ਸੰਸਕ੍ਰਿਤ ਪਰੰਪਰਾ ਦਾ ਆਦਿ ਕਵੀ ਰਿਸ਼ੀ ਵਾਲਮੀਕ

ਸੂਰਜ ਬੜਤਿਆ
ਰਿਸ਼ੀ ਵਾਲਮੀਕ ਭਾਰਤ ਦੇ ਆਦਿ ਕਵੀ ਮੰਨੇ ਤੇ ਜਾਣੇ ਜਾਂਦੇ ਹਨ। ਕੋਈ ਉਨ੍ਹਾਂ ਨੂੰ ਮਹਾਂਰਿਸ਼ੀ ਕਹਿੰਦਾ ਹੈ, ਕੋਈ ਆਦਿ ਕਵੀ ਤੇ ਕੋਈ ਭਗਵਾਨ ਦਾ ਪ੍ਰਤੀਨਿਧ ਮੰਨ ਕੇ ਪੂਜਦਾ ਹੈ। ਉਨ੍ਹਾਂ ਬਾਰੇ ਕਈ ਮਨੌਤਾਂ ਪ੍ਰਚਲਿਤ ਹਨ। ਕੁਝ ਵਰਗ ਉਨ੍ਹਾਂ ਨੂੰ ਕਥਿਤ ਨੀਵੇਂ ਵਰਗ ਨਾਲ ਸਬੰਧਤ ਮੰਨਦੇ ਹਨ ਤੇ ਕੁਝ ਬ੍ਰਾਹਮਣ ਜਾਤ ਨਾਲ। ਸਮਕਾਲੀ ਚਰਚਾ ਦੇ ਦੌਰ ਵਿਚ ਇਹ ਮੁੱਦਾ ਹੋਰ ਜ਼ੋਰ ਫੜ ਗਿਆ ਹੈ। ਇਸੇ ਕਾਰਨ ਭਾਰਤ ਦੀ ਇਕ ਪ੍ਰਾਚੀਨ ਕਥਿਤ ਅਛੂਤ ਜਾਤ ਨੇ ਤਾਂ ਆਪਣੀ ਜਾਤੀ ਪਛਾਣ ਨੂੰ ਹੀ ਵਾਲਮੀਕ ਵਜੋਂ ਮੰਨ ਲਿਆ ਹੈ। ਉਨ੍ਹਾਂ ਸ਼ਾਇਦ ਉਮੀਦ ਕੀਤੀ ਹੋਵੇਗੀ ਕਿ ਸਫਾਈ ਕਰਨ ਵਾਲੇ ਇਸ ਭਾਈਚਾਰੇ ਨੂੰ ਵਾਲਮੀਕੀ ਜਾਤ ਕਰਾਰ ਦਿੱਤੇ ਜਾਣ ਨਾਲ ਸ਼ਾਇਦ ਉਹ ਆਪਣੀ ਪਛਾਣ ਤੋਂ ਮੁਕਤ ਹੋ ਜਾਣਗੇ, ਪਰ ਅਜਿਹਾ ਹੋ ਨਾ ਸਕਿਆ।

ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਵਾਲਮੀਕ ਇਕ ਵੱਡੇ ਤੇ ਬਿਹਤਰੀਨ ਰਚਨਾਕਾਰ ਸਨ। ਉਨ੍ਹਾਂ ਨੇ ਸੰਸਕ੍ਰਿਤ ਵਿਚ ਰਾਮਾਇਣ ਮਹਾਂ ਕਾਵਿ ਲਿਖਿਆ, ਜੋ ਹਿੰਦੂ ਧਰਮ ਦੀ ਇਕ ਅਧਿਆਤਮਕ-ਸੱਭਿਆਚਾਰਕ ਕਿਤਾਬ ਹੈ ਅਤੇ ਹਿੰਦੂਆਂ ਦੇ ਜੀਵਨ ਦਾ ਕੇਂਦਰੀ ਧੁਰਾ ਵੀ। ਵਾਲਮੀਕ ਲਿਖਤ ਰਾਮਾਇਣ ਵਿਚ ਕਰੀਬ 24 ਹਜ਼ਾਰ ਸ਼ਲੋਕ ਹਨ। ਇਸ ਦਾ ਕਾਲ ਪਹਿਲੀ ਸਦੀ ਈਸਵੀ ਤੋਂ ਪੰਜਵੀਂ ਸਦੀ ਦਰਮਿਆਨ ਮੰਨਿਆ ਜਾਂਦਾ ਹੈ। ਇਹ ਰਚਨਾ ਨਾਇਕ ਰਾਮ ਦੀ ਨਾਇਕਤਾ ਤੇ ਜੀਵਨ ਚਰਿੱਤਰ ਨੂੰ ਅਦਭੁਤ ਅਧਿਆਤਮਕ ਢੰਗ ਨਾਲ ਪੇਸ਼ ਕਰਦੀ ਹੈ। ਇਹ ਪੁਰਾਣਕ ਚਰਿੱਤਰ ਸਮੁੱਚੇ ਭਾਰਤ ਵਿਚ ਭਗਵਾਨ ਦਾ ਵਿਸ਼ਾਲ ਰੂਪ ਪੇਸ਼ ਕਰਦਾ ਹੈ। ਇਸ ਤਰ੍ਹਾਂ ਵਾਲਮੀਕ ਪ੍ਰਾਚੀਨ ਭਾਰਤ ਦੇ ਅਦਭੁਤ ਅਧਿਆਤਮਕ ਕਿੱਸਾਕਾਰ (ਕਿੱਸਾ ਗੋ) ਹਨ, ਜੋ ਗਲਪ ਨੂੰ ਇਤਿਹਾਸ ਦਾ ਗੋਤਾ ਲਾ ਕੇ ਧਰਮ ਦਾ ਸਿਰਮੌਰ ਬਣਾ ਦਿੰਦੇ ਹਨ।
ਹਜ਼ਾਰਾਂ ਗ੍ਰੰਥ ਵਾਲਮੀਕ ਰਾਮਾਇਣ ਨੂੰ ਆਧਾਰ ਬਣਾ ਕੇ ਲਿਖੇ ਗਏ, ਪਰ ਵਾਲਮੀਕ ਰਾਮਾਇਣ ਵਰਗੀ ਮਕਬੂਲੀਅਤ ਕਿਸੇ ਹੋਰ ਗ੍ਰੰਥ ਨੂੰ ਨਹੀਂ ਮਿਲੀ। ਹਿੰਦੋਸਤਾਨ ਵਿਚ ਬੋਲੀਆਂ ਜਾਂਦੀਆਂ ਸਾਰੀਆਂ ਭਾਸ਼ਾਵਾਂ ਵਿਚ ਵਾਲਮੀਕ ਰਾਮਾਇਣ ਦਾ ਅਨੁਵਾਦ ਮੌਜੂਦ ਹੈ। ਇੰਜ ਵਾਲਮੀਕ ਭਾਰਤੀ ਲੋਕਾਂ ਦੇ ਮਨ ਵਿਚ ਅਮਰ ਹੋ ਗਏ ਹਨ, ਪਰ ਵਾਲਮੀਕ ਤੇ ਉਨ੍ਹਾਂ ਦੀ ਰਾਮਾਇਣ ਦੀ ਕਥਾ ਨੂੰ ਲੈ ਕੇ ਕਾਫੀ ਮਤਭੇਦ ਅਤੇ ਅਸਹਿਮਤੀਆਂ ਵੀ ਹਨ, ਜੋ ਸਮੇਂ-ਸਮੇਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਨੇਕਾਂ ਸੱਚੇ-ਝੂਠੇ ਕਿੱਸੇ-ਕਹਾਣੀਆਂ ਵੀ ਹਨ। ਇਹ ਉਨ੍ਹਾਂ ਦੀ ਲੇਖਣੀ ਬਾਰੇ, ਉਨ੍ਹਾਂ ਦੀ ਜਾਤ ਬਾਰੇ, ਉਨ੍ਹਾਂ ਦੇ ਕਾਲ-ਸਮੇਂ ਅਤੇ ਉਨ੍ਹਾਂ ਦੇ ਭਗਵਾਨ-ਮਹਾਂ ਕਵੀ ਬਣਨ ਆਦਿ ਬਾਰੇ ਹਨ।
ਰਾਮਾਇਣ ਮਹਾਂ ਕਾਵਿ ਦੇ ਆਦਰਸ਼, ਚਰਿੱਤਰਵਾਨ ਪਰੰਪਰਿਕ ਸਮਝ ਵਾਲੇ ਚਮਤਕਾਰੀ ਨਾਇਕ ਦਾ ਸਾਰੇ ਭਾਰਤ ਹੀ ਨਹੀਂ, ਬਲਕਿ ਦੱਖਣੀ ਏਸ਼ੀਆ ਵਿਚ ਰੱਬੀ ਰੂਪ ‘ਚ ਸਥਾਪਤ ਹੋ ਜਾਣਾ ਵੱਡੀ ਗੱਲ ਹੈ। ਬ੍ਰਾਹਮਣ ਵਰਗ ਨੇ ਵਾਲਮੀਕ ਰਚਿਤ ਨਾਇਕ ਰਾਮ ਨੂੰ ਆਪਣੇ ਧਾਰਮਕ ਰੁਜ਼ਗਾਰ ਨਾਲ ਜੋੜ ਲਿਆ। ਰਾਮ ਦੇ ਨਾਂ ਉਤੇ ਮੰਦਿਰ ਬਣਾਏ ਅਤੇ ਥਾਂ-ਥਾਂ ਵਾਲਮੀਕ ਰਾਮਾਇਣ ਨੂੰ ਧਾਰਮਕ ਮੁਕਤੀ-ਕਥਾ ਦੇ ਰੂਪ ਵਿਚ ਸੁਣਾਉਣਾ ਸ਼ੁਰੂ ਕਰ ਦਿੱਤਾ। ਇੰਜ ਵੀ ਕਿਹਾ ਜਾ ਸਕਦਾ ਹੈ ਕਿ ਵਾਲਮੀਕ ਨੇ ਭਗਵਾਨ ਰਾਮ ਨੂੰ ਪ੍ਰਸਿੱਧ ਕੀਤਾ ਅਤੇ ਰਾਮ ਨੇ ਵਾਲਮੀਕ ਨੂੰ ਅਮਰ ਬਣਾ ਦਿੱਤਾ।
ਸਭ ਤੋਂ ਵੱਡਾ ਵਿਵਾਦ ਵਾਲਮੀਕ ਦੀ ਜਾਤੀ ਨੂੰ ਲੈ ਕੇ ਹੈ। ਇਹ ਵਿਵਾਦ ਇੰਨਾ ਗਹਿਰਾ ਗਿਆ ਕਿ ਵਾਲਮੀਕ ਨੂੰ ਬ੍ਰਾਹਮਣ ਕਰਾਰ ਦੇਣ ਵਾਲੀ ਕਿਤਾਬ ‘ਵਾਲਮੀਕ ਕੌਣ ਹੈ’ ਉਤੇ ਕਰਨਾਟਕ ਸਰਕਾਰ ਨੂੰ ਪਾਬੰਦੀ ਲਾਉਣੀ ਪਈ। ਕਰਨਾਟਕ ਹਾਈ ਕੋਰਟ ਦੇ ਹੁਕਮਾਂ ‘ਤੇ ਇਸ ਬਾਰੇ ਕਮੇਟੀ ਕਾਇਮ ਕੀਤੀ ਗਈ ਹੈ। ਧਾਰਵਾੜ ਦੇ ਪ੍ਰੋਫੈਸਰ ਨਰਾਇਣਾਚਾਰੀਆ ਵੱਲੋਂ ਲਿਖੀ ਇਸ ਕਿਤਾਬ ਖਿਲਾਫ ਵਾਲਮੀਕ ਜਾਂ ਬੇੜਾ ਭਾਈਚਾਰੇ ਦੇ ਲੋਕਾਂ ਨੇ ਅੰਦੋਲਨ ਕੀਤਾ।
ਕੰਨੜ ਭਾਸ਼ਾ ਦੇ ਪ੍ਰਸਿੱਧ ਦਲਿਤ ਲੇਖਕ ਇੰਦੂਧਾਰਾ ਹੋਨਾਪੁਰਾ ਆਦਿ ਕਵੀ ਵਾਲਮੀਕ ਨੂੰ ਵੱਖਰੇ ਨਜ਼ਰੀਏ ਤੋਂ ਦੇਖਦੇ ਹਨ। ਇਕ ਹੋਰ ਕੰਨੜ ਚਿੰਤਕ ਬਾਸਵਾਨਾ ਮੁਤਾਬਕ ਸਾਰੇ ਮਹਾਂਪੁਰਖਾਂ ਦੇ ਬ੍ਰਾਹਮਣ ਪਰਿਵਾਰਾਂ ਵਿਚ ਜਨਮੇ ਹੋਣ ਦਾ ਦਾਅਵਾ ਕਰਨਾ ‘ਫਿਰਕੂ ਸਮੂਹਾਂ ਦਾ ਲੁਕਵਾਂ ਏਜੰਡਾ’ ਹੈ।
ਇਕ ਕਥਾ ਅਨੁਸਾਰ ਆਦਿ ਕਵੀ ਵਾਲਮੀਕ, ਮਹਾਰਿਸ਼ੀ ਕਸ਼ਿਅਪ ਅਤੇ ਅਦਿਤੀ ਦੇ ਤਿੱਥ ਪੁੱਤ ਵਰੁਣ (ਆਦਿਤਿਆ) ਤੋਂ ਇਨ੍ਹਾਂ ਦਾ ਜਨਮ ਹੋਇਆ। ਇਨ੍ਹਾਂ ਦੀ ਮਾਤਾ ਚਰਸ਼ਣੀ ਅਤੇ ਭਰਾ ਭ੍ਰਿਗੁ ਸਨ। ਵਰੁਣ ਦਾ ਇਕ ਨਾਂ ਪ੍ਰਚੇਤ ਵੀ ਹੈ, ਇਸ ਲਈ ਇਨ੍ਹਾਂ ਨੂੰ ਪ੍ਰਾਚੇਤਮ ਨਾਂ ਨਾਲ ਜਾਣਿਆ ਜਾਂਦਾ ਹੈ।
ਵਾਲਮੀਕ ਦੇ ਨਾਂ ਨੂੰ ਲੈ ਕੇ ਵੀ ਦਿਲਚਸਪ ਕਿੱਸੇ ਹਨ| ਉਨ੍ਹਾਂ ਵਿਚੋਂ ਇਕ ਇਹ ਹੈ ਕਿ ਵਾਲਮੀਕ ਲੰਬੇ ਸਮੇਂ ਤੱਕ ਸਾਧਨਾ ਵਿਚ ਲੀਨ ਹੋ ਕੇ ਧਿਆਨ ਮਗਨ ਹੋਏ| ਉਸੇ ਸਮੇਂ ਉਨ੍ਹਾਂ ਦੇ ਸਰੀਰ ਨੂੰ ਸਿਉਂਕ ਨੇ ਆਪਣਾ ਘਰ ਬਣਾ ਕੇ ਢਕ ਦਿੱਤਾ। ਸਾਧਨਾ ਪੂਰੀ ਕਰਕੇ ਜਦੋਂ ਉਹ ਉਠੇ ਤਾਂ ਵਾਲਮੀਕ ਕਹੇ ਗਏ, ਕਿਉਂਕਿ ਸਿਉਂਕ ਦੇ ਘਰ ਨੂੰ ਵਾਲਮੀਕ ਕਿਹਾ ਜਾਂਦਾ ਹੈ|
ਇਕ ਹੋਰ ਮੱਤ ਅਨੁਸਾਰ ਵਾਲਮੀਕ ਦਾ ਜਨਮ ਨਾਗਾ ਪ੍ਰਜਾਤੀ ਵਿਚ ਹੋਇਆ। ਰਾਮਾਇਣ ਲਿਖਣ ਤੋਂ ਪਹਿਲਾਂ ਵਾਲਮੀਕ ਦਾ ਨਾਂ ਰਤਨਾਕਰ ਸੀ। ਪਰਿਵਾਰ ਦੇ ਪਾਲਣ-ਪੋਸ਼ਣ ਲਈ ਉਹ ਲੁੱਟ-ਮਾਰ ਕਰਦੇ ਸਨ। ਜੰਗਲ ਵਿਚ ਉਨ੍ਹਾਂ ਨੂੰ ਨਾਰਦ ਮੁਨੀ ਮਿਲੇ। ਜਦੋਂ ਰਤਨਾਕਰ ਉਨ੍ਹਾਂ ਨੂੰ ਲੁੱਟਣ ਲੱਗਾ ਤਾਂ ਨਾਰਦ ਨੇ ਪੁੱਛਿਆ ਕਿ ਇਹ ਕਾਰਜ ਕਿਸ ਲਈ ਕਰਦੇ ਹੋ? ਰਤਨਾਕਰ ਨੇ ਜਵਾਬ ਦਿੱਤਾ, ਪਰਿਵਾਰ ਨੂੰ ਪਾਲਣ ਲਈ। ਨਾਰਦ ਨੇ ਪੁੱਛਿਆ, ਇਸ ਕਾਰਜ ਤੋਂ ਜੋ ਪਾਪ ਲੱਗੇਗਾ, ਕੀ ਉਸ ਵਿਚ ਪਰਿਵਾਰ ਵਾਲੇ ਵੀ ਸਹਿਭਾਗੀ ਹੋਣਗੇ?
ਰਤਨਾਕਰ ਨੇ ਜਦੋਂ ਪਰਿਵਾਰ ਨੂੰ ਇਹ ਗੱਲ ਪੁੱਛੀ ਤਾਂ ਉਨ੍ਹਾਂ ਨੇ ਪਾਪ ਦੇ ਕਾਰਜ ਵਿਚ ਸਹਿਭਾਗੀ ਹੋਣ ਤੋਂ ਨਾਂਹ ਕਰ ਦਿੱਤੀ| ਇਹ ਸੁਣ ਕੇ ਰਤਨਾਕਰ ਨੇ ਲੁੱਟਮਾਰ ਤਿਆਗ ਦਿੱਤੀ। ਫਿਰ ਨਾਰਦ ਮੁਨੀ ਨੇ ਉਨ੍ਹਾਂ ਨੂੰ ਰਾਮ-ਰਾਮ ਜਪਣ ਦਾ ਨਿਰਦੇਸ਼ ਦਿੱਤਾ। ਇਥੋਂ ਉਨ੍ਹਾਂ ਨੂੰ ਰਾਮ ਨਾਮ ਦਾ ਗਿਆਨ ਮਿਲਿਆ| ਹਾਲਾਂਕਿ ਰਿਸ਼ੀ ਵਾਲਮੀਕ ਨੇ ਰਾਮਾਇਣ ਵਿਚ ਇਸ ਦੇ ਠੀਕ ਉਲਟ ਲਿਖਿਆ ਹੈ, “ਹੇ ਰਾਮ, ਮੈਂ ਪ੍ਰਚੇਤਾ ਮੁਨੀ ਦਾ ਦਸਵਾਂ ਪੁੱਤ ਹਾਂ ਅਤੇ ਮੈਂ ਆਪਣੇ ਜੀਵਨ ਵਿਚ ਕਦੇ ਵੀ ਪਾਪ ਨਹੀਂ ਕੀਤਾ।” ਇਸ ਸ਼ਲੋਕ ਤੋਂ ਵਾਲਮੀਕ ਦੇ ਡਾਕੂ ਹੋਣ ਦੀ ਗੱਲ ਝੂਠ ਸਿੱਧ ਹੋ ਜਾਂਦੀ ਹੈ|
ਇਕ ਹੋਰ ਮੱਤ ਅਨੁਸਾਰ ਵਰੁਣ ਬ੍ਰਹਮਾ ਦੇ ਪੁੱਤ ਸਨ। ਇਹ ਵੀ ਮੰਨਿਆ ਜਾਂਦਾ ਹੈ ਕਿ ਵਾਲਮੀਕ ਵਰੁਣ ਅਰਥਾਤ ਪ੍ਰਚੇਤਾ ਦੇ 10ਵੇਂ ਪੁੱਤ ਸਨ ਅਤੇ ਉਨ੍ਹੀਂ ਦਿਨੀਂ ਪ੍ਰਚਲਨ ਅਨੁਸਾਰ ਉਨ੍ਹਾਂ ਦੇ ਵੀ ਦੋ ਨਾਂ-ਅਗਨਿਸ਼ਰਮਾ ਅਤੇ ਰਤਨਾਕਰ ਸਨ। ਵਾਲਮੀਕ ਨੂੰ ਬ੍ਰਹਮਾ ਦੇ ਪੁੱਤ ਦਾ ਪੁੱਤ ਵੀ ਕਹਿੰਦੇ ਹਨ|
ਰਤਨਾਕਰ ਦੇ ਵਾਲਮੀਕ ਬਣਨ ਅਤੇ ਫਿਰ ਇਕ ਲੇਖਕ ਬਣਨ ਨੂੰ ਲੈ ਕੇ ਵੀ ਬਹੁਤ ਸਾਰੇ ਕਿੱਸੇ ਹਨ, ਜੋ ਅੱਜ ਸੱਚ ਦਾ ਸਰੂਪ ਲੈ ਕੇ ਸਥਾਪਤ ਹੋ ਚੁਕੇ ਹਨ| ਕਹਿੰਦੇ ਹਨ, ਰਿਸ਼ੀ ਵਾਲਮੀਕ ਦੇ ਜੀਵਨ ਵਿਚ ਇਕ ਅਜਿਹੀ ਘਟਨਾ ਘਟੀ, ਜਿਸ ਨੇ ਉਨ੍ਹਾਂ ਦੇ ਅੰਤਰ ਮਨ ਨੂੰ ਝੰਜੋੜ ਦਿੱਤਾ। ਇਕ ਸਵੇਰੇ ਇਸ਼ਨਾਨ ਲਈ ਉਹ ਤਮਸਾ ਨਦੀ ਜਾ ਰਹੇ ਸਨ| ਨਾਲ ਉਨ੍ਹਾਂ ਦੇ ਪ੍ਰਮੁੱਖ ਚੇਲਾ ਭਰਦਵਾਜ ਵੀ ਸੀ। ਉਨ੍ਹਾਂ ਨਦੀ ਦੇ ਕੰਢੇ ਪ੍ਰੇਮ ਕਰ ਰਹੇ ਕਰੌਂਚ (ਸਾਰਸ) ਪੰਛੀਆਂ ਦਾ ਜੋੜਾ ਵੇਖਿਆ। ਸ਼ਿਕਾਰੀ ਆਇਆ ਅਤੇ ਪਿਆਰ ਕਰ ਰਹੇ ਜੋੜੇ ਵਿਚੋਂ ਨਰ ਨੂੰ ਤੀਰ ਨਾਲ ਮਾਰ ਦਿੱਤਾ। ਇਸ ਤੋਂ ਮਾਦਾ ਪੰਛੀ ਇਕੱਲੀ ਰਹਿ ਗਈ| ਉਸ ਨੇ ਭੂਮੀ ਉਤੇ ਪਏ ਆਪਣੇ ਨਰ ਦੇ ਚੁਫੇਰੇ ਘੁੰਮ-ਘੁੰਮ ਵਿਰਲਾਪ ਕਰਦਿਆਂ ਪ੍ਰਾਣ ਤਿਆਗ ਦਿੱਤੇ। ਇਹ ਦ੍ਰਿਸ਼ ਵੇਖ ਕੇ ਵਾਲਮੀਕ ਨੇ ਸ਼ਲੋਕ ਉਚਾਰਿਆ, “ਓਏ, ਸ਼ਿਕਾਰੀ, ਤੂੰ ਪ੍ਰੇਮ ਕਰ ਰਹੇ ਜੋੜੇ ਵਿਚੋਂ ਇੱਕ ਨੂੰ ਮਾਰ ਮੁਕਾਇਆ, ਜਾਹ ਤੈਨੂੰ ਕਦੇ ਚੈਨ ਨਹੀਂ ਮਿਲੇਗਾ।” ਅਜਿਹੀ ਮਾਨਤਾ ਹੈ ਕਿ ਇਸ ਸ਼ਲੋਕ ਦੇ ਅੰਦਰੋਂ ਰਾਮਾਇਣ ਮਹਾਂ ਕਾਵਿ ਕੀਤੀ ਰਚਨਾ ਨਿਕਲੀ। ਇਸ ਸ਼ਲੋਕ ਕਾਰਨ ਵਾਲਮੀਕ ਨੂੰ ਸੰਸਕ੍ਰਿਤ ਪਰੰਪਰਾ ਦਾ ਆਦਿ ਕਵੀ ਕਿਹਾ ਜਾਂਦਾ ਹੈ|