ਫੂਲਕਾ ਵੱਲੋਂ ਆਮ ਆਦਮੀ ਪਾਰਟੀ ਤੋਂ ਅਸਤੀਫਾ

ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਦਾਖਾ ਹਲਕੇ ਤੋਂ ਵਿਧਾਇਕ ਰਹੇ ਐਚ.ਐਸ ਫੂਲਕਾ ਨੇ ਪਾਰਟੀ ਵਿਚੋਂ ਅਸਤੀਫਾ ਦੇ ਦਿੱਤਾ। ਸ੍ਰੀ ਫੂਲਕਾ ਨੇ ਆਪਣਾ ਅਸਤੀਫਾ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੌਂਪਿਆ। ਇਸ ਦਿਨ ‘ਆਪ’ ਦੀ ਪੰਜਾਬ ਇਕਾਈ ਦੇ ਮੁੱਖ ਆਗੂਆਂ ਨੇ ਦਿੱਲੀ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਉਤੇ ਮੁਲਾਕਾਤ ਕੀਤੀ।

ਮੀਟਿੰਗ ਦੌਰਾਨ ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਬਾਰੇ ਰਣਨੀਤੀ ਵਿਚਾਰੀ ਗਈ। ਸੂਤਰਾਂ ਮੁਤਾਬਕ ਬੈਠਕ ਦੌਰਾਨ ਕਾਂਗਰਸ ਨਾਲ ਕਿਸੇ ਤਰ੍ਹਾਂ ਦੇ ਚੋਣ ਗੱਠਜੋੜ ਬਾਰੇ ਕੋਈ ਚਰਚਾ ਨਹੀਂ ਹੋਈ। ਉਂਜ, ਪਾਰਟੀ ਨੇ ਪੰਜ ਲੋਕ ਸਭਾ ਉਮੀਦਵਾਰਾਂ ਦੇ ਨਾਂ ਤੈਅ ਕਰ ਲਏ ਹਨ। ਬਾਗੀ ਵਿਧਾਇਕਾਂ ਬਾਰੇ ਖਾਸ ਕਰਕੇ ਸ੍ਰੀ ਖਹਿਰਾ ਬਾਰੇ ਪਹਿਲਾਂ ਵਾਲਾ ਹੀ ਪੈਂਤੜਾ ਰਹੇਗਾ।
ਇਸ ਤੋਂ ਪਹਿਲਾਂ ਸ੍ਰੀ ਫੂਲਕਾ ਨੇ ੰ ਆਪਣਾ ਅਸਤੀਫਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੌਂਪ ਦਿੱਤਾ। ਚੇਤੇ ਰਹੇ ਕਿ ਸ੍ਰੀ ਫੂਲਕਾ ਦਾਖਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਵਜੋਂ ਪਹਿਲਾਂ ਹੀ ਅਸਤੀਫਾ ਦੇ ਚੁੱਕੇ ਹਨ। ਸ੍ਰੀ ਫੂਲਕਾ ਪਿਛਲੇ ਕਾਫੀ ਸਮੇਂ ਤੋਂ ਪਾਰਟੀ ਸਰਗਰਮੀਆਂ ਤੋਂ ਦੂਰ ਸਨ ਤੇ ਉਨ੍ਹਾਂ ’84 ਸਿੱੱਖ ਕਤਲੇਆਮ ਨਾਲ ਸਬੰਧਤ ਇਕ ਮਾਮਲੇ ਜਿਸ ਵਿਚ ਸੱਜਣ ਕੁਮਾਰ ਨੂੰ ਤਾਉਮਰ ਕੈਦ ਦੀ ਸਜ਼ਾ ਹੋਈ ਹੈ, ਵਿਚ ਅਹਿਮ ਭੂਮਿਕਾ ਨਿਭਾਈ ਸੀ। ਉਂਜ, ਸ੍ਰੀ ਫੂਲਕਾ ਦੇ ਅਸਤੀਫੇ ਨਾਲ ‘ਆਪ’ ਦੇ ਕਾਂਗਰਸ ਨਾਲ ਗੱਠਜੋੜ ਬਾਰੇ ਚੱਲ ਰਹੇ ਕਿਆਸਾਂ ਨੂੰ ਬਲ ਮਿਲਿਆ ਹੈ। ਉਧਰ, ਸ੍ਰੀ ਕੇਜਰੀਵਾਲ ਨੇ ਪੰਜਾਬ ਦੀ ਲੀਡਰਸ਼ਿਪ ਨਾਲ ਮੁਲਾਕਾਤ ਦੌਰਾਨ ਪਾਰਟੀ ਆਗੂਆਂ ਨੂੰ ਸੱਦਾ ਦਿੱਤਾ ਕਿ ਉਹ ਆਪਸੀ ਗੁੱਸੇ-ਗਿਲੇ ਭੁੱਲ ਕੇ ਲੋਕਾਂ ਦੇ ਮੁੱਦਿਆਂ ਉਪਰ ਡੱਟ ਕੇ ਲੜਾਈ ਲੜਨ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਦਿੱਲੀ ਸਰਕਾਰ ਦੀ ਸਿਹਤ, ਸਿੱਖਿਆ, ਬਿਜਲੀ, ਪਾਣੀ ਤੇ ਲੋਕ ਭਲਾਈ ਯੋਜਨਾਵਾਂ ਦੀ ਹੋਮ ਡਲਿਵਰੀ ਵਰਗੇ ਕੰਮ ਖੁਦ ਅੱਖੀਂ ਦੇਖਣ। ਉਨ੍ਹਾਂ ਹਰ ਸਮੱਸਿਆ ਲਈ ਦੇਸ਼ ਦੇ ਭ੍ਰਿਸ਼ਟ ਸਿਆਸੀ ਤੰਤਰ ਨੂੰ ਜ਼ਿੰਮੇਵਾਰ ਦੱਸਿਆ।
ਫੂਲਕਾ ਨੇ ਦੱਸਿਆ ਕਿ ਹਮਖ਼ਿਆਲ ਲੋਕਾਂ ਨਾਲ ਮਿਲ ਕੇ ਅਗਲੇ 6 ਮਹੀਨਿਆਂ ਦੌਰਾਨ ਅੰਦੋਲਨ ਖੜ੍ਹਾ ਕਰਨਗੇ ਤੇ ਉਨ੍ਹਾਂ ਸਵਰਾਜ ਅਭਿਆਨ ਬਾਰੇ ਵੀ ਹਾਂ ਪੱਖੀ ਹੁੰਗਾਰਾ ਭਰਿਆ ਤੇ ਉਮੀਦ ਜ਼ਾਹਰ ਕੀਤੀ ਕਿ ‘ਆਪ’ ਤੋਂ ਨਿਰਾਸ਼ ਹੋ ਕੇ ਗਏ ਬੁੱਧੀਜੀਵੀਆਂ, ਵਕੀਲਾਂ, ਡਾਕਟਰਾਂ ਤੇ ਹੋਰ ਸ਼ਖ਼ਸੀਅਤਾਂ ਦਾ ਉਨ੍ਹਾਂ ਨੂੰ ਸਾਥ ਮਿਲ ਸਕਦਾ ਹੈ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਧਾਰਮਿਕ ਜਥੇਬੰਦੀ ਦੇ ਸਿਆਸੀਕਰਨ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਇਸ ਦੀਆਂ ਪਿਛਲੀਆਂ ਚੋਣਾਂ ਦੌਰਾਨ ਵੱਡੀ ਪੱਧਰ ‘ਤੇ ਨਸ਼ੀਲੇ ਪਦਾਰਥ ਵਰਤੇ ਗਏ ਸਨ। ਉਨ੍ਹਾਂ ਐਲਾਨ ਕੀਤਾ ਕਿ ਸ਼੍ਰੋਮਣੀ ਕਮੇਟੀ ਨੂੰ ਸਿਆਸੀ ਲੋਕਾਂ ਤੋਂ ਆਜ਼ਾਦ ਕਰਵਾਉਣ ਤੇ ਪੰਜਾਬ ਵਿਚ ਨਸ਼ਿਆਂ ਖ਼ਿਲਾਫ਼ ਸੰਸਥਾ ਕਾਇਮ ਕੀਤੀ ਜਾਵੇਗੀ ਜਿਸ ਦਾ ਵਿਸਥਾਰ ਹੋਰ ਰਾਜਾਂ ਵਿਚ ਬਾਅਦ ਵਿਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਖ਼ਿਲਾਫ਼ ਮੁਹਿੰਮ ਜਾਰੀ ਰਹੇਗੀ ਤੇ ਭਰੋਸਾ ਦਿੱਤਾ ਕਿ ਸੱਜਣ ਕੁਮਾਰ ਵਾਂਗ ਹੀ ਹੋਰ ਦੋਸ਼ੀਆਂ ਖਿਲਾਫ਼ ਵੀ ਕਾਨੂੰਨੀ ਲੜਾਈ ਜਾਰੀ ਰਹੇਗੀ। ਉਨ੍ਹਾਂ ਨਵੰਬਰ 1984 ਦੇ ਸਿੱਖ ਕਤਲੇਆਮ ਦੀ ਲੜਾਈ ਗ਼ੈਰ-ਸਿਆਸੀ ਫਰੰਟ ਤੋਂ ਲੜਨ ਦੀ ਇੱਛਾ ਜ਼ਾਹਿਰ ਕੀਤੀ।
_______________________________
ਫੂਲਕਾ ਦੇ ਅਸਤੀਫੇ ਨੇ ‘ਆਪ’ ਦੀ ਪੋਲ ਖੋਲੀ: ਸੁਖਬੀਰ
ਗਿੱਦੜਬਾਹਾ: ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਵਰਕਰਾਂ ਵਿਚ ਕਾਂਗਰਸ ਸਰਕਾਰ ਪ੍ਰਤੀ ਗੁੱਸਾ ਹੈ ਕਿਉਂਕਿ ਪੰਚਾਇਤੀ ਚੋਣਾਂ ਦੌਰਾਨ ਜਾਂ ਤਾਂ ਅਕਾਲੀ ਵਰਕਰਾਂ ਦੇ ਪਰਚੇ ਰੱਦ ਕਰ ਦਿੱਤੇ ਗਏ ਜਾਂ ਉਨ੍ਹਾਂ ‘ਤੇ ਝੂਠੇ ਕੇਸ ਦਰਜ ਕੀਤੇ ਗਏ। ਅਜਿਹਾ ਕਰ ਕੇ ਸਰਕਾਰ ਨੇ ਲੋਕਤੰਤਰ ਦਾ ਘਾਣ ਕੀਤਾ ਹੈ। ਐਚ.ਐਸ਼ ਫੂਲਕਾ ਦੇ ਅਸਤੀਫੇ ਬਾਰੇ ਸ੍ਰੀ ਬਾਦਲ ਨੇ ਕਿਹਾ ਕਿ ਉਨ੍ਹਾਂ ਦੇ ਅਸਤੀਫੇ ਨਾਲ ਆਮ ਆਦਮੀ ਪਾਰਟੀ (ਆਪ) ਦੀ ਅਸਲੀਅਤ ਲੋਕਾਂ ਸਾਹਮਣੇ ਆ ਗਈ ਹੈ। ‘ਆਪ’ ਤੇ ਕਾਂਗਰਸ ਰਲ ਕੇ ਸਿੱਖੀ ਦਾ ਘਾਣ ਕਰ ਰਹੀਆਂ ਹਨ।
_______________________________
ਫੂਲਕਾ ਦੀ ਭਾਜਪਾ ਮੰਤਰੀ ਨਾਲ ਮੁਲਾਕਾਤ ਨੇ ਛੇੜੀ ਨਵੀਂ ਚਰਚਾ
ਚੰਡੀਗੜ੍ਹ: ਆਮ ਆਦਮੀ ਪਾਰਟੀ ਛੱਡਣ ਮਗਰੋਂ ਐਚ.ਐਸ਼ ਫੂਲਕਾ ਦੀ ਭਾਜਪਾ ਦੇ ਕੇਂਦਰੀ ਮੰਤਰੀ ਵਿਜੈ ਗੋਇਲ ਨਾਲ ਮੁਲਾਕਾਤ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਫੂਲਕਾ ਨੇ ਵਿਜੈ ਗੋਇਲ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਬੇਸ਼ੱਕ ਗੋਇਲ ਨੇ ਫੂਲਕਾ ਨੂੰ ਆਪਣਾ ਚੰਗਾ ਦੋਸਤ ਦੱਸਿਆ ਹੈ ਪਰ ਇਸ ਮੁਲਾਕਾਤ ਦੇ ਕਈ ਸਿਆਸੀ ਅਰਥ ਕੱਢੇ ਜਾ ਰਹੇ ਹਨ।
ਗੋਇਲ ਨੇ ਫੂਲਕਾ ਵੱਲੋਂ 1984 ਸਿੱਖ ਕਤਲੇਆਮ ਦੇ ਪੀੜਤਾਂ ਲਈ ਲੜੀ ਜਾ ਰਹੀ ਕਾਨੂੰਨੀ ਲੜਾਈ ਦੀ ਸ਼ਲਾਘਾ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿਹਾ ਕਿ ਫੂਲਕਾ ਨੇ ਪਿੱਛੇ ਜਿਹੇ ਆਮ ਆਦਮੀ ਪਾਰਟੀ ਛੱਡੀ ਹੈ। ਉਹ ਦੇਰ ਆਏ ਪਰ ਦਰੁਸਤ ਆਏ। ਸੂਤਰਾਂ ਅਨੁਸਾਰ ਪਿਛਲੇ ਕੁਝ ਦਿਨਾਂ ਦੌਰਾਨ ਦੋਵਾਂ ਲੀਡਰਾਂ ਵਿਚਾਲੇ ਇਹ ਦੂਜੀ ਮੁਲਾਕਾਤ ਹੈ। ਫੂਲਕਾ ਨੇ ‘ਆਪ’ ਤੋਂ ਅਸਤੀਫਾ ਦੇਣ ਤੋਂ ਪਹਿਲਾਂ ਵੀ ਗੋਇਲ ਨਾਲ ਮੁਲਾਕਾਤ ਕੀਤੀ ਸੀ। ਯਾਦ ਰਹੇ ਫੂਲਕਾ ਨੇ ‘ਆਪ’ ਤੋਂ ਅਸਤੀਫਾ ਦੇਣ ਦਾ ਕੋਈ ਕਾਰਨ ਨਹੀਂ ਦੱਸਿਆ ਸੀ। ਉਨ੍ਹਾਂ ਪੰਜਾਬ ‘ਚੋਂ ਨਸ਼ਿਆਂ ਦੇ ਖਾਤਮੇ ਲਈ ਤੇ ਸ਼੍ਰੋਮਣੀ ਕਮੇਟੀ ਨੂੰ ਸਿਆਸੀ ਗਲਬੇ ਤੋਂ ਮੁਕਤ ਕਰਵਾਉਣ ਲਈ ਗ਼ੈਰ-ਸਿਆਸੀ ਮੰਚ ਤੋਂ ਮੁਹਿੰਮ ਸ਼ੁਰੂ ਕਰਨ ਦੀ ਇੱਛਾ ਜ਼ਾਹਿਰ ਕੀਤੀ ਸੀ। ਉਹ ਹਾਲਾਂਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਾਲੇ ਕਿਸੇ ਤਰ੍ਹਾਂ ਦੇ ਗੱਠਜੋੜ ਦੇ ਖਿਲਾਫ਼ ਸਨ।