ਸੁਖਪਾਲ ਖਹਿਰਾ ਵੱਲੋਂ ਆਮ ਆਦਮੀ ਪਾਰਟੀ ਨੂੰ ਆਖਰੀ ‘ਸਲਾਮ’

ਚੰਡੀਗੜ੍ਹ: ਆਮ ਆਦਮੀ ਪਾਰਟੀ ਵਿਚੋਂ ਮੁਅੱਤਲ ਸੁਖਪਾਲ ਸਿੰਘ ਖਹਿਰਾ ਨੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਖਤ ਸ਼ਬਦਾਂ ਵਿਚ ਲਿਖੇ ਪੱਤਰ ਰਾਹੀਂ ਆਪਣਾ ਅਸਤੀਫਾ ਭੇਜਿਆ ਹੈ।

ਉਂਜ ਸ੍ਰੀ ਖਹਿਰਾ ਨੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇਣ ਬਾਰੇ ਕੁਝ ਨਹੀਂ ਆਖਿਆ ਅਤੇ ਸੂਤਰ ਦੱਸਦੇ ਹਨ ਕਿ ਉਹ ਪਾਰਟੀ ਵੱਲੋਂ ਉਨ੍ਹਾਂ ਦੀ ਵਿਧਾਨ ਸਭਾ ਦੀ ਮੈਂਬਰੀ ਰੱਦ ਕਰਵਾਉਣ ਦੀ ਉਡੀਕ ਕਰਨਗੇ। ਦੂਜੇ ਪਾਸੇ ਸ੍ਰੀ ਖਹਿਰਾ ਨਾਲ ਜੁੜੇ ਬਾਗੀ ਧਿਰ ਦੇ ਬਾਕੀ 6 ਵਿਧਾਇਕਾਂ ਨੇ ਸ੍ਰੀ ਖਹਿਰਾ ਦੇ ਇਸ ਫੈਸਲੇ ਤੋਂ ਦੂਰੀਆਂ ਬਣਾ ਲਈਆਂ ਹਨ। ਬਾਗ਼ੀ ਧਿਰ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਦਾ ਫੈਸਲਾ ਸ੍ਰੀ ਖਹਿਰਾ ਦਾ ਖੁਦ ਦਾ ਫੈਸਲਾ ਹੈ ਪਰ ਉਨ੍ਹਾਂ ਇਸ ਬਾਰੇ ਉਨ੍ਹਾਂ ਨੂੰ ਸੂਚਿਤ ਕੀਤਾ ਸੀ। ਸ੍ਰੀ ਮਾਨਸ਼ਾਹੀਆ ਨੇ ਦੱਸਿਆ ਕਿ ਉਨ੍ਹਾਂ ਦੀ ਵਿਧਾਇਕ ਕੰਵਰ ਸੰਧੂ ਤੇ ਇਸ ਧਿਰ ਨਾਲ ਜੁੜੇ ਹੋਰ ਵਿਧਾਇਕਾਂ ਨਾਲ ਗੱਲ ਹੋਈ ਹੈ ਅਤੇ ਉਹ ਸ੍ਰੀ ਖਹਿਰਾ ਦੇ ਇਸ ਫੈਸਲਾ ਬਾਰੇ ਮੀਟਿੰਗ ਕਰ ਕੇ ਆਪਣੀ ਅਗਲੀ ਰਣਨੀਤੀ ਬਣਾਉਣਗੇ। ਦੱਸਣਯੋਗ ਹੈ ਕਿ ਬਾਗ਼ੀ ਧਿਰ ਨਾਲ ਸ੍ਰੀ ਖਹਿਰਾ, ਸ੍ਰੀ ਸੰਧੂ ਅਤੇ ਸ੍ਰੀ ਮਾਨਸ਼ਾਹੀਆ ਤੋਂ ਇਲਾਵਾ ਵਿਧਾਇਕ ਮਾਸਟਰ ਬਲਦੇਵ ਸਿੰਘ, ਪਿਰਮਲ ਸਿੰਘ, ਜਗਤਾਰ ਸਿੰਘ ਜੱਗਾ ਤੇ ਜਗਦੇਵ ਸਿੰਘ ਕਮਾਲੂ ਜੁੜੇ ਹਨ।
ਇਸੇ ਦੌਰਾਨ ‘ਆਪ’ ਵਿਚੋਂ ਮੁਅੱਤਲ ਕੀਤੇ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਸ੍ਰੀ ਖਹਿਰਾ ਵੱਲੋਂ ਅਸਤੀਫਾ ਦੇਣ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਬੈਂਸ ਭਰਾਵਾਂ ਤੇ ਸ੍ਰੀ ਖਹਿਰਾ ਵੱਲੋਂ ਬਣਾਈ ਜਾ ਰਹੀ ਨਵੀਂ ਪਾਰਟੀ ਨਾਲ ਰਲ ਕੇ ਪੰਜਾਬ ਪੱਖੀ ਰਾਜਨੀਤੀ ਦੀ ਸ਼ੁਰੂਆਤ ਕਰਨਗੇ। ਸ੍ਰੀ ਖਹਿਰਾ ਨੇ ਸ੍ਰੀ ਕੇਜਰੀਵਾਲ ਨੂੰ ਆਪਣਾ ਅਸਤੀਫਾ ਭੇਜਦਿਆਂ ਕਿਹਾ ਕਿ ਉਹ ਮਜਬੂਰ ਹੋ ਕੇ ਅਸਤੀਫ਼ਾ ਦੇ ਰਹੇ ਹਨ ਕਿਉਂਕਿ ਪਾਰਟੀ ਆਪਣੇ ਸਾਰੇ ਆਦਰਸ਼ਾਂ ਤੇ ਵਿਚਾਰਧਾਰਾ ਤੋਂ ਭਟਕ ਚੁੱਕੀ ਹੈ। ਉਹ ਹੋਰਨਾਂ ਲੋਕਾਂ ਵਾਂਗ ਬਹੁਤ ਪ੍ਰਭਾਵਿਤ ਹੋ ਕੇ ਇਸ ਪਾਰਟੀ ਵਿਚ ਸ਼ਾਮਲ ਹੋਏ ਸਨ ਪਰ ਉਨ੍ਹਾਂ ਮਹਿਸੂਸ ਕੀਤਾ ਹੈ ਕਿ ਪਾਰਟੀ ਦੀ ਕਾਰਜਸ਼ੈਲੀ ਹੋਰਨਾਂ ਰਵਾਇਤੀ ਸਿਆਸੀ ਪਾਰਟੀਆਂ ਨਾਲੋਂ ਕਿਸੇ ਪੱਖੋਂ ਵੀ ਵੱਖ ਨਹੀਂ ਹੈ। ਸ੍ਰੀ ਖਹਿਰਾ ਨੇ ਦੋਸ਼ ਲਾਇਆ ਕਿ ਸ੍ਰੀ ਕੇਜਰੀਵਾਲ ਪੰਜਾਬੀਆਂ ਦੀ ਮਾਨਸਿਕਤਾ ਸਮਝਣ ਵਿਚ ਫੇਲ੍ਹ ਹੋਏ ਹਨ ਅਤੇ ਉਹ ਮਹਿਜ਼ ਆਪਣੇ ਦੋ ਸੂਬੇਦਾਰਾਂ (ਦੁਰਗੇਸ਼ ਪਾਠਕ ਤੇ ਸੰਜੇ ਸਿੰਘ) ਦੀ ਹੀ ਗੱਲ ਸੁਣਦੇ ਸਨ। ਚੋਣਾਂ ਦੌਰਾਨ ਪੰਜਾਬ ਵਿਚ ਕੋਈ ਵੀ ਮੁੱਖ ਮੰਤਰੀ ਦਾ ਚਿਹਰਾ ਨਾ ਦੇ ਕੇ ਵਿਰੋਧੀਆਂ ਦੇ ਇਨ੍ਹਾਂ ਇਲਜ਼ਾਮਾਂ ਨੂੰ ਵੀ ਪੁਖਤਾ ਕੀਤਾ ਕਿ ਜਿੱਤ ਉਪਰੰਤ ਕੋਈ ਬਾਹਰੀ ਵਿਅਕਤੀ ਸੂਬੇ ਉਪਰ ਥੋਪਿਆ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਸੂਬੇਦਾਰਾਂ ਵਿਚੋਂ ਇਕ (ਦੁਰਗੇਸ਼) ਅੱਜ ਵੀ ਪਰਦੇ ਦੇ ਪਿੱਛੇ ਪੰਜਾਬ ਇਕਾਈ ਨੂੰ ਚਲਾ ਰਿਹਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਸਾਬਕਾ ਮੰਤਰੀ ਬਿਕਰਮ ਮਜੀਠੀਆ ਕੋਲੋਂ ਡਰੱਗ ਦੇ ਮਾਮਲੇ ਵਿਚ ਕਾਇਰਤਾ ਭਰਪੂਰ ਮੁਆਫੀ ਮੰਗ ਕੇ ਸ੍ਰੀ ਕੇਜਰੀਵਾਲ ਨੇ ਸਿਆਸਤ ਵਿਚ ਆਪਣੇ ਦੋਹਰੇ ਮਾਪਦੰਡਾਂ ਦਾ ਖੁਲਾਸਾ ਕੀਤਾ ਹੈ। ਪੰਜਾਬ ਦੇ ਦਰਿਆਈ ਪਾਣੀਆਂ ਦੇ ਅਹਿਮ ਮੁੱਦੇ ਉੱਪਰ ਸ੍ਰੀ ਕੇਜਰੀਵਾਲ ਨੇ ਦੋਗਲੀ ਨੀਤੀ ਅਪਣਾਈ ਹੈ। ਸ੍ਰੀ ਕੇਜਰੀਵਾਲ ਨੇ ਸਾਰੀਆਂ ਤਾਕਤਾਂ ਦਾ ਕੇਂਦਰੀਕਰਨ ਆਪਣੇ ਕੋਲ ਕਰ ਕੇ ਜਿਥੇ ਸਵਰਾਜ ਦੀ ਧਾਰਨਾ ਨੂੰ ਭੁਲਾ ਦਿੱਤਾ ਹੈ ਉਥੇ ਪਾਰਟੀ ਉਪਰ ਆਪਣਾ ਕਬਜ਼ਾ ਰੱਖਣ ਲਈ ਸੰਵਿਧਾਨ ਨੂੰ ਵੀ ਛਿੱਕੇ ਟੰਗ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਕੇਜਰੀਵਾਲ ਦੀ ਕਾਂਗਰਸ ਨਾਲ ਹੋ ਰਹੀ ਗੱਲਬਾਤ ਵੀ ਸਿਆਸੀ ਮੌਕਾਪ੍ਰਸਤੀ ਦੀ ਉਦਾਹਰਨ ਹੈ। ਅਜਿਹੀਆਂ ਤਾਨਾਸ਼ਾਹੀ ਨੀਤੀਆਂ ਕਾਰਨ ਹੀ ਪ੍ਰਸ਼ਾਂਤ ਭੂਸ਼ਨ ਤੋਂ ਲੈ ਕੇ ਐਚ.ਐਸ਼ ਫੂਲਕਾ ਸਮੇਤ ਕਈ ਵੱਡੇ ਆਗੂ ਪਾਰਟੀ ਛੱਡ ਗਏ ਹਨ। ਸ੍ਰੀ ਖਹਿਰਾ ਨੇ ਕਿਹਾ ਕਿ ਉਹ ਸਾਫ ਸੁਥਰੇ ਸਿਆਸੀ ਬਦਲ ਦੇ ਸੁਪਨੇ ਨੂੰ ਪੰਜਾਬ ਵਿਚ ਹਕੀਕਤ ਵਿਚ ਬਦਲਣ ਲਈ ਅਜੇ ਵੀ ਆਸਵੰਦ ਹਨ ਜੋ ਪਾਰਟੀ ਦੇ ‘ਹਾਈਕਮਾਂਡ ਕਲਚਰ’ ਦਾ ਹਿੱਸਾ ਰਹਿ ਕੇ ਪੂਰਾ ਹੋਣਾ ਅਸੰਭਵ ਹੈ। ਸ੍ਰੀ ਖਹਿਰਾ ਨੇ ਦਾਅਵਾ ਕੀਤਾ ਕਿ ਆਉਂਦੇ ਦਿਨਾਂ ਵਿਚ ਕੁਝ ਹੋਰ ਵਿਧਾਇਕ ਵੀ ਅਸਤੀਫਾ ਦੇ ਸਕਦੇ ਹਨ।
_______________________________
ਖਹਿਰਾ ਵੱਲੋਂ ਅਸਤੀਫਾ ਦੇਣਾ ਮੌਕਾਪ੍ਰਸਤੀ ਦੀ ਮਿਸਾਲ: ਭਗਵੰਤ ਮਾਨ
ਬਰਨਾਲਾ: ਆਮ ਆਦਮੀ ਪਾਰਟੀ (ਆਪ) ਦੇ ਸੂਬਾ ਮੁਖੀ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਸੁਖਪਾਲ ਖਹਿਰਾ ਦਾ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਮਹਿਜ਼ ਡਰਾਮਾ ਤੇ ਮੌਕਾਪ੍ਰਸਤੀ ਦੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਅਜਿਹਾ ਪਹਿਲਾਂ ਤੋਂ ਹੀ ਨਿਰਧਾਰਿਤ ਸੀ ਅਤੇ ਅਜਿਹੇ ਆਗੂਆਂ ਦੇ ਪਾਰਟੀ ਛੱਡਣ ਨਾਲ ਪਾਰਟੀ ਮਜ਼ਬੂਤ ਹੀ ਹੋਵੇਗੀ। ਭਗਵੰਤ ਮਾਨ ਨੇ ਕਿਹਾ ਕਿ ਸ੍ਰੀ ਖਹਿਰਾ ਨੂੰ ਅਨੁਸ਼ਾਸਨਹੀਣਤਾ ਦੇ ਆਧਾਰ ‘ਤੇ ਬਰਖ਼ਾਸਤ ਕੀਤਾ ਗਿਆ ਸੀ ਤੇ ਸਮਝਾਉਣ ਦਾ ਯਤਨ ਕੀਤਾ ਗਿਆ ਸੀ ਪਰ ਉਹ ਹਮੇਸ਼ਾ ਤੋਂ ਪਾਰਟੀ ਆਗੂਆਂ ਖਿਲਾਫ਼ ਬਿਆਨਬਾਜ਼ੀ ਕਰਦੇ ਰਹੇ ਹਨ। ਸ੍ਰੀ ਮਾਨ ਨੇ ਕਿਹਾ ਕਿ ਅਸਤੀਫਾ ਡਰਾਮਾ ਹੈ ਅਤੇ ਉਨ੍ਹਾਂ ਨੂੰ ਵਿਧਾਇਕੀ ਤੋਂ ਅਸਤੀਫਾ ਦੇ ਕੇ ਭੁਲੱਥ ਤੋਂ ਦੁਬਾਰਾ ਚੋਣ ਲੜਨੀ ਚਾਹੀਦੀ ਹੈ।
_______________________________
ਖਹਿਰਾ ਵਿਧਾਇਕੀ ਤੋਂ ਵੀ ਅਸਤੀਫਾ ਦੇਵੇ: ਸਿਸੋਦੀਆ
ਨਵੀਂ ਦਿੱਲੀ: ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ‘ਆਪ’ ਦੇ ਸੁਖਪਾਲ ਸਿੰਘ ਖਹਿਰਾ ਨੂੰ ਪਾਰਟੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਦਾ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ ਖਹਿਰਾ ਦੇ ਜਾਣ ਨਾਲ ਪਾਰਟੀ ਮਜ਼ਬੂਤ ਹੋਵੇਗੀ। ਉਨ੍ਹਾਂ ਨਾਲ ਹੀ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਨੂੰ ਹੁਣ ਵਿਧਾਇਕੀ ਤੋਂ ਵੀ ਅਸਤੀਫਾ ਦੇ ਦੇਣਾ ਚਾਹੀਦਾ ਹੈ। ਖਹਿਰਾ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਸਿਸੋਦੀਆ ਨੇ ਟਵਿੱਟਰ ‘ਤੇ ਲਿਖਿਆ ਕਿ ਸੁਖਪਾਲ ਸਿੰਘ ਖਹਿਰਾ ਵੱਲੋਂ ਅਸਤੀਫ਼ੇ ਦੀ ਸੰਭਾਵਨਾ ਸੀ। ਖਹਿਰਾ ਦੇ ਜਾਣ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ। ਹੁਣ ਉਸ ਨੂੰ ਵਿਧਾਇਕ ਵਜੋਂ ਵੀ ਅਸਤੀਫਾ ਦੇ ਦੇਣਾ ਚਾਹੀਦਾ ਹੈ, ਜੋ ਵਿਧਾਇਕੀ ਉਸ ਨੇ ਪਾਰਟੀ ਦੀ ਟਿਕਟ ‘ਤੇ ਜਿੱਤੀ ਸੀ।