ਗੁਰਮੁਖਿ ਤਤੁ ਵਿਚਾਰੀ: ਪੰਜਾਬ ਪੰਜਾਬੀਆਂ ਦਾ

ਹਾਲ ਹੀ ਵਿਚ ਟੀ. ਵੀ. ਚੈਨਲ ‘ਨਿਊਜ਼-18’ ਦੇ ਪੱਤਰਕਾਰ ਯਾਦਵਿੰਦਰ ਸਿੰਘ ਨੇ ਉਘੇ ਵਿਦਵਾਨ ਸੁਮੇਲ ਸਿੰਘ ਸਿੱਧੂ ਅਤੇ ਪੱਤਰਕਾਰ ਜਸਪਾਲ ਸਿੰਘ ਸਿੱਧੂ ਨਾਲ ਪੰਜਾਬ ਅਤੇ ਸਿੱਖੀ ਦੇ ਪ੍ਰਸੰਗ ਵਿਚ ਦਿਲਚਸਪ ਸੰਵਾਦ ਰਚਾਇਆ ਸੀ। ਇਸ ਸੰਵਾਦ ਵਿਚੋਂ ਪੰਜਾਬ ਬਾਰੇ ਕਈ ਤੱਥ ਉਭਰ ਕੇ ਸਾਹਮਣੇ ਆਏ ਹਨ। ਬੀਬੀ ਮੋਨੀਕਾ ਕੁਮਾਰ ਨੇ ਇਸ ਸੰਵਾਦ ਬਾਰੇ ਆਪਣੇ ਇਸ ਲੇਖ ਵਿਚ ਟਿੱਪਣੀ ਕੀਤੀ ਹੈ ਜੋ ਅਸੀਂ ਆਪਣੇ ਪਾਠਕਾਂ ਲਈ ਛਾਪ ਰਹੇ ਹਾਂ।

-ਸੰਪਾਦਕ

ਮੋਨੀਕਾ ਕੁਮਾਰ

ਪਿਛਲੇ ਦਿਨੀਂ ਪੰਜਾਬ ਅਤੇ ਸਿੱਖੀ ਦੇ ਸੰਕਟ ਬਾਰੇ ਸਵਾਲ-ਜਵਾਬ ਦਾ ਲੰਮਾ ਵੀਡੀਓ ਦੇਖਿਆ। ਵਿਦਵਾਨ ਸੁਮੇਲ ਸਿੰਘ ਸਿੱਧੂ ਅਤੇ ਪੱਤਰਕਾਰ ਜਸਪਾਲ ਸਿੰਘ ਸਿੱਧੂ ਨਾਲ ਚੱਲੇ ਇਸ ਸੰਵਾਦ ਦਾ ਸੂਤਰਧਾਰ ਯਾਦਵਿੰਦਰ ਕਰਫਿਊ ਹੈ। ਸੂਤਰਧਾਰ ਦੀ ਯੋਗ ਅਗਵਾਈ ਵਿਚ ਬੇਲੋੜੇ ਮੁੱਦਿਆਂ ਵਿਚ ਉਲਝੇ ਬਿਨਾ ਨਿੱਖਰੀ ਗੱਲਬਾਤ ਹੋਈ। ਸੰਵਾਦ ਦੀ ਚੰਗੀ ਗੱਲ ਇਹ ਹੈ ਕਿ ਇਨ੍ਹਾਂ ਦੋਹਾਂ ਸੰਵਾਦੀਆਂ ਨੂੰ ਪੰਜਾਬ ਦੀਆਂ ਦੋ ਮੁੱਖ ਸੋਚਾਂ ਜਾਂ ਵਿਚਾਰਧਾਰਾਵਾਂ ਦੀਆਂ ਬਤੌਰ ਪ੍ਰਤੀਨਿਧ ਆਵਾਜ਼ਾਂ ਵੇਖਿਆ ਤੇ ਸੁਣਿਆ ਜਾ ਸਕਦਾ ਹੈ। ਇਕ ਉਹ ਧਿਰ ਹੈ ਜੋ 84 ਦੇ ਘਾਣ ਤੋਂ ਲੂਹੀ ਤੇ ਬੇਜ਼ਾਰ ਹੋਈ, ਕੇਂਦਰ ਸਰਕਾਰਾਂ ਵਲੋਂ ਸਿੱਖਾਂ ਨਾਲ ਹੋਏ ਅਨਿਆਂ ਨੂੰ ਕੇਂਦਰ ਵਿਚ ਰੱਖ ਕੇ ਪੰਜਾਬ ਸੰਕਟ ਬਾਰੇ ਸੋਚਦੀ ਹੈ, ਤੇ ਦੂਜੀ ਧਿਰ ਜੋ ਵੱਖਵਾਦੀ ਵਿਚਾਰਧਾਰਾ ਦਾ ਖੰਡਨ ਕਰਦੀ ਸਿੱਖੀ ਦੇ ਸੰਕਟ ਦਾ ਵਿਸਤਾਰ ਕਰਕੇ ਇਸ ਨੂੰ ਪੰਜਾਬ ਦਾ ਸੰਕਟ ਮੰਨਦੀ ਹੈ। ਇਹ ਸੰਵਾਦ ਇਸ ਲੇਖ ਦਾ ਪ੍ਰਸਥਾਨ ਬਿੰਦੂ ਹੈ।
ਬਹਿਸ ਸੁਣ ਕੇ ਇਕ ਵਾਰ ਫਿਰ ਲੱਗਾ ਕਿ ਸੱਚ ਤੇ ਨਿਆਂ ਦੇ ਫੈਸਲੇ ਕਰਨੇ ਬੜੇ ਔਖੇ ਹੁੰਦੇ ਨੇ। ਗੱਲਬਾਤ ਦੇ ਅੰਤ ਤਕ ਪਹੁੰਚਦਿਆਂ ਅਹਿਸਾਸ ਹੋਇਆ ਕਿ ਕਿਸੇ ਵਿਚਾਰ ਬਾਰੇ ਸਪਸ਼ਟ ਪੁਜ਼ੀਸ਼ਨ ਲੈਣ ਦੇ ਬਾਵਜੂਦ ਅਸੀਂ ਮਸਲੇ ਦੀਆਂ ਸਾਰੀਆਂ ਬਾਰੀਕੀਆਂ ਨੂੰ ਆਪੋ-ਆਪਣੇ ਫੈਸਲਿਆਂ ਵਿਚ ਨਹੀਂ ਸਮੇਟ ਸਕਦੇ। ਪੰਜਾਬੀ ਹੋਣ ਦੇ ਨਾਤੇ ਇਨ੍ਹਾਂ ਦੋਹਾਂ ਦੇ ਵਿਚਾਰਾਂ ਨੂੰ ਸੰਵੇਦਨਸ਼ੀਲ ਹੋ ਕੇ ਸੋਚਾਂ ਤਾਂ ਦੋਹਾਂ ਦੀਆਂ ਵਿਰੋਧੀ ਗੱਲਾਂ ਵਿਚ ਵੀ ਸੱਚ ਨਜ਼ਰ ਆਉਂਦਾ ਹੈ। ਸੁਮੇਲ ਸਿੰਘ ਸਿੱਧੂ ਦੀ ਗੱਲ ਠੀਕ ਹੈ ਕਿ ਇਸ ਦੁਨੀਆ ਦਾ ਕੋਈ ਸੁਹਿਰਦ ਮਨੁੱਖ ਹਿੰਸਾ ਦਾ ਹਿਮਾਇਤੀ ਨਹੀਂ ਹੋ ਸਕਦਾ ਪਰ ਜਸਪਾਲ ਸਿੰਘ ਸਿੱਧੂ ਦੀ ਗੱਲ ਵੀ ਵਾਜਿਬ ਹੈ ਕਿ ਜਿਨ੍ਹਾਂ ਕੌਮਾਂ/ਭਾਈਚਾਰਿਆਂ ਉਤੇ ਇੰਨੀ ਹਿੰਸਾ ਵਰਤਾਈ ਜਾਂਦੀ ਹੈ, ਉਨ੍ਹਾਂ ਦੇ ਜ਼ਖਮ ਜੁੱਗਾਂ ਤਕ ਅੱਲੇ ਰਹਿੰਦੇ ਨੇ। ਇਹ ਜ਼ਖਮ ਇਸ ਕਰਕੇ ਵੀ ਅੱਲੇ ਰਹਿੰਦੇ ਨੇ, ਕਿਉਂਕਿ ਜ਼ਖਮ ਦਾ ਇਲਾਜ ਵੀ ਚੰਗੀ ਤਰ੍ਹਾਂ ਨਹੀਂ ਹੁੰਦਾ ਤੇ ਨਾ ਹੀ ਇਸ ਉਤੇ ਕੋਈ ਮਲ੍ਹਮ ਲਾਉਂਦਾ ਹੈ। ਪੰਜਾਬ ਦੀ ਇਹ ਬਦਨਸੀਬੀ ਰਹੀ ਹੈ ਕਿ ਅਜੇ ਇਹ ਇਕ ਘਾਣ ਤੋਂ ਵੀ ਨਹੀਂ ਉਭਰਿਆ ਹੁੰਦਾ ਕਿ ਇਸ ਉਤੇ ਹੋਰ ਜ਼ੁਲਮ ਹੁੰਦੇ ਰਹੇ। ਸੱਟ ਉਤੇ ਸੱਟ ਵੱਜੀ ਜਾਵੇ ਤਾਂ ਜ਼ਖਮ ਬਹੁਤ ਗਹਿਰੇ ਹੋ ਜਾਂਦੇ ਨੇ। ਅਜਿਹੇ ਦੁੱਖਾਂ ਵਿਚ ਵਿੰਨ੍ਹੇ ਮਨੁੱਖ ਦਾ ਸਿਰਫ ਸਰੀਰ ਦੁੱਖ ਨਹੀਂ ਝੱਲਦਾ ਸਗੋਂ ਉਸ ਦਾ ਮਨ ਵੀ ਸਦਾ ਲਈ ਓਦਰ ਜਾਂਦਾ ਏ।
ਆਜ਼ਾਦੀ ਤੋਂ ਬਾਅਦ ਵੀ ਵੱਖੋ-ਵੱਖਰੀ ਅੱਗ ਵਿਚ ਹੀ ਸਹੀ ਪਰ ਸਾਰਾ ਦੇਸ਼ ਝੁਲ਼ਸ ਰਿਹਾ ਹੈ, ਇਹੋ ਜਿਹੇ ਹਾਲਾਤ ਵਿਚ ਜ਼ਖਮੀ ਕੌਮਾਂ ਆਪਣੀ ਸੁਰੱਖਿਆ ਲਈ ਅਤਿਵਾਦ ਵੱਲ ਲਿਫ ਜਾਂਦੀਆਂ ਨੇ। ਇਸ ਬਹਿਸ ਵਿਚ ਦੋਹਾਂ ਦੀ ਗੱਲਬਾਤ ਸੁਣ ਕੇ ਮਹਿਸੂਸ ਹੋਇਆ ਕਿ ਪੰਜਾਬ ਤੇ ਸਿੱਖੀ ਦੇ ਸੰਕਟ ਦੀ ਵਿਆਖਿਆ ਇਨ੍ਹਾਂ ਦੋਹਾਂ ਨੇ ਠੀਕ ਕੀਤੀ ਹੈ ਤੇ ਇਨ੍ਹਾਂ ਦੀ ਗੱਲਬਾਤ ਇਕ ਹੋਰ ਸਾਰਥਿਕ ਬਹਿਸ ਤੇ ਚਿੰਤਨ ਦਾ ਮੌਕਾ ਬਣਾਉਂਦੀ ਹੈ।
ਸੋਚਣ ਵਾਲੀ ਗੱਲ ਹੈ ਕਿ ਪੰਜਾਬ ਸੰਕਟ ਕੀ ਹੈ ਤੇ ਸਿੱਖੀ ਦਾ ਸੰਕਟ ਕੀ ਹੈ? ਕੀ ਸਿੱਖੀ ਦਾ ਸੰਕਟ ਪੰਜਾਬ ਦੇ ਸੰਕਟ ਵਿਚ ਸਮਾ ਸਕਦਾ ਏ ਜਾਂ ਸਿੱਖੀ ਦਾ ਸੰਕਟ ਕੇਵਲ ਆਪਣਾ ਸੰਕਟ ਹੈ ਤੇ ਪੰਜਾਬ ਦਾ ਸੰਕਟ ਕੁਝ ਹੋਰ ਏ? ਇੱਦਾਂ ਦੀ ਵੰਡ ਪਾਉਣੀ ਬੜੀ ਔਖੀ ਹੈ ਕਿ ਧਰਮ ਜਾਂ ਵਿਰਸੇ ਵਿਚੋਂ ਕਿਸ ਦੀ ਤਾਕਤ ਵੱਡੀ ਹੈ, ਕਿਉਂਕਿ ਵਿਰਸੇ ਦੇ ਹੀ ਕਿਸੇ ਖਾਸ ਬਿੰਦੂ ‘ਤੇ ਕਿਸੇ ਧਰਮ ਦਾ ਜਨਮ ਹੁੰਦਾ ਏ ਤੇ ਕਾਲਾਂਤਰ ਵਿਚ ਇਹ ਦੋਵੇਂ ਇਕ ਦੂਜੇ ਨੂੰ ਪ੍ਰਭਾਵਿਤ ਤੇ ਪ੍ਰਭਾਸ਼ਿਤ ਕਰਦੇ ਰਹਿੰਦੇ ਨੇ। ਸਮੱਸਿਆ ਇਹ ਹੈ ਕਿ ਕਿਸੇ ਇਕ ਧਰਮ ਨਾਲ ਪਰਣਾਏ ਲੋਕ ਆਪਣੇ ਵਖਰੇ ਖਿੱਤੇ ਜਾਂ ਪਛਾਣ ਦਾ ਦਾਅਵਾ ਪੇਸ਼ ਕਰ ਸਕਦੇ ਨੇ ਪਰ ਉਸ ਖਿੱਤੇ ਵਿਚ ਰਹਿੰਦੀ ਲੁਕਾਈ ਦਾ ਚਰਿਤਰ ਵੰਨ-ਸਵੰਨਾ ਹੁੰਦਾ ਹੈ। ਆਪਣੇ ਖਿੱਤੇ ਦੀ ਮੰਗ ਕਰਦਿਆਂ ਅਚਾਨਕ ਹੀ ਅਸੀਂ ਪੰਜਾਬ ਦੀ ਵੰਨ-ਸਵੰਨੀ ਘੜਤ ਨੂੰ ਓਹਲੇ ਕਰਕੇ ਸੰਗਦਿਲ ਹੋ ਜਾਂਦੇ ਹਾਂ। ਸਮਝ ਨਹੀਂ ਆਉਂਦੀ ਕਿ ਸਾਡੀ ਧਾਰਮਿਕ ਪਛਾਣ ਜ਼ਿਆਦਾ ਫੈਸਲਾਕੁਨ ਹੈ ਜਾਂ ਸੂਬਾਈ ਪਛਾਣ। ਸਚਾਈ ਇਹ ਹੈ ਕਿ ਪੰਜਾਬ ‘ਚ ਅਜਿਹਾ ਕੋਈ ਸਿੱਖ ਨਹੀਂ, ਜਿਸ ਦੇ ਜੀਵਨ ਵਿਚ ਹਿੰਦੂ ਰਿਸ਼ਤਾ ਜਾਂ ਸਬੰਧ ਨਹੀਂ ਤੇ ਪੰਜਾਬ ਵਿਚ ਅਜਿਹਾ ਕੋਈ ਹਿੰਦੂ ਨਹੀਂ, ਜਿਸ ਦੀ ਅੱਧੀ ਦਿਹਾੜੀ ਵੀ ਬਿਨਾ ਕਿਸੇ ਸਿੱਖ ਨਾਲ ਵਰਤਿਆਂ ਲੰਘਦੀ ਹੋਵੇ। ਕਿਸੇ ਨਾ ਕਿਸੇ ਸਬੰਧ ਜਾਂ ਆਹਰ-ਵਪਾਰ ਵਿਚ ਹਰ ਵੇਲੇ ਹਿੰਦੂ ਸਿੱਖ ਤੇ ਹੋਰ ਧਰਮਾਂ ਦੇ ਲੋਕ ਗੁੱਝੇ ਹੋਏ ਨੇ। ਸਾਡਾ ਅਸਲ ਜੀਵਨ, ਰੋਜ਼ਾਨਾ ਜੀਵਨ ਇੰਨਾ ਰਲਗੱਡ ਹੈ ਕਿ ਜੇ ਧਰਮ ਦੇ ਆਧਾਰ ‘ਤੇ ਅਸੀਂ ਪੰਜਾਬ ਦਾ ਜੀਵਨ ਇਕ ਦਿਨ ਲਈ ਵੀ ਵੰਡ ਦੇਵੀਏ, ਤਾਂ ਅਸੀਂ ਇਸ ਤੋਂ ਵੀ ਊਣੇ ਹੋ ਜਾਵਾਂਗੇ, ਜਿੰਨਾ ਊਣਾ ਅਸੀਂ ਅੱਜ ਮਹਿਸੂਸ ਕਰਦੇ ਹਾਂ। ਸਿਆਸਤ ਦੇ ਫਰੇਬ ਨੂੰ ਇਕ ਮਿੰਟ ਭੁੱਲ ਵੀ ਜਾਈਏ, ਤਾਂ ਵੱਖਰੇ ਦੇਸ਼ ਦੀ ਮੰਗ ਝੂਠ ਨਹੀਂ ਲਗਦੀ ਪਰ ਮੈਨੂੰ ਇਹ ਮੰਗ ਕਿਸੇ ਜ਼ਖਮੀ ਦਿਲ ਦੀ ਚੀਕ ਲਗਦੀ ਹੈ। ਇਸ ਜ਼ਖਮੀ ਦਿਲ ਨੂੰ ਨਹੀਂ ਪਤਾ ਕਿ ਇਸ ਵਿਚਾਰ ਦੀ ਤਾਮੀਲ ਹੋ ਜਾਵੇ ਤਾਂ ਇਸ ਦਾ ਰੂਪ ਉਸ ਨੂੰ ਆਪ ਹੀ ਨਹੀਂ ਸੋਭਣਾ।
ਇਸ ਮੰਗ ਵਿਚ ਤਰਕ ਤੋਂ ਜ਼ਿਆਦਾ ਦਰਦ ਦਿਸਦਾ ਹੈ। ਹੋ ਸਕਦਾ ਹੈ, ਇਸੇ ਦੇਸ਼ ਵਿਚ ਕੁਝ ਅਜਿਹੇ ਸੂਬੇ ਹੋਣ ਜਿਨ੍ਹਾਂ ਦੀ ਵਸੋਂ ਨੂੰ ਇਕ ਭਾਸ਼ਾ ਤੇ ਇਕ ਧਰਮ ਦੇ ਆਧਾਰ ‘ਤੇ ਪਰੋਇਆ ਜਾ ਸਕੇ ਪਰ ਪੰਜਾਬ ਦਾ ਇਤਿਹਾਸ ਇਹ ਨਹੀਂ ਹੈ। ਸੈਂਕੜੇ ਹਾਦਸਿਆਂ, ਲੁੱਟਾਂ, ਵਧੀਕੀਆਂ ਤੇ ਜੰਗਾਂ ਦੀ ਸ਼ਿਕਾਰ ਹੋਈ ਇਹ ਭੂਮੀ ਸਰਾਪੀ ਹੋਈ ਹੈ। ਫਿਰ ਵੀ ਇਹ ਮੁਤਬਰਕ ਜ਼ਮੀਨ ਹੈ, ਜਿਸ ਉਤੇ ਜਨਮ ਲੈਣਾ ਤੇ ਵੱਡੇ ਹੋਣਾ ਕਰਮਾਂ ਦੀ ਰੁਸ਼ਨਾਈ ਲਗਦਾ ਏ। ਇਸ ਧਰਤੀ ਤੇ ਰਹਿੰਦਿਆਂ ਚਾਹੇ ਜਿੰਨਾ ਦੁੱਖ-ਸੰਤਾਪ ਮਿਲ ਜਾਵੇ, ਫਿਰ ਵੀ ਆਪਣੀ ਕਿਸਮਤ ਕਿਸੇ ਹੋਰ ਨਾਲ ਵਟਾਉਣ ਨੂੰ ਜੀਅ ਨਹੀਂ ਕਰਦਾ। ਅਜਿਹਾ ਕਿਉਂ ਹੈ ਕਿ ਇਥੋਂ ਦੂਰ ਜਾ ਕੇ ਵੀ ਮਨ ਇਸੇ ਵਿਚ ਰਮਿਆ ਰਹਿੰਦਾ ਏ। ਦੂਰ ਵਸਦੇ ਲੋਕ ਇਸ ਨੂੰ ਯਾਦ ਕਰਕੇ ਆਪਣਾ ਮਨ ਭਿਉਂਦੇ ਰਹਿੰਦੇ ਨੇ ਤੇ ਇਸੇ ਕਮਜ਼ੋਰੀ ਨੂੰ ਆਪਣੀ ਤਾਕਤ ਬਣਾ ਕੇ ਜੀਵਨ ਦੇ ਭਵਜਲ ਵਿਚ ਡੁੱਬਦੇ-ਤਰਦੇ ਰਹਿੰਦੇ ਨੇ। ਦਰਅਸਲ, ਧਰਮ ਤੇ ਵਿਰਸੇ ਨਾਲ ਰਲ਼ਿਆ-ਮਿਲ਼ਿਆ ਸਭ ਤੋਂ ਵੱਡਾ ਤੇ ਗਹਿਰਾ, ਸ਼ਾਹਰਗ ਵਾਲ਼ਾ ਰਿਸ਼ਤਾ ਮਾਤਭੂਮੀ ਨਾਲ ਹੈ; ਜਿਥੇ ਇਨਸਾਨ ਜੰਮਦਾ ਹੈ, ਬਚਪਨ ਗੁਜ਼ਾਰਦਾ ਏ ਤੇ ਜਵਾਨ ਹੁੰਦਾ ਹੈ। ਸਾਡੇ ਵਜੂਦ, ਸਾਡੀ ਹੋਣੀ ਦੀ ਸਭ ਤੋਂ ਡੂੰਘੀ ਜੜ੍ਹ ਐਸੀ ਕਿਸੇ ਸੱਚਾਈ ਤਕ ਜਾਂਦੀ ਹੈ, ਜੋ ਧਰਮ ਤੇ ਕੌਮ ਦੇ ਸਵਾਲ ਤੋਂ ਵੀ ਵੱਡੀ ਹੈ; ਕਿਉਂਕਿ ਧਰਮ ਪ੍ਰਤੀ ਲਗਾਓ ਤੇ ਨਿਸ਼ਠਾ ਵੀ ਖਾਸ ਵਿਰਾਸਤੀ ਮਾਹੌਲ ਵਿਚ ਹੀ ਪ੍ਰਵਾਨ ਚੜ੍ਹਦੀ ਹੈ।
ਮਨੁੱਖ ਸਮ੍ਰਿਤੀ ਦਾ ਜੀਵ ਹੈ। ਅਸੀਂ ਆਪਣੀਆਂ ਮਿਠੀਆਂ-ਕਸੈਲ਼ੀਆਂ ਸਮ੍ਰਿਤੀਆਂ ਦਾ ਕੁਲ ਜੋੜ ਹਾਂ। ਜਨਮ ਲੈਂਦਿਆਂ ਹੀ ਬੇਸ਼ਕ, ਸਾਡੀ ਧਾਰਮਿਕ ਜਾਂ ਕੌਮੀ ਪਛਾਣ ਬਣ ਜਾਂਦੀ ਹੈ ਪਰ ਸਾਡੀ ਆਬੋ-ਹਵਾ ਵਿਚ ਇਸ ਤੋਂ ਇਲਾਵਾ ਵੀ ਬਹੁਤ ਕੁਝ ਰਲ਼ਿਆ ਹੁੰਦਾ ਹੈ ਜੋ ਸਾਡੇ ਧਰਮ ਜਾਂ ਕੌਮ ਤੋਂ ਜੁਦਾ ਹੈ। ਇਸ ਸੰਘਣੀ ਹਵਾ ਚੋਂ ਸਾਹ ਭਰ ਕੇ ਹੀ ਮਨੁੱਖ ਦੇ ਜੀਵਨ ਦਾ ਵਿਚਾਰ ਉਸਰਦਾ ਹੈ। ਮਨੁੱਖ ਦੀ ਹੋਣੀ ਦੇ ਤਸੱਵੁਰ ਵਿਚੋਂ ਕੋਈ ਇਕ ਤੰਦ ਛਾਂਟ ਕੇ ਉਸ ਨੂੰ ਜਿਊਣਾ ਕੋਈ ਆਖਦਾ ਹੋਵੇ, ਤਾਂ ਐਸੀ ਅਕਲ ਨੂੰ ਛਿੱਕੇ ਟੰਗਣਾ ਭਲਾ ਹੈ। ਆਪਣੀ ਪਛਾਣ ਦਾ ਪੇਤਲਾ ਫਲਸਫਾ ਬਣਾਉਣਾ ਪੰਜਾਬੀਆਂ ਦਾ ਸੁਭਾਅ ਨਹੀਂ ਏ। ਪੰਜਾਬ ਦੀ ਐਸੀ ਕੋਈ ਗਲੀ ਨੁੱਕਰ ਨਹੀਂ, ਜਿਸ ਦੇ ਜੀਵਨ ਦਾ ਸਾਰਾ ਕਾਰੋਬਾਰ ਕੇਵਲ ਆਪਣੇ ਹਾਮੀਆਂ/ਪੱਖ ਵਾਲਿਆਂ ਦੇ ਸਿਰ ‘ਤੇ ਚਲਦਾ ਹੋਵੇ। ਧਰਮ ਦੇ ਆਧਾਰ ਤੇ ਵੱਖਰੇ ਦੇਸ਼ ਦੀ ਮੰਗ ਕਰਨਾ ਸਿਆਸੀ ਤੌਰ ‘ਤੇ ਕਿਸੇ ਪਖੋਂ ਚਾਹੇ ਵਾਜਿਬ ਕਰਾਰ ਦੇ ਵੀ ਦਿੱਤਾ ਜਾਏ ਪਰ ਇਹ ਵਿਚਾਰ ਪੰਜਾਬ ਦੇ ਸੁਹਣੇ ਜੀਵਨ ਦੀ ਕਲਪਨਾ ਦੇ ਪਾਸਕੂ ਵੀ ਨਹੀਂ।
ਪੰਜਾਬ ਨੇ ਪਰਦੇਸੀਆਂ ਤੋਂ ਸਿੱਖ ਕੇ ਵੀ ਆਪਣਾ ਵਿਸਤਾਰ ਕੀਤਾ ਹੈ। ਇਸ ਦੇ ਨੀਵੇਂ ਬਨੇਰਿਆਂ ਤੇ ਖੁੱਲ੍ਹੇ ਬੂਹਿਆਂ ਨੇ ਬਦਨੀਤ ਲੋਕਾਂ ਨੂੰ ਵੀ ਗਲ਼ ਨਾਲ ਲਾਇਆ ਹੈ ਤੇ ਆਪਣੇ ਵਿਚ ਰਲ਼ਾਇਆ ਹੈ। ਇਸ ਕੌਮ ਨੇ ਗੁਰਬਾਣੀ, ਸੂਫੀਬਾਣੀ ਤੇ ਲੋਕਬਾਣੀ ਦੇ ਆਸਰੇ ਦੁੱਖਾਂ ਵਿਚੋਂ ਵੀ ਸੁੱਖ ਪਾਇਆ ਹੈ ਅਤੇ ਆਪਣੇ ਸਿਰੜ ਤੇ ਸੰਜਮ ਨਾਲ ਜੱਗ-ਜਹਾਨ ਨੂੰ ਹੈਰਾਨ ਕੀਤਾ ਹੈ। ਪੰਜਾਬ ਦਾ ਵਿਰਸਾ ਬੇਸ਼ਕੀਮਤੀ ਦੌਲਤ ਹੈ। ਇਹ ਅਜਿਹਾ ਪਾਰਸ ਪੱਥਰ ਹੈ ਜਿਸ ਦੀ ਸੰਭਾਲ ਸੱਚੀਂ ਹੀ ਬਹੁਤ ਜੋਖੋਂ ਦਾ ਕੰਮ ਹੈ। ਪੰਜਾਬ ਦੇ ਸੰਕਟ ਦਾ ਹੱਲ ਪੰਜਾਬ ਦੀਆਂ ਸਿਆਸੀ ਪਾਰਟੀਆਂ ਕੋਲ਼ ਨਹੀਂ, ਪੰਜਾਬ ਦੀ ਲੁਕਾਈ ਕੋਲ਼ ਹੈ। ਪੰਜਾਬੀਆਂ ਨੂੰ ਕਦੇ ਆਪਣਾ ਹੱਕ ਨਹੀਂ ਮਿਲਿਆ। ਇਨ੍ਹਾਂ ਕਦੇ ਹੋਸ਼ ਵਿਚ ਆਪਣੇ ਫੈਸਲੇ ਆਪ ਨਹੀਂ ਕੀਤੇ। ਇਸ ਹੰਭੀ ਕੌਮ ਨੇ ਲੋੜ ਤੋਂ ਜ਼ਿਆਦਾ ਸੰਤਾਪ ਭੋਗਿਆ ਹੈ। ਇਸ ਦਾ ਸਰਮਾਇਆ ਇਸ ਦੇ ਲੋਕ ਹਨ ਪਰ ਇਸ ਦਾ ਸਰਮਾਇਆ ਵੀ ਪਰਦੇਸਾਂ ਵਿਚ ਵਸਣ ਲੱਗ ਪਿਆ। ਜੋ ਇਥੇ ਹੈ, ਉਹ ਵੀ ਬੇਗਾਨਗੀ ਦੀ ਹਵਾ ਵਿਚ ਝੂਲ ਰਿਹਾ ਹੈ। ਪੰਜਾਬੀਆਂ ਨੂੰ ਹੁਣ ਆਪਣੀ ਵਾਗਡੋਰ ਆਪਣੇ ਹੱਥੀਂ ਸਾਂਭਣੀ ਚਾਹੀਦੀ ਹੈ। ਜਦੋਂ ਮਾਮਲਾ ਉਨ ਦੇ ਗੋਲ਼ੇ ਵਾਂਗ ਉਲ਼ਝਿਆ ਹੋਵੇ, ਤਾਂ ਇਕ ਸਿਰਾ ਫੜ ਕੇ ਇਸ ਨੂੰ ਸੁਲਝਾਉਣਾ ਫਾਇਦੇਮੰਦ ਹੁੰਦਾ ਹੈ। ਪੰਜਾਬ ਦਾ ਵਿਰਸਾ ਹਰ ਪੰਜਾਬੀ ਦੀ ਅਸਲੀ ਤਾਕਤ ਹੈ, ਉਸ ਨੂੰ ਇਸ ਸਚਾਈ ਕੰਨੀਂ ਝਾਕ ਕੇ ਆਪਣੀ ਸਿਆਸੀ ਭੂਮਿਕਾ ਤੇ ਵਿਚਾਰ ਕਰਨਾ ਚਾਹੀਦਾ ਹੈ। ਇਸ ਵਿਰਸੇ ਵਿਚ ਆਪਣਾ ਅਤੀਤ, ਵਰਤਮਾਨ ਤੇ ਭਵਿਖ ਵੇਖ ਕੇ ਗੁੰਮਰਾਹ ਹੋਇਆ ਵੀ ਪਰਤ ਆਵੇਗਾ, ਕਿਉਂਕਿ ਇਹ ਬੜੀ ਸੂਖਮ ਸੋਚ ਤੋਂ ਉਸਰਿਆ ਵਿਰਸਾ ਹੈ। ਇਸ ਵਿਚ ਆਪ ਤੇ ਦੂਜਿਆਂ ਪ੍ਰਤੀ ਕਰੁਣਾ ਤੇ ਦਲੇਰੀ ਦੀ ਅਨੰਤ ਜਗ੍ਹਾ ਹੈ। ਪੰਜਾਬੀਆਂ ਲਈ ਪੰਜਾਬ ਦਾ ਵਿਰਸਾ ਹੀ ਉਹ ਦਰਪਣ ਏ ਜਿਸ ਵਿਚੋਂ ਆਪਣੀ ਅਸਲੀ ਸ਼ਕਲ-ਓ-ਸੂਰਤ ਦੇ ਦਰਸ਼ਨ ਹੋ ਸਕਦੇ ਨੇ।
ਇਹ ਬੜੇ ਮਾਣ ਦੀ ਗੱਲ ਹੈ ਕਿ ਸਿੱਖੀ ਦੇ ਸਿਧਾਂਤ ਨੇ ਪੰਜਾਬ ਦੇ ਵਿਰਸੇ ਨੂੰ ਹੋਰ ਮਜ਼ਬੂਤ ਕੀਤਾ ਹੈ ਪਰ ਇਸ ਦੇ ਵਿਰਸੇ ਦੀ ਇਕ ਇਕ ਤੰਦ ਇਸ ਦੀ ਸੁਹਣੀ ਸੂਰਤ ਲਈ ਜ਼ਰੂਰੀ ਹੈ। ਪੰਜਾਬ ਪੰਜਾਬੀਆਂ ਦਾ ਹੈ। ਸਮਾਂ ਆ ਗਿਆ ਹੈ, ਜਦੋਂ ਪੰਜਾਬੀਆਂ ਨੂੰ ਖੋਖਲੀ ਸਿਆਸਤ ਛੱਡ ਕੇ ਆਪਣੇ ਹਕੂਕ ਲਈ ਅਸਲੀ ਸਿਆਸਤ ਕਰਨੀ ਚਾਹੀਦੀ ਹੈ ਤੇ ਇਸ ਪਾਵਨ ਸਰਜ਼ਮੀਨ ਦੇ ਹੱਕ ਵਿਚ ਸੰਘਰਸ਼ ਕਰਦਿਆਂ ਗੁਰਮੁਖ ਵਾਂਗ ਇਸ ਵਿਰਸੇ ਦਾ ਤੱਤ ਵਿਚਾਰਨਾ ਚਾਹੀਦਾ ਹੈ।