ਚੋਣ ਸਰਵੇਖਣ ਨੇ ਉਡਾਈ ਭਾਜਪਾ ਦੀ ਨੀਂਦ

ਨਵੀਂ ਦਿੱਲੀ: ਇੰਡੀਆ ਟੀਵੀ-ਸੀਐਨਐਕਸ ਵੱਲੋਂ ਕਰਵਾਏ ਚੋਣ ਸਰਵੇਖਣ ਵਿਚ ਦਾਅਵਾ ਕੀਤਾ ਗਿਆ ਹੈ ਕਿ ਜੇ ਹੁਣੇ ਚੋਣਾਂ ਕਰਵਾਈਆਂ ਜਾਣ ਤਾਂ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਨੂੰ ਲੋਕ ਸਭਾ ਵਿਚ ਬਹੁਮਤ ਗੁਆਉਣਾ ਪੈ ਸਕਦਾ ਹੈ ਪਰ ਦਰਕਾਰ ਸੀਟਾਂ ਦੀ ਗਿਣਤੀ 15 ਕੁ ਸੀਟਾਂ ਤੱਕ ਹੀ ਹੋ ਸਕਦੀ ਹੈ।

ਪਿਛਲੇ ਸਾਲ 15 ਤੋਂ 25 ਦਸੰਬਰ ਦਰਮਿਆਨ ਸਾਰੀਆਂ 543 ਸੀਟਾਂ ‘ਤੇ ਕਰਵਾਏ ਗਏ ਇਸ ਚੋਣ ਸਰਵੇਖਣ ਮੁਤਾਬਕ ਐਨ.ਡੀ.ਏ. ਨੂੰ 257 ਸੀਟਾਂ ਜਦਕਿ ਕਾਂਗਰਸ ਦੀ ਅਗਵਾਈ ਵਾਲੇ ਯੂਪੀਏ ਸਪਾ ਤੇ ਬਸਪਾ ਨੂੰ ਛੱਡ ਕੇ 146 ਸੀਟਾਂ ਮਿਲ ਸਕਦੀਆਂ ਹਨ ਜੋ ਬਹੁਮਤ ਤੋਂ ਕਾਫੀ ਘੱਟ ਹੋਣਗੀਆਂ। ਇਹ ਸਰਵੇਖਣ ਹਾਲ ਹੀ ਵਿਚ ਪੰਜ ਰਾਜਾਂ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਕਰਵਾਇਆ ਗਿਆ ਸੀ। ਚੇਤੇ ਰਹੇ ਕਿ ਇਨ੍ਹਾਂ ਰਾਜਾਂ ਖਾਸ ਕਰ ਕੇ ਰਾਜਸਥਾਨ, ਮੱਧ ਪ੍ਰਦੇਸ ਅਤੇ ਛੱਤੀਸਗੜ੍ਹ ਦੀਆਂ ਵਿਧਾਨ ਸਭਾਈ ਚੋਣਾਂ ਬਾਰੇ ਚੋਣ ਸਰਵੇਖਣ ਗਲਤ ਸਾਬਤ ਹੋਏ ਤੇ ਸੱਤਾਧਾਰੀ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਇਸ ਸਰਵੇਖਣ ਵਿਚ ਕਿਹਾ ਗਿਆ ਹੈ ਕਿ ਕੇਂਦਰ ਵਿਚ ਸਰਕਾਰ ਬਣਾਉਣ ਦੀ ਕੂੰਜੀ ਹੋਰਨਾਂ ਪਾਰਟੀਆਂ ਦੇ ਹੱਥ ਵਿਚ ਆ ਸਕਦੀ ਹੈ ਜਿਨ੍ਹਾਂ ਨੂੰ 140 ਸੀਟਾਂ ਮਿਲ ਸਕਦੀਆਂ ਹਨ। ਇਨ੍ਹਾਂ ਵਿਚ ਸਮਾਜਵਾਦੀ ਪਾਰਟੀ, ਬਸਪਾ, ਅੰਨਾਡੀਐਮਕੇ, ਤ੍ਰਿਣਮੂਲ ਕਾਂਗਰਸ, ਤਿਲੰਗਾਨਾ ਰਾਸ਼ਟਰ ਸਮਿਤੀ, ਬੀਜੂ ਜਨਤਾ ਦਲ, ਵਾਈਐਸਆਰ ਕਾਂਗਰਸ, ਖੱਬਾ ਮੁਹਾਜ਼, ਮਹਿਬੂਬਾ ਮੁਫਤੀ ਦੀ ਪੀਡੀਪੀ, ਬਦਰੂਦੀਨ ਅਜਮਲ ਦੀ ਏਆਈਯੂਡੀਐਫ, ਅਸਦੂਦੀਨ ਓਵੈਸੀ ਦੀ ਏਆਈਐਮਆਈਐਮ, ਇਨੈਲੋ, ਆਮ ਆਦਮੀ ਪਾਰਟੀ, ਜੇਵੀਐਮ (ਪੀ), ਏਐਮਐਮਕੇ ਅਤੇ ਆਜ਼ਾਦ ਸ਼ਾਮਲ ਹਨ।
ਸਰਵੇਖਣ ਮੁਤਾਬਕ ਭਾਜਪਾ ਨੂੰ 223, ਸ਼ਿਵ ਸੈਨਾ ਨੂੰ 8, ਜਨਤਾ ਦਲ ਯੂ 11, ਅਕਾਲੀ ਦਲ 5, ਲੋਕ ਜਨਸ਼ਕਤੀ ਪਾਰਟੀ 3, ਪੀਐਮਕੇ, ਐਨਡੀਪੀਪੀ, ਏਆਈਐਨਆਰਸੀ, ਐਨਪੀਪੀ, ਐਸਡੀਐਫ, ਅਪਨਾ ਦਲ ਤੇ ਐਮਐਨਐਫ ਨੂੰ 1-1 ਸੀਟ ਮਿਲ ਸਕਦੀ ਹੈ। ਕਾਂਗਰਸ ਨੂੰ 85 ਸੀਟਾਂ ਮਿਲਣ ਦੇ ਆਸਾਰ ਹਨ ਜਦਕਿ ਇਸ ਦੀਆਂ ਸਹਿਯੋਗੀ ਡੀਐਮਕੇ 21, ਲਾਲੂ ਯਾਦਵ ਦੀ ਆਰਜੇਡੀ ਨੂੰ 10, ਐਨਸੀਪੀ 9, ਜੇਐਮਐਮ 4, ਜਨਤਾ ਦਲ ਐਸ 4, ਆਰਐਲਡੀ 2, ਆਰਐਲਐਸਪੀ 1, ਆਰਐਸਪੀ 1, ਆਈਯੂਐਮਐਲ 2, ਟੀਡੀਪੀ 4, ਨੈਸ਼ਨਲ ਕਾਨਫਰੰਸ 2 ਅਤੇ ਕੇਰਲਾ ਕਾਂਗਰਸ (ਐਮ)1 ਸੀਟਾਂ ਮਿਲ ਸਕਦੀਆਂ ਹਨ। ਸਰਵੇਖਣ ਮੁਤਾਬਕ 37.15 ਫੀਸਦ ਤੇ ਯੂਪੀਏ ਨੂੰ 29.92 ਫੀਸਦ ਅਤੇ ਹੋਰਨਾਂ ਪਾਰਟੀਆਂ ਨੂੰ 32.93 ਫੀਸਦ ਵੋਟਾਂ ਮਿਲਣ ਦੀ ਸੰਭਾਵਨਾ ਹੈ। ਹੋਰਨਾਂ ਪਾਰਟੀਆਂ ਵਿਚ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ 26, ਸਮਾਜਵਾਦੀ ਪਾਰਟੀ 20, ਮਾਇਆਵਤੀ ਦੀ ਬਸਪਾ 15, ਵਾਈਐਸਆਰ ਕਾਂਗਰਸ 19, ਤੇਲੰਗਾਨਾ ਰਾਸ਼ਟਰ ਸਮਿਤੀ 16, ਬੀਜੂ ਜਨਤਾ ਦਲ 13, ਏਆਈਡੀਐਮਕੇ 10, ਏਐਮਐਕੇ 4, ਖੱਬੀਆਂ ਪਾਰਟੀਆਂ 8, ਆਮ ਆਦਮੀ ਪਾਰਟੀ 2, ਏਆਈਯੂਡੀਐਫ 2, ਪੀਡੀਪੀ, ਜੇਵੀਐਮਪੀ ਅਤੇ ਏਆਈਐਮਆਈ ਨੂੰ 1-1 ਸੀਟ ਮਿਲਣ ਦੀ ਸੰਭਾਵਨਾ ਹੈ।
_____________________________________
ਦਲਿਤਾਂ ਨੂੰ ਭਰਮਾਉਣ ਲਈ ਭਾਜਪਾ ਨੇ ਰਿੰਨ੍ਹੀ 5000 ਕਿੱਲੋ ਖਿਚੜੀ
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਦੀ ਰੈਲੀ ਦੌਰਾਨ ਦਿੱਲੀ ਦੇ ਰਾਮਲੀਲ੍ਹਾ ਮੈਦਾਨ ਵਿਚ 5,000 ਕਿੱਲੋ ਖਿਚੜੀ ਰਿੰਨ੍ਹੀ ਗਈ। ਇਹ ਖਿਚੜੀ ਰੈਲੀ ਵਿਚ ਸ਼ਾਮਲ ਹੋਣ ਵਾਲੇ ਬੀ.ਜੇ.ਪੀ. ਕਾਰਕੁਨਾਂ ਨੂੰ ਖਵਾਈ ਗਈ। ਪਾਰਟੀ ਦੁਨੀਆਂ ਵਿਚ ਸਭ ਤੋਂ ਵੱਧ ਮਾਤਰਾ ਵਿਚ ਇਸ ‘ਸਮਰਸਤਾ ਖਿਚੜੀ’ ਨੂੰ ਪਕਾ ਕੇ ਗਿੰਨੀਜ਼ ਬੁੱਕ ਵਿਚ ਰਿਕਾਰਡ ਦਰਜ ਕਰਵਾਉਣਾ ਚਾਹੁੰਦੀ ਹੈ।
ਇਸ ਖਿਚੜੀ ਲਈ ਰਾਸ਼ਨ ਇਕੱਠਾ ਕਰਨ ਲਈ ਭਾਜਪਾ ਨੇ ਲੱਖਾਂ ਦਲਿਤਾਂ ਦੇ ਤੱਕ ਪਹੁੰਚ ਕੀਤੀ।
ਪਾਰਟੀ ਦਾ ਦਾਅਵਾ ਹੈ ਕਿ ਤਿੰਨ ਲੱਖ ਦਲਿਤ ਪਰਿਵਾਰਾਂ ਦੇ ਘਰੋਂ ਜਾ ਕੇ ਦਾਲ ਤੇ ਚੌਲ ਇਕੱਠੇ ਕੀਤੇ। ਖਿਚੜੀ ਤਿਆਰ ਕਰਨ ਲਈ 200 ਕਿੱਲੋ ਘਿਉ, 100 ਲੀਟਰ ਤੇਲ, 300 ਤੋਂ 400 ਕਿੱਲੋ ਸਬਜ਼ੀਆਂ, 5,000 ਲੀਟਰ ਪਾਣੀ ਤੇ 70 ਕਿੱਲੋ ਲੂਣ ਸਮੇਤ ਇਕ ਹਜ਼ਾਰ ਕਿੱਲੋ ਦਾਲ-ਚੌਲ ਨੂੰ ਪਕਾਉਣ ਲਈ 261.799 ਘਣ ਫੁੱਟ ਦੀ ਸਮਰੱਥਾ ਵਾਲੀ 10 ਫੁੱਟ ਚੌੜੀ ਕੜਾਹੀ ਵਿਚ ਪਾਇਆ ਗਿਆ। ਇਸ ਭਾਂਡੇ ਦਾ ਵਜ਼ਨ 850 ਕਿੱਲੋ ਹੈ। ਭਾਜਪਾ ਨੇ ਰੈਲੀ ‘ਚ ਆਏ ਲੋਕਾਂ ਨੂੰ ਇਹ ਖਿਚੜੀ ਖਵਾਈ ਤੇ ਕੇਂਦਰੀ ਮੰਤਰੀ ਡਾ. ਹਰਸ਼ਰਵਰਧਨ ਨੇ ਲੋਕਾਂ ਨਾਲ ਬਹਿ ਕੇ ਇਸ ਖਿਚੜੀ ਦਾ ਸਵਾਦ ਚੱਖਿਆ। ਇਸ ਮਗਰੋਂ ਉਨ੍ਹਾਂ ਦੇਸ਼ ਤੇ ਧਰਮ ਦੀ ਗੱਲ ਵੀ ਕੀਤੀ। ਮਾਹਰਾਂ ਦੀ ਮੰਨੀਏ ਤਾਂ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਬੀ.ਜੇ.ਪੀ. ਦੀ ਵੱਡੀ ਹਾਰ ਤੋਂ ਬਾਅਦ ਹੁਣ ਪਾਰਟੀ ਦਲਿਤ ਭਾਈਚਾਰੇ ਦੀ ਸ਼ਰਨ ਤਲਾਸ਼ ਰਹੀ ਹੈ।
ਭਾਰਤ ਦੀ ਆਬਾਦੀ ‘ਚ ਦਲਿਤਾਂ ਦੀ ਹਿੱਸੇਦਾਰੀ 16.63 ਫੀਸਦੀ ਹੈ, ਯਾਨਿ 20 ਕਰੋੜ 14 ਲੱਖ ਲੋਕ ਅਨੁਸੂਚਿਤ ਜਾਤੀ ਤੋਂ ਆਉਂਦੇ ਹਨ ਅਤੇ ਲੋਕ ਸਭਾ ਦੀਆਂ 84 ਸੀਟਾਂ ਐਸਸੀ ਭਾਈਚਾਰੇ ਲਈ ਰਾਖਵੀਂਆਂ ਹਨ। ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ 84 ਵਿਚੋਂ 46 ਸੀਟਾਂ ਉਤੇ ਐਨਡੀਏ ਨੇ ਕਬਜ਼ਾ ਕੀਤਾ ਸੀ। ਪਰ ਤਾਜ਼ਾ ਵਿਧਾਨ ਸਭਾ ਚੋਣਾਂ ਵਿਚ ਮਿਲੀ ਹਾਰ ਤੋਂ ਬਾਅਦ ਭਾਜਪਾ ਚੌਕਸ ਹੋ ਗਈ ਹੈ। ਹਾਲਾਂਕਿ, ਬੀ.ਜੇ.ਪੀ. ਇਸ ਖਿਚੜੀ ਨੂੰ ਮੋਦੀ ਸਰਕਾਰ ਦੇ ਸਾਢੇ ਚਾਰ ਸਾਲਾਂ ਦੀ ਸਫਲਤਾ ਦੀ ਖਿਚੜੀ ਦੱਸ ਰਹੀ ਹੈ, ਪਰ ਭਾਜਪਾ ਦੀ ਸਿਆਸੀ ਰਸੋਈ ‘ਚ ਬਣੀ ਇਸ ਖਿਚੜੀ ਦੇ ਕਈ ਮਾਇਨੇ ਹਨ।