ਕਿਆਮਤ-11

ਹਰਮਹਿੰਦਰ ਚਾਹਲ ਦਾ ਨਾਵਲ ‘ਕਿਆਮਤ’ ਇਰਾਕ ਦੇ ਛੋਟੇ ਜਿਹੇ ਅਕੀਦੇ/ਕਬੀਲੇ ਜਾਜ਼ੀਦੀ ਨਾਲ ਸਬੰਧਤ ਕੁੜੀ ਆਸਮਾ ਦੇ ਜੀਵਨ ਦੁਆਲੇ ਬੁਣਿਆ ਗਿਆ ਹੈ। ਇਸ ਵਿਚ ਇਸਲਾਮਕ ਸਟੇਟ ਆਫ ਇਰਾਕ ਐਂਡ ਸੀਰੀਆ (ਆਈ. ਐਸ਼ ਆਈ. ਐਸ਼) ਦੇ ਦਹਿਸ਼ਤਗਰਦਾਂ ਦੀਆਂ ਜ਼ਿਆਦਤੀਆਂ ਦਾ ਚਿੱਠਾ ਫਰੋਲਿਆ ਗਿਆ ਹੈ। ਇਰਾਕ ਵਿਚ ਸੱਦਾਮ ਹੁਸੈਨ ਦੇ ਜ਼ਮਾਨੇ ਵਿਚ ਇਨ੍ਹਾਂ ਲੋਕਾਂ ‘ਤੇ ਬਹੁਤ ਕਹਿਰ ਵਾਪਰਿਆ, ਪਰ ਆਈ. ਐਸ਼ ਆਈ. ਐਸ਼ ਦੇ ਉਭਾਰ ਪਿਛੋਂ ਤਾਂ ਉਨ੍ਹਾਂ ਉਤੇ ਕਹਿਰ ਦੀ ਹੱਦ ਹੋ ਗਈ ਜਿਸ ਨੂੰ ਪੜ੍ਹ-ਸੁਣ ਕੇ ਕਾਲਜਾ ਮੂੰਹ ਨੂੰ ਆਉਂਦਾ ਹੈ। ‘ਪੰਜਾਬ ਟਾਈਮਜ਼’ ਦੇ ਪਾਠਕ ਕੁਝ ਅਰਸਾ ਪਹਿਲਾਂ ਚਾਹਲ ਦੀ ਇਕ ਹੋਰ ਲਿਖਤ ‘ਆਫੀਆ ਸਿੱਦੀਕੀ ਦਾ ਜਹਾਦ’ ਪੜ੍ਹ ਚੁਕੇ ਹਨ, ਜਿਸ ਵਿਚ ਉਸ ਨੇ ਅਲ-ਕਾਇਦਾ ਨਾਲ ਜੁੜੀ ਅਤੇ ਅਮਰੀਕਾ ਵਿਚ ਪੜ੍ਹਦੀ ਕੁੜੀ ਆਫੀਆ ਸਿੱਦੀਕੀ ਦੇ ਜੀਵਨ ਦੇ ਆਧਾਰ ‘ਤੇ ਕਹਾਣੀ ਬੁਣੀ ਸੀ। ਆਫੀਆ ਨੂੰ 2010 ਵਿਚ 86 ਵਰ੍ਹਿਆਂ ਦੀ ਕੈਦ ਹੋਈ ਸੀ, ਉਹ ਅੱਜ ਕੱਲ੍ਹ ਅਮਰੀਕੀ ਜੇਲ੍ਹ ਵਿਚ ਬੰਦ ਹੈ।

-ਸੰਪਾਦਕ

ਤੁਸੀਂ ਪੜ੍ਹ ਚੁਕੇ ਹੋ…
ਇਰਾਕ ਦੇ ਇਕ ਹਿੱਸੇ ‘ਤੇ ਆਈ. ਐਸ਼ ਆਈ. ਐਸ਼ ਦੇ ਕਬਜ਼ੇ ਪਿਛੋਂ ਜਾਜ਼ੀਦੀ ਕਬੀਲੇ ਦੇ ਲੋਕ ਉਜੜ-ਪੁੱਜੜ ਗਏ। ਅਤਿਵਾਦੀਆਂ ਦੇ ਹੱਥ ਆਈਆਂ ਜਾਜ਼ੀਦੀ ਕੁੜੀਆਂ ਰੁਲ ਰਹੀਆਂ ਹਨ। ਇਨ੍ਹਾਂ ਵਿਚੋਂ ਇਕ ਕੁੜੀ ਆਸਮਾ ਨੂੰ ਸੀਰੀਆ ਭੇਜਿਆ ਜਾ ਰਿਹਾ ਹੈ ਪਰ ਉਹ ਉਨ੍ਹਾਂ ਦੀ ਚੁੰਗਲ ਵਿਚੋਂ ਬਚ ਨਿਕਲਦੀ ਹੈ। ਉਸ ਨੂੰ ਆਪਣੇ ਘਰ ਅਤੇ ਘਰ ਦੇ ਜੀਆਂ ਦਾ ਚੇਤਾ ਆਉਂਦਾ ਹੈ, ਉਹ ਚੇਤਿਆਂ ਵਿਚ ਹੀ ਆਪਣੇ ਪਿੰਡ ਜਾ ਵੜਦੀ ਹੈ। ਇਹ ਉਹ ਸਮਾਂ ਹੈ ਜਦੋਂ ਅਮਰੀਕਾ ਨੇ ਸੱਦਾਮ ਹੁਸੈਨ ਦਾ ਤਖਤਾ ਪਲਟਣ ਲਈ ਇਰਾਕ ਉਤੇ ਹਮਲਾ ਕਰ ਦਿੱਤਾ ਸੀ। ਸੱਦਾਮ ਮਾਰਿਆ ਗਿਆ। ਨਵੀਂ ਹਕੂਮਤ ਆ ਗਈ ਪਰ ਉਦੋਂ ਹੀ ਸੁੰਨੀ ਮੁਸਲਮਾਨਾਂ ਦੇ ਕੁਝ ਧੜੇ ਦਹਿਸ਼ਤਪਸੰਦ ਬਣ ਗਏ ਅਤੇ ਸ਼ੀਆ ਮੁਸਲਮਾਨਾਂ ਤੇ ਜਾਜ਼ੀਦੀਆਂ ‘ਤੇ ਕਹਿਰ ਢਾਹੁਣ ਲੱਗੇ। ਆਈ. ਐਸ਼ ਆਈ. ਐਸ਼ ਦੇ ਅਤਿਵਾਦੀ ਜਾਜ਼ੀਦੀਆਂ ਦੇ ਇਲਾਕੇ ਨੂੰ ਘੇਰਾ ਪਾ ਕੇ ਸਭ ਜਾਜ਼ੀਦੀਆਂ ਨੂੰ ਟਰੱਕਾਂ ਵਿਚ ਲੱਦ ਕੇ ਲੈ ਗਏ। ਔਰਤਾਂ ਤੇ ਬੱਚਿਆਂ ਨੂੰ ਵੱਖ ਕਰਕੇ ਵੱਖ-ਵੱਖ ਥਾਂਈਂ ਭੇਜ ਦਿੱਤਾ। ਜਾਜ਼ੀਦੀ ਕੁੜੀਆਂ ਦੀ ਮੰਡੀ ਲਾਈ ਗਈ ਤੇ ਆਸਮਾ ਨੂੰ ਜੱਜ ਹਾਜੀ ਸਲਮਾਨ ਖਰੀਦ ਕੇ ਲੈ ਗਿਆ। ਉਸ ਦੇ ਕਬਜ਼ੇ ਵਿਚੋਂ ਭੱਜਣ ਦੀ ਕੋਸ਼ਿਸ਼ ਕਰਨ ‘ਤੇ ਆਸਮਾ ਨੂੰ ਸਮੂਹਿਕ ਜਬਰ ਜਨਾਹ ਦੀ ਸਜ਼ਾ ਦਿੱਤੀ ਗਈ ਅਤੇ ਫਿਰ ਅਗਾਂਹ ਵੇਚ ਦਿੱਤਾ। ਇਉਂ ਅਗਾਂਹ ਵਿਕਦੀ-ਵਿਕਦੀ ਉਹ ਹਾਜੀ ਅਮਰ ਪਾਸ ਪੁੱਜ ਗਈ। ਹੁਣ ਪੜ੍ਹੋ ਇਸ ਤੋਂ ਅੱਗੇ…

(12)
ਮੇਰੇ ਕੰਨੀਂ, ਹੌਲੀ-ਹੌਲੀ ਗੱਲਾਂ ਕਰਨ ਦੀਆਂ ਆਵਾਜ਼ਾਂ ਪੈਣ ਲੱਗੀਆਂ ਜਿਵੇਂ ਦੋ ਜਣੇ ਕਿਸੇ ਮਸਲੇ ‘ਤੇ ਸਲਾਹ ਕਰ ਰਹੇ ਹੋਣ। ਮੈਨੂੰ ਜਾਪਿਆ ਕਿ ਮੈਂ ਸੁਪਨਾ ਵੇਖ ਰਹੀ ਹਾਂ ਪਰ ਇਹ ਹਕੀਕਤ ਸੀ। ਪਹਿਲਾਂ ਮਨ ਖਿਆਲਾਂ ‘ਚ ਗੁਆਚਿਆ ਹੋਇਆ ਸੀ। ਮੇਰੇ ਨਾਲ ਹੁਣ ਤੱਕ ਦੀ ਹੋਈ ਬੀਤੀ ਫਿਲਮੀ ਰੀਲ ਵਾਂਗ ਮਨ ਦੇ ਚਿਤਰਪਟ ‘ਤੇ ਚੱਲ ਰਹੀ ਸੀ। ਮੇਰੀ ਸੋਚ ਪਿੰਡੋਂ ਤੁਰੀ ਸੀ ਤੇ ਸੋਚਦੀ-ਸੋਚਦੀ ਉਥੇ ਪਹੁੰਚ ਗਈ, ਜਦੋਂ ਕਿਸੇ ਘਰ ‘ਚ ਦਾਖਲ ਹੋ ਕੇ ਮਦਦ ਮੰਗੀ ਸੀ। ਉਨ੍ਹਾਂ ਮਦਦ ਦਿੱਤੀ ਅਤੇ ਰਾਤ ਕੱਟਣ ਲਈ ਬੈਡ ਦਿੱਤਾ। ਮੈਂ ਆਲੇ-ਦੁਆਲੇ ਨਜ਼ਰ ਮਾਰੀ। ਅਸਲ ‘ਚ ਮੈਂ ਹੁਣ ਉਸੇ ਬੈਡ ‘ਤੇ ਪਈ ਹੋਈ ਸੀ ਅਤੇ ਇਹ ਉਹੋ ਹੀ ਘਰ ਸੀ। ਮੈਂ ਸਿਰ ਝਟਕਿਆ ਅਤੇ ਖਿਆਲਾਂ ‘ਚੋਂ ਨਿਕਲ ਆਈ। ਹੌਲੀ-ਹੌਲੀ ਆ ਰਹੀਆਂ ਆਵਾਜ਼ਾਂ, ਇਸ ਘਰ ਦੇ ਮਾਲਕ ਰਸੂਲ ਅਤੇ ਉਸ ਦੀ ਬੀਵੀ ਹਾਮਾ ਦੀਆਂ ਸਨ। ਗਹੁ ਨਾਲ ਸੁਣਿਆ ਤਾਂ ਇੰਨਾ ਪਤਾ ਲੱਗ ਗਿਆ ਕਿ ਗੱਲ ਮੇਰੇ ਬਾਰੇ ਹੋ ਰਹੀ ਹੈ ਪਰ ਸਮਝ ਕੁਝ ਨਾ ਆਇਆ। ਖਤਰੇ ਦਾ ਅਹਿਸਾਸ ਹੋਇਆ। ਕਿਧਰੇ ਇਸਲਾਮਕ ਸਟੇਟ ਵਾਲਿਆਂ ਦੇ ਹਵਾਲੇ ਕਰਨ ਦੀਆਂ ਵਿਉਂਤਾਂ ਤਾਂ ਨਹੀਂ ਬਣਾ ਰਹੇ? ਕਾਦਰ ਦੀ ਖਾਲਾ ਅਜਿਹਾ ਕਰ ਚੁਕੀ ਸੀ। ਸੋਚਾਂ ਦੇ ਘੋੜੇ ਦੁੜਾਏ, ਪਰ ਕੋਈ ਸਮਝ ਨਾ ਆਈ। ਜ਼ਰਾ ਕੁ ਸਿਰ ਉਚਾ ਕਰਦਿਆਂ ਉਨ੍ਹਾਂ ਵਲ ਵੇਖਿਆ। ਹਾਮਾ ਅਤੇ ਰਸੂਲ ਸਿਰ ਜੋੜੀ ਗੱਲਾਂ ਕਰ ਰਹੇ ਸਨ ਪਰ ਮੇਰਾ ਸਿਰ ਉਚਾ ਕਰਕੇ ਉਧਰ ਨੂੰ ਝਾਕਣਾ, ਹਾਮਾ ਨੇ ਵੇਖ ਲਿਆ ਸੀ। ਉਹ ਉਦੋਂ ਹੀ ਉਠ ਕੇ ਮੇਰੇ ਕੋਲ ਆ ਗਈ ਤੇ ਮੇਰੇ ਸਿਰਹਾਣੇ ਖੜ੍ਹਦਿਆਂ ਬੋਲੀ, “ਧੀਏ, ਨੀਂਦ ਪੂਰੀ ਹੋ ਗਈ ਐ ਤੇਰੀ? ਅਸੀਂ ਤੇਰੀਆਂ ਈ ਗੱਲਾਂ ਕਰ ਰਹੇ ਸਾਂ।”
ਮੈਂ ਉਠ ਕੇ ਬਹਿ ਗਈ ਤਾਂ ਉਹ ਮੁੜ ਬੋਲੀ, “ਹੁਣ ਜਦੋਂ ਅਸੀਂ ਤੇਰੀ ਮਦਦ ਕਰਨ ਦਾ ਜ਼ਿੰਮਾ ਓਟ ਈ ਲਿਐ ਤਾਂ ਸਾਨੂੰ ਇਸ ਮਸਲੇ ਨੂੰ ਬੜੇ ਸੁਲਝੇ ਢੰਗ ਨਾਲ ਨਜਿੱਠਣਾ ਚਾਹੀਦੈ।?”
“ਜੀ…।” ਇੰਨਾ ਕਹਿੰਦਿਆਂ ਮੈਂ ਉਬਾਸੀ ਲਈ ਤਾਂ ਉਹ ਬੋਲੀ, “ਇਉਂ ਕਰ, ਪਹਿਲਾਂ ਤੂੰ ਮੂੰਹ ਹੱਥ ਧੋ ਲੈ। ਕੁਝ ਖਾ ਪੀ ਲੈ। ਫਿਰ ਗੱਲ ਕਰਦੇ ਆਂ।” ਉਹਨੇ ਬੁਰਕਾ ਪਹਿਨ ਕੇ ਬਾਥਰੂਮ ਵਲ ਜਾਣ ਦਾ ਕਿਹਾ। ਉਸ ਪਿੱਛੋਂ ਨਸੀਰਾਂ ਕਮਰੇ ‘ਚ ਹੀ ਖਾਣ-ਪੀਣ ਦਾ ਸਾਮਾਨ ਦੇ ਗਈ। ਮੈਂ ਅੰਡਾ ਤੇ ਜੂਸ ਬਗੈਰਾ ਖਾਧਾ-ਪੀਤਾ। ਫਿਰ ਹਾਮਾ ਮੇਰੇ ਕੋਲ ਬਹਿ ਗਈ। ਮੈਂ ਦੱਸਿਆ ਕਿ ਜੇ ਮੇਰੇ ਭਰਾ ਨਾਲ ਗੱਲ ਹੋ ਜਾਵੇ ਤਾਂ ਬਿਹਤਰ ਹੋਵੇਗਾ। ਉਦੋਂ ਹੀ ਉਸ ਨੇ ਆਵਾਜ਼ ਦੇ ਕੇ ਨਾਸਿਰ ਨੂੰ ਬੁਲਾਇਆ। ਮੈਂ ਨੰਬਰ ਦਿੱਤਾ ਤਾਂ ਨਾਸਿਰ ਨੇ ਫੋਨ ਮਿਲਾਇਆ। ਉਧਰੋਂ ਜਿੰਜ਼ਾਲ ਨੇ ਫੋਨ ਚੁੱਕਦਿਆਂ ਹੈਲੋ ਕਹੀ ਹੀ ਸੀ ਕਿ ਮੈਂ ਬੋਲੀ, “ਭਾਈਜਾਨ, ਮੈਂ ਆਸਮਾ।”
“ਸ਼ੁਕਰ ਖੁਦਾ ਦਾ, ਤੇਰਾ ਫੋਨ ਆਇਆ। ਸੋਚ ਸੋਚ ਕੇ ਬੁਰਾ ਹਾਲ ਸੀ ਕਿ ਤੇਰੇ ਨਾਲ ਪਤਾ ਨ੍ਹੀਂ ਕੀ ਬੀਤੀ ਹੋਵੇਗੀ।”
“ਭਾਈਜਾਨ ਮੈਂ ਠੀਕ ਆਂ, ਸਹੀ ਥਾਂ ਪਹੁੰਚ ਗਈ ਆਂ। ਇਹ ਬਹੁਤ ਚੰਗਾ ਪਰਿਵਾਰ ਐ। ਇਹ ਮੇਰੀ ਪੂਰੀ ਮਦਦ ਕਰਨਗੇ ਪਰ ਇਥੇ ਸਾਨੂੰ ਪਤਾ ਨ੍ਹੀਂ ਲੱਗ ਰਿਹਾ ਕਿ ਅੱਗੇ ਕੀ ਕਰੀਏ।”
“ਤੂੰ ਇਉਂ ਕਰ, ਫੋਨ ਕਿਸੇ ਹੋਰ ਨੂੰ ਫੜਾ।”
ਮੈਂ ਫੋਨ ਹਾਮਾ ਨੂੰ ਫੜਾ ਦਿੱਤਾ। ਉਸ ਨੇ ਜਿੰਜ਼ਾਲ ਨੂੰ ਭਰੋਸਾ ਦਿਵਾਇਆ ਕਿ ਉਹ ਮੇਰੀ, ਆਪਣੀ ਧੀ ਸਮਝ ਕੇ ਜੀਅ-ਜਾਨ ਨਾਲ ਮਦਦ ਕਰਨਗੇ। ਅੱਗੇ ਦੀਆਂ ਹਦਾਇਤਾਂ ਲਈ ਫੋਨ ਨਾਸਿਰ ਨੇ ਫੜ ਲਿਆ ਤੇ ਉਹ ਕਾਫੀ ਦੇਰ ਜਿੰਜ਼ਾਲ ਨਾਲ ਗੱਲ ਕਰਦਾ ਰਿਹਾ। ਫਿਰ ਉਸ ਨੇ ਫੋਨ ਕੱਟਦਿਆਂ ਮੈਨੂੰ ਕਿਹਾ ਕਿ ਜਿੰਜ਼ਾਲ ਨੂੰ ਸਭ ਕੁਝ ਦੱਸ ਦਿੱਤਾ ਹੈ, ਉਹ ਬਾਅਦ ‘ਚ ਫੋਨ ਕਰੇਗਾ। ਇਧਰ ਰਸੂਲ ਨੇ ਵੀ ਨਾਸਿਰ ਨੂੰ ਕੁਝ ਹਦਾਇਤਾਂ ਦਿੰਦਿਆਂ ਤੋਰ ਦਿੱਤਾ। ਦਿਨ ਚੜ੍ਹ ਆਇਆ ਤੇ ਬਾਹਰ ਗਲੀ-ਮੁਹੱਲਿਆਂ ‘ਚ ਲੋਕਾਂ ਦਾ ਬੋਲ-ਬੁਲਾਰਾ ਅਤੇ ਕਾਰਾਂ-ਜੀਪਾਂ ਦੇ ਲੰਘਣ ਦਾ ਖੜਕਾ ਸੁਣਨ ਲੱਗ ਪਿਆ। ਹਾਮਾ ਨੇ ਦੱਸ ਦਿੱਤਾ ਸੀ ਕਿ ਨਾਸਿਰ ਨੇ ਅੱਜ ਕੰਮ ਤੋਂ ਛੁੱਟੀ ਕਰ ਲਈ ਹੈ ਤਾਂ ਕਿ ਉਹ ਮੇਰੀ ਮਦਦ ਕਰ ਸਕੇ। ਉਸ ਦੇ ਦੱਸਣ ਅਨੁਸਾਰ ਉਹ ਕਿਸੇ ਸੈਨਟਿਰੀ ਕੰਪਨੀ ‘ਚ ਕੰਮ ਕਰਦਾ ਸੀ।
ਸਾਰਾ ਦਿਨ ਉਡੀਕਦਿਆਂ ਲੰਘਿਆ। ਨਾਸਿਰ ਸਵੇਰ ਦਾ ਗਿਆ ਅਜੇ ਮੁੜਿਆ ਨਹੀਂ ਸੀ ਤੇ ਨਾ ਹੀ ਜਿੰਜ਼ਾਲ ਨਾਲ ਹੋਈ ਗੱਲਬਾਤ ਬਾਰੇ ਪਤਾ ਸੀ। ਦੁਪਹਿਰ ਢਲੇ ਨਾਸਿਰ ਘਰ ਵੜਿਆ ਤਾਂ ਸੁੱਖ ਦਾ ਸਾਹ ਆਇਆ। ਉਸ ਦੇ ਆਉਣ ਦੇ ਵੀਹ ਕੁ ਮਿੰਟ ਬਾਅਦ ਹੀ ਅਸੀਂ ਚਾਰੇ ਵਿਉਂਤਾਂ ਬਣਾ ਰਹੇ ਸਾਂ। ਮੇਰੇ ਕਮਰੇ ‘ਚ ਨਾਸਿਰ ਤੋਂ ਬਿਨਾ ਉਸ ਦੇ ਅੰਮਾ-ਅੱਬੂ ਸਨ।
ਨਾਸਿਰ ਨੇ ਦਿਨ ਭਰ ਦੇ ਕੰਮ ਦੀ ਤਫਸੀਲ ਦਿਤੀ, “ਮੈਂ ਪਹਿਲਾਂ ਇਹ ਵੇਖਣ ਦੀ ਕੋਸ਼ਿਸ਼ ਕੀਤੀ ਕਿ ਜਿਸ ਘਰ ‘ਚੋਂ ਆਸਮਾ ਭੱਜ ਕੇ ਆਈ ਐ, ਉਥੇ ਕੀ ਹਾਲਾਤ ਨੇ।”
“ਅੱਛਾ।” ਰਸੂਲ ਨੇ ਹੁੰਗਾਰਾ ਭਰਿਆ।
“ਘਰ ਦੇ ਬਾਹਰ ਇਸਲਾਮਕ ਸਟੇਟ ਪੁਲਿਸ ਦਾ ਟਰੱਕ ਖੜ੍ਹਾ ਸੀ। ਕੁਝ ਮਿਲੀਟੈਂਟ ਘਰ ਦੇ ਅੰਦਰ ਵੀ ਵਿਖਾਈ ਦਿੱਤੇ।” ਉਸ ਨੇ ਗੱਲ ਖਤਮ ਕੀਤੀ ਤਾਂ ਰਸੂਲ ਬੋਲਿਆ, “ਇਸ ਦਾ ਮਤਲਬ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਕੁੜੀ ਭੱਜ ਚੁੱਕੀ ਐ।”
ਮੈਂ ਸਾਵਾਂ ਜਿਹਾ ਰਹਿੰਦਿਆਂ ਗੱਲ ਸੁਣ ਰਹੀ ਸਾਂ ਕਿਉਂਕਿ ਮੈਂ ਉਨ੍ਹਾਂ ਨੂੰ ਕੱਲ੍ਹ ਇਹੀ ਦੱਸਿਆ ਸੀ ਕਿ ਜਦੋਂ ਮੇਰਾ ਮਾਲਕ ਘਰੋਂ ਨਿਕਲਿਆ ਤਾਂ ਮੈਂ ਪਿੱਛੋਂ ਖਿੜਕੀ ਰਾਹੀਂ ਉਤਰ ਕੇ ਭੱਜ ਆਈ। ਮੈਂ ਉਨ੍ਹਾਂ ਤੋਂ ਹਾਜੀ ਅਮਰ ‘ਤੇ ਅਮਰੀਕਨ ਮਿਜ਼ਾਇਲ ਵਾਲੀ ਗੱਲ ਲੁਕਾ ਲਈ ਸੀ। ਨਾ ਹੀ ਇਹ ਜਾਹਰ ਕੀਤਾ ਸੀ ਕਿ ਹਾਜੀ ਅਮਰ ਦੀ ਘਰ ਵਾਲੀ ਨੇ ਸਾਡੀ ਮਦਦ ਕੀਤੀ ਸੀ, ਜਾਂ ਉਥੇ ਹੋਰ ਕੁੜੀਆਂ ਵੀ ਸਨ। ਸੋ ਹੁਣ ਉਨ੍ਹਾਂ ਨੇ ਇਹੀ ਨਤੀਜਾ ਕੱਢਿਆ ਕਿ ਆਸਮਾ ਦੇ ਭੱਜਣ ਕਰਕੇ ਹੀ ਸ਼ਾਇਦ ਇਸਲਾਮਕ ਸਟੇਟ ਪੁਲਿਸ ਤਹਿਕੀਕਾਤ ਕਰਨ ਆਈ ਹੋਵੇਗੀ। ਪਰ ਮੈਂ ਜਾਣ ਗਈ ਕਿ ਹਾਜੀ ਅਮਰ ਦੇ ਅਮਰੀਕਨ ਮਿਜ਼ਾਇਲ ਨਾਲ ਮਾਰੇ ਜਾਣ ਦੀ ਖਬਰ ਇਸਲਾਮਕ ਸਟੇਟ ਵਾਲਿਆਂ ਤੱਕ ਪਹੁੰਚ ਚੁਕੀ ਹੈ ਅਤੇ ਹੁਣ ਦੂਸਰੀਆਂ ਦੇ ਨਾਲ-ਨਾਲ ਮੈਨੂੰ ਵੀ ਲੱਭ ਰਹੇ ਹੋਣਗੇ।
ਰਸੂਲ ਦੀ ਗੱਲ ਦੇ ਜੁਆਬ ‘ਚ ਨਾਸਿਰ ਬੋਲਿਆ, “ਇਹ ਗੱਲ ਜਾਹਰ ਐ ਕਿ ਉਹ ਹੁਣ ਆਸਮਾ ਨੂੰ ਲੱਭ ਰਹੇ ਹੋਣਗੇ। ਕਿਉਂਕਿ ਇਸ ਪਿਛੋਂ ਮੈਂ ਇਸ ਗੱਲ ਦਾ ਪੱਕ ਕਰਨ ਲਈ ਇਕ ਹੋਰ ਕਦਮ ਵੀ ਚੁੱਕਿਆ।”
“ਉਹ ਕੀ?” ਹਾਮਾ ਹੈਰਾਨੀ ਨਾਲ ਉਸ ਵਲ ਝਾਕੀ।
“ਮੈਂ ਮੋਸਲ ਤੋਂ ਬਾਹਰ ਜਾਣ ਵਾਲੀ ਵੱਡੀ ਸੜਕ ਦੇ ਚੈਕ ਪੁਆਇੰਟ ਤੋਂ ਦੂਜੇ ਪਾਸੇ ਲੰਘਿਆ, ਕਿਉਂਕਿ ਚੈਕ ਪੁਆਇੰਟ ‘ਤੇ ਵੱਡੇ ਸਾਰੇ ਬੋਰਡ ‘ਤੇ ਫਰਾਰ ਹੋਈਆਂ ਗੁਲਾਮ ਕੁੜੀਆਂ ਦੀਆਂ ਤਸਵੀਰਾਂ ਲੱਗੀਆਂ ਰਹਿੰਦੀਆਂ।”
“ਫਿਰ?”
“ਫਿਰ ਕੀ, ਜਦੋਂ ਈ ਮੈਂ ਸ਼ਨਾਖਤੀ ਕਾਰਡ ਚੈਕ ਕਰਵਾਉਣ ਲਈ ਰੁਕਿਆ ਤਾਂ ਬੋਰਡ ‘ਤੇ ਆਸਮਾ ਦੀ ਤਸਵੀਰ ਸਭ ਤੋਂ ਉਪਰ ਸੀ।”
ਰਸੂਲ ਨੇ ਅਫਸੋਸ ‘ਚ ਸਿਰ ਮਾਰਿਆ, “ਇਸ ਦਾ ਮਤਲਬ ਅਸੀਂ ਇਸ ਨੂੰ ਚੈਕ ਪੁਆਇੰਟ ਰਾਹੀਂ ਨ੍ਹੀਂ ਲਿਜਾ ਸਕਦੇ।”
“ਫਿਰ ਹੁਣ ਕੀ ਕਰੀਏ?” ਹਾਮਾ ਨੇ ਫਿਕਰ ਜਾਹਰ ਕੀਤਾ। ਉਦੋਂ ਹੀ ਨਾਸਿਰ ਨੇ ਕਿਹਾ ਕਿ ਉਹ ਇਹ ਸਭ ਜਾਣਕਾਰੀ ਜਿੰਜ਼ਾਲ ਨਾਲ ਸਾਂਝੀ ਕਰ ਲਵੇ। ਉਹ ਜਿੰਜ਼ਾਲ ਨਾਲ ਗੱਲ ਕਰਨ ਲੱਗਾ। ਫਿਰ ਨਾਸਿਰ ਨੇ ਫੋਨ ਮੈਨੂੰ ਫੜਾ ਦਿੱਤਾ। ਮੈਂ ‘ਹੈਲੋ’ ਕਹੀ ਤਾਂ ਜਿੰਜ਼ਾਲ ਦੀ ਆਵਾਜ਼ ਆਈ, “ਆਸਮਾ, ਤੇਰੇ ਮਨ ਦੀ ਹਾਲਤ ਮੈਂ ਸਮਝ ਸਕਦਾਂ ਪਰ ਯਕੀਨ ਐ, ਇਹ ਆਪਣੀ ਜਾਨ ਜੋਖਮ ‘ਚ ਪਾ ਕੇ ਵੀ ਤੇਰੀ ਮਦਦ ਕਰਨਗੇ।” ਇਹ ਕਹਿੰਦਿਆਂ ਉਹਨੇ ਫੋਨ ਬੰਦ ਕਰ ਦਿੱਤਾ।
ਅਸੀਂ ਚਾਰੋਂ ਜਣੇ ਕੋਈ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੇ ਸਾਂ। ਉਦੋਂ ਹੀ ਰਸੂਲ ਨੂੰ ਕੋਈ ਖਿਆਲ ਆਇਆ ਤੇ ਉਹ ਉਠ ਖੜੋਤਾ। ਉਸ ਨੇ ਕਿਹਾ ਕਿ ਉਹ ਆਪਣੀ ਬੇਟੀ ਵਲ ਜਾਂਦਾ ਹੈ, ਸ਼ਾਇਦ ਉਥੋਂ ਕੋਈ ਰਾਹ ਨਿਕਲੇ। ਪਿਛੋਂ ਦੇਰ ਤੱਕ ਹਾਮਾ ਮੇਰੇ ਨਾਲ ਗੱਲਾਂ ਕਰਦੀ ਰਹੀ। ਹੁਣ ਨਸੀਰਾਂ ਵੀ ਕੋਲ ਆ ਬੈਠੀ। ਜਾਪਦਾ ਸੀ, ਜਿਵੇਂ ਮੈਂ ਉਨ੍ਹਾਂ ਦੇ ਪਰਿਵਾਰ ਦਾ ਹੀ ਜੀਅ ਹੋਵਾਂ। ਨਾਸਿਰ ਗੱਲ ਕਰਦਾ ਤਾਂ ਉਹਦੇ ਚਿਹਰੇ ਤੋਂ ਮੈਨੂੰ ਆਪਣੇ ਭਰਾਵਾਂ ਵਾਲੀ ਅਪਣੱਤ ਦਿਸਦੀ। ਹਾਮਾ ਨੇ ਦੱਸਿਆ ਕਿ ਉਸ ਦੀਆਂ ਤਿੰਨ ਧੀਆਂ ਹਨ ਅਤੇ ਤਿੰਨੋਂ ਮੋਸਲ ਦੇ ਨੇੜ-ਤੇੜ ਹੀ ਵਿਆਹੀਆਂ ਹੋਈਆਂ ਹਨ। ਜਿਸ ਧੀ ਕੋਲ ਰਸੂਲ ਗਿਆ ਹੈ, ਉਸ ਦਾ ਨਾਂ ਮੀਨਾ ਹੈ ਤੇ ਉਹ ਸਭ ਤੋਂ ਛੋਟੀ ਹੈ। ਮੀਨਾ ਦੇ ਘਰ ਵਾਲਾ ਖਾਲਿਦ ਚੰਗੇ ਸੁਭਾਅ ਦਾ ਹੈ ਅਤੇ ਹਾਮਾ ਨੂੰ ਪਤਾ ਹੈ ਕਿ ਉਸ ਦੀ ਇਸਲਾਮਕ ਸਟੇਟ ਵਾਲਿਆਂ ਬਾਰੇ ਚੰਗੀ ਰਾਇ ਨਹੀਂ। ਦੂਜਾ, ਮੀਨਾ ਦਾ ਘਰ ਮੋਸਲ ਸ਼ਹਿਰ ਦੀ ਹੱਦ ਤੋਂ ਬਾਹਰ ਪੈਂਦਾ ਸੀ। ਖੈਰ! ਦੇਰ ਰਾਤ ਖਾ ਪੀ ਕੇ ਅਸੀਂ ਪੈ ਗਏ। ਅਗਲੇ ਦਿਨ ਦਸ ਕੁ ਵਜਦੇ ਨੂੰ ਰਸੂਲ ਮੁੜ ਆਇਆ। ਉਸ ਨੇ ਕਾਰਵਾਈ ਦੱਸਣੀ ਸ਼ੁਰੂ ਕੀਤੀ, “ਪਹਿਲਾਂ ਮੈਂ ਖਾਲਿਦ ਤੇ ਮੀਨਾ ਨੂੰ ਪੂਰੀ ਗੱਲ ਦੱਸ ਕੇ ਇਹ ਜਾਣਨਾ ਚਾਹਿਆ ਕਿ ਉਨ੍ਹਾਂ ਦੀ ਇਸ ਬਾਰੇ ਕੀ ਸੋਚ ਐ।”
“ਅੱਛਾ।”
“ਉਨ੍ਹਾਂ ਦੀਆਂ ਗੱਲਾਂ ਤੋਂ ਮੈਂ ਜਾਣ ਗਿਆ ਕਿ ਉਹ ਆਪਣੇ ਨਾਲ ਸਹਿਮਤ ਨੇ, ਬਈ ਆਪਾਂ ਨੂੰ ਆਸਮਾ ਦੀ ਮਦਦ ਕਰਨੀ ਚਾਹੀਦੀ ਐ; ਬਲਕਿ ਉਨ੍ਹਾਂ ਮੁਤਾਬਕ ਤਾਂ ਇਹ ਬੜਾ ਦੀਨ ਦਾ ਕੰਮ ਐ। ਇਸ ਪਿਛੋਂ ਹੀ ਮੈਂ ਅਗਲੀ ਗੱਲ ਤੋਰੀ।”
“ਫਿਰ?” ਹਾਮਾ ਅਸਲੀ ਗੱਲ ਸੁਣਨ ਨੂੰ ਉਤਾਵਲੀ ਸੀ।
“ਖਾਲਿਦ ਦਾ ਕਹਿਣਾ ਸੀ ਕਿ ਮੁੱਖ ਚੈਕ ਪੁਆਇੰਟ ਰਾਹੀਂ ਲੰਘਾਉਣ ਦਾ ਖਤਰਾ ਤਾਂ ਬਿਲਕੁਲ ਨ੍ਹੀਂ ਲੈਣਾ ਚਾਹੀਦਾ। ਫਿਰ ਕੋਈ ਹੋਰ ਢੰਗ ਲੱਭਣ ਲਈ ਉਸ ਨੇ ਆਪਣੇ ਖਾਸ ਦੋਸਤਾਂ ਨਾਲ ਰਾਬਤਾ ਕੀਤਾ। ਆਖਰ ਇਕ ਰਾਹ ਸੁੱਝਿਆ ਐ ਜੋ ਮੈਨੂੰ ਵੀ ਸਹੀ ਜਾਪਦਾ ਐ।”
“ਉਹ ਕੀ?”
“ਵੇਖੋ, ਸਭ ਤੋਂ ਵੱਡਾ ਕੰਮ ਆਸਮਾ ਨੂੰ ਸ਼ਹਿਰ ‘ਚੋਂ ਬਾਹਰ ਕੱਢਣਾ ਐ। ਉਸ ਪਿਛੋਂ ਚੈਕ ਪੁਆਇੰਟ ਤਾਂ ਅੱਗੇ ਵੀ ਆਉਣਗੇ ਪਰ ਇੰਨੀ ਸਖਤੀ ਕਿਤੇ ਨ੍ਹੀਂ ਹੋਵੇਗੀ। ਸੋ ਤਰੀਕਾ ਇਹ ਲੱਭਿਆ ਕਿ ਇਸ ਨੂੰ ਕਿਸੇ ਕੱਚੇ ਰਸਤੇ ਮੋਸਲ ਸ਼ਹਿਰ ਦੀ ਹੱਦ ‘ਚੋਂ ਬਾਹਰ ਕੱਢਿਆ ਜਾਵੇ।”
“ਕੱਚੇ ਰਸਤੇ?” ਹਾਮਾ ਅਤੇ ਨਾਸਿਰ ਇਕੱਠੇ ਹੀ ਬੋਲੇ। ਮੈਨੂੰ ਵੀ ਹੈਰਾਨੀ ਹੋਈ।
ਰਸੂਲ ਨੇ ਗੱਲ ਅੱਗੇ ਤੋਰੀ, “ਸ਼ਹਿਰ ਦੇ ਲਹਿੰਦੇ ਵਲ ਕਈ ਕੱਚੇ ਰਸਤੇ ਹਨ। ਉਧਰ ਸਖਤੀ ਵੀ ਘੱਟ ਐ।”
“ਪਰ ਕੱਚੇ ਰਸਤੇ ਲੈ ਕੇ ਕਿਵੇਂ ਜਾਵਾਂਗੇ?” ਹਾਮਾ ਦੇ ਮੱਥੇ ‘ਤੇ ਤਿਉੜੀਆਂ ਸਨ।
“ਉਸ ਦਾ ਵੀ ਢੰਗ ਐ। ਉਧਰ ਊਠਾਂ ਦੇ ਵਣਜਾਰੇ ਝੁੰਡਾਂ ‘ਚ ਰਹਿੰਦੇ ਨੇ। ਉਹ ਆਰ-ਪਾਰ ਆਉਂਦੇ-ਜਾਂਦੇ ਰਹਿੰਦੇ ਨੇ। ਇਸ ਕਰਕੇ ਉਨ੍ਹਾਂ ‘ਤੇ ਕੋਈ ਸ਼ੱਕ ਵੀ ਨ੍ਹੀਂ ਕਰਦਾ।”
“ਪਰ…।” ਨਾਸਿਰ ਕੁਝ ਬੋਲਣ ਹੀ ਲੱਗਾ ਸੀ ਕਿ ਰਸੂਲ ਨੇ ਉਸ ਨੂੰ ਵਿਚੇ ਹੀ ਟੋਕ ਦਿਤਾ, “ਵਣਜਾਰਿਆਂ ਦੇ ਮੋਢੀ ਨਾਲ ਖਾਲਿਦ ਨੇ ਰਾਬਤਾ ਕਰ ਲਿਆ ਐ। ਦੋ ਦਿਨਾਂ ਪਿਛੋਂ ਉਨ੍ਹਾਂ ਨੇ ਮੋਸਲ ਤੋਂ ਬਾਹਰ ਕਿਧਰੇ ਆਪਣੀ ਧੀ ਦਾ ਨਿਕਾਹ ਕਰਨ ਜਾਣਾ ਐਂ। ਉਦੋਂ ਉਹ ਇਕੱਠ ‘ਚ ਆਸਮਾ ਨੂੰ ਸ਼ਾਮਲ ਕਰ ਲੈਣਗੇ।”
ਉਸ ਦੀ ਗੱਲ ਸੁਣ ਕੇ ਜਾਪਿਆ, ਮੋਸਲ ਤੋਂ ਨਿਕਲਣ ਦਾ ਇਸ ਤੋਂ ਵਧੀਆ ਢੰਗ ਹੋ ਹੀ ਨਹੀਂ ਸਕਦਾ। ਨਾਸਿਰ ਨੇ ਇਹੀ ਗੱਲ ਜਿੰਜ਼ਾਲ ਨੂੰ ਦੱਸਣ ਲਈ ਫੋਨ ਮਿਲਾ ਲਿਆ। ਉਹ ਪਾਸੇ ਹੋ ਕੇ ਗੱਲ ਕਰਦਾ ਰਿਹਾ ਤੇ ਗੱਲ ਮੁਕਾ ਕੇ ਫੋਨ ਮੈਨੂੰ ਫੜਾ ਦਿੱਤਾ। ਜਿੰਜ਼ਾਲ ਨੇ ਵੀ ਇਸ ਸਕੀਮ ਲਈ ਹਾਮੀ ਭਰੀ।
ਨਾਸਿਰ ਅਗਲੇ ਕੰਮ ਦੀ ਤਿਆਰੀ ਕਰਨ ਲੱਗਾ। ਦੂਜੇ ਦਿਨ ਸ਼ਾਮ ਵੇਲੇ ਤੁਰਨ ਦਾ ਸਮਾਂ ਸੀ। ਕਮਰੇ ‘ਚ ਪਰਿਵਾਰ ਦੇ ਚਾਰੇ ਜੀਅ ਮੇਰੇ ਕੋਲ ਬੈਠੇ ਸਨ। ਰਸੂਲ ਨੇ ਨਾਸਿਰ ਨੂੰ ਅੱਗੇ ਵਾਸਤੇ ਪੂਰੀਆਂ ਹਦਾਇਤਾਂ ਦਿੱਤੀਆਂ। ਹਾਮਾ ਨੇ ਮੇਰਾ ਧੀਆਂ ਵਾਂਗ ਮਾਣ ਕਰਦਿਆਂ ਕੁਝ ਪੈਸੇ ਮੇਰੀ ਮੁੱਠ ‘ਚ ਮੱਲੋ-ਮੱਲੀ ਫੜਾ ਦਿੱਤੇ। ਗਲ ਲੱਗ ਕੇ ਮਿਲੀ। ਇਵੇਂ ਹੀ ਨਾਸੀਰਾਂ ਨੇ ਬਗਲਗੀਰ ਹੁੰਦਿਆਂ ਮੈਨੂੰ ਅਲਵਿਦਾ ਕਹੀ। ਫਿਰ ਮੈਂ ਬੁਰਕਾ ਪਹਿਨਦਿਆਂ ਮੂੰਹ ਸਿਰ ਢਕ ਲਿਆ। ਅਸੀਂ ਪਿਛਲੇ ਦਰਵਾਜੇ ਥਾਣੀਂ ਨਿਕਲੇ। ਨਾਸਿਰ ਮੈਥੋਂ ਕਈ ਕਦਮ ਅੱਗੇ ਚੱਲ ਰਿਹਾ ਸੀ ਤੇ ਮੈਂ ਪਤਨੀ ਵਾਂਗ ਉਸ ਦੇ ਪਿਛੇ-ਪਿਛੇ ਨੀਵੀਂ ਪਾਈ ਜਾ ਰਹੀ ਸਾਂ। ਅੱਗੇ ਮੋੜ ‘ਤੇ ਜਾ ਕੇ ਉਹਨੇ ਪਿਕਅੱਪ ਟਰੱਕ ਰੋਕਿਆ। ਕਿਰਾਏ ਦੀ ਗੱਲਬਾਤ ਮੁਕਾਉਂਦਿਆਂ ਉਸ ‘ਚ ਸਵਾਰ ਹੋ ਗਏ। ਘੰਟੇ ਭਰ ਦੀ ਵਾਟ ਪਿਛੋਂ ਸੁੰਨਸਾਨ ਇਲਾਕੇ ‘ਚ ਉਤਾਰ ਕੇ ਪਿਕਅੱਪ ਟਰੱਕ ਵਾਲਾ ਵਾਪਸ ਮੁੜ ਗਿਆ। ਉਥੋਂ ਤੁਰਦਿਆਂ ਅਸੀਂ ਹਨੇਰਾ ਹੁੰਦੇ ਨੂੰ ਕੱਚੇ ਕੋਠੜਿਆਂ ਕੋਲ ਜਾ ਪਹੁੰਚੇ। ਨਾਸਿਰ ਨੇ ਇਥੋਂ ਦੇ ਮੋਢੀ ਨਾਲ ਪਹਿਲਾਂ ਹੀ ਗੱਲ ਕੀਤੀ ਹੋਈ ਸੀ। ਉਹ ਸਾਨੂੰ ਬਾਹਰ ਹੀ ਆ ਮਿਲਿਆ ਅਤੇ ਅੱਗੇ ਲੈ ਗਿਆ, ਤੇ ਢਾਰੇ ਜਿਹੇ ‘ਚ ਠਹਿਰਾ ਦਿੱਤਾ। ਅਗਲੀ ਸਵੇਰ ਕੁਝ ਜਨਾਨੀਆਂ ਨੇ ਮੇਰਾ ਚਿਹਰਾ ਮੋਹਰਾ ਸਜਾਇਆ। ਉਨ੍ਹਾਂ ਵਰਗੇ ਹੀ ਕੱਪੜੇ ਪਹਿਨਾਏ। ਵੇਖਣ ਨੂੰ ਮੈਂ ਉਨ੍ਹਾਂ ਦੇ ਪਰਿਵਾਰ ਦੀ ਕੁੜੀ ਜਾਪਦੀ ਸਾਂ। ਦਸ ਕੁ ਵਜੇ ਟਰੈਕਟਰ ਟਰਾਲੀ ਆ ਗਈ। ਮੈਂ ਤੇ ਨਾਸਿਰ, ਹੋਰਨਾਂ ਨਾਲ ਸਵਾਰ ਹੋ ਗਏ। ਵੀਹ ਬਾਈ ਜਣੇ, ਔਰਤਾਂ-ਮਰਦਾਂ ਦਾ ਰਲਵਾਂ ਜਿਹਾ ਗਰੁਪ ਵਿਆਹ ਵਾਸਤੇ ਚੱਲ ਪਿਆ। ਮੈਨੂੰ ਕਿਸੇ ਪਰਿਵਾਰਕ ਕੁੜੀ ਦਾ ਸ਼ਨਾਖਤੀ ਕਾਰਡ ਫੜਾ ਦਿੱਤਾ ਗਿਆ ਸੀ। ਅੱਗੇ ਸ਼ਹਿਰ ਦੀ ਹੱਦ ‘ਤੇ ਦੋ ਇਸਲਾਮਕ ਸਟੇਟ ਮਿਲੀਟੈਂਟ ਪਹਿਰਾ ਦੇ ਰਹੇ ਸਨ। ਕੋਲ ਗਏ ਤਾਂ ਉਨ੍ਹਾਂ ਪਰਿਵਾਰ ਦੇ ਮੋਢੀ ਨੂੰ ਪੁੱਛਿਆ ਕਿ ਕੌਣ ਹੋ ਤੇ ਕਿਧਰ ਜਾ ਰਹੇ ਹੋ। ਉਨ੍ਹਾਂ ਸਭ ਦੇ ਕਾਰਡਾਂ ‘ਤੇ ਸਰਸਰੀ ਨਜ਼ਰ ਮਾਰਦਿਆਂ ਅਗਾਂਹ ਲੰਘਾ ਦਿੱਤਾ।
ਪਹਿਲਾ ਮੋਰਚਾ ਫਤਹਿ ਹੋ ਗਿਆ ਸੀ। ਦਿਨ ਛੁਪਦੇ ਤੱਕ ਮੈਂ ਤੇ ਨਾਸਿਰ, ਮੀਨਾ ਤੇ ਖਾਲਿਦ ਹੋਰਾਂ ਕੋਲ ਪਹੁੰਚ ਗਏ। ਮੀਨਾ ਨੇ ਮੇਰੇ ਨਾਲ ਆਪਣੀ ਮਾਂ ਹਾਮਾ ਵਰਗਾ ਵਰਤਾਓ ਕੀਤਾ। ਅਸੀਂ ਮੋਸਲ ਸ਼ਹਿਰ ਦੀ ਹੱਦ ਨਿਕਲ ਆਏ ਸਾਂ। ਇਥੋਂ ਅੱਗੇ ਦੀ ਸਕੀਮ ਬਣਾਉਣੀ ਸੀ। ਅੱਗੇ ਧੁਰ ਕਿਰਕਕ ਤੱਕ ਜਾਣਾ ਸੁਖਾਲਾ ਨਹੀਂ ਸੀ। ਕਈ ਥਾਂਈਂ ਚੈਕ ਪੁਆਇੰਟ ਆਉਣੇ ਸਨ, ਇਸ ਕਰਕੇ ਸ਼ਨਾਖਤੀ ਕਾਰਡ ਜ਼ਰੂਰੀ ਸੀ। ਖਾਲਿਦ ਨੇ ਪਤਾ ਕੀਤਾ ਤਾਂ ਰਾਹ ਇਹ ਨਿਕਲਿਆ ਕਿ ਮੀਨਾ ਦਾ ਸ਼ਨਾਖਤੀ ਕਾਰਡ ਪਹਿਲਾਂ ਗੁਆਚਿਆ ਵਿਖਾਇਆ ਜਾਵੇ। ਫਿਰ ਹੋਰ ਬਣਾਉਣ ਲਈ ਅਰਜ਼ੀ ਦਿੱਤੀ ਜਾਵੇ ਅਤੇ ਮੀਨਾ ਦੀ ਥਾਂ ਫੋਟੋ ਮੇਰੀ ਲਾ ਦਿੱਤੀ ਜਾਵੇ ਅਤੇ ਪਤਾ ਕਿਰਕਕ ਦਾ ਦਿੱਤਾ ਜਾਵੇ। ਜਦੋਂ ਘਰ ਵਾਲਾ ਨਾਲ ਹੋਵੇ ਤਾਂ ਆਮ ਤੌਰ ‘ਤੇ ਕੋਈ ਪਤਨੀ ਦਾ ਚਿਹਰਾ ਨਹੀਂ ਵੇਖਦਾ। ਸੋ, ਇਸ ਕੰਮ ‘ਤੇ ਅਮਲ ਸ਼ੁਰੂ ਹੋ ਗਿਆ। ਇਸ ਦੌਰਾਨ ਇਕ ਦਿਨ ਨਾਸਿਰ ਨੇ ਕਾਫੀ ਪੈਸੇ ਲਿਆ ਕੇ ਮੇਰੇ ਹਵਾਲੇ ਕਰ ਦਿੱਤੇ। ਮੈਂ ਹੈਰਾਨ ਹੋਈ, “ਇਹ ਕੀ?
“ਇਹ ਪੈਸੇ ਤੇਰੇ ਭਰਾ ਨੇ ਭੇਜੇ ਨੇ ਤਾਂ ਕਿ ਜੋ ਤੈਨੂੰ ਇਥੋਂ ਕੱਢਣ ਲਈ ਵਰਤੇ ਜਾ ਸਕਣ।”
“ਤੂੰ ਮੈਨੂੰ ਕਿਉਂ ਫੜਾਉਂਦਾ ਐਂ?”
“ਤੇਰੇ ਭਰਾ ਨੇ ਤੇਰੇ ਲਈ ਭੇਜੇ ਨੇ, ਇਸ ਕਰਕੇ ਇਹ ਤੇਰੀ ਅਮਾਨਤ ਐ।”
ਮੇਰੀਆਂ ਅੱਖਾਂ ਭਰ ਆਈਆਂ। ਉਸ ਦੀ ਸਾਫਗੋਈ ‘ਤੇ ਰਸ਼ਕ ਹੋਇਆ ਪਰ ਨਾਲ ਹੀ ਰੰਜ ਵੀ ਕਿ ਉਸ ਨੇ ਇਉਂ ਬੇਇਤਬਾਰੀ ਜਿਹੀ ਕਿਉਂ ਵਿਖਾਈ। ਅੱਖਾਂ ‘ਚ ਅੱਥਰੂ ਵੇਖ ਕੇ ਉਹ ਬੋਲਿਆ, “ਕੀ ਹੋ ਗਿਆ?”
“ਤੂੰ ਸਮਝਦਾ ਐਂ, ਬਈ ਤੇਰੇ ‘ਤੇ ਇਤਬਾਰ ਨ੍ਹੀਂ।” ਮੇਰਾ ਰੋਣਾ ਵਧ ਗਿਆ। ਸ਼ਾਇਦ ਕਈ ਦਿਨਾਂ ਦਾ ਭਰਿਆ ਮਨ ਡੁੱਲ੍ਹਣ ਲੱਗ ਪਿਆ ਸੀ। ਮੈਂ ਹੁਬਕੀਂ ਰੋਣ ਲੱਗੀ ਤਾਂ ਨਾਸਿਰ ਨੇ ਮੋਢੇ ‘ਤੇ ਹੱਥ ਧਰਿਆ, “ਇਉਂ ਨਾ ਕਰ। ਤੇਰਾ ਇਸ ਤਰ੍ਹਾਂ ਰੋਣਾ ਬਰਦਾਸ਼ਤ ਨ੍ਹੀਂ ਹੁੰਦਾ।”
ਮੈਂ ਫਿਰ ਵੀ ਚੁੱਪ ਨਾ ਹੋਈ ਤਾਂ ਕੁਝ ਅਪਣੱਤ ਵਿਖਾਉਂਦਾ ਬੋਲਿਆ, “ਚੁੱਪ ਕਰ ਭਾਈ।”
“ਤਾਂ ਫਿਰ ਇਉਂ ਕਰ, ਆਹ ਚੁੱਕ ਪੈਸੇ। ਜਿਥੇ ਲੋੜ ਪਵੇ, ਆਪੇ ਖਰਚੀ ਜਾਈਂ।” ਤੇ ਉਸ ਨੇ ਪੈਸੇ ਫੜ ਕੇ ਜੇਬ ‘ਚ ਪਾ ਲਏ।
ਇਕ ਸ਼ਾਮ ਖਾਲਿਦ ਸ਼ਹਿਰੋਂ ਮੁੜਿਆ ਤਾਂ ਖੁਸ਼ ਸੀ। ਉਹ ਸ਼ਨਾਖਤੀ ਕਾਰਡ ਬਣਵਾ ਲਿਆਇਆ। ਮੈਂ ਘੋਖਿਆ ਪੜਤਾਲਿਆ। ਉਸ ‘ਤੇ ਸਿਰਫ ਫੋਟੋ ਹੀ ਮੇਰੀ ਸੀ, ਬਾਕੀ ਸਾਰੀ ਜਾਣਕਾਰੀ ਮੀਨਾ ਦੀ ਸੀ। ਉਸ ਦਾ ਜਨਮ ਸਥਾਨ ਕਿਰਕਕ ਅਤੇ ਪਤਾ ਵੀ ਉਥੇ ਦਾ ਹੀ ਸੀ। ਮੈਂ ਜਨਮ ਤਾਰੀਕ ਵਗੈਰਾ ਦੀ ਸਾਰੀ ਜਾਣਕਾਰੀ ਜ਼ੁਬਾਨੀ ਯਾਦ ਕਰ ਲਈ। ਨਾਸਿਰ ਨੇ ਆਪਣੇ ਅੱਬੂ, ਰਸੂਲ ਨਾਲ ਗੱਲਬਾਤ ਕਰਦਿਆਂ ਅੱਗੇ ਦਾ ਸਫਰ ਉਲੀਕ ਲਿਆ। ਉਸ ਨੇ ਮੇਰੇ ਨਾਲ ਧੁਰ ਕੁਰਦਸਤਾਨ ਦੀ ਰਾਜਧਾਨੀ ਇਰਬਲ ਤੱਕ ਜਾਣਾ ਸੀ। ਜਾਣ ਤੋਂ ਪਹਿਲਾਂ ਮੈਂ ਫੋਨ ‘ਤੇ ਨਾਸਿਰ ਦੇ ਪਰਿਵਾਰ ਨਾਲ ਗੱਲਬਾਤ ਕੀਤੀ। ਰਸੂਲ ਅਤੇ ਹਾਮਾ ਨੇ ਸਾਵਧਾਨੀ ਵਰਤਣ ਦਾ ਕਹਿੰਦਿਆਂ ਸਫਰ ਲਈ ਕਈ ਹੋਰ ਸੁਝਾਅ ਦਿੱਤੇ।
ਅਗਲੇ ਦਿਨ ਸਵੇਰੇ ਘਰੋਂ ਨਿਕਲ ਤੁਰੇ। ਮੈਂ ਸੁੰਨੀ ਮੁਸਲਮਾਨ ਔਰਤਾਂ ਵਾਲਾ ਪਹਿਰਾਵਾ ਪਾ ਕੇ ਉਤੋਂ ਬੁਰਕਾ ਪਾਇਆ ਹੋਇਆ ਸੀ। ਨਾਸਿਰ ਕੁਝ ਕਦਮ ਅੱਗੇ ਸੀ। ਅਸੀਂ ਨੇੜਲੇ ਬੱਸ ਅੱਡੇ ਜਾ ਅੱਪੜੇ। ਇੰਨੇ ਨੂੰ ਟੈਕਸੀ ਰੋਕ ਕੇ ਨਾਸਿਰ ਨੇ ਉਸ ਨੂੰ ਨੇੜਲੇ ਵੱਡੇ ਟੈਕਸੀ ਗੈਰਾਜ ਚੱਲਣ ਨੂੰ ਕਿਹਾ। ਵੀਹ ਕੁ ਮਿੰਟ ‘ਚ ਗੈਰਾਜ ਆ ਗਿਆ। ਇਥੋਂ ਦੂਰ ਦੇ ਸ਼ਹਿਰਾਂ ਨੂੰ ਟੈਕਸੀਆਂ ਜਾਂਦੀਆਂ ਸਨ। ਹਰ ਪਾਸੇ ਮੁਸਾਫਰਾਂ ਦਾ ਜਮਘਟਾ ਸੀ। ਮੈਂ ਇਕ ਪਾਸੇ ਬਹਿ ਗਈ। ਕਹਿਰਾਂ ਦੀ ਗਰਮੀ, ਉਤੋਂ ਭਾਰਾ ਬੁਰਕਾ ਮੇਰੇ ਵੱਟ ਕੱਢ ਰਹੇ ਸਨ। ਫਿਰ ਨਾਸਿਰ ਨੇ ਆਉਣ ਦਾ ਇਸ਼ਾਰਾ ਕੀਤਾ। ਮੈਂ ਤਾਕੀ ਖੋਲ੍ਹ ਕੇ ਕਾਰ ਦੀ ਪਿਛਲੀ ਸੀਟ ‘ਤੇ ਬਹਿ ਗਈ। ਨਾਸਿਰ ਡਰਾਈਵਰ ਦੇ ਬਰਾਬਰ ਵਾਲੀ ਅਗਲੀ ਸੀਟ ‘ਤੇ ਬੈਠਾ।
ਗੈਰਾਜ ‘ਚੋਂ ਬਾਹਰ ਨਿਕਲਦਿਆਂ ਹੀ ਡਰਾਈਵਰ ਨੇ ਇਕ ਪਾਸੇ ਟੈਕਸੀ ਰੋਕੀ, “ਬੜੀ ਗਰਮੀ ਐ। ਕੁਝ ਖਾਣ-ਪੀਣ ਲਈ ਲੈ ਲਈਏ।” ਨਾਸਿਰ ਵੀ ਉਸ ਨਾਲ ਤੁਰ ਗਿਆ। ਦੋਨੋਂ ਜਣੇ ਠੰਢੇ ਪਾਣੀ ਦੀਆਂ ਬੋਤਲਾਂ ਅਤੇ ਕੁਝ ਚਿਪਸ ਵਗੈਰਾ ਲੈ ਆਏ। ਸ਼ਹਿਰੋਂ ਬਾਹਰ ਨਿਕਲਦਿਆਂ ਡਰਾਈਵਰ ਨੇ ਨਾਸਿਰ ਵਲ ਵੇਖ ਕੇ ਗੱਲ ਤੋਰੀ, “ਕਿਰਕਕ ਵਲ ਕਿਵੇਂ ਚੱਲੇ ਓਂ?”
“ਬੀਵੀ ਦੇ ਪੇਕੇ ਨੇ ਉਥੇ।” ਨਾਲ ਹੀ ਨਾਸਿਰ ਨੇ ਪਿੱਛੇ, ਮੇਰੇ ਵਲ ਵੇਖਿਆ। ਮੈਂ ਉਵੇਂ ਬੁਰਕੇ ‘ਚ ਢਕੀ ਮੁੜ੍ਹਕੋ ਮੁੜ੍ਹਕੀ ਹੋਈ ਨੀਵੀਂ ਪਾਈ ਬੈਠੀ ਸਾਂ।
ਡਰਾਈਵਰ ਨੇ ਫਿਰ ਗੱਲ ਤੋਰੀ, “ਤੂੰ ਉਥੇ ਠਹਿਰੇਂਗਾ ਕਿ ਵਾਪਸ ਮੁੜੇਂਗਾ। ਮੇਰਾ ਮਤਲਬ, ਜੇ ਬੀਵੀ ਨੂੰ ਛੱਡਦਿਆਂ ਈ ਮੁੜਨਾ ਐਂ ਤਾਂ ਮੈਂ ਈ ਤੈਨੂੰ ਲਈ ਆਊਂ।”
“ਅਜੇ ਕੁਝ ਕਹਿ ਨ੍ਹੀਂ ਸਕਦੇ। ਜੇ ਮੁੜਨਾ ਹੋਇਆ ਤਾਂ ਦੱਸ ਦਊਂ।”
ਹੁਣ ਸ਼ਹਿਰ ਪਿਛੇ ਰਹਿ ਗਿਆ ਤੇ ਡਰਾਈਵਰ ਨੇ ਟੈਕਸੀ ਤੇਜ਼ ਕਰ ਦਿੱਤੀ। ਇੰਨੇ ਨੂੰ ਸਾਹਮਣੇ ਚੈਕ ਪੁਆਇੰਟ ਦਿਸਣ ਲੱਗਾ। ਵੇਖਦਿਆਂ ਹੀ ਕੰਬਣ ਲੱਗ ਪਈ। ਨਾਸਿਰ ਮੇਰੀ ਕਮਜ਼ੋਰੀ ਤਾੜ ਗਿਆ। ਉਸ ਨੇ ਵਿਚਕਾਰਲੇ ਸ਼ੀਸ਼ੇ ‘ਚੋਂ ਮੇਰੇ ਵਲ ਵੇਖਿਆ। ਸਾਡੀਆਂ ਨਜ਼ਰਾਂ ਮਿਲੀਆਂ ਤਾਂ ਉਸ ਨੇ ਸਿਰ ਹਿਲਾਉਂਦਿਆਂ ਸਹਿਜ ਰਹਿਣ ਦਾ ਇਸ਼ਾਰਾ ਕੀਤਾ। ਮੈਂ ਆਪਣੇ ਆਪ ‘ਤੇ ਕਾਬੂ ਪਾਉਣ ਲੱਗੀ। ਇੰਨੇ ਨੂੰ ਟੈਕਸੀ ਕਤਾਰ ‘ਚ ਜਾ ਲੱਗੀ। ਚਾਰ ਬੂਥ ਸਨ। ਐਵੇਂ ਹੀ ਖਿਆਲ ਆਇਆ ਕਿ ਜੇ ਇਥੋਂ ਭੱਜਣਾ ਹੋਵੇ ਤਾਂ ਕਿਸ ਪਾਸੇ ਜਾਇਆ ਜਾਊ? ਸੱਜੇ ਹੱਥ ਨਜ਼ਰ ਮਾਰੀ। ਦੂਰ ਦੂਰ ਤੱਕ ਰੇਤਲਾ ਇਲਾਕਾ ਸੀ। ਇਵੇਂ ਹੀ ਦੂਜੇ ਪਾਸੇ ਵੀ। ਫਿਰ ਸੋਚਿਆ ਕਿ ਇਥੋਂ ਭੱਜਣਾ ਮੁਸ਼ਕਿਲ ਹੀ ਨਹੀਂ ਸਗੋਂ ਅਸੰਭਵ ਹੈ। ਅਗਲੀ ਕਾਰ ਤੁਰੀ ਤਾਂ ਟੈਕਸੀ ਥੋੜ੍ਹਾ ਜਿਹਾ ਅਗਾਂਹ ਨੂੰ ਰਿਸਕੀ। ਮਨ ਦੀ ਉਥਲ ਪੁਥਲ ਹੋਰ ਤੇਜ਼ ਹੋ ਗਈ। ਡਰਾਈਵਰ ਸਾਹਮਣੇ ਬੂਥ ਵਲ ਵੇਖ ਰਿਹਾ ਸੀ ਤੇ ਨਾਸਿਰ ਵਾਰ-ਵਾਰ ਸ਼ੀਸ਼ੇ ਵਿਚਦੀ ਪਿੱਛੇ ਵੇਖਦਾ, ਮੈਨੂੰ ਨਜ਼ਰਾਂ ਨਾਲ ਹੀ ਸ਼ਾਂਤ ਰਹਿਣ ਦਾ ਕਹਿ ਰਿਹਾ ਸੀ।
ਜਦੋਂ ਸਾਡੀ ਵਾਰੀ ਆਈ ਤਾਂ ਬੂਥ ‘ਚੋਂ ਇਸਲਾਮਕ ਸਟੇਟ ਦਾ ਲੰਬਾ ਚੌੜਾ ਮਿਲੀਟੈਂਟ ਆਇਆ। ਉਸ ਦੀ ਸ਼ਕਲ ਵੇਖ ਕੇ ਹੀ ਮੇਰਾ ਸਾਹ ਸੂਤਿਆ ਗਿਆ। ਮੈਂ ਨੀਵੀਂ ਪਾ ਲਈ। ਮਿਲੀਟੈਂਟ ਨੇ ਟੈਕਸੀ ਦੇ ਦੁਆਲੇ ਗੇੜਾ ਕੱਢਿਆ। ਉਸ ਨੇ ਨਾਸਿਰ ਵਲ ਵੇਖਿਆ ਤੇ ਫਿਰ ਮੇਰੇ ਵਲ ਨਜ਼ਰ ਮਾਰੀ। ਕੋਲ ਪਏ ਮੇਰੇ ਬੈਗ ਵਲ ਬੜੇ ਗਹੁ ਨਾਲ ਝਾਕਦਾ ਨਾਸਿਰ ਨੂੰ ਬੋਲਿਆ, “ਅਸਲਾਮਾ ਅਲੇਕਮ, ਕਿੱਥੇ ਜਾ ਰਹੇ ਓਂ?”
“ਹਾਜੀ, ਅਸੀਂ ਕਿਰਕਕ ਜਾ ਰਹੇ ਆਂ।” ਨਾਸਿਰ ਨੇ ਉਤਰ ਦਿੱਤਾ। ਉਸ ਨੇ ਸ਼ਨਾਖਤੀ ਕਾਰਡ ਮੰਗੇ। ਨਾਸਿਰ ਨੇ ਮੇਰਾ ਅਤੇ ਆਪਣਾ ਕਾਰਡ ਉਸ ਦੇ ਹਵਾਲੇ ਕਰ ਦਿੱਤੇ। ਉਹ ਕਾਰਡ ਲੈ ਕੇ ਵਾਪਸ ਬੂਥ ‘ਚ ਚਲਿਆ ਗਿਆ। ਮੈਂ ਚੋਰ ਨਜ਼ਰਾਂ ਨਾਲ ਵੇਖਿਆ ਕਿ ਕਿਧਰੇ ਮੇਰੀ ਫੋਟੋ ਤਾਂ ਨਹੀਂ ਲੱਗੀ ਹੋਈ ਪਰ ਇਥੇ ਕੋਈ ਬੋਰਡ ਨਹੀਂ ਸੀ। ਥੋੜ੍ਹਾ ਸੰਤੁਸ਼ਟੀ ਤਾਂ ਹੋਈ ਪਰ ਮਿਲੀਟੈਂਟ ਅੰਦਰ ਚਿਰ ਕਿਉਂ ਲਾ ਰਿਹਾ ਸੀ, ਇਸ ਗੱਲ ਨੇ ਪ੍ਰੇਸ਼ਾਨ ਕੀਤਾ ਹੋਇਆ ਸੀ। ਉਹ ਵਾਪਸ ਆਇਆ ਤੇ ਨਾਸਿਰ ਨੂੰ ਬੋਲਿਆ, “ਕਿਰਕਕ, ਕਿਸ ਕੋਲ ਜਾ ਰਹੇ ਓਂ?”
“ਮੇਰੀ ਬੀਵੀ ਦੇ ਮਾਪੇ ਉਥੇ ਰਹਿੰਦੇ ਨੇ, ਉਨ੍ਹਾਂ ਕੋਲ ਚੱਲੇ ਆਂ।”
“ਕਿੰਨੀ ਦੇਰ ਲਈ ਜਾ ਰਹੇ ਓਂ?”
“ਬੀਵੀ ਹਫਤਾ ਭਰ ਰੁਕੇਗੀ ਪਰ ਮੈਂ ਇਸ ਨੂੰ ਛੱਡ ਕੇ ਅੱਜ ਈ ਮੁੜ ਆਵਾਂਗਾ।”
ਮਿਲੀਟੈਂਟ ਅਜੇ ਵੀ ਸ਼ਸ਼ੋਪੰਜ ਵਿਚ ਸੀ। ਉਹ ਕਦੇ ਸ਼ਨਾਖਤੀ ਕਾਰਡ ਵਲ ਵੇਖਣ ਲੱਗਦਾ ਸੀ ਤੇ ਕਦੇ ਨਾਸਿਰ ਵਲ। ਨਾਸਿਰ ਬੜਾ ਸ਼ਾਂਤ ਸੀ। ਆਖਰ ਮਿਲੀਟੈਂਟ ਨੇ ਫਿਰ ਟੈਕਸੀ ਦੁਆਲੇ ਗੇੜਾ ਕੱਢਿਆ ਤੇ ਮੇਰੇ ਸ਼ੀਸ਼ੇ ਕੋਲ ਆ ਖੜੋਤਾ। ਮੈਂ ਸਿਰ ਹੋਰ ਨੀਵਾਂ ਕਰ ਲਿਆ। ਉਦੋਂ ਹੀ ਉਸ ਦੀ ਆਵਾਜ਼ ਆਈ, “ਕੌਣ ਐਂ ਬੀਬੀ ਤੂੰ?”
“ਮੈਂ ਨਾਸਿਰ ਦੀ ਬੀਵੀ ਆਂ, ਮੀਨਾ।” ਮੈਂ ਸਹਿਜ ਰਹਿਣ ਦੀ ਕੋਸ਼ਿਸ਼ ਕੀਤੀ ਪਰ ਆਵਾਜ਼ ਫਿਰ ਵੀ ਕੰਬ ਗਈ ਸੀ। ਉਸ ਨੇ ਅਗਲਾ ਸੁਆਲ ਉਹੀ ਪੁੱਛਿਆ ਜੋ ਨਾਸਿਰ ਨੂੰ ਪੁੱਛਿਆ ਸੀ। ਮੇਰੇ ਬਾਪ ਦਾ ਨਾਂ ਪੁੱਛਿਆ। ਜੋ ਸ਼ਨਾਖਤੀ ਕਾਰਡ ‘ਤੇ ਲਿਖਿਆ ਸੀ, ਮੈਂ ਬੋਲ ਦਿੱਤਾ। ਉਹ ਡਰਾਈਵਰ ਵਲ ਗਿਆ। ਉਸ ਨੂੰ ਨਾਂ ਵਗੈਰਾ ਪੁੱਛਿਆ। ਹੋਰ ਜੋ ਪੁੱਛਿਆ, ਉਹ ਫਟਾ-ਫਟ ਦੱਸੀ ਗਿਆ। ਫਿਰ ਮਿਲੀਟੈਂਟ ਨੇ ਉਸ ਨੂੰ ਪੁੱਛਿਆ, “ਕੰਮ ਕਿਥੇ ਕਰਦਾ ਐਂ?”
“ਮਾਲਕੋ, ਜਿਥੇ ਕਿਤੇ ਸਵਾਰੀ ਮਿਲ ਜਾਵੇ, ਕੰਮ ਉਥੇ ਈ ਸ਼ੁਰੂ ਹੋ ਜਾਂਦਾ। ਇਹੀ ਤਾਂ ਟੈਕਸੀ ਦਾ ਫਾਇਦਾ।” ਉਹ ਹੱਸਿਆ। ਮਿਲੀਟੈਂਟ ਵੀ ਹੱਸ ਪਿਆ ਤਾਂ ਸਾਹ ਜ਼ਰਾ ਸੌਖਾ ਆਉਣ ਲੱਗਾ। ਸਾਡੇ ਸ਼ਨਾਖਤੀ ਕਾਰਡ ਵਾਪਸ ਦਿੰਦਿਆਂ ਉਸ ਨੇ ਅੱਗੇ ਤੁਰਨ ਦਾ ਇਸ਼ਾਰਾ ਕੀਤਾ ਤਾਂ ਜਾਨ ‘ਚ ਜਾਨ ਆਈ। ਇਥੋਂ ਨਿਕਲਦਿਆਂ ਹੀ ਡਰਾਈਵਰ ਨੇ ਟੈਕਸੀ ਤੇਜ਼ ਕਰ ਦਿੱਤੀ। ਅੱਗੇ ਵੱਡਾ ਪੁਲ ਆ ਗਿਆ। ਟੈਕਸੀ ਠਾਠਾਂ ਮਾਰਦਾ ਲੰਬਾ ਚੌੜਾ ਟਿਗਰਿਸ ਦਰਿਆ ਪਾਰ ਕਰ ਗਈ। ਇਸਲਾਮਕ ਸਟੇਟ ਵਾਲਿਆਂ ਦੇ ਗੜ੍ਹ ਵਾਲਾ ਇਲਾਕਾ ਪਿੱਛੇ ਰਹਿ ਗਿਆ ਸੀ। ਅੱਗੇ ਉਨ੍ਹਾਂ ਦੀ ਘੱਟ ਪਕੜ ਵਾਲੇ ਇਲਾਕੇ ਆ ਰਹੇ ਸਨ। ਮੇਰਾ ਖਤਰਾ ਘਟ ਰਿਹਾ ਸੀ ਪਰ ਹੁਣ ਨਾਸਿਰ ਲਈ ਖਤਰਾ ਵਧ ਰਿਹਾ ਸੀ। ਇਸਲਾਮਕ ਸਟੇਟ ਵਾਲਿਆਂ ਦੀ ਰਾਜਧਾਨੀ ਮੋਸਲ ਦਾ ਰਹਿਣ ਵਾਲਾ ਬੰਦਾ ਕਿਰਕਕ ਕੀ ਕਰਨ ਜਾ ਰਿਹਾ ਸੀ? ਆਤਮਘਾਤੀ ਬਣੇ ਅਤਿਵਾਦੀ ਕੁਰਦਸਤਾਨ ਜਾਂ ਇਰਾਕ ਦੇ ਦੂਜੇ ਇਲਾਕਿਆਂ ‘ਚ ਦਾਖਲ ਹੋ ਕੇ ਬੰਬ ਧਮਾਕੇ ਕਰਦੇ ਸਨ। ਸੋ, ਇਸ ਪਾਸੇ ਆਉਣ ਵਾਲਿਆਂ ਨੂੰ ਸਭ ਤੋਂ ਵੱਧ ਸੁਆਲ ਕੀਤੇ ਜਾਂਦੇ ਸਨ। ਅੱਗੇ ਚੈਕ ਪੁਆਇੰਟ ਆ ਗਿਆ। ਕੋਈ ਬਹੁਤੀ ਪੁੱਛ-ਗਿੱਛ ਨਾ ਹੋਈ। ਉਹੀ ਪਹਿਲਾਂ ਵਾਲੇ ਸਾਧਾਰਨ ਸੁਆਲ। ਅਚਾਨਕ ਮੇਰੇ ਮਿਹਦੇ ਅੰਦਰ ਗੈਸ ਭਰੀ ਅਤੇ ਮੈਂ ਊ ਊ ਜਿਹੀ ਕੀਤੀ। ਨਾਸਿਰ ਛੇਤੀ ਦੇਣੇ ਡਰਾਈਵਰ ਨੂੰ ਬੋਲਿਆ, “ਰੋਕ ਰੋਕ, ਟੈਕਸੀ ਰੋਕ ਕੇ ਇਕ ਪਾਸੇ ਲਾ।”
“ਕੀ ਹੋਇਆ?”
“ਲੱਗਦੈ ਬੀਵੀ ਨੂੰ ਉਲਟੀ ਆ ਰਹੀ ਐ।” ਡਰਾਈਵਰ ਨੇ ਟੈਕਸੀ ਸੜਕ ਤੋਂ ਲਾਹ ਕੇ ਪਾਸੇ ਲਾ ਦਿੱਤੀ। ਨਾਲ ਹੀ ਜਾਚਨਾ ਜਿਹਾ ਕਰਦਾ ਬੋਲਿਆ, “ਉਹ ਬੀਬੀ ਜਾਹ ਬਾਹਰ, ਕਿਤੇ ਅੰਦਰੇ ਈ ਸੀਟਾਂ ਨਾ ਭਰ ਦਈਂ। ਮੁੜ ਕੇ ਮੁਸ਼ਕ ਨ੍ਹੀਂ ਜਾਣਾ।”
ਮੈਂ ਬਾਹਰ ਸੜਕ ਕਿਨਾਰੇ ਜਾ ਬੈਠੀ। ਸਵੇਰ ਦਾ ਖਾਧਾ ਪੀਤਾ ਸਭ ਨਿਕਲ ਗਿਆ। ਕਾਫੀ ਦੇਰ ਮੈਥੋਂ ਉਠਿਆ ਨਾ ਗਿਆ। ਪਤਾ ਉਦੋਂ ਹੀ ਲੱਗਾ, ਜਦੋਂ ਇਸਲਾਮਕ ਸਟੇਟ ਪੁਲਿਸ ਦੀ ਕਾਰ ਕੋਲ ਆਣ ਰੁਕੀ। ਉਨ੍ਹਾਂ ਦੂਰੋਂ ਹੀ ਬੰਦੂਕਾਂ ਸਿੱਧੀਆਂ ਕਰ ਲਈਆਂ। ਸ਼ਾਇਦ ਸ਼ੱਕ ਹੋਇਆ ਹੋਵੇਗਾ ਕਿ ਇਹ ਔਰਤ ਆਦਮੀ ਸੜਕ ਕਿਨਾਰੇ ਬੈਠੇ ਕੀ ਕਰ ਰਹੇ ਹਨ। ਇਕ ਮਿਲੀਟੈਂਟ ਦੂਰੋਂ ਹੀ ਬੋਲਿਆ, “ਕੌਣ ਓਂ? ਇਥੇ ਕੀ ਕਰ ਰਹੇ ਓਂ?”
ਨਾਸਿਰ ਉਨ੍ਹਾਂ ਵਲ ਮੂੰਹ ਕਰਕੇ ਆਜਜ਼ੀ ਜਿਹੀ ‘ਚ ਬੋਲਿਆ, “ਹਾਜੀ, ਇਧਰ ਜਾ ਰਹੇ ਆਂ, ਬੀਵੀ ਦੀ ਸਿਹਤ ਠੀਕ ਨ੍ਹੀਂ। ਉਲਟੀ ਆ ਰਹੀ ਐ।”
ਉਨ੍ਹਾਂ ਬੰਦੂਕਾਂ ਤਾਂ ਹਟਾ ਲਈਆਂ ਪਰ ਚੈਕ ਪੁਆਇੰਟਾਂ ‘ਤੇ ਪੁੱਛੇ ਗਏ ਸੁਆਲ ਪੁੱਛਣ ਲੱਗੇ। ਇੰਨੇ ਨੂੰ ਮੈਂ ਖੜ੍ਹੀ ਹੋ ਗਈ ਤੇ ਕਾਰ ਵਲ ਨਾਸਿਰ ਕੋਲ ਜਾ ਖੜੋਤੀ। ਉਨ੍ਹਾਂ ਦੀ ਵੀ ਸ਼ਾਇਦ ਤਸੱਲੀ ਹੋ ਗਈ ਸੀ।
“ਜਾਉ ਹੁਣ, ਇਉਂ ਸੜਕ ਕਿਨਾਰੇ ਬੈਠਣਾ ਠੀਕ ਨ੍ਹੀਂ।” ਉਹ ਆਪਣੀ ਕਾਰ ‘ਚ ਜਾ ਬੈਠੇ ਤੇ ਅਸੀਂ ਆਪਣੀ ਵਿਚ। ਖਿਆਲ ਆਇਆ, ਇਸਲਾਮਕ ਸਟੇਟ ਵਾਲਿਆਂ ਦਾ ਖਤਰਾ ਘਟਣ ਵਾਲੀ ਗੱਲ ਸਹੀ ਨਹੀਂ। ਇਹ ਤਾਂ ਕਿਤੇ ਵੀ ਫੜ ਸਕਦੇ ਹਨ। ਮੈਨੂੰ ਗੁਆਚੀ ਜਿਹੀ ਵੇਖ ਕੇ ਨਾਸਿਰ ਨੇ ਸ਼ੀਸ਼ੇ ਵਿਚੋਂ ਦੀ ਸਿਰ ਹਿਲਾਉਂਦਿਆਂ ਤਸੱਲੀ ਦਿੱਤੀ ਤੇ ਨਾਲ ਹੀ ਮੁਸਕਰਾਇਆ। ਮੇਰਾ ਮਨ ਵੀ ਥੋੜ੍ਹਾ ਹਲਕਾ ਹੋ ਗਿਆ।
ਇੰਨੇ ਨੂੰ ਕੋਈ ਕਸਬਾ ਆ ਗਿਆ। ਟੈਕਸੀ ਵਾਲੇ ਨੇ ਸ਼ਾਇਦ ਕੁਝ ਖਾਣਾ ਪੀਣਾ ਸੀ, ਸਾਨੂੰ ਵੀ ਭੁੱਖ ਲੱਗੀ ਹੋਈ ਸੀ। ਉਸ ਨੇ ਇਕ ਰੈਸਟੋਰੈਂਟ ‘ਤੇ ਟੈਕਸੀ ਰੋਕੀ। ਬਾਹਰ ਨਿਕਲੇ ਤਾਂ ਬਲਾ ਫਿਰ ਸਾਹਮਣੇ ਸੀ। ਇਕ ਪਾਸੇ ਤਿੰਨ ਚਾਰ ਮਿਲੀਟੈਂਟ ਖੜ੍ਹੇ ਸਨ। ਉਨ੍ਹਾਂ ਦਾ ਕੰਮ ਭਾਵੇਂ ਕੁਝ ਹੋਰ ਸੀ ਪਰ ਮੈਨੂੰ ਇਹ ਸੀ ਕਿ ਕਿਧਰੇ ਮੈਨੂੰ ਹੀ ਨਾ ਫੜ ਲੈਣ। ਡਰਦੀ-ਡਰਦੀ ਨਾਸਿਰ ਦੇ ਮਗਰ ਤੁਰੀ ਗਈ। ਅੰਦਰ ਜਾ ਕੇ ਔਰਤਾਂ ਵਾਲੇ ਪਾਸੇ ਬੈਠਣ ‘ਤੇ ਵੀ ਮੈਂ ਬੁਰਕਾ ਪਰ੍ਹੇ ਨਾ ਹਟਾਇਆ। ਜੋ ਵੀ ਖਾਣਾ ਸੀ, ਨੀਵੀਂ ਪਾਈ ਬੈਠੀ ਨੇ ਹੀ ਖਾ ਲਿਆ। ਅੱਧੇ ਘੰਟੇ ਪਿਛੋਂ ਫਿਰ ਤੁਰ ਪਏ। ਅੱਗੇ ਇਸਲਾਮਕ ਸਟੇਟ ਵਾਲਿਆਂ ਦਾ ਛੋਟਾ ਜਿਹਾ ਚੈਕ ਪੁਆਇੰਟ ਆਇਆ, ਇਸ ਪਿੱਛੋਂ ਸ਼ਾਇਦ ਉਨ੍ਹਾਂ ਦਾ ਇਲਾਕਾ ਖਤਮ ਹੋ ਗਿਆ। ਅਗਾਂਹ ਤਿੰਨ ਕੋਣੀ ਸੜਕ ਸੀ। ਸੱਜੇ ਹੱਥ ਮੁੜਨ ਵਾਲੀ ਸੜਕ ‘ਤੇ ਕਿਰਕਕ ਦਾ ਸਾਈਨ ਸੀ ਪਰ ਮੁੜਨ ਸਾਰ ਹੀ ਡਰਾਈਵਰ ਨੇ ਟੈਕਸੀ ਰੋਕ ਦਿਤੀ। ਸਾਹਮਣੇ ਵੱਡਾ ਚੈਕ ਪੁਆਇੰਟ ਸੀ। ਅੱਗੇ ਕੁਰਦਸਤਾਨ ਦੀ ਹੱਦ ਸ਼ੁਰੂ ਹੋ ਜਾਂਦੀ ਸੀ। ਇਸ ਕਰਕੇ ਇਹ ਚੈਕ ਪੁਆਇੰਟ ਪੇਸ਼ਮਰਗਾ ਯਾਨਿ ਕੁਰਦਸਤਾਨ ਅਥਾਰਟੀ ਵਾਲਿਆਂ ਦਾ ਸੀ। ਡਰਾਈਵਰ ਨੇ ਕਿਹਾ ਕਿ ਉਸ ਦੀ ਟੈਕਸੀ ਮੋਸਲ ਦੀ ਹੈ, ਇਸ ਕਰਕੇ ਉਸ ਨੂੰ ਅੱਗੇ ਨਹੀਂ ਜਾਣ ਦੇਣਗੇ। ਉਸ ਨੇ ਇਥੋਂ ਹੀ ਮੁੜਨਾ ਸੀ। ਅਸੀਂ ਬੈਗ ਚੁੱਕੇ ਤੇ ਨਾਸਿਰ ਨੇ ਕਿਰਾਇਆ ਚੁਕਤਾ ਕਰਕੇ ਡਰਾਇਵਰ ਨਾਲ ਹੱਥ ਮਿਲਾਉਂਦਿਆਂ ਅਲਵਿਦਾ ਕਹੀ।
(ਚਲਦਾ)