ਇਹ ਮੇਰਾ ਨਾਂ

ਉਘਾ ਲਿਖਾਰੀ ਅਤੇ ਕਾਰਕੁਨ ਸਾਧੂ ਬਿਨਿੰਗ 1967 ਤੋਂ ਕੈਨੇਡਾ ਦੇ ਸ਼ਹਿਰ ਵੈਨਕੂਵਰ ਰਹਿੰਦਾ ਹੈ। ਆਪਣੀ ਨਵੀਂ ਕਹਾਣੀ ‘ਇਹ ਮੇਰਾ ਨਾਂ’ ਵਿਚ ਉਹਨੇ ਬਚਪਨ ਦਾ ਗੇੜਾ ਮਾਰਿਆ ਹੈ। ਬਾਲਕ ਦੇ ਨਜ਼ਰੀਏ ਤੋਂ ਪੇਸ਼ ਇਸ ਕਹਾਣੀ ਨੂੰ ਪੜ੍ਹਦਿਆਂ ਪਾਠਕ ਵੀ ਆਪਣੇ ਬਚਪਨ ਦੇ ਦੌਰ ਵਿਚ ਪਹੁੰਚਿਆ ਮਹਿਸੂਸ ਕਰਦਾ ਹੈ। ਇਹੀ ਇਸ ਕਹਾਣੀ ਦੀ ਤਾਕਤ ਹੈ।

-ਸੰਪਾਦਕ

ਸਾਧੂ ਬਿਨਿੰਗ

ਸਵੇਰੇ ਆਪਣੇ ਪੋਤੇ ਦੀ ਕਾਰ ਵਿਚ ਰੇਡੀਓ ‘ਤੇ ਸੁਣੀ ਇਹ ਗੱਲ ਕਿ ‘ਬੰਦੇ ਦਾ ਨਾਂ ਤੇ ਜਨਮ ਤਰੀਕ ਉਹਦੀ ਹੋਂਦ ਦੀਆਂ ਦੋ ਬਹੁਤ ਹੀ ਮੁੱਢਲੀਆਂ ਗੱਲਾਂ ਹੁੰਦੀਆਂ ਹਨ’, ਮੇਰੇ ਕੰਨਾਂ ‘ਚ ਗੂੰਜ ਰਹੀ ਹੈ। ਮੇਰੇ ਲਈ ਤਾਂ ਇਹ ਦੋਵੇਂ ਚੀਜ਼ਾਂ ਹੀ ਰਲਗੱਡ ਰਹੀਆਂ ਹਨ ਸਦਾ। ਮਾਂ ਮੇਰਾ ਜਨਮ ਕਿਸੇ ਹੋਰ ਮਹੀਨੇ ਦਾ ਦੱਸਦੀ ਰਹੀ ਤੇ ਮੇਰੇ ਪੇਪਰ ਕੋਈ ਹੋਰ ਈ ਮਹੀਨਾ ਦਰਸਾਉਂਦੇ ਰਹੇ। ਏਨਾ ਸ਼ੁਕਰ ਹੈ ਕਿ ਸਾਲ ਉਹੀ ਆ, ਕਈ ਮੇਰੇ ਅਰਗਿਆਂ ਦੇ ਤਾਂ ਸਾਲ ਵੀ ਇਧਰ ਉਧਰ ਹੋਏ ਪਏ ਨੇ।
ਬੇਬੇ ਮੇਰੀ ਨੇ ਦੱਸਦੇ ਆ, ਮੇਰਾ ਨਾਂ ਰੱਖਿਆ ਸੀ ਬਹਾਦਰ ਸਿੰਘ। ਉਹ ਜਿੰਨਾ ਚਿਰ ਜੀਂਦੀ ਰਹੀ, ਆਪਣੇ ‘ਸੌ ਸੁੱਖਾਂ ਬਾਅਦ ਮਿਲੇ’ ਜੇਠੇ ਪੋਤੇ ਯਾਨਿ ਮੈਨੂੰ ਇਸੇ ਨਾਂ ਨਾਲ ਬੁਲਾਉਂਦੀ ਰਹੀ। ਪਰ ਪੇਪਰਾਂ ‘ਚ ਮੇਰਾ ਨਾਂ ਗੁਰਮੁਖ ਸਿੰਘ ਲਿਖਿਆ ਗਿਆ ਤੇ ਬਾਕੀ ਦੁਨੀਆਂ ਮੈਨੂੰ ਇਸੇ ਨਾਂ ਨਾਲ ਹੀ ਜਾਣਦੀ ਹੈ। ਖੈਰ ਜਿੱਦਾਂ ਹੁੰਦਾ ਈ ਆ, ਇਸ ਸਾਰੇ ਪਿੱਛੇ ਵੀ ਕਹਾਣੀ ਹੈ।
ਜਦੋਂ ਮੈਂ ਨਿੱਕਾ ਜਿਹਾ ਸੀ ਤਾਂ ਜੀਵਨ ਦੀ ਤੋਰ ਬੜੀ ਮਜ਼ੇਦਾਰ ਹੁੰਦੀ ਸੀ। ਬਸ ਮੌਜਾਂ ਈ ਮੌਜਾਂ। ਸਵੇਰੇ ਮਰਜ਼ੀ ਨਾਲ ਉਠਣਾ। ਚੁੱਲ੍ਹੇ ਲਾਗੇ ਬੈਠ ਕੇ ਚਾਹ ਦੀ ਬਾਟੀ ਪੀ ਕੇ ਸੁਸਤੀ ਜਿਹੀ ਉਤਾਰਨ ਲਈ ਕਈ ਕਈ ਮਿੰਟ ਸ਼ੌਕ ਵਜੋਂ ਈਂ ਸਿਰ, ਢਿੱਡ ਜਾਂ ਚਿੱਤੜਾਂ ਨੂੰ ਖਨੂੰਹੀ ਜਾਣਾ। ਜੇ ਲੱਗਾ ਪਈ ਬੀਬੀ ਜਾਂ ਬੇਬੇ ਕੋਲ ਧਿਆਨ ਦੇਣ ਦਾ ਟੈਮ ਹੈਗਾ, ਇਸ ਗੱਲ ਦਾ ਕੁਦਰਤੋਂ ਅੰਦਾਜ਼ਾ ਜਿਹਾ ਹੋ ਜਾਂਦਾ ਸੀ, ਤਾਂ ਐਵੀਂ ਬੇਮਤਲਬ ਜਿਹਾ ਰੋਣਾ ਸ਼ੁਰੂ ਕਰ ਦੇਣਾ।
ਪਤਾ ਤਾਂ ਉਨ੍ਹਾਂ ਨੂੰ ਵੀ ਹੁੰਦਾ ਈ ਸੀ, ਪਈ ਮੇਰੇ ਸਵੇਰ ਆਲੇ ਰੋਣ ‘ਚ ਕੋਈ ਅਸਲੀਅਤ ਤਾਂ ਹੈ ਈ ਨਈਂ, ਫੇਰ ਵੀ ਜੇ ਕਿਤੇ ਬੇਬੇ ਕੋਲ ਟੈਮ ਹੋਣਾ ਤਾਂ ਚੁੱਕ ਲੈਣਾ। ਬੀਬੀ ਕੋਲ ਤਾਂ ਸਵੇਰ ਵੇਲੇ ਟੈਮ ਹੋਣ ਦਾ ਸਵਾਲ ਈ ਨਈਂ ਸੀ। ਬੇਬੇ ਨੇ ਮੇਰੇ ਨਿੱਕੇ ਜਿਹੇ ਢਿੱਡ ‘ਤੇ ਹੱਥ ਫੇਰ ਕੇ ਕਹਿਣਾ, “ਕੀ ਹੋਇਆ ਮੇਰੇ ਪੁੱਤ ਨੂੰ? ਹੈਂ ਕਿਓਂ ਰੋਂਦੀ ਆ, ਮੇਰੀ ਨਿੱਕੀ ਜਿਹੀ ਡਿੱਡੀ ਸਵੇਰੇ ਸਵੇਰੇ? ਚਾਹ ਥੋੜ੍ਹੀ ਮਿਲੀ ਆ ਅੱਜ ਮੇਰੇ ਬਹਾਦਰ ਸਿਓਂ ਨੂੰ?” ਖੁਸ਼ੀ ਤਾਂ ਏਸੇ ਗੱਲ ਦੀ ਬਹੁਤ ਹੁੰਦੀ ਸੀ, ਪਈ ਬੇਬੇ ਨੇ ਚੁੱਕ ਲਿਆ। ਇਸ ਖੁਸ਼ੀ ‘ਚ ਥੋੜ੍ਹਾ ਜਿਹਾ ਜਿੱਤ ਦਾ ਵੀ ਰਲਾਅ ਹੁੰਦਾ ਸੀ। ਨਾਲ ਚਾਹ ਦੀ ਹੋਰ ਸੁਲ੍ਹਾ ਤਾਂ ਸੋਨੇ ‘ਤੇ ਸੁਹਾਗੇ ਆਲੀ ਗੱਲ ਹੁੰਦੀ। ਆਪਾਂ ਸਿਰ ਥੱਲੇ ਨੂੰ ਮਾਰ ਦੇਣਾ। ਬਾਟੀ ਚਾਹ ਦੀ ਹੋਰ ਮਿਲ ਜਾਣੀ।
ਉਦਾਂ ਜੇ ਬੇਬੇ ਨੇ ਕੁਛ ਹੋਰ ਵੀ ਕਹਿ ਦਿੱਤਾ, ਜਿੱਦਾਂ ਪਈ “ਬਿਸਕੁਟ ਲੈਣਾ?” ਤਾਂ ਆਪਣਾ ਸਿਰ ਉਸੇ ਦਿਸ਼ਾ ‘ਚ ਹਿਲਣਾ ਹੁੰਦਾ ਸੀ, ਸਗੋਂ ਹੋਰ ਜੋਸ਼ ਨਾਲ। ਸਾਡੇ ਘਰ ਦੀ ਪਿਛਲੀ ਕੋਠੜੀ ‘ਚ ਨਿੱਕੀ ਜਿਹੀ ਪੀਪੀ ‘ਚ ਬੇਬੇ ‘ਆਏ ਗਏ ਲਈ’ ਬਿਸਕੁਟ ਰੱਖਦੀ ਹੁੰਦੀ ਸੀ। ਇਕ ਦਿਨ ਬੀਬੀ ਨੇ ਕਿਸੇ ਗੱਲੋਂ ਖਿਝ ਕੇ ਮੈਨੂੰ ਉਸ ਕੋਠੜੀ ‘ਚ ਹੁਬੜ ਦਿੱਤਾ। ਨ੍ਹੇਰੇ ‘ਚ ਹੱਥ ਪੈਰ ਮਾਰਦੇ ਦੇ ਮੇਰੇ ਗੋਡੇ ‘ਚ ਉਹ ਪੀਪੀ ਲੱਗ ਗਈ ਤੇ ਉਹਦੇ ਟੁੱਟੇ ਹੋਏ ਕੰਢੇ ਨੇ ਗੋਡੇ ‘ਚੋਂ ਲਹੂ ਕੱਢ ਦਿੱਤਾ। ਪਰ ਫੇਰ ਮੈਨੂੰ ਵਰਾਉਣ ਲਈ ਤੇ ਖਬਰੇ ਪੀਪੀ ਨੂੰ ਸਜ਼ਾ ਦੇਣ ਲਈ, ਬੇਬੇ ਨੇ ਦੋ ਤਿੰਨ ਬਿਸਕੁਟ ਦੇ ਦਿੱਤੇ। ਬਿਸਕੁਟਾਂ ਨੇ ਜੋ ਸੁਆਦ ਦਿੱਤਾ, ਮੈਂ ਹਾਣੀ ਨਿਆਣਿਆਂ ਨੂੰ ਦੱਸ ਦੱਸ ਕੇ ਉਨ੍ਹਾਂ ਦੇ ਮੂੰਹਾਂ ‘ਚੋਂ ਕਈ ਦਿਨ ਲਾਲਾਂ ਵਗਾਉਂਦਾ ਰਿਹਾ।
ਜੇ ਕਿਤੇ ਬੇਬੇ ਰੋਂਦੇ ਨੂੰ ਚੁੱਕ ਕੇ ਬਿਸਕੁਟਾਂ ਦੀ ਸੁਲ੍ਹਾ ਮਾਰ ਲੈਂਦੀ ਤਾਂ ਆਪਾਂ ਪਲ ‘ਚ ਮੰਨ ਜਾਂਦੇ ਤੇ ਚੇਤਾ ਈ ਨਾ ਰਹਿੰਦਾ, ਪਈ ਰੋਣਾ ਕਾਹਦੇ ਲਈ ਸ਼ੁਰੂ ਕੀਤਾ ਸੀ।
ਪਰ ਏਦਾਂ ਹੁੰਦੀ ਬਹੁਤ ਘੱਟ ਸੀ। ਸਵੇਰ ਨੂੰ ਨਾ ਬੇਬੇ ਨੂੰ ਤੇ ਨਾ ਹੀ ਕਦੇ ਬੀਬੀ ਨੂੰ ਵਿਹਲ ਹੁੰਦੀ ਸੀ, ਪਈ ਮੈਨੂੰ ਚੁੱਕ ਲੈਣ। ਬੀਬੀ ਨੂੰ ਮੈਥੋਂ ਛੋਟੀ ਭੈਣ ਤੇ ਉਹਦੇ ਤੋਂ ਛੋਟਾ ਭਰਾ ਈ ਨਈਂ ਸੀ ਛੱਡਦੇ ਸਵੇਰੇ ਕਦੇ। ਨਾਲੇ ਉਹਨੇ ਖੂਹ ਨੂੰ ਚਾਹ ਤੇ ਰੋਟੀਆਂ ਲੈ ਕੇ ਜਾਣਾ ਹੁੰਦਾ। ਪਹਿਲਾਂ ਤੜਕੇ ਉਹ ਦੋ ਮਹੀਂਆਂ ਚੋ ਕੇ ਲਿਆਉਂਦੀ। ਮੀਲ ਭਰ ‘ਤੇ ਸਾਡਾ ਖੂਹ ਸੀ। ਜਿੱਦਾਂ ਬੇਬੇ ਤੇ ਬੀਬੀ ਆਪ ਈ ਕਹਿੰਦੀਆਂ ਹੁੰਦੀਆਂ, ਪਈ ਉਨ੍ਹਾਂ ਕੋਲ ਤਾਂ ‘ਮਰਨ ਦੀ ਵਿਹਲ ਨਹੀਂ’, ਸਾਨੂੰ ਮਲੰਗਾਂ ਨੂੰ ਕੌਣ ਚੁੱਕੇ ਤੇ ਕੌਣ ਵਰਾਵੇ।
ਹਾਲਾਤ ਨੇ ਸਾਨੂੰ ਵੀ ਫੱਕਰਪੁਣਾ ਸਿਖਾ ਦਿੱਤਾ। ਚਾਹ ਪੀਣੀ, ਢਿੱਡ ‘ਤੇ ਫੇਰਨਾ ਹੱਥ ਤੇ ਉਠ ਪੈਣਾ ਚੜ੍ਹਦੇ ਦਿਨ ਨਾਲ ਸਿੱਧੀ ਟੱਕਰ ਲੈਣ। ਜੇ ਰਾਤ ਦੀ ਨਿੱਕੀ ਜਿਹੀ ਕੱਛੀ ਪਾਈ ਹੁੰਦੀ ਤਾਂ ਉਹਦੇ ‘ਚ, ਨਹੀਂ ਤਾਂ ਨਿੱਕੀਆਂ ਨਿੱਕੀਆਂ ਰੰਗ ਬਰੰਗੀਆਂ ਘੁੰਗਰੀਆਂ ਵਾਲੀ ਯਾਰਾਂ ਦੀ ਤੜਾਗੀ। ਸੁੱਤੇ ਉਠਦਿਆਂ ਪਹਿਲਾ ਕੰਮ ਹੁੰਦਾ ਸੀ ਹੱਥ ‘ਚ ਛਿਟੀ ਜਿਹੀ ਫੜ ਕੇ ਵਿਹੜੇ ‘ਚ ਗੇੜਾ ਮਾਰਨਾ। ਜਿੱਦਾਂ ਪੁਲਿਸ ਦਾ ਛੋਟਾ ਅਫਸਰ ਵੱਡੇ ਅਫਸਰ ਦੀ ਗੈਰ ਹਾਜ਼ਰੀ ‘ਚ ਆਪਣੀ ਚੌਧਰ ਦਿਖਾਉਣ ਲਈ ਠਾਣੇ ‘ਚ ਗੇੜਾ ਮਾਰਦਾ ਹੁੰਦਾ ਸੀ ਨਾ, ਐਨ ਉਸੇ ਤਰ੍ਹਾਂ। ਜੇ ਕੁਕੜੀ ਮੋਹਰੇ ਆ ਗਈ ਤਾਂ ਹੱਥ ਦੀ ਛਿਟੀ ਨੇ ਉਹਦੇ ਵੱਲ ਉਠਣਾ ਤੇ ਜੇ ਬਿੱਲੀ ਦਿਸ ਪਈ ਤਾਂ ਉਹਦੀ ਸ਼ਾਮਤ। ਚਿੜੀਆਂ ਤੇ ਸ਼ਾਰਕਾਂ ਦੁਹਾਈਆਂ ਪਾਉਂਦੀਆਂ ਉਡ ਜਾਂਦੀਆਂ ਮੈਨੂੰ ਦੇਖ ਕੇ। ਜ਼ਮਾਨੇ ਜ਼ਮਾਨੇ ਦੀਆਂ ਗੱਲਾਂ, ਸਾਡੇ ਆਪਣੇ ਵਿਹੜੇ ‘ਚ ਉਨ੍ਹੀਂ ਦਿਨੀਂ ਸਾਡੀ ਤੜਾਗੀ ‘ਚ ਈ ਕਈ ਕਈ ਫੀਤੀਆਂ ਲੱਗੀਆਂ ਵਾਲੇ ਅਫਸਰਾਂ ਜਿੰਨੀ ਟੌਹਰ ਹੁੰਦੀ ਸੀ। ਪਰ ਫੇਰ ਤੜਾਗੀ ਵਾਲੀ ਆਜ਼ਾਦੀ ਤਾਂ ਜਾਂਦੀ ਲੱਗੀ, ਕਿਉਂਕਿ ਸੁੱਤੇ ਉਠਦੇ ਦੇ ਹੀ ਬੀਬੀ ਜਾਂ ਬੇਬੇ ਨੇ ਕੁਝ ਨਾ ਕੁਝ ਲੱਤਾਂ ‘ਚ ਅੜਾ ਦੇਣਾ। ਜੇ ਗਰਮੀਆਂ ਹੋਣ ਤਾਂ ਨਿੱਕੀ ਜਿਹੀ ਕੱਛੀ ਤੇ ਜੇ ਸਰਦੀਆਂ ਤਾਂ ਲੰਡੀ ਜਿਹੀ ਪਜਾਮੀ, ਜਿਹਦੇ ਥੱਲੇ ਪਿਛੇ ਐਮਰਜੈਂਸੀ ਵੇਲੇ ਲਈ ਮਘੋਰਾ ਰੱਖਿਆ ਹੁੰਦਾ ਸੀ।
ਖੈਰ, ਛਿਟੀ ਦੇ ਸਹਾਰੇ ਵਿਹੜੇ ‘ਚ ਆਪਣੀ ਸਰਦਾਰੀ ਕਾਇਮ ਕਰ ਕੇ ਫੇਰ ਮੈਂ ਗਲੀ ‘ਚ ਗੇੜਾ ਦੇਣ ਚਲੇ ਜਾਣਾ। ਸਾਡੇ ਘਰ ਦਾ ਬੂਹਾ ਚੜ੍ਹਦੇ ਵੱਲ ਖੁੱਲ੍ਹਦਾ ਸੀ। ਸੱਜੇ ਪਾਸੇ, ਨਾਲ ਲਗਦਾ ਘਰ ‘ਤਾਂਗੇ ਆਲਿਆਂ’ ਦਾ ਸੀ। ਉਹ ਦੋ ਭਰਾ ਸਿਗੇ ਤੇ ਸਿਗੇ ਵੀ ਸਾਡੇ ਸਕਿਆਂ ‘ਚੋਂ, ਪਰ ਸਾਡੇ ਟੱਬਰ ਨਾਲ ਬਹੁਤੀ ਬੋਲ ਚਾਲ ਨਹੀਂ ਸੀ। ਵੱਡੇ ਦਾ ਨਾਂ ਸੀ ਭਗਤਾ। ਉਹ ਖੇਤੀ ਕਰਦਾ ਸੀ ਤੇ ਵਿਆਹਿਆ ਹੋਇਆ ਸੀ। ਆਪਣੇ ਨਾਂ ਵਾਂਗ ਪੂਰਾ ਭਗਤ ਕਿਸਮ ਦਾ ਬੰਦਾ ਸੀ ਉਹੋ। ਨਾ ਕਿਸੇ ਨਾਲ ਵਾਧੂ ਨਾ ਘਾਟੂ, ਬਸ ਆਪਣੇ ਕੰਮ ਨਾਲ ਮਤਲਬ। ਉਹਦੇ ਬਾਰੇ ਪਿੰਡ ‘ਚ ਅਕਸਰ ਚਰਚਾ ਚਲਦੀ, ਪਈ ਉਹ ਬੰਦਾ ਸੱਚੀਂ ਭਗਤ ਕਿਸਮ ਦਾ ਹੋਣ ਕਰਕੇ ਉਹਦਾ ਨਾਂ ਭਗਤਾ ਸੀ, ਜਾਂ ਉਹਦਾ ਨਾਂ ਭਗਤਾ ਹੋਣ ਕਰਕੇ ਉਹ ਭਗਤ ਬਣ ਗਿਆ ਸੀ। ਭਗਤਾ ਦਿਨੇ ਬਹੁਤਾ ਖੂਹ ‘ਤੇ ਹੀ ਕੰਮ ਕਾਰ ਕਰਦਾ ਰਹਿੰਦਾ। ਬਸ ਰਾਤ ਪਈ ‘ਤੇ ਘਰ ਆਉਂਦਾ ਤੇ ਸਵੇਰੇ ਤੜਕਿਉਂ ਖੂਹ ਨੂੰ ਚਲੇ ਜਾਂਦਾ। ਇਸ ਗੱਲੋਂ ਉਹ ਬਿਲਕੁਲ ਮੇਰੇ ਭਾਈਏ ਵਰਗਾ ਹੀ ਸੀ। ਏਸੇ ਕਰਕੇ ਮੈਨੂੰ ਅਜੇ ਤਕ ਵੀ ਭਗਤੇ ਦਾ ਚੇਤਾ ਨਹੀਂ ਭੁੱਲਿਆ, ਭਾਵੇਂ ਮੈਂ ਉਹਨੂੰ ਦੇਖਿਆ ਬਹੁਤ ਘੱਟ ਸੀ।
ਤੇ ਭਗਤੇ ਤੋਂ ਛੋਟਾ ਤਾਰੂ ਤਾਂਗਾ ਵਾਹੁੰਦਾ ਸੀ। ਪਹਿਲਾਂ ਉਨ੍ਹਾਂ ਦਾ ਛੜਾ ਚਾਚਾ ਤਾਂਗਾ ਵਾਹੁੰਦਾ ਰਿਹਾ ਸੀ ਤੇ ਕਿਤੇ ਉਦੋਂ ਦੀ ਹੀ ਉਨ੍ਹਾਂ ਦੀ ਇਹ ਅੱਲ ਪੈ ਗਈ ਸੀ ‘ਤਾਂਗੇ ਆਲੇ।’ ਤਾਰੂ ਕੱਦ ਦਾ ਕਾਫੀ ਮੱਧਰਾ ਸੀ। ਸਾਰੇ ਜਾਣਦੇ ਸੀ, ਪਈ ਪਿੰਡ ‘ਚ ਇਕ ਪਾਸੇ ਲੰਬੜਾਂ ਦਾ ਕੈਲੋ ਸਭ ਤੋਂ ਉਚਾ ਸੀ ਤੇ ਦੂਜੇ ਪਾਸੇ ਸੀ ਤਾਂਗੇ ਆਲਿਆਂ ਦਾ ਤਾਰੂ। ਪਤਲਾ ਜਿਹਾ ਤੇ ਨਿੱਕਾ ਜਿਹਾ ਤਾਰੂ ਵੈਲੀ ਬੰਦਾ ਸੀ ਪਰ ਆਪਣੇ ਚਾਚੇ ਆਂਗ ਛੜਾ ਈ ਰਹਿ ਗਿਆ। ਡੋਡੇ ਤੇ ਫੀਮ ਉਹਦੇ ਸ਼ੌਕ ਸਨ ਤੇ ਬਣ ਠਣ ਕੇ ਰਹਿਣਾ ਜਨੂੰਨ। ਆਪਣੀ ਮਾੜਕੂ ਜਿਹੀ ਘੋੜੀ ਦੀ ਸੰਭਾਲ ਧੀਆਂ ਪੁੱਤਾਂ ਵਾਂਗ ਕਰਦਾ।
ਮੇਰੇ ਨਾਲ ਚਾਚੇ ਤਾਰੂ ਦੀ ਬਣਦੀ ਵੀ ਬਹੁਤ ਸੀ। ਮੇਰੀ ਬੇਬੇ ਤੋਂ ਬਿਨਾ ਉਹੀ ਇਕ ਜੀਅ ਸੀ ਜੋ ਮੈਨੂੰ ਮੇਰੇ ਬੇਬੇ ਵਾਲੇ ਨਾਂ ਨਾਲ ਬੁਲਾਉਂਦਾ। ਮੈਨੂੰ ਦੂਰੋਂ ਦੇਖ ਕੇ ਉਹਨੇ ‘ਵਾਜ ਮਾਰਨੀ, “ਉਏ ਆ ਬਈ ਬਹਾਦਰਾ, ਅੱਜ ਕਿਧਰ ਦੀਆਂ ਤਿਆਰੀਆਂ?” ਚਾਚੇ ਤਾਰੂ ਨੂੰ ਪਤਾ ਤਾਂ ਹੁੰਦਾ ਸੀ, ਪਈ ਮੈਂ ਕਿਹੜੀ ਤਸੀਲੇ ਤਰੀਕ ‘ਤੇ ਜਾਣਾ। ਵੱਧ ਤੋਂ ਵੱਧ ਬੋੜੀ ਖੂਹੀ ਸਾਡੀ ਮੰਜ਼ਲੇ-ਮਕਸੂਦ ਹੁੰਦੀ ਸੀ ਉਨ੍ਹੀਂ ਦਿਨੀਂ। ਪਰ ਜਦੋਂ ਉਹਨੇ ਮੈਨੂੰ ਏਦਾਂ ਪੁੱਛਣਾ ਤਾਂ ਮੈਨੂੰ ਬੜਾ ਚੰਗਾ ਲੱਗਣਾ। ਏਸੇ ਕਰਕੇ ਮੈਨੂੰ ਚਾਚਾ ਤਾਰੂ ਸਭ ਤੋਂ ਚੰਗਾ ਲਗਦਾ ਸੀ। ਕਦੇ ਕਦੇ ਉਹ ਮੈਨੂੰ ਤਾਂਗੇ ‘ਤੇ ਝੂਟਾ ਵੀ ਦੇ ਦਿੰਦਾ।
ਪਰ ਮੇਰੀ ਚਾਚੇ ਤਾਰੂ ਦੇ ਕੁੱਤੇ ਨਾਲ ਗੜਬੜ ਰਹਿੰਦੀ ਸੀ। ਮਾੜੂ ਨਾਂ ਦਾ ਪਤਲਾ ਜਿਹਾ, ਮਰਿਆ ਜਿਹਾ ਕੁੱਤਾ ਸੀ ਉਨ੍ਹਾਂ ਦਾ। ਘੋੜੀ ਤੇ ਕੁੱਤਾ ਈ ਨਈਂ, ਉਨ੍ਹਾਂ ਦੇ ਬਾਕੀ ਪਸੂ ਤੇ ਉਹ ਆਪ ਵੀ ਸਾਰੇ ਪਤਲੇ ਜਿਹੇ ਹੀ ਸੀ। ਪਿੰਡ ਦੇ ਕਈ ਨਘੋਚੀ ਕਿਸਮ ਦੇ ਬੰਦੇ ਕਈ ਵਾਰੀ ਕਹਿ ਦਿੰਦੇ, ਪਈ ਇਨ੍ਹਾਂ ਦੀ ਅੱਲ ਤਾਂ ‘ਪਤਲਿਆਂ ਦੇ’ ਜਾਂ ‘ਛੜਿਆਂ ਦੇ’ ਹੋਣੀ ਚਾਹੀਦੀ ਸੀ, ‘ਤਾਂਗੇ ਆਲਿਆਂ’ ਦੀ ਨਈਂ। ਪਰ ਪਿੰਡ ਦੇ ਸਿਆਣੇ ਲੋਕ ਅੱਲ ਉਹ ਪਾਉਂਦੇ ਆ, ਜਿਹੜੀ ਟੱਬਰ ਦੀ ਵਿਲੱਖਣਤਾ ਦੱਸੇ। ਹੁਣ ਦੋ ਦੋ ਖੱਤਿਆਂ ਵਾਲੇ ਕਈਆਂ ਟੱਬਰਾਂ ਵਿਚ ਪਤਲੇ ਬੰਦਿਆਂ ਦੀਆਂ ਤਾਂ ਕਤਾਰਾਂ ਲੱਗੀਆਂ ਹੁੰਦੀਆਂ ਤੇ ਏਦਾਂ ਦੇ ਪੰਜਾਂ ਸੱਤਾਂ ਘਰਾਂ ‘ਚ ਛੜਿਆਂ ਦਾ ਹੋਣਾ ਤਾਂ ਏਦਾਂ ਈ ਕੁਦਰਤੀ ਹੁੰਦਾ, ਜਿੱਦਾਂ ਛੱਪੜ ‘ਚ ਡੱਡੂਆਂ ਦਾ ਹੋਣਾ। ਪਰ ਸਾਰੇ ਪਿੰਡ ‘ਚ ਤਾਂਗੇ ਆਲਾ ਇਹ ਇਕੋ ਘਰ ਸੀ।
ਮੇਰੀ ਬੇਬੇ ਕਹਿੰਦੀ, ਪਈ ਤਾਰੂ ਕਾ ਮਾੜੂ ਕੁੱਤਾ ਮੇਰਾ ਹਾਣੀ ਆ। ਜਦੋਂ ਮੈਂ ਜੰਮਿਆ ਸੀ, ਉਦੋਂ ਕੁ ਹੀ ਕਿਤੇ ਉਹ ਕਤੂਰਾ ਤਾਰੂ ਕੇ ਦਰੀਂ ਆ ਗਿਆ ਸੀ। ਤਾਰੂ ਨੇ ਰੋਟੀ ਖਾਂਦੇ ਨੇ ਉਹਨੂੰ ਵੀ ਬੁਰਕੀ ਸੁੱਟ ਦੇਣੀ। ਬਸ ਏਦਾਂ ਈ ਕਿਤੇ ਤਾਰੂ ਦੀ ਤੇ ਮਾੜੂ ਦੀ ਸਾਂਝ ਪੈ ਗਈ। ਕੁੱਤਾ ਬਹੁਤ ਮਾੜਾ ਸੀ ਤੇ ਨਾਂ ਵੀ ਉਹਦਾ ਮਾੜੂ ਈ ਸੀ। ਜਿੰਨਾ ਏਸ ਕੁੱਤੇ ਦਾ ਨਾਂ ਉਹਦੇ ਫਿੱਟ ਸੀ, ਏਨਾ ਨਾਂ ਕਿਸੇ ਦੇ ਮੇਚ ਆਉਂਦਾ ਮੈਂ ਮੁੜ ਕੇ ਨਈਂ ਦੇਖਿਆ ਕਦੀ। ਉਹਦੇ ਅਕਸਰ ਖਸ ਪਈ ਰਹਿੰਦੀ। ਵਿਚਾਰਾ ਸਵੇਰ ਨੂੰ ਚੜ੍ਹਦੇ ਸੂਰਜ ਦਾ ਨਿੱਘ ਮਾਣਨ ਸਾਡੇ ਬੂਹੇ ਦੇ ਬਾਹਰ ਕੰਧ ਨਾਲ ਲੱਗ ਕੇ ਬੈਠਾ ਹੁੰਦਾ। ਮੈਂ ਨਿਕਲਦਿਆਂ ਈ ਦੋ ਤਿੰਨ ਛਿਟੀਆਂ ਜੜਨੀਆਂ ਉਹਦੇ। ਉਹਨੇ ਚਊਂ ਚਊਂ ਕਰਦੇ ਨੇ ਦੌੜਨਾ। ਬੜਾ ਅਨੰਦ ਆਉਣਾ।
ਇਹ ਕੰਮ ਉਦਾਂ ਮੈਨੂੰ ਆਲਾ ਦੁਆਲਾ ਦੇਖ ਕੇ ਕਰਨਾ ਪੈਂਦਾ ਸੀ। ਇਕ ਦਿਨ ਜਦੋਂ ਮੈਂ ਅੰਦਰੋਂ ਨਿਕਲ ਕੇ ਕੁੱਤੇ ਦੇ ਅਜੇ ਪਹਿਲੀ ਹੀ ਛਿਟੀ ਮਾਰੀ ਸੀ ਤੇ ਉਹਨੇ ਵਿਚਾਰੇ ਨੇ ਪਤਲੀ ਤੇ ਮਰੀ ਜਿਹੀ ਆਵਾਜ਼ ‘ਚ ਚਊਂ ਚਊਂ ਸ਼ੁਰੂ ਈ ਕੀਤੀ ਸੀ ਤਾਂ ਉਸੇ ਵੇਲੇ ਕਿਤੇ ਬਾਹਰੋਂ ਕੂੜਾ ਸਿੱਟ ਕੇ ਮੁੜੀ ਆਉਂਦੀ ਬੀਬੀ ਨੇ ਦੇਖ ਲਿਆ ਇਹ ਤਮਾਸ਼ਾ। ਉਹਨੇ ਖੱਬੇ ਹੱਥ ਵਿਚ ਕੂੜੇ ਵਾਲਾ ਖਾਲੀ ਟੋਕਰਾ ਲਟਕਾਇਆ ਹੋਇਆ ਸੀ ਤੇ ਸੱਜੇ ਹੱਥ ਨਾਲ ਚੁੰਨੀ ਦਾ ਲੜ ਮੂੰਹ ਅੱਗੇ ਕੀਤਾ ਹੋਇਆ ਸੀ ਯਾਨਿ ਘੁੰਡ ਕੱਢਿਆ ਹੋਇਆ ਸੀ। ਸਾਡੀ ਬੀਬੀ ਵਿਚਾਰੀ ਨੂੰ ਸਵੇਰੇ ਘੁੰਡ ਜ਼ਰੂਰ ਕੱਢਣਾ ਪੈਂਦਾ ਸੀ। ਸਾਡਾ ਘਰ ਪਿੰਡ ਦੇ ਬਾਹਰਵਾਰ ਹੋਣ ਕਰਕੇ ਬਾਬੇ ਦਾਸੂ ਦੇ ਗੁਰਦੁਆਰੇ ਨੂੰ ਜਾਣ ਵਾਲੇ ਕਈ ਬੁੜ੍ਹੇ ਏਧਰੋਂ ਈ ਲੰਘਦੇ। ਜਦੋਂ ਕਿਤੇ ਪਿੰਡ ‘ਚ ਘੁੰਡ ਕੱਢਣ ਦਾ ਰਿਵਾਜ ਪਿਆ ਹੋਊ, ਉਦੋਂ ਤੋਂ ਹੀ ਪਿੰਡ ਦੇ ਬੁੜ੍ਹਿਆਂ ਲਈ ਇਹ ਜ਼ਰੂਰੀ ਹੁੰਦਾ ਸੀ, ਪਈ ਘੁੰਡ ਕੱਢਣ ਵਾਲੀ ਦਾ ਮੂੰਹ ਹਰ ਹੀਲੇ ਦੇਖਣ ਦੀ ਕੋਸ਼ਿਸ਼ ਕਰਨੀ। ਇਸ ਕੰਮ ‘ਚ ਕਾਮਯਾਬੀ ਦਾ ਅਰਥ ਹੁੰਦਾ ਸੀ, ਦੁਪਹਿਰੋਂ ਬਾਅਦ ਪਿੰਡ ਦੇ ਦਰਵਾਜੇ ਬੈਠ ਕੇ ਦੂਜਿਆਂ ‘ਤੇ ਆਪਣਾ ਰੋਅਬ ਪਾਉਣਾ।
ਮੇਰੀ ਮਾੜੀ ਕਿਸਮਤ ਤੇ ਮਾੜੂ ਦੀ ਚੰਗੀ ਕਿਸਮਤ ਨੂੰ ਉਸ ਵੇਲੇ ਗਲੀ ‘ਚ ਕੋਈ ਬੁੜ੍ਹਾ ਹੈ ਨਈਂ ਸੀ। ਬੀਬੀ ਨੇ ਘੁੰਡ ਛੱਡ ਕੇ ਸੱਜੇ ਹੱਥ ਨਾਲ ਮੇਰੀ ਛਿਟੀ ਖੋਹ ਕੇ ਚੰਗੀ ਖਿੱਚ ਕੇ ਮੇਰੇ ਗਿੱਟਿਆਂ ‘ਚ ਲਾਈ, “ਮਰ ਜਾਣਿਆਂ ਘੀਚਰਾ ਜਿਹਾ, ਏਸ ਪਤੰਦਰ ਨੂੰ ਕਿਉਂ ਤੰਗ ਕਰਦਾਂ ਸਵੇਰੇ ਸਵੇਰੇ?” ਬੀਬੀ ਨੇ ਅਜੇ ਇਕੋ ਛਿਟੀ ਮਾਰੀ ਸੀ, ਆਪਾਂ ਗਲੀ ਦੇ ਗੱਭੇ ਬਣੀ ਗੰਦੀ ਨਾਲੀ ਉਪਰ ਦੀ ਛੜੱਪਾ ਮਾਰ ਕੇ ਗਲੀ ਦੇ ਮੋੜ ‘ਤੇ ਬੋੜੀ ਖੂਹੀ ‘ਤੇ ਜਾ ਖੜ੍ਹੇ ਹੋਏ। ਬੀਬੀ ਗਾਲਾਂ ਦਿੰਦੀ ਘਰ ਅੰਦਰ ਜਾ ਵੜੀ।
ਖੈਰ, ਮਾੜੂ ਨਾਲ ਮਿਲਣੀ ਪਿਛੋਂ ਸਵੇਰ ਵੇਲੇ ਕਿਸੇ ਨਾ ਕਿਸੇ ਤਰ੍ਹਾਂ ਪਹੁੰਚਣਾ ਬੋੜੀ ਖੂਹੀ ‘ਤੇ ਹੀ ਹੁੰਦਾ ਸੀ। ਉਦੋਂ ਤਕ ਕੋਈ ਨਾ ਕੋਈ ਆਪਣਾ ਯਾਰ ਬੇਲੀ ਪਹਿਲਾਂ ਹੀ ਪਹੁੰਚਿਆ ਹੁੰਦਾ, ਉਥੇ। ਨਲਕਿਆਂ ਵਾਲੇ ਇਕ ਦੋ ਘਰਾਂ ਤੋਂ ਬਿਨਾ ਬਾਕੀ ਸਾਰੇ ਪਾਣੀ ਬੋੜੀ ਖੂਹੀ ਤੋਂ ਹੀ ਭਰਦੇ। ਬੋੜੀ ਖੂਹੀ ਦਾ ਪਾਣੀ ਕਦੇ ਕਦੇ ਗਰਮੀਆਂ ਨੂੰ ਥੱਲੇ ਚਲੇ ਜਾਂਦਾ, ਨਹੀਂ ਤਾਂ ਕਾਫੀ ਉਤੇ ਹੀ ਹੁੰਦਾ। ਬਰਸਾਤਾਂ ਦੁਆਲੇ ਤਾਂ ਅਸੀਂ ਅੱਕਾਂ ਦੇ ਲੰਮੇ ਡੰਡੇ ਲੈ ਕੇ ਖੂਹੀ ‘ਚ ਡਿੱਗੇ ਚੂਹਿਆਂ ਨਾਲ ਛੇੜਖਾਨੀ ਵੀ ਕਰ ਲੈਂਦੇ। ਕਈ ਵਾਰੀ ਜੇ ਕੋਈ ਅਜੇ ਜੀਂਦਾ ਚੂਹਾ ਹੋਣਾ ਤਾਂ ਸਾਡੇ ਲਈ ਤਾਂ ਇਹ ਖਬਰ ਨੇੜਲੇ ਸ਼ਹਿਰ ਆਈ ਸਰਕਸ ਜਿੰਨੀ ਹੀ ਵਧੀਆ ਹੁੰਦੀ। ਖੂਹੀ ‘ਤੇ ਓਨਾ ਚਿਰ ਨਿਆਣਿਆਂ ਦੀਆਂ ਰੌਣਕਾਂ ਰਹਿਣੀਆਂ, ਜਿੰਨਾ ਚਿਰ ਕਿਸੇ ਸਿਆਣੇ ਨੇ ਆ ਕੇ ਉਚੀ ਉਚੀ ਗਾਲਾਂ ਕੱਢ ਕੇ ਸਾਰਿਆਂ ਨੂੰ ਦੁੜਾਉਣਾ ਨਾ। ਬੋੜੀ ਖੂਹੀ ‘ਤੇ ਉਸ ਵੇਲੇ ਸਵੇਰੇ ਸਵੇਰੇ ਸਕੂਲ ਖੁੱਲ੍ਹਣ ਤੋਂ ਪਹਿਲਾਂ ਸਾਥੋਂ ਵੱਡੀ ਉਮਰ ਦੇ ਮੁੰਡੇ ਕੁੜੀਆਂ ਹੀ ਹੁੰਦੇ, ਪਾਣੀ ਭਰਨ ਵਾਲੇ। ਉਨ੍ਹਾਂ ਨੂੰ ਕੱਚੀ ਨੀਂਦੋਂ ਉਠਾ ਕੇ ਘਰਦਿਆਂ ਨੇ ਗਾਲਾਂ ਕੱਢ ਕੱਢ ਕੇ ਭੇਜਿਆ ਹੁੰਦਾ। ਖੂਹੀ ‘ਤੇ ਆ ਕੇ ਉਹ ਆਪਣੀ ਖਿਝ ਇਕ ਦੂਜੇ ‘ਤੇ ਲਾਹੁੰਦੇ। ਉਨ੍ਹਾਂ ਦੀਆਂ ਲੜਾਈਆਂ ਸਾਡੇ ਲਈ ਸਵੇਰੇ ਕੈਨੇਡਾ ਵਿਚਲੇ ਨਿਆਣਿਆਂ ਦੇ ਕਾਰਟੂਨਾਂ ਨਾਲੋਂ ਵੀ ਜਾਦੇ ਅਨੰਦ ਵਾਲੀਆਂ ਹੁੰਦੀਆਂ।
ਬੋੜੀ ਖੂਹੀ ਤੋਂ ਬਾਅਦ ਮੈਂ ਤੇ ਮੇਰੇ ਖਾਸ ਆੜੀ, ਲੰਗਿਆਂ ਦੇ ਭੱਜੀ ਨੇ ਗਲੀਆਂ ‘ਚ ਗੇੜੇ ਕੱਢਣੇ ਤੇ ਹੌਲੀ ਹੌਲੀ ਸਕੂਲ ਖੁੱਲ੍ਹਣ ਤਕ ਅਸੀਂ ਵੀ ਸਕੂਲ ਲਾਗੇ ਪਹੁੰਚ ਜਾਣਾ। ਸਕੂਲ ਪਿੰਡ ਦੇ ਨਾਲ ਹੀ ਸੀ ਵੱਡੇ ਥੜ੍ਹੇ ਦੇ ਦੂਜੇ ਪਾਸੇ ਪਰ ਸਾਨੂੰ ਨਿਆਣਿਆਂ ਨੂੰ ਪਿੰਡ ਤੋਂ ਕਾਫੀ ਦੂਰ ਲਗਦਾ। ਸਕੂਲ ਅੰਦਰ ਜਾਣ ਤੋਂ ਪਹਿਲਾਂ ਥੜ੍ਹੇ ਦੇ ਓਹਲੇ ਮੁੰਡਿਆਂ ਨੇ ਆਪਣੇ ਬਸਤੇ ਰੱਖ ਕੇ ਬੰਟਿਆਂ ਨਾਲ ਖੇਡਣਾ। ਅਸੀਂ ਆਪਣੀਆਂ ਤੜਾਗੀਆਂ ‘ਚ ਗੂਠੇ ਅੜਾ ਕੇ ਉਨ੍ਹਾਂ ਦੀ ਹਰ ਹਰਕਤ, ਹਰ ਅਦਾ ਨੂੰ, ਬਹੁਤ ਹੀ ਧਿਆਨ ਨਾਲ ਦੇਖਣਾ, ਜਿੱਦਾਂ ਗੌਲਫ ਦੇ ਸ਼ੁਕੀਨ ਟਾਈਗਰ ਵੁੱਡ ਨੂੰ ਦੇਖਦੇ ਹੋਣ। ਘੰਟੀ ਵੱਜਣ ‘ਤੇ ਸਾਰੇ ਨਿਆਣਿਆਂ ਨੇ ਆਪੋ ਆਪਣੇ ਬਸਤੇ ਚੁੱਕ ਕੇ ਸਕੂਲ ਵੱਲ ਨੂੰ ਦੌੜ ਜਾਣਾ ਤੇ ਅਸੀਂ ਵਿਹਲੇ ਜਿਹੇ ਹੋ ਜਾਣਾ। ਜੇ ਕਿਤੇ ਇਕ ਅੱਧ ਬੰਟਾ ਸਾਡੇ ਵੀ ਹੱਥ ਆ ਜਾਂਦਾ ਤਾਂ ਅਸੀਂ ਥੋੜ੍ਹੀ ਦੇਰ ਉਹਦੇ ਨਾਲ ਵੱਡਿਆਂ ਦੀ ਰੀਸੇ ਆਪਣੇ ਬੰਟੇ ਖੇਡਣ ਦੇ ਹੁਨਰ ਨੂੰ ਤਿੱਖਾ ਕਰਦੇ। ਕਦੇ ਕਦੇ ਜੇ ਕਿਤੇ ਸਕੂਲ ਤੋਂ ਪਹਿਲਾਂ ਸਕੂਲ ਦਾ ਵੱਡਾ ਮਾਸਟਰ ਨਿਆਣਿਆਂ ਨੂੰ ਗਲੀ ਵਿਚ ਤੁਰਿਆ ਆਉਂਦਾ ਦਿਸ ਪੈਂਦਾ ਤਾਂ ਉਹ ਡਰਦੇ ਆਪਣੇ ਬਸਤੇ ਚੁੱਕ ਦੌੜਨ ਦੀ ਕਰਦੇ ਤੇ ਉਨ੍ਹਾਂ ਦੇ ਦੋ ਚਾਰ ਬੰਟੇ ਖੁੱਤੀ ਵਿਚ ਤੇ ਆਲੇ ਦੁਆਲੇ ਪਏ ਰਹਿ ਜਾਂਦੇ। ਮੁਫਤ ‘ਚ ਮਿਲੀ ਇਸ ਲੁੱਟ ਲਈ ਸਾਡੀ ਛੋਟਿਆਂ ਦੀ ਬਹੁਤੀ ਵਾਰੀ ਜੁੱਤੀ ਖੜਕਦੀ। ਅਸੀਂ ਉਦੋਂ ਤੱਕ ਗੁੱਥ-ਮ-ਗੁੱਥਾ ਹੁੰਦੇ ਰਹਿੰਦੇ, ਜਦੋਂ ਤੱਕ ਕੋਈ ਸਿਆਣਾ ਆ ਕੇ ਦਬਕਾ ਨਾ ਮਾਰਦਾ।
ਇਨ੍ਹਾਂ ਗਤੀਵਿਧੀਆਂ ਤੋਂ ਵਿਹਲੇ ਹੋ ਕੇ ਸਵੇਰ ਦੇ ਗਿਆਂ ਭੁੱਖ ਲੱਗੀ ‘ਤੇ ਘਰ ਮੁੜਨਾ। ਪਰ ਜਿੱਦਾਂ ਕਹਿੰਦੇ ਆ ਕਿ ਭਲੇ ਦਿਨ ਸਦਾ ਨਹੀਂ ਰਹਿੰਦੇ। ਇਕ ਦਿਨ ਸਾਡੇ ਵੀ ਇਨ੍ਹਾਂ ਖੂਬਸੂਰਤ ਦਿਨਾਂ ਦਾ ਅੰਤ ਹੋ ਗਿਆ ਤੇ ਅੰਤ ਕਰਨ ਵਾਲਾ ਸੀ ਮੇਰਾ ‘ਕਾਲੀ ਤਾਇਆ।
ਸਾਡਾ ਇਹ ਤਾਇਆ ਆਪ ਤਾਂ ਛੜਾ ਛਟਾਂਕ ਹੀ ਸੀ ਪਰ ਉਹਨੂੰ ਨਿਆਣਿਆਂ ਦਾ ਬੜਾ ਫਿਕਰ ਰਹਿੰਦਾ। ਉਹ ਬੰਦਾ ਬੜਾ ਰੰਗੀਲਾ ਸੀ। ਜਵਾਨੀ ਦੇ ਦਿਨਾਂ ‘ਚ ਥੋੜ੍ਹਾ ਬਹੁਤਾ ਘੁਲਦਾ ਵੀ ਰਿਹਾ ਸੀ ਤੇ ਮੇਲਿਆਂ, ਛਿੰਝਾਂ ‘ਤੇ ਜਾਣ ਤੇ ਖਾਣ ਪੀਣ ਦਾ ਪੂਰਾ ਸ਼ੌਕੀਨ। ਘਰ ਦੀ ਜ਼ਮੀਨ ਥੋੜ੍ਹੀ ਤੇ ਉਤੋਂ ਚਾਰ ਭਰਾ ਤੇ ਤਾਇਆ ਵਿਆਹ ਦੀ ਦੌੜ ‘ਚ ਫਾਡੀ ਰਹਿ ਗਿਆ। ਪਿੰਡ ਦੇ ਇਕ ਕਦੇ ਕਦਾਈਂ ਦਿਸਣ ਵਾਲੇ ਅਕਾਲੀ ਲੀਡਰ ਦੇ ਅਸਰ ਥੱਲੇ ਤਾਇਆ ‘ਕਾਲੀ ਬਣ ਗਿਆ। ਉਹਨੇ ਨੀਲੀ ਪੱਗ ਬੰਨ੍ਹਣੀ ਸ਼ੁਰੂ ਕਰ ਦਿੱਤੀ ਤੇ ਅੰਮ੍ਰਿਤ ਛਕ ਲਿਆ। ਪਹਿਲਾਂ ਸਾਰੀ ਉਮਰ ਉਹ ਛਿੱਬੀ ਰਿਹਾ ਸੀ ਤੇ ਫੇਰ ਅੰਮ੍ਰਿਤ ਛਕ ਕੇ ਬਣ ਗਿਆ ਸਰਦਾਰ ਸ਼ਿਵ ਸਿੰਘ। ਉਦਾਂ ਸਿੰਘ ਸਜਣ ਤੋਂ ਪਹਿਲਾਂ ਵੀ ਉਹ ਪਾਕਿਸਤਾਨ ਬਣਨ ਵੇਲੇ ਆਲੇ ਦੁਆਲੇ ਦੇ ਸਿੰਘਾਂ ਨਾਲ ਰਲ ਕੇ ਦੁਸ਼ਮਣ ਸੋਧਦਾ ਰਿਹਾ ਸੀ। ਫੇਰ ਉਹ ਪੰਥ ਦਾ ਜ਼ਿਆਦਾ ਫਿਕਰ ਕਰਨ ਲੱਗ ਪਿਆ। ਉਹਦਾ ਵਿਚਾਰ ਸੀ, ਪਈ ਨਿਆਣਿਆਂ ਨੂੰ ਪੜ੍ਹਾਉਣਾ ਲਿਖਾਉਣਾ ਚਾਹੀਦਾ ਤਾਂ ਕਿ ਸਿਆਣੇ ਹੋ ਕੇ ਪੰਥ ਦੀ ਰਖਵਾਲੀ ਕਰਨ।
ਜਿੱਦਾਂ ਮੇਰੀ ਚਾਚੇ ਕੇ ਮਾੜੂ ਨਾਲ ਦਾਲ ਨਹੀਂ ਸੀ ਗਲਦੀ, ਏਦਾਂ ਹੀ ਸਾਡੇ ਤਾਏ ਦੀ ਤੇ ਚਾਚੇ ਤਾਰੂ ਦੀ ਆਪਸ ਵਿਚ ਬਹੁਤੀ ਨਹੀਂ ਸੀ ਬਣਦੀ। ਇਕ ਵਾਰੀ ਤਾਏ ਨੇ ਬੇਬੇ ਨੂੰ ਕਿਹਾ, ਪਈ ਆਹ ਨਿੱਕੇ ਦੇ ਹੁਣ ਵਾਲ ਨਹੀਂ ਮੁੰਨਾਉਣੇ। ਇਹਨੂੰ ਸਿੰਘ ਬਣਾਉਣਾਂ। ਚਾਚਾ ਤਾਰੂ ਆਪ ਤਾਂ ਦੂਏ ਤੀਏ ਦਾਸ ਨਾਈ ਕੋਲੋਂ ਕਦੇ ਵਾਲ ਤੇ ਕਦੇ ਦਾਹੜੀ ਮੁੰਨਾਉਣ ਤੁਰਿਆ ਹੀ ਰਹਿੰਦਾ। ਕਦੇ ਕਦੇ ਮੈਨੂੰ ਵੀ ਨਾਲ ਲੈ ਜਾਂਦਾ, ਮੇਰੀ ਹਜਾਮਤ ਕਰਾਉਣ। ਇਕ ਦਿਨ ਜਦ ਉਹਨੇ ਮੈਨੂੰ ਨਾਲ ਲਿਜਾਣ ਲਈ ਵਾਜ ਮਾਰੀ ਤਾਂ ਬੇਬੇ ਨੇ ਕਿਹਾ, “ਵੇ ਤਾਰੂ ਭਾਈ, ਇਹਨੂੰ ਨਾ ਲੈ ਕੇ ਜਾਈਂ। ਇਹਦਾ ਤਾਇਆ ਕਹਿੰਦਾ, ਪਈ ਹੁਣ ਮੁੰਡੇ ਦੀ ਹਜਾਮਤ ਨਈਂ ਕਰਾਉਣੀ। ਇਹਨੂੰ ਸਿੰਘ ਬਣਾਉਣਾਂ।”
ਸੁਣ ਕੇ ਤਾਰੂ ਚਾਚਾ ਕਹਿੰਦਾ, “ਤਾਈ, ਤੇਰੇ ‘ਕਾਲੀ ਪੁੱਤ ਦਾ ਤਾਂ ਸਿਰ ਹਿੱਲ ਗਿਆ ਲਗਦਾ। ਅਜੇ ਇਹ ਰੀਣ ਭਰ ਤਾਂ ਹੈਗਾ। ਇਹਨੂੰ ਕੀ ਪਤਾ ਸਿੱਖੀ ਕੀ ਹੁੰਦੀ ਆ ਤੇ ਕੇਸ ਕੀ ਹੁੰਦੇ ਆ। ਤਾਈ ਨਾ ਤੇਰੇ ਕੋਲ, ਨਾ ਭਾਬੀ ਕੋਲ ਇਹਦਾ ਮੂੰਹ ਧੋਣ ਲਈ ਕਦੇ ਟੈਮ ਤਾਂ ਹੁੰਦਾ ਨਈਂ। ਇਹਨੂੰ ਨਲ੍ਹਾਉਣ ਲਈ ਤੇ ਗੁੱਟੀਆਂ ਕਰਨ ਲਈ ਤੁਹਾਨੂੰ ਕਿਥੇ ਵਿਹਲ ਮਿਲਣ ਲੱਗੀ ਆ। ਮਹੀਨੇ ‘ਚ ਇਹਦਾ ਸਿਰ ਜੂੰਆਂ ਨਾਲ ਭਰ ਜਾਣਾਂ। ਕੋਈ ਅਕਲ ਦੀ ਗੱਲ ਕਰੋ।”
ਬੇਬੇ ਹੌਲੀ ਜਿਹੀ ਕਹਿਣ ਲੱਗੀ, “ਪੁੱਤ ਤੇਰੀ ਗੱਲ ਤਾਂ ਹੈਗੀ ਆ ਠੀਕ, ਪਰ ਹੁਣ ਘਰ ਦੇ ਬੰਦੇ ਕਹਿਣ, ਫੇਰ ਕਰਨਾ ਤਾਂ ਪਊਗਾ ਹੀ।”
“ਓਹ ਤੂੰ ਰਹਿਣ ਦੇ ਤਾਈ। ਮੈਂ ਕਰ ਲਊਂਗਾ ਵੱਡੇ ਭਾਈ ‘ਕਾਲੀ ਨਾਲ ਆਪੇ ਗੱਲ। ਨਾਲੇ ਜੇ ਇਹਨੇ ਕੇਸ ਰੱਖਣੇ ਹੋਏ, ਆਪੇ ਬੜਾ ਹੋ ਕੇ ਰੱਖ ਲਊ।” ਫੇਰ ਚਾਚਾ ਮੈਨੂੰ ਕਹਿਣ ਲੱਗਾ, “ਚੱਲ ਬਈ ਸ਼ੇਰ ਬਹਾਦਰ ਉਠ।”
ਮੇਰਾ ਸਿਰ ਮੁੰਨਾਉਣ ਨੂੰ ਤਾਂ ਕਦੇ ਵੀ ਜੀਅ ਨਹੀਂ ਸੀ ਕਰਦਾ। ਹਜਾਮਤ ਕਰਾਉਂਦਾ ਬਹੁਤਾ ਟੈਮ ਤਾਂ ਮੈਂ ਦਾਸ ਬਾਬੇ ਮੂਹਰੇ ਬੈਠਾ ਰੋਂਦਾ ਈ ਰਹਿੰਦਾ ਸੀ। ਪਰ ਚਾਚਾ ਤਾਰੂ ਮੈਨੂੰ ਮਗਰੋਂ ਆਣੀ ਪ੍ਰੀਤਮ ਦੀ ਹੱਟੀ ਤੋਂ ਮਿੱਠੀਆਂ ਗੋਲੀਆਂ ਲੈ ਦਿੰਦਾ। ਗੋਲੀਆਂ ਦੇ ਲਾਲਚ ਨੂੰ ਮੈਂ ਪੈਰ ਜਿਹੇ ਮਲਦਾ ਉਹਦੇ ਮਗਰ ਤੁਰ ਪਿਆ।
ਥੋੜ੍ਹੇ ਜਿਹੇ ਦਿਨਾਂ ਬਾਅਦ ਤਕਾਲਾਂ ਵੇਲੇ ਤਾਏ ਨੂੰ ਗੁਰਦੁਆਰੇ ਲਾਗੇ ਚਾਚਾ ਤਾਰੂ ਵੀਹੀ ‘ਚ ਤੁਰਿਆ ਜਾਂਦਾ ਦਿਸ ਪਿਆ। ਉਹ ਦੋਵੇਂ ਉਥੇ ਵੀਹੀ ‘ਚ ਹੀ ਇਕ ਦੂਜੇ ਨਾਲ ਖਹਿਬੜ ਪਏ। ਤਾਏ ਬਰਾਬਰ ਚਾਚਾ ਤਾਰੂ ਲਗਦਾ ਤਾਂ ਛੋਕਰਾ ਜਿਹਾ ਈ ਸੀ ਪਰ ਉਹ ਡਰਿਆ ਨਈਂ ਉਹਦੇ ਕੋਲੋਂ। ਅਸੀਂ ਨਿਆਣਿਆਂ ਨੇ, ਗੁਰਦੁਆਰੇ ਦੀ ਨਿੱਕੀ ਕੰਧ ‘ਤੇ ਬੈਠ ਕੇ, ਉਨ੍ਹਾਂ ਦੀ ਲੜਾਈ ਦਾ ਬੜਾ ਅਨੰਦ ਲਿਆ। ਪਰ ਉਹ ਗੱਲਾਂ ਜਿਹੀਆਂ ਕਰ ਕੇ ਹੀ ਹਟ ਗਏ। ਅਸੀਂ ਤਾਂ ਆਸ ਲਾਈ ਬੈਠੇ ਸੀ, ਪਈ ਇਕ ਦੂਜੇ ਨਾਲ ਹੱਥੋ-ਪਾਈ ਹੋਣਗੇ। ਹੁਣ ਲੜਾਈ ਦੇਖਣ ਦਾ ਤਾਂ ਆਪਣਾ ਹੀ ਮਜ਼ਾ ਹੁੰਦਾ ਹੈ, ਖਾਸ ਕਰ ਵੀਹੀ ਵਿਚ। ਉਥੇ ਥਾਂ ਥੋੜ੍ਹੀ ਹੁੰਦੀ ਹੈ ਤੇ ਆਲੇ ਦੁਆਲੇ ਕੰਧਾਂ। ਬੰਦਾ ਕਿਸੇ ਪਾਸੇ ਭੱਜ ਨਹੀਂ ਸਕਦਾ। ਉਨ੍ਹਾਂ ਦੇ ਜਾਣ ਪਿਛੋਂ ਮੇਰੀ ਤੇ ਲੰਬੜਾਂ ਦੇ ਕੀਰਤੂ ਦੀ ਚੰਗੀ ਖੜਕੀ। ਉਹ ਮੈਨੂੰ ਕਹਿੰਦਾ, ‘ਤੂੰ ਐਥੇ ਬੈਠਾ ਦੰਦੀਆਂ ਕੱਢੀ ਜਾਨਾਂ, ਤੇਰੇ ਈ ਕਰਕੇ ਤਾਂ ਉਹ ਲੜਦੇ ਸੀਗੇ।’ ਜਦੋਂ ਉਹਨੇ ਮੈਨੂੰ ਏਨੀ ਗੱਲ ਕਹੀ, ਮੈਂ ਪੈ ਗਿਆ ਉਹਨੂੰ। ਮੈਂ ਅੱਗੇ ਵੀ ਕਈ ਵਾਰੀ ਘੁਲਿਆ ਸੀ ਉਹਦੇ ਨਾਲ, ਤੇ ਮੈਨੂੰ ਪਤਾ ਸੀ, ਪਈ ਉਹ ਮੇਰੇ ਤੋਂ ਮਾੜਾ ਸੀ। ਮੈਂ ਕੰਧ ਤੋਂ ਛਾਲ ਮਾਰ ਕੇ ਢਾਹ ਲਿਆ ਉਹਨੂੰ। ਗਲੀ ‘ਚ ਤੁਰੀ ਜਾਂਦੀ ਕਿਸੇ ਬੁੜ੍ਹੀ ਨੇ ਮਸੀਂ ਕੀਰਤੂ ਨੂੰ ਮੇਰੇ ਥੱਲਿਓਂ ਕੱਢਿਆ।
ਤਾਇਆ ਮੇਰਾ ਵੀ ਦਿਨੇ ਬਹੁਤਾ ਸਮਾਂ ਖੂਹ ‘ਤੇ ਹੀ ਰਹਿੰਦਾ ਸੀ ਤੇ ਤਰਕਾਲਾਂ ਵੇਲੇ ਹੀ ਪਿੰਡ ਗੇੜਾ ਮਾਰਦਾ। ਇਕ ਦਿਨ ਸਵੇਰੇ ਹੀ ਉਹਨੂੰ ਕਿਸੇ ਕੰਮ ਘਰ ਨੂੰ ਆਉਣਾ ਪਿਆ।
ਓਸ ਦਿਨ ਬੀਬੀ ਸਾਡੀ ਕਿਸੇ ਮਕਾਣੇ ਗਈਓ ਸੀ ਤੇ ਬੇਬੇ ‘ਕੱਲੀ ਸੀ ਘਰ। ਮੈਥੋਂ ਛੋਟੀ ਮੇਰੀ ਭੈਣ ਬੇਬੇ ਲਾਗੇ ਬੈਠੀ ਖੇਲ੍ਹਦੀ ਸੀ। ਮੇਰਾ ਛੋਟਾ ਭਰਾ ਜੋ ਉਦੋਂ ਅਜੇ ਸੱਤਾਂ ਅੱਠਾਂ ਕੁ ਮਹੀਨਿਆਂ ਦਾ ਹੀ ਸੀ, ਬੇਬੇ ਨੇ ਆਪਣੇ ਲਾਗੇ ਮੰਜੀ ‘ਤੇ ਲਿਟਾਇਆ ਹੋਇਆ ਸੀ। ਅਚਾਨਕ ਘਰ ਆਏ ਤਾਏ ਨੇ ਆਲੇ ਦੁਆਲੇ ਦੇਖਿਆ ਤੇ ਬੇਬੇ ਨੂੰ ਪੁੱਛਿਆ, ਪਈ ਨਿਆਣੇ ਕਿੱਧਰ ਆ। ਉਹਦਾ ਸਿੱਧਾ ਇਸ਼ਾਰਾ ਮੇਰੇ ਵੱਲ ਸੀ। ਬੇਬੇ ਵੀ ਕਿਸੇ ਗੱਲੋਂ ਅੱਕੀ ਬੈਠੀ ਸੀ ਵਿਹੜੇ ‘ਚ ਡੇਕ ਥੱਲੇ। ਬੇਬੇ ਨੇ ਆਪਣੇ ਆਲਾ ਪੂਰਾ ਰਿਕਾਰਡ ਲਾ ਦਿੱਤਾ, ਪਈ ‘ਵੱਡਾ ਤਾਂ ਸਾਰਾ ਸਾਰਾ ਦਿਨ ਘਰ ਈ ਨਈਂ ਵੜਦਾ। ਨਾ ਮੂੰਹ ਧੋਂਦਾ, ਨਾ ਕੋਈ ਕੱਪੜਾ ਲੀੜਾ ਪਾਉਂਦਾ ਆ। ਆਹ ਗਧੀਲਿਆਂ ਦੇ ਨਿਆਣਿਆਂ ਆਂਗ ਗਲੀਆਂ ਕੱਛਦਾ ਫਿਰਦਾ ਆ ਸਾਰਾ ਦਿਨ। ਕੋਈ ਪੁੱਛਣ ਆਲਾ ਹੈ ਨਈਂ ਏਸ ਘਰ ‘ਚ।’
ਲਓ ਜੀ, ਸਾਡੇ ਚੰਗੇ ਦਿਨਾਂ ਦੇ ਅੰਤ ਦੀ ਉਹ ਸ਼ੁਰੂਆਤ ਸੀ।
ਮੇਰੇ ਜੀਵਨ ਵਿਚ ਤਬਦੀਲੀ ਲਿਆਉਣ ਦੇ ਇਰਾਦੇ ਨਾਲ ਤਾਇਆ ਘਰੋਂ ਮੈਨੂੰ ਲੱਭਣ ਤੁਰ ਪਿਆ। ਉਸ ਕੁ ਵੇਲੇ ਮੈਂ ਵੀ ਘਰ ਵੱਲ ਮੋੜਾ ਪਾਇਆ ਹੋਇਆ ਸੀ। ਉਹ ਨਿਹੰਗਾਂ ਵਾਲੀ ਗਲੀ ਥਾਣੀਂ ਥੜ੍ਹੇ ਵੱਲ ਗਿਆ ਤੇ ਮੈਂ ਗਭਲੀ ਵੀਹੀ ਘਰ ਆ ਵੜਿਆ। ਬੇਬੇ ਕਹਿੰਦੀ, “ਵੇ ਤੇਰਾ ਤਾਇਆ ਤੈਨੂੰ ਲੱਭਦਾ ਫਿਰਦਾ ਸੀ, ਕਿੱਥੇ ਚਲੇ ਜਾਨਾ ਆਂ ਤੂੰ ਸਵੇਰੇ ਈ?”
ਮੈਂ ਘੇਸਲ ਜਿਹੀ ਵੱਟ ਕੇ ਅੰਦਰ ਜਾ ਵੜਿਆ ਤੇ ਗਰੀਬੜਾ ਜਿਹਾ ਮੂੰਹ ਬਣਾ ਕੇ ਬੇਬੇ ਵੱਲ ਦੇਖਣ ਲੱਗ ਪਿਆ। ਬੇਬੇ ਨੂੰ ਤਾਂ ਸਾਰੀ ਗੱਲ ਦੀ ਪਹਿਲਾਂ ਈ ਸਮਝ ਸੀ। ਉਹ ਬੁੜ ਬੁੜ ਕਰਦੀ ਉਠੀ ਤੇ ਉਹਨੇ ਕੌਲੀ ‘ਚ ਥੋੜ੍ਹਾ ਜਿਹਾ ਦਹੀਂ ਪਾ ਕੇ ਮੈਨੂੰ ਰੋਟੀ ਫੜਾ ਦਿੱਤੀ। ਮੈਂ ਵੀ ਕੋਈ ਅੜੀ ਫੜੀ ਨਾ ਕੀਤੀ ਤੇ ਚੁੱਪ ਕਰਕੇ ਰੋਟੀ ਖਾਣ ਲੱਗ ਪਿਆ।
ਮੈਂ ਅਜੇ ਰੋਟੀ ਖਤਮ ਹੀ ਕੀਤੀ ਸੀ ਕਿ ਤਾਇਆ ਲੈਫਟ ਰਾਈਟ ਕਰਦਾ ਘਰ ਨੂੰ ਮੁੜ ਆਇਆ। ਮੈਨੂੰ ਰੋਟੀ ਖਾਂਦੇ ਨੂੰ ਦੇਖ ਕੇ ਉਹਨੇ ਦੋ ਤਿੰਨ ਹਲਕੀਆਂ ਹਲਕੀਆਂ ਜਿਹੀਆਂ ਗਾਲ੍ਹਾਂ ਕੱਢੀਆਂ ਤੇ ਕੰਨੋਂ ਫੜ ਕੇ ਉਠਾਲ ਲਿਆ। “ਤੈਨੂੰ ਮੈਂ ਸਾਰੇ ਪਿੰਡ ‘ਚ ਟੋਲਦਾ ਆਇਆਂ, ਤੂੰ ਕਿਧਰ ਦੀ ਘਰ ਆ ਵੜਿਆਂ ਛਲੇਡਿਆ ਜਿਹਾ? ਤੇਰਾ ਈ ਪਤਾ ਨਈਂ ਲਗਦਾ ਵੱਡੇ ਜੈਲਦਾਰ ਦਾ। ਚੱਲ ਤੈਨੂੰ ਸਕੂਲੇ ਦਾਖਲ ਕਰਾ ਕੇ ਆਉਨਾਂ। ਜੇ ਕੱਲ੍ਹ ਤੋਂ ਸਕੂਲੇ ਨਾ ਗਿਆ ਤਾਂ ਪਰਸੋਂ ਨੂੰ ਮੈਂ ਤੈਨੂੰ ਤੜਕਿਓਂ ਖੂਹ ਨੂੰ ਲੈ ਜਾਣਾ ਤੇ ਗਾਧੀ ‘ਤੇ ਦੇਣਾ ਆ ਬਠਾਲ।”
ਮੈਂ ਚੁੱਪ ਕਰਕੇ ਉਹਦੇ ਨਾਲ ਤੁਰ ਪਿਆ। ਬੇਬੇ ਨੇ ‘ਵਾਜ ਮਾਰ ਕੇ ਕਿਹਾ, “ਵੇ ਮੁੰਡੇ ਦਾ ਮਾੜਾ ਮੋਟਾ ਮੂੰਹ ਤਾਂ ਧੋ ਲੈਣ ਦੇ। ਨਾਲੇ ਕੋਈ ਦਾਅ ਦਾ ਕੱਪੜਾ ਪਾ ਦਿੰਨੀ ਆਂ ਏਹਦੇ।”
ਪਰ ਤਾਏ ਸਾਡੇ ਨੇ ਬੇਬੇ ਦੀ ਗੱਲ ਵੱਲ ਕੋਈ ਧਿਆਨ ਈ ਨਾ ਦਿੱਤਾ ਤੇ ਮੈਨੂੰ ਸਿੱਧਾ ਈ ਲੈ ਗਿਆ ਸਕੂਲੇ। ਵੱਡੇ ਮਾਸ਼ਟਰ (ਮਾਸਟਰ) ਨੂੰ ਕਹਿਣ ਲੱਗਾ, “ਪੰਡਤ ਜੀ ਆਹ ਫੜੋ ਆਪਣਾ ਸ਼ਗਿਰਦ ਤੇ ਕਰੋ ਸਿੱਧਾ ਏਹਨੂੰ।”
ਮਾਸਟਰ ਹੱਥ ‘ਚ ਛਿਟੀ ਫੜੀ ਚੌਥੀ ਜਮਾਤ ਦੇ ਨਿਆਣਿਆਂ ਨੂੰ ਇਕ ਪਾਸੇ ਕਤਾਰ ਵਿਚ ਖੜ੍ਹੇ ਕਰਾ ਕੇ ਪਹਾੜੇ ਯਾਦ ਕਰਾ ਰਿਹਾ ਸੀ। ਪਹਿਲੀ ਦੂਜੀ ਵਾਲੇ ਥੋੜ੍ਹੀ ਜਿਹੀ ਦੂਰ ਸਕੂਲ ਦੇ ਵਰਾਂਡੇ ‘ਚ ਆਪਣੀਆਂ ਬੋਰੀਆਂ ਵਿਛਾਈ ਬੈਠੇ ਆਲਾ ਦੁਆਲਾ ਦੇਖੀ ਜਾਂਦੇ ਸੀ ਤੇ ਤੀਜੀ ਜਮਾਤ ਆਲੇ ਆਪਣੀਆਂ ਫੱਟੀਆਂ ‘ਤੇ ਕੁਛ ਲਿਖਣ ਲੱਗੇ ਹੋਏ ਸੀ। ਜਦੋਂ ਮੈਂ ਉਥੇ ਜਾ ਕੇ ਖੜ੍ਹਾ ਹੋਇਆ ਤਾਂ ਸਕੂਲ ਦੇ ਸਾਰੇ ਨਿਆਣੇ ਪੂਰਾ ਧਿਆਨ ਲਾ ਕੇ ਮੇਰੇ ਵੱਲ ਹੀ ਦੇਖਣ ਲੱਗ ਪਏ। ਮਾਸਟਰ ਜੀ ਹੋਰਾਂ ਪਹਾੜੇ ਯਾਦ ਕਰਾਉਣ ਦਾ ਕੰਮ ਜਮਾਤ ਦੇ ਮਨੀਟਰ ਦੇ ਹਵਾਲੇ ਕੀਤਾ। ਆਪ ਉਹ ਸਕੂਲ ਦੇ ਵਿਹੜੇ ਵਿਚਲੀ ਨਿੱਕੀ ਜਿਹੀ ਪਿੱਪਲੀ ਥੱਲੇ ਡਾਹੀ ਹੋਈ ਕੁਰਸੀ ‘ਤੇ ਜਾ ਬੈਠੇ। ਉਹਦੇ ਲਾਗੇ ਛੋਟਾ ਜਿਹਾ ਬੈਂਚ ਪਿਆ ਸੀ। ਤਾਏ ਨੂੰ ਸੈਨਤ ਕਰਕੇ ਆਪਣੇ ਸਾਹਮਣੇ ਪਏ ਬੈਂਚ ‘ਤੇ ਬਿਠਾ ਲਿਆ।
ਮਾਸਟਰ ਨੇ ਮੇਜ ‘ਤੇ ਪਿਆ ਰਜਿਸਟਰ ਖੋਲ੍ਹਿਆ ਤੇ ਤਾਏ ਨੂੰ ਪੁੱਛਿਆ, “ਸਰਦਾਰ ਸ਼ਿਵ ਸਿੰਘ ਜੀ ਨਾਂ ਕੀ ਆ ਆਪਣੇ ਛੋਟੂ ਦਾ?”
“ਨਾਂ ਤਾਂ ਪਤਾ ਨਈਂ ਸਹੁਰੇ ਦਾ ਇਹਦਾ ਕੀ ਰੱਖਿਆ ਹੋਇਆ ਪਰ ਤੁਸੀਂ ਗੁਰਮੁਖ ਸਿੰਘ ਲਿਖੋ ਜੀ।”
ਏਦਾਂ ਈ ਸਾਡੇ ਤਾਏ ਨੇ ਆਪਣੇ ਅੰਦਾਜ਼ੇ ਨਾਲ ਸਾਡੀ ਜਨਮ ਤਰੀਕ ਲਿਖਾ ਦਿੱਤੀ।
ਮਾਸਟਰ ਨੇ ਪਲ ਕੁ ਲਈ ਰਜਿਸਟਰ ਤੋਂ ਨਿਗਾਹ ਉਠਾ ਕੇ ਮੇਰੇ ਵੱਲ ਵੇਖਿਆ ਤੇ ਮੈਨੂੰ ਕਹਿਣ ਲੱਗਾ, “ਚੱਲ ਬਈ ਗੁਰਮੁਖ ਸਿਹਾਂ, ਚੱਲ ਕੇ ਓਹ ਪਹਿਲੀ ਜਮਾਤ ਵਾਲੀ ਕਤਾਰ ‘ਚ ਬਹਿ ਜਾਹ।”
ਤੇ ਉਸ ਪਲ ਤੋਂ ਬੇਬੇ ਅਤੇ ਚਾਚੇ ਤਾਰੂ ਦੇ ਬਹਾਦਰ ਸੌਂਹ ਦੀ ਥਾਂ ਅਸੀਂ ਸਦਾ ਲਈ ਗੁਰਮੁਖ ਸਿੰਘ ਬਣ ਗਏ।