ਧੋਖੇਬਾਜ਼ ਪਰਵਾਸੀ ਲਾੜਿਆਂ ਖਿਲਾਫ ਨਵੇਂ ਅੰਤਰਰਾਸ਼ਟਰੀ ਕਾਨੂੰਨ ਦੀ ਮੰਗ ਨੇ ਜ਼ੋਰ ਫੜਿਆ

ਨਵੀਂ ਦਿੱਲੀ: ਪਰਵਾਸੀ ਪਤੀਆਂ ਦੀ ਧੋਖਾਧੜੀ ਦਾ ਸ਼ਿਕਾਰ ਔਰਤਾਂ ਨੇ ਨਵੇਂ ਅੰਤਰਰਾਸ਼ਟਰੀ ਕਾਨੂੰਨ ਦੀ ਮੰਗ ਕੀਤੀ ਹੈ। ਪਰਮਿੰਦਰ ਕੌਰ (ਅਸਲ ਨਾਂ ਨਹੀਂ) ਦਾ ਕਹਿਣਾ ਹੈ ਕਿ ਸਾਲ 2015 ‘ਚ ਉਸ ਦਾ ਵਿਆਹ ਇਕ ਸੁਪਨਾ ਸੱਚ ਹੋਣ ਵਰਗਾ ਸੀ ਅਤੇ ਉਸ ਤੋਂ ਬਾਅਦ 40 ਦਿਨ ਤੱਕ ਉਸ ਦੀ ਜ਼ਿੰਦਗੀ ਦੇ ਬਿਹਤਰੀਨ ਪਲ ਸਨ, ਪਰ ਉਸ ਦੇ ਪਤੀ ਵੱਲੋਂ ਪੜ੍ਹਾਈ ਪੂਰੀ ਕਰਨ ਲਈ ਕੈਨੇਡਾ ਜਾਣ ਤੋਂ ਬਾਅਦ ਸਾਰੀਆਂ ਚੀਜ਼ਾਂ ਪੂਰੀ ਤਰ੍ਹਾਂ ਬਦਲ ਗਈਆਂ। ਉਸ ਦਾ ਕਹਿਣਾ ਹੈ ਕਿ ਉਸ ਦੇ ਪਤੀ ਦੇ ਜਾਣ ਸਾਰ ਹੀ ਉਸ ਦੇ ਸਹੁਰੇ ਪਰਿਵਾਰ ਨੇ ਉਸ ਨੂੰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਦੇ ਘਰ ਵਾਲਿਆਂ ਕੋਲੋਂ ਹਰ ਮਹੀਨੇ ਇਕ ਲੱਖ ਰੁਪਏ ਦਹੇਜ ਦੇ ਰੂਪ ਵਿਚ ਮੰਗਣਾ ਸ਼ੁਰੂ ਕਰ ਦਿੱਤਾ।

ਉਸ ਨੇ ਦੱਸਿਆ ਕਿ ਮੇਰਾ ਸਹੁਰਾ ਪਰਿਵਾਰ ਮੈਨੂੰ ਰੋਟੀ ਦੇਣ ਲਈ ਪੈਸਿਆਂ ਦੀ ਮੰਗ ਕਰਦਾ ਸੀ ਅਤੇ ਜਦੋਂ ਮੇਰੇ ਮਾਤਾ-ਪਿਤਾ ਨੇ ਇਸ ਤਰ੍ਹਾਂ ਕਰਨ ਤੋਂ ਇਨਕਾਰ ਕੀਤਾ ਤਾਂ ਸਹੁਰੇ ਪਰਿਵਾਰ ਨੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਪਰਮਿੰਦਰ (19) ਨੇ ਕਿਹਾ ਕਿ ਇਸੇ ਦੌਰਾਨ ਮੇਰਾ ਸਹੁਰਾ ਪਰਿਵਾਰ ਕੈਨੇਡਾ ਚਲਾ ਗਿਆ ਅਤੇ ਉਸ ਤੋਂ ਬਾਅਦ ਸਹੁਰੇ ਪਰਿਵਾਰ ਅਤੇ ਪਤੀ ਨਾਲ ਕਦੇ ਕੋਈ ਗੱਲ ਨਹੀਂ ਹੋਈ। ਇਸ ਤੋਂ ਬਾਅਦ ਉਸ ਦੇ ਪਤੀ ਨੇ ਇਕ ਪੱਖੀ ਤਲਾਕ ਦੇ ਕੇ ਦੂਸਰਾ ਵਿਆਹ ਕਰ ਲਿਆ। ਪਰਮਿੰਦਰ ਅਤੇ ਉਸ ਵਾਂਗ ਧੋਖਾ ਖਾ ਚੁੱਕੀਆਂ ਦੂਸਰੀਆਂ ਔਰਤਾਂ ਹੁਣ ਇਸ ਤਰ੍ਹਾਂ ਦੇ ਇਕ ਵਿਸ਼ੇਸ਼ ਅੰਤਰਰਾਸ਼ਟਰੀ ਕਾਨੂੰਨ ਦੀ ਮੰਗ ਕਰ ਰਹੀਆਂ ਹਨ ਜਿਸ ਨਾਲ ਫਰਾਰ ਪਤੀਆਂ ਦਾ ਹਵਾਲਗੀ ਸੰਭਵ ਹੋ ਸਕੇ। ਸ਼ਿਲਪਾ (ਅਸਲ ਨਾਂ ਨਹੀਂ) 2010 ਵਿਚ ਵਿਆਹ ਕਰਵਾ ਕੇ ਅਮਰੀਕਾ ਜਾਣ ਤੋਂ ਪਹਿਲਾਂ ਇਕ ਆਈæਟੀæ ਕੰਪਨੀ ਵਿਚ ਕੰਮ ਕਰਦੀ ਸੀ। ਉਸ ਨੇ ਕਿਹਾ ਕਿ ਜਿਵੇਂ ਹੀ ਮੈਂ ਕੈਲੀਫੋਰਨੀਆ ਪੁੱਜੀ ਤਾਂ ਮੇਰੇ ਪਤੀ ਨੇ ਮੇਰੇ ਕੋਲੋਂ ਸਾਰੇ ਦਸਤਾਵੇਜ਼ ਅਤੇ ਪੈਸੇ ਲੈ ਲਏ। ਉਸ ਨੇ ਕਈ ਵਾਰ ਮੇਰੇ ਨਾਲ ਜਬਰ ਜਨਾਹ ਕੀਤਾ ਅਤੇ ਫਿਰ ਸੜਕ ‘ਤੇ ਸੁੱਟ ਦਿੱਤਾ। ਮੇਰੇ ਕੋਲ ਕੋਈ ਹੋਰ ਬਦਲ ਨਹੀਂ ਸੀ ਅਤੇ ਵਾਪਸ ਆਉਣ ਲਈ ਮਜਬੂਰ ਸੀ। ਹੁਣ ਸ਼ਿਲਪਾ (30) ਆਪਣੀ ਅੱਠ ਸਾਲ ਦੀ ਬੇਟੀ ਨਾਲ ਦਿੱਲੀ ਰਹਿ ਰਹੀ ਹੈ। ਉਸ ਨੇ ਇਸ ਬਾਰੇ ਪੁਲਿਸ ਕੋਲ ਆਪਣੀ ਸ਼ਿਕਾਇਤ ਵੀ ਦਰਜ ਕਰਵਾਈ। ਉਸ ਨੇ ਕਿਹਾ ਕਿ ਮੈਂ ਹਾਲ ਹੀ ਵਿਚ ਸੋਸ਼ਲ ਮੀਡੀਆ ‘ਤੇ ਦੇਖਿਆ ਕਿ ਉਸ ਦੇ ਪਤੀ ਨੇ ਫਿਰ ਵਿਆਹ ਕਰਵਾ ਲਿਆ ਹੈ।
ਇਸ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰ ਚੁੱਕੀ ਸਮ੍ਰਿਤੀ (ਅਸਲ ਨਾਂ ਨਹੀਂ) ਨੂੰ ਉਸ ਦੇ ਪਤੀ ਨੇ ਮੈਲਬੋਰਨ ਵਿਚ ਇਕੱਲਾ ਹੀ ਛੱਡ ਦਿੱਤਾ ਸੀ, ਜਿਸ ਕਾਰਨ ਉਹ ਇਕ ਤਣਾਅ ਨਾਲ ਸਬੰਧਤ ਬਿਮਾਰੀ ਤੋਂ ਪੀੜਤ ਹੋ ਗਈ। ਉਕਤ ਔਰਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਰ ਰੋਜ਼ ਇਹ ਗੱਲ ਦੁੱਖ ਪਹੁੰਚਾਉਂਦੀ ਹੈ ਕਿ ਇਕ ਵਿਅਕਤੀ ਨਾ ਕੇਵਲ ਉਨ੍ਹਾਂ ਦੀ ਜ਼ਿੰਦਗੀ, ਸਗੋਂ ਉਨ੍ਹਾਂ ਦੇ ਪਰਿਵਾਰ ਦੀ ਜ਼ਿੰਦਗੀ ਨੂੰ ਵੀ ਤਬਾਹ ਕਰ ਕੇ ਆਮ ਜ਼ਿੰਦਗੀ ਜੀਅ ਰਿਹਾ ਹੈ ਅਤੇ ਉਨ੍ਹਾਂ ਖਿਲਾਫ਼ ਕੋਈ ਮੁਕੱਦਮਾ ਨਹੀਂ ਚਲਾਇਆ ਜਾਂਦਾ। ਪਰਮਿੰਦਰ, ਸ਼ਿਲਪਾ ਅਤੇ ਸਮ੍ਰਿਤੀ ਦਾ ਮੰਨਣਾ ਹੈ ਕਿ ਇਕ ਅੰਤਰਰਾਸ਼ਟਰੀ ਕਾਨੂੰਨ ਉਨ੍ਹਾਂ ਵਰਗੀਆਂ ਔਰਤਾਂ ਨੂੰ ਕੁਝ ਹੱਦ ਤੱਕ ਇਨਸਾਫ ਦਿਵਾ ਸਕਦਾ ਹੈ। ਉਨ੍ਹਾਂ ਨੇ ਧਾਰਾ 498-ਏ (ਪਤੀ ਜਾਂ ਉਸ ਦੇ ਕਿਸੇ ਰਿਸ਼ਤੇਦਾਰ ਵੱਲੋਂ ਕਿਸੇ ਵੀ ਪ੍ਰਕਾਰ ਦੀ ਕਰੂਰਤਾ) ਵਿਚ ਜਬਰ ਜਨਾਹ, ਕੁੱਟਮਾਰ, ਧੋਖਾਧੜੀ ਅਤੇ ਝੂਠ ਵਰਗੇ ਵੱਡੇ ਅਪਰਾਧਾਂ ਨੂੰ ਸ਼ਾਮਲ ਕੀਤੇ ਜਾਣ ਦੀ ਮੰਗ ਕੀਤੀ ਹੈ, ਜਿਸ ਨਾਲ ਫਰਾਰ ਪਤੀਆਂ ਦੀ ਹਵਾਲਗੀ ਸੰਭਵ ਹੋ ਸਕੇ। ਇਸ ਸਬੰਧੀ ਇਕ ਸਰਕਾਰੀ ਅਧਿਕਾਰ ਨੇ ਦੱਸਿਆ ਕਿ ਪਰਵਾਸੀ ਭਾਰਤੀਆਂ ਦੇ ਵਿਆਹਾਂ ਨਾਲ ਜੁੜੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਯਤਨ ਕੀਤੇ ਜਾ ਰਹੇ ਹਨ। ਸਰਕਾਰ ਨੇ ਹਾਲ ਹੀ ‘ਚ ਆਪਣੀਆਂ ਪਤਨੀਆਂ ਨੂੰ ਛੱਡਣ ਵਾਲੇ 33 ਪਰਵਾਸੀ ਭਾਰਤੀਆਂ ਦੇ ਪਾਸਪੋਰਟ ਰੱਦ ਕੀਤੇ ਹਨ। ਇਸ ਤੋਂ ਇਲਾਵਾ ਪਿਛਲੇ ਮਹੀਨੇ ਸਰਕਾਰ ਨੇ ਕਿਹਾ ਕਿ ਇਸ ਸਬੰਧੀ ਸਰਦ ਰੁੱਤ ਇਜਲਾਸ ਵਿਚ ਇਕ ਬਿੱਲ ਪੇਸ਼ ਕੀਤਾ ਜਾਵੇਗਾ ਪਰ ਅਜੇ ਤੱਕ ਇਸ ਸਬੰਧੀ ਕੋਈ ਕਾਰਵਾਈ ਨਹੀਂ ਹੋਈ। ਪੀੜਤਾਂ ਦੀ ਕੇਵਲ ਇਹੀ ਮੰਗ ਹੈ ਕਿ ਧੋਖਾ ਦੇਣ ਵਾਲੇ ਪਰਵਾਸੀ ਪਤੀਆਂ ਨੂੰ ਭਾਰਤ ਲਿਆਂਦਾ ਜਾਵੇ ਅਤੇ ਸਜ਼ਾ ਦਿੱਤੀ ਜਾਵੇ।