ਗੁਰਦਾਸਪੁਰ ਫੇਰੀ: ਭਾਜਪਾ ਸਰਕਾਰ ਦੀਆਂ ਸਿਫਤਾਂ ਦੇ ਪੁਲ ਬੰਨ੍ਹ ਕੇ ਤੁਰਦੇ ਬਣੇ ਮੋਦੀ

ਗੁਰਦਾਸਪੁਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਵਿਚ ਰੈਲੀ ਕੀਤੀ। ਮੋਦੀ ਨੇ ਗੁਰਦਾਸਪੁਰ ਵਿਚ 34 ਮਿੰਟ ਲੰਮਾ ਭਾਸ਼ਣ ਦਿੱਤਾ ਤੇ ਹਰ ਗੱਲ ਨਾਲ ਕਾਂਗਰਸ ਨੂੰ ਨਿਸ਼ਾਨੇ ਉਤੇ ਲਿਆ, ਪਰ ਪੰਜਾਬ ਲਈ ਕੋਈ ਨਵੇਂ ਵਿਕਾਸ ਪ੍ਰੋਜੈਕਟ ਜਾਂ ਕੋਈ ਵਿਸ਼ੇਸ਼ ਪੈਕੇਜ ਆਦਿ ਨਹੀਂ ਐਲਾਨਿਆ। ਮੋਦੀ ਦੀ ਗੁਰਦਾਸਪੁਰ ਰੈਲੀ ਇਲਾਕਾ ਵਾਸੀਆਂ ਨੂੰ ਵੀ ਨਿਰਾਸ਼ ਕਰ ਗਈ। ਸ੍ਰੀ ਮੋਦੀ ਵੱਲੋਂ ਇਸ ਪੱਛੜੇ ਸਰਹੱਦੀ ਇਲਾਕੇ ਲਈ ਕੋਈ ਪੈਕੇਜ ਨਹੀਂ ਐਲਾਨਿਆ ਗਿਆ।

ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਵੱਲੋਂ ਕਰਵਾਈ ਇਸ ਰੈਲੀ ਤੋਂ ਗੁਰਦਾਸਪੁਰ ਦੇ ਲੋਕਾਂ ਨੂੰ ਆਸ ਸੀ ਕਿ ਪ੍ਰਧਾਨ ਮੰਤਰੀ ਜ਼ਿਲ੍ਹਾ ਗੁਰਦਾਸਪੁਰ ਦੀ ਧਾਰੀਵਾਲ ਸਥਿਤ ਵੂਲਨ ਮਿੱਲ, ਬਟਾਲਾ ਸ਼ਹਿਰ ਦੀ ਬੰਦ ਪਈ ਲੋਹਾ ਸਨਅਤ ਨੂੰ ਚਾਲੂ ਕਰਾਉਣ, ਮਕੌੜਾ ਪੱਤਣ ਉੱਪਰ ਪੁਲ ਦੀ ਉਸਾਰੀ, ਅੰਮ੍ਰਿਤਸਰ ਪਠਾਨਕੋਟ ਰੇਲ ਮਾਰਗ ਨੂੰ ਚਾਰ ਮਾਰਗੀ ਕਰਨ ਤੋਂ ਇਲਾਵਾ ਗੁਰਦਾਸਪੁਰ ਸ਼ਹਿਰ ਲਈ ਕਿਸੇ ਵੱਡੇ ਪ੍ਰੋਜੈਕਟ ਦਾ ਐਲਾਨ ਕਰਨਗੇ, ਪਰ ਅਜਿਹਾ ਕੁਝ ਨਹੀਂ ਹੋਇਆ। ਮੋਦੀ ਨੇ ਕਰਤਾਰਪੁਰ ਸਾਹਿਬ ਗਲਿਆਰੇ ਦੇ ਮੁੱਦੇ ਤੋਂ ਲੈ ਕੇ 1984 ਸਿੱਖ ਕਤਲੇਆਮ ਤੱਕ ਕਾਂਗਰਸ ਨੂੰ ਖੂਬ ਰਗੜੇ ਲਾਏ, ਪਰ ਕਿਸਾਨੀ ਤ੍ਰਾਸਦੀ, ਪਾਣੀ ਤੇ ਆਰਥਿਕ ਸੰਕਟ ਦੇ ਹੱਲ ਵਜੋਂ ਮੋਦੀ ਨੇ ਕੁਝ ਨਾ ਦਿੱਤਾ। ਸਿਰਫ ਇੰਨਾ ਕਿਹਾ ਕਿ ਪੰਜਾਬ ਵਿਚ ਕਈ ਪ੍ਰੋਜੈਕਟ ਚੱਲ ਰਹੇ ਹਨ ਤੇ ਸੂਬਾ ਸਰਕਾਰ ਨੂੰ ਕੇਂਦਰ ਦੀਆਂ ਸਕੀਮਾਂ ਛੇਤੀ ਪੂਰੀਆਂ ਕਰਨੀਆਂ ਚਾਹੀਦੀਆਂ ਹਨ।
ਮੋਦੀ ਨੇ ਕਰਤਾਰਪੁਰ ਸਾਹਿਬ ਲਾਂਘੇ ਦਾ ਕ੍ਰੈਡਿਟ ਆਪਣੀ ਸਰਕਾਰ ਨੂੰ ਦਿੰਦਿਆਂ ਕਿਹਾ ਕਿ ਚਾਰ ਕਿਲੋਮੀਟਰ ਦੇ ਫਰਕ ਲਈ ਸਿਰਫ ਕਾਂਗਰਸ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਹੁਣ ਕੇਂਦਰ ਸਰਕਾਰ ਕਰਤਾਰਪੁਰ ਸਾਹਿਬ ਲਈ ਬੇਹੱਦ ਸ਼ਾਨਦਾਰ ਕਾਰੀਡੋਰ ਬਣਾਏਗੀ। ਮੋਦੀ ਨੇ 1984 ਸਿੱਖ ਕਤਲੇਆਮ ਦੇ ਸੰਦਰਭ ਵਿਚ ਕਮਲ ਨਾਥ ਦਾ ਨਾਂ ਲਏ ਬਗ਼ੈਰ ਕਿਹਾ ਕਿ ਜੋ ਲੋਕ ਦੰਗਾ ਮੁਲਜ਼ਮ ਨੂੰ ਸੀਐਮ ਬਣਾਉਂਦੇ ਹਨ, ਦੇਸ਼ ਨੂੰ ਉਨ੍ਹਾਂ ਤੋਂ ਚੌਕਸ ਰਹਿਣ ਦੀ ਲੋੜ ਹੈ। ਇਸ ਤੋਂ ਇਲਾਵਾ ਮੋਦੀ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਪੂਰੀ ਦੁਨੀਆਂ ਵਿਚ ਪਹੁੰਚਾਇਆ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਸਾਨੀ ਮਸਲਿਆਂ ‘ਤੇ ਵੀ ਕਾਂਗਰਸ ਉਤੇ ਖੂਬ ਨਿਸ਼ਾਨੇ ਲਾਏ। ਉਨ੍ਹਾਂ ਕਿਹਾ ਕਿ 70 ਸਾਲਾਂ ਤੋਂ ਕਿਸਾਨਾਂ ਦਾ ਕੁਝ ਫਾਇਦਾ ਨਾ ਕਰਨ ਵਾਲੇ ਅੱਜ ਵੀ ਕਿਸਾਨਾਂ ਨੂੰ ਧੋਖਾ ਦੇ ਰਹੇ ਹਨ। ਉਨ੍ਹਾਂ ਇਕ ਵਾਰ ਫਿਰ ਕੈਪਟਨ ਸਰਕਾਰ ਦੀ ਕਰਜ਼ ਮੁਆਫੀ ‘ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਪੰਜਾਬ ਵਿਚ ਕਿਸਾਨਾਂ ਦਾ ਸਾਰਾ ਕਰਜ਼ ਮੁਆਫ ਕਰਨ ਦਾ ਵਾਅਦਾ ਕੀਤਾ ਗਿਆ ਸੀ, ਪਰ ਇਹ ਨਹੀਂ ਕੀਤਾ। ਉਨ੍ਹਾਂ ਸੰਸਦ ਵਿਚ ਕਰਜ਼ ਮੁਆਫੀ ਬਾਰੇ ਰਿਕਾਰਡ ਲੈ ਕੇ ਗਏ ਸੁਨੀਲ ਜਾਖੜ ‘ਤੇ ਵੀ ਤੰਜ਼ ਕੱਸਦਿਆਂ ਕਿਹਾ ਕਿ ਡੇਢ ਸਾਲ ਵਿਚ 3400 ਕਰੋੜ ਦਾ ਕਰਜ਼ ਮੁਆਫ ਪਰ ਕਿਸਾਨ ਤਾਂ ਭੋਲਾ-ਭਾਲਾ ਹੈ।
ਮੋਦੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਹੈ ਤੇ ਕਾਂਗਰਸ ਹਮੇਸ਼ਾ ਲਾਰੇ ਹੀ ਲਾਏ। ਉਨ੍ਹਾਂ ਪੰਜਾਬ ਲਈ ਸ਼ਾਹਪੁਰ ਕੰਢੀ ਬੰਨ੍ਹ ਸ਼ੁਰੂ ਕੀਤੇ ਜਾਣ, 11 ਲੱਖ ਮੁਫਤ ਰਸੋਈ ਗੈਸ ਕੁਨੈਕਸ਼ਨ ਵੰਡਣ ਤੇ ਧਾਰਮਿਕ ਅਦਾਰਿਆਂ ਨੂੰ ਜੀ.ਐਸ਼ਟੀ. ਮੁਕਤ ਕਰਨ ‘ਤੇ ਆਪਣੀ ਸਰਕਾਰ ਦੀ ਪਿੱਠ ਵੀ ਥਾਪੜੀ। ਮੋਦੀ ਦੀ ਰੈਲੀ ਵਿਚ ਜਿਥੇ ਭਾਜਪਾ ਦੀ ਸੂਬਾਈ ਲੀਡਰਸ਼ਿਪ ਤੇ ਅਕਾਲੀ ਨੇਤਾ ਵੀ ਹਾਜ਼ਰ ਸਨ, ਪਰ ਪ੍ਰਕਾਸ਼ ਸਿੰਘ ਬਾਦਲ ਸਿਹਤ ਠੀਕ ਨਾ ਹੋਣ ਕਾਰਨ ਗੈਰ ਹਾਜ਼ਰ ਰਹੇ, ਜੋ ਚਰਚਾ ਦਾ ਵਿਸ਼ਾ ਰਿਹਾ।
_________________________________
ਜੁਮਲੇਬਾਜ਼ੀ ‘ਚ ਮੋਦੀ ਦਾ ਕੋਈ ਮੁਕਾਬਲਾ ਨਹੀਂ: ਕੈਪਟਨ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੁਮਲੇਬਾਜ਼ ਤੇ ਝੂਠੇ ਬਿਆਨ ਦਾਗਣ ‘ਚ ਮਾਹਿਰ ਗਰਦਾਨਦੇ ਹੋਏ ਉਨ੍ਹਾਂ ਨੂੰ ਆਪਣੇ ਪਿਛਲੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਕੋਈ ਇਕ ਵੀ ਵਾਅਦਾ ਪੂਰਾ ਕਰਨ ਨੂੰ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਅਤੇ ਫੁੱਟਪਾਊ ਨੀਤੀਆਂ ਕਾਰਨ ਦੇਸ਼ ਤਬਾਹੀ ਵਿਚ ਫਸ ਗਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਆਜ਼ਾਦ ਭਾਰਤ ਦੇ ਸਭ ਤੋਂ ਮਾੜੇ ਆਗੂ ਹਨ। ਇਕ ਦਿਨ ਪਹਿਲਾਂ ਗੁਰਦਾਸਪੁਰ ਰੈਲੀ ਵਿਚ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਬਿਆਨ ਦੇ ਜਵਾਬ ਵਿਚ ਕੈਪਟਨ ਨੇ ਕਿਹਾ ਕਿ ‘ਜੁਮਲੇਬਾਜ਼’ ਪ੍ਰਧਾਨ ਮੰਤਰੀ ਨੇ ਧੋਖੇ ਤੇ ਪਾਖੰਡ ਨਾਲ ਦੇਸ਼ ਨੂੰ ਨਿਵਾਣਾਂ ‘ਤੇ ਲੈ ਆਂਦਾ ਹੈ ਜਿਸ ਕਰ ਕੇ ਲੋਕਾਂ ਨੇ ਉਨ੍ਹਾਂ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਮਨ ਬਣਾ ਲਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਆਪਣੀ ਪੱਕੀ ਹਾਰ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਬੁਰੀ ਤਰ੍ਹਾਂ ਨਿਰਾਸ਼ ਹਨ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
_________________________________
ਮੋਦੀ ਦੀ ਆਮਦ ‘ਤੇ ਲੱਗੇ ‘ਚੌਕੀਦਾਰ ਚੋਰ ਹੈ’ ਦੇ ਨਾਅਰੇ
ਜਲੰਧਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਮਦ ‘ਤੇ ਕਾਂਗਰਸੀਆਂ ਨੇ ‘ਚੌਕੀਦਾਰ ਚੋਰ ਹੈ’ ਦੇ ਨਾਅਰੇ ਲਾਏ ਅਤੇ ਰਾਫਾਲ ਸੌਦੇ ਦਾ ਹਿਸਾਬ ਮੰਗਿਆ। ਕਾਂਗਰਸੀਆਂ ਵੱਲੋਂ ਮੋਦੀ ਦੀ ਫੇਰੀ ਦੌਰਾਨ ਵੱਖ-ਵੱਖ ਥਾਵਾਂ ‘ਤੇ ਤਿੱਖਾ ਵਿਰੋਧ ਕੀਤਾ ਗਿਆ। ਕਾਂਗਰਸੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਦੋਸ਼ ਲਾਇਆ ਕਿ ਉਹ ਝੂਠੇ ਵਾਅਦੇ ਕਰ ਕੇ ਸੱਤਾ ਵਿਚ ਆਏ ਸਨ। ਉਨ੍ਹਾਂ ਕਿਹਾ ਕਿ ਹਰੇਕ ਦੇ ਖਾਤੇ ਵਿਚ 15-15 ਲੱਖ ਰੁਪਏ ਆਉਣ ਦੇ ਵਾਅਦੇ ਅਤੇ ਦਾਅਵੇ ਕੀਤੇ ਗਏ ਸਨ, ਪਰ ਨਾ ਤਾਂ ਖਾਤਿਆਂ ਵਿਚ ਪੈਸੇ ਆਏ ਤੇ ਨਾ ਹੀ ਹਰ ਸਾਲ 2 ਕਰੋੜ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲਿਆ, ਉਲਟਾ ਸ੍ਰੀ ਮੋਦੀ ਦੇ ਚਹੇਤੇ ਹੀ ਸਰਕਾਰੀ ਬੈਂਕਾਂ ‘ਚੋਂ ਪੈਸਾ ਲੈ ਕੇ ਭੱਜ ਗਏ।