ਇਸ ਅੰਕ ਨਾਲ ‘ਪੰਜਾਬ ਟਾਈਮਜ਼’ ਆਪਣੇ ਸਫਰ ਦੇ 20ਵੇਂ ਵਰ੍ਹੇ ਵਿਚ ਦਾਖਲ ਹੋ ਰਿਹਾ ਹੈ। ਅਖਬਾਰ ਦੀ ਸਮੁੱਚੀ ਟੀਮ ਲਈ ਇਹ ਮਾਣ ਅਤੇ ਖੁਸ਼ੀ ਦਾ ਮੌਕਾ ਤਾਂ ਹੈ ਹੀ, ਇਹ ਵਕਤ ਇਕ ਤਰ੍ਹਾਂ ਨਾਲ ਬੀਤੇ ਉਤੇ ਝਾਤੀ ਮਾਰਨ ਦਾ ਵੀ ਹੈ। ਸਭ ਤੋਂ ਪਹਿਲੀ ਗੱਲ, ਵੀਹਵੇਂ ਸਾਲ ਦਾ ਇਹ ਸਫਰ ਆਪਣੇ ਪਿਆਰੇ ਪਾਠਕਾਂ, ਲੇਖਕ ਸਾਥੀਆਂ ਅਤੇ ਹਰ ਔਖ-ਸੌਖ ਦੌਰਾਨ ਨਾਲ ਖੜ੍ਹਦੇ ਰਹੇ ਸੱਜਣਾਂ-ਸਨੇਹੀਆਂ ਦੀ ਬਦੌਲਤ ਹੀ ਨਿਰੰਤਰਤਾ ਵਿਚ ਤਬਦੀਲ ਹੋਇਆ ਹੈ। ਸਾਲ 2000 ਵਿਚ ਸ਼ੁਰੂ ਹੋਇਆ ਇਹ ਮਿਸ਼ਨਰੀ ਸਫਰ ਹੁਣ ਭਰਪੂਰ ਕਾਫਲੇ ਦਾ ਰੂਪ ਅਖਤਿਆਰ ਕਰ ਚੁਕਾ ਹੈ ਅਤੇ ਇਸ ਨੇ ਆਪਣੇ ਖੇਤਰ ਵਿਚ ਆਪਣਾ ਬਣਦਾ ਯੋਗਦਾਨ ਪਾਉਣ ਦਾ ਹੀਲਾ ਕੀਤਾ ਹੈ।
ਇਸੇ ਦੌਰਾਨ ਇਸ ਸਫਰ ਨਾਲ ਜੁੜੇ ਵੱਖ-ਵੱਖ ਪੱਖਾਂ ਵਿਚ ਬਹੁਤ ਵੱਡੀਆਂ-ਵੱਡੀਆਂ ਤਬਦੀਲੀਆਂ ਦੇਖਣ ਨੂੰ ਮਿਲੀਆਂ ਹਨ ਅਤੇ ਇਨ੍ਹਾਂ ਬੇਅੰਤ ਤਬਦੀਲੀਆਂ ਦਾ ਅਸਰ ਪੱਤਰਕਾਰੀ ਦੇ ਖੇਤਰ ਉਤੇ ਪੈਣਾ ਵੀ ਸੁਭਾਵਿਕ ਹੀ ਸੀ। ਇਨ੍ਹਾਂ ਤਬਦੀਲੀਆਂ ਨਾਲ ਕੰਮ-ਕਾਰ ਦੇ ਰਾਹ ਮੋਕਲੇ ਹੋਏ ਹਨ, ਇਨ੍ਹਾਂ ਦੀ ਬਦੌਲਤ ਕੰਮ ਸੁਖਾਲਾ ਵੀ ਹੋਇਆ ਹੈ ਪਰ ਇਸ ਨਾਲ ਆਪਣੀ ਹੀ ਤਰ੍ਹਾਂ ਦੀਆਂ ਕਈ ਚੁਣੌਤੀਆਂ ਵੀ ਸਾਹਮਣੇ ਆਈਆਂ ਹਨ। ਇਨ੍ਹਾਂ ਵਿਚੋਂ ਇਕ ਚੁਣੌਤੀ ਸੋਸ਼ਲ ਮੀਡੀਆ ਨਾਲ ਜੁੜੀ ਹੋਈ ਸੀ/ਹੈ। ਸੋਸ਼ਲ ਮੀਡੀਆ ਦੀ ਆਮਦ ਨਾਲ ਪੱਤਰਕਾਰੀ ਦੇ ਖੇਤਰ ਵਿਚ ਨਵੇਂ ਰਾਹ ਖੁੱਲ੍ਹੇ, ਜਿਨ੍ਹਾਂ ਨੇ ਜ਼ਿੰਦਗੀ ਦੇ ਤਕਰੀਬਨ ਹਰ ਪੱਖ ਨੂੰ ਅੱਛਾ-ਖਾਸਾ ਪ੍ਰਭਾਵਿਤ ਕੀਤਾ। ਡਿਜੀਟਲੀਕਰਨ ਨੇ ਪੱਤਰਕਾਰੀ ਦੇ ਖੇਤਰ ‘ਤੇ ਵਾਹਵਾ ਅਸਰ ਪਾਇਆ। ਪੱਤਰਕਾਰੀ ਰਾਹੀਂ ਜਿਹੜੀ ਗੱਲ ਲੋਕਾਂ ਤੱਕ ਪੁੱਜਦੀ ਕਰਨ ਲਈ ਖੂਬ ਤਰੱਦਦ ਕਰਨਾ ਪੈਂਦਾ ਸੀ, ਉਹ ਹੁਣ ਸੋਸ਼ਲ ਮੀਡੀਆ ਉਤੇ ਮਿੰਟਾਂ-ਸਕਿੰਟਾਂ ‘ਚ ਵਾਇਰਲ ਹੋ ਜਾਂਦੀ ਹੈ। ਸਿੱਟੇ ਵਜੋਂ ਅੱਜ ਸੋਸ਼ਲ ਮੀਡੀਆ ਨਾਲ ਜੁੜਿਆ ਹਰ ਬੰਦਾ ਪੱਤਰਕਾਰ ਵਾਂਗ ਵਿਚਰ ਰਿਹਾ ਜਾਪਦਾ ਹੈ। ਫਿਰ ਵੀ, ਇਸ ਮਾਮਲੇ ਵਿਚ ਖਾਸ ਵਿਚਾਰਨਯੋਗ ਗੱਲ ਇਹ ਵੀ ਹੈ ਕਿ ਸੋਸ਼ਲ ਮੀਡੀਆ ਉਤੇ ਕਿਸੇ ਕਿਸਮ ਦਾ ਕੋਈ ਜ਼ਬਤ ਜਾਂ ਕੁੰਡਾ ਆਦਿ ਨਾ ਹੋਣ ਕਾਰਨ ਇਸ ਦੇ ਨਾਂਹ-ਪੱਖੀ ਅਸਰ ਵੀ ਝੱਲਣੇ ਪੈਂਦੇ ਰਹੇ ਹਨ, ਕਿਉਂਕਿ ਇਸ ਦੀ ਮਾਰ ਹਰ ਪਾਸੇ ਪੈਂਦੀ ਹੈ। ਇਸੇ ਕਰਕੇ ਅਖਬਾਰਾਂ-ਰਸਾਲਿਆਂ ਦੀ ਸਰਦਾਰੀ ਅਤੇ ਵੁੱਕਤ ਬਾਕਾਇਦਾ ਕਾਇਮ ਹੈ, ਕਿਉਂਕਿ ਸਦੀਆਂ ਦੌਰਾਨ ਵਿਕਸਿਤ ਹੋਈ ਪੱਤਰਕਾਰੀ ਦੇ ਹਿੱਸੇ ਜੋ ਜ਼ਿੰਮੇਵਾਰੀ ਅਤੇ ਸੰਜੀਦਗੀ ਆਈ ਹੈ, ਉਸ ਤੱਕ ਸੋਸ਼ਲ ਮੀਡੀਆ ਪਹੁੰਚ ਨਹੀਂ ਸਕਿਆ ਹੈ ਅਤੇ ਸੋਸ਼ਲ ਮੀਡੀਆ ਉਤੇ ਜਿਸ ਤਰ੍ਹਾਂ ਦਾ ਕਾਰ-ਵਿਹਾਰ ਆਏ ਦਿਨ ਦੇਖਣ-ਸੁਣਨ ਨੂੰ ਮਿਲਦਾ ਹੈ, ਉਸ ਤੋਂ ਜਾਪਦਾ ਹੈ ਕਿ ਇਹ ਇਸ ਦਾ ਬਦਲ ਕਦੀ ਵੀ ਬਣ ਨਹੀਂ ਸਕੇਗਾ।
ਅਸਲ ਵਿਚ ਪੱਤਰਕਾਰੀ ਦਾ ਪਹਿਲਾ ਅਤੇ ਸਿੱਧਾ ਸਬੰਧ ਇਕ ਖਾਸ ਮਿਸ਼ਨ ਨਾਲ ਜੁੜਿਆ ਹੋਇਆ ਹੈ। ਇਸ ਮਿਸ਼ਨ ਦਾ ਮਕਸਦ ਪੂਰੀ ਜ਼ਿੰਮੇਵਾਰੀ ਅਤੇ ਸੰਜੀਦਗੀ ਨਾਲ ਲੋਕਾਈ ਨੂੰ ਵੱਧ ਤੋਂ ਵੱਧ ਜਾਣਕਾਰੀ ਮੁਹੱਈਆ ਕਰਕੇ ਚੇਤਨਾ ਦੀ ਚਿਣਗ ਲਾਉਣਾ ਹੈ। ਇਸ ਸੁੱਚੇ ਮਿਸ਼ਨ ਦੀ ਸਭ ਤੋਂ ਉਮਦਾ ਮਿਸਾਲ ਇਕ ਸਦੀ ਪਹਿਲਾਂ ਅਮਰੀਕਾ ਅਤੇ ਕੈਨੇਡਾ ਦੀ ਧਰਤੀ ਉਤੇ ਉਠੀ ਗਦਰ ਲਹਿਰ ਦੀ ਹੈ। ਇਸ ਲਹਿਰ ਵਿਚ ਸ਼ਾਮਲ ਜੁਝਾਰੂਆਂ ਨੇ ਅੰਗਰੇਜ਼ਾਂ ਖਿਲਾਫ ਜੋ ਵੱਡੀ ਮੁਹਿੰਮ ਛੇੜੀ ਸੀ, ਉਸ ਦਾ ਇਕ ਖਾਸ ਹਿੱਸਾ ‘ਗਦਰ’ ਨਾਂ ਦੇ ਪਰਚੇ ਨੂੰ ਸਮਰਪਿਤ ਸੀ, ਜਿਸ ਰਾਹੀਂ ਗਦਰ ਦੀਆਂ ਗੱਲਾਂ ਆਵਾਮ ਤੱਕ ਪੁੱਜਦੀਆਂ ਕੀਤੀਆਂ ਜਾਂਦੀਆਂ ਸਨ। ਅਸਲ ਵਿਚ ਪੱਤਰਕਾਰੀ ਦਾ ਸਿੱਧਾ ਸਬੰਧ ਮਨੋਰੰਜਨ ਜਾਂ ਸੋਸ਼ਲ ਮੀਡੀਆ ਵਰਗੀ ਸਰਗਰਮੀ ਨਾਲ ਕਦੀ ਵੀ ਨਹੀਂ ਰਿਹਾ। ਸੋਸ਼ਲ ਮੀਡੀਆ ਦੀ ਆਮਦ ਤੋਂ ਚਿਰ ਪਹਿਲਾਂ ਜਦੋਂ ਟੈਲੀਵਿਜ਼ਨ ਅਤੇ ਨਾਲ ਹੀ ਇਲੈਕਟ੍ਰਾਨਿਕ ਮੀਡੀਆ ਇਸ ਪਿੜ ਵਿਚ ਆਇਆ ਸੀ, ਉਦੋਂ ਵੀ ਅਖਬਾਰਾਂ-ਰਸਾਲਿਆਂ ਦੀ ਹੋਂਦ ਬਾਰੇ ਸਵਾਲ ਉਠੇ ਸਨ, ਪਰ ਸਮੇਂ ਨੇ ਸਾਬਤ ਕਰ ਦਿੱਤਾ ਕਿ ਪ੍ਰਿੰਟ ਮੀਡੀਆ ਦਾ ਆਪਣਾ ਵੱਖਰਾ, ਨਿਵੇਕਲਾ ਅਤੇ ਨਿਆਰਾ ਆਧਾਰ ਹੈ। ਅੰਕੜੇ ਦੱਸਦੇ ਹਨ ਕਿ ਪਿਛਲੇ ਸਮੇਂ ਦੌਰਾਨ ਅਖਬਾਰਾਂ-ਰਸਾਲਿਆਂ ਦੀ ਗਿਣਤੀ ਵਧੀ ਹੀ ਹੈ ਅਤੇ ਕਈ ਨਵੇਂ ਵੀ ਅਰੰਭ ਹੋਏ ਹਨ। ਇਸ ਦੇ ਨਾਲ ਹੀ ਇਹ ਵੀ ਸੱਚ ਹੈ ਕਿ ਨਵੀਆਂ ਚੁਣੌਤੀਆਂ ਨਾਲ ਜੂਝਦਿਆਂ ਪੱਤਰਕਾਰੀ ਦੇ ਖੇਤਰ ਵਿਚ ਕੁਝ ਖਾਸ ਤਬਦੀਲੀਆਂ ਹੋਈਆਂ ਹਨ। ਇਹ ਤਬਦੀਲੀਆਂ ਹਾਂ-ਪੱਖੀ ਅਤੇ ਨਾਂਹ-ਪੱਖੀ, ਦੋਵੇਂ ਤਰ੍ਹਾਂ ਦੀਆਂ ਹਨ।
ਡਿਜੀਟਲੀਕਰਨ ਕਰਕੇ ਪਿੰ੍ਰਟ ਮੀਡੀਆ ਨੂੰ ਜਿਸ ਇਕ ਤੱਥ ਨੇ ਚੰਗੀ ਤਰ੍ਹਾਂ ਹਿਲਾਇਆ ਹੈ, ਉਹ ਇਸ਼ਤਿਹਾਰਬਾਜ਼ੀ ਨਾਲ ਜੁੜਿਆ ਹੋਇਆ ਹੈ। ਇਹ ਤੱਥ ਜੱਗ-ਜਾਹਰ ਹੈ ਕਿ ਮੀਡੀਆ ਦਾ ਸਮੁੱਚਾ ਢਾਂਚਾ ਇਸ਼ਤਿਹਾਰਬਾਜ਼ੀ ਉਤੇ ਟਿਕਿਆ ਹੋਇਆ ਹੈ, ਭਾਵ ਮੀਡੀਆ ਦਾ ਕਾਰਜ ਚਲਾਉਣ ਲਈ ਇਸ਼ਤਿਹਾਰਾਂ ਦੀ ਭੂਮਿਕਾ ਬਹੁਤ ਅਹਿਮ ਹੁੰਦੀ ਹੈ ਪਰ ਪਿਛਲੇ ਸਮੇਂ ਦੌਰਾਨ ਇਸ਼ਤਿਹਾਰਾਂ ਦਾ ਚੋਖਾ ਹਿੱਸਾ ਡਿਜੀਟਲ ਦੁਨੀਆਂ ਵਾਲੇ ਪਾਸੇ ਮੁੜ ਗਿਆ ਹੈ। ‘ਪੰਜਾਬ ਟਾਈਮਜ਼’ ਨੂੰ ਮਾਣ ਹੈ ਕਿ ਪਾਠਕਾਂ ਅਤੇ ਸਨੇਹੀਆਂ ਨੇ ਸਿਰ ‘ਤੇ ਪਈ ਹਰ ਚੁਣੌਤੀ ਵਾਂਗ ਇਸ ਚੁਣੌਤੀ ਨੂੰ ਵੀ ਸਵੀਕਾਰ ਕੀਤਾ ਹੈ। ਇਸ ਦੇ ਨਾਲ-ਨਾਲ ਪਾਠਕਾਂ ਅਤੇ ਸਨੇਹੀਆਂ ਦੇ ਇਸ ਭਰਪੂਰ ਹੁੰਗਾਰੇ ਨੇ ਜ਼ਿੰਮੇਵਾਰੀ ਦਾ ਜੋ ਅਹਿਸਾਸ ਜਗਾਇਆ ਹੈ, ਸ਼ਾਇਦ ਉਸ ਸਦਕਾ ਹੀ 20ਵੇਂ ਵਰ੍ਹੇ ਵਿਚ ਦਾਖਲ ਹੋਣ ਦੀ ਖੁਸ਼ੀ ਲੈ ਰਹੇ ਹਾਂ। ਇਸੇ ਮਿਸ਼ਨ ਤਹਿਤ ਅਦਾਰੇ ਦੀ ਸਮੁੱਚੀ ਟੀਮ ਨੇ ਨਵੇਂ ਸਾਲ ਦੌਰਾਨ ਉਨ੍ਹਾਂ ਪੈੜਾਂ ਉਤੇ ਤੁਰਦੇ ਰਹਿਣ ਦਾ ਇਕ ਵਾਰ ਫਿਰ ਤਹੱਈਆ ਕੀਤਾ ਹੈ, ਜਿਸ ਉਤੇ ਹੁਣ ਤੱਕ ਅਦਾਰਾ ਸਾਬਤ ਕਦਮੀਂ ਤੁਰਦਾ ਆਇਆ ਹੈ। ਪਰਚੇ ਦਾ ਮੁਢਲਾ ਮਕਸਦ ਪਾਠਕਾਂ ਨੂੰ ਨਵੀਂ ਨਰੋਈ ਸੋਚ ਨਾਲ ਜੋੜੀ ਰੱਖਣ ਦਾ ਰਿਹਾ ਹੈ ਅਤੇ ਇਸ ਕਾਰਜ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ‘ਪੰਜਾਬ ਟਾਈਮਜ਼’ ਵਲੋਂ ਅਪਨਾਏ ਮਿਆਰ ਪਹਿਲਾਂ ਵਾਂਗ ਬਰਕਰਾਰ ਹੀ ਨਹੀਂ ਰੱਖੇ ਜਾਣਗੇ, ਸਗੋਂ ਦੋ ਕਦਮ ਅਗਾਂਹ ਵਧਣ ਦਾ ਯਤਨ ਕੀਤਾ ਜਾਵੇਗਾ। ‘ਪੰਜਾਬ ਟਾਈਮਜ਼’ ਨੂੰ ਮਾਣ ਹੈ ਕਿ ਇਹ ਉਸ ਮਿਸ਼ਨ ਦਾ ਨਿਮਾਣਾ ਜਿਹਾ ਹਿੱਸਾ ਹੈ, ਜਿਸ ਦਾ ਪਿਛੋਕੜ ਉਨ੍ਹਾਂ ਨਿਰਛਲ ਅਤੇ ਨਿਰਮਲ ਗਦਰੀਆਂ ਦੀ ਸੋਚ ਨਾਲ ਜੁੜਿਆ ਹੋਇਆ ਹੈ, ਜੋ ਸਦਾ ਸਿਦਕ ਅਤੇ ਸਿਰੜ ਨਾਲ ਖੜ੍ਹੇ ਰਹੇ।