ਯਮਲੇ ਜੱਟ ਦੀ ਤੂੰਬੀ

ਹਰਦਿਆਲ ਸਿੰਘ ਥੂਹੀ
ਉਚੇ ਤੇ ਸੁੱਚੇ ਬੋਲਾਂ ਦੇ ਲਿਖਾਰੀ, ਸੁਰਾਂ ਦੇ ਸੋਝੀਵਾਨ, ਲੋਕ ਸਾਜ਼ ਤੂੰਬੀ ਦੇ ਕਾਢੀ ਯਮਲੇ ਜੱਟ ਨੇ ਪੰਜਾਬੀ ਲੋਕ ਗਾਇਕੀ ਵਿਚ ਆਪਣੀ ਨਿਵੇਕਲੀ ਪਛਾਣ ਬਣਾ ਕੇ ਸਰੋਤਿਆਂ ‘ਤੇ ਅਮਿੱਟ ਛਾਪ ਛੱਡੀ ਹੈ। ਉਸ ਨੇ ਆਪਣੀ ਗਾਇਕੀ ਦਾ ਸਫਰ ਪਰੰਪਰਿਕ ਗਾਇਕੀ ਤੋਂ ਸ਼ੁਰੂ ਕਰਕੇ ਆਧੁਨਿਕ ਗਾਇਕੀ ਤਕ ਸਫਲਤਾ ਪੂਰਵਕ ਪੂਰਾ ਕੀਤਾ ਹੈ। ਉਸ ਨੇ ਆਪਣੀ ਵੱਖਰੀ ਲੀਹ ਪਾਈ ਅਤੇ ਵੱਖਰਾ ਪੰਥ ਸਥਾਪਿਤ ਕੀਤਾ, ਜਿਸ ‘ਤੇ ਉਸ ਦੇ ਅਨੁਯਾਈ ਅੱਜ ਵੀ ਚੱਲ ਰਹੇ ਹਨ। ਇਹ ਯਮਲਾ ਜੱਟ ਹੀ ਹੈ ਜਿਸ ਨੂੰ ਗਾਇਕੀ ਖੇਤਰ ਵਿਚ ‘ਉਸਤਾਦ ਜੀ’ ਦਾ ਦਰਜਾ ਹਾਸਲ ਹੋਇਆ ਹੈ।

ਯਮਲਾ ਜੱਟ ਦਾ ਜਨਮ 1910 ਵਿਚ ਸਾਂਝੇ ਪੰਜਾਬ ਦੇ ਜ਼ਿਲ੍ਹਾ ਲਾਇਲਪੁਰ ਦੀ ਤਹਿਸੀਲ ਟੋਭਾ ਟੇਕ ਸਿੰਘ ਦੇ ਪਿੰਡ 284 ਈਸਪੁਰ ਵਿਖੇ ਪਿਤਾ ਖੇੜਾ ਰਾਮ ਤੇ ਮਾਤਾ ਹਰਨਾਮ ਕੌਰ ਦੇ ਘਰ ਹੋਇਆ। ਲਾਲ ਚੰਦ ਦਾ ਪਰਿਵਾਰ ਰਾਜਪੂਤਾਂ ਦੀ ਚੰਝੋਤਰਾ ਵੰਸ਼ ਵਿਚੋਂ ਸੀ। ਉਸ ਨੂੰ ਸੰਗੀਤ ਦੀ ਦਾਤ ਵਿਰਸੇ ਵਿਚ ਮਿਲੀ। ਪਿਤਾ ਖੇੜਾ ਰਾਮ ਗਾਉਂਦਾ ਸੀ ਅਤੇ ਦਾਦਾ ਝੰਡਾ ਰਾਮ ਵੰਝਲੀ ਬਹੁਤ ਵਧੀਆ ਵਜਾਉਂਦਾ ਸੀ। ਪਿਤਾ ਜਵਾਨੀ ਪਹਿਰੇ ਹੀ ਰਾਸਧਾਰੀਆਂ ਦੀ ਮੰਡਲੀ ਨਾਲ ਚਲੇ ਗਏ ਅਤੇ ਵਾਪਸ ਨਹੀਂ ਆਏ। ਪਿਤਾ ਦੇ ਜਾਣ ਤੋਂ ਬਾਅਦ ਮਾਂ ਲਾਲ ਚੰਦ ਨੂੰ ਨਾਨਕੇ ਲਾਇਲਪੁਰ ਲੈ ਆਈ। ਇਥੇ ਨਾਨਾ ਗੂੜ੍ਹਾ ਰਾਮ ਦੀ ਸਰਪ੍ਰਸਤੀ ਵਿਚ ਬਚਪਨ ਤੋਂ ਜਵਾਨੀ ਦੀ ਦਹਿਲੀਜ਼ ‘ਤੇ ਪੈਰ ਧਰਿਆ।
ਫਿਰ ਉਨ੍ਹਾਂ ਲਾਇਲਪੁਰ ਦੇ ਰਾਗੀ ਚੌਧਰੀ ਮਜੀਦ ਦੀ ਸੰਗਤ ਕਰਕੇ ਪੁਰਾਤਨ ਭਾਰਤੀ ਰਾਗ ਦੀ ਸਿੱਖਿਆ ਪ੍ਰਾਪਤ ਕੀਤੀ ਅਤੇ ਨਾਲ ਹੀ ਢੋਲਕ, ਥਾਲੀ, ਅਲਗੋਜ਼ਾ, ਚਿੰਕਾਰਾ, ਸਾਰੰਗੀ, ਢੱਡ, ਸਾਰੰਗਾ ਆਦਿ ਸਾਜ਼ਾਂ ਦੀ ਮੁਹਾਰਤ ਹਾਸਲ ਕੀਤੀ। ਸਤਾਰਾਂ ਕੁ ਸਾਲ ਦੀ ਉਮਰ ਵਿਚ ਇੰਨਾ ਕੁੱਝ ਸਿੱਖਣ ਤੋਂ ਬਾਅਦ ਵੀ ਉਸ ਨੂੰ ਆਪਣਾ ਆਪ ਅਧੂਰਾ ਲੱਗਦਾ ਸੀ। ਇਸ ਲਈ ਸੂਦਕਾਂ ਦੇ ਨੰਗਲ ਸਿਆਲਕੋਟ ਦੇ ਪੰਡਤ ਸਾਹਿਬ ਦਿਆਲ ਦੇ ਚਰਨੀਂ ਜਾ ਪਿਆ। ਗੁਰੂ ਨੇ ਚੁੱਕ ਕੇ ਹਿੱਕ ਨਾਲ ਲਾਇਆ ਅਤੇ ਥਾਪੜਾ ਦੇ ਦਿੱਤਾ। ਗੁਰੂ ਦੀ ਸਿੱਖਿਆ ਅਤੇ ਆਸ਼ੀਰਵਾਦ ਤੇ ਆਪਣੀ ਮਿਹਨਤ, ਲਗਨ ਤੇ ਸਿਰੜ ਸਦਕਾ ਲਾਲ ਚੰਦ ਜਲਦੀ ਹੀ ਚੰਗਾ ਗਵੱਈਆ ਬਣ ਗਿਆ। ਪੂਰਨ ਭਗਤ, ਜੈਮਲ ਫੱਤਾ, ਰਾਜਾ ਰਸਾਲੂ, ਸੱਸੀ ਆਦਿ ਬਹੁਤ ਸਾਰੀਆਂ ਪਰੰਪਰਿਕ ਗਾਥਾਵਾਂ ਕੰਠ ਕੀਤੀਆਂ। ਲੰਬਾ ਸਮਾਂ ਓਧਰਲੇ ਪੰਜਾਬ ਵਿਚ ਇਹ ਸਭ ਕੁਝ ਗਾਇਆ ਅਤੇ ਆਪਣੀ ਗਾਇਕੀ ਦਾ ਲੋਹਾ ਮਨਵਾਇਆ।
ਸੰਤਾਲੀ ਦੀ ਦੇਸ਼ ਵੰਡ ਨੇ ਲਾਲ ਚੰਦ ਨੂੰ ਆਪਣੀ ਜਨਮ ਭੂਮੀ ਛੱਡਣ ਲਈ ਮਜਬੂਰ ਕਰ ਦਿੱਤਾ। ਉਹ ਪਰਿਵਾਰ ਸਮੇਤ ਲੁਧਿਆਣੇ ਆ ਗਿਆ। ਇਥੇ ਰੇਲਵੇ ਸ਼ੈਡ ਦੇ ਨੇੜੇ ਚਾਂਦੀ ਵੱਢਾਂ ਦੇ ਖੂਹ ‘ਤੇ ਖੇਤੀਬਾੜੀ ਦਾ ਕੰਮ ਸ਼ੁਰੂ ਕੀਤਾ। ਫਿਰ ਕਲਗੀਧਰ ਸਕੂਲ ਦੇ ਨੇੜੇ ਬਗ਼ੀਚੀ ਵਿਚ ਮਾਲੀ ਵਜੋਂ ਕੰਮ ਆਰੰਭ ਕੀਤਾ। 1948 ਦੀ ਇਕ ਸ਼ਾਮ ਦਿਨ ਦੇ ਕੰਮ ਤੋਂ ਵਿਹਲੇ ਹੋ ਕੇ ਦਰਦ ਭਰੀ ਆਵਾਜ਼ ਵਿਚ ਸੱਸੀ ਗਾ ਰਿਹਾ ਸੀ ਕਿ ਨੇੜਲੇ ਚੁਬਾਰੇ ਵਿਚ ਬੈਠੇ ਕਵੀ ਸੁੰਦਰ ਦਾਸ ‘ਆਸੀ’ ਦੇ ਕੰਨੀਂ ਇਹ ਬੋਲ ਜਾ ਪਏ। ਉਹ ਚੁਬਾਰਿਓਂ ਉਤਰ ਕੇ ਬਗ਼ੀਚੀ ਵਿਚ ਆ ਗਏ। ਕਵੀ ਤੇ ਗਾਇਕ ਦਾ ਮੇਲ ਹੋ ਗਿਆ। ਲਾਲ ਚੰਦ ਭਾਵੇਂ ਪਹਿਲਾਂ ਤੁਕਬੰਦੀ ਕਰ ਲੈਂਦਾ ਸੀ, ਪਰ ਹੁਣ ਉਸ ਨੇ ਬਕਾਇਦਾ ਆਸੀ ਨੂੰ ਗੁਰੂ ਧਾਰ ਕੇ ਗੀਤਕਾਰੀ ਦੇ ਗੁਰ ਸਿੱਖਣੇ ਸ਼ੁਰੂ ਕਰ ਦਿੱਤੇ। ਆਸੀ ਨੇ ਉਸ ਦੀ ਫੱਕਰ ਤਬੀਅਤ ਨੂੰ ਦੇਖ ਕੇ ਉਸਨੂੰ ‘ਯਮਲਾ ਜੱਟ’ ਉਪਨਾਮ ਦੇ ਦਿੱਤਾ। 1949 ਵਿਚ ਯਮਲਾ ਜੱਟ ਨੇ ਪਹਿਲਾ ਗੀਤ ਲਿਖਿਆ।
ਬਾਅਦ ਵਿਚ ਇਸ ਪਰਿਵਾਰ ਨੂੰ ਜਵਾਹਰ ਨਗਰ ਵਿਖੇ ਪੱਕੇ ਤੌਰ ‘ਤੇ ਜਗ੍ਹਾ ਅਲਾਟ ਹੋ ਗਈ। ਇਥੇ ਹੀ ਲਾਲ ਚੰਦ ਨੇ ਆਪਣਾ ਆਲ੍ਹਣਾ ਬਣਾਇਆ। ਨਾਂ ਪੈ ਗਿਆ ਯਮਲੇ ਜੱਟ ਦਾ ਡੇਰਾ। ਆਕਾਸ਼ਬਾਣੀ ‘ਤੇ ਲਾਲ ਚੰਦ ਦੀ ਗਾਇਕੀ ਦਾ ਆਰੰਭ 1950 ਤੋਂ ਹੋਇਆ। 1953-54 ਵਿਚ ਸੰਸਾਰ ਪ੍ਰਸਿਧ ਰਿਕਾਰਡਿੰਗ ਕੰਪਨੀ ਹਿਜ਼ ਮਾਸਟਰਜ਼ ਵਾਇਸ (ਐਚ.ਐਮ.ਵੀ.) ਨੇ ਉਸ ਦੀ ਆਵਾਜ਼ ਨੂੰ ਕਾਲੇ ਤਵਿਆਂ ਵਿਚ ਭਰਿਆ ਜੋ ਲਾਊਡ ਸਪੀਕਰਾਂ ਰਾਹੀਂ ਪਿੰਡਾਂ ਦੇ ਬਨੇਰਿਆਂ ‘ਤੇ ਵੱਜ ਕੇ ਘਰ ਘਰ ਪਹੁੰਚੀ। ਪਹਿਲੇ ਤਵੇ ਦੇ ਬੋਲ ਸਨ:
ਪਹਿਲਾ ਝੂਟਾ ਪੀਂਘ ਦਾ ਜਾ ਹੀਰ ਝੁਟਾਇਆ।
ਯਾਰੋ ਤੱਕਿਆ ਆਪਣੀ ਸੇਜ ਤੇ ਕੋਈ ਮਰਦ ਪਰਾਇਆ।
ਇਸ ਕੰਪਨੀ ਵਲੋਂ ਸੈਂਕੜਿਆਂ ਦੀ ਗਿਣਤੀ ਵਿਚ ਯਮਲਾ ਜੱਟ ਦੀ ਆਵਾਜ਼ ਵਿਚ ਤਵੇ ਰਿਕਾਰਡ ਕੀਤੇ ਗਏ। ਦੂਰਦਰਸ਼ਨ ਕੇਂਦਰ ਦਿੱਲੀ ਅਤੇ ਬਾਅਦ ਵਿਚ ਜਲੰਧਰ ਲਗਾਤਾਰ ਯਮਲਾ ਜੱਟ ਦੀ ਗਾਇਕੀ ਨੂੰ ਲੋਕਾਂ ਤਕ ਪਹੁੰਚਾਉਂਦਾ ਰਿਹਾ ਹੈ। ਉਸ ਦੀ ਗਾਇਕੀ ਨੂੰ ਵਿਸ਼ੇ ਪੱਖੋਂ ਅਸੀਂ ਚਾਰ ਭਾਗਾਂ ਵਿਚ ਵੰਡ ਸਕਦੇ ਹਾਂ ਜਿਸ ਵਿਚ ਧਾਰਮਿਕ ਗੀਤ, ਲੋਕ ਗਾਥਾਵਾਂ, ਸਮਾਜਿਕ ਗੀਤ ਤੇ ਦੋਗਾਣੇ ਹਨ। ਉਸ ਦੀ ਆਵਾਜ਼ ਵਿਚ ਅਣਗਿਣਤ ਧਾਰਮਿਕ ਗੀਤ ਰਿਕਾਰਡ ਹੋਏ ਮਿਲਦੇ ਹਨ ਜੋ ਜ਼ਿਆਦਾਤਰ ਸਿੱਖ ਗੁਰੂ ਸਾਹਿਬਾਨ ਨਾਲ ਸਬੰਧਿਤ ਹਨ, ਖਾਸ ਕਰਕੇ ਗੁਰੂ ਨਾਨਕ ਦੇਵ ਜੀ ਨਾਲ। ਪਿੰਡਾਂ ਵਿਚ ਕਿਸੇ ਦੇ ਮੰਗਣੇ ਜਾਂ ਵਿਆਹ ਦੀ ਖੁਸ਼ੀ ‘ਤੇ ਲਾਏ ਸਪੀਕਰ ਤੋਂ ਸਭ ਤੋਂ ਪਹਿਲਾਂ ਯਮਲਾ ਜੱਟ ਦਾ ‘ਸਤਗੁਰ ਨਾਨਕ ਤੇਰੀ ਲੀਲਾ ਨਿਆਰੀ ਐ’ ਤਵਾ ਹੀ ਵੱਜਦਾ। ਇਸ ਤੋਂ ਇਲਾਵਾ ‘ਸਤਗੁਰ ਨਾਨਕ ਆ ਜਾ’, ‘ਚਾਂਦੀ ਦੀਆਂ ਛਿੱਲੜਾਂ ਕੀ ਵੀਹ ਨਕਾਰੀਆਂ’, ‘ਅਹੁ ਆ ਗਿਆ ਜੇ ਕਾਲੂ ਦਾ ਦੁਲਾਰਾ’, ‘ਨਾਨਕੀ ਦਾ ਵੀਰ ਸਈਓ ਹੋ ਗਿਆ ਫਕੀਰ’ ਆਦਿ ਪ੍ਰਸਿਧ ਗੀਤ ਹਨ।
ਲਾਲ ਚੰਦ ਨੌਂ ਸਾਲ ਦੀ ਉਮਰ ਵਿਚ ਕੋਠੇ ਵਾਲੀ ਖੁਰਸ਼ੈਦਾ ਬਾਈ ਦੀ ਆਵਾਜ਼ ਤੋਂ ਪ੍ਰਭਾਵਿਤ ਹੋ ਕੇ ਉਸ ਦੀ ਭਾਲ ਵਿਚ ਤੁਰ ਪਿਆ। ਗਲੀਆਂ ਬਾਜ਼ਾਰਾਂ ਵਿਚ ਗਾਉਂਦਾ ਹੋਇਆ ਭੌਂਦਾ ਫਿਰਦਾ ਸੀ। ਕਿਸੇ ਗਲੀ ਵਿਚ ਇਕ ਬੁੱਢੀ ਮਾਈ ਨੇ ਵਰਚਾ ਕੇ ਆਪਣੇ ਕੋਲ ਬਿਠਾ ਲਿਆ। ਨਿੱਕੇ ਜਿਹੇ ਬਾਲ ਮੂੰਹੋਂ ਮਾਹੀਆ, ਟੱਪੇ ਆਦਿ ਸੁਣੇ। ਕੁਝ ਪੈਸੇ ਦੇ ਕੇ ਇਸ ਕਿਸਮ ਦੇ ਮੁਹੱਲਿਆਂ ਵਿਚ ਆਉਣ ਤੋਂ ਵਰਜ ਕੇ ਘਰ ਨੂੰ ਤੋਰਿਆ। ਫਿਰ ਉਸ ਨੇ ਜਾਂਗਲੀ ਲੋਕਾਂ ਨਾਲ ਵਿਚਰਦਿਆਂ ਤੇ ਕੰਮ ਕਾਰ ਕਰਦਿਆਂ ਦੋਹੜੇ, ਢੋਲੇ, ਮਾਹੀਏ ਸੁਣੇ, ਸਿੱਖੇ ਅਤੇ ਗੁਣਗੁਣਾਉਣੇ ਸ਼ੁਰੂ ਕਰ ਦਿੱਤੇ। ਪਿੱਤਲ ਦੀ ਕੌਲੀ ਵਿਚ ਛੋਟਾ ਡੰਡਾ ਫਸਾ ਕੇ ਇਕ ਤਾਰੇ ਦਾ ਛੋਟਾ ਰੂਪ ਤੂੰਬੀ ਬਣਾਈ।
ਯਮਲਾ ਜੱਟ ਦੀ ਗਾਇਕੀ ਦਾ ਆਰੰਭ ਲੋਕ ਗਾਥਾਵਾਂ ਤੋਂ ਹੀ ਹੋਇਆ। ਪਹਿਲਾਂ ਪਹਿਲ ਉਸ ਨੇ ਪਰੰਪਰਿਕ ਲੋਕ ਗਾਥਾਵਾਂ ਗਾਵੀਆਂ ਅਤੇ ਆਪਣੀ ਪਛਾਣ ਬਣਾਈ। ਲੋਕ ਗਾਥਾਵਾਂ ਨਾਲ ਸਬੰਧਿਤ ਉਸ ਦੇ ਅਨੇਕਾਂ ਰਿਕਾਰਡ ਗੀਤ ਹਨ। ਇਨ੍ਹਾਂ ਵਿਚ ਪੂਰਨ ਭਗਤ, ਢੋਲ ਸੰਮੀ, ਜੈਮਲ ਫੱਤਾ, ਹੀਰ, ਸੋਹਣੀ, ਸੱਸੀ ਆਦਿ ਸ਼ਾਮਲ ਹਨ। ‘ਪੂਰਨ ਭਗਤ’ ਦੀ ਗਾਥਾ ਕਰੁਣਾ ਰਸ ਦੀ ਉਤਮ ਉਦਾਹਰਨ ਹੈ। ਇਸ ਤਰ੍ਹਾਂ ਯਮਲੇ ਨੇ ਆਧੁਨਿਕ ਗੀਤਾਂ ਦੇ ਨਾਲ ਨਾਲ ਪਰੰਪਰਿਕ ਗਾਥਾਵਾਂ ਨੂੰ ਵੀ ਰਿਕਾਰਡ ਕਰਵਾ ਕੇ ਬਰਾਬਰ ਦਾ ਮਾਣ ਦਿੱਤਾ ਹੈ।
ਉਸ ਦੇ ਸਮਾਜਿਕ ਗੀਤਾਂ ਵਿਚ ਸਦਾਚਾਰਕ, ਦੇਸ਼ ਪਿਆਰ ਅਤੇ ਇਸ਼ਕ ਮਿਜ਼ਾਜੀ ਨਾਲ ਸਬੰਧਿਤ ਗੀਤ ਸ਼ਾਮਲ ਹਨ। ਸਦਾਚਾਰਕ ਗੀਤਾਂ ਵਿਚ ਉਸ ਨੇ ਉਪਦੇਸ਼ਾਤਮਕ ਸ਼ੈਲੀ ਵਿਚ ਲੋਕ ਤੱਥਾਂ ਰਾਹੀਂ ਆਪਣੀ ਗੱਲ ਕਹੀ ਹੈ। ‘ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਜ਼ੁਬਾਨੀ’, ‘ਜੰਗਲ ਦੇ ਵਿਚ ਖੂਹਾ ਲੁਆ ਦੇ’, ‘ਚਿੱਟਾ ਹੋ ਗਿਆ ਲਹੂ ਭਰਾਵੋ’ ਆਦਿ ਇਸ ਵੰਨਗੀ ਦੇ ਗੀਤ ਹਨ।
ਦੇਸ਼ ਪਿਆਰ ਦੇ ਗੀਤਾਂ ਵਿਚ ਦੇਸ਼ ਵਾਸੀਆਂ ਨੂੰ ਹਲੂਣਾ ਦਿੱਤਾ ਗਿਆ ਹੈ। ਅਜਿਹੇ ਗੀਤਾਂ ਵਿਚ ‘ਭਾਰਤ ਮਾਂ ਦੇ ਸ਼ੇਰ ਜਵਾਨੋ’, ‘ਜਵਾਨੋ ਜ਼ਿੰਦਗੀ ਵਾਰੋ’, ‘ਆਜ਼ਾਦੀ ਮੁੱਲ ਮੰਗਦੀ ਏ’, ‘ਦੇਸ ਵਾਸੀਓ ਬਚਾ ਲਓ ਨਾਵਾਂ’, ‘ਰਹੋ ਸਲਾਮਤ ਅਮਰ ਸ਼ਹੀਦੋ’ ਆਦਿ ਸ਼ਾਮਲ ਹਨ। ਇਸ਼ਕ ਮਿਜ਼ਾਜੀ ਵਾਲੇ ਗੀਤਾਂ ਵਿਚ ਸੱਜਣ ਦੀ ਚਾਹਤ, ਗਿਲੇ ਸ਼ਿਕਵੇ, ਵਿਛੋੜੇ ਦੀ ਹੂਕ, ਵਸਲ ਦੀ ਤਾਂਘ ਆਦਿ ਸਮਾਏ ਹੋਏ ਹਨ। ਇਨ੍ਹਾਂ ਵਿਚ ‘ਜਵਾਨੀ ਮੇਰੀ ਰਾਂਗਲੀ ‘ਚੋਂ ਉਡੀਂ ਜਾਵੇ ਨੂਰ ਵੇ’, ‘ਕੁਝ ਬੋਲ ਤੂੰ ਬਨੇਰੇ ਉਤੋਂ ਕਾਵਾਂ’, ‘ਸਾਡੇ ਪਿਆਰ ਦਾ ਤੂੰ ਕੀ ਏ ਮੁੱਲ ਪਾਇਆ’, ‘ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾਵੀਂ ਵੇ’, ‘ਤੇਰੇ ਨੀ ਕਰਾਰਾਂ ਮੈਨੂੰ ਪੱਟਿਆ’ ਆਦਿ ਸ਼ਾਮਲ ਹਨ। ਉਸ ਦੀ ਆਵਾਜ਼ ਵਿਚ ਦੋਗਾਣੇ ਵੀ ਰਿਕਾਰਡ ਹੋਏ ਮਿਲਦੇ ਹਨ। ਭਾਵੇਂ ਇਨ੍ਹਾਂ ਗੀਤਾਂ ਦੀ ਗਿਣਤੀ ਥੋੜ੍ਹੀ ਹੈ। ਇਨ੍ਹਾਂ ਵਿਚ ਉਸ ਦਾ ਸਾਥ ਗਾਇਕਾ ਮਹਿੰਦਰਜੀਤ ਸੇਖੋਂ ਨੇ ਨਿਭਾਇਆ ਹੈ। ਇਨ੍ਹਾਂ ਵਿਚ ਪਤੀ ਪਤਨੀ ਦੀ ਨੋਕਝੋਕ ਤੋਂ ਇਲਾਵਾ ਜੱਗ ਤੇ ਰੱਬ ਦੀ ਗੱਲ ਕੀਤੀ ਗਈ ਹੈ। ਇਹ ਸਭ ਗੱਲਾਂ ਲੋਕ ਚਿੰਨ੍ਹਾਂ ਰਾਹੀਂ ਕੀਤੀਆਂ ਗਈਆਂ ਹਨ।
1930 ਵਿਚ ਪਿੰਡ 42 ਚੱਕ ਜ਼ਿਲ੍ਹਾ ਮੁਲਤਾਨ ਦੇ ਕਰਮ ਚੰਦ ਦੀ ਪੁੱਤਰੀ ਰਾਮ ਰੱਖੀ ਯਮਲੇ ਜੱਟ ਦੀ ਜੀਵਨ ਸਾਥਣ ਬਣੀ। 1947 ਤਕ ਕੋਈ ਔਲਾਦ ਨਾ ਬਚੀ। ਬਾਅਦ ਵਿਚ ਪੰਜ ਪੁੱਤਰ ਅਤੇ ਦੋ ਧੀਆਂ ਜਨਮੀਆਂ। ਪੁੱਤਰਾਂ ਵਿਚ ਕਰਤਾਰ ਚੰਦ ਸਭ ਤੋਂ ਵੱਡਾ ਹੈ। ਉਸ ਤੋਂ ਛੋਟੇ ਜਸਵਿੰਦਰ, ਜਗਵਿੰਦਰ, ਜਸਦੇਵ ਤੇ ਜਗਦੀਸ਼ ਹੋਏ। ਸਾਰੇ ਕਿਸੇ ਨਾ ਕਿਸੇ ਰੂਪ ਵਿਚ ਕਲਾ ਨਾਲ ਜੁੜੇ ਰਹੇ। ਇਨ੍ਹਾਂ ਵਿਚੋਂ ਹੁਣ ਵੱਡਾ ਕਰਤਾਰ ਚੰਦ ਹੀ ਜੀਵਤ ਹੈ। ਉਸ ਦੇ ਪੋਤਰੇ ਸੁਰੇਸ਼ ਯਮਲਾ ਅਤੇ ਵਿਜੈ ਯਮਲਾ ਵੀ ਸੰਗੀਤ ਨਾਲ ਜੁੜੇ ਹੋਏ ਹਨ।
ਯਮਲੇ ਨੇ ਆਪਣੇ ਡੇਰੇ ਜਵਾਹਰ ਨਗਰ ਵਿਖੇ 15 ਹਾੜ੍ਹ 1954 ਨੂੰ ਪੀਰ ਕਟੋਰੇ ਸ਼ਾਹ ਦੀ ਯਾਦ ਵਿਚ ਮੇਲਾ ਲਾਉਣਾ ਸ਼ੁਰੂ ਕੀਤਾ ਸੀ ਜੋ ਹਰ ਸਾਲ ਲਾਇਆ ਜਾਂਦਾ ਸੀ। ਇਥੇ ਉਸ ਦੀ ਗਾਇਕੀ ਨਾਲ ਮੋਹ ਰੱਖਣ ਵਾਲੇ ਹਾਜ਼ਰੀ ਭਰਦੇ ਸਨ। ਇਸੇ ਮੇਲੇ ‘ਤੇ 1957 ਤੋਂ ਸ਼ਾਗਿਰਦੀ ਪ੍ਰਥਾ ਦਾ ਆਰੰਭ ਹੋਇਆ। ਸੈਂਕੜਿਆਂ ਦੀ ਗਿਣਤੀ ਵਿਚ ਸ਼ਾਗਿਰਦਾਂ ਨੇ ਯਮਲਾ ਜੱਟ ਤੋਂ ਗਾਇਕੀ ਦੀ ਦੀਖਿਆ ਲਈ।
ਯਮਲੇ ਜੱਟ ਨੇ ਗਾਇਕੀ ਦੇ ਨਾਲ ਨਾਲ ਪੰਜਾਬੀ ਗੀਤਕਾਰੀ ਦੇ ਖੇਤਰ ਵਿਚ ਵੀ ਵੱਡਾ ਯੋਗਦਾਨ ਪਾਇਆ ਹੈ। ਉਸ ਨੇ ਸੈਂਕੜੇ ਗੀਤ ਲਿਖੇ ਅਤੇ ਰਿਕਾਰਡ ਕਰਵਾਏ। 1966 ਵਿਚ ਪ੍ਰੋ. ਕ੍ਰਿਪਾਲ ਸਿੰਘ ਕਸੇਲ ਨੇ ਇਨ੍ਹਾਂ ਗੀਤਾਂ ਨੂੰ ਸੰਪਾਦਤ ਕਰਕੇ ‘ਤੂੰਬੀ ਦੀ ਤਾਰ’ ਨਾਂ ਦੀ ਕਿਤਾਬ ਛਪਵਾਈ। ਇਸੇ ਤਰ੍ਹਾਂ 1980 ਵਿਚ ਉਨ੍ਹਾਂ ਨੇ ‘ਤੂੰਬੀ ਦੀ ਪੁਕਾਰ’ ਨਾਂ ਦੀ ਕਿਤਾਬ ਦਾ ਸੰਪਾਦਨ ਕੀਤਾ। ਇਨ੍ਹਾਂ ਤੋਂ ਇਲਾਵਾ ਸੈਂਕੜੇ ਗੀਤ ਅਣਛਪੇ ਹਨ। 1990 ਦੀ ਰਾਤ ਨੂੰ ਘਰ ਵਿਚ ਹੀ ਡਿੱਗਣ ਕਾਰਨ ਉਸ ਦਾ ਚੂਲਾ ਉਤਰ ਗਿਆ। ਕਈ ਮਹੀਨੇ ਹਸਪਤਾਲ ਵਿਚ ਲੱਤ ਨੂੰ ਖਿੱਚ ਪਾਈ ਰੱਖੀ। ਅਕਤੂਬਰ 1991 ਨੂੰ ਪੰਜਾਬੀ ਭਵਨ ਵਿਖੇ ਲੱਗੇ ਮੇਲੇ ਵਿਚ ਬੰਨ੍ਹੀ ਲੱਤ ਨਾਲ ਕੁਰਸੀ ‘ਤੇ ਬੈਠ ਕੇ ਹਾਜ਼ਰੀ ਭਰੀ ਅਤੇ ਲੋਕਾਂ ਦੀ ਫਰਮਾਇਸ਼ ‘ਤੇ ਦੋ ਗੀਤ ‘ਤੇਰੇ ਨੀ ਕਰਾਰਾਂ ਮੈਨੂੰ ਪੱਟਿਆ’ ਅਤੇ ‘ਵਿਸਕੀ ਦੀ ਬੋਤਲ ਵਰਗੀ’ ਸੁਣਾਏ। ਇਥੇ ਹਜ਼ਾਰਾਂ ਲੋਕਾਂ ਨੇ ਆਖਰੀ ਵਾਰ ਯਮਲੇ ਨੂੰ ਸੁਣਿਆ। 20 ਦਸੰਬਰ 1991 ਨੂੰ ਕਲਾ ਦੇ ਇਸ ਮੁਜੱਸਮੇ ਨੇ ਆਖਰੀ ਸਾਹ ਲਿਆ।