ਸ਼ਰਧਾਲੂਆਂ ਨੇ ਗੁਰਦੁਆਰਿਆਂ ਵਿਚ ਚੜ੍ਹਾਏ 30 ਲੱਖ ਤੋਂ ਵੱਧ ਪੁਰਾਣੇ ਨੋਟ

ਅੰਮ੍ਰਿਤਸਰ: ਕੇਂਦਰ ਸਰਕਾਰ ਵੱਲੋਂ ਕੀਤੀ ਗਈ ਨੋਟਬੰਦੀ ਦੌਰਾਨ ਸ਼੍ਰੋਮਣੀ ਕਮੇਟੀ ਕੋਲ ਸ੍ਰੀ ਹਰਿਮੰਦਰ ਸਾਹਿਬ ਸਮੇਤ ਵੱਖ-ਵੱਖ ਗੁਰਦੁਆਰਿਆਂ ਦੀਆਂ ਗੋਲਕਾਂ ਵਿਚ ਸ਼ਰਧਾਲੂਆਂ ਵੱਲੋਂ ਚੜ੍ਹਾਵੇ ਵਜੋਂ ਭੇਟ ਕੀਤੀ ਗਈ ਪੁਰਾਣੀ ਕਰੰਸੀ ਦੇ ਲਗਭਗ 30 ਲੱਖ 45 ਹਜ਼ਾਰ ਰੁਪਏ ਦੀ ਰਕਮ ਇਕੱਠੀ ਹੋਈ ਹੈ। ਇਸ ਨੂੰ ਤਬਦੀਲ ਕਰਨ ਲਈ ਸ਼੍ਰੋਮਣੀ ਕਮੇਟੀ ਨੇ ਭਾਰਤੀ ਰਿਜ਼ਰਵ ਬੈਂਕ ਨੂੰ ਪੱਤਰ ਭੇਜ ਕੇ ਅਪੀਲ ਕੀਤੀ ਹੈ। ਇਹ ਪੱਤਰ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾæ ਰੂਪ ਸਿੰਘ ਵੱਲੋਂ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਨੂੰ ਲਿਖਿਆ ਗਿਆ ਹੈ।

ਸ਼੍ਰੋਮਣੀ ਕਮੇਟੀ ਇਸ ਤੋਂ ਪਹਿਲਾਂ ਵੀ ਭਾਰਤੀ ਰਿਜ਼ਰਵ ਬੈਂਕ ਨੂੰ ਇਸ ਸਬੰਧੀ ਪੱਤਰ ਭੇਜ ਚੁੱਕੀ ਹੈ ਤੇ ਰਿਜ਼ਰਵ ਬੈਂਕ ਨੇ ਇਹ ਪੁਰਾਣੀ ਕਰੰਸੀ ਲੈਣ ਤੋਂ ਮਨ੍ਹਾਂ ਕਰ ਦਿੱਤਾ ਸੀ। ਹੁਣ ਮੁੜ ਸ਼੍ਰੋਮਣੀ ਕਮੇਟੀ ਨੇ ਇਸ ਸਬੰਧੀ ਰਿਜ਼ਰਵ ਬੈਂਕ ਨੂੰ ਪੱਤਰ ਭੇਜ ਕੇ ਪੁਰਾਣੀ ਕਰੰਸੀ ਲੈਣ ਦੀ ਅਪੀਲ ਕੀਤੀ ਹੈ।
ਸ਼੍ਰੋਮਣੀ ਕਮੇਟੀ ਦੇ ਮੌਜੂਦਾ ਮੁੱਖ ਸਕੱਤਰ ਡਾæ ਰੂਪ ਸਿੰਘ ਨੇ ਦੱਸਿਆ ਕਿ 31 ਮਾਰਚ, 2017 ਤੋਂ 31 ਜੁਲਾਈ 2017 ਤੱਕ ਸ੍ਰੀ ਹਰਿਮੰਦਰ ਸਾਹਿਬ ਸਮੇਤ ਵੱਖ ਵੱਖ ਗੁਰਦੁਆਰਿਆਂ ਦੀਆਂ ਗੋਲਕਾਂ ਵਿਚ ਸੰਗਤ ਵੱਲੋਂ ਪੁਰਾਣੀ ਕਰੰਸੀ ਦੇ ਨੋਟ ਚੜ੍ਹਾਵੇ ਵਜੋਂ ਭੇਟ ਕੀਤੇ ਗਏ ਹਨ। ਇਹ ਸਿਲਸਿਲਾ ਬਾਅਦ ਵਿਚ ਵੀ ਜਾਰੀ ਰਿਹਾ ਹੈ। ਸ਼੍ਰੋਮਣੀ ਕਮੇਟੀ ਵੱਲੋਂ 31 ਜੁਲਾਈ 2017 ਤੱਕ ਪੁਰਾਣੀ ਕਰੰਸੀ ਦੇ ਆਏ ਨੋਟਾਂ ਦਾ ਜਦੋਂ ਜੋੜ ਕੀਤਾ ਗਿਆ ਤਾਂ ਇਹ ਰਕਮ 30 ਲੱਖ 45 ਹਜ਼ਾਰ ਰੁਪਏ ਦੀ ਸੀ। ਇਸ ਤੋਂ ਬਾਅਦ ਵਿਚ ਆਏ ਅਜਿਹੇ ਪੁਰਾਣੇ ਨੋਟਾਂ ਨੂੰ ‘ਖੋਟੇ ਸਿੱਕੇ ਦੀ ਗੋਲਕ’ ਵਿਚ ਸ਼ਾਮਲ ਕਰ ਦਿੱਤਾ ਗਿਆ ਅਤੇ ਬਾਕੀ ਅਜਿਹੀ ਰਕਮ ਦਾ ਕੋਈ ਹਿਸਾਬ ਕਿਤਾਬ ਨਹੀਂ। ਉਨ੍ਹਾਂ ਦੱਸਿਆ ਕਿ ਭਾਰਤੀ ਰਿਜ਼ਰਵ ਬੈਂਕ ਨੂੰ ਮੁੜ ਪੱਤਰ ਭੇਜ ਕੇ ਪੁਰਾਣੇ ਨੋਟ ਲੈਣ ਦੀ ਅਪੀਲ ਕੀਤੀ ਗਈ ਹੈ। ਮੁੱਖ ਸਕੱਤਰ ਨੇ ਦੱਸਿਆ ਕਿ ਪੱਤਰ ਵਿਚ ਬੈਂਕ ਨੂੰ ਦੱਸਿਆ ਗਿਆ ਹੈ ਕਿ ਇਸ ਪੁਰਾਣੀ ਕਰੰਸੀ ਸਬੰਧੀ ਉਨ੍ਹਾਂ ਕੋਲ ਸਾਰਾ ਰਿਕਾਰਡ ਹੈ ਅਤੇ ਇਹ ਪੁਰਾਣੀ ਨਕਦੀ ਸੰਗਤ ਵੱਲੋਂ ਚੜ੍ਹਾਵੇ ਵਜੋਂ ਹੀ ਭੇਟ ਕੀਤੀ ਗਈ ਸੀ।
ਉਨ੍ਹਾਂ ਆਖਿਆ ਕਿ ਸੰਗਤ ਨੂੰ ਦਾਨ ਵਿਚ ਪੁਰਾਣੀ ਕਰੰਸੀ ਭੇਟ ਕਰਨ ਤੋਂ ਰੋਕ ਨਹੀਂ ਸਕਦੇ ਕਿਉਂਕਿ ਇਹ ਸੰਗਤ ਦਾ ਨਿੱਜੀ ਮਾਮਲਾ ਹੈ। ਇਹ ਦਾਨ ਦੀ ਰਕਮ ਕਦੋਂ ਤੇ ਕਿਹੜੇ ਗੁਰਦੁਆਰੇ ਵਿਚੋਂ ਆਈ, ਇਸ ਸਬੰਧੀ ਸ਼੍ਰੋਮਣੀ ਕਮੇਟੀ ਕੋਲ ਸਾਰੇ ਵੇਰਵੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਕਿਸੇ ਦੀ ਨਿੱਜੀ ਨਕਦੀ ਨਹੀਂ ਹੈ, ਸਗੋਂ ਸੰਸਥਾ ਨੂੰ ਸ਼ਰਧਾਲੂਆਂ ਵੱਲੋਂ ਦਾਨ ਵਜੋਂ ਭੇਟ ਕੀਤੀ ਹੋਈ ਨਕਦੀ ਹੈ। ਇਸ ਲਈ ਪੁਰਾਣੇ ਨੋਟਾਂ ਦੀ ਇਸ ਨਕਦੀ ਨੂੰ ਜਮ੍ਹਾਂ ਕੀਤਾ ਜਾਵੇ ਅਤੇ ਇਸ ਨੂੰ ਤਬਦੀਲ ਕੀਤਾ ਜਾਵੇ। ਇਹ ਵੀ ਜਾਣਕਾਰੀ ਮਿਲੀ ਹੈ ਕਿ ਨੋਟਬੰਦੀ ਸਬੰਧੀ ਤੁਰਤ ਹਦਾਇਤ ਜਾਰੀ ਕੀਤੇ ਜਾਣ ਕਾਰਨ ਉਸ ਵੇਲੇ ਸ਼੍ਰੋਮਣੀ ਕਮੇਟੀ ਨੂੰ ਲਗਭਗ ਦਸ ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਇਹ ਨੁਕਸਾਨ ਦਾਨ ਵਜੋਂ ਭੇਟ ਕੀਤੀ ਗਈ ਪੁਰਾਣੇ ਨੋਟਾਂ ਵਾਲੀ ਰਕਮ ਨਾ ਲੈਣ ਕਾਰਨ ਹੋਇਆ ਸੀ। ਸ਼੍ਰੋਮਣੀ ਕਮੇਟੀ ਨੇ 9 ਨਵੰਬਰ 2016 ਤੋਂ ਹੀ ਪੁਰਾਣੇ ਨੋਟ ਲੈਣੇ ਬੰਦ ਕਰ ਦਿੱਤੇ ਸਨ।
_______________________________
ਸ਼੍ਰੋਮਣੀ ਕਮੇਟੀ ਕੋਲ ਪੁਰਾਣੇ ਨੋਟਾਂ ‘ਤੇ ਉਠੇ ਸਵਾਲ
ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਪਈ ਲੱਖਾਂ ਰੁਪਏ ਦੀ ਪੁਰਾਣੀ ਕਰੰਸੀ ‘ਤੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਇਸ ਦੀ ਜਾਂਚ ਮੰਗੀ ਹੈ। ਉਨ੍ਹਾਂ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਉਨ੍ਹਾਂ ਦੇ ਦਫਤਰ ਵੱਲੋਂ ਆਰæਬੀæਆਈæ ਨੂੰ ਲੱਖਾਂ ਰੁਪਏ ਦੀ ਪੁਰਾਣੀ ਕਰੰਸੀ ਤਬਦੀਲ ਕਰਨ ਸਬੰਧੀ ਲਿਖੇ ਗਏ ਪੱਤਰ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਮਾਨ ਨੇ ਕਿਹਾ ਕਿ ਨਵੰਬਰ 2016 ‘ਚ ਹੋਈ ਨੋਟਬੰਦੀ ਦੌਰਾਨ ਜਦੋਂ ਭਾਰਤ ਦੀਆਂ ਵੱਡੀਆਂ-ਵੱਡੀਆਂ ਸੰਸਥਾਵਾਂ, ਉਦਯੋਗਪਤੀਆਂ, ਕਾਰੋਬਾਰੀਆਂ ਤੇ ਆਮ ਲੋਕਾਂ ਨੇ ਰਿਜ਼ਰਵ ਬੈਂਕ ਆਫ ਇੰਡੀਆ ਦੀਆਂ ਹਦਾਇਤਾਂ ਅਨੁਸਾਰ ਨੋਟਬੰਦੀ ਤੋਂ ਪਹਿਲਾਂ ਚੱਲਣ ਵਾਲੀ ਕਰੰਸੀ ਨੂੰ ਦਿੱਤੇ ਗਏ ਸਮੇਂ ਵਿਚ ਤਬਦੀਲ ਕਰਵਾਇਆ ਹੈ ਤਾਂ ਸ਼੍ਰੋਮਣੀ ਕਮੇਟੀ ਨੂੰ ਆਪਣੇ ਇਸ ਖਜ਼ਾਨੇ ਨੂੰ ਬਦਲਣ ਲਈ ਦੋ ਸਾਲ ਬਾਅਦ ਕਿਉਂ ਯਾਦ ਆਈ ਹੈ। ਉਨ੍ਹਾਂ ਕਿਹਾ ਕਿ ਨੋਟਬੰਦੀ ਦੇ 2 ਸਾਲ ਬਾਅਦ ਰਿਜ਼ਰਵ ਬੈਂਕ ਨੂੰ ਗੋਲਕਾਂ ਵਿਚ ਆਈ ਭੇਟਾ ਦਾ ਨਾਮ ਦੇ ਕੇ ਕਰੰਸੀ ਤਬਦੀਲ ਕਰਨ ਦੀ ਜੋ ਮੰਗ ਕੀਤੀ ਗਈ ਹੈ, ਉਹ ਸਿਆਸਤਦਾਨਾਂ ਵੱਲੋਂ ਗਲਤ ਢੰਗਾਂ ਰਾਹੀ ਇਕੱਤਰ ਕੀਤੀ ਗਈ ਮਾਇਆ ਨੂੰ ਇਸ ਧਾਰਮਿਕ ਸੰਸਥਾ ਜ਼ਰੀਏ ਬਦਲਣ ਦੀ ਗੱਲ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।