ਰੋਹਬਦਾਰ ਆਵਾਜ਼ ਵਾਲਾ ਅਦਾਕਾਰ ਸੀ ਓਮ ਪੁਰੀ

ਆਪਣੀ ਖਰਵੀਂ, ਰੋਹਬਦਾਰ ਭਾਰੀ ਆਵਾਜ਼, ਚੇਚਕ ਦੇ ਦਾਗਾਂ ਵਾਲੇ ਖੁਰਦਰੇ ਚਿਹਰੇ, ਖਤਰਨਾਕ ਮੋਟੀਆਂ ਅੱਖਾਂ ਵਾਲੇ ਵਿਸ਼ਵ ਪ੍ਰਸਿਧ ਫਿਲਮੀ ਤੇ ਟੀ. ਵੀ. ਅਦਾਕਾਰ ਓਮ ਪੁਰੀ, ਜਿਸ ਨੇ ਗਿਆਨੀ ਜੈਲ ਸਿੰਘ ਵਾਗੂੰ ਹੀ ਕਿਹਾ ਸੀ, “ਮਰਨ ਤੋਂ ਪਹਿਲਾਂ ਮੇਰੇ ਵਾਲ ਡਾਈ (ਕਾਲੇ) ਕਰ ਦੇਣਾ”, ਨੂੰ 66 ਸਾਲ ਦੀ ਉਮਰੇ ਇਸ ਸੰਸਾਰ ਤੋਂ ਗਿਆਂ ਕਰੀਬ ਦੋ ਸਾਲ ਹੋ ਗਏ ਹਨ।

ਓਮ ਪੁਰੀ ਦਾ ਜਨਮ 18 ਅਕਤੂਬਰ 1950 ਨੂੰ ਅੰਬਾਲਾ (ਹਰਿਆਣਾ) ਦੇ ਇਕ ਪੰਜਾਬੀ ਪਰਿਵਾਰ ਵਿਚ ਹੋਇਆ, ਪਰ ਲਗਾਤਾਰ 16 ਸਾਲ ਓਮ ਪੁਰੀ ਉਰਫ ਗੁੱਡੂ ਨੇ ਆਪਣੇ ਨਾਨਕੇ ਪਿੰਡ ਸਨੌਰ (ਪਟਿਆਲਾ) ਵਿਚ ਹੀ ਗੁਜਾਰੇ। ਨੰਦਿਤਾ ਪੁਰੀ ਨਾਲ 1993 ਵਿਚ ਵਿਆਹ ਪਿਛੋਂ 2013 ਵਿਚ ਉਨ੍ਹਾਂ ਦਾ ਤਲਾਕ ਹੋ ਗਿਆ। ਇਸ ਜੋੜੇ ਦਾ ਬੇਟਾ ਈਸ਼ਾਨ ਪੁਰੀ ਹੈ। ਫਿਰ ਉਸ ਨੇ ਸੀਮਾ ਕਪੂਰ (ਝਾਲਾਵਾੜ ਨਿਵਾਸੀ) ਨਾਲ ਸ਼ਾਦੀ ਕੀਤੀ, ਜਿਥੇ ਓਮ ਪੁਰੀ ਨੇ ‘ਕਿਲੇ ਕਾ ਰਹੱਸਯ’, ‘ਮੇਰਾ ਗਾਂਵ, ਮੇਰਾ ਦੇਸ਼’ ਟੀ. ਵੀ. ਸੀਰੀਅਲ ਅਤੇ ਫਿਲਮਾਂ ‘ਹਾਟ ਟੂ ਵੀਕਲੀ ਬਾਜ਼ਾਰ’, ‘ਮਿਸਟਰ ਕਬਾੜੀ’ ਦੇ ਕਈ ਦ੍ਰਿਸ਼ਾਂ ਦੀ ਸ਼ੂਟਿੰਗ ਕਰਾ ਕੇ ਕੁਝ ਜਮੀਨ ਵੀ ਖਰੀਦੀ ਸੀ।
ਓਮ ਪੁਰੀ ਨੇ ਧਨ ਕਮਾਇਆ, ਪਰ ਬੇਹਿਸਾਬ ਨਹੀਂ। ਉਸ ਨੂੰ ਥਾਣੇ, ਪੁਲਿਸ ਕੇਸ, ਮੁਕੱਦਮਿਆਂ ਵਿਚ ਉਲਝਾਇਆ ਗਿਆ, ਪਰ ਉਹ ਡਟਿਆ ਰਿਹਾ, ਨਿਰਾਸ਼ਾ ਨਹੀਂ ਝੱਲੀ। ਬਤੌਰ ਕਲਾਕਾਰ 4 ਦਹਾਕੇ ਦਾ ਫਿਲਮੀ ਸਫਰ ਆਮ ਆਦਮੀ ਵਾਂਗੂੰ ਹੀ ਕੀਤਾ। ਸੰਘਰਸ਼ ਕਰ ਕੇ ਸਿੱਖਦਾ ਰਿਹਾ, ਖੁਦ ਨੂੰ ਤਰਾਸ਼ਦਾ, ਅੱਗੇ ਵਧਦਾ, ਜ਼ਿੰਦਗੀ ਦੀਆਂ ਪੌੜੀਆਂ ਚੜ੍ਹਦਾ-ਉਤਰਦਾ ਰਿਹਾ, ਪਰ ਥਿੜਕਿਆ ਨਹੀਂ।
ਓਮ ਪੁਰੀ ਨੇ 200 ਤੋਂ ਵੱਧ ਹਿੰਦੀ ਤੇ 20 ਹਾਲੀਵੁੱਡ ਫਿਲਮਾਂ ਵਿਚ ਵਧੀਆ ਅਦਾਕਾਰੀ ਕੀਤੀ। ਇਕ ਤਾਜ਼ਾ ਐਨੀਮੇਟਿਡ ਫਿਲਮ ‘ਜੰਗਲ ਬੁੱਕ’ ਵਿਚ ਇਕ ਕਿਰਦਾਰ ਨੂੰ ਆਵਾਜ਼ ਵੀ ਉਧਾਰ ਦਿੱਤੀ। ਉਸ ਦੀ ਆਖਰੀ ਫਿਲਮ ‘ਘਾਇਲ ਵੰਨਸ ਅਗੇਨ’ ਸੰਨੀ ਦਿਓਲ ਦੀ ਸੁਪਰਹਿੱਟ ‘ਘਾਇਲ’ ਦਾ ਸੀਕਉਇਲ ਸੀ। ਉਸ ਨੂੰ ਪਹਿਲੀ ਫਿਲਮ ‘ਘਾਸੀ ਰਾਮ ਕੋਤਵਾਲ’ ਵਿਚਲੇ ਕੀਤੇ ਕੰਮ ਦਾ 1976 ‘ਚ ਮਿਹਨਤਾਨਾ ਸਿਰਫ ‘ਮੂੰਗਫਲੀ ਦਾ ਪੈਕਟ’ ਹੀ ਮਿਲਿਆ ਸੀ। ਉਸ ਦੀਆਂ ਮਸ਼ਹੂਰ ਹਿੰਦੀ ਫਿਲਮਾਂ ‘ਆਕ੍ਰੋਸ਼’, ‘ਅਰਧ ਸੱਤਯਾ’, ‘ਜਾਨੇ ਭੀ ਦੋ ਯਾਰੋ’, ਘਾਇਲ’, ‘ਅਵਾਰਾ, ਪਾਗਲ, ਦੀਵਾਨਾ’, ‘ਚੁਪਕੇ ਚੁਪਕੇ’ ‘ਸਦਗਤੀ’, ‘ਮਿਰਚ-ਮਸਾਲਾ’, ‘ਧਾਰਾਵੀ’, ‘ਹੇਰਾ-ਫੇਰੀ’, ‘ਸਿੰਘ ਇਜ਼ ਕਿੰਗ’, ‘ਮੇਰੇ ਬਾਪ ਪਹਿਲੇ ਆਪ’ ਅਤੇ ਪੰਜਾਬੀ ਫਿਲਮਾਂ ‘ਬਾਗੀ’ ਤੇ ‘ਲੌਂਗ ਦਾ ਲਿਸ਼ਕਾਰਾ’ ਵਰਣਨਯੋਗ ਹਨ।
ਓਮ ਪੁਰੀ ਪ੍ਰਸਿਧ ਨਾਵਲਕਾਰ ਗੁਰਦਿਆਲ ਦੇ ਜੈਤੋ ਮੰਡੀ (ਬਠਿੰਡਾ) ਵਿਚਲੇ ਘਰ ਵਿਚ ਕੁਝ ਸਮਾਂ ਰਹਿ ਕੇ ਇਕ ਕਿਤਾਬ ਵੀ ਲਿਖਦਾ ਤੇ ਠੇਠ ਪੰਜਾਬੀ ਸਿੱਖਦਾ ਰਿਹਾ।
-ਜੁਗਰਾਜ ਗਿੱਲ, ਯੌਰਕ
ਫੋਨ: 704-257-6693