ਮਾਛੀਵਾੜਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ

ਰਘਬੀਰ ਸਿੰਘ ਭਰਤ
ਮਾਛੀਵਾੜਾ ਦੀ ਸਭ ਤੋਂ ਮਹੱਤਵਪੂਰਨ ਇਤਿਹਾਸਕ ਘਟਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮਾਛੀਵਾੜਾ ਆਉਣਾ ਹੈ। ਇਹ ਗੱਲ ਦਸੰਬਰ 1704 ਈਸਵੀ ਦੀ ਹੈ, ਜਦੋਂ ਛੇ-ਸੱਤ ਪੋਹ ਦੀ ਕਕਰਾਲੀ ਰਾਤ ਨੂੰ ਚਮਕੌਰ ਸਾਹਿਬ ਵਿਖੇ ਮੁਗ਼ਲਾਂ ਦੀ ਫੌਜ ਨਾਲ ਬਹਾਦਰੀ ਨਾਲ ਟਾਕਰਾ ਕਰਦੇ ਆਪਣੇ ਜਿਗਰ ਦੇ ਟੋਟਿਆਂ ਨੂੰ ਹੱਥੀਂ ਸ਼ਹਾਦਤ ਦਾ ਜਾਮ ਪਿਆ ਕੇ ਆਪਣੇ ਸਿੰਘਾਂ ਦੇ ਕਹਿਣ ‘ਤੇ ਅੱਠ ਪੋਹ ਨੂੰ ਇਥੇ ਪੁੱਜੇ ਸਨ। ਚਮਕੌਰ ਦੀ ਗੜ੍ਹੀ ਛੱਡਣ ਸਮੇਂ ਭਾਈ ਦਇਆ ਸਿੰਘ, ਭਾਈ ਮਾਨ ਸਿੰਘ ਤੇ ਭਾਈ ਧਰਮ ਸਿੰਘ ਨਾਲ ਸਨ, ਜੋ ਗੁਰੂ ਸਾਹਿਬ ਤੋਂ ਵਿਛੜ ਗਏ ਸਨ ਪਰ ਮਗਰੋਂ ਮਾਛੀਵਾੜਾ ਆ ਕੇ ਗੁਰੂ ਸਾਹਿਬ ਨਾਲ ਮਿਲ ਗਏ ਸਨ।

ਗੁਰੂ ਜੀ ਨੇ ਜਿਸ ਬਾਗ ਵਿਚ ਖੂਹ ਤੋਂ ਪਾਣੀ ਪੀਤਾ ਤੇ ਟਿੰਡ ਦਾ ਸਰਾਹਣਾ ਲਾ ਕੇ ਜੰਡ ਹੇਠ ਆਰਾਮ ਕੀਤਾ ਸੀ, ਉਥੇ ਅੱਜਕੱਲ੍ਹ ਸ਼ਾਨਦਾਰ ਗੁਰਦੁਆਰਾ ਚਰਨ ਕੰਵਲ ਸਾਹਿਬ ਹੈ। ਗੁਰਦੁਆਰੇ ਦੇ ਬਾਗਲੇ ਵਿਚ ਹੁਣ ਸਰੋਵਰ, ਲੈਕਚਰ ਹਾਲ, ਲੰਗਰ ਹਾਲ, ਰਿਹਾਇਸ਼ੀ ਕਮਰੇ, ਪ੍ਰਬੰਧਕੀ ਬਲਾਕ ਅਤੇ ਯਾਤਰੀਆਂ ਲਈ ਸਰਾਏ ਬਣਾਈ ਗਈ ਹੈ। ਡਿਉਢੀ ਦੇ ਨਾਲ ਹੀ ਗੁਰੂ ਗੋਬਿੰਦ ਸਿੰਘ ਮਾਰਗ ਵਾਲਾ ਸਤੰਬ ਬਣਾਇਆ ਗਿਆ ਹੈ ਜਿਸ ‘ਤੇ ਵਿਸ਼ੇਸ਼ ਸ਼ਸਤਰ ਸਜਾਏ ਗਏ ਹਨ। ਗੁਰਦੁਆਰੇ ਦੇ ਨਾਲ ਹੀ ਕੌਮਾਂਤਰੀ ਸਿੱਖ ਅਜਾਇਬਘਰ ਬਣਾਇਆ ਗਿਆ ਹੈ ਜਿਸ ਦੀ ਉਸਾਰੀ ਵਿਚ ਚਿੱਤਰਕਾਰ ਜਗਦੀਸ਼ ਸਿੰਘ ਬਰਾੜ ਨੇ ਅਹਿਮ ਭੂਮਿਕਾ ਨਿਭਾਈ ਹੈ। ਅਜਾਇਬਘਰ ਵਿਚ ਬਰਾੜ ਦੇ ਬਣਾਏ ਚਿਤਰ ਸੁਸ਼ੋਭਤ ਹਨ। ਇਸ ਪਵਿਤਰ ਸਥਾਨ ‘ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਸ਼ਬਦ ਉਚਾਰਿਆ ਸੀ:
ਮਿੱਤਰ ਪਿਆਰੇ ਨੂੰ
ਹਾਲ ਮੁਰੀਦਾਂ ਦਾ ਕਹਿਣਾ।
ਤੁਧ ਬਿਨ ਰੋਗ ਰਜ਼ਾਈਆਂ ਦਾ ਓਡਣ
ਨਾਗ ਨਿਵਾਸਾਂ ਦੇ ਰਹਿਣਾ।
ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਹਰ ਸਾਲ 22 ਤੋਂ 24 ਦਸੰਬਰ ਨੂੰ ਸਾਲਾਨਾ ਜੋੜ-ਮੇਲ ਹੁੰਦਾ ਹੈ ਜਿਸ ਨੂੰ ਸਿੰਘ ਸਭਾ ਵੀ ਕਿਹਾ ਜਾਂਦਾ ਹੈ ਜਾਂ ਸਭਾ ਵੀ ਆਖਿਆ ਜਾਂਦਾ ਹੈ।
ਗੁਰੂ ਸਾਹਿਬ ਦੇ ਪਹੁੰਚਣ ਦੀ ਖ਼ਬਰ ਉਨ੍ਹਾਂ ਦੇ ਹਿਤੈਸ਼ੀ ਤੇ ਸ਼ਰਧਾਲੂ ਮਸੰਦ ਗੁਲਾਬਾ ਤੇ ਗ਼ਨੀ ਖਾਂ, ਨਬੀ ਖਾਂ ਭਰਾਵਾਂ ਨੂੰ ਮਿਲ ਗਈ ਸੀ। ਉਹ ਗੁਰੂ ਸਾਹਿਬ ਨੂੰ ਗੁਲਾਬੇ ਦੇ ਘਰ ਲੈ ਆਏ। ਇਥੇ ਅੱਜਕੱਲ੍ਹ ਗੁਰਦੁਆਰਾ ਚੁਬਾਰਾ ਸਾਹਿਬ ਹੈ। ਗੁਲਾਬੇ ਦੇ ਘਰ ਗੁਰੂ ਜੀ ਨੇ ਇਕ ਰਾਤ ਗੁਜ਼ਾਰੀ ਸੀ। ਇਥੇ ਹੀ ਮਾਈ ਹਰਦੇਈ ਨੇ ਆਪਣੇ ਹੱਥੀਂ ਤਿਆਰ ਕੀਤਾ ਚਿੱਟਾ ਪੁਸ਼ਾਕਾ ਗੁਰੂ ਸਾਹਿਬ ਨੂੰ ਭੇਟ ਕੀਤਾ ਸੀ। ਗੁਰੂ ਸਾਹਿਬ ਨੇ ਉਸ ਚੋਲੇ ਨੂੰ ਨੀਲਾ ਰੰਗਵਾ ਕੇ ਪਹਿਨ ਲਿਆ ਸੀ। ਜਿਸ ਮੱਟ ਵਿਚ ਇਹ ਚੋਲਾ ਰੰਗਿਆ ਗਿਆ ਸੀ, ਉਹ ਮੱਟ ਹੁਣ ਵੀ ਇਸੇ ਗੁਰਦੁਆਰੇ ਵਿਚ ਸੁਰੱਖਿਅਤ ਹੈ। ਮਾਤਾ ਹਰਦੇਈ ਦੀ ਯਾਦ ਵਿਚ ਹੁਣ ਮਾਤਾ ਹਰਦੇਈ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਨੈਸ਼ਨਲ ਕਾਲਜ ਫਾਰ ਵਿਮੈਨ ਦੇ ਵਿਹੜੇ ਵਿਚ ਚੱਲ ਰਿਹਾ ਹੈ।
ਅਗਲੇ ਦਿਨ ਸ਼ਾਹੀ ਫੌਜਾਂ ਗੁਰੂ ਸਾਹਿਬ ਦਾ ਪਿੱਛਾ ਕਰਦੀਆਂ ਮਾਛੀਵਾੜਾ ਆ ਪੁੱਜੀਆਂ ਸਨ। ਹਾਲਾਤ ਨੂੰ ਵੇਖਦੇ ਹੋਏ ਮਸੰਦ ਗੁਲਾਬਾ, ਗ਼ਨੀ ਖਾਂ ਤੇ ਨਬੀ ਖਾਂ ਗੁਰੂ ਸਾਹਿਬ ਨੂੰ ਗੁਲਾਬੋ ਦੇ ਘਰੋਂ ਆਪਣੇ ਘਰ ਲੈ ਆਏ। ਗ਼ਨੀ ਖਾਂ-ਨਬੀ ਖਾਂ ਦੇ ਘਰ ਵਿਚ ਹੁਣ ਗੁਰਦੁਆਰਾ ਗ਼ਨੀ ਖਾਂ-ਨਬੀ ਖਾਂ ਹੈ। ਉਨ੍ਹਾਂ ਦੇ ਮਜ਼ਾਰ ਨੂੰ ਨਵਾਂ ਰੂਪ ਦਿੱਤਾ ਗਿਆ ਹੈ। ਗੁਰੂ ਸਾਹਿਬ ਦੇ ਠਹਿਰਨ ਵਾਲੇ ਕਮਰੇ ਨੂੰ ਵੀ ਨਵਾਂ ਰੂਪ ਦਿੱਤਾ ਗਿਆ ਹੈ। ਇਹ ਗੁਰਦੁਆਰਾ ਪਠਾਨ ਭਰਾਵਾਂ ਦੀ ਸਦੀਵੀ ਯਾਦਗਾਰ ਹੈ। ਨਬੀ ਖਾਂ-ਗ਼ਨੀ ਖਾਂ ਦੇ ਨਾਂ ‘ਤੇ 1971 ਵਿਚ ਗੇਟ ਬਣਾਇਆ ਗਿਆ ਹੈ। ਗੁਰੂ ਜੀ ਦਾ ‘ਹੁਕਮਨਾਮਾ’ ਵੀ ਇਸ ਗੁਰਦੁਆਰੇ ਵਿਚ ਸਾਂਭਿਆ ਪਿਆ ਹੈ। ਇਸੇ ਥਾਂ ‘ਤੇ ਮਸੰਦ ਗੁਲਾਬਾ, ਨਬੀ ਖਾਂ-ਗ਼ਨੀ ਖਾਂ, ਤਿੰਨ ਪਿਆਰੇ ਸਿੰਘਾਂ, ਸੱਯਦ ਪੀਰ ਮੁਹੰਮਦ ਨੂਰਪੁਰੀ ਤੇ ਪੀਰ ਚਿਰਾਗ ਸ਼ਾਹ ਅਜਮੇਰ ਵਾਲਿਆਂ ਨੇ ਗੁਰੂ ਸਾਹਿਬ ਨੂੰ ਉਚ ਦਾ ਪੀਰ ਬਣਾਉਣ ਦਾ ਮਤਾ ਪਕਾਇਆ ਕੀਤਾ ਸੀ। ਗੁਰੂ ਸਾਹਿਬ ਨੇ ਸਰਬਤ ਦਾ ਫੈਸਲਾ ਸਵੀਕਾਰ ਕਰਦਿਆਂ ਉਚ ਦਾ ਪੀਰ ਬਣਨਾ ਕਬੂਲ ਕਰ ਲਿਆ ਸੀ।
ਇਹ ਦੋਵੇਂ ਭਰਾ ਕੋਟਲਾ ਨਿਹੰਗ (ਭੱਠਾ ਸਾਹਿਬ) ਦੇ ਨਿਹੰਗ ਖਾਂ ਪਠਾਨ ਦੀ ਭੂਆ ਦੇ ਪੁੱਤਰ ਭਰਾ ਸਨ ਅਤੇ ਰਾਏਕੋਟ ਵਾਲਾ ਰਾਏ ਕੱਲਾ ਜਿਸ ਨੇ ਗੁਰੂ ਸਾਹਿਬ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਪਤਾ ਕਰਕੇ ਦੱਸਿਆ ਸੀ, ਨਿਹੰਗ ਖਾਂ ਦਾ ਕੁੜਮ ਸੀ। ਇਸ ਤਰ੍ਹਾਂ ਇਹ ਤਿੰਨੇ ਪਰਿਵਾਰ ਗੁਰੂ ਸਾਹਿਬ ਦੇ ਹਮਦਰਦ ਤੇ ਪ੍ਰੇਮੀ ਸਨ। ਇਨ੍ਹਾਂ ਨੇ ਆਪਣੀਆਂ ਜਾਨਾਂ ਖਤਰੇ ਵਿਚ ਪਾ ਕੇ ਗੁਰੂ ਸਾਹਿਬ ਨਾਲ ਪਿਆਰ ਨਿਭਾਉਂਦਿਆਂ, ਸਿਦਕ ਤੇ ਸਿਰੜ ਪੁਗਾਇਆ।
ਅਗਲੇ ਦਿਨ ਗੁਰੂ ਸਾਹਿਬ ਦਾ ਮਾਛੀਵਾੜਾ ਨੂੰ ਛੱਡ ਜਾਣ ਦਾ ਪ੍ਰੋਗਰਾਮ ਸੀ। ਗੁਰੂ ਜੀ ਉਚ ਦੇ ਪੀਰ ਦੇ ਰੂਪ ਵਿਚ ਸੁੰਦਰ ਪਲੰਘ ‘ਤੇ ਬਿਰਾਜਮਾਨ ਹੋ ਗਏ। ਪਲੰਘ ਨੂੰ ਨਬੀ ਖਾਂ-ਗ਼ਨੀ ਖਾਂ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਨੇ ਚੁੱਕਿਆ ਹੋਇਆ ਸੀ। ਭਾਈ ਦਇਆ ਸਿੰਘ ਚੌਰ ਕਰ ਰਹੇ ਸਨ। ਜਦ ਇਹ ਨੇਕ ਤੇ ਦਲੇਰ ਇਨਸਾਨ ਫੌਜੀ ਕੈਂਪ ਕੋਲ ਪੁੱਜੇ ਤਾਂ ਉਨ੍ਹਾਂ ਨੂੰ ਰੋਕ ਲਿਆ ਗਿਆ। ਉਸ ਵੇਲੇ ਮਾਛੀਵਾੜਾ ਮੁਗ਼ਲ ਸਿਪਾਹੀਆਂ ਦੀ ਛਾਉਣੀ ਬਣਿਆ ਹੋਇਆ ਸੀ।
ਫੌਜਾਂ ਦਾ ਮੁਖੀ ਦਲਾਵਰ ਖਾਂ ਸੀ। ਉਨ੍ਹਾਂ ਦੀ ਪੇਸ਼ੀ ਹੋਈ। ਗੁਰੂ ਸਾਹਿਬ ਦਾ ਉਸ ਨੂੰ ਭੁਲੇਖਾ ਲੱਗ ਚੁੱਕਾ ਸੀ। ਕੁਝ ਪ੍ਰਸ਼ਨ ਹੋਏ। ਨਿਡਰ ਤੇ ਨਿਧੜਕ ਭਰਾਵਾਂ ਨੇ ਆਖਿਆ ਕਿ ਇਹ ਉਨ੍ਹਾਂ ਦੇ ਪੀਰ ਹੀ ਨਹੀਂ, ਸਗੋਂ ਉਚ ਦੇ ਪੀਰ ਹਨ। ਦਲਾਵਰ ਖਾਂ ਜਰਨੈਲ ਨੇ ਸ਼ਨਾਖਤ ਲਈ ਤਿੰਨ ਉਘੇ ਮੁਸਲਮਾਨ ਧਾਰਮਿਕ ਆਗੂਆਂ ਕਾਜ਼ੀ ਅਨਾਇਤ ਅਲੀ, ਕਾਜ਼ੀ ਪੀਰ ਮੁਹੰਮਦ ਸਲੋਹ ਵਾਲੇ ਤੇ ਸੱਯਦ ਹਸਨ ਅਲੀ ਮੌਫੂ ਮਾਜਰੀਆ ਨੂੰ ਬੁਲਾਇਆ। ਉਨ੍ਹਾਂ ਜ਼ਾਲਮ ਤੇ ਮਜ਼ਲੂਮ ਦੀ ਟੱਕਰ ਵਿਚ ਹੱਕ ਤੇ ਸੱਚ ਦੀ ਪਛਾਣ ਕਰਦਿਆਂ ਜਾਣਬੁੱਝ ਕੇ ਆਖ ਦਿਤਾ ਸੀ ਕਿ ਇਹ ‘ਉਚ ਦੇ ਪੀਰ’ ਹੀ ਹਨ।
ਦਲਾਵਰ ਖਾਂ ਦੀ ਤਸੱਲੀ ਨਾ ਹੋਈ। ਫਿਰ ਉਸ ਨੇ ਖਾਣਾ ਖਾਣ ਲਈ ਕਿਹਾ। ਭਾਈ ਦਇਆ ਸਿੰਘ ਨੇ ਕਿਹਾ, “ਪੀਰ ਸਾਹਿਬ, ਰੋਜ਼ੇ ‘ਤੇ ਹਨ।” ਦਲਾਵਰ ਖਾਂ ਨੇ ਦੂਜੇ ਸਾਥੀਆਂ ਨੂੰ ਖਾਣੇ ਵਿਚ ਸ਼ਰੀਕ ਹੋਣ ਦਾ ਹੁਕਮ ਕੀਤਾ। ਗੁਰੂ ਸਾਹਿਬ ਨੇ ਖਾਣਾ ਖਾਣ ਦੀ ਆਗਿਆ ਦਿੰਦਿਆਂ ਉਨ੍ਹਾਂ ਨੂੰ ਕ੍ਰਿਪਾਨ ਖਾਣੇ ਵਿਚ ਫੇਰ ਕੇ ਖਾਣਾ ਛਕ ਲੈਣ ਦੀ ਸਲਾਹ ਦਿੱਤੀ। ਸਾਰੇ ਸਾਥੀਆਂ ਨੇ ਖਾਣੇ ਵਿਚ ਕ੍ਰਿਪਾਨ ਫੇਰ ਕੇ ਖਾਣਾ ਛਕ ਲਿਆ।
“ਖਾਣੇ ਵਿਚ ਕਰਦ ਕਿਉਂ ਫੇਰੀ?” ਕਿਸੇ ਅਫਸਰ ਨੇ ਪੁੱਛਿਆ।
“ਸਾਡੇ ਪੀਰ ਦਾ ਹੁਕਮ ਹੈ ਕਿ ਖਾਣਾ ਖਾਣ ਤੋਂ ਪਹਿਲਾਂ ਖਾਣੇ ਵਿਚ ਕਰਦ ਫੇਰੋ। ਇਸ ਤਰ੍ਹਾਂ ਖਾਣਾ ਪਾਕ ਹੋ ਜਾਂਦਾ ਹੈ।” ਧਰਮ ਸਿੰਘ ਨੇ ਉਤਰ ਮੋੜਿਆ।
ਇਸ ਤਰ੍ਹਾਂ ਦਲਾਵਰ ਖਾਂ ਦੀ ਤਸੱਲੀ ਹੋ ਗਈ। ਉਸ ਨੇ ਉਚ ਦੇ ਪੀਰ ਨੂੰ ਅਗਾਂਹ ਜਾਣ ਦੀ ਆਗਿਆ ਦੇ ਦਿੱਤੀ। ਇਸ ਪਰਖ ਵਾਲੀ ਥਾਂ ‘ਤੇ ਗੁਰਦੁਆਰਾ ਕ੍ਰਿਪਾਨ ਭੇਟ ਬਣਿਆ ਹੋਇਆ ਹੈ। ਇਸ ਨੂੰ ਨਿਹੰਗਾ ਸਿੰਘਾਂ ਦੀ ਛਾਉਣੀ ਵੀ ਕਿਹਾ ਜਾਂਦਾ ਹੈ। ਗੁਰੂ ਜੀ ਇਥੋਂ ਘੁਲਾਲ, ਕਟਾਣਾ ਸਾਹਿਬ ਨੂੰ ਹੁੰਦੇ ਹੋਏ ਆਲਮਗੀਰ ਪੁੱਜ ਗਏ। ਨਬੀ ਖਾਂ ਤੇ ਗ਼ਨੀ ਖਾਂ ਗੁਰੂ ਜੀ ਨੂੰ ਆਲਮਗੀਰ ਤਕ ਛੱਡ ਕੇ ਮੁੜੇ ਸਨ। ਉਥੇ ਅੱਜਕੱਲ੍ਹ ਗੁਰਦੁਆਰਾ ਮੰਜੀ ਸਾਹਿਬ ਹੈ।
ਆਲਮਗੀਰ ਭਾਈ ਨਿਘਾਈਆ ਸਿੰਘ ਨੇ ਆਪ ਜੀ ਨੂੰ ਘੋੜਾ ਪੇਸ਼ ਕੀਤਾ। ਉਥੋਂ ਗੁਰੂ ਜੀ ਰਾਏਕੋਟ ਰਾਏ ਕੱਲਾ ਕੋਲ ਪੁੱਜ ਗਏ। ਉਥੋਂ ਆਪ ਮਾਲਵੇ ਦੀ ਧਰਤੀ ਮੁਕਤਸਰ ਪੁੱਜ ਗਏ ਜਿਥੇ 1705 ਈਸਵੀ ਵਿਚ ਗੁਰੂ ਜੀ ਨੂੰ ਮੁਗ਼ਲਾਂ ਨਾਲ ਫੈਸਲਾਕੁਨ ਯੁੱਧ ਕਰਨਾ ਪਿਆ।
ਮਾਛੀਵਾੜਾ ਤੋਂ ਹੀ ਗੁਰੂ ਜੀ ਨੇ ਔਰੰਗਜ਼ੇਬ ਨੂੰ ਫਤਹਿਨਾਮਾ ਪੱਤਰ ਲਿਖਿਆ ਸੀ। ਇਥੇ ਹੀ ਉਨ੍ਹਾਂ ਨੇ ਗ਼ਨੀ ਖਾਂ-ਨਬੀ ਖਾਂ ਨੂੰ ਜਿਹੜਾ ਹੁਕਮਨਾਮਾ ਲਿਖਿਆ ਸੀ, ਉਹ ਇਸ ਤਰ੍ਹਾਂ ਹੈ:
ਹੁਕਮਨਾਮਾ ਪਾਤਸ਼ਾਹੀ ੧੦, ੧ਓ ਸਤਿਗੁਰ ਪ੍ਰਸਾਦਿ ਨਿਸ਼ਾਨ ਪਾਤਸ਼ਾਹੀ ੧0-ਸ੍ਰੀ ਵਾਹਿਗੁਰੂ ਜੀ ਦੀ ਆਗਿਆ ਹੈ ਸਰਬਤ ਸੰਗਤਿ ਉਪ੍ਰਿ ਮੇਰਾ ਹੁਕਮ ਹੈ ਗ਼ਨੀ ਖਾਂ-ਨਬੀ ਖਾਂ ਏਹ ਹੈ ਜੋ ਹੈ ਕਿ ਮੇਰੇ ਫਰਜੰਦਾਂ ਸੈ ਬਿਹਜ ਹੈਨਿ। ਮੇਰੇ ਕੰਮ ਆਏ ਹਨ। ਜੋ ਸਿਖਿ ਇਨਿ ਕੀ ਖਿਜਮਤਿ ਅੰਦਰਿ ਰਜੂ ਰਹੇਗਾ, ਸੋ ਨਿਹਾਲ ਹੋਗੁ। ਉਨ੍ਹਾਂ ਉਪਰਿ ਮੇਰੀ ਖੁਸ਼ੀ ਹੋਗੀ। ਉਸ ਉਪਰ ਮੇਰਾ ਹਥੁ ਹੋਗੁ। ਏਹ ਜੋ ਹੈਨਿ ਸੋ ਮੇਰੇ ਹੈਨਿ। ਜੋ ਸਿਖਿ ਇਨ ਕੀ ਸੇਵਾ ਕਰੇਗਾ ਸੋ ਮੇਰੀ ਕਰੇਗਾ।
ਗ਼ਨੀ ਖਾਂ ਤੇ ਨਬੀ ਖਾਂ ਦੀ ਔਲਾਦ ਅੱਜਕੱਲ੍ਹ ਲਾਹੌਰ ਬਾਜ਼ਾਰ ਹਕੀਮਾਂ (ਪਾਕਿਸਤਾਨ) ਵਿਚ ਰਹਿ ਰਹੀ ਹੈ। ਮਾਛੀਵਾੜਾ ਵਿਚ ਪਠਾਨ ਭਰਾਵਾਂ ਦੀ ਯਾਦ ਵਿਚ 1970 ਵਿਚ ਗੇਟ ਅਤੇ ਸਰਕਾਰੀ ਹਸਪਤਾਲ ਦਾ ਨਾਂ ਗ਼ਨੀ ਖਾਂ-ਨਬੀ ਖਾਂ ਹਸਪਤਾਲ 1982 ਵਿਚ ਰੱਖਿਆ ਗਿਆ।