ਕੌਮੀ ਸੰਕਟ ਭੁਲਾ ਕੇ ਮਿਹਣੇਬਾਜ਼ੀ ‘ਚ ਉਲਝੀ ਲੀਡਰਸ਼ਿਪ

-ਜਤਿੰਦਰ ਪਨੂੰ
ਨਵਾਂ ਸਾਲ ਚੜ੍ਹਦੇ ਸਾਰ ਅਸੀਂ ਭਾਰਤੀ ਪਾਰਲੀਮੈਂਟ ਵਿਚ ਦੋਹਾਂ ਪ੍ਰਮੁੱਖ ਪਾਰਟੀਆਂ ਦੀ ਲੀਡਰਸ਼ਿਪ ਨੂੰ ਆਪਸ ਵਿਚ ਚੁੰਝ-ਭੇੜ ਕਰਦਿਆਂ ਵੇਖਿਆ ਹੈ। ਬਹੁਤਾ ਕਰ ਕੇ ਮਾਮਲਾ ਫੌਜੀ ਸੌਦਿਆਂ ਦਾ ਛਾਇਆ ਰਿਹਾ ਹੈ। ਕਦੇ ਕੁਝ ਵਿਹਲ ਮਿਲਦੀ ਤਾਂ ਹੋਰ ਮੁੱਦੇ ਵੀ ਚੁੱਕ ਲਏ ਜਾਂਦੇ ਸਨ, ਪਰ ਵਧੇਰੇ ਕਰਕੇ ਰਾਫਾਲ ਲੜਾਕੂ ਜਹਾਜਾਂ ਨੂੰ ਲੈ ਕੇ ਕਾਂਗਰਸ ਦੀ ਲੀਡਰਸ਼ਿਪ ਵਲੋਂ ਭਾਜਪਾ ਉਤੇ ਹਮਲੇ ਹੁੰਦੇ ਅਤੇ ਅਗਸਤਾ ਵੈਸਟਲੈਂਡ ਹੈਲੀਕਾਪਟਰ ਸੌਦੇ ਕਾਰਨ ਭਾਜਪਾ ਦੇ ਲੀਡਰਾਂ ਨੂੰ ਕਾਂਗਰਸ ਉਤੇ ਹਮਲੇ ਕਰਦਿਆਂ ਵੇਖਿਆ ਗਿਆ। ਦਲੀਲਾਂ ਘੱਟ ਤੇ ਭੱਦੀ ਭਾਸ਼ਾ ਦੀ ਵਰਤੋਂ ਵੱਧ ਹੁੰਦੀ ਰਹੀ। ਦੋਵਾਂ ਧਿਰਾਂ ਲਈ ਇਸ ਪਾਰਲੀਮੈਂਟ ਸੈਸ਼ਨ ਵਿਚ ਰੌਲਾ ਪਾਉਣਾ ਇਸ ਲਈ ਜ਼ਰੂਰੀ ਹੈ ਕਿ ਅੱਗੇ ਲੋਕ ਸਭਾ ਚੋਣਾਂ ਆ ਰਹੀਆਂ ਹਨ। ਵੋਟਰਾਂ ਕੋਲ ਜਾ ਕੇ ਇਹ ਕਹਿਣ ਲਈ ਕਿ ਦੇਸ਼ ਦੇ ਹਿੱਤਾਂ ਵਾਸਤੇ ਅਸੀਂ ਆਪਣੇ ਵਲੋਂ ਸਾਰਾ ਜ਼ੋਰ ਲਾਈ ਰੱਖਿਆ ਸੀ, ਦੋਹਾਂ ਧਿਰਾਂ ਦੇ ਆਗੂਆਂ ਲਈ ਇਹ ਸਾਰਾ ਕੁਝ ਕਰਨਾ ਜ਼ਰੂਰੀ ਹੈ। ਉਹ ਕਰ ਰਹੇ ਹਨ, ਤੇ ਕਰਦੇ ਵੀ ਰਹਿਣਗੇ।

ਅਸੀਂ ਚਾਲੀ ਕੁ ਸਾਲ ਪਹਿਲਾਂ ਬੋਫੋਰਜ਼ ਕੰਪਨੀ ਦੀ ਹਾਵਿਟਜ਼ਰ ਤੋਪ ਖਰੀਦਣ ਵਾਲੇ ਸੌਦੇ ਤੋਂ ਭਾਰਤੀ ਰਾਜਨੀਤੀ ਵਿਚ ਉਬਾਲੇ ਆਉਂਦੇ ਵੇਖੇ ਸਨ। ਨਤੀਜਾ ਇਹ ਨਿਕਲਿਆ ਸੀ ਕਿ ਚਾਰ ਦਿਨ ਦੀ ਖਿੱਚੋਤਾਣ ਪਿਛੋਂ ਸਾਰੇ ਦੋਸ਼ੀ ਛੁਟ ਗਏ ਅਤੇ ਜਿੰਨੇ ਪੈਸਿਆਂ ਦੀ ਰਿਸ਼ਵਤਖੋਰੀ ਦਾ ਦੋਸ਼ ਲੱਗਾ ਸੀ, ਉਸ ਨਾਲੋਂ ਵੀਹ ਗੁਣਾਂ ਤੋਂ ਵੱਧ ਜਾਂਚ ਦੇ ਨਾਂ ਉਤੇ ਫੂਕ ਦਿੱਤੇ ਗਏ ਸਨ। ਇਹੋ ਕੁਝ ਜਹਾਜ ਸੌਦੇ ਜਾਂ ਹੈਲੀਕਾਪਟਰ ਸੌਦੇ ਬਾਰੇ ਹੋ ਸਕਦਾ ਹੈ। ਇਸ ਕੇਸ ਵਿਚ ਕਿਸੇ ਦੀ ਕਿੰਨੀ ਵੀ ਦਿਲਚਸਪੀ ਹੋਵੇ, ਬਤੌਰ ਪੱਤਰਕਾਰ ਇਸ ਦੀ ਚਰਚਾ ਕਰਨ ਤੋਂ ਸਿਵਾ ਮੇਰੀ ਇਸ ਵਿਚ ਕਿਸੇ ਤਰ੍ਹਾਂ ਦੀ ਦਿਲਚਸਪੀ ਨਹੀਂ। ਭਾਰਤ ਨੂੰ ਆਜ਼ਾਦੀ ਮਿਲਣ ਦੇ ਦਿਨ ਤੋਂ ਅੱਜ ਤੱਕ ਇਹੋ ਜਿਹਾ ਕੋਈ ਫੌਜੀ ਸਮਾਨ ਖਰੀਦਣ ਦਾ ਸੌਦਾ ਹੋਇਆ ਹੀ ਨਹੀਂ, ਜਿਸ ਵਿਚ ਕਿਸੇ ਵਲੋਂ ਰਿਸ਼ਵਤਖੋਰੀ ਜਾਂ ਦਲਾਲੀ ਦਾ ਰੌਲਾ ਨਾ ਪਿਆ ਹੋਵੇ।
ਜਵਾਹਰ ਲਾਲ ਨਹਿਰੂ ਨੂੰ ਬੇਈਮਾਨ ਆਗੂ ਨਹੀਂ ਸੀ ਮੰਨਿਆ ਜਾਂਦਾ, ਇਸ ਦੇ ਬਾਵਜੂਦ ਉਸ ਰਾਜ ਦੌਰਾਨ ਬ੍ਰਿਟੇਨ ਵਿਚ ਭਾਰਤ ਸਰਕਾਰ ਦੇ ਹਾਈ ਕਮਿਸ਼ਨਰ ਵੀ. ਕੇ. ਕ੍ਰਿਸ਼ਨਾ ਮੈਨਨ ਨੇ ਪ੍ਰੋਟੋਕੋਲ ਤੋੜ ਕੇ ਅੱਸੀ ਲੱਖ ਰੁਪਏ ਦਾ ਦੌ ਸੌ ਜੀਪਾਂ ਵਾਲਾ ਸੌਦਾ ਖੁਦ ਹੀ ਕਰ ਲਿਆ ਤਾਂ ਰੌਲਾ ਪੈ ਗਿਆ ਸੀ, ਪਰ ਹੋਇਆ ਕੁਝ ਨਹੀਂ ਸੀ। ਸੌਦਾ ਕਰਨ ਵਾਲਾ ਵੀ. ਕੇ. ਕ੍ਰਿਸ਼ਨਾ ਮੈਨਨ ਕੁਝ ਸਮਾਂ ਪਾ ਕੇ ਦੇਸ਼ ਦਾ ਵਿਦੇਸ਼ ਮੰਤਰੀ ਬਣ ਗਿਆ ਸੀ। ਅਟਲ ਬਿਹਾਰੀ ਵਾਜਪਾਈ ਵੀ ਪ੍ਰਧਾਨ ਮੰਤਰੀ ਬਣ ਕੇ ਬੜਾ ਇਮਾਨਦਾਰੀ ਦਾ ਢੰਡੋਰਾ ਪਿੱਟਦਾ ਸੀ, ਪਰ ਉਸ ਦੇ ਵਕਤ ਪਹਿਲਾਂ ਤਹਿਲਕਾ ਕਾਂਡ ਹੋ ਗਿਆ ਤੇ ਪਿੱਛੋਂ ਕਾਰਗਿਲ ਵਾਲੇ ਸ਼ਹੀਦਾਂ ਦੇ ਮ੍ਰਿਤਕ ਸਰੀਰਾਂ ਲਈ ਬਕਸੇ (ਅੰਗਰੇਜ਼ੀ ਵਿਚ ‘ਕਫਨ’) ਖਰੀਦਣ ਦੇ ਨਾਲ ਹਰ ਥਾਂ ‘ਕਫਨ ਚੋਰ’ ਦਾ ਰੌਲਾ ਪੈਂਦਾ ਸੁਣਦਾ ਰਿਹਾ ਸੀ। ਡਾ. ਮਨਮੋਹਨ ਸਿੰਘ ਬਹੁਤ ਈਮਾਨਦਾਰ ਪ੍ਰਧਾਨ ਮੰਤਰੀ ਕਿਹਾ ਜਾਂਦਾ ਸੀ ਤੇ ਖੁਦ ਈਮਾਨਦਾਰ ਵੀ ਰਿਹਾ ਸੀ, ਪਰ ਉਸ ਦੇ ਰਾਜ ਵਿਚ ਵੀ ਹੈਲੀਕਾਪਟਰ ਘੋਟਾਲਾ ਹੋ ਗਿਆ, ਜਿਸ ਦੀ ਜੜ੍ਹ ਵਾਜਪਾਈ ਸਰਕਾਰ ਦੇ ਸਮੇਂ ਲੱਗੀ ਤੇ ਫਲ ਕੁਝ ਕਾਂਗਰਸੀ ਸਰਕਾਰ ਦੇ ਮੰਤਰੀਆਂ ਨੇ ਤੋੜ-ਤੋੜ ਖਾਧੇ ਸਨ। ਨਰਿੰਦਰ ਮੋਦੀ ਖੁਦ ਹੀ ਜਹਾਜ ਸੌਦੇ ਵਿਚ ਉਲਝੇ ਪਏ ਹਨ।
ਜਦੋਂ ਸਾਨੂੰ ਇਹ ਪਤਾ ਹੈ ਕਿ ਫੌਜੀ ਸਾਮਾਨ ਦੀ ਖਰੀਦ ਦਾ ਕੋਈ ਸੌਦਾ ਰਿਸ਼ਵਤਖੋਰੀ ਬਿਨਾ ਹੋਇਆ ਹੀ ਨਹੀਂ ਅਤੇ ਕੋਈ ਹੋਣਾ ਵੀ ਨਹੀਂ ਤਾਂ ਇਸ ਉਤੇ ਮਗਜ਼ ਮਾਰੀ ਕਰਨ ਦੀ ਥਾਂ ਅਸੀਂ ਦੇਸ਼ ਦੇ ਲੋਕਾਂ ਸਾਹਮਣੇ ਸਿਰ ਚੁੱਕੀ ਖੜ੍ਹੇ ਏਦਾਂ ਦੇ ਮਸਲਿਆਂ ਵੱਲ ਧਿਆਨ ਦੇਣਾ ਬਿਹਤਰ ਸਮਝਦੇ ਹਾਂ, ਜੋ ਭਵਿੱਖ ਉਤੇ ਸਵਾਲੀਆ ਨਿਸ਼ਾਨ ਲਾ ਰਹੇ ਹਨ। ਦੇਸ਼ ਦੀ ਅਗਲੀ ਪੀੜ੍ਹੀ ਦੀ ਚਿੰਤਾ ਤਾਂ ਕੀ ਕਰਨੀ, ਇਹ ਵੀ ਚਿੰਤਾ ਨਹੀਂ ਕਿ ਹੋਰ ਪੰਜ ਸਾਲਾਂ ਤੱਕ ਕੀ ਬਣਨ ਵਾਲਾ ਹੈ? ਸਾਡੇ ਸਾਹਮਣੇ ਏਦਾਂ ਦੇ ਮੁੱਦਿਆਂ ਦਾ ਢੇਰ ਲੱਗ ਸਕਦਾ ਹੈ, ਪਰ ਬਹੁਤਿਆਂ ਵਿਚੋਂ ਸਿਰਫ ਦੋ ਮਾਮਲਿਆਂ ਦੀ ਗੱਲ ਕਰਨੀ ਜ਼ਰੂਰੀ ਸਮਝਦੇ ਹਾਂ। ਇੱਕ ਮੁੱਦਾ ਮੁੱਕ ਰਹੇ ਪਾਣੀ ਦਾ ਅਤੇ ਦੂਜਾ ਫਿਰਕੂ ਉਬਾਲਿਆਂ ਦਾ ਹੈ।
ਫਿਰਕੂ ਉਬਾਲਿਆਂ ਦੀ ਗੱਲ ਕਰਨੀ ਹੋਵੇ ਤਾਂ ਸਾਨੂੰ ਫਿਕਰ ਹੁੰਦਾ ਹੈ ਕਿ ਦੇਸ਼ ਵਿਚ ਇੱਕ ਖਾਸ ਤਰ੍ਹਾਂ ਦੀ ਫਿਰਕੂ ਕਾਂਗ ਚੜ੍ਹਦੀ ਨੂੰ ਉਹ ਲੋਕ ਵੀ ਅੱਖੋਂ ਪਰੋਖੇ ਕਰੀ ਜਾ ਰਹੇ ਹਨ, ਜੋ ਬਾਰਾਂ ਸਾਲ ਪੰਜਾਬ ਵਿਚ ਇਹ ਕਹਿੰਦੇ ਰਹੇ ਸਨ ਕਿ ਸਾਡਾ ਧਰਮ ਖਤਰੇ ਵਿਚ ਹੈ, ਫਲਾਣੇ ਧਰਮ ਨੇ ਇਸ ਦੀ ਹੋਂਦ ਨਹੀਂ ਰਹਿਣ ਦੇਣੀ। ਰਾਜਸੀ ਲੋੜਾਂ ਲਈ ਜੋ ਲੋਕ ਇਸ ਵਕਤ ਖਾਮੋਸ਼ੀ ਵਿਚ ਆਪਣਾ ਹਿੱਤ ਸਮਝਦੇ ਹਨ, ਵਕਤ ਨੇ ਉਨ੍ਹਾਂ ਨੂੰ ਕਟਹਿਰੇ ਵਿਚ ਖੜ੍ਹੇ ਕਰ ਦੇਣਾ ਹੈ।
ਜਰਮਨੀ ਵਿਚ ਜਦੋਂ ਹਿਟਲਰ ਦੀ ਉਠਾਣ ਹੋਈ ਤਾਂ ਕਈ ਲੋਕਾਂ ਨੇ ਵਕਤੀ ਚੁੱਪ ਰੱਖ ਕੇ ਫਿਰ ਜਿੱਦਾਂ ਭੁਗਤੀ ਸੀ, ਉਸ ਬਾਰੇ ਇੱਕ ਕਵੀ ਦੀ ਕਵਿਤਾ ਬੜੀ ਪ੍ਰਸਿੱਧ ਹੋਈ ਸੀ। ਉਸ ਦੇ ਬੋਲ ਸਾਨੂੰ ਯਾਦ ਨਹੀਂ, ਪਰ ਭਾਵਨਾ ਯਾਦ ਹੈ। ਕਵੀ ਨੇ ਟਕੋਰ ਕਰਦਿਆਂ ਕਿਹਾ ਸੀ ਕਿ ਜਦੋਂ ਯਹੂਦੀਆਂ ਦਾ ਘਾਣ ਹੋਇਆ, ਮੈਂ ਚੁੱਪ ਰਿਹਾ ਸੀ, ਕਿਉਂਕਿ ਮੈਂ ਯਹੂਦੀ ਨਹੀਂ ਸੀ ਤੇ ਕਮਿਊਨਿਸਟਾਂ ਦਾ ਘਾਣ ਹੋਣ ਵੇਲੇ ਫਿਰ ਚੁੱਪ ਰਿਹਾ, ਕਿਉਂਕਿ ਮੈਂ ਕਮਿਊਨਿਸਟ ਨਹੀਂ ਸੀ। ਉਸ ਪਿਛੋਂ ਸੋਸ਼ਲਿਸਟਾਂ ਦੀ ਵਾਰੀ ਆ ਗਈ ਤਾਂ ਮੈਂ ਚੁੱਪ ਰਿਹਾ, ਕਿਉਂਕਿ ਮੈਂ ਸੋਸ਼ਲਿਸਟ ਨਹੀਂ ਸੀ ਤੇ ਜਦੋਂ ਉਨ੍ਹਾਂ ਸਭਨਾਂ ਦੇ ਬਾਅਦ ਮੇਰਾ ਨੰਬਰ ਆ ਗਿਆ ਤਾਂ ਮੇਰੇ ਹੱਕ ਵਿਚ ਮੂੰਹ ਖੋਲ੍ਹਣ ਵਾਲਾ ਕੋਈ ਬਾਕੀ ਨਹੀਂ ਸੀ ਰਹਿ ਗਿਆ।
ਪਾਕਿਸਤਾਨ ਦੇ ਇੱਕ ਸ਼ੀਆ ਕਵੀ ਨੇ ਪਿੱਛੇ ਜਿਹੇ ਇਸ ਨੂੰ ਆਪਣੇ ਢੰਗ ਨਾਲ ਲਿਖਿਆ ਹੈ ਕਿ ਜਦੋਂ ਘੱਟ-ਗਿਣਤੀਆਂ ਉਤੇ ਹਮਲੇ ਹੋਏ ਤਾਂ ਮੈਨੂੰ ਪਰਵਾਹ ਨਹੀਂ ਸੀ ਤੇ ਫਿਰ ਜਦੋਂ ਅਹਿਮਦੀਆ ਮੁਸਲਮਾਨਾਂ ਬਾਰੇ ਕਹਿ ਦਿੱਤਾ ਗਿਆ ਕਿ ਇਹ ਮੁਸਲਮਾਨ ਨਹੀਂ ਤਾਂ ਮੈਂ ਉਦੋਂ ਵੀ ਖਾਮੋਸ਼ ਰਿਹਾ, ਪਰ ਅੱਜ ਸ਼ੀਆ ਲੋਕਾਂ ਨੂੰ ਵੀ ਨਿਸ਼ਾਨੇ ਉਤੇ ਰੱਖਿਆ ਪਿਆ ਹੈ। ਇਤਿਹਾਸ ਕਈ ਵਾਰ ਆਪਣੇ ਆਪ ਨੂੰ ਦੁਹਰਾ ਸਕਦਾ ਹੈ ਤੇ ਉਸੇ ਥਾਂ ਨਹੀਂ, ਕਦੀ ਜਰਮਨੀ ਦੀ ਥਾਂ ਭਾਰਤ ਵਿਚ ਵੀ ਆਣ ਕੇ ਦੁਹਰਾ ਸਕਦਾ ਹੈ।
ਦੂਜਾ ਮਾਮਲਾ ਇਸ ਦੇਸ਼ ਵਿਚ ਪਾਣੀ ਦੀ ਘਾਟ ਦਾ ਹੈ। ਅਸੀਂ ਪੰਜਾਬ ਦੇ ਲੋਕ ਇਸ ਗੱਲ ਬਾਰੇ ਰੌਲਾ ਪੈਂਦਾ ਸੁਣ ਸਕਦੇ ਹਾਂ ਕਿ ਜਮੀਨ ਹੇਠਾਂ ਪਾਣੀ ਦਾ ਪੱਧਰ ਬੜਾ ਡਿੱਗਦਾ ਜਾਂਦਾ ਹੈ। ਇਹ ਸੱਚ ਵੀ ਹੈ। ਮੇਰੇ ਵਰਗੇ ਲੋਕਾਂ ਨੇ ਬਾਲਪਣ ਵਿਚ ਖੂਹਾਂ ਦਾ ਪਾਣੀ ਮਸਾਂ ਅੱਠ-ਦਸ ਫੁੱਟ ਹੇਠਾਂ ਵੇਖਿਆ ਅਤੇ ਚਾਲੀ ਫੁੱਟ ਉਤੇ ਨਲਕੇ ਲੱਗਦੇ ਵੇਖੇ ਸਨ, ਪਰ ਅੱਜ ਦੇ ਯੁੱਗ ਵਿਚ ਜਦੋਂ ਚਾਰ ਸੌ ਫੁੱਟ ਤੋਂ ਹੇਠਾਂ ਤੱਕ ਬੋਰ ਚਲੇ ਜਾਣ ਦੀ ਗੱਲ ਸੁਣਦੇ ਹਾਂ ਤਾਂ ਸੋਚੀਂ ਪੈ ਜਾਂਦੇ ਹਾਂ। ਦੱਖਣ ਭਾਰਤ ਦੇ ਕਈ ਸ਼ਹਿਰਾਂ ਦਾ ਗੁਜ਼ਾਰਾ ਝੀਲਾਂ ਦੇ ਪਾਣੀ ਨਾਲ ਸਦੀਆਂ ਤੋਂ ਹੁੰਦਾ ਆਇਆ ਹੈ, ਉਥੇ ਅੱਜ ਕੱਲ੍ਹ ਝੀਲਾਂ ਸੁੱਕਣ ਨਾਲ ਪਾਣੀ ਦੀ ਘਾਟ ਦੀ ਸਮੱਸਿਆ ਆਉਣ ਲੱਗੀ ਹੈ। ਇਹ ਸਿਰਫ ਭਾਰਤ ਵਿਚ ਨਹੀਂ, ਦੁਨੀਆਂ ਦੇ ਹੋਰਨਾਂ ਦੇਸ਼ਾਂ ਵਿਚ ਵੀ ਹੋ ਰਿਹਾ ਹੈ।
ਪਿਛਲੇ ਸਾਲ ਭਾਰਤ ਦੀ ਕ੍ਰਿਕਟ ਟੀਮ ਜਦੋਂ ਦੱਖਣੀ ਅਫਰੀਕਾ ਦੌਰੇ ਵਾਸਤੇ ਗਈ ਤਾਂ ਇਹ ਖਬਰ ਭਾਰਤ ਵਿਚ ਪਹੁੰਚੀ ਸੀ ਕਿ ਖਿਡਾਰੀਆਂ ਨੂੰ ਪੰਜ ਤਾਰਾ ਹੋਟਲ ਵਿਚ ਵੀ ਨਹਾਉਣ ਆਦਿ ਵਾਸਤੇ ਲੋੜੀਂਦਾ ਪਾਣੀ ਨਹੀਂ ਮਿਲ ਰਿਹਾ ਤੇ ਮਿਥੀ ਹੋਈ ਹੱਦ ਤੱਕ ਪਾਣੀ ਵਰਤਣ ਵਾਸਤੇ ਕਿਹਾ ਜਾਂਦਾ ਹੈ। ਉਨ੍ਹੀਂ ਦਿਨੀਂ ਭਾਰਤੀ ਸੂਬੇ ਕਰਨਾਟਕ ਦੀ ਰਾਜਧਾਨੀ ਬੰਗਲੌਰ ਵਿਚੋਂ ਵੀ ਖਬਰ ਆਈ ਸੀ ਕਿ ਪਾਣੀ ਨਹੀਂ ਮਿਲਦਾ ਤੇ ਇੱਕ ਮੰਤਰੀ ਨੂੰ ਇਸ ਗੱਲ ਦੀ ਮੁਆਫੀ ਮੰਗਣੀ ਪਈ ਸੀ ਕਿ ਉਸ ਦੇ ਜਾਣ ਵੇਲੇ ਰਾਹ ਵਿਚ ਪੈਂਦੀ ਸੜਕ ਉਤੇ ਪਾਣੀ ਛਿੜਕਿਆ ਗਿਆ ਹੈ, ਜਦੋਂ ਲੋਕਾਂ ਨੂੰ ਪੀਣ ਵਾਸਤੇ ਪੂਰਾ ਪਾਣੀ ਨਹੀਂ ਮਿਲ ਰਿਹਾ।
ਅਗਲੇ ਦਿਨਾਂ ਵਿਚ ਇਹੋ ਜਿਹੀ ਸਮੱਸਿਆ ਭਾਰਤ ਦੇ ਹੋਰ ਸ਼ਹਿਰਾਂ ਵਿਚ ਵੀ ਆਉਣ ਦਾ ਡਰ ਹੈ, ਪਰ ਦੇਸ਼ ਦੀ ਲੀਡਰਸ਼ਿਪ ਕੋਲ ਇਨ੍ਹਾਂ ਗੱਲਾਂ ਬਾਰੇ ਸੋਚਣ ਦਾ ਸਮਾਂ ਕਿੱਥੇ! ਉਹ ਪਾਣੀ ਦੇ ਮੁੱਦੇ ਬਾਰੇ ਸੋਚਣ ਦੀ ਥਾਂ ਫੌਜੀ ਸੌਦਿਆਂ ਨੂੰ ਲੈ ਕੇ ਪਾਣੀ ਵਿਚ ਮਧਾਣੀ ਫੇਰਦੇ ਪਏ ਹਨ।
ਸਾਡੇ ਕੋਲ ਸੰਸਾਰ ਦੇ ਉਨ੍ਹਾਂ ਸ਼ਹਿਰਾਂ ਦੀ ਲਿਸਟ ਪਈ ਹੈ, ਜਿਨ੍ਹਾਂ ਵਿਚ ਇਸ ਵੇਲੇ ਪਾਣੀ ਦਾ ਗੰਭੀਰ ਸੰਕਟ ਹੈ ਤੇ ਅਗਲੇ ਦਿਨੀਂ ਹੋਰ ਵਧ ਜਾਣਾ ਹੈ, ਇਨ੍ਹਾਂ ਵਿਚ ਦੱਖਣੀ ਅਫਰੀਕਾ ਦਾ ਕੇਪ ਟਾਊਨ ਸਿਖਰ ਉਤੇ ਹੈ, ਬ੍ਰਾਜ਼ੀਲ ਦਾ ਸਾਓ ਪਾਓਲੋ ਦੂਜਾ ਅਤੇ ਭਾਰਤ ਦਾ ਬੰਗਲੌਰ ਤੀਜਾ ਸ਼ਹਿਰ ਲਿਖਿਆ ਮਿਲਦਾ ਹੈ। ਮੈਂ ਪੰਜਾਬ ਦੇ ਪਾਣੀਆਂ ਦੀ ਚਿੰਤਾ ਕਰਦਾ ਹਾਂ ਤਾਂ ਇਸ ਰਾਜ ਦੇ ਲੋਕਾਂ ਦੀ ਅਗਲੀ ਪੀੜ੍ਹੀ ਬਾਰੇ ਸੋਚਦਾ ਹਾਂ, ਪਰ ਜਦੋਂ ਬੰਗਲੌਰ ਦੀ ਹਾਲਤ ਵੇਖਦਾ ਹਾਂ ਤਾਂ ਪੰਜਾਂ ਸਾਲਾਂ ਨੂੰ ਹੋਣ ਵਾਲੀ ਅਗਲੀ ਪਾਰਲੀਮੈਂਟ ਚੋਣ ਤੱਕ ਵੀ ਬੁੱਤਾ ਸਰਦਾ ਨਹੀਂ ਦਿੱਸਦਾ। ਉਸ ਦੇ ਬਾਅਦ ਕੀ ਹੋਵੇਗਾ? ਇਹੋ ਜਿਹਾ ਸਵਾਲ ਕੁਝ ਮੂਰਖ ਬੰਦੇ ਸੋਚਦੇ ਹਨ ਤਾਂ ਸੋਚਦੇ ਰਹਿਣ, ਇਸ ਮਹਾਨ ਦੇਸ਼ ਦੀ ਉਹ ਲੀਡਰਸ਼ਿਪ ਇਸ ਬਾਰੇ ਸੋਚਣਾ ਹੀ ਨਹੀਂ ਚਾਹੁੰਦੀ। ਦੋਹਾਂ ਮੁੱਖ ਸਿਆਸੀ ਧਿਰਾਂ ਦਾ ਪੱਲਾ ਫੌਜੀ ਸਾਮਾਨ ਦੀ ਖਰੀਦ ਵਿਚ ਹੋਏ ਭ੍ਰਿਸ਼ਟਾਚਾਰ ਦੇ ਦਾਗਾਂ ਨੇ ਕਾਲਾ ਕਰ ਛੱਡਿਆ ਹੈ।
ਭ੍ਰਿਸ਼ਟਾਚਾਰ ਨੂੰ ਵੀ ਭਾਰਤ ਭੁਗਤ ਰਿਹਾ ਹੈ, ਪਾਣੀ ਵਰਗੇ ਕਈ ਵੱਡੇ ਸੰਕਟਾਂ ਦੇ ਦਹਾਨੇ ਉਤੇ ਖੜ੍ਹਾ ਹੈ, ਪਰ ਦੇਸ਼ ਦੀ ਲੀਡਰਸ਼ਿਪ ਆਪਸੀ ਮਿਹਣੇਬਾਜ਼ੀ ਵਿਚ ਗਲਤਾਨ ਹੈ। ਕੌਮ ਦੀ ਤਬਾਹੀ ਦੀ ਕਿਸੇ ਨੂੰ ਚਿੰਤਾ ਹੀ ਨਹੀਂ।