ਪਿਆਰ, ਖੁਸ਼ੀ ਅਤੇ ਸੰਤੁਸ਼ਟੀ

ਕਲਵੰਤ ਸਿੰਘ ਸਹੋਤਾ
ਫੋਨ: 604-589 5919
ਪਤਾ ਨਹੀਂ ਲਗਦਾ ਕਿ ਪਿਆਰ ਬਾਰੇ ਗੱਲ ਕਿੱਥੋਂ ਸ਼ੁਰੂ ਕਰਾਂ ਤੇ ਕਿਵੇਂ ਕਰਾਂ? ਇਹ ਜੀਵਨ ਦਾ ਪ੍ਰਮੁੱਖ ਅੰਗ ਹੈ। ਇਹ ਦਿਸਦਾ ਨਹੀਂ, ਇਸ ਦਾ ਕੋਈ ਰੂਪ ਜਾਂ ਅਕਾਰ ਨਹੀਂ, ਇਸ ਨੂੰ ਫੜ ਕੇ ਨਹੀਂ ਦੇਖਿਆ ਜਾ ਸਕਦਾ, ਪਰ ਅਨੁਭਵ ਕੀਤਾ ਜਾ ਸਕਦਾ ਹੈ ਤੇ ਮਾਣਿਆ ਜਾ ਸਕਦਾ ਹੈ। ਜਿਸ ਜੀਵਨ ‘ਚ ਪਿਆਰ ਨਹੀਂ, ਉਹ ਜੀਵਨ ਰੁੱਖਾ, ਬੇਸੁਆਦ ਤੇ ਅਰਥਹੀਣ ਹੋ ਕੇ ਰਹਿ ਜਾਂਦਾ ਹੈ। ਪਿਆਰ ਵਾਸਤੇ ਕਿਸੇ ਸਕੂਲ, ਯੂਨੀਵਰਸਿਟੀ ਜਾਂ ਕਿਸੇ ਹੋਰ ਸਿੱਖਿਆ ਅਦਾਰੇ ‘ਚ ਕੋਈ ਡਿਗਰੀ ਲੈਣ ਨਹੀਂ ਜਾਣਾ ਪੈਂਦਾ। ਇਹ ਅਨਪੜ੍ਹਾਂ ‘ਚ ਵੀ ਉਨਾ ਹੀ ਪ੍ਰਬਲ ਹੁੰਦਾ ਹੈ, ਜਿੰਨਾ ਪੜ੍ਹਿਆਂ-ਲਿਖਿਆਂ ‘ਚ; ਸਧਾਰਨ ਲੋਕਾਂ ‘ਚ ਵੀ ਤੇ ਪੇਸ਼ੇਵਰਾਂ ‘ਚ ਵੀ, ਅਮੀਰਾਂ ‘ਚ ਵੀ ਤੇ ਗਰੀਬਾਂ ‘ਚ ਵੀ, ਰਾਜੇ-ਰਾਣੀਆਂ ‘ਚ ਵੀ ਤੇ ਪਰਜਾ ‘ਚ ਵੀ। ਇਥੋਂ ਤੱਕ ਕਿ ਇਹ ਪਸੂ-ਪੰਛੀਆਂ ਤੇ ਜੀਵ-ਜੰਤੂਆਂ ‘ਚ ਵੀ ਹੈ।
ਪਿਆਰ ਦਾ ਕੋਈ ਖਾਸ ਸਥਾਨ ਤੇ ਸਮਾਂ ਨਹੀਂ ਹੁੰਦਾ, ਇਹ ਬੇਪ੍ਰਵਾਹ ਜੀਵਨ ਦੇ ਨਾਲ ਨਿਰੰਤਰ ਚਲਦਾ ਰਹਿੰਦਾ ਹੈ, ਇਹ ਧਰਮੀਆਂ ‘ਚ ਵੀ ਹੈ ਤੇ ਅਧਰਮੀਆਂ ‘ਚ ਵੀ, ਇਹ ਕਿਸੇ ਬਾਜ਼ਾਰੋਂ ਨਹੀਂ ਲੱਭਦਾ, ਕਿਸੇ ਹੱਟੀ ‘ਤੇ ਨਹੀਂ ਵਿਕਦਾ, ਇਸ ਨੂੰ ਬਣਾਉਣ ਵਾਲਾ ਕੋਈ ਕਾਰਖਾਨਾ ਨਹੀਂ ਦਿਸਦਾ।

ਅੱਜ ਦੇ ਯੁਗ ‘ਚ ਪਿਆਰ ਦੀ ਮਹੱਤਤਾ ਹੋਰ ਵੀ ਵਧ ਗਈ ਹੈ। ਜਿਉਂ ਜਿਉਂ ਪਦਾਰਥੀ ਚੀਜ਼ਾਂ ਅਤੇ ਨਵੀਂਆਂ ਸੁੱਖ ਸਹੂਲਤਾਂ ਦੀ ਦੌੜ ਵਧਦੀ ਹੈ, ਉਨਾ ਹੀ ਪਿਆਰ ਅਲੋਪ ਹੋਈ ਜਾ ਰਿਹਾ ਹੈ। ਜਿਵੇਂ ਉਪਰ ਜ਼ਿਕਰ ਕੀਤਾ ਹੈ, ਪਿਆਰ ਦਿਸਣ ਵਾਲੀ ਤਾਂ ਕੋਈ ਵਸਤੂ ਹੈ ਨਹੀਂ, ਪਰ ਪਦਾਰਥਾਂ ਦੇ ਯੁੱਗ ਵਿਚ ਇਹ ਹੋਰ ਵੀ ਤੇਜ਼ੀ ਨਾਲ ਅਲੋਪ ਹੋਈ ਜਾ ਰਿਹਾ ਹੈ। ਜਿਉਂ ਜਿਉਂ ਇਸ ਦਾ ਪ੍ਰਭਾਵ ਸਾਡੇ ਜੀਵਨ ‘ਚੋਂ ਘਟਦਾ ਹੈ, ਤਿਉਂ ਤਿਉਂ ਅਸੀਂ ਅੰਦਰੋਂ ਹੋਰ ਖੋਖਲੇ ਹੋਏ ਮਹਿਸੂਸ ਕਰਦੇ ਹਾਂ; ਖਾਲੀ ਖਾਲੀ ਲੱਗਣ ਲਗਦਾ ਹੈ ਅੰਦਰ। ਹੋਰ ਪਦਾਰਥਾਂ ਨੂੰ ਇਕੱਠੇ ਕਰਨ ਦੀ ਦੌੜ ਤੇਜ਼ ਹੁੰਦੀ ਹੈ, ਵੱਧ ਪਦਾਰਥ ਇਕੱਠੇ ਕਰਦੇ ਹਾਂ, ਪਿਆਰ ਹੋਰ ਦੂਰ ਨੱਠ ਜਾਂਦਾ ਹੈ।
ਪਿਆਰ ਇਕ ਅਜਿਹਾ ਚੱਕਰ ਹੈ, ਜਿਸ ‘ਚ ਜਿੰਨਾ ਵੱਧ ਅਸੀਂ ਪੈਂਦੇ ਹਾਂ, ਉਨਾ ਹੀ ਵੱਧ ਖੁਭਦੇ ਹਾਂ, ਤੇ ਤੇਜੀ ਨਾਲ ਪਿਆਰ ਵਾਲੀ ਥਾਂ ਸਾਡੇ ਅੰਦਰੋਂ ਵੱਧ ਖਾਲੀ ਹੋਈ ਜਾਂਦੀ ਹੈ। ਬਨਾਵਟੀ ਖੁਸ਼ੀਆਂ ਪ੍ਰਗਟ ਕਰਨ ਦੀਆਂ ਬਨਾਵਟੀ ਸਾਜਿਸ਼ਾਂ ਰਚਦੇ ਹਾਂ, ਬੇਅੰਤ ਖਰਚਾ ਕਰਦੇ ਹਾਂ ਪਰ ਸੱਚੀ ਖੁਸ਼ੀ ਲੱਭਦੀ ਨਹੀਂ। ਪੈਸੇ ਦੇ ਜ਼ੋਰ ਖੁਸ਼ੀ ਤੇ ਪਿਆਰ ਖਰੀਦਣ ਦਾ ਯਤਨ ਕਰਦੇ ਹਾਂ, ਪਰ ਇਹ ਅਜਿਹੀਆਂ ਵਸਤਾਂ ਹਨ, ਜੋ ਪੈਸੇ ਨਾਲ ਸਥਾਈ ਤੌਰ ‘ਤੇ ਖਰੀਦੀਆਂ ਨਹੀਂ ਜਾ ਸਕਦੀਆਂ।
ਖੁਸ਼ੀ ਤੇ ਸੰਤੁਸ਼ਟੀ ਦਾ ਸੁਮੇਲ ਹੈ, ਪਿਆਰ। ਇਹ ਤਿੰਨੇ ਇਕੋ ਪਰਿਵਾਰ ਦੇ ਜੀਅ ਹਨ। ਸੰਤੁਸ਼ਟੀ ਹੈ ਤਾਂ ਖੁਸ਼ੀ ਮਿਲੇਗੀ, ਖੁਸ਼ੀ ਹੋਏਗੀ ਤਾਂ ਅੰਦਰੋਂ ਪਿਆਰ ਦਾ ਸੋਮਾ ਫੁੱਟ ਪਏਗਾ, ਪਰ ਸੰਤੁਸ਼ਟੀ ਲਈ ਭੀ ਕੁਰਬਾਨੀ ਕਰਨੀ ਪੈਂਦੀ ਹੈ, ਆਸਾਂ-ਉਮੰਗਾਂ ਦੀ ਦੌੜ ਸੀਮਤ ਤੇ ਦਾਇਰੇ ‘ਚ ਰੱਖਾਂਗੇ ਤਾਂ ਸੰਤੁਸ਼ਟੀ ਮਿਲੇਗੀ, ਲੋੜਾਂ ਸੀਮਤ ਰੱਖ ਜੀਵਨ ਜਿਉਣ ਦੀ ਜਾਂਚ ਸਿੱਖਾਂਗੇ ਤਾਂ ਮਨ ਦੀ ਦੌੜ ਘਟੇਗੀ। ਤੇਜ਼ ਰਫਤਾਰ ਜ਼ਿੰਦਗੀ ਦੀ ਗੱਡੀਓਂ ਉਤਰ ਬਾਹਰ ਸਟੇਸ਼ਨ ‘ਤੇ ਬੈਠ ਆਪਣੇ ਅੰਦਰ ਝਾਤ ਮਾਰਾਂਗੇ ਤਾਂ ਸਕੂਨ ਮਿਲੇਗਾ, ਇਥੋਂ ਪਿਆਰ ਤੇ ਖੁਸ਼ੀ ਦਾ ਰਾਹ ਦਿਸੇਗਾ। ਝੂਠਾ ਦਿਖਾਵਾ, ਬਨਾਵਟੀ ਸ਼ੁਹਰਤ ਅਤੇ ਫੋਕੀ ਟੌਹਰ ਅੱਜ ਦੇ ਪਦਾਰਥੀ ਯੁੱਗ ਦਾ ਮੁੱਖ ਅੰਗ ਬਣ ਗਏ ਹਨ। ਇਹ ਆਤਮ ਵਿਸ਼ਵਾਸ ਦੇ ਘਾਟ ਦੀ ਨਿਸ਼ਾਨੀ ਹੈ। ਇਸ ਰਸਤੇ ਚੱਲਦਿਆਂ ਪਿਆਰ ਤੇ ਖੁਸ਼ੀ ਨਹੀਂ ਪ੍ਰਾਪਤ ਹੋਣੇ, ਸਗੋਂ ਮਨ ਦੀ ਦੁਬਿਧਾ ਹੋਰ ਵਧਣੀ ਹੈ, ਬੇਚੈਨੀ ਨੇ ਮਨ ‘ਚ ਘਰ ਕਰ ਲੈਣਾ ਹੈ ਤੇ ਇਸ ਹਾਲਤ ਵਿਚ ਖੁਸ਼ੀ ਤੇ ਪਿਆਰ ਅੰਦਰੋਂ ਖੰਭ ਲਾ ਕੇ ਉਡ ਜਾਣੇ ਹਨ। ਦਰਅਸਲ ਪਦਾਰਥੀ ਜੀਵਨ ਦਾ ਇਹ ਇਕ ਖਾਸਾ ਹੈ ਕਿ ਇਹ ਇਕ ਨਾ-ਮੁੱਕਣ ਵਾਲੀ ਤੇ ਦਿਸ਼ਾਹੀਣ ਦੌੜ ਹੈ। ਇਸ ਦੀ ਕੋਈ ਫਿਨਿਸ਼ ਲਾਈਨ ਨਹੀਂ। ਵੱਧ ਇਸ ‘ਚ ਦੌੜੋਗੇ, ਵੱਧ ਨਿਰਾਸ਼ ਤੇ ਵੱਧ ਅੰਦਰੋਂ ਖਾਲੀ ਖਾਲੀ ਮਹਿਸੂਸ ਕਰੋਗੇ। ਜੀਵਨ ਦੀਆਂ ਅਸਲੀ ਕਦਰਾਂ ਕੀਮਤਾਂ ਨੂੰ ਅਸਾਂ ਅੱਜ ਪਦਾਰਥਾਂ ਨਾਲ ਬੰਨ ਦਿਤਾ ਹੈ। ਬਹੁਕੌਮੀ ਕਾਰਪੋਰੇਸ਼ਨਾਂ ਵੱਧ ਮੁਨਾਫਾ ਕਮਾਉਣ ਦੇ ਨਿਸ਼ਾਨੇ ਨਾਲ ਵੱਧ ਤੋਂ ਵੱਧ ਆਪਣੀਆਂ ਨਵੀਆਂ ਬਣਾਈਆਂ ਵਸਤਾਂ ਤੇ ਸੇਵਾਵਾਂ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਪ੍ਰਭਾਵਤ ਕਰਨ ਦੇ ਢੰਗ-ਤਰੀਕੇ ਵਰਤਦੀਆਂ ਹਨ ਤੇ ਇੰਜ ਦੁਬਿਧਾ ‘ਚ ਪਏ ਸਾਡੇ ਮਨ ਨੂੰ ਹੋਰ ਦੁਬਿਧਾ ‘ਚ ਪਾਉਂਦੀਆਂ ਹਨ।
ਜਦੋਂ ਮਾਹੌਲ ਹੀ ਅਜਿਹਾ ਹੋਵੇ ਤਾਂ ਮਨ ‘ਚ ਖੁਸ਼ੀ ਕਿਥੋਂ ਤੇ ਪਿਆਰ ਕਿਥੋਂ? ਹਾਂ, ਆਰਜੀ ਤੌਰ ‘ਤੇ ਨਵੀਂਆਂ ਪ੍ਰਾਪਤ ਕੀਤੀਆਂ ਬੇਲੋੜੀਆਂ ਪਦਾਰਥੀ ਚੀਜ਼ਾਂ ਨਾਲ ਕੁਝ ਚਿਰ ਲਈ ਤਾਂ ਲੱਗੇਗਾ ਕਿ ਇਨ੍ਹਾਂ ਨੂੰ ਪ੍ਰਾਪਤ ਕਰ ਤੁਸੀਂ ਖੁਸ਼ ਹੋ ਗਏ ਹੋ ਪਰ ਥੋੜੇ ਚਿਰ ਬਾਅਦ ਹੀ ਅੰਦਰ ਖੋਖਲਾ ਖੋਖਲਾ ਲੱਗਣ ਲੱਗ ਜਾਏਗਾ ਤੇ ਇਸ ਘਾਟ ਨੂੰ ਪੂਰਾ ਕਰਨ ਲਈ ਹੋਰ ਪਦਾਰਥ ਇਕੱਠੇ ਕਰਨ ਦੀ ਦੌੜ ਦੀ ਗੱਡੀ ਮੁੜ ਚੜ੍ਹ ਦੁਬਿਧਾ ਦੇ ਘੇਰੇ ‘ਚ ਗੁਆਚ ਜਾਵੋਗੇ। ਪਦਾਰਥੀ ਯੁੱਗ ‘ਚ ਪਦਾਰਥੀ ਦੌੜ ਸਾਨੂੰ ਬੱਚਿਆਂ ਨਾਲ ਸਮਾਂ ਬਿਤਾਉਣ ਤੋਂ ਵੀ ਦੂਰ ਕਰਦੀ ਹੈ, ਇੰਜ ਬੱਚਿਆਂ ਨੂੰ ਪਿਆਰ, ਸਨੇਹ ਤੇ ਅਪਣੱਤ ਦੇਣ ਤੋਂ ਅਸੀਂ ਵਾਂਝੇ ਕਰ ਦਿੰਦੇ ਹਾਂ। ਇਸ ਤਰ੍ਹਾਂ ਉਨ੍ਹਾਂ ਦੇ ਅੰਦਰ ਜੋ ਅਪਣੱਤ ਤੇ ਪਿਆਰ ਦੀ ਚਿਣਗ ਅਸੀਂ ਜਗਾਉਣੀ ਹੁੰਦੀ ਹੈ, ਉਹ ਜਗਦੀ ਨਹੀਂ। ਅੱਜ ਆਮ ਸ਼ਿਕਾਇਤ ਹੈ ਕਿ ਪਰਿਵਾਰਾਂ ‘ਚ ਪਿਆਰ ਨਹੀਂ ਰਿਹਾ, ਰਿਸ਼ਤਿਆਂ ‘ਚ ਖੱਟਾਸ ਹੈ, ਹਰ ਗੱਲ ‘ਤੇ ਮੈਂ ਭਾਰੂ ਹੈ, ਪਰਿਵਾਰਕ ਜਿੰਮੇਵਾਰੀ ਦਾ ਰੁਝਾਨ ਖੰਭ ਲਾ ਕੇ ਉਡੀ ਜਾ ਰਿਹਾ ਹੈ। ਇਹ ਸਭ ਆਪਣੇ ਆਲੇ-ਦੁਆਲੇ ਦੇ ਪ੍ਰਭਾਵ ਦਾ ਹੀ ਅਕਸ ਹੈ।
ਪੱਛਮੀ ਪਦਾਰਥੀ ਪ੍ਰਭਾਵਾਂ ਨੇ ਅੱਜ ਪੂਰਬੀ ਮੁਲਕਾਂ ਨੂੰ ਆਪਣੀ ਜਕੜ ‘ਚ ਲੈ ਖੁਸ਼ਕੀ ਤੇ ਬੇਗਾਨਗੀ ਦੇ ਜਰਾਸੀਮਾਂ ਦਾ ਛਿੜਕਾ ਕਰ ਦਿੱਤਾ ਹੈ। ਪੂਰਬੀ ਦੇਸ਼ਾਂ ‘ਚ ਸਦੀਆਂ ਤੋਂ ਸੰਤੁਸ਼ਟ ਤੇ ਸ਼ਾਂਤ ਜੀਵਨ ਬਤੀਤ ਕਰਨ ਦੀਆਂ ਵਿਧੀਆਂ ਨੂੰ ਅੱਜ ਪੱਛਮੀ ਪਦਾਰਥੀ ਪ੍ਰਭਾਵ ਨੇ ਗ੍ਰਹਿਣ ਲਾ ਦਿੱਤਾ ਹੈ। ਦੁਨੀਆਂ ਦੇ ਤੇਜ਼ੀ ਨਾਲ ਹੋ ਰਹੇ ਸੰਸਾਰੀਕਰਣ ਨੇ ਸਭ ਪਾਸੇ ਉਥਲ ਪੁਥਲ ਮਚਾ ਦਿੱਤੀ ਹੈ। ਖੁਸ਼ੀਆਂ ਤੇ ਪਿਆਰ ਕਿਸੇ ਖੂੰਜੇ ਸੁੱਟ ਦਿੱਤੇ ਹਨ। ਬੰਦਿਆਂ ਦੀ ਸੋਚਣ ਸ਼ਕਤੀ ਦਾ ਕੰਮ ਕੰਪਿਊਟਰਾਂ ਨੇ ਲੈ ਲਿਆ ਹੈ। ਬੰਦਾ ਹੋਰ ਵਸਤਾਂ ਵਾਂਗ ਹੀ ਇਕ ਵਸਤੂ ਬਣ ਕੇ ਰਹਿ ਗਿਆ ਹੈ। ਜੇ ਇਹ ਅਖੌਤੀ ਤਰੱਕੀ ਇਸੇ ਤਰ੍ਹਾਂ ਹੀ ਜਾਰੀ ਰਹੀ ਤਾਂ ਪਿਆਰ ਤੇ ਖੁਸ਼ੀ ਤਾਂ ਇਕ ਪਾਸੇ, ਸਾਡੇ ਦਿਮਾਗ ਵਿਚੋਂ ਪਿਆਰ ਤੇ ਖੁਸ਼ੀਆਂ ਵਾਲਾ ਖਾਨਾ ਹੀ ਅਲੋਪ ਹੋ ਜਾਣਾ ਹੈ। ਭਵਿੱਖ ‘ਚ ਬੰਦੇ ਦਾ ਦਿਮਾਗ ਹੀ ਇੰਨਾ ਅਣਵਿਕਸਿਤ ਹੋ ਜਾਣਾ ਹੈ ਕਿ ਬੰਦਾ ਵੀ ਇਕ ਰੋਬੋਟ ਬਣ ਕੇ ਰਹਿ ਜਾਏਗਾ। ਹਾਲੇ ਤਾਂ ਬੰਦਾ ਪਿਆਰ ਦੀ ਹੋਂਦ ਤੇ ਅਣਹੋਂਦ ਮਹਿਸੂਸ ਕਰਦਾ ਹੈ, ਭਵਿੱਖ ‘ਚ ਤਾਂ ਇਹ ਅੰਤਰ ਅਨੁਭਵ ਕਰਨ ਦੇ ਯੋਗ ਹੀ ਨਹੀਂ ਰਹਿ ਸਕਣਾ, ਕਿਉਂਕਿ ਆਪਣੀ ਸੋਚਣ ਸ਼ਕਤੀ ਦਾ ਕੰਮ ਕੰਪਿਊਟਰਾਂ ਤੋਂ ਜੋ ਕਰਵਾਉਣਾ ਸੁ.ਰੂ ਕਰ ਦਿੱਤਾ ਹੈ।
ਹਜ਼ਾਰਾਂ-ਲੱਖਾਂ ਸਾਲਾਂ ਬਾਅਦ ਬੰਦਾ ਇਸ ਮਾਰਗ ‘ਤੇ ਪਹੁੰਚਾ ਹੈ, ਹੌਲੀ ਹੌਲੀ ਤਰੱਕੀ ਕਰਕੇ, ਹੁਣ ਉਲਟ ਵਿਕਾਸ ਸ਼ੁਰੂ ਹੋ ਗਿਆ ਹੈ, ਇਸ ਅਖੌਤੀ ਤਰੱਕੀ ਦੀ ਆੜ ਵਿਚ। ਜੇ ਇਉਂ ਹੀ ਜਾਰੀ ਰਿਹਾ ਤਾਂ ਪਿਆਰ ਤੇ ਖੁਸ਼ੀਆਂ ਸ਼ਬਦ ਕੋਸ਼ ਵਿਚ ਇਕ ਭੂਤਪੂਰਵ ਅੱਖਰ ਬਣ ਕੇ ਹੀ ਰਹਿ ਜਾਣਗੇ।
ਵਿਗਿਆਨਕ ਖੋਜ ਨੇ ਸਾਨੂੰ ਆਰਜੀ ਤਰੱਕੀ ਅਤੇ ਪ੍ਰਗਤੀ ਦਾ ਆਰਜੀ ਨਸ਼ਾ ਤਾਂ ਜ਼ਰੂਰ ਦੇ ਦਿੱਤਾ ਹੈ, ਪਰ ਆਉਣ ਵਾਲੇ ਸਮੇਂ ‘ਚ ਸਾਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ। ਪਦਾਰਥੀ ਵਸਤਾਂ ਖਾਤਰ ਬੰਦੇ ਨੇ ਪਿਆਰ ਤੇ ਖੁਸ਼ੀਆਂ ਜਿਹੀਆਂ ਵਡਮੁੱਲੀਆਂ ਸੈ.ਆਂ ਗਵਾ ਲਈਆਂ ਹਨ, ਮਸ਼ੀਨੀ ਬਣ ਗਏ ਬੰਦੇ ਮਸ਼ੀਨਾਂ ਵਾਂਗ ਹੀ ਚੱਲਣੇ ਹਨ। ਬਹੁਕੌਮੀ ਕਾਰਪੋਰੇਸ਼ਨਾਂ ਨੇ ਮੁਨਾਫੇ ਨੂੰ ਸਨਮੁੱਖ ਇਕ ਐਸੀ ਰੋਬੋਟਿਕ ਸ਼੍ਰੇਣੀ ਨੂੰ ਜਨਮ ਦੇਣਾ ਹੈ, ਜਿਸ ਦਾ ਜਾਗ ਹੌਲੀ ਹੌਲੀ ਲਗਦਾ ਥੱਲੇ ਤੱਕ ਉਤਰਨਾ ਸ਼ੁਰੂ ਹੋ ਜਾਣਾ ਹੈ। ਇਹ ਖੋਰਾ ਲੱਗਣਾ ਸੁ.ਰੂ ਹੋ ਵੀ ਚੁਕਾ ਹੈ। ਇਨ੍ਹਾਂ ਮੁਨਾਫਾਖੋਰ ਕਾਰਪੋਰੇਸ਼ਨਾਂ ਨੂੰ ਚਲਾਉਣ ਵਾਲੇ ਵੀ ਇਨਸਾਨ ਹੀ ਹਨ, ਕੋਈ ਫਰਿਸ਼ਤੇ ਨਹੀਂ। ਢੇਰਾਂ ਦੇ ਢੇਰ ਪੈਸਾ ਹੋਣ ਦੇ ਬਾਵਜੂਦ ਜਦ ਉਨ੍ਹਾਂ ਦੇ ਅੰਦਰ ਉਦਾਸੀ, ਇਕੱਲ ਅਤੇ ਪਿਆਰ ਤੇ ਖੁਸ਼ੀ ਦੀ ਅਣਹੋਂਦ ਨੇ ਦਸਤਕ ਦਿੱਤੀ ਤਾਂ ਪਿਆਰ ਤੇ ਖੁਸ਼ੀ ਕਿਸੇ ਬਾਜ਼ਾਰੋਂ ਨਹੀਂ ਖਰੀਦ ਸਕਣੇ। ਪਿਆਰ ਨਹੀਂ ਹੋਣਾ ਤਾਂ ਭਾਈਚਾਰਕ ਰਿਸ਼ਤੇ ਖਤਮ ਹੋ ਜਾਣਗੇ ਤੇ ਬੰਦਾ ਵਸਤਾਂ, ਪਦਾਰਥਾਂ ਦੇ ਢੇਰਾਂ ‘ਚ ਹੀ ਦੱਬ ਕੇ ਰਹਿ ਜਾਏਗਾ। ਇਨ੍ਹਾਂ ਦੀਆਂ ਕੰਧਾਂ ਇੰਨੀਆਂ ਉਚੀਆਂ ਤੇ ਗਹਿਰੀਆਂ ਹੋਣਗੀਆਂ ਕਿ ਵਿਚ ਦੀ ਕੋਈ ਝੀਤ ਜਾਂ ਮੋਰੀ ਵੀ ਨਹੀਂ ਦਿਸਣੀ ਜਿਸ ਥਾਂਈਂ ਕਿਤੇ ਦੂਰ ਦੁਰਾਡੇ ਮਨ ਨੂੰ ਝੂਠੀ ਤਸੱਲੀ ਦੇਣ ਲਈ ਤੇ ਕਿਤੇ ਪਿਆਰ ਤੇ ਖੁਸ਼ੀ ਦਾ ਸੁਪਨਾ ਲੈਣ ਲਈ ਵੀ ਝਾਤ ਮਾਰੀ ਜਾ ਸਕੇ।
ਭਾਵੇਂ ਬੰਦਾ ਅਰਬਪਤੀ ਹੈ ਜਾਂ ਗੁਜਾਰਾ ਮਸਾਂ ਹੀ ਕਰਨ ਵਾਲਾ, ਪਰ ਉਮਰ ਦਾ ਸਫਰ ਸਭ ਦਾ ਬਰਾਬਰ ਹੀ ਸੀਮਤ ਹੈ, ਕਦੇ ਕੋਈ ਸੁਣਿਆ ਅਰਬਪਤੀ ਜਾਂ ਕੋਈ ਵੱਡਾ ਰਾਜਾ ਦੋ ਤਿਨ ਸੌ ਸਾਲ ਜੀਅ ਸਕਿਆ ਹੋਵੇ! ਹਾਂ ਸੀਮਤ ਗੁਜਾਰੇ ਵਾਲੇ ਸੰਤੁਸ਼ਟ ਭਲੇ ਪੁਰਸ਼ ਕੋਲ ਖੁਸ਼ੀ ਤੇ ਪਿਆਰ ਦੀ ਦੌਲਤ ਤਾਂ ਹੋ ਸਕਦੀ ਹੈ ਪਰ ਅਰਬਪਤੀ ਕੋਲ ਸ਼ਾਇਦ ਇਹ ਵੀ ਨਾ ਹੋਵੇ।