ਨਸਲਕੁਸ਼ੀ ਦੀ ਪੈੜਚਾਲ

ਨਸਲਕੁਸ਼ੀ ਮਨੁੱਖਤਾ ਦੇ ਇਤਿਹਾਸ ਦਾ ਸਭ ਤੋਂ ਘਿਨੌਣਾ ਵਰਤਾਰਾ ਹੈ, ਜੋ ਵਾਰ-ਵਾਰ ਵਾਪਰਿਆ ਹੈ। ਇਸ ਲੇਖ ਵਿਚ ਆਕਸਫੋਰਡ ਬਰੁਕਸ ਯੂਨੀਵਰਸਿਟੀ ਵਿਚ ਅਰਥ ਸ਼ਾਸਤਰ ਦੇ ਪ੍ਰੋਫੈਸਰ ਪ੍ਰੀਤਮ ਸਿੰਘ ਨੇ 20ਵੀਂ ਸਦੀ ਦੌਰਾਨ ਹੋਈ ਨਸਲਕੁਸ਼ੀ ਬਾਰੇ ਕੁਝ ਟਿੱਪਣੀਆਂ ਕਰਦਿਆਂ ਪਹਿਲੀ ਅਤੇ ਦੂਜੀ ਸੰਸਾਰ ਜੰਗ ਦੌਰਾਨ ਮਨੁੱਖੀ ਸਭਿਅਤਾ ਦੇ ਮੱਥੇ ‘ਤੇ ਲੱਗੇ ਦਾਗਾਂ ਦਾ ਜ਼ਿਕਰ ਕੀਤਾ ਗਿਆ ਹੈ।

-ਸੰਪਾਦਕ

ਪ੍ਰੋ. ਪ੍ਰੀਤਮ ਸਿੰਘ

ਸੰਯੁਕਤ ਰਾਸ਼ਟਰ ਨੇ 9 ਦਸੰਬਰ 1948 ਨੂੰ ਨਸਲਕੁਸ਼ੀ ਅਪਰਾਧ ਦੀ ਰੋਕਥਾਮ ਤੇ ਸਜ਼ਾ ਕਨਵੈਨਸ਼ਨ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਅਤੇ 10 ਦਸੰਬਰ ਨੂੰ ਮਨੁੱਖੀ ਅਧਿਕਾਰ ਸਰਬ ਸਾਂਝਾ ਐਲਾਨਨਾਮਾ ਅਪਨਾਇਆ। ਸੰਯੁਕਤ ਰਾਸ਼ਟਰ ਆਪਣੇ ਆਪ ਵਿਚ ਦੂਜੀ ਆਲਮੀ ਜੰਗ (1939-45) ਦੇ ਖੌਫ ਦੀ ਪੈਦਾਵਾਰ ਸੀ, ਜੋ ਅਕਤੂਬਰ 1945 ਵਿਚ ਇਹ ਪ੍ਰਵਾਨ ਕੀਤੇ ਜਾਣ ਨਾਲ ਹੋਂਦ ਵਿਚ ਆਇਆ ਕਿ ਇਕ ਹੀ ਸਭਿਆਚਾਰ, ਭਾਸ਼ਾ, ਇਤਿਹਾਸ ਆਦਿ ਦੇ ਆਧਾਰ ‘ਤੇ ਬਣੇ ਆਜ਼ਾਦ ਮੁਲਕਾਂ ਦਰਮਿਆਨ ਮਤਭੇਦਾਂ ਤੇ ਵਿਵਾਦਾਂ ਨੂੰ ਗੱਲਬਾਤ ਰਾਹੀਂ ਨਿਪਟਾਉਣ ਅਤੇ ਅਜਿਹਾ ਕਰਦਿਆਂ ਮਤਭੇਦਾਂ ਤੇ ਵਿਵਾਦਾਂ ਨੂੰ ਨਜ਼ਰਅੰਦਾਜ਼ ਕਰਨ ਦੀ ਨਹੀਂ, ਘਟਾਉਣ ਦੀ ਲੋੜ ਹੈ। ਇਨ੍ਹਾਂ ਮਤਭੇਦਾਂ ਅਤੇ ਵਿਵਾਦਾਂ ਨੂੰ (ਜੇ ਜ਼ਰੂਰਤ ਮਹਿਸੂਸ ਹੋਵੇ) ਸਾਂਝੇ ਮਨੁੱਖੀ ਸਰੋਕਾਰਾਂ ਅਧੀਨ ਘਟਾਇਆ ਜਾਣਾ ਚਾਹੀਦਾ ਹੈ। ਤੱਥ ਇਹ ਹੈ ਕਿ 1939 ਦੇ ਬਾਅਦ ਹੋਰ ਵਿਸ਼ਵ ਜੰਗ ਨਹੀਂ ਛਿੜੀ, ਜੋ ਸੰਯੁਕਤ ਰਾਸ਼ਟਰ ਦੇ ਮਜ਼ਬੂਤ ਹੋਣ ਦੀ ਗਵਾਹੀ ਭਰਦੀ ਹੈ। ਫਿਰ ਵੀ 1948 ਵਿਚ ਲੱਭਿਆ ਗਿਆ ਹੱਲ ਸੀਮਿਤ ਸੀ, ਖਾਸ ਤੌਰ ‘ਤੇ ਜੇ ਇਸ ਗੱਲ ਦੇ ਮੱਦੇਨਜ਼ਰ ਕਿ ਦੂਜੀ ਆਲਮੀ ਜੰਗ, ਪਹਿਲੀ ਆਲਮੀ ਜੰਗ (1914-18) ਦੇ ਮਹਿਜ਼ ਵਰ੍ਹਿਆਂ ਬਾਅਦ ਹੋ ਗਈ ਸੀ ਜਦੋਂਕਿ ਉਸ ਸਮੇਂ ਕੋਈ ਕੌਮਾਂਤਰੀ ਤਾਲਮੇਲ ਸੰਗਠਨ ਨਹੀਂ ਸੀ। ਉਦੋਂ ਸੰਯੁਕਤ ਰਾਸ਼ਟਰ ਹੋਂਦ ਵਿਚ ਨਹੀਂ ਆਇਆ ਸੀ।
ਦੂਜੀ ਆਲਮੀ ਜੰਗ ਪਿਛੋਂ ਦਾ ਸਮਾਂ ਸਮੁੱਚੀ ਤੀਜੀ ਦੁਨੀਆਂ ਵਿਚ ਬਸਤੀਵਾਦ ਦੇ ਖਾਤਮੇ ਦਾ ਵੀ ਸੀ। ਬਸਤੀਵਾਦ ਦੇ ਖਾਤਮੇ ਨਾਲ 1947 ਵਿਚ ਭਾਰਤ ਅਤੇ ਪਾਕਿਸਤਾਨ ਸਮੇਤ ਕੁਝ ਨਵੇਂ ਦੇਸ਼ਾਂ ਦਾ ਜਨਮ ਵੀ ਹੋਇਆ। ਇਨ੍ਹਾਂ ਵਿਚੋਂ ਕਈ ਨਵੇਂ ਮੁਲਕਾਂ ਦੀਆਂ ਭੂਗੋਲਿਕ ਸਰਹੱਦਾਂ ਬਹੁਤ ਜਲਦਬਾਜ਼ੀ ਵਿਚ ਉਲੀਕੀਆਂ ਗਈਆਂ, ਜਿਵੇਂ 1947 ਵਿਚ ਭਾਰਤ ਤੇ ਪਾਕਿਸਤਾਨ ਦੀਆਂ। ਇਸ ਦੇ ਨਾਲ ਹੀ ਨਵੇਂ ਦੇਸ਼ਾਂ ਦਾ ਵਿਚਾਰ ਅਮਲੀ ਤੌਰ ‘ਤੇ ਸਮੱਸਿਆ ਮੁਕਤ ਨਹੀਂ ਸੀ। ਸਮੁੱਚੀ ਬਸਤੀਵਾਦੀ ਦੁਨੀਆਂ, ਖਾਸ ਕਰਕੇ ਏਸ਼ੀਆ ਅਤੇ ਅਫਰੀਕਾ ਵਿਚ ਬਹੁਤੀਆਂ ਖਾਹਿਸ਼ਮੰਦ ਕੌਮਾਂ, ਭਾਸ਼ਾਈ ਗਰੁਪਾਂ ਅਤੇ ਨਸਲੀ ਭਾਈਚਾਰਿਆਂ ਨੂੰ ਬਸਤੀਵਾਦ ਦੇ ਬਾਅਦ ਵਾਲੇ ਦੇਸ਼ਾਂ ਦੀਆਂ ਸਰਹੱਦਾਂ ਉਲੀਕਣ ਸਮੇਂ ਇਕ-ਦੂਜੇ ਨਾਲ ਬੰਨ ਦਿੱਤਾ ਗਿਆ। ਸਿੱਟਾ ਇਹ ਨਿਕਲਿਆ ਕਿ ਭਵਿਖੀ ਕੌਮਪ੍ਰਸਤ ਅਤੇ ਨਸਲੀ ਵਿਵਾਦਾਂ ਦੀਆਂ ਸੰਭਾਵਨਾਵਾਂ ਇਨ੍ਹਾਂ ਦੇਸ਼ਾਂ ਦੇ ਹੋਂਦ ਵਿਚ ਆਉਣ ਸਾਰ ਹੀ ਪੈਦਾ ਹੋ ਗਈਆਂ। ਇਹ ਮਹਿਜ ਇਤਫਾਕ ਨਹੀਂ ਕਿ ਦੇਸ਼ਾਂ ਦਰਮਿਆਨ ਜੰਗਾਂ ਦਾ ਸਥਾਨ ਤੇਜ਼ੀ ਨਾਲ ਦੇਸ਼ਾਂ ਦੀਆਂ ਅੰਦਰੂਨੀ ਜੰਗਾਂ ਨੇ ਲੈ ਲਿਆ, ਜੋ ਅੰਦਰੂਨੀ ਕੌਮਪ੍ਰਸਤ ਤੇ ਨਸਲੀ ਵਿਵਾਦਾਂ ਕਾਰਨ ਛਿੜੀਆਂ। ਫੌਜਾਂ ਦੀ ਸਭ ਤੋਂ ਵੱਡੀ ਤਾਇਨਾਤੀ ਹੁਣ ਦੇਸ਼ਾਂ ਦਰਮਿਆਨ ਜੰਗਾਂ ਕਾਰਨ ਨਹੀਂ, ਸਗੋਂ ਅੰਦਰੂਨੀ ਹਥਿਆਰਬੰਦ ਅੰਦੋਲਨਾਂ ਨਾਲ ਨਿਪਟਣ ਲਈ ਕੀਤੀ ਜਾਂਦੀ ਹੈ। ਅੰਦਰੂਨੀ ਅੰਦੋਲਨ ਜਦੋਂ ਹਥਿਆਰਬੰਦ ਟਕਰਾਅ ਦਾ ਰੂਪ ਧਾਰਨ ਕਰ ਜਾਂਦੇ ਹਨ ਤਾਂ ਮਨੁੱਖੀ ਅਧਿਕਾਰਾਂ ਦੀ ਵੱਡੇ ਪੱਧਰ ‘ਤੇ ਉਲੰਘਣਾ ਤੀਜੀ ਦੁਨੀਆਂ ਦੇ ਬਸਤੀਵਾਦ ਦੇ ਖਾਤਮੇ ਬਾਅਦ ਹੋਂਦ ਵਿਚ ਆਏ ਮੁਲਕਾਂ ਵਿਚ ਹੀ ਨਹੀਂ ਹੁੰਦੀ, ਸਗੋਂ ਇਹ ਯੂਰਪ ਦੇ ਕਈ ਹਿੱਸਿਆਂ ਵਿਚ ਵੀ ਨਜ਼ਰ ਆਈ ਹੈ, ਖਾਸ ਕਰਕੇ ਸਾਬਕਾ ਯੂਗੋਸਲਾਵੀਆ ਦੇ ਟੁੱਟਣ ਪਿਛੋਂ।
1948 ਵਿਚ ਪ੍ਰਵਾਨ ਕੀਤੀ ਗਈ ਨਸਲਕੁਸ਼ੀ ਅਪਰਾਧ ਦੀ ਰੋਕਥਾਮ ਅਤੇ ਸਜ਼ਾ ਕਨਵੈਨਸ਼ਨ ਆਪਣੇ ਆਪ ਵਿਚ ਆਜ਼ਾਦ ਮੁਲਕਾਂ ਵਲੋਂ ਆਪਣੇ ਹੀ ਨਾਗਰਿਕਾਂ ਉਪਰ ਕੀਤੀ ਜਾਂਦੀ ਹਿੰਸਾ ਦਾ ਜਵਾਬ ਸੀ। ਅਡੌਲਫ ਹਿਟਲਰ ਦੀ ਨਾਜ਼ੀ ਪਾਰਟੀ ਦੀ ਅਗਵਾਈ ਵਾਲੀ ਜਰਮਨ ਸਰਕਾਰ ਨੇ 1941-44 ਦਰਮਿਆਨ ਯੂਰਪ ਵਿਚ ਕਰੀਬ ਸੱਠ ਲੱਖ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਮਾਰੇ ਗਏ ਬਹੁਤੇ ਯਹੂਦੀ ਜਰਮਨੀ ਦੇ ਨਾਗਰਿਕ ਸਨ। ਪੌਲਿਸ਼ ਯਹੂਦੀ ਵਕੀਲ ਰਾਫੇਲ ਲੈਮਕਿਨ ਨੇ 1943 ਵਿਚ ਸਮੂਹਿਕ ਹੱਤਿਆਵਾਂ ਨੂੰ ਪਛਾਣ ਦੇਣ ਲਈ ‘ਨਸਲਕੁਸ਼ੀ’ ਸ਼ਬਦ ਘੜਿਆ ਸੀ। ਉਸ ਨੇ ਹੀ ਸੰਯੁਕਤ ਰਾਸ਼ਟਰ ਵਲੋਂ ਪਾਸ ਕੀਤੀ ਨਸਲਕੁਸ਼ੀ ਕਨਵੈਨਸ਼ਨ ਦਾ ਖਰੜਾ ਤਿਆਰ ਕੀਤਾ ਸੀ। ਸਾਲ 1959 ਵਿਚ 59 ਸਾਲ ਦੀ ਉਮਰੇ ਲੈਮਕਿਨ ਦੀ ਮੌਤ ਹੋ ਗਈ। ਉਸ ਦੀ ਮੌਤ ਤੋਂ ਕਈ ਸਾਲਾਂ ਪਿਛੋਂ 2013 ਵਿਚ ਉਸ ਦੀ ਸਵੈ-ਜੀਵਨੀ ਛਾਪੀ ਗਈ। ਲੈਮਕਿਨ ਨੇ ਇਸ ਵਿਚ ਲਿਖਿਆ ਹੈ ਕਿ ਅਸਲ ਵਿਚ ਉਸ ਦਾ ਖੋਜ ਕਾਰਜ ਅਤੇ ਜ਼ਿੰਦਗੀ ਭਰ ਦੀ ਮੁਹਿੰਮ ਦਾ ਆਗਾਜ਼ 1915-17 ਦਰਮਿਆਨ ਹੋਈ ਅਰਮੀਨੀਅਨ ਨਸਲਕੁਸ਼ੀ ‘ਤੇ ਆਧਾਰਤ ਹੈ। ਇਸ ਵਿਚ ਅੰਦਾਜ਼ਨ ਦਸ ਤੋਂ ਪੰਦਰਾਂ ਲੱਖ ਦਰਮਿਆਨ ਅਰਮੀਨੀਅਨ ਮਾਰੇ ਗਏ ਸਨ। ਅਰਮੀਨੀਅਨ ਨਸਲਕੁਸ਼ੀ ਨੂੰ ਪਹਿਲੀ ਆਧੁਨਿਕ ਨਸਲਕੁਸ਼ੀ ਮੰਨਿਆ ਜਾਂਦਾ ਹੈ। ਤੁਰਕੀ ਦੇ ਓਟੋਮਨ ਸਾਮਰਾਜ ਨੇ ਅਰਮੀਨੀਅਨਾਂ ਦੀਆਂ ਹੱਤਿਆਵਾਂ ਅਗਾਊਂ ਸੋਚ ਸਮਝ ਕੇ ਕੀਤੀਆਂ ਸਨ। ਇਨ੍ਹਾਂ ਵਿਚੋਂ ਬਹੁਤੇ ਓਟੋਮਨ ਸਾਮਰਾਜ ਦੇ ਨਾਗਰਿਕ ਸਨ।
1948 ਦੀ ਕਨਵੈਨਸ਼ਨ ਵਿਚ ਨਸਲਕੁਸ਼ੀ ਦੀ ਪਰਿਭਾਸ਼ਾ ਵਿਚ ਇਹ ਹਵਾਲਾ ਸ਼ਾਮਲ ਕੀਤਾ ਗਿਆ: ‘ਨਾਗਰਿਕ, ਨਸਲ, ਨਸਲੀ ਜਾਂ ਧਾਰਮਕ ਗਰੁਪ ਨੂੰ ਪੂਰੀ ਤਰ੍ਹਾਂ ਜਾਂ ਅੰਸ਼ਕ ਰੂਪ ਵਿਚ ਤਬਾਹ ਕਰਨ ਦੀ ਇੱਛਾ ਨਾਲ ਕੀਤਾ ਗਿਆ ਕਾਰਜ।’ ਇਹ ਪਰਿਭਾਸ਼ਾ ਭਾਵੇਂ ਬਹੁਤ ਦਰੁਸਤ ਜਾਪਦੀ ਹੈ ਪਰ ਇਹ ਸਮੂਹਿਕ ਹੱਤਿਆਵਾਂ ਦੇ ਸਾਰੇ ਪੱਖਾਂ ਨੂੰ ਫੜ ਰਹੀ ਹੈ, ਸੰਤੁਸ਼ਟ ਨਹੀਂ ਕਰਦੀ। ਵੀਹਵੀਂ ਸਦੀ ਵਿਚ ਸਮੂਹਿਕ ਹੱਤਿਆਵਾਂ ਦੇ ਦੋ ਅਜਿਹੇ ਮੌਕੇ ਹਨ, ਜੋ ਇਸ ਪਰਿਭਾਸ਼ਾ ਨਾਲ ਸੁਮੇਲ ਬਿਠਾਉਣ ਵਿਚ ਮੁਸ਼ਕਿਲ ਖੜ੍ਹੀ ਕਰਦੇ ਹਨ। ਪਹਿਲਾ, ਸਟਾਲਿਨ ਵਲੋਂ 1930ਵਿਆਂ ਵਿਚ ਸਿਆਸੀ ਵਿਰੋਧੀਆਂ ਨੂੰ ਸੋਧਣ ਲਈ ਕੀਤਾ ਗਿਆ ਦਮਨ। ਅਜਿਹੀਆਂ ਦਮਨਕਾਰੀ ਨੀਤੀਆਂ ਕਾਰਨ ਕਰੀਬ ਦਸ ਲੱਖ ਲੋਕ ਮਾਰੇ ਗਏ। ਇਹ ਹੱਤਿਆਵਾਂ ਉਪਰੋਕਤ ਪਰਿਭਾਸ਼ਾ ਦੇ ਦਾਇਰੇ ਵਿਚ ਨਹੀਂ ਆਉਂਦੀਆਂ, ਕਿਉਂਕਿ ਅਜਿਹਾ ਖੱਬੇ ਤੇ ਸੱਜੇ ਪੱਖੀਆਂ ਦੇ ਸਟਾਲਿਨ ਦੀਆਂ ਸ਼ਕਤੀਆਂ ਦੇ ਸਿਆਸੀ ਵਿਰੋਧ ਵਜੋਂ ਵਾਪਰਿਆ ਜਾਂ ਗੁਮਰਾਹਕੁਨ ਸਨਅਤੀ ਰਣਨੀਤੀ ਕਾਰਨ, ਜੋ ਕਿਸਾਨਾਂ ਨੂੰ ਦਬਾਉਣ ਲਈ ਲੋੜੀਂਦੀ ਸੀ। ਦੂਜਾ ਮੌਕਾ ਸਟਾਲਿਨਵਾਦੀ ਖਮੇਰ ਰੂਜ਼ ਦੇ ਰਾਜਭਾਗ ਵਿਚ 1975-79 ਦੌਰਾਨ ਕੰਬੋਡੀਅਨਾਂ ਦੀਆਂ 15 ਲੱਖ ਤੋਂ ਵੱਧ ਹੱਤਿਆਵਾਂ ਦਾ ਸੀ, ਜੋ ਉਥੋਂ ਦੀ ਕੁੱਲ ਆਬਾਦੀ ਦਾ ਕਰੀਬ 25 ਫੀਸਦੀ ਬਣਦੀਆਂ ਹਨ। ਅਜਿਹਾ ਸਮਾਜਕ ਤਬਦੀਲੀ ਲਈ ਚਲਾਈ ਮੁਹਿੰਮ ਤਹਿਤ ਕੀਤਾ ਗਿਆ, ਕਿਉਂਕਿ ਖਮੇਰ ਰੂਜ਼ ਦੀ ਕੌਮਪ੍ਰਸਤੀ ਵਿਚ ਨਸਲੀ ਉਤਮਤਾ ਦਾ ਪਰਛਾਵਾਂ ਝਲਕਦਾ ਸੀ ਅਤੇ ਦੂਜੀਆਂ ਘੱਟ ਗਿਣਤੀਆਂ ਜਿਵੇਂ ਵੀਅਤਨਾਮੀਆਂ ਤੇ ਦੂਜੇ ਧਰਮਾਂ ਜਿਵੇਂ ਇਸਾਈਆਂ ਤੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ, ਇਸ ਲਈ ਇਸ ਨੂੰ ਨਸਲਘਾਤ ਦਾ ਨਾਂ ਦਿੱਤਾ ਗਿਆ।
ਨਸਲਕੁਸ਼ੀ ਅਪਰਾਧ ਰੋਕਣ ਅਤੇ ਅਜਿਹਾ ਕਰਨ ਵਾਲਿਆਂ ਲਈ ਸਜ਼ਾ ਵਾਸਤੇ ਕਨਵੈਨਸ਼ਨ ‘ਤੇ ਬਹੁਤ ਸਾਰੇ (149) ਮੁਲਕਾਂ ਨੇ ਦਸਤਖਤ ਕੀਤੇ ਅਤੇ ਇਸ ਸੰਧੀ ਦੀ ਪੁਸ਼ਟੀ ਵੀ ਕੀਤੀ ਪਰ ਨਸਲਕੁਸ਼ੀ ਰੋਕਣ ਵਿਚ ਵੱਡੇ ਪੱਧਰ ‘ਤੇ ਅਸਫਲਤਾ ਮਿਲੀ, ਹਾਲਾਂਕਿ ਸਜ਼ਾ ਦਿਵਾਉਣ ਵਿਚ ਕੁਝ ਸੀਮਿਤ ਹੱਦ ਤਕ ਪ੍ਰਗਤੀ ਹੋਈ ਹੈ। ਖੁਮੇਰ ਰੂਜ਼ ਦੇ ਦੋ ਆਗੂਆਂ ਨੂੰ ਨਵੰਬਰ 2018 ਵਿਚ ਨਸਲਕੁਸ਼ੀ ਦੇ ਮਾਮਲਿਆਂ ਵਿਚ ਦੋਸ਼ੀ ਠਹਿਰਾਇਆ ਗਿਆ ਹੈ। ਸਰਬੀਆ ਦੇ ਰਾਸ਼ਟਰਪਤੀ ਸਲੋਬੋਦਨ ਮਿਲੋਸੇਵਿਚ ‘ਤੇ 1999 ਵਿਚ ਨਸਲਕੁਸ਼ੀ ਕਰਨ ਦਾ ਦੋਸ਼ ਲੱਗਾ ਸੀ। ਦੋਸ਼ੀ ਠਹਿਰਾਏ ਜਾਣ ਤੋਂ ਪਹਿਲਾਂ ਹੀ ਉਹ ਪੁਲਿਸ ਹਿਰਾਸਤ ਵਿਚ ਦਮ ਤੋੜ ਗਿਆ। ਰਵਾਂਡਾ ਦਾ ਹੁਤੂ ਨੇਤਾ ਜੀਨ ਪਾਲ ਅਕਾਯੇਸੂ, ਜਿਸ ‘ਤੇ ਘੱਟ ਗਿਣਤੀ ਟੁਟਸੀ ਲੋਕਾਂ ਦੀਆਂ 1994 ਵਿਚ ਕਰੀਬ ਪੰਜ ਲੱਖ ਹੱਤਿਆਵਾਂ ਕਰਨ ਦਾ ਦੋਸ਼ ਸੀ, ਅਜਿਹਾ ਪਹਿਲਾ ਬੰਦਾ ਬਣ ਗਿਆ, ਜਿਸ ਨੂੰ 1998 ਵਿਚ ਨਸਲਕੁਸ਼ੀ ਲਈ ਦੋਸ਼ੀ ਐਲਾਨਿਆ ਗਿਆ।
ਸੰਸਥਾਗਤ ਜਵਾਬਦੇਹੀ, ਸਜ਼ਾ ਤੋਂ ਛੋਟ ਦੇ ਖਾਤਮੇ, ਮਾੜੇ ਕੰਮਾਂ ਤੋਂ ਰੋਕਣ ਦੇ ਨੁਕਤੇ ਨਾਲ ਵਿਚਾਰਿਆ ਜਾਵੇ ਤਾਂ ਇਹ ਗੱਲ ਅਹਿਮ ਹੈ ਕਿ ਜਿਨ੍ਹਾਂ ‘ਤੇ ਨਸਲਘਾਤ ਜਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ ਹਨ, ਉਨ੍ਹਾਂ ਨੂੰ ਸਜ਼ਾਵਾਂ ਮਿਲਣ। ਫਿਰ ਵੀ, ਦੁਨੀਆਂ ਦੇ ਜਿਨ੍ਹਾਂ ਹਿੱਸਿਆਂ ਵਿਚ ਲੋਕਾਂ ਦੀ ਹਾਲਤ ਬਹੁਤ ਤਰਸਯੋਗ ਹੈ, ਉਥੇ ਨਸਲਕੁਸ਼ੀ ਰੋਕਣਾ ਬਹੁਤ ਮਹੱਤਵਪੂਰਨ ਹਨ। ਅੰਕੜੇ ਇਕੱਤਰ ਕਰਨ ਲਈ ਨਵੇਂ ਢੰਗ ਤਰੀਕਿਆਂ ਦੀ ਲੋੜ ਹੈ, ਜਿਨ੍ਹਾਂ ਰਾਹੀਂ ਸਮੂਹਿਕ ਹੱਤਿਆਵਾਂ ਹੋਣ ਦੀ ਸੰਭਾਵਨਾ ਦਾ ਪਹਿਲਾਂ ਪਤਾ ਲਾਇਆ ਜਾ ਸਕੇ ਅਤੇ ਅਜਿਹੀਆਂ ਹੱਤਿਆਵਾਂ ਰੋਕਣ ਲਈ ਰਣਨੀਤੀਆਂ ਅਮਲ ਵਿਚ ਲਿਆਂਦੀਆਂ ਜਾ ਸਕਣ। ਨਵੀਂ ਆਧੁਨਿਕ ਸੂਚਨਾ ਤਕਨਾਲੋਜੀ ਅੰਕੜੇ ਇਕੱਠੇ ਕਰਨ ਵਿਚ ਲਾਭਕਾਰੀ ਹੋ ਸਕਦੀ ਹੈ ਪਰ ਅਹਿਮ ਗੱਲ ਇਹ ਹੈ ਕਿ ਕਿਸੇ ਭਾਈਚਾਰੇ ਵਿਰੁਧ ਵਰਤੀ ਜਾ ਰਹੀ ਨਫਰਤ ਭਰੀ ਸਿਆਸੀ ਭਾਸ਼ਾ ‘ਤੇ ਨਿਗਰਾਨੀ ਰੱਖੀ ਜਾਵੇ। ਇਤਿਹਾਸ ਤੋਂ ਇਕ ਸਬਕ ਇਹ ਸਿੱਖਿਆ ਜਾ ਸਕਦਾ ਹੈ ਕਿ ਸਾਰੀਆਂ ਨਸਲਕੁਸ਼ੀ ਹੱਤਿਆਵਾਂ ਦਾ ਕਾਰਨ ਉਥੇ ਨਿਸ਼ਾਨੇ ‘ਤੇ ਰਹੇ ਭਾਈਚਾਰੇ ਵਿਰੁਧ ਪਹਿਲਾਂ ਨਫਰਤ ਭਰਿਆ ਪ੍ਰਚਾਰ ਕੀਤਾ ਜਾਣਾ ਸੀ। ਇਸ ਦਾ ਅਰਥ ਹੈ ਕਿ ਮਨੁੱਖੀ ਅਧਿਕਾਰ ਉਲੰਘਣਾਵਾਂ ਸਰਕਵੇਂ ਪੱਧਰ ‘ਤੇ ਵਾਪਰਦੀਆਂ ਹਨ। ਇਨ੍ਹਾਂ ਘੱਟ ਪੱਧਰ ਦੀਆਂ ਉਲੰਘਣਾਵਾਂ ਨੂੰ ਨਜ਼ਰਅੰਦਾਜ਼ ਕਰਨ ਦਾ ਭਾਵ ਹੈ ਕਿ ਵੱਡੇ ਪੱਧਰ ‘ਤੇ ਉਲੰਘਣਾਵਾਂ ਵਾਪਰਨਗੀਆਂ। ਸੰਯੁਕਤ ਰਾਸ਼ਟਰ ਨੂੰ ਹੁਣ 70 ਸਾਲ ਪਹਿਲਾਂ ਨਾਲੋਂ ਵੱਧ ਸਰਗਰਮ ਅਤੇ ਪ੍ਰਭਾਵੀ ਹੋਣ ਦੀ ਲੋੜ ਹੈ।
ਪਹਿਲੀ ਆਲਮੀ ਜੰਗ ਦੌਰਾਨ ਹੋਈ ਨਸਲਕੁਸ਼ੀ ਵਿਚ 15 ਲੱਖ ਅਰਮੀਨੀਅਨ, 2.5 ਲੱਖ ਅਸੀਰੀਅਨ (ਇਰਾਕ, ਤੁਰਕੀ ਆਦਿ ਵਿਚ ਰਹਿਣ ਵਾਲੇ) ਇਸਾਈ ਅਤੇ 3.5 ਲੱਖ ਤੋਂ ਵੱਧ ਅਨਤੋਲੀਅਨ ਤੇ ਪੋਟਿੰਕ ਗਰੀਕ ਮਾਰੇ ਗਏ।

ਪਹਿਲੇ ਸੰਸਾਰ ਯੁੱਧ ਦੌਰਾਨ ਹੋ ਰਹੀ ਕਤਲੋਗਾਰਤ ਤੇ ਨਸਲਕੁਸ਼ੀਆਂ ਦਾ ਨਕਸ਼ਾ ਖਿੱਚਦਿਆਂ ਪ੍ਰਸਿਧ ਜਰਮਨ ਚਿੰਤਕ ਰੋਜ਼ਾ ਲਕਸਮਬਰਗ ਨੇ ਲਿਖਿਆ, “ਰੋਜ਼ਾਨਾ ਭਾਰੀ ਪੈਮਾਨੇ ‘ਤੇ ਹੋ ਰਹੀ ਕਤਲੋਗਾਰਤ ਰੋਜ਼ਮੱਰਾ ਦੇ ਜੀਵਨ ਦਾ ਨੀਰਸ ਤੇ ਅਕਾਊ ਪਹਿਲੂ ਬਣ ਕੇ ਉਭਰੀ ਹੈ ਅਤੇ ਇਸ ਦਾ ਕੋਈ ਅੰਤ ਦਿਖਾਈ ਨਹੀਂ ਦਿੰਦਾ। ਇਸ ਤਬਾਹੀ ਵਿਚ ਵਪਾਰ ਤਰੱਕੀ ਕਰ ਰਿਹਾ ਹੈ…ਸ਼ਹਿਰ ਖੰਡਰਾਤ ਬਣ ਗਏ ਹਨ, ਪਿੰਡ ਕਬਰਿਸਤਾਨ ਤੇ ਦੇਸ਼ ਮਾਰੂਥਲ਼..।”
ਪਹਿਲੀ ਸੰਸਾਰ ਜੰਗ ਦੌਰਾਨ ਅਰਮੀਨੀਅਨ ਲੋਕਾਂ ਦੀ ਨਸਲਕੁਸ਼ੀ: ਪਹਿਲੀ ਸੰਸਾਰ ਜੰਗ ਦੌਰਾਨ ਓਟੋਮਨ ਬਾਦਸ਼ਾਹਤ ਦੀਆਂ ਸਿੱਧੀਆਂ ਹਦਾਇਤਾਂ ਅਨੁਸਾਰ 15 ਲੱਖ ਅਰਮੀਨੀਅਨ ਕਤਲ ਕੀਤੇ ਗਏ। ਇਨ੍ਹਾਂ ਵਿਚੋਂ ਬਹੁਤੇ ਅਰਮੀਨੀਅਨ ਓਟੋਮਨ ਸਾਮਰਾਜ ਦੇ ਹੀ ਨਾਗਰਿਕ ਸਨ। ਇਸ ਨਸਲਕੁਸ਼ੀ ਦੀ ਸ਼ੁਰੂਆਤ 24 ਅਪਰੈਲ 1915 ਤੋਂ ਹੋਈ ਮੰਨੀ ਜਾਂਦੀ ਹੈ, ਜਦੋਂ ਬਾਦਸ਼ਾਹਤ ਦੇ ਅਧਿਕਾਰੀਆਂ ਨੇ ਇਸਤੰਬੁਲ ਤੋਂ ਕਰੀਬ 235-270 ਅਰਮੀਨੀਅਨ ਆਗੂਆਂ ਤੇ ਬੁੱਧੀਜੀਵੀਆਂ ਨੂੰ ਗ੍ਰਿਫਤਾਰ ਕਰਕੇ ਅੰਕਾਰਾ ਦੇ ਇਲਾਕੇ ਵਿਚ ਭੇਜ ਦਿੱਤਾ ਅਤੇ ਬਾਅਦ ਵਿਚ ਉਨ੍ਹਾਂ ਵਿਚੋਂ ਬਹੁਤਿਆਂ ਨੂੰ ਕਤਲ ਕਰ ਦਿੱਤਾ ਗਿਆ। ਇਸ ਨਸਲਕੁਸ਼ੀ ਦੇ ਦੋ ਪੜਾਅ ਸਨ। ਪਹਿਲੇ ਪੜਾਅ ਵਿਚ ਮਰਦਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਕਤਲ ਕੀਤਾ ਗਿਆ ਤੇ ਉਨ੍ਹਾਂ ਤੋਂ ਜਬਰੀ ਵਗਾਰ ਕਰਾਈ ਗਈ। ਦੂਜੇ ਪੜਾਅ ਵਿਚ ਔਰਤਾਂ, ਬੱਚਿਆਂ, ਬਜੁਰਗਾਂ ਤੇ ਅਪਾਹਜ ਲੋਕਾਂ ਨੂੰ ਭੁੱਖੇ ਤਿਹਾਏ ਸੀਰੀਆ ਦੇ ਮਾਰੂਥਲ ਵੱਲ ਜਲੂਸਾਂ ਦੀ ਸ਼ਕਲ ਵਿਚ ਲਿਜਾਂਦਿਆਂ ਤਸੀਹੇ ਦੇ ਕੇ ਮਾਰਿਆ ਗਿਆ। ਸਾਰੀ ਦੁਨੀਆਂ ਵਿਚ ਮਨੁੱਖਤਾ ਵਿਰੁਧ ਭਾਵੇਂ ਏਨੇ ਵੱਡੇ ਪੱਧਰ ਦੇ ਅਪਰਾਧ ਨੂੰ ਵੀਹਵੀਂ ਸਦੀ ਦੀ ਪਹਿਲੀ ਨਸਲਕੁਸ਼ੀ ਕਿਹਾ ਜਾਂਦਾ ਹੈ ਪਰ ਤੁਰਕੀ ਹੁਣ ਵੀ ਇਸ ਕਤਲੇਆਮ ਨੂੰ ਨਸਲਕੁਸ਼ੀ ਨਹੀਂ ਮੰਨਦਾ।
ਅਰਮੀਨੀਅਨ ਲੋਕ ਕੌਣ ਹਨ: ਅਰਮੀਨੀਅਨ ਲੋਕ ਅਰਮੀਨੀਅਨ ਪਹਾੜੀਆਂ ‘ਤੇ ਵਸਣ ਵਾਲੇ ਲੋਕ ਹਨ, ਜੋ ਆਮ ਕਰਕੇ ਅਰਮੀਨੀਅਨ ਐਪੋਸਟੇਲਿਕ ਚਰਚ ਦੇ ਅਨੁਯਾਈ ਹਨ। ਇਹ ਲੋਕ ਯੂਰਪ ਤੇ ਏਸ਼ੀਆ ਦੀ ਸਰਹੱਦ ਦੇ ਨਾਲ-ਨਾਲ ਤੁਰਕੀ, ਇਰਾਕ, ਇਰਾਨ, ਤੁਰਕੀ, ਸੀਰੀਆ ਅਤੇ ਅਰਮੀਨੀਆ ਵਿਚ ਵਸਦੇ ਹਨ।

ਬਕਸਾ:
ਸ਼ਬਦ ਨਸਲਕੁਸ਼ੀ
ਇਹ ਸ਼ਬਦ ਰਾਫੇਲ ਲੈਮਕਿਨ ਨੇ 1943-44 ਦੇ ਲਾਗੇ ਵੱਡੇ ਕਤਲੇਆਮ ਵਾਸਤੇ ਵਰਤਿਆ। ਰਾਫੇਲ ਲੈਮਕਿਨ ਯਹੂਦੀ ਸੀ ਅਤੇ ਪੋਲੈਂਡ ਦਾ ਵਸਨੀਕ ਸੀ। ਪਹਿਲੀ ਵੱਡੀ ਜੰਗ ਦੌਰਾਨ ਉਸ ਦੇ ਪਰਿਵਾਰ ਨੂੰ ਆਪਣਾ ਘਰ-ਬਾਰ ਛੱਡ ਕੇ ਜੰਗਲ ਵਿਚ ਜਾ ਕੇ ਰਹਿਣਾ ਪਿਆ ਸੀ ਤੇ ਉਹਦਾ ਭਰਾ ਜੰਗਲ ਵਿਚ ਰਹਿੰਦਿਆਂ ਨਮੂਨੀਏ ਤੇ ਭੁੱਖਮਰੀ ਕਾਰਨ ਮਰ ਗਿਆ। ਲੈਮਕਿਨ ਨੇ ਨਾਜ਼ੀ ਸਮਿਆਂ ਵਿਚ ਯਹੂਦੀਆਂ ਵਿਰੁਧ ਵਧ ਰਹੇ ਅੱਤਿਆਚਾਰਾਂ, ਜੋ ਬਾਅਦ ਵਿਚ ਨਸਲਕੁਸ਼ੀ ਦੀ ਸ਼ਕਲ ਅਖਤਿਆਰ ਕਰ ਗਏ, ਨੂੰ ਤੱਕਿਆ। 1933 ਵਿਚ ਉਸ ਨੇ ‘ਲੀਗ ਆਫ ਨੇਸ਼ਨਜ਼’ ਸਾਹਮਣੇ ਇਹ ਤਜਵੀਜ਼ ਰੱਖੀ ਕਿ ਬੱਜਰ ਅਪਰਾਧਾਂ (‘ਕ੍ਰਾਈਮ ਆਫ ਬਾਰਬੈਰਿਟੀ’ ਭਾਵ ਜਿਸ ਵਿਚ ਹਜ਼ਾਰਾਂ ਲੋਕ ਮਾਰੇ ਜਾਣ) ਨੂੰ ਕੌਮਾਂਤਰੀ ਕਾਨੂੰਨ ਤਹਿਤ ਅਪਰਾਧ ਮੰਨਿਆ ਜਾਣਾ ਚਾਹੀਦਾ ਹੈ। ਉਸ ਦਾ ਇਹ ਪ੍ਰਸਤਾਵ 1933 ਵਿਚ ਇਰਾਕ ਵਿਚ ਹੋਏ ਅਸੀਰੀਅਨ ਲੋਕਾਂ ਦੇ ਕਤਲੇਆਮ ਤੋਂ ਪ੍ਰਭਾਵਿਤ ਸੀ। ਸ਼ਬਦ ‘ਜੈਨੋਸਾਈਡ’ ਗਰੀਕ ਸ਼ਬਦ ‘ਜੈਨੋਸ’ (ਜਿਸ ਦਾ ਮਤਲਬ ਕਬੀਲਾ ਜਾਂ ਨਸਲ ਹੈ) ਅਤੇ ਲਾਤੀਨੀ ਸ਼ਬਦ ‘ਸਾਈਡ’ (ਜਿਸ ਦਾ ਮਤਲਬ ਕਤਲ ਹੈ) ਨੂੰ ਮਿਲਾ ਕੇ ਬਣਿਆ ਹੈ।
ਦੂਜੀ ਸੰਸਾਰ ਜੰਗ ਦੌਰਾਨ ਹੋਈ ਯਹੂਦੀਆਂ ਦੀ ਨਸਲਕੁਸ਼ੀ: ਇਹ ਨਸਲਕੁਸ਼ੀ ਜਿਸ ਨੂੰ ‘ਹੋਲੋਕਾਸਟ’ ਜਾਂ ‘ਛੋਆਹ’ ਵੀ ਕਿਹਾ ਜਾਂਦਾ ਹੈ, ਨਾਜ਼ੀ ਜਰਮਨੀ ਦੇ ਦੌਰ ਵਿਚ 60 ਲੱਖ ਯੂਰਪੀ ਯਹੂਦੀਆਂ ਦਾ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ ਕਤਲੇਆਮ ਸੀ। ਯਹੂਦੀਆਂ ਦੇ ਨਾਲ-ਨਾਲ ਇਸ ਕਤਲੇਆਮ ਦੀਆਂ ਪੀੜਿਤ ਧਿਰਾਂ ਵਿਚ ਜਿਪਸੀ (ਰੋਮਾਂ ਕਬੀਲੇ ਦੇ ਲੋਕ), ਅਪਾਹਜ, ਨਾਜ਼ੀਆਂ ਦੇ ਸਿਆਸੀ ਵਿਰੋਧੀ, ਕਮਿਊਨਿਸਟ ਤੇ ਸਮਾਜਵਾਦੀ ਵਿਚਾਰਾਂ ਵਾਲੇ ਲੋਕ, ਪੋਲੈਂਡ, ਰੂਸੀ ਤੇ ਸਮਲਿੰਗੀ ਵੀ ਸ਼ਾਮਿਲ ਸਨ। ਕਈ ਅੰਦਾਜ਼ਿਆਂ ਮੁਤਾਬਕ ਇਸ ਭਿਆਨਕ ਨਸਲਕੁਸ਼ੀ ਵਿਚ 1 ਕਰੋੜ 70 ਲੱਖ ਲੋਕ ਮਾਰੇ ਗਏ। ਇਸ ਨਸਲਕੁਸ਼ੀ ਪਿੱਛੇ ਯਹੂਦੀ ਵਿਰੋਧੀ ਵਿਚਾਰਧਾਰਾ ਸੀ। ਇਹ ਵਿਚਾਰਧਾਰਾ ਮੱਧਕਾਲੀ ਦੌਰ ਵਿਚ ਯੂਰਪ ਵਿਚ ਪਨਪੀ, ਜਿਸ ਵਿਚ ਯਹੂਦੀਆਂ ਨੂੰ ਈਸਾ ਮਸੀਹ ਦੇ ਕਤਲ ਅਤੇ ਸੰਸਾਰ ਦੀਆਂ ਸਾਰੀਆਂ ਬੁਰਾਈਆਂ ਲਈ ਜ਼ਿੰਮੇਵਾਰ ਠਹਿਰਾਇਆ ਗਿਆ। ਬਾਅਦ ਵਿਚ ‘ਕੁਝ ਵਿਦਵਾਨਾਂ’ ਨੇ ਇਸ ਸਿਧਾਂਤ ਦਾ ਪ੍ਰਚਾਰ ਕੀਤਾ ਕਿ ਦੁਨੀਆਂ ‘ਤੇ ਰਾਜ ਕਰਨ ਦੀ ਲੜਾਈ ਯਹੂਦੀਆਂ ਤੇ ਆਰੀਅਨ ਨਸਲਾਂ ਵਿਚਕਾਰਲੀ ਲੜਾਈ ਸੀ।
ਹਿਟਲਰ ਅਤੇ ਹੋਰ ਨਾਜ਼ੀਆਂ ਨੇ ਇਸ ਗੱਲ ਨੂੰ ਵਧ-ਚੜ੍ਹ ਕੇ ਪ੍ਰਚਾਰਿਆ ਕਿ ਯਹੂਦੀਆਂ ਨੇ ਪਹਿਲੀ ਸੰਸਾਰ ਜੰਗ ਦੌਰਾਨ ਜਰਮਨੀ ਨਾਲ ਧੋਖਾ ਕੀਤਾ ਸੀ। ਨਸਲਕੁਸ਼ੀ ਬੜੇ ਯੋਜਨਾਬੱਧ ਤਰੀਕੇ ਨਾਲ ਕੀਤੀ ਗਈ। ਪਹਿਲਾਂ ਯਹੂਦੀਆਂ ਨੂੰ ਆਮ ਨਾਗਰਿਕ ਜ਼ਿੰਦਗੀ ਤੋਂ ਅਲੱਗ-ਥਲੱਗ ਕੀਤਾ ਗਿਆ ਤੇ ਉਨ੍ਹਾਂ ‘ਤੇ ਹਮਲੇ ਕੀਤੇ ਗਏ, ਫਿਰ ਹੌਲੀ-ਹੌਲੀ 42,000 ਤਸੀਹਾ ਕੇਂਦਰ ਬਣਾਏ ਗਏ ਅਤੇ ਇਸ ਪਿਛੋਂ ਸ਼ੁਰੂ ਹੋਇਆ ਯਹੂਦੀਆਂ ਨੂੰ ਮਾਰਨ ਦਾ ਸਿਲਸਿਲਾ। ਗੋਲੀਬਾਰੀ ਦਸਤਿਆਂ ਨੇ ਲੱਖਾਂ ਲੋਕ ਮਾਰੇ; ਫਿਰ ਗੈਸ ਚੈਂਬਰ ਬਣਾਏ ਗਏ। 1942 ਸਭ ਤੋਂ ਭਿਆਨਕ ਸਾਲ ਸੀ, ਜਿਸ ਵਿਚ 30 ਲੱਖ ਯਹੂਦੀ ਮਾਰੇ ਗਏ। ਔਸ਼ਵਿਚਜ਼ ਦੇ ਤਸੀਹਾ ਕੇਂਦਰ ਵਿਚ 11 ਲੱਖ ਯਹੂਦੀ ਮਾਰੇ ਗਏ। ਔਸ਼ਵਿਚਜ਼ ਵਿਚ ਬੈਲਜੈਕ, ਚੱਲਮਨੋ ਆਦਿ ਹੋਰ ਥਾਂਵਾਂ ‘ਤੇ ਬਣਾਏ ਗਏ ਕੈਂਪਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਕੈਂਪ (ਐਕਸਟਰਮੀਨੇਸ਼ਨ ਕੈਂਪ) ਕਿਹਾ ਜਾਂਦਾ ਹੈ।
ਬੁਚਨਵਾਲਡ ਦੇ ਤਸੀਹਾ ਕੇਂਦਰ ਵਿਚ ਹੋਇਆ ਕਤਲੇਆਮ ਇਸ ਦੀ ਇਕ ਹੋਰ ਸਿਖਰ ਸੀ। ਨਵੰਬਰ 1943 ਵਿਚ ਅਪਰੇਸ਼ਨ ਹਾਰਵੈਸਟ ਫੈਸਟੀਵਲ ਦੌਰਾਨ 42 ਹਜ਼ਾਰ ਯਹੂਦੀ ਮਾਰੇ ਗਏ। ਮਈ 1945 ਵਿਚ ਦੂਜੀ ਆਲਮੀ ਜੰਗ ਦੇ ਅੰਤ ਤਕ ਯਹੂਦੀਆਂ ਦਾ ਕਤਲੇਆਮ ਜਾਰੀ ਰਿਹਾ।