ਅਦਾਕਾਰੀ ਤੋਂ ਗਾਇਕੀ ਵੱਲ ਆਈ ਪੂਨਮ ਸੂਦ

ਸੁਰਜੀਤ ਜੱਸਲ
ਦਿਲਕਸ਼ ਅਦਾਵਾਂ ਨਾਲ ਮਨ ਮੋਹ ਲੈਣ ਵਾਲੀ ਹੁਸਨ ਤੇ ਕਲਾ ਦੀ ਮੂਰਤ ਪੂਨਮ ਸੂਦ ਸੰਗੀਤ ਅਤੇ ਫਿਲਮ ਖੇਤਰ ਦੀ ਇੱਕ ਨਾਮਵਰ ਸ਼ਖਸੀਅਤ ਹੈ। ਉਸ ਨੇ ਜਿੱਥੇ ਅਨੇਕਾਂ ਨਾਮੀ ਗਾਇਕਾਂ ਦੇ ਗੀਤਾਂ ‘ਚ ਮਾਡਲਿੰਗ ਕੀਤੀ, ਉਥੇ ਕਈ ਪੰਜਾਬੀ ਫਿਲਮਾਂ ਵਿਚ ਵੀ ਮੇਨ ਲੀਡ ਕੰਮ ਕੀਤਾ।

ਪੂਨਮ ਇਨ੍ਹੀਂ ਦਿਨੀਂ ਗਾਇਕੀ ਵੱਲ ਵੀ ਆਈ ਹੈ। ਉਸ ਦਾ ਇੱਕ ਗੀਤ ‘ਬਲੈਕ ਸ਼ੇਡੋ’ ਬੀਤੇ ਦਿਨੀਂ ਰਿਲੀਜ਼ ਹੋਇਆ। ਉਸ ਦਾ ਨਵਾਂ ਗੀਤ ‘ਗੱਭਰੂ’ ਨੌਜਵਾਨੀ ਨੂੰ ਨਸ਼ਿਆਂ ਦੇ ਮਾੜੇ ਨਤੀਜਿਆਂ ਬਾਰੇ ਸੁਚੇਤ ਕਰਦਾ ਹੈ। ਉਸ ਦੀ ਗਾਇਕੀ ਦਰਸ਼ਕਾਂ ਨੂੰ ਪਸੰਦ ਵੀ ਆ ਰਹੀ ਹੈ। ਉਸ ਨੂੰ ਇਸ ਗੱਲ ਦਾ ਮਾਣ ਹੈ ਕਿ ਚੰਗੀ ਸੋਚ ਨਾਲ ਕੀਤੀ ਮਿਹਨਤ ਨੂੰ ਫਲ ਜਰੂਰ ਲੱਗਦਾ ਹੈ।
ਲਘੂ ਫਿਲਮ ‘ਵੰਡ’ ਵਿਚਲੇ ਕਿਰਦਾਰ ਅਤੇ ਕੁਝ ਦ੍ਰਿਸ਼ਾਂ ਨੂੰ ਲੈ ਕੇ ਪੂਨਮ ਵੱਲ ਭਾਵੇਂ ਅਨੇਕਾਂ ਉਂਗਲਾਂ ਉਠੀਆਂ ਪਰ ਉਸ ਨੇ ਕਿਸੇ ਦੀ ਕੋਈ ਪ੍ਰਵਾਹ ਨਾ ਕੀਤੀ। ਉਸ ਦਾ ਕਹਿਣਾ ਹੈ ਕਿ ਬਹੁਤ ਘੱਟ ਲੋਕ ਹਨ, ਜੋ ਤੁਹਾਡੇ ਆਰਟ ਨੂੰ ਸਮਝ ਸਕਦੇ ਹਨ। ਮੈਨੂੰ ਖੁਸ਼ੀ ਹੈ ਕਿ ਮੈਂ ਇੱਕ ਅਜਿਹਾ ਕਿਰਦਾਰ ਨਿਭਾਇਆ, ਜਿਸ ਨੂੰ ਵੇਖ ਕੇ ਅਨੇਕਾਂ ਕੁੜੀਆਂ ਨੇ ਚੰਗੇ-ਮਾੜੇ ਦੀ ਪਰਖ ਕਰਦਿਆਂ ਆਪਣੇ ਆਪ ਨੂੰ ਸੰਭਾਲਿਆ ਤੇ ਮੈਨੂੰ ਫੋਨ ‘ਤੇ ਸਭ ਕੁਝ ਦੱਸਿਆ।
ਪੂਨਮ ਬਾਰੇ ਬਹੁਤੇ ਲੋਕਾਂ ਦੀ ਸੋਚ ‘ਵੰਡ’ ਤੋਂ ਅੱਗੇ ਨਾ ਵਧ ਸਕੀ, ਪਰ ਉਸ ਦੇ ਨੇੜੇ ਹੋ ਕੇ ਲੰਘਣ ਵਾਲੇ ਜਾਣਦੇ ਹਨ ਕਿ ਪੂਨਮ ਜਿੰਨੀ ਚੰਗੀ ਅਦਾਕਾਰਾ ਹੈ, ਉਨੀ ਹੀ ਜ਼ਿੰਦਾਦਿਲ ਇਨਸਾਨ ਵੀ ਹੈ। ਆਪਣੇ ਨਿੱਜ ਤੋਂ ਉਪਰ ਉਠਦਿਆਂ ਉਹ ਸਮਾਜ ਦੇ ਥੁੜ੍ਹੇ ਲੋਕਾਂ, ਕੈਂਸਰ ਪੀੜ੍ਹਤ ਬੱਚਿਆਂ ਦੀ ਮਦਦ ਲਈ ਅੱਗੇ ਆਈ ਹੈ। ਸ਼ਾਇਦ ਇਸੇ ਲਈ ਉਹ ਹੁਣ ਗਾਇਕੀ ਦੇ ਖੇਤਰ ਵਿਚ ਸਰਗਰਮ ਹੋਈ ਹੈ, ਜਿਸ ਦੀ ਕਮਾਈ ਦਾ ਅੱਧ ਉਹ ਸਮਾਜ ਸੇਵਾ ਲਈ ਕੱਢ ਰਹੀ ਹੈ।
ਪੂਨਮ ਅੰਮ੍ਰਿਤਸਰ ਨੇੜਲੇ ਕਸਬਾ ਸੁਲਤਾਨਵਿੰਡ ਦੀ ਜੰਮਪਲ ਹੈ। ਲੁਧਿਆਣਾ ਦੇ ਸਿੱਧਵਾਂ ਬੇਟ ਤੋਂ ਗਰੈਜੂਏਸ਼ਨ ਕਰਕੇ ਉਸ ਨੇ ਆਪਣੇ ਫਿਲਮੀ ਕੈਰੀਅਰ ਦਾ ਆਗਾਜ਼ ਚੰਡੀਗੜ੍ਹ ਤੋਂ ਕੀਤਾ ਤੇ ਫਿਰ ਮੁੰਬਈ ਨਗਰੀ ਵਿਚ ਜਾ ਕੇ ਕਲਾ ਦੀ ਜ਼ਿੰਦਗੀ ਨੂੰ ਨੇੜਿਓ ਵੇਖਦਿਆਂ ਸੰਘਰਸ਼ ਕੀਤਾ। ਮੁੰਬਈ ‘ਚ ਪੂਨਮ ਨੇ ਕਈ ਹਿੰਦੀ ਸੀਰੀਅਲਾਂ ਅਤੇ ਫਿਲਮਾਂ ਵਿਚ ਕੰਮ ਕੀਤਾ। ਉਸ ਦੇ ‘ਹਮ ਤੁਮ ਕੋ ਭੁਲਾ ਨਾ ਪਾਏਂਗੇ’ ਸੀਰੀਅਲ ਨੂੰ ਕੌਮਾਂਤਰੀ ਅਵਾਰਡ ਵੀ ਮਿਲਿਆ।
ਪੰਜਾਬੀ ਗਾਇਕਾ ਮਿਸ ਪੂਜਾ ਦੇ ਗੀਤਾਂ ‘ਤੇ ਅਦਾਕਾਰੀ ਕਰਦਿਆਂ ਆਪਣੀ ਕਲਾ ਦੀ ਸੁ.ਰੂਆਤ ਕਰਨ ਵਾਲੀ ਪੂਨਮ ਨੇ ਕਰਮਜੀਤ ਅਨਮੋਲ ਦੇ ਗੀਤ ‘ਯਾਰਾ ਵੇ’, ਰੌਸ਼ਨ ਪ੍ਰਿੰਸ ਦੇ ‘ਸਪੀਕਰ’ ਅਤੇ ਫਿਰੋਜ ਖਾਂ ਦੇ ਗੀਤ ‘ਹਵਾਵਾਂ’ ਸਮੇਤ 100 ਤੋਂ ਵੱਧ ਗੀਤਾਂ ਵਿਚ ਲਾਜਵਾਬ ਅਦਾਕਾਰੀ ਪੇਸ਼ ਕੀਤੀ।
ਪੰਜਾਬੀ ਫਿਲਮਾਂ ਦੀ ਗੱਲ ਕਰੀਏ ਤਾਂ ‘ਮੇਰੇ ਯਾਰ ਕਮੀਨੇ’, ‘ਯਾਰ ਅਣਮੁੱਲੇ-2’, ‘ਲਕੀਰਾਂ’, ‘ਹਮ ਹੈਂ ਤੀਨ ਖਜ਼ਾਦੀਨ’ ਅਤੇ ਲਘੂ ਫਿਲਮ ‘ਵੰਡ’ ਵਿਚ ਪੂਨਮ ਸੂਦ ਨੇ ਅਹਿਮ ਕਿਰਦਾਰ ਨਿਭਾਏ ਹਨ। ਉਹ ਰੌਸ਼ਨ ਪ੍ਰਿੰਸ ਦੀ ਫਿਲਮ ‘ਮੁੰਡਾ ਫਰੀਦਕੋਟੀਆ’ ਅਤੇ ਹਰਜੀਤ ਰਿੱਕੀ ਦੀ ਧਾਰਮਕ ਫਿਲਮ ‘ਹਿੰਦ ਦੀ ਚਾਦਰ’ ਵਿਚ ਅਹਿਮ ਭੂਮਿਕਾ ‘ਚ ਨਜ਼ਰ ਆਵੇਗੀ। ਪੂਨਮ ਦਾ ਬਹੁਤਾ ਧਿਆਨ ਹੁਣ ਗਾਇਕੀ ਵੱਲ ਹੈ। ਚੰਗੀਆਂ ਪੁਸਤਕਾਂ ਪੜ੍ਹਨਾ, ਚੰਗਾ ਸੰਗੀਤ ਸੁਣਨਾ ਉਸ ਦੀ ਰੂਹ ਦੀ ਖੁਰਾਕ ਹਨ।