ਉਹ ਦਿਨ, ਉਹ ਜ਼ਮਾਨੇ

ਵਾਸਦੇਵ ਸਿੰਘ ਪਰਹਾਰ
ਫੋਨ: 206-434-1155
ਮੇਰਾ ਬਚਪਨ ਦਾ ਸਮਾਂ ਪਿੰਡਾਂ ਵਿਚ ਬਿਜਲੀ ਅਤੇ ਮੋਟਰ ਕਾਰਾਂ ਦੇ ਆਉਣ ਤੋਂ ਪਹਿਲਾਂ ਦਾ ਸੀ। ਸਾਡੇ ਪਿੰਡਾਂ ਵਿਚ ਬਿਜਲੀ 1967 ਵਿਚ ਆਈ। ਉਸ ਤੋਂ ਪਹਿਲਾਂ ਤਾਂ ਆਪਾਂ ਲਾਲਟੈਣਾਂ ਅਤੇ ਦੀਵਿਆਂ ਨਾਲ ਹੀ ਗੁਜ਼ਾਰਾ ਕਰਦੇ ਰਹੇ, ਪਰ ਹੁਣ ਦੇ ਬੱਚੇ ਜੇ ਬਿਜਲੀ ਚਲੀ ਜਾਵੇ ਤਾਂ ਤੜਫ ਉਠਦੇ ਹਨ, ਖਾਸ ਕਰ ਗਰਮੀਆਂ ਦੇ ਦਿਨਾਂ ਵਿਚ। ਸਾਡੇ ਵੇਲੇ ਗਰਮੀਆਂ ਵਿਚ ਸਭ ਦੇ ਮੰਜੇ ਕੋਠਿਆਂ ‘ਤੇ ਹੁੰਦੇ। ਪਿੰਡਾਂ ਦੇ ਘਰ ਵੀ ਨਾਲ-ਨਾਲ ਹੀ ਹੁੰਦੇ ਤੇ ਇਕ ਕੋਠੇ ਤੋਂ ਦੂਜੇ ਕੋਠੇ ‘ਤੇ ਛਾਲ ਮਾਰ ਕੇ ਟੱਪ ਜਾਂਦੇ, ਇਉਂ ਪਿੰਡ ਦੇ ਦੂਜੇ ਪਾਸੇ ਤਕ ਪਹੁੰਚਿਆ ਜਾ ਸਕਦਾ ਸੀ।

ਕੋਠਿਆਂ ‘ਤੇ ਸੌਣ ਵੇਲੇ ਦੋ-ਚਾਰ ਲਾਗੇ ਦੇ ਘਰਾਂ ਦੇ ਬੱਚੇ ਬਾਤਾਂ ਪਾਉਣ ਜਾਂ ਸੁਣਨ ਲਈ ਇਕੱਠੇ ਹੋ ਜਾਂਦੇ। ਕੋਈ ਨਵਾਂ ਆਇਆ ਪ੍ਰਾਹੁਣਾ ਨਵੀਆਂ ਬਾਤਾਂ ਨਾਲ ਲੈ ਕੇ ਆਉਂਦਾ ਤਾਂ ਬੱਚਿਆਂ ਨੂੰ ਉਹ ਬਹੁਤ ਚੰਗੀਆਂ ਲਗਦੀਆਂ। ਬਾਤਾਂ ਵੀ ਉਹ ਅਜਿਹੀਆਂ ਹੁੰਦੀਆਂ ਕਿ ਮੁੱਕਦੀਆਂ ਹੀ ਨਾ, ਜਿਵੇਂ ਤੋਤਾ-ਮੈਨਾ ਦੀ ਬਾਤ ਤੋਂ ਅੱਗੇ ਬਾਤ ਚਲਦੀ ਰਹਿੰਦੀ ਹੈ।
ਹੁਣ ਤਾਂ ਦੁਪਹਿਰ ਵੇਲੇ ਬਿਜਲੀ ਦੇ ਪੱਖੇ ਤੋਂ ਬਿਨਾ ਇਕ ਮਿੰਟ ਵੀ ਸਾਹ ਲੈਣਾ ਔਖਾ ਹੈ। ਸਾਡੇ ਬਚਪਨ ਵਿਚ ਜਦ ਬਿਜਲੀ ਹੀ ਨਹੀਂ ਸੀ ਤਾਂ ਜੇਠ ਹਾੜ੍ਹ ਦੇ ਦੁਪਹਿਰੇ ਲੋਕੀਂ ਦਰੱਖਤਾਂ ਦੀ ਛਾਂਵੇਂ ਬੈਠ ਕੇ ਗੁਜ਼ਾਰਦੇ। ਪਿੰਡ ਦੀਆਂ ਸੱਥਾਂ ਵਿਚ ਪਿੱਪਲ ਜਾਂ ਬੋਹੜ ਦੇ ਦਰੱਖਤ ਆਮ ਹੁੰਦੇ ਸਨ। ਤਾਸ਼, ਬਾਰਾਂ ਟਾਹਣੀ, ਚੌਸਰ ਆਦਿ ਖੇਡਣ ਵਾਲਿਆਂ ਦੀਆਂ ਵੱਖ-ਵੱਖ ਢਾਣੀਆਂ ਲੱਗੀਆਂ ਹੁੰਦੀਆਂ। ਪਿੰਡ ਦੀ ਨਿਆਈਂ ਵਿਚ ਬਹੁਤ ਪੁਰਾਣੀ ਟਾਹਲੀ (ਦਰੱਖਤ) ਸੀ, ਜਿਸ ਦੀਆਂ ਟਾਹਣੀਆਂ ਹੇਠਾਂ ਧਰਤੀ ਵੱਲ ਝੁਕੀਆਂ ਹੋਈਆਂ ਸਨ। ਬੱਚੇ ਟਾਹਣੀ ਫੜ ਕੇ ਉਪਰ ਚੜ੍ਹ ਜਾਂਦੇ ਅਤੇ ਦੂਜੇ ਪਾਸੇ ਉਤਰ ਜਾਂਦੇ। ਇਹ ਸਾਡੀ ਛੂਹਾ-ਛੂਹਾਈ ਦੀ ਖੇਡ ਸੀ। ਇਕ ਬੱਚੇ ਨੇ ਛੂਹਣਾ ਹੁੰਦਾ ਤਾਂ ਪਹਿਲਾਂ ਉਸ ਨੂੰ ਕੁਝ ਦੂਰ ਖੜ੍ਹਾ ਦਿੰਦੇ ਤੇ ਬਾਕੀਆਂ ਵਿਚੋਂ ਇਕ ਜਣਾ ‘ਆ ਜਾ ਛੂਹ ਲੈ’ ਆਖਦਾ। ਜਦ ਨੂੰ ਸਾਰੇ ਟਾਹਲੀ ‘ਤੇ ਚੜ੍ਹ ਜਾਂਦੇ। ਛੂਹਣ ਵਾਲਾ ਮੁੰਡਾ ਵੀ ਦੌੜ ਜਾਂਦਾ। ਇਸ ਟਾਹਲੀ ਨੂੰ ਬੁੱਘੋ ਦੀ ਟਾਹਲੀ ਕਹਿੰਦੇ ਸੀ। ਇਸ ਦੇ ਦੁਆਲੇ ਦੋ ਕੁ ਕਨਾਲ ਜਮੀਨ ਖਾਲੀ ਛੱਡੀ ਹੋਈ ਸੀ।
ਸਾਡੇ ਹੀ ਟੱਬਰ ਦਾ ਜੀਅ ਮਹਿੰਦਰ ਸਿੰਘ, ਜਿਸ ਦਾ ਛੋਟੇ ਹੁੰਦੇ ਦਾ ਨਾਂ ਬੁੱਘਾ ਸੀ, ਬਰਮਾ ਚਲੇ ਗਿਆ ਸੀ। ਉਸ ਨੇ ਉਧਰ ਹੀ ਕਿਸੇ ਬਰਮੀ ਤੀਵੀਂ ਨਾਲ ਵਿਆਹ ਕਰਵਾ ਲਿਆ। ਇਕ ਵਾਰ ਉਹ ਪਿੰਡ ਆਇਆ ਤਾਂ ਬਹੁਤ ਵੱਡੀ ਕੋਠੀ ਬਣਵਾ ਗਿਆ ਜਿਸ ਦਾ ਨਕਸ਼ਾ ਉਸ ਸਮੇਂ ਦੇ ਸਰਕਾਰੀ ਰੈਸਟ ਹਾਊਸ ਵਰਗਾ ਸੀ। ਇਹ ਕੋਠੀ ਖਾਲੀ ਹੀ ਪਈ ਸੀ। ਪਿੰਡ ਦਾ ਇਹ ਜੰਜ ਘਰ ਸੀ। ਗਰਮੀਆਂ ਨੂੰ ਇਸ ਦੇ ਵਰਾਂਡਿਆਂ ਵਿਚ ਤਾਸ਼ ਅਤੇ ਹੋਰ ਖੇਡਾਂ ਦੀਆਂ ਕਈ ਢਾਣੀਆਂ ਦੁਪਹਿਰ ਦਾ ਸਮਾਂ ਬੜੇ ਅਨੰਦ ਵਿਚ ਬਿਤਾਉਂਦੇ। ਬੁੱਘਾ ਮੁੜ ਕੇ ਪਿੰਡ ਨਾ ਆਇਆ ਅਤੇ ਉਸ ਦੀ ਜਮੀਨ ਭਤੀਜਿਆਂ ਨੇ ਵੰਡ ਲਈ। 1959 ਵਿਚ ਮੁਰੱਬੇਬੰਦੀ ਹੋਣ ‘ਤੇ ਟਾਹਲੀ ਵਾਲੀ ਥਾਂ ਕਿਸੇ ਹੋਰ ਨੂੰ ਮਿਲ ਗਈ ਤਾਂ ਮਾਲਕਾਂ ਨੇ ਟਾਹਲੀ ਵਢਾ ਕੇ ਵੇਚ ਦਿੱਤੀ।
ਬਿੱਲਿਆਂ ਦੀ ਪੱਤੀ ਵਾਲੇ ਪਾਸੇ ਸੈਣੀਆਂ ਦਾ ਪਿੱਪਲ ਸੀ, ਜੋ ਬੇ-ਅਬਾਦ ਟੋਇਆਂ ਵਿਚ ਸੀ। ਇਸ ਦੇ ਆਲੇ-ਦੁਆਲੇ ਨੜੇ ਹੀ ਹੁੰਦੇ ਸਨ। ਕੋਈ ਉਧਰ ਨੂੰ ਨਾ ਜਾਂਦਾ, ਕਿਉਂਕਿ ਇਹ ‘ਸਗਤਾ’ ਕਰਕੇ ਮਸ਼ਹੂਰ ਸੀ ਤੇ ਕਈਆਂ ਨੇ ਇਸ ‘ਤੇ ਸਰਾਲ੍ਹ ਕਈ ਵਾਰ ਵੇਖੀ ਸੀ। ਸੈਣੀਆਂ ਦਾ ਸੋਹਣੀ ਪੂਰਾ ਇੱਲਤੀ ਸੀ। ਇਕ ਵਾਰ ਸਾਨੂੰ ਆਖਣ ਲੱਗਾ, ਪਿੱਪਲ ਦੀ ਖੋੜ ਵਿਚ ਤੋਤੇ ਦੇ ਬੱਚੇ ਹਨ, ਚਲੋ ਆਪਾਂ ਫੜੀਏ। ਸਾਡੇ ‘ਚੋਂ ਸੁਰੈਣਾ ਜ਼ਰਾ ਵੱਡਾ ਸੀ। ਉਹ ਪਿੱਪਲ ‘ਤੇ ਚੜ੍ਹਿਆ ਹੀ ਸੀ ਕਿ ਚੀਕ ਮਾਰ ਕੇ ਹੇਠਾਂ ਛਾਲ ਮਾਰ ਕੇ ਦੌੜ ਗਿਆ ਤੇ ਆਖੇ, ‘ਸਰਾਲ੍ਹ ਉਏ, ਸਰਾਲ੍ਹ ਉਏ, ਦੌੜ ਜਾਓ।’ ਅਸੀਂ ਸਾਰੇ ਦੌੜ ਕੇ ਸੈਣੀਆਂ ਦੇ ਘਰ ਆ ਕੇ ਸਾਹ ਲਿਆ।
ਸੋਹਣੀ ਦੀ ਮਾਂ ਜੁਆਲੀ ਵੀ ਮੇਰੇ ਨਾਨਕਿਆਂ ਦੇ ਪਿੰਡ ਭੁੰਗਰਨੀ ਦੀ ਸੀ, ਇਸ ਲਈ ਮੇਰੀ ਮਾਂ ਨਾਲ ਭੈਣਾਂ ਵਾਂਗ ਵਰਤਦੀ ਸੀ। ਉਸ ਨੇ ਮੇਰੀ ਮਾਂ ਨੂੰ ਦੱਸ ਦਿਤਾ ਕਿ ਤੇਰਾ ਮੁੰਡਾ ਵੀ ਸਗਤੇ ਪਿੱਪਲ ‘ਤੇ ਗਿਆ ਸੀ। ਉਸ ਨੇ ਆਪਣੇ ਕੋਲੋਂ ਹੀ ਗੱਲ ਵਧਾ ਲਈ; ਅਖੇ, ਸਰਾਲ੍ਹ ਮੁੰਡਿਆਂ ਦੇ ਮਗਰ ਸਾਡੇ ਘਰਾਂ ਤਕ ਆਈ। ਘਰ ਆਏ ‘ਤੇ ਮੈਨੂੰ ਖੂਬ ਕੁਟਾਪਾ ਚਾੜ੍ਹਿਆ। ਤਾਇਆ ਜੀ ਨੇ ਹੁਕਮ ਕਰ ਦਿੱਤਾ ਕਿ ਸਕੂਲੋਂ ਆਉਣ ਪਿਛੋਂ ਇਸ ਨੂੰ ਘਰੋਂ ਬਾਹਰ ਜਾਣ ਹੀ ਨਾ ਦਿਉ। ਦੋ ਕੁ ਦਿਨਾਂ ਪਿਛੋਂ ਤਾਇਆ ਜੀ ਆਪਣੇ ਨਾਲ ਮੈਨੂੰ ਬੁੱਘੇ ਦੀ ਕੋਠੀ ਲੈ ਜਾਂਦੇ, ਜਿਥੇ ਵਰਾਂਡਿਆਂ ਵਿਚ ਉਹ ਆਪ ਤਾਸ਼ ਖੇਡਿਆ ਕਰਦੇ ਸੀ। ਮੈਨੂੰ ਆਖ ਦਿੰਦੇ, “ਇਥੇ ਹੀ ਰਹਿਣਾ, ਹੋਰ ਕਿਤੇ ਨਹੀਂ ਜਾਣਾ।” ਹੌਲੀ-ਹੌਲੀ ਇਹ ਪਾਬੰਦੀ ਆਪੇ ਹੀ ਹਟ ਗਈ।
ਉਨ੍ਹਾਂ ਦਿਨਾਂ ਵਿਚ ਤੀਵੀਆਂ ਟੂਣੇ ਬਹੁਤ ਕਰਦੀਆਂ ਸਨ। ਚੌਰਸਤਿਆਂ ਵਿਚ ਕਈ ਵਾਰੀ ਕਈ ਤਰ੍ਹਾਂ ਦੀਆਂ ਖਾਣ ਵਾਲੀਆਂ ਚੀਜ਼ਾਂ ਟੂਣਾ ਕਰਕੇ ਰੱਖਦੀਆਂ ਹੁੰਦੀਆਂ। ਪਾਣੀ ਵੀ ਡੁੱਲ੍ਹਿਆ ਹੁੰਦਾ। ਸ਼ਾਇਦ ਤੀਵੀਆਂ ਨਹਾਉਂਦੀਆਂ ਸਨ। ਜਿਨ੍ਹਾਂ ਦੇ ਔਲਾਦ ਨਾ ਹੁੰਦੀ, ਉਹ ਤਾਂ ਸਾਧਾਂ ਦੇ ਡੇਰਿਆਂ ‘ਤੇ ਜਾਣਾ ਹੀ ਔਲਾਦ ਪ੍ਰਾਪਤੀ ਦਾ ਸੌਖਾ ਰਸਤਾ ਸਮਝਦੀਆਂ ਸਨ। ਦੀਵਾਲੀ ਤੋਂ ਇਕ-ਦੋ ਦਿਨ ਪਹਿਲਾਂ ਇਕ ਵਾਰੀ ਕਿਸੇ ਨੇ ਮੇਰੇ ਗਿੱਚੀ ਵਾਲੇ ਵਾਲਾਂ ਦੀ ਲਟ ਕੱਟ ਲਈ, ਜਿਸ ਦਾ ਸਾਡੇ ਘਰ ਵਿਚ ਬਹੁਤ ਫਿਕਰ ਹੋਇਆ। ਮੇਰੀ ਦਾਦੀ ਮੈਨੂੰ ਵੱਡੀ ਧਰਮਸ਼ਾਲਾ ਵਾਲੇ ਮਹੰਤ ਠਾਕਰ ਦਾਸ ਕੋਲ ਲੈ ਗਈ। ਉਸ ਨੇ ਮੂਲ ਮੰਤਰ ਦਾ ਪਾਠ ਕਰਕੇ ਮੇਰੇ ਸਿਰ ‘ਤੇ ਹੱਥ ਫੇਰ ਕੇ ਆਖਿਆ, “ਲੈ ਜਾਓ, ਇਹਨੂੰ ਕੁਝ ਨਹੀਂ ਹੁੰਦਾ, ਕਰਤਾ ਪੁਰਖ ਆਪ ਰਖਵਾਲੀ ਕਰੇਗਾ।” ਸੱਚ ਹੀ ਮੈਨੂੰ ਕੁਝ ਨਾ ਹੋਇਆ। ਚੰਗਾ ਭਲਾ ਰਿਹਾ।
ਸਾਡਾ ਇਕ ਮਿੱਤਰ ਖੱਤਰੀਆਂ ਦਾ ਪਾਸ਼ ਸੀ। ਉਹ ਪੂਰਾ ਅਸਤਰ ਸੀ। ਇਕ ਵਾਰ ਸਿਵਿਆਂ ਕੋਲ ਦੇ ਚੌਰਸਤੇ ਵਿਚ ਰਾਤ ਦਾ ਟੂਣਾ ਕੀਤਾ ਹੋਇਆ ਸੀ। ਦੋ ਕੁ ਛੋਟੀਆਂ-ਛੋਟੀਆਂ ਮਿੱਟੀ ਦੀਆਂ ਬੁੱਘੀਆਂ ਵਿਚ ਕੁਝ ਕਣਕ, ਜੌਂ, ਚੌਲ, ਆਟਾ, ਖੰਡ, ਮਖਾਣੇ, ਬਦਾਮ, ਸੌਗੀ ਵਗੈਰਾ ਵੀ ਖਿਲਾਰੀ ਸੀ। ਸਭ ਲੋਕੀਂ ਟੂਣੇ ਤੋਂ ਪਾਸੇ ਹੋ ਕੇ ਲੰਘੀ ਜਾਣ ਤੇ ਤੀਵੀਆਂ ਆਖਣ, “ਆਹ ਪਤਾ ਨਹੀਂ ਕਿਹੜੀ ਨਖਸਮੀ ਪੁੱਤਰ ਲੱਭਦੀ ਫਿਰਦੀ ਐ।”
ਪਾਸ਼ ਕਹਿੰਦਾ, “ਮੈਂ ਦੱਸਾਂ, ਮੇਰਾ ਭਾਪਾ ਕਹਿੰਦਾ ਏ ਕਿ ਟੂਣੇ ‘ਤੇ ਸੱਤ ਛਿੱਤਰ ਮਾਰ ਕੇ ਸੱਤ ਵਾਰ ਰਾਮ-ਰਾਮ ਕਹਿ ਕੇ ਚੁੱਕ ਕੇ ਖਾ ਲਵੋ, ਫੇਰ ਕੁਝ ਨਹੀਂ ਹੁੰਦਾ।” ਉਸ ਨੇ ਆਪਣੀ ਚੱਪਲ ਲਾਹ ਕੇ ਸੱਤ ਵਾਰੀ ਟੂਣੇ ‘ਤੇ ਮਾਰੀ ਅਤੇ ਰਾਮ-ਰਾਮ ਆਖ ਕੇ ਟੂਣਾ ਚੁੱਕ ਕੇ ਬਦਾਮ, ਸੌਗੀ, ਮਖਾਣੇ ਸਾਨੂੰ ਵੰਡ ਦਿੱਤੇ। ਬਾਕੀ ਅਨਾਜ ਪੈਰਾਂ ਨਾਲ ਖਿਲਾਰ ਦਿੱਤਾ। ਟੂਣੇ ਦੇ ਬਦਾਮ ਆਦਿ ਖਾਣ ਨਾਲ ਸਾਨੂੰ ਕੁਝ ਨਾ ਹੋਇਆ। ਚੰਗੇ ਭਲੇ ਹੱਸਦੇ ਖੇਡਦੇ ਰਹੇ। ਇਸ ਗੱਲ ਦਾ ਮੇਰੀ ਮਾਂ ਨੂੰ ਪਤਾ ਨਹੀਂ ਕਿਸ ਤੋਂ ਪਤਾ ਲੱਗ ਗਿਆ, ਫਿਰ ਇਸ ਗੱਲ ਤੋਂ ਵੀ ਮੈਨੂੰ ਚਪੇੜਾਂ ਪਈਆਂ।