ਦੀਵਾਰ, ਗੜ੍ਹੀ ਤੇ ਮੌਣ ਦੀ ਮੂਕ-ਵੇਦਨਾ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ। ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਦੱਸਿਆ ਸੀ ਕਿ ਦਸੰਬਰ ਤੋਂ ਜਨਵਰੀ ਵਿਚ ਪੈਰ ਧਰਨ ਵਿਚਾਲੇ ਫਾਸਲਾ ਇਕ ਪਲ ਦਾ ਹੀ ਹੈ, ਪਰ ਸਾਲ 2018 ਤੋਂ ਬਦਲ ਕੇ 2019 ਹੋ ਜਾਵੇਗਾ, ਹੋਈ ਨਾ ਫਿਰ ਦਸੰਵਰੀ!

ਉਸ ਲੇਖ ਵਿਚ ਉਨ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਅਤੇ ਸਿੰਘਾਂ ਦੀ ਸ਼ਹੀਦੀ ਦੇ Ḕਸ਼ਹੀਦੀ ਹਫਤੇḔ ਦਾ ਜ਼ਿਕਰ ਕੀਤਾ ਸੀ। ਇਸ ਨਵੀਂ ਲੇਖ ਲੜੀ ਵਿਚ ਉਨ੍ਹਾਂ ਉਸੇ ਗੱਲ ਨੂੰ ਅੱਗੇ ਤੋਰਦਿਆਂ ਸ਼ਹੀਦਾਂ ਦੀਆਂ ਯਾਦਗਾਰਾਂ ਨੂੰ ਕਾਰ ਸੇਵਾ ਵਾਲੇ ਬਾਬਿਆਂ ਵਲੋਂ ਸੰਗਮਰਮਰ ਹੇਠ ਲੁਕਾ ਦੇਣ ਉਤੇ ਰੁਦਨ ਕੀਤਾ ਹੈ, “ਕੱਚੀ ਗੜ੍ਹੀ ਦੇ ਦੁੱਖ ਨੂੰ ਫਰੋਲਣ ਲੱਗਿਆਂ ਤਾਂ ਕਲਮ ਵੀ ਹੁੱਬਕੀਂ ਰੋਂਦੀ ਏ। ਪਤਾ ਨਹੀਂ ਕੌਣ ਸਨ ਪੱਥਰ-ਦਿਲ ਲੋਕ ਜਿਨ੍ਹਾਂ ਨੇ ਕੱਚੀ ਗੜ੍ਹੀ ਦੇ ਨੈਣੀਂ ਝਾਕਣ ਦੀ ਥਾਂ ਇਸ ਨੂੰ ਸੰਗਮਰਮਰੀ ਕਬਰ ਬਣਾ ਦਿੱਤਾ। ਕਬਰਾਂ ਕਦੇ ਨਹੀਂ ਬੋਲਦੀਆਂ, ਨਿਸ਼ਾਨੀਆਂ ਬੋਲਦੀਆਂ ਨੇ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਫੋਨ: 216-556-2080

ਦੀਵਾਰ, ਗੜ੍ਹੀ ਅਤੇ ਮੌਣ ਮੌਨ ਨੇ। ਉਨ੍ਹਾਂ ਦੇ ਚਿਹਰਿਆਂ ‘ਤੇ ਜੰਮ ਚੁਕੀਆਂ ਨੇ ਅੱਥਰੂਆਂ ਦੀਆਂ ਘਰਾਲਾਂ। ਦੀਦਿਆਂ ‘ਚ ਉਤਰ ਚੁਕੀ ਏ ਮਰਨ-ਰੁੱਤ। ਉਨ੍ਹਾਂ ਦੀ ਮੂਕ ਵੇਦਨਾ ਨੂੰ ਸੁਣਨ ਵਾਲਾ ਕੋਈ ਨਹੀਂ। ਜਦ ਕਿਸੇ ਦੀ ਹੋਂਦ ਹੀ ਖਤਮ ਕਰ ਦਿੱਤੀ ਜਾਵੇ ਤਾਂ ਉਹ ਆਪਣਾ ਦਰਦ ਕਿਸ ਨੂੰ ਸੁਣਾਵੇ? ਕਿੰਜ ਆਪਣੇ ‘ਤੇ ਬੀਤੀ ਦੇ ਕੀਰਨੇ ਪਾਵੇ? ਪਿੰਡਿਆਂ ‘ਤੇ ਉਕਰੀਆਂ ਕਹਾਣੀਆਂ ਕਿਹੜੇ ਹਰਫਾਂ ਦੀ ਝੋਲੀ ਪਾਵੇ ਕਿ ਵਰਕਿਆਂ ‘ਤੇ ਸੋਗ ਉਗ ਆਵੇ ਅਤੇ ਤਹਿਰੀਕ ਵਿਚ ਰੋਹ ਦੀ ਜਵਾਲਾ ਪ੍ਰਚੰਡ ਹੋ ਜਾਵੇ। ਇਨ੍ਹਾਂ ਦੀ ਕਹਾਣੀ ਪੜ੍ਹ ਜਾਂ ਸੁਣ ਰਿਹਾ ਹਰ ਸ਼ਖਸ ਕਦੋਂ ਬੀਤੇ ਵਕਤ ਦੀ ਕਰੁਣਾ ਆਪਣੀ ਸੋਚ ‘ਚ ਸਮਾਵੇ?
ਦੀਵਾਰ, ਗੜ੍ਹੀ ਅਤੇ ਮੌਣ-ਆਪਣਿਆਂ ਹੱਥੋਂ ਹੋਈ ਬੇਕਦਰੀ ਦਾ ਰੋਣਾ ਕਿਸ ਕੋਲ ਰੋਣ? ਕਿਸ ਸਾਹਵੇਂ ਹਾਵਿਆਂ ਦੇ ਤੰਦ ਪਰੋਣ? ਪਾਟੇ ਹੋਏ ਸੀਨਿਆਂ ‘ਤੇ ਕਿਸ ਧਰਵਾਸ ਦੇ ਤਰੋਪੇ ਲਾਉਣ ਤਾਂ ਕਿ ਤੜਫਦੇ ਹਿਰਦਿਆਂ ਨੂੰ ਸਕੂਨ ਆਵੇ? ਸੰਗਮਰਮਰ ਹੇਠ ਦਫਨ ਹੋ ਚੁਕੀ ਸਰਹਿੰਦ ਦੀ ਦੀਵਾਰ, ਚਮਕੌਰ ਦੀ ਕੱਚੀ ਗੜ੍ਹੀ ਅਤੇ ਮਾਛੀਵਾੜੇ ਵਿਚ ਖੂਹ ਦੀ ਮੌਣ-ਵਿਥਿਆ ਦਾ ਬਿਰਤਾਂਤ ਕਿਵੇਂ ਬਣਨਗੀਆਂ? ਕਿੰਜ ਆਉਣ ਵਾਲੀਆਂ ਨਸਲਾਂ ਨੂੰ ਯਕੀਨ ਆਵੇਗਾ ਕਿ ਦੀਵਾਰ, ਗੜ੍ਹੀ ਅਤੇ ਮੌਣ ਨੂੰ ਇਤਿਹਾਸ ਦਾ ਚਸ਼ਮਦੀਦ ਗਵਾਹ ਹੋਣ ਦਾ ਮਾਣ ਪ੍ਰਾਪਤ ਸੀ? ਉਸ ਮਾਣ ਨੇ ਹੀ ਆਉਣ ਵਾਲੀਆਂ ਨਸਲਾਂ ਨੂੰ ਆਪਣੇ ਵਿਰਸੇ ਨਾਲ ਜੋੜਨਾ ਸੀ ਅਤੇ ਰੋਹੀਲੀ ਵਿਰਾਸਤ ਨੂੰ ਉਨ੍ਹਾਂ ਦੇ ਦੀਦਿਆਂ ਵਿਚ ਧਰਨਾ ਸੀ। ਨਵੀਂ ਪੀੜ੍ਹੀ ਨੇ ਜ਼ੁਲਮ ਤੇ ਸਿਤਮ ਦੀਆਂ ਤਹਿਆਂ ਫਰੋਲਦਿਆਂ ਨਵੀਂ ਸੋਚ ਤੇ ਨਵੀਂ ਤਰਕੀਬ ਨੂੰ ਸਮਿਆਂ ਦੇ ਨਾਮ ਕਰਨਾ ਸੀ ਤਾਂ ਕਿ ਅਜਿਹੀ ਅਣਹੋਣੀ ਫਿਰ ਕਦੇ ਨਾ ਵਾਪਰੇ।
ਜਦ ਅਚੇਤ ਜਾਂ ਸੁਚੇਤ ਰੂਪ ਵਿਚ ਮਾਣਮੱਤੀਆਂ ਨਿਸ਼ਾਨੀਆਂ ਨੂੰ ਮਲੀਆਮੇਟ ਕਰਨ ਦਾ ਅਹਿਦ ਆਪਣੇ ਹੀ ਕਰ ਲੈਣ ਅਤੇ ਇਨ੍ਹਾਂ ਨੂੰ ਸੰਗਮਰਮਰੀ ਲਿਬਾਸ ਵਿਚ ਸਾਹ ਲੈਣ ਤੋਂ ਵੀ ਆਤੁਰ ਕਰ ਦੇਣ ਤਾਂ ਸੰਵੇਦਨਸ਼ੀਲ ਮਨ ‘ਚੋਂ ਬੜਾ ਕੁਝ ਲਾਵਾ ਬਣ ਕੇ ਬਾਹਰ ਨਿਕਲਦਾ। ਕੀ ਇਹ ਸੋਚੀ ਸਮਝੀ ਸਾਜਿਸ਼ ਸੀ? ਜਾਣ-ਬੁੱਝ ਕੇ ਵਿਰਸੇ ਤੋਂ ਵਿਰਵਾ ਕਰਨਾ ਸੀ? ਜਾਂ ਕਿਸੇ ਦੂਰ-ਰਸੀ ਭਵਿੱਖੀ ਯੋਜਨਾ ਦਾ ਹਿੱਸਾ ਸੀ ਕਿ ਕਾਰ ਸੇਵਾ ਦੇ ਨਾਂ ‘ਤੇ ਸਿੱਖੀ ਦੀਆਂ ਫਖਰਯੋਗ ਨਿਸ਼ਾਨੀਆਂ ਨੂੰ ਸਦੀਵੀ ਸਮੇਟਿਆ ਜਾਵੇ ਅਤੇ ਇਨ੍ਹਾਂ ਨੂੰ ਲੋਕ-ਚੇਤਿਆਂ ਵਿਚੋਂ ਸਦਾ ਲਈ ਮਿਟਾਇਆ ਜਾਵੇ।
ਹੁਣ ਸਰਹਿੰਦ ਦੀ ਦੀਵਾਰ ਦੇ ਹਟਕੋਰਿਆਂ ਨੂੰ ਕੌਣ ਸੁਣੇਗਾ, ਜਿਸ ਨੇ ਨਿੱਕੇ ਨਿੱਕੇ ਲਾਲਾਂ ਨੂੰ ਵਜ਼ੀਰ ਖਾਨ ਦੇ ਸਾਹਮਣੇ ਲਲਕਾਰਦੇ ਸੁਣਿਆ ਸੀ? ਉਨ੍ਹਾਂ ਦੀਆਂ ਰੋਹ ਭਰੀਆਂ ਗੱਲਾਂ, ਇੱਟਾਂ ਦੇ ਹਰ ਰੱਦੇ ਨਾਲ ਸਾਹਿਬਜ਼ਾਦਿਆਂ ਦੀ ਸੋਚ ਅਤੇ ਮਾਨਸਿਕ ਅਵਸਥਾ ਦੀ ਉਚਿਆਈ, ਦਾਦੇ ਦੇ ਪਾਏ ਪੁਰਨਿਆਂ ‘ਤੇ ਚੱਲਣ ਦੀ ਪਕਿਆਈ ਅਤੇ ਦਾਦੀ ਵਲੋਂ ਦਿੱਤੀਆਂ ਮੌਤ ਦੀਆਂ ਲੋਰੀਆਂ ਨੂੰ, ਦਰਬਾਰ ਦੇ ਹਰ ਸ਼ਖਸ ਨੂੰ ਠਿੱਠ ਹੋਣ ਲਈ ਮਜਬੂਰ ਹੁੰਦਿਆਂ ਦੇਖਿਆ ਸੀ ਦੀਵਾਰ ਨੇ।
ਦੀਵਾਰ ਨੂੰ ਤਾਂ ਇਹ ਵੀ ਯਾਦ ਆ ਕਿ ਕਿਵੇਂ ਫੁੱਲਾਂ ਨੇ ਦੀਵਾਰ ਦਾ ਭਾਰ ਸਹਿੰਦਿਆਂ ਜੱਲਾਦ ਨੂੰ ਵੰਗਾਰਿਆ ਸੀ। ਮਿਸਤਰੀ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਆਪਣੇ ਸੀਨਿਆਂ ਨਾਲ ਦੀਵਾਰ ਦੀ ਪਕਿਆਈ ਤੇ ਉਚਾਈ ਪਰਖੀ ਸੀ। ਮਾਸੂਮੀਅਤ ਵਿਚ ਭਿੱਜੇ ਰੋਹ ਨੇ ਦੀਵਾਰੀ-ਅੱਖੜਪੁਣੇ ਨੂੰ ਮੋਮ ਕਰ ਦਿੱਤਾ ਸੀ। ਇੱਟਾਂ ਵੀ ਮਾਸੂਮਾਂ ਨੂੰ ਆਪਣੀ ਜ਼ਦ ਵਿਚ ਲੈਂਦਿਆਂ ਹੰਝੂਆਂ ‘ਚ ਖੁਰ ਗਈਆਂ ਸਨ। ਦੀਵਾਰ ਨੂੰ ਤਾਂ ਚੰਗੀ ਤਰ੍ਹਾਂ ਯਾਦ ਹੋਵੇਗਾ ਜਦ ਫਤਿਹ ਸਿੰਘ ਨੇ ਵੱਡੇ ਵੀਰ ਜੋਰਾਵਰ ਸਿੰਘ ਤੋਂ ਪਹਿਲਾਂ ਮੌਤ ਨੂੰ ਗਲ ਨਾਲ ਲਾਇਆ ਹੋਵੇਗਾ। ਨਿੱਕੇ ਵੀਰੇ ਦੀ ਕਾਹਲ ਅਤੇ ਆਪਣੀ ਵਾਰੀ ਨੂੰ ਉਡੀਕਣ ਦੀ ਜ਼ੋਰਾਵਰ ਸਿੰਘ ਦੀ ਤੀਬਰਤਾ ਵੀ ਦੀਵਾਰ ਦੇ ਨੈਣਾਂ ਵਿਚ ਅੱਥਰੂ ਧਰ ਗਈ ਹੋਵੇਗੀ। ਦੀਵਾਰ ਦੇ ਸਾਹਮਣੇ ਹੀ ਕਾਜ਼ੀ ਦਾ ਫਤਵਾ ਆਪਣੀ ਕਠੋਰਤਾ ‘ਤੇ ਝੂਰਦਾ, ਬਹਾਦਰੀ ਦੇ ਨਵੇਂ ਕੀਰਤੀਮਾਨਾਂ ਸਾਹਵੇਂ ਛਿੱਥਾ ਪੈ ਗਿਆ ਹੋਵੇਗਾ।
ਦੀਵਾਰ ਨੇ ਤਾਂ ਮਲੇਰਕੋਟਲੇ ਦੇ ਨਵਾਬ ਦਾ ਹਾਅ ਦਾ ਨਾਹਰਾ ਵੀ ਆਪਣੇ ਸੀਨੇ ਵਿਚ ਜ਼ਜ਼ਬ ਕੀਤਾ ਹੋਵੇਗਾ ਅਤੇ ਸੋਚਦੀ ਹੋਵੇਗੀ ਕਿ ਹੁਕਮਰਾਨ ਵੀ ਰਹਿਮਦਿਲ ਹੋ ਸਕਦੇ ਨੇ? ਚੌਗਿਰਦੇ ਵਿਚ ਨਿੱਕੇ ਸਾਹਿਬਜ਼ਾਦਿਆਂ ਦੀ ਜਾਂਬਾਜ਼ੀ, ਉਨ੍ਹਾਂ ਦੀ ਗੱਲਬਾਤ ਵਿਚਲੀ ਰੂਹਾਨੀਅਤ, ਉਨ੍ਹਾਂ ਦੇ ਮੁਖੜਿਆਂ ਦਾ ਜਲਾਲ ਅਤੇ ਉਨ੍ਹਾਂ ਦੀ ਚੜ੍ਹਦੀ ਕਲਾ ਨੂੰ ਆਪਣੇ ਅੰਤਰੀਵ ਵਿਚ ਉਤਾਰਦੀ ਹੋਈ ਦੀਵਾਰ ਜਰੂਰ ਕਿਆਸਦੀ ਹੋਵੇਗੀ ਕਿ ਇਹ ਕਿਹੜੀ ਮਾਂ ਦੇ ਜਾਏ ਨੇ? ਕਿਸ ਨੇ ਇਨ੍ਹਾਂ ਨੂੰ ਅਸੂਲ-ਪ੍ਰਸਤੀ ਅਤੇ ਮਰਨ ਦੇ ਗੁਰ ਸਿਖਾਏ ਨੇ, ਜੋ ਮੌਤ ਨੂੰ ਸ਼ੁਗਲ ਤੋਂ ਵੱਧ ਕੁਝ ਨਹੀਂ ਸਮਝਦੇ? ਉਨ੍ਹਾਂ ਨੇ ਮੌਤ ਦੀ ਕਰੂਰਤਾ ਨੂੰ ਵੀ ਹਰਾ ਦਿੱਤਾ ਸੀ। ਦੀਵਾਰ ਤਾਂ ਹੁੱਬਕੀਂ ਰੋਂਦੀ ਹੋਵੇਗੀ, ਜਦ ਸ਼ਹੀਦ ਹੋਏ ਸਾਹਿਬਜ਼ਾਦਿਆਂ ਦਾ ਅੰਤਿਮ ਸਸਕਾਰ ਕਰਨ ਲਈ ਦੀਵਾਨ ਟੋਡਰ ਮੱਲ ਨੇ ਇਨ੍ਹਾਂ ਮਾਸੂਮਾਂ ਨੂੰ ਦੀਵਾਰ ਤੋਂ ਵੱਖ ਕੀਤਾ ਹੋਵੇਗਾ। ਭਲਾ! ਉਹ ਦੀਵਾਰ ਆਪਣੇ ਸਾਹਾਂ ਤੋਂ ਬਗੈਰ ਕਿਵੇਂ ਜਿਉਂਦੀ ਰਹੀ ਹੋਵੇਗੀ?
ਬਹੁਤ ਚਿਰ ਤੀਕ ਤਾਂ ਦੀਵਾਰ ਨਤਮਸਤਕ ਹੋਣ ਵਾਲੇ ਹਰ ਸ਼ਰਧਾਲੂ ਦੇ ਮਨ ਵਿਚ ਕਹਿਰਾਂ ਭਰੇ ਵਕਤਾਂ ਦੀ ਕਹਾਣੀ ਧਰਦੀ ਰਹੀ। ਤੁਹਾਥੋਂ ਹੁੰਗਾਰਾ ਲੋੜਦੀ ਏ ਕਿ ਪੁੱਤਾਂ ਵਾਲਿਓ! ਕਦੇ ਉਸ ਮਾਂ ਦੀ ਦਲੇਰੀ, ਸਬਰ-ਸਬੂਰੀ ਤੇ ਮਾਨਸਿਕ ਉਚਾਣ ਨੂੰ ਆਪਣੇ ਹਿਰਦੇ ਵਿਚ ਵਸਾਉਣਾ, ਜਿਸ ਦੇ ਮਾਸੂਮ ਬੱਚਿਆਂ ਨੇ ਅਦੁੱਤੀ ਸ਼ਹਾਦਤ ਨਾਲ ਤਵਾਰੀਖ ਨੂੰ ਨਵੇਂ ਅਰਥ ਦਿੱਤੇ ਸਨ। ਬੱਚਿਆਂ ਦੀਆਂ ਕੁਰਬਾਨੀਆਂ ਦੀਆਂ ਕਹਾਣੀਆਂ ਆਪਣੀ ਔਲਾਦ ਨੂੰ ਜਰੂਰ ਸੁਣਾਉਣਾ ਤਾਂ ਕਿ ਉਨ੍ਹਾਂ ਨੂੰ ਆਪਣੇ ਇਤਿਹਾਸ ‘ਤੇ ਮਾਣ ਹੋਵੇ। ਪਰ ਅੱਜ ਕੱਲ ਹੋਂਦ-ਵਿਹੂਣੀ ਦੀਵਾਰ ਬਹੁਤ ਉਦਾਸ ਅਤੇ ਹਤਾਸ਼ ਹੈ। ਉਸ ਦੀ ਉਦਾਸੀ ‘ਚ ਹੈ, ਆਪਣਿਆਂ ਦੀ ਅਕ੍ਰਿਤਘਣਤਾ ਅਤੇ ਵਿਰਸੇ ਪ੍ਰਤੀ ਅਣਡਿੱਠਤਾ। ਬੌਣੀ ਮਾਨਸਿਕਤਾ ਹੋ ਰਹੀ ਏ ਜੱਗ-ਜਾਹਰ।
ਦੀਵਾਰ ਨੂੰ ਦੁੱਖ ਹੈ ਕਿ ਸੋਗ-ਸਮਾਗਮ ਜਸ਼ਨ ਬਣ ਗਏ ਨੇ। ਸ਼ਹਾਦਤ ਦੇ ਨਾਂ ‘ਤੇ ਰਾਜਸੀ ਰੋਟੀਆਂ ਸੇਕਣਾ ਅਤੇ ਨਿੱਜੀ ਮੁਫਾਦ ਤੀਕ ਸਿਮਟਣਾ, ਧਾਰਮਕ ਲੀਡਰਾਂ ਦਾ ਅਕੀਦਾ ਬਣ ਗਿਆ ਏ। ਦੀਵਾਰ ਪੁੱਛਦੀ ਏ ਕਿ ਦੱਸੋ ਵੇ ਵਾਰਸੋ! ਅੱਜ ਮੈਂ ਕਿਥੇ ਹਾਂ? ਕਿਸ ਨੂੰ ਆਪਣੀ ਵੇਦਨਾ ਸੁਣਾਵਾਂ? ਕਿਸ ਅੱਗੇ ਝੋਲੀ ਫੈਲਾਵਾਂ ਕਿ ਮੇਰੀ ਵਿਥਿਆ ਇਤਿਹਾਸ ਦਾ ਸਦੀਵੀ ਸ਼ਰਫ ਬਣ ਜਾਵੇ? ਯਾਦ ਰੱਖਣਾ! ਇਤਿਹਾਸ ਤੋਂ ਬੇਮੁੱਖ ਹੋਣ ਵਾਲੀਆਂ ਕੌਮਾਂ ਦਾ ਕੋਈ ਇਤਿਹਾਸ ਨਹੀਂ ਰਹਿੰਦਾ। ਜੜ੍ਹ-ਹੀਣ ਹੋ ਕੇ ਜਿਉਣ ਨਾਲੋਂ ਤਾਂ ਮਰਨਾ ਹੀ ਬਿਹਤਰ। ਸ਼ਾਇਦ ਇਸ ਕਰਕੇ ਸਰਹਿੰਦ ਦੀ ਦੀਵਾਰ ਸੰਗਮਰਮਰ ਦੇ ਭਾਰ ਹੇਠ ਸਿੱਸਕਦੀ ਏ। ਇਹ ਸਿਸਕੀਆਂ ਉਸ ਸ਼ਰਧਾਵਾਨ ਨੂੰ ਸੁਣਦੀਆਂ ਨੇ, ਜੋ ਅਨੂਠੀ ਸ਼ਹਾਦਤ ਦੀ ਅਕੀਦਤ ਕਰਨ ਆਉਂਦਾ ਏ। ਅਜਿਹੇ ਸ਼ਰਧਾਲੂਆਂ ਦੀ ਉਡੀਕ ਵਿਚ ਤਾਂ ਦੀਵਾਰ ਦੀਆਂ ਸਿਸਕੀਆਂ ਜਾਰੀ ਨੇ। ਸੋਚ-ਸ਼ੋਰ ਬਣਨ ਦੀ ਉਡੀਕ ਵਿਚ ਇਹ ਸਿਸਕੀਆਂ ਆਪਣੀ ਅਉਧ ਨੂੰ ਲੰਮੇਰਾ ਕਰ ਰਹੀਆਂ ਨੇ।
ਦੀਵਾਰ ਦੇ ਗਲ ਲੱਗ ਕੇ ਰੋਂਦੀ ਕੱਚੀ ਗੜ੍ਹੀ ਬਹੁਤ ਦੁਖਿਆਰੀ। ਉਸ ਦੀ ਦੁਖਦੀ ਰਗ ‘ਤੇ ਹੱਥ ਧਰਨ ਲੱਗਿਆਂ ਮਨ ਵੀ ਸਹਿਮ ਜਾਂਦਾ ਏ। ਗੜ੍ਹੀ ਪ੍ਰਸ਼ਨ ਕਰਦੀ ਹੈ ਕਿ ਕਿਥੇ ਹਾਂ ਮੈਂ? ਕਿਹੜੇ ਨੇ ਉਹ ਹੱਥ, ਜਿਨ੍ਹਾਂ ਨੇ ਮੇਰੀ ਹੋਂਦ ਮਿਟਾਈ? ਮੈਂ ਤਾਂ ਸ਼ਰਧਾਲੂਆਂ ਦੇ ਨਾਮ ਅੱਖੀਂ ਡਿੱਠਾ ਵਰਣਨ ਕਰਨਾ ਸੀ ਤਾਂ ਕਿ ਉਨ੍ਹਾਂ ਦੇ ਦੀਦਿਆਂ ਵਿਚ ਰੱਤ ਉਤਰ ਆਵੇ। ਪਰ ਇਸ ਤੋਂ ਪਹਿਲਾਂ ਹੀ ਮੇਰੀ ਕੱਚੀ ਹੋਂਦ ਨੂੰ ਬਾਬਿਆਂ ਨੇ ਸੰਗਮਰਮਰ ਹੇਠ ਦਫਨ ਕਰ ਦਿੱਤਾ। ਦੱਸੋ ਤਾਂ ਸਹੀ ਕਿ ਮੈਨੂੰ ਕਿਉਂ ਅਲੋਪ ਕੀਤਾ? ਕੀ ਮੇਰੀ ਹੋਂਦ ਰੜ੍ਹਕਦੀ ਸੀ? ਇਹ ਕਿਹੋ ਜਿਹੀ ਹੈ ਅੰਨ੍ਹੀ ਸ਼ਰਧਾ, ਜੋ ਜਿਉਂਦੇ-ਜਾਗਦੇ ਇਤਿਹਾਸ ਨੂੰ ਮਿੱਟੀ ‘ਚ ਮਿਟਾਉਣ ਲਈ ਉਤਾਵਲੀ ਏ। ਮੈਨੂੰ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਸੰਗਤ ਵਿਚ ਬਿਤਾਏ ਹਰ ਪਲ ਯਾਦ ਸਨ। ਕਿਵੇਂ ਉਨ੍ਹਾਂ ਨੇ ਚਾਲੀ ਕੁ ਸਿੰਘਾਂ ਨਾਲ ਮੇਰੀ ਕਿਲਾਬੰਦੀ ਕੀਤੀ? ਕਿਵੇਂ ਉਨ੍ਹਾਂ ਦਾ ਜਾਹੋ-ਜਲਾਲ ਅਤੇ ਦਹਾੜ ਮੇਰੇ ਚੌਗਿਰਦੇ ਵਿਚ ਫੈਲੀ? ਕਿਵੇਂ ਉਨ੍ਹਾਂ ਦੀ ਲਲਕਾਰ ਨੇ ਵੈਰੀਆਂ ‘ਚ ਕੰਬਣੀ ਛੇੜੀ? ਕਿਵੇਂ ਉਹ ਮਚਾਣ ‘ਤੇ ਬਹਿ ਕੇ ਸਿੰਘਾਂ ਨੂੰ ਸ਼ਹੀਦ ਹੁੰਦਿਆਂ ਨਿਹਾਰਦੇ ਸਨ? ਕਿਵੇਂ ਉਨ੍ਹਾਂ ਨੇ ਆਪਣੇ ਜੇਠੇ ਪੁੱਤ ਸਾਹਿਬਜ਼ਾਦੇ ਅਜੀਤ ਸਿੰਘ ਨੂੰ ਮੌਤ ਵਿਹਾਜਣ ਲਈ ਮੈਦਾਨੇ-ਜੰਗ ਵਿਚ ਭੇਜਿਆ ਸੀ? ਕਿਵੇਂ ਉਨ੍ਹਾਂ ਦੁਨੀਆਂ ਨੂੰ ਦਰਸਾ ਦਿੱਤਾ ਕਿ ਹੱਕ, ਸੱਚ ਤੇ ਇਨਸਾਫ ਲਈ ਆਪਣੇ ਪੁੱਤਰਾਂ ਨੂੰ ਵਾਰਨ ਲੱਗਿਆਂ ਬਾਪ ਪਲ ਵੀ ਨਹੀਂ ਲਾਉਂਦਾ?
ਮੈਨੂੰ ਤਾਂ ਹੁਣ ਤੀਕ ਯਾਦ ਸੀ, ਉਨ੍ਹਾਂ ਦਾ ਸਾਹਿਬਜ਼ਾਦੇ ਜੁਝਾਰ ਸਿੰਘ ਨੂੰ ਅਲੂਈਂ ਉਮਰੇ ਦੁਸ਼ਮਣਾਂ ਨੂੰ ਵੰਗਾਰਦੇ ਅਤੇ ਫਿਰ ਵੀਰਗਤੀ ਨੂੰ ਪ੍ਰਾਪਤ ਕਰਦਿਆਂ, ਅੱਖੀਂ ਦੇਖਣਾ। ਕਿੰਨਾ ਮਹਾਨ ਅਤੇ ਵੱਡਾ ਸੀ ਉਸ ਬਾਪ ਦਾ ਜਿਗਰਾ। ਉਹ ਕੇਹਾ ਵਕਤ ਸੀ, ਜਦ ਬਾਪ ਆਪਣੇ ਸਿੰਘਾਂ ਤੇ ਪੁੱਤਰਾਂ ਨੂੰ ਸ਼ਹੀਦ ਕਰਵਾ ਵਾਹਿਗੁਰੂ ਦਾ ਸ਼ੁਕਰਾਨਾ ਕਰ ਰਿਹਾ ਸੀ। ਅਜਿਹੇ ਮਰਦ-ਅਗੰਮੜੇ ਸੰਗ ਬਿਤਾਏ ਪਲ ਤਾਂ ਮੈਂ ਹਰ ਸ਼ਖਸ ਨੂੰ ਸੁਣਾਉਣੇ ਸਨ ਕਿ ਮੈਨੂੰ ਹੀ ਮਿਟਾ ਦਿੱਤਾ ਗਿਆ। ਮੇਰਾ ਕੀ ਸੀ ਕਸੂਰ? ਮੈਨੂੰ ਕਿਉਂ ਇੰਨੀ ਵੱਡੀ ਸਜ਼ਾ ਦਿੱਤੀ ਗਈ? ਮੇਰੀ ਹਿੱਕ ਵਿਚ ਦਫਨ ਹੋ ਚੁਕੀ ਜੰਗ ਦੀ ਦਾਸਤਾਨ ਹੁਣ ਕੌਣ ਸੁਣਾਵੇਗਾ? ਜਦ ਗਭਰੇਟ ਇਸ ਅਸਥਾਨ ‘ਤੇ ਆਉਣਗੇ ਤਾਂ ਉਹ ਕਿਥੋਂ ਭਾਲਣਗੇ ਕੱਚੀ ਗੜ੍ਹੀ? ਕਿਵੇਂ ਕਿਆਸਣਗੇ ਗੁਰੂ ਜੀ ਦਾ ਜੰਗ ਦੇਖਣਾ? ਸਿੰਘਾਂ ਨੂੰ ਵਾਰੀ-ਵਾਰੀ ਸ਼ਹਾਦਤ ਲਈ ਤੋਰਨਾ? ਕਿਵੇਂ ਉਸ ਵਕਤ ਦਾ ਅੰਦਾਜ਼ਾ ਲਾਉਣਗੇ ਜਦ ਪੰਜ ਸਿੱਖਾਂ ਨੇ ਗੁਰੂ ਜੀ ਨੂੰ ਗੜ੍ਹੀ ਛੱਡਣ ਲਈ ਹੁਕਮਨਾਮਾ-ਰੂਪੀ ਜੋਦੜੀ ਕੀਤੀ ਸੀ? ਉਨ੍ਹਾਂ ਦੇ ਹਿਰਦੇ ‘ਤੇ ਕੀ ਬੀਤਦੀ ਹੋਵੇਗੀ ਅਤੇ ਉਹ ਕੀ ਸੋਚਦੇ ਹੋਣਗੇ ਜਦ ਉਨ੍ਹਾਂ ਨੇ ਸਾਹਿਬਜ਼ਾਦਿਆਂ ਤੇ ਸਿੰਘਾਂ ਨੂੰ ਸ਼ਹੀਦ ਕਰਵਾ ਮਾਛੀਵਾੜੇ ਨੂੰ ਚਾਲੇ ਪਾਏ ਹੋਣਗੇ? ਕਿਵੇਂ ਸ਼ੁਕਰਗੁਜ਼ਾਰੀ ਵਿਚ ਉਪਰ ਵੱਲ ਨੂੰ ਹੱਥ ਉਠਾਏ ਹੋਣਗੇ? ਉਨ੍ਹਾਂ ਦੇ ਮਨ ਵਿਚ ਪੁੱਤਰਾਂ ਦੇ ਤੋਤਲੇ ਬੋਲ, ਲਡਾਏ ਲਾਡ ਅਤੇ ਦਿੱਤੀਆਂ ਲੋਰੀਆਂ ਤੋਂ ਸ਼ਹੀਦ ਹੋਣ ਤੀਕ ਦਾ ਜੀਵਨ ਸਫਰ ਤੈਰਦਾ ਤਾਂ ਹੋਵੇਗਾ ਹੀ! ਪਰਿਵਾਰ ਤੇ ਸਿੰਘਾਂ ਤੋਂ ਸੱਖਣੇ, ਰਾਤ ਦੇ ਹਨੇਰੇ ਵਿਚ ਜਾਂਦੇ ਮਾਹੀ ਦੀ ਪੈੜ ਨੂੰ ਨਿਹਾਰਦੀ, ਮੈਂ ਜ਼ਾਰੋ-ਜ਼ਾਰ ਰੋਂਈ ਸਾਂ। ਤੁਰੇ ਜਾਂਦੇ ਗੁਰ-ਤੇਜ ਸਾਹਵੇਂ ਰਾਤ ਦਾ ਹਨੇਰਾ ਵੀ ਤ੍ਰਭਕ ਗਿਆ ਹੋਵੇਗਾ। ਤਾਰਿਆਂ ਦੀ ਰੌਸ਼ਨੀ ਉਨ੍ਹਾਂ ਦੇ ਪੈਰਾਂ ਨੂੰ ਚੁੰਮਦੀ ਹੋਵੇਗੀ। ਤ੍ਰੇਲ ਉਨ੍ਹਾਂ ਦੇ ਲਹੂ-ਲੁਹਾਣ ਪੈਰਾਂ ਨੂੰ ਧੋਂਦੀ, ਉਸ ਮਿੱਟੀ ਨੂੰ ਨਮਸਕਾਰਦੀ ਹੋਵੇਗੀ ਜਿਨ੍ਹਾਂ ਨੇ ਨੰਗੇ ਪੈਰਾਂ ਦੀ ਛੋਹ ਮਾਣੀ।
ਬਹੁਤ ਕੁਝ ਆਉਂਦਾ ਏ ਕੱਚੀ ਗੜ੍ਹੀ ਦੇ ਮਨ ਵਿਚ, ਜੋ ਆਉਣ ਵਾਲੀਆਂ ਨਸਲਾਂ ਨੂੰ ਦੱਸਣਾ ਚਾਹੁੰਦੀ ਏ। ਪਰ ਉਹ ਕੀ ਕਰੇ? ਕਿਸ ਦੇ ਸਾਹਵੇਂ ਫਰਿਆਦ ਕਰੇ? ਕੋਈ ਵੀ ਉਸ ਦੇ ਦਰਦ ਦੀ ਹਾਥ ਨਹੀਂ ਪਾ ਸਕਦਾ। ਜਦ ਚਸ਼ਮਦੀਦ ਖਤਮ ਹੋ ਜਾਂਦਾ ਤਾਂ ਇਸ ਨਾਲ ਜੁੜਿਆ ਇਤਿਹਾਸ ਅਤੇ ਦੁਰਲੱਭ ਰਾਜ਼ ਆਪਣੇ-ਆਪ ਹੀ ਖਤਮ ਹੋ ਜਾਂਦੇ। ਫਿਰ ਬਹੁਤ ਸੌਖਾ ਹੁੰਦਾ ਏ ਲੋਕ-ਚੇਤਿਆਂ ਨੂੰ ਲੁਭਾਊ, ਤਰਕਹੀਣ ਅਤੇ ਤੱਥ-ਗਤ ਕਹਾਣੀਆਂ ਵਿਚ ਉਲਝਾ ਅਤੇ ਪ੍ਰਚਾ ਕੇ ਅਮੀਰ ਵਿਰਸੇ ਦੀ ਵਿਲੱਖਣਤਾ ਤੇ ਸਦੀਵਤਾ ਨੂੰ ਸਦਾ ਲਈ ਮਲੀਆਮੇਟ ਕਰ ਦੇਣਾ। ਕੱਚੀ ਗੜ੍ਹੀ ਦੇ ਦੁੱਖ ਨੂੰ ਫਰੋਲਣ ਲੱਗਿਆਂ ਤਾਂ ਕਲਮ ਵੀ ਹੁੱਬਕੀਂ ਰੋਂਦੀ ਏ। ਪਤਾ ਨਹੀਂ ਕੌਣ ਸਨ ਪੱਥਰ-ਦਿਲ ਲੋਕ ਜਿਨ੍ਹਾਂ ਨੇ ਕੱਚੀ ਗੜ੍ਹੀ ਦੇ ਨੈਣੀਂ ਝਾਕਣ ਦੀ ਥਾਂ ਇਸ ਨੂੰ ਸੰਗਮਰਮਰੀ ਕਬਰ ਬਣਾ ਦਿੱਤਾ। ਕਬਰਾਂ ਕਦੇ ਨਹੀਂ ਬੋਲਦੀਆਂ, ਨਿਸ਼ਾਨੀਆਂ ਬੋਲਦੀਆਂ ਨੇ।
ਦੀਵਾਰ ਤੇ ਗੜ੍ਹੀ ਦੇ ਦਰਦ ਦਰਮਿਆਨ ਜਦ ਮਾਛੀਵਾੜੇ ਦੇ ਖੂਹ ਦੀ ਮੌਣ ਨੂੰ ਆਪਣਾ ਦੱਖੜਾ ਫਰੋਲਣ ਦਾ ਵਕਤ ਮਿਲਿਆ ਤਾਂ ਹਿੱਚਕੀਆਂ ‘ਚ ਹਾਰੀ, ਉਹ ਬੋਲਣ ਤੋਂ ਵੀ ਅਸਮਰਥ ਸੀ। ਕੀ ਬੋਲੇ ਅਤੇ ਕੀ ਨਾ ਬੋਲੇ? ਅਬੋਲ ਰਹਿ ਕੇ ਵੀ ਬਹੁਤ ਕੁਝ ਸਮਿਆਂ ਦੇ ਨਾਮ ਕਰਨ ਵਾਲੀ ਮੌਣ, ਬਹੁਤ ਖਾਮੋਸ਼ ਏ। ਇਸ ਦੀ ਖਾਮੋਸ਼ੀ ਵਿਚ ਸੁਲਘਦੇ ਨੇ ਦਿਲ ਵਿੰਨਵੇਂ ਵੈਣ, ਨਹੋਰੇ ਅਤੇ ਉਲਾਹਮੇ। ਨਤਮਸਤਕ ਹੋਣ ਵਾਲੇ ਹਰ ਸ਼ਖਸ ਨੂੰ ਆਪਣੀ ਆਤਮਾ ਵੰਨੀਂ ਝਾਕਣ ਲਈ ਜੋਦੜੀ ਕਰਦੀ ਏ ਮੌਣ। ਮਰਨ-ਹਾਰੀ ਮੌਣ ਮੌਤ ਵਰਗੀ ਸੰਘਣੀ ਚੁੱਪ ਅਤੇ ਕਠੋਰਤਾ ਹੰਢਾਉਂਦੀ ਸੰਗਮਰਮਰ ਹੇਠ ਦੱਬੀ ਆਪਣੀ ਹੋਣੀ ਨੂੰ ਚਿਤਵਦੀ ਰੂਹ ਨੂੰ ਪੱਛ ਜਾਂਦੀ ਏ। ਮੌਣ ਦੀ ਹੂਕ ਸੁਣਨ ਦਾ ਹੀਆ ਕਰੋ ਜੋ ਕੂਕਦੀ ਆ, “ਸਿੰਘ ਅਤੇ ਪੁੱਤਰ ਸ਼ਹੀਦ ਕਰਵਾ, ਰਾਤ ਦੇ ਪੈਂਡੇ ਦਾ ਭੰਨਿਆ ਬਾਦਸ਼ਾਹ-ਦਰਵੇਸ਼ ਮੇਰੀ ਹਦੂਦ ਵਿਚ ਆਇਆ ਸੀ ਤਾਂ ਮੈਂ ਭਾਗਾਂ ਵਾਲੀ ਬਣ ਗਈ। ਉਸ ਨੇ ਮੈਨੂੰ ਆਪਣੀ ਆਗੋਸ਼ ਵਿਚ ਲੈ, ਘੜੀ ਪਲ ਅੱਖ ਲਾਉਣ ਦਾ ਮਨ ਬਣਾਇਆ। ਉਸ ਵੇਲੇ ਅੰਬਰੀ ਚੁੱਪ ਅਤੇ ਤਾਰਿਆਂ ਦੀਆਂ ਹੰਝੂਆਂ ਸੰਗ ਤਾਰੀ ਅੱਖਾਂ ਗੁਰੂ ਜੀ ਦੀ ਕੁਰਬਾਨੀ ਨੂੰ ਸਿਜਦਾ ਕਰਦੀਆਂ, ਉਸ ਦੇ ਦਰਦ ‘ਚ ਪਸੀਜ, ਉਸ ਦੇ ਰੱਤ-ਰੱਤੜੇ ਕਦਮਾਂ ਨੂੰ ਚੁੰਮ ਰਹੀਆਂ ਸਨ। ਮੇਰੇ ਉਪਰ ਬੈਠ ਕੇ ਹੀ ਗੁਰੂ ਜੀ ਨੇ ਰੱਬ ਦੀ ਸ਼ੁਕਰਗੁਜਾਰੀ ਵਿਚ ਉਚਾਰਿਆ ਸੀ, “ਮਿਤਰ ਪਿਆਰੇ ਨੂੰ ਹਾਲੁ ਮੁਰੀਦਾ ਦਾ ਕਹਣਾ।”
ਕਿੰਨੀ ਉਚੀ ਸੀ ਸ਼ਹਿਨਸਾਹ ਦੀ ਮਾਨਸਿਕ ਅਵਸਥਾ ਅਤੇ ਰਹਿਬਰੀ। ਉਸ ਵਕਤ ਗੁਰੂ ਜੀ ਦੇ ਮਨ ਵਿਚ ਆਏ ਵਿਚਾਰਾਂ ਅਤੇ ਆਤਮਿਕ-ਰੂਹਾਨੀਅਤ ਨਾਲ ਭਿੱਜੀਆਂ ਸੰਵੇਦਨਾਵਾਂ ਮੇਰੇ ਵਿਚ ਰਮ ਗਈਆਂ ਸਨ। ਖੂਹ ਦਾ ਪਾਣੀ ਅੰਮ੍ਰਿਤ ਹੋ ਗਿਆ ਸੀ। ਮੈਂ ਉਸ ਦ੍ਰਿਸ਼ ਨੂੰ ਆਪਣੇ ਅੰਤਰੀਵ ਵਿਚ ਖੁਣ ਲਿਆ ਸੀ। ਮੇਰਾ ਤਾਂ ਮਨ ਕਰਦਾ ਸੀ ਕਿ ਯੁੱਗਾਂ ਤੀਕ ਉਹ ਵਿਥਿਆ ਰਹੇਕ ਨੂੰ ਸੁਣਾਵਾਂਗੀ। ਸ਼ਰਧਾਲੂਆਂ ਦੀ ਸੋਚ ਵਿਚ ਗੁਰੂ ਜੀ ਦੀ ਵਡਿਆਈ ਅਤੇ ਮਹਾਨਤਾ ਦੇ ਨਗਮਿਆਂ ਦਾ ਜਾਗ ਲਾਵਾਂਗੀ ਤਾਂ ਕਿ ਉਹ ਆਪਣੇ ਵਿਰਸੇ ਪ੍ਰਤੀ ਅਵੇਸਲੇ ਨਾ ਹੋਣ। ਪਰ ਪਤਾ ਨਹੀਂ ਕਿਹੜਾ ਕੁਲਹਿਣਾ ਵਕਤ ਆਇਆ ਕਿ ਮੇਰੀ ਮੁਢਲੀ ਹੋਂਦ ਨੂੰ ਮਿਟਾ ਅਧੁਨਿਕਤਾ ਦੀ ਆੜ ‘ਚ ਮੇਰੀ ਪਛਾਣ ਹੀ ਮਿਟਾ ਦਿੱਤੀ।
ਸਦਾ ਜਿਉਂਦੀਆਂ ਰਹਿਣ ਵਾਲੀਆਂ ਕੌਮਾਂ ਆਪਣੇ ਪੁਰਖਿਆਂ ਦਾ ਇਤਿਹਾਸ, ਸ਼ਹੀਦੀ ਸਮਾਰਕ, ਨਿਸ਼ਾਨੀਆਂ ਅਤੇ ਉਨ੍ਹਾਂ ਨਾਲ ਸਬੰਧਤ ਯਾਦਗਾਰੀ ਅਸਥਾਨਾਂ ਨੂੰ ਮੁਢਲੇ ਰੂਪ ਵਿਚ ਰੱਖਦੀਆਂ ਨੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਬੀਤੇ ਹੋਏ ਸਮੇਂ ਨੂੰ ਹੂ-ਬ-ਹੂ ਚਿੱਤਵ ਸਕਣ। ਉਨ੍ਹਾਂ ਦੇ ਹਿਰਦਿਆਂ ਵਿਚ ਬੀਤੇ ਦਾ ਹਰ ਵਰਕਾ ਅਤੇ ਹਰ ਹਰਫ ਉਕਰਿਆ ਜਾਵੇ। ਸ਼ਹਾਦਤਾਂ ਨਾਲ ਲਬਰੇਜ਼ ਤਹਿਜ਼ੀਬੀ ਵਰਕਾ ਉਨ੍ਹਾਂ ਦੀ ਸੋਚ-ਧੂਣੀ ਨੂੰ ਧੁਖਾਵੇ ਤਾਂ ਕਿ ਆਉਣ ਵਾਲੀਆਂ ਨਸਲਾਂ, ਇਤਿਹਾਸਕ ਰਹਿਬਰੀ ਵਿਚੋਂ ਆਪਣੀ ਪਛਾਣ, ਪਰੰਪਰਾਵਾਂ, ਮਾਨਤਾਵਾਂ ਅਤੇ ਮਰਿਆਦਾਵਾਂ ਨੂੰ ਸਦੀਵੀ ਜਿਉਂਦਾ ਰੱਖ ਸਕਣ। ਪਰ ਕੇਹੀ ਤ੍ਰਾਸਦੀ ਹੈ ਕਿ ਸਿੱਖ ਕੌਮ ਆਪਣਾ 300 ਸਾਲ ਦਾ ਇਤਿਹਾਸ ਹੀ ਨਹੀਂ ਸੰਭਾਲ ਸਕੀ। ਹੋਰ ਕੀ ਆਸ ਰੱਖੀ ਜਾ ਸਕਦੀ ਏ?
ਦੀਵਾਰ ਤੇ ਗੜ੍ਹੀ ਨੂੰ ਇਹ ਧਰਵਾਸ ਹੈ ਕਿ ਮੁਸਲਮਾਨ ਸ਼ਾਇਰ ਯਾਰ ਅੱਲ੍ਹਾ ਖਾਂ ਯੋਗੀ ਨੇ ਦੀਵਾਰ ਅਤੇ ਗੜ੍ਹੀ ਦੇ ਹੰਝੂਆਂ ਤੇ ਅਸਹਿ ਪੀੜਾ ਨੂੰ ਹਰਫਾਂ ਵਿਚ ਪਰੋ ਕੇ ਅਜਿਹੇ ਕਾਵਿਕ ਦਸਤਾਵੇਜ਼ ਦਾ ਰੂਪ ਦਿੱਤ, ਜਿਸ ਨੂੰ ਪੜ੍ਹਦਿਆਂ ਪਾਠਕ ਦੀਆਂ ਅੱਖਾਂ ਵਿਚ ਸਿੱਲ ਤੇ ਰੋਹ ਦਾ ਅਜਿਹਾ ਦਰਿਆ ਫੁਟਦਾ ਜੋ ਵਕਤ ਦੀ ਕੁੱਖ ਨੂੰ ਵੀ ਅੱਥਰੂ ਬਣਾ ਜਾਂਦਾ।
ਦੀਵਾਰ, ਗੜ੍ਹੀ ਤੇ ਮੌਣ ਦੀ ਦੱਬ ਦਿੱਤੀ ਗਈ ਦਰਦੀਲੀ ਦਾਸਤਾਨ ਬਹਿਰੇ ਅਤੇ ਗੁੰਗਿਆਂ ਨੇ ਤਾਂ ਸੁਣਨੀ ਨਹੀਂ। ਹਾਂ! ਜੇ ਵਰਕੇ ‘ਤੇ ਉਗੇ ਕਲਮ ਦੇ ਹਾਵੇ, ਹਾੜੇ, ਹੇਰਵੇ ਅਤੇ ਹੌਕੇ, ਪਾਠਕਾਂ ਦੇ ਦੀਦਿਆਂ ਨੂੰ ਸਿੱਲੇ ਕਰ ਗਏ ਤਾਂ ਉਨ੍ਹਾਂ ਦੇ ਅੰਤਰੀਵ ਵਿਚ ਉਗੀ ਸੰਵੇਦਨਾ ਹੀ ਕਿਸੇ ਦਿਨ ਦੀਵਾਰ, ਗੜ੍ਹੀ ਅਤੇ ਮੌਣ ਦਾ ਹੁੰਗਾਰਾ ਜਰੂਰ ਬਣੇਗੀ।
ਅਜਿਹੀ ਆਸ ਕਲਮ ਨੂੰ ਤਾਂ ਹੈ।