁ ਮਿੰਟ ‘ਚ ਅਸੀਂ ਇਕ ਵੱਡੀ ਇਮਾਰਤ ਵਿਚ ਜਾ ਦਾਖਲ ਹੋਏ। ਅੱਗੇ ਇਕ ਅਫਸਰ ਬੈਠਾ ਉਡੀਕੀ ਜਾ ਰਿਹਾ ਸੀ। ਸਾਨੂੰ ਉਸ ਨੇ ਆਪਣੇ ਸਾਹਮਣੇ ਬਿਠਾ ਲਿਆ। ਕੁਝ ਕੁ ਦੇਰ ਤਾਂ ਪਹਿਲਾਂ ਵਾਲੇ ਆਮ ਸੁਆਲ ਪੁੱਛਦਾ ਰਿਹਾ। ਫਿਰ ਉਸ ਨੇ ਮੇਰਾ ਪਿਛਲਾ ਅਤਾ-ਪਤਾ ਪੁੱਛਿਆ। ਸਾਰਾ ਕੁਝ ਲਿਖ ਕੇ ਆਪਣੇ ਕਰਮਚਾਰੀ ਨੂੰ ਫੜਾ ਦਿੱਤਾ, ਜੋ ਇਹ ਸਭ ਲੈ ਕੇ ਨਾਲ ਦੇ ਕਮਰੇ ‘ਚ ਚਲਾ ਗਿਆ। ਕੁਝ ਦੇਰ ਬਾਅਦ ਉਹ ਮੁੜਿਆ ਤਾਂ ਉਸ ਨੇ ਆਪਣੇ ਅਫਸਰ ਨੂੰ ਕਿਹਾ ਕਿ ਜੋ ਵੀ ਜਾਣਕਾਰੀ ਇਸ ਨੇ ਦਿੱਤੀ ਹੈ, ਇਹ ਸਭ ਸਹੀ ਹੈ। ਸੁਣ ਕੇ ਅਫਸਰ ਦੇ ਤੇਵਰ ਨਰਮ ਹੋ ਗਏ। ਉਸ ਨੇ ਮੈਨੂੰ ਕਿਹਾ, “ਮੈਨੂੰ ਤੇਰੇ ਨਾਲ ਪੂਰੀ ਹਮਦਰਦੀ ਐ। ਤੈਨੂੰ ਉਹ ਸਭ ਮਦਦ ਮਿਲੂ, ਜੋ ਉਸ ਕਤਲੇਆਮ ਦਾ ਸ਼ਿਕਾਰ ਹੋਏ ਦੂਸਰੇ ਲੋਕਾਂ ਨੂੰ ਮਿਲ ਰਹੀ ਐ। ਤੈਨੂੰ ਨਵਾਂ ਸ਼ਨਾਖਤੀ ਕਾਰਡ ਦਿੱਤਾ ਜਾਵੇਗਾ ਤੇ ਥੋੜੀ ਹੀ ਦੇਰ ‘ਚ ਬਾਕੀ ਦਸਤਾਵੇਜ਼ ਵੀ ਮਿਲ ਜਾਣਗੇ, ਜਿਸ ਦੇ ਆਧਾਰ ‘ਤੇ ਤੂੰ ਹੋਰ ਸਹੂਲਤਾਂ ਵਗੈਰਾ ਲੈ ਸਕੇਂਗੀ।”
“ਅੱਛਾ!”
“ਉਸ ਲਈ ਅਸੀਂ ਤੇਰੀ ਸਾਰੀ ਇੰਟਰਵਿਊ ਰਿਕਾਰਡ ਕਰਾਂਗੇ।”
“ਪਰ ਇਹ ਸਭ ਕਾਹਦੇ ਲਈ?” ਮੈਂ ਨਹੀਂ ਸੀ ਚਾਹੁੰਦੀ ਕਿ ਜਿਨ੍ਹਾਂ ਭਿਆਨਕ ਹਾਲਾਤਾਂ ‘ਚੋਂ ਮੈਂ ਲੰਘੀ ਹਾਂ, ਉਹ ਜਿਵੇਂ ਦੇ ਤਿਵੇਂ ਕਿਸੇ ਸਾਹਮਣੇ ਬਿਆਨ ਕਰਾਂ।
“ਉਹ ਸਾਨੂੰ ਨਿਯਮਾਂ ਮੁਤਾਬਕ ਕਰਨਾ ਪੈਂਦਾ ਐ। ਵੈਸੇ ਇਹ ਸਭ ਕੁਛ ਸਰਕਾਰ ਦੇ ਦਸਤਾਵੇਜ਼ ਦਾ ਹਿੱਸਾ ਰਹੂ।”
“ਠੀਕ ਐ, ਮੈਂ ਤਿਆਰ ਆਂ। ਪੁੱਛੋ ਜੋ ਪੁੱਛਣੈਂ।”
“ਇਹ ਗੱਲਬਾਤ ਸਿਰਫ ਤੇਰੇ ਅਤੇ ਮੇਰੇ ਵਿਚਕਾਰ ਹੋਵੇਗੀ। ਇਸ ਨੌਜਵਾਨ ਨੂੰ ਦੂਸਰੇ ਕਮਰੇ ‘ਚ ਜਾਣਾ ਹੋਵੇਗਾ।”
ਇੰਨਾ ਕਹਿੰਦਿਆਂ ਉਸ ਨੇ ਆਪਣੇ ਕਰਮਚਾਰੀ ਨੂੰ ਬੁਲਾਇਆ ਤੇ ਨਾਸਿਰ ਨੂੰ ਉਸ ਦੇ ਨਾਲ ਤੋਰ ਦਿੱਤਾ। ਉਹ ਸ਼ਾਇਦ ਨਾਲ ਵਾਲੇ ਕਮਰੇ ‘ਚ ਚਲੇ ਗਏ। ਪਿੱਛੇ ਅਸੀਂ ਦੋਨੋਂ ਰਹਿ ਗਏ ਤਾਂ ਉਸ ਨੇ ਕੈਮਰਾ ਚਲਾ ਲਿਆ। ਮੈਂ ਆਪਣੀ ਕਹਾਣੀ ਬਿਆਨ ਕਰਨ ਲੱਗੀ। ਪਿੰਡ ਤੋਂ ਲੈ ਕੇ ਆਖਰ ਤੱਕ ਸਭ ਕਹਿ ਸੁਣਾਇਆ, ਪਰ ਮੈਂ ਰੇਪ ਵਾਲੀ ਗੱਲ ਲੁਕਾ ਗਈ। ਮੇਰੀ ਆਤਮਾ ਨੇ ਮੈਨੂੰ ਇਜਾਜ਼ਤ ਨਾ ਦਿੱਤੀ ਕਿ ਇਕ ਅਜਨਬੀ ਸਾਹਮਣੇ ਮੈਂ ਇਹ ਨਿੱਜੀ ਗੱਲ ਕਹਾਂ। ਉਸ ਨੇ ਵੀ ਇਕ ਅੱਧ ਵਾਰ ਇਸ ਵਿਸ਼ੇ ਨੂੰ ਛੋਹਿਆ ਫਿਰ ਉਹ ਵੀ ਸ਼ਾਇਦ ਮੇਰੀ ਮਨਸ਼ਾ ਸਮਝ ਗਿਆ। ਆਖਰ ‘ਤੇ ਉਸ ਨੇ ਪੁੱਛਿਆ, “ਇਹ ਕੌਣ ਐਂ ਜੋ ਤੇਰੇ ਨਾਲ ਐ?”
“ਇਹ ਨਾਸਿਰ ਐ। ਇਸ ਬਾਰੇ ਮੈਂ ਸਭ ਕੁਛ ਪਹਿਲਾਂ ਈ ਬਿਆਨ ਕਰ ਚੁਕੀ ਆਂ।”
ਉਹ ਕੁਝ ਦੇਰ ਮੇਰੇ ਚਿਹਰੇ ਵਲ ਵੇਖਦਾ ਰਿਹਾ ਤੇ ਫਿਰ ਬੋਲਿਆ, “ਜਿਵੇਂ ਤੂੰ ਮੀਨਾ ਨ੍ਹੀਂ ਕੋਈ ਹੋਰ ਐਂ, ਇਵੇਂ ਈ ਇਹ ਵੀ ਕੋਈ ਹੋਰ ਹੋ ਸਕਦਾ ਐ।”
“ਨ੍ਹੀਂ ਨ੍ਹੀਂ, ਇਹ ਅਸਲ ਵਿਚ ਨਾਸਿਰ ਈ ਐ। ਇਸਲਾਮਕ ਸਟੇਟ ਦੀ ਕੈਦ ‘ਚੋਂ ਭੱਜਣ ਪਿੱਛੋਂ ਮੈਨੂੰ ਇਸੇ ਨੇ ਪਨਾਹ ਦਿੱਤੀ ਤੇ ਅੰਤਾਂ ਦੇ ਦੁੱਖ ਝੱਲ ਕੇ ਇਹ ਮੈਨੂੰ ਇੱਥੇ ਪਹੁੰਚਾਉਣ ‘ਚ ਸਫਲ ਹੋਇਆ ਐ। ਇਹ ਤਾਂ ਮੇਰੇ ਲਈ ਮਸੀਹਾ ਬਣ ਕੇ ਬਹੁੜਿਆ ਐ।”
ਮੇਰੀ ਗੱਲ ਸੁਣਦਿਆਂ ਉਹ ਕੁਝ ਦੇਰ ਸੋਚਦਾ ਰਿਹਾ। ਫਿਰ ਮੇਰੀਆਂ ਅੱਖਾਂ ‘ਚ ਅੱਖਾਂ ਪਾਉਂਦਾ ਬੋਲਿਆ, “ਕਿਸੇ ਜਾਜ਼ੀਦੀ ਕੁੜੀ ਨੂੰ ਛੱਡਣ ਦੀ ਆੜ ‘ਚ ਕਿਸੇ ਵੱਡੇ ਅਤਿਵਾਦੀ ਨੂੰ ਮਸੀਹਾ ਬਣਾ ਕੇ ਇੱਧਰ ਲੰਘਾ ਦੇਣਾ ਇਸਲਾਮਕ ਸਟੇਟ ਲਈ ਕੋਈ ਮਾੜਾ ਸੌਦਾ ਨ੍ਹੀਂ ਐ।”
ਸੁਣ ਕੇ ਮੇਰੇ ਹੋਸ਼ ਉਡ ਗਏ। ਮੈਂ ਪ੍ਰੇਸ਼ਾਨ ਹੋ ਗਈ ਕਿ ਇਹ ਅਸਲੀ ਗੱਲ ਕਿਉਂ ਨਹੀਂ ਸਮਝ ਰਹੇ। ਮੈਂ ਫਿਰ ਤੋਂ ਆਪਣੇ ਢੰਗ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ, “ਇਹ ਮੈਨੂੰ ਨ੍ਹੀਂ ਮਿਲਿਆ ਬਲਕਿ ਮੈਂ ਇਨ੍ਹਾਂ ਦੇ ਘਰ ਪਹੁੰਚੀ ਸੀ। ਇਹ ਤਾਂ ਆਮ ਸਾਧਾਰਣ ਪਰਿਵਾਰ ਐ। ਸਾਰੇ ਪਰਿਵਾਰ ਨੇ ਸਿਰਫ ਮੇਰੀ ਮਦਦ ਲਈ ਬਹੁਤ ਕਸ਼ਟ ਉਠਾਇਆ ਐ। ਇਸ ‘ਤੇ ਸ਼ੱਕ ਕਰਨਾ ਸਹੀ ਨਹੀਂ।”
“ਹੂੰ।” ਇੰਨਾ ਹੁੰਗਾਰਾ ਭਰਦਿਆਂ ਉਹ ਨੀਵੀਂ ਪਾਈ ਕੁਝ ਲਿਖਦਾ ਰਿਹਾ ਤੇ ਫਿਰ ਬੋਲਿਆ, “ਚੱਲ ਕੁਛ ਹੀ ਦੇਰ ‘ਚ ਤੈਨੂੰ ਤੇਰੇ ਦਸਤਾਵੇਜ਼ ਮਿਲ ਜਾਣਗੇ। ਬਾਕੀ ਅਸੀਂ ਵੇਖਦੇ ਆਂ ਕਿ ਕੀ ਕਰਨਾ ਐਂ।”
ਇੰਨਾ ਕਹਿੰਦਿਆਂ ਉਹ ਉਠ ਕੇ ਜਾਣ ਲੱਗਾ ਤਾਂ ਮੈਂ ਪੁੱਛਿਆ, “ਕੀ ਮੈਂ ਨਾਸਿਰ ਨੂੰ ਮਿਲ ਸਕਦੀ ਆਂ?”
“ਹਾਂ ਜ਼ਰੂਰ।” ਇੰਨਾ ਕਹਿੰਦਿਆਂ ਉਸ ਨੇ ਕਰਮਚਾਰੀ ਨੂੰ ਇਸ਼ਾਰਾ ਕੀਤਾ ਤੇ ਉਹ ਮੈਨੂੰ ਨਾਲ ਦੇ ਕਮਰੇ ‘ਚ ਲੈ ਗਿਆ। ਅੱਗੇ ਨਾਸਿਰ ਉਦਾਸ ਜਿਹਾ ਬੈਠਾ ਨਹੁੰ ਟੁੱਕ ਰਿਹਾ ਸੀ। ਮੈਂ ਕੋਲ ਗਈ ਤਾਂ ਉਹ ਪ੍ਰੇਸ਼ਾਨ ਜਿਹਾ ਬੋਲਿਆ, “ਇਹ ਮੇਰੇ ‘ਤੇ ਸ਼ੱਕ ਕਰਦੇ ਨੇ ਕਿ ਮੈਂ ਨਾਸਿਰ ਨ੍ਹੀਂ ਬਲਕਿ ਕੋਈ ਹੋਰ ਆਂ। ਪਤਾ ਨ੍ਹੀਂ ਇਹ ਅਜਿਹਾ ਕਿਉਂ ਕਰ ਰਹੇ ਨੇ।”
“ਮੈਨੂੰ ਵੀ ਇਹੀ ਗੱਲ ਕਹੀ ਜਾ ਰਹੇ ਨੇ।” ਮੈਂ ਬੇਵਸ ਜਿਹਾ ਜੁਆਬ ਦਿੱਤਾ।
ਅਸੀਂ ਇਸ ਵਿਸ਼ੇ ‘ਤੇ ਚਰਚਾ ਕਰ ਹੀ ਰਹੇ ਸਾਂ ਕਿ ਇਕ ਬਜੁਰਗ ਉਮਰ ਦਾ ਕਰਮਚਾਰੀ ਮੇਰੇ ਕਾਗਜ਼ ਲੈ ਕੇ ਆ ਗਿਆ। ਉਸ ਨੇ ਮੈਨੂੰ ਨਵਾਂ ਸ਼ਨਾਖਤੀ ਕਾਰਡ ਦੇ ਦਿੱਤਾ ਤੇ ਨਾਲ ਹੀ ਦੂਸਰੇ ਕਾਗਜ਼ ਮੇਰੇ ਹਵਾਲੇ ਕਰ ਦਿੱਤੇ। ਫਿਰ ਉਸ ਨੇ ਅੱਗੇ ਦਾ ਢੰਗ ਤਰੀਕਾ ਸਮਝਾਇਆ ਕਿ ਸਰਕਾਰੀ ਮਦਦ ਲਈ ਮੈਂ ਕਿੱਥੇ ਜਾ ਕੇ ਅਰਜ਼ੀ ਦੇਵਾਂ। ਇਸ ਤਰ੍ਹਾਂ ਦੀਆਂ ਗੱਲਾਂ ਦੱਸਦਿਆਂ ਉਸ ਨੇ ਮੈਨੂੰ ਕਿਹਾ, “ਹੁਣ ਤੂੰ ਜਾ ਸਕਦੀ ਐਂ। ਜੇ ਕਹੇਂ ਤਾਂ ਮੈਂ ਤੇਰੇ ਲਈ ਟੈਕਸੀ ਮੰਗਵਾ ਦਿੰਦਾ ਆਂ।” ਇੰਨਾ ਕਹਿ ਕੇ ਉਹ ਮੁੜਨ ਲੱਗਾ ਤਾਂ ਮੈਂ ਮਿੰਨਤ ਜਿਹੀ ਨਾਲ ਪੁੱਛਿਆ, “ਤੁਸੀਂ ਸਾਡੇ ‘ਤੇ ਵਿਸ਼ਵਾਸ ਨ੍ਹੀਂ ਕਰ ਰਹੇ। ਇਸ ‘ਤੇ ਸ਼ੱਕ ਕੀਤਾ ਜਾ ਰਿਹਾ ਐ ਕਿ ਇਹ ਨਾਸਿਰ ਦੀ ਥਾਂ ਕੋਈ ਹੋਰ ਐ। ਇਸ ਤਰ੍ਹਾਂ ਦਾ ਵਰਤਾਰਾ ਕਿਉਂ?”
“ਵੇਖੋ, ਏਜੰਸੀਆਂ ਦਾ ਕੰਮ-ਕਾਜ ਇਸ ਤਰ੍ਹਾਂ ਦਾ ਈ ਹੁੰਦਾ ਐ।” ਉਸ ਨੇ ਸੰਖੇਪ ਜਿਹਾ ਉਤਰ ਦਿੱਤਾ ਤਾਂ ਮੈਂ ਪੁੱਛਿਆ, “ਹੁਣ ਕੀ ਹੋਵੇਗਾ?”
“ਮੇਰਾ ਖਿਆਲ ਐ ਕਿ ਇਸ ਨੂੰ ਅੱਗੇ ਲੰਘਣ ਦੀ ਇਜਾਜ਼ਤ ਨ੍ਹੀਂ ਮਿਲੇਗੀ।”
“ਪਰ ਮੈਂ ਚਾਹੁੰਨੀ ਆਂ ਕਿ ਇਹ ਮੇਰੇ ਨਾਲ ਅੱਗੇ ਤੱਕ ਜਾ ਕੇ ਮੈਨੂੰ ਛੱਡ ਆਵੇ।”
“ਉਏ ਬੀਬੀ! ਗੱਲ ਸੁਣ ਮੇਰੀ। ਤੇਰੇ ਚਾਹੁਣ ਨਾਲ ਕੁਛ ਨ੍ਹੀਂ ਹੋਣਾ…।” ਇੰਨਾ ਕਹਿੰਦਿਆਂ ਉਹ ਆਲੇ ਦੁਆਲੇ ਝਾਕਿਆ ਤੇ ਫਿਰ ਮੇਰੇ ਨੇੜੇ ਹੁੰਦਿਆਂ ਹੌਲੀ ਜਿਹੀ ਬੋਲਿਆ, “ਕਿਤੇ ਇਹ ਨਾ ਹੋਵੇ ਕਿ ਉਹ ਤੈਨੂੰ ਵੀ ਅੱਗੇ ਜਾਣ ਤੋਂ ਰੋਕ ਦੇਣ। ਸੋ ਤੂੰ ਉਠ ਤੇ ਤੁਰਦੀ ਬਣ। ਬਾਕੀ ਰਹੀ ਇਸ ਦੀ ਗੱਲ, ਇਸ ਦਾ ਉਹ ਕੀ ਕਰਨਗੇ? ਵੱਧ ਤੋਂ ਵੱਧ ਵਾਪਸ ਮੋੜ ਦੇਣਗੇ।”
ਇੰਨਾ ਕਹਿੰਦਿਆਂ ਉਹ ਨਾਲ ਦੇ ਕਮਰੇ ਵਲ ਤੁਰ ਗਿਆ। ਜਾਣ ਲੱਗਾ ਕਹਿ ਗਿਆ ਕਿ ਪੰਜ-ਸੱਤ ਮਿੰਟ ‘ਚ ਮੈਂ ਉਸ ਕੋਲ ਆ ਜਾਵਾਂ ਤੇ ਉਹ ਮੈਨੂੰ ਟੈਕਸੀ ਤੱਕ ਛੱਡ ਆਵੇਗਾ। ਪਿੱਛੇ ਮੈਂ ਉਦਾਸ ਖੜ੍ਹੀ ਸਾਂ, ਜਦੋਂ ਨਾਸਿਰ ਬੋਲਿਆ, “ਮੈਨੂੰ ਲੱਗਦੈ, ਇੰਨੀ ਘਬਰਾਉਣ ਵਾਲੀ ਗੱਲ ਨ੍ਹੀਂ ਐ। ਆਪਾਂ ਆਪਣੀ ਮੰਜ਼ਿਲ ਤੱਕ ਅੱਪੜ ਗਏ ਆਂ। ਤੂੰ ਆਪਣੇ ਘਰ ਪਹੁੰਚ ਗਈ ਐਂ। ਮੈਂ ਅਗਾਂਹ ਜਾ ਕੇ ਕਰਨਾ ਵੀ ਕੀ ਐ? ਸਗੋਂ ਮੈਂ ਹੁਣ ਵਾਪਸ ਪਰਿਵਾਰ ਕੋਲ ਜਾਵਾਂ। ਉਹ ਫਿਕਰ ਕਰਦੇ ਹੋਣਗੇ।”
ਉਸ ਦੀ ਪਰਿਵਾਰ ਵਾਲੀ ਗੱਲ ਸੁਣ ਕੇ ਮੈਨੂੰ ਝਟਕਾ ਜਿਹਾ ਲੱਗਾ ਤੇ ਮੇਰਾ ਇਸ ਪਾਸੇ ਵਲ ਧਿਆਨ ਗਿਆ। ਮੈਨੂੰ ਵੀ ਅਹਿਸਾਸ ਹੋਇਆ ਕਿ ਉਸ ਦੀ ਗੱਲ ਠੀਕ ਹੈ ਤੇ ਜਿੰਨੀ ਜਲਦੀ ਹੋ ਸਕਦਾ ਹੈ, ਇਹ ਵਾਪਸ ਮੁੜ ਜਾਵੇ। ਪਰ ਉਸ ਦਾ ਵਿਛੜ ਜਾਣਾ ਮੈਨੂੰ ਪ੍ਰੇਸ਼ਾਨ ਕਰੀ ਜਾ ਰਿਹਾ ਸੀ। ਮੇਰੀਆਂ ਅੱਖਾਂ ‘ਚ ਹੰਝੂ ਆ ਗਏ ਤਾਂ ਉਸ ਨੇ ਖੜ੍ਹੇ ਹੁੰਦਿਆਂ ਮੇਰਾ ਮੋਢਾ ਪਲੋਸਿਆ। ਮੈਂ ਵੀ ਕੁਰਸੀ ਤੋਂ ਉਠ ਖੜੋਤੀ। ਕੁਝ ਪਲ ਆਪਣੇ ਆਪ ਨੂੰ ਸਾਵਾਂ ਕਰਨ ਪਿੱਛੋਂ ਨਾਸਿਰ ਦੇ ਚਿਹਰੇ ਵਲ ਵੇਖਦਿਆਂ ਮੈਂ ਕਿਹਾ, “ਨਾਸਿਰ, ਤੂੰ ਮੇਰੀ ਇੰਨੀ ਵੱਡੀ ਮਦਦ ਕੀਤੀ ਐ, ਬੁਰੇ ਵਕਤ ਮੇਰੀ ਰਾਖੀ ਕੀਤੀ ਐ, ਤੇਰਾ ਇਹ ਅਹਿਸਾਨ ਮੈਂ ਉਮਰ ਭਰ ਚੁਕਾ ਨ੍ਹੀਂ ਸਕਦੀ।”
“ਭੈਣਾਂ ‘ਤੇ ਅਹਿਸਾਨ ਨ੍ਹੀਂ ਕੀਤੇ ਜਾਂਦੇ, ਭੈਣਾਂ ਦੀ ਤਾਂ ਰਾਖੀ ਕੀਤੀ ਜਾਂਦੀ ਐ।” ਇੰਨਾ ਕਹਿੰਦਿਆਂ ਨਾਸਿਰ ਨੇ ਮੇਰਾ ਸਿਰ ਆਪਣੇ ਨਾਲ ਲਾ ਲਿਆ। ਮੈਂ ਵੀ ਉਸ ਦੇ ਦੁਆਲੇ ਬਾਂਹ ਵਲ ਲਈ। ਫਿਰ ਭਰੀਆਂ ਅੱਖਾਂ ਨਾਲ ਮੈਂ ਉਸ ਤੋਂ ਵਿਦਾ ਲਈ ਤੇ ਨਾਲ ਦੇ ਕਮਰੇ ‘ਚ ਚਲੀ ਗਈ। ਅੱਗੇ ਉਹੀ ਕਰਮਚਾਰੀ ਮੈਨੂੰ ਉਡੀਕ ਰਿਹਾ ਸੀ। ਉਹ ਬਾਹਰ ਤੱਕ ਮੇਰੇ ਨਾਲ ਗਿਆ ਤੇ ਮੈਨੂੰ ਟੈਕਸੀ ‘ਚ ਬਿਠਾ ਆਇਆ। ਘੰਟੇ ਕੁ ਭਰ ਦੇ ਸਫਰ ਪਿੱਛੋਂ ਮੇਰੀ ਟੈਕਸੀ ਹੋਟਲ ਜਾ ਰੁਕੀ। ਅੱਗੇ ਜਿੰਜ਼ਾਲ ਬਾਹਰ ਹੀ ਖੜ੍ਹਾ ਮੈਨੂੰ ਉਡੀਕੀ ਜਾ ਰਿਹਾ ਸੀ। ਮੈਂ ਉਸ ਨੂੰ ਚੰਬੜਦਿਆਂ ਧਾਹਾਂ ਮਾਰਨ ਲੱਗੀ। ਉਸ ਨੇ ਮੈਨੂੰ ਬੁੱਕਲ ‘ਚ ਲੈ ਕੇ ਚੁੱਪ ਕਰਵਾਇਆ ਤੇ ਫਿਰ ਉਪਰ ਕਮਰੇ ‘ਚ ਲੈ ਗਿਆ। ਬਹੁਤ ਚਿਰ ਤੱਕ ਅਸੀਂ ਦੋਨੋਂ ਭੈਣ-ਭਰਾ ਪਰਿਵਾਰਕ ਮੈਂਬਰਾਂ ਦੀਆਂ ਗੱਲਾਂ ਕਰਦਿਆਂ ਵਿਰਲਾਪ ਕਰਦੇ ਰਹੇ। ਹੌਲੀ ਹੌਲੀ ਮਨਾਂ ਨੂੰ ਕੁਝ ਠਹਿਰਾ ਆਇਆ ਤੇ ਕਿਧਰੇ ਅੱਧੀ ਰਾਤ ਤੋਂ ਬਾਅਦ ਜਾ ਕੇ ਸੁੱਤੇ।
ਅਗਲੇ ਦਿਨ ਦੇਰ ਤੱਕ ਨੀਂਦ ਨਾ ਖੁੱਲ੍ਹੀ। ਜਦੋਂ ਜਾਗ ਆਈ ਤਾਂ ਦਿਨ ਕਾਫੀ ਚੜ੍ਹ ਆਇਆ ਸੀ। ਉਠਦਿਆਂ ਹੀ ਮੈਂ ਨਾਸਿਰ ਨੂੰ ਫੋਨ ਮਿਲਾਇਆ ਪਰ ਫੋਨ ਬੰਦ ਆ ਰਿਹਾ ਸੀ। ਫਿਰ ਮੈਂ ਨਹਾ ਧੋ ਕੇ ਤਿਆਰ ਹੋ ਗਈ। ਇੰਨੇ ਨੂੰ ਜਿੰਜ਼ਾਲ ਮੈਨੂੰ ਨਾਸ਼ਤਾ ਦੇ ਗਿਆ। ਨਾਸ਼ਤਾ ਵਗੈਰਾ ਮੁਕਾ ਕੇ ਮੈਂ ਫਿਰ ਤੋਂ ਨਾਸਿਰ ਨੂੰ ਫੋਨ ਕੀਤਾ। ਫੋਨ ਫਿਰ ਵੀ ਬੰਦ ਸੀ। ਮੈਂ ਪ੍ਰੇਸ਼ਾਨ ਹੋ ਗਈ। ਕੁਝ ਸੋਚਦਿਆਂ ਮੈਂ ਉਸ ਦੇ ਬਾਪ ਨੂੰ ਫੋਨ ਮਿਲਾਇਆ ਕਿ ਸ਼ਾਇਦ ਉਨ੍ਹਾਂ ਨੂੰ ਕੋਈ ਖਬਰ ਹੋਵੇ। ਪਰ ਇਹ ਫੋਨ ਵੀ ਬੰਦ ਸੀ।
ਖਾਲਿਦ ਦੇ ਫੋਨ ਦਾ ਵੀ ਇਹੋ ਹਾਲ ਸੀ। ਮੈਨੂੰ ਸਮਝ ਨਾ ਆਈ ਕਿ ਇਹ ਕੀ ਹੋ ਗਿਆ ਹੈ। ਫਿਰ ਖਿਆਲ ਆਇਆ ਕਿ ਸ਼ਾਇਦ ਉਧਰ ਵਲ ਦੇ ਫੋਨ ਸਿਸਟਮ ‘ਚ ਕੋਈ ਖਰਾਬੀ ਹੋਵੇ। ਮਨ ‘ਚ ਤਰ੍ਹਾਂ ਤਰ੍ਹਾਂ ਦੇ ਵਿਚਾਰ ਘੁੰਮਣ ਲੱਗੇ। ਕਦੇ ਮੈਂ ਆਪਣੇ ਆਪ ਨੂੰ ਧਰਵਾਸ ਦਿੰਦੀ ਤੇ ਕਦੇ ਪ੍ਰੇਸ਼ਾਨ ਹੋ ਜਾਂਦੀ। ਨਾਲ ਹੀ ਵਾਰ ਵਾਰ ਫੋਨ ਮਿਲਾਉਂਦੀ ਰਹੀ। ਇਸ ਬਾਰੇ ਜਿੰਜ਼ਾਲ ਵੀ ਪ੍ਰੇਸ਼ਾਨ ਸੀ। ਫਿਰ ਉਸ ਨੇ ਕਿਹਾ ਕਿ ਆਪਾਂ ਅੱਗੇ ਵਲ ਚੱਲੀਏ ਅਤੇ ਹੋ ਸਕਦਾ ਹੈ, ਉਦੋਂ ਤੱਕ ਫੋਨ ਵੀ ਮਿਲ ਜਾਵੇ। ਪਰ ਮੈਂ ਸਾਫ ਨਾਂਹ ਕਰ ਦਿੱਤੀ ਕਿ ਜਦੋਂ ਤੱਕ ਨਾਸਿਰ ਨਾਲ ਗੱਲ ਨਹੀਂ ਹੁੰਦੀ ਤੇ ਉਸ ਦੀ ਸੁੱਖ-ਸਾਂਦ ਦਾ ਪਤਾ ਨਹੀਂ ਲੱਗਦਾ, ਮੈਂ ਅਗਾਂਹ ਨਹੀਂ ਜਾਣਾ। ਵਕਤ ਬੀਤਦਾ ਰਿਹਾ ਪਰ ਫੋਨ ਨਾ ਮਿਲਿਆ। ਆਖਰ ਸ਼ਾਮ ਉਤਰ ਆਈ ਤੇ ਪਰਛਾਵੇਂ ਢਲਣ ਲੱਗੇ। ਉਦੋਂ ਹੀ ਜਿੰਜ਼ਾਲ ਢਿੱਲਾ ਜਿਹਾ ਤੁਰਦਾ ਕਮਰੇ ‘ਚ ਆਇਆ ਤਾਂ ਮੈਂ ਉਦਾਸ ਆਵਾਜ਼ ‘ਚ ਕਿਹਾ, “ਭਾਈ ਜਾਨ, ਸਵੇਰ ਤੋਂ ਸ਼ਾਮ ਹੋ ਗਈ ਪਰ ਨਾਸਿਰ ਦਾ ਫੋਨ ਲਗਾਤਾਰ ਬੰਦ ਆ ਰਿਹਾ ਐ। ਪਤਾ ਨ੍ਹੀਂ ਉਹ ਕਿੱਥੇ ਐ ਤੇ ਉਸ ਨਾਲ ਕਦੋਂ ਗੱਲ ਹੋਵੇਗੀ?”
“ਆਸਮਾ…।” ਇੰਨਾ ਕਹਿੰਦਿਆਂ ਜਿੰਜ਼ਾਲ ਰੁਕ ਗਿਆ ਤਾਂ ਮੈਂ ਉਸ ਦੇ ਚਿਹਰੇ ਵਲ ਝਾਕੀ। ਉਸ ਦੀਆਂ ਅੱਖਾਂ ‘ਚ ਅੱਥਰੂ ਸਨ। ਉਹ ਕੰਬਦੀ ਆਵਾਜ਼ ‘ਚ ਬੋਲਿਆ, “ਆਸਮਾ, ਨਾਸਿਰ ਨਾਲ ਤੇਰੀ ਹੁਣ ਕਦੇ ਵੀ ਗੱਲ ਨ੍ਹੀਂ ਹੋ ਸਕੇਗੀ…।”
“ਪਰ ਕਿਉਂ?”
“ਕਿਉਂਕਿ ਸਈਅਸ਼ ਵਾਲਿਆਂ ਨੇ ਉਸ ਨੂੰ ਅਤਿਵਾਦੀ ਕਹਿ ਕੇ ਮਾਰ ਮੁਕਾਇਆ ਐ।”
“ਹੈਂ! ਕੀ ਕਿਹਾ?” ਮੈਂ ਚੀਕਦਿਆਂ ਪੁੱਛਿਆ।
“ਹਾਂ, ਮੈਂ ਸਹੀ ਕਹਿ ਰਿਹਾਂ। ਟੀ. ਵੀ. ‘ਤੇ ਖਬਰਾਂ ਆ ਰਹੀਆਂ ਨੇ।”
ਇੰਨਾ ਕਹਿੰਦਿਆਂ ਉਸ ਨੇ ਮੇਰੇ ਕਮਰੇ ਦਾ ਟੀ. ਵੀ. ਚਲਾ ਦਿੱਤਾ। ਖਬਰ ਆ ਰਹੀ ਸੀ, “ਕੁਰਦਸਤਾਨ ਸਰਕਾਰ ਦਾ ਇਕ ਹੋਰ ਮਾਅਰਕਾ। ਸ਼ਹਿਰ ਦੇ ਵੱਡੇ ਚੈਕ ਪੁਆਇੰਟ ਨੇੜੇ ਇਸਲਾਮਕ ਸਟੇਟ ਦਾ ਨਾਸਿਰ ਨਾਮੀਂ ਖਤਰਨਾਕ ਅਤਿਵਾਦੀ ਹਲਾਕ। ਉਹ ਸਈਅਸ਼ ਦੇ ਦਫਤਰ ਨੂੰ ਆਤਮਘਾਤੀ ਹਮਲੇ ‘ਚ ਉਡਾਉਣ ਦੀ ਯੋਜਨਾ ਬਣਾ ਕੇ ਇੱਧਰ ਲੰਘਿਆ ਸੀ। ਮੌਕੇ ਸਿਰ ਪਤਾ ਲੱਗ ਜਾਣ ‘ਤੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਅੱਗੋਂ ਉਸ ਨੇ ਹਮਲਾਵਰ ਰੁਖ ਅਖਤਿਆਰ ਕਰ ਲਿਆ ਤਾਂ ਸੁਰੱਖਿਆ ਫੋਰਸਾਂ ਨੇ ਉਸ ਨੂੰ ਢੇਰ ਕਰ ਦਿੱਤਾ…।”
ਸੁਣਦਿਆਂ ਹੀ ਮੈਂ ਧਾਹੀਂ ਰੋਣ ਲੱਗੀ। ਬੜੀ ਦੇਰ ਤੱਕ ਰੋਂਦੇ ਰਹਿਣ ਪਿੱਛੋਂ ਮਨ ਜ਼ਰਾ ਹੌਲਾ ਹੋਇਆ ਤਾਂ ਮੈਂ ਆਲੇ ਦੁਆਲੇ ਵੇਖਿਆ। ਬਾਹਰ ਹਨੇਰਾ ਉਤਰ ਆਇਆ ਸੀ। ਜਿੰਜ਼ਾਲ ਸਿਰਹਾਣੇ ਬੈਠਾ ਮੇਰੇ ਸਿਰ ‘ਤੇ ਹੱਥ ਫੇਰ ਰਿਹਾ ਸੀ। ਮੈਂ ਰੋਂਦਿਆਂ ਪੁੱਛਿਆ, “ਭਾਈ ਜਾਨ, ਕਿਆਮਤ ਦੀ ਇਹ ਖੂਨੀ ‘ਨੇਰੀ ਕਦੋਂ ਰੁਕੇਗੀ?”
“ਆਸਮਾ, ਆਪਾਂ ਗਰੀਬ ਲੋਕ ਬੇਵਸ ਆਂ। ਪਤਾ ਨ੍ਹੀਂ ਰੱਬ ਸੱਚੇ ਦੀ ਕੀ ਮਰਜ਼ੀ ਐ। ਚੱਲ ਖੜ੍ਹੀ ਹੋ, ਆਪਾਂ ਅਗਾਂਹ ਵੀ ਜਾਣੈਂ।”
ਮੈਂ ਉਵੇਂ ਬੈਠੀ ਰਹੀ। ਨਾ ਮੇਰੇ ਕੋਲੋਂ ਕੁਝ ਕਹਿ ਹੋਇਆ ਤੇ ਨਾ ਹੀ ਉਠ ਹੋਇਆ। ਜਿੰਜ਼ਾਲ ਨੇ ਫਿਰ ਤੋਂ ਪਿਆਰ ਨਾਲ ਕਿਹਾ, “ਉਠ ਮੇਰੀ ਬੀਬੀ ਭੈਣ। ਡਾਢੇ ਅੱਗੇ ਕੋਈ ਜ਼ੋਰ ਨ੍ਹੀਂ। ਆ ਚੱਲ ਆਪਾਂ ਅੱਗੇ ਦਾ ਸਫਰ ਸ਼ੁਰੂ ਕਰੀਏ।”
ਮੈਂ ਹੌਲੀ ਹੌਲੀ ਸੰਭਲੀ ਤੇ ਜਿੰਜ਼ਾਲ ਦੀ ਬਾਂਹ ਥੰਮੀ ਉਸ ਦੇ ਮਗਰ ਤੁਰ ਪਈ। ਪੌੜੀਆਂ ਉਤਰਦੇ ਹੇਠਾਂ ਪਹੁੰਚੇ ਤੇ ਬਾਹਰ ਵਲ ਨੂੰ ਤੁਰ ਪਏ। ਬਾਹਰ ਘੁੱਪ ਹਨੇਰਾ ਸੀ।
(ਸਮਾਪਤ)