ਮੇਰਾ ਬਚਪਨ ਕਿਤੇ ਗੁਆਚ ਗਿਐ

ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਸਰਦੀ ਦਾ ਮੌਸਮ, ਉਤੋਂ ਕਾਲੇ ਬੱਦਲਾਂ ਦਾ ਅਸਮਾਨ ‘ਤੇ ਬਣੇ ਰਹਿਣਾ, ਨਾਲ ਹੱਡ ਚੀਰਵੀਆਂ ਠੰਢੀਆਂ ਸੀਤ ਹਵਾਵਾਂ ਦਾ ਵਗਣਾ। ਅਲੱਗ ਤਰ੍ਹਾਂ ਦਾ ਨਜ਼ਾਰਾ ਵੀ ਕਦੀ ਕਦੀ ਬੀਤੀਆਂ ਯਾਦਾਂ ਨੂੰ ਸਾਹਮਣੇ ਲਿਆ ਸਾਕਾਰ ਕਰ ਦਿੰਦਾ ਹੈ। ਅੱਜ ਕਈ ਦਿਨਾਂ ਮਗਰੋਂ ਬੱਦਲ ਜ਼ਰਾ ਕੁ ਪਰ੍ਹਾਂ ਹੋਏ ਤੇ ਸੂਰਜ ਦੀ ਧੁੱਪ ਨੇ ਝਟਪਟ ਹਰ ਪਾਸੇ ਆਪਣੇ ਪੈਰ ਪਸਾਰ ਲਏ, ਜਿਵੇਂ ਧੁੱਪ ਵੀ ਥੱਕੀ ਪਈ ਹੋਵੇ।
ਮੈਂ ਵੀ ਪਿਛਲੇ ਵਰਾਂਡੇ ਵਿਚ ਪਏ ਤਖਤਪੋਸ਼ ‘ਤੇ ਜਾ ਬੈਠੀ ਅਤੇ ਲੱਗ ਪਈ ਟਾਂਵੇਂ ਟਾਂਵੇਂ ਚਿੱਟੇ ਤੇ ਲਾਲ ਸੁਰਖ ਖਿੜੇ ਗੁਲਾਬ ਦੇ ਫੁੱਲਾਂ ਨਾਲ ਗੱਲਾਂ ਕਰਨ। ਇੰਜ ਲੱਗਾ, ਜਿਵੇਂ ਮੇਰਾ ਨਾਂ ਲੈ ਕੇ ਕਿਸੇ ਨੇ ਆਵਾਜ਼ ਦਿੱਤੀ ਹੋਵੇ, ਜੀਤ। ਬਸ ਫਿਰ ਕੀ, ਆਵਾਜ਼ ਬਾਹੋਂ ਫੜ ਖੌਰੇ ਕਿਤ ਵੱਲ ਲੈ ਗਈ, ਖਬਰ ਨਾ ਹੋਈ ਕਿਵੇਂ ਅਣਗਿਣਿਆ ਤੇ ਅਣਮਿਣਿਆ ਪੈਂਡਾ ਤੈਅ ਕਰ ਉਥੇ ਪਹੁੰਚ ਗਈ, ਜਿਥੇ ਪਿਤਾ ਜੀ, ਬੇਜੀ ਅਤੇ ਉਨ੍ਹਾਂ ਦੀ ਇਕੋ ਇਕ ਲਾਡੋ ਮੈਂ ਜੀਤ ਸਾਂ।

ਸਾਰੇ ਪਿੰਡ ਦੇ ਨਿੱਕੇ ਨਿਆਣੇ, ਜੋ ਪਿਤਾ ਜੀ ਕੋਲ ਹੀ ਪੜ੍ਹਦੇ ਸਨ, ਬੇ-ਪ੍ਰਵਾਹ, ਨਾ ਕੋਈ ਫਿਕਰ ਨਾ ਫਾਕਾ, ਨਾ ਕੋਈ ਚਿੰਤਾ ਨਾ ਗਮ, ਨਾ ਕੋਈ ਦੁਖ ਨਾ ਝੋਰਾ-ਬੱਸ ਹਰ ਪਾਸੇ ਖੁਸ਼ੀਆਂ ਹੀ ਖੁਸ਼ੀਆਂ! ਨਿੱਕੀ ਉਮਰੇ ਨਿੱਕੇ ਨਿੱਕੇ ਚਾਅ। ਨਾ ਕੋਈ ਲੋਭ, ਨਾ ਲਾਲਚ; ਨਾ ਹੀ ਕੋਈ ਦੁਸ਼ਮਣ, ਬੱਸ ਸੀ ਤੇ ਉਹ ਸੀ, ਮੇਰਾ ਅਨਮੋਲ ਬਚਪਨ। ਮੇਰੀ ਗੁੱਡੀ, ਗੁੱਡੀ ਦੇ ਰੰਗ-ਬਰੰਗੇ ਪਟੋਲੇ, ਜੋ ਹਮੇਸ਼ਾ ਮੇਰੇ ਨਾਲ ਖੇਡਣ ਲਈ ਉਤਾਵਲੇ ਰਹਿੰਦੇ।
ਨਿੱਕੇ ਨਿੱਕੇ ਮੋੜ ਕੱਟਦੀ ਅਤੇ ਵਲ ਵਲਿੰਗੜੇ ਖਾਂਦੀ ਵੇਈਂ ਨਦੀ ਦਾ ਪੱਤਣ। ਬਿਲਕੁਲ ਐਨ ਕਿਨਾਰੇ ਦੇ ਉਥੇ ਹਰੇ ਭਰੇ ਰੁੱਖਾਂ ਦਾ ਇਕ ਸੰਘਣਾ ਝੁੰਡ, ਜਿਸ ਨੂੰ ਸਾਰੇ ਦਾਇਰਾ ਆਖਦੇ। ਨਾਲ ਹੀ ਸੀ ਉਹ ਪਾਕ ਮਸੀਤ ਜਿਦ੍ਹੇ ਵਿਚ ਹੁਣ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੁਭਾਇਮਾਨ ਸੀ। ਗੁਰੂ ਘਰ ਦੇ ਨਾਲ ਹੀ ਲੱਗਦਾ ਇਕ ਪੱਕਾ ਕੋਠਾ ਅਤੇ ਇਕ ਵਰਾਂਡਾ, ਜਿਸ ਵਿਚ ਪਿਤਾ ਜੀ, ਬੇਜੀ ਅਤੇ ਉਨ੍ਹਾਂ ਦੀ ਜੀਤ ਰਹਿੰਦੇ ਸਨ। ਨਾਲ ਪਿਤਾ ਜੀ ਦਾ ਅਤੇ ਸਾਰੇ ਹੀ ਪਿੰਡ ਦਾ ਚਹੇਤਾ ਤੇ ਪਿਆਰਾ ਮੋਤੀ ਵੀ ਸੀ, ਜਿਦ੍ਹਾ ਰੰਗ ਤਾਂ ਸੀ ਕਾਲਾ ਸਿਆਹ, ਪਰ ਅੰਦਰੋਂ ਦੁੱਧ ਜਿਹਾ ਚਿੱਟਾ, ਵਫਾਦਾਰੀ ਦਾ ਮੁਜੱਸਮਾ। ਇਕ ਸੀ ਮੇਰੀ ਮਾਣੋ ਬਿੱਲੀ, ਜਿਸ ਨੂੰ ਸਾਰੇ ਮਾਣੋ ਹੀ ਆਖਦੇ। ਮੋਤੀ ਤੇ ਮਾਣੋ ਦੀ ਦੋਸਤੀ ਵੀ ਲਾ-ਜਵਾਬ ਸੀ, ਜੋ ਕਦੇ ਬੰਦਿਆਂ ਵਿਚ ਵੀ ਨਹੀਂ ਹੋਈ ਹੋਣੀ। ਹਾਂ, ਪਿਤਾ ਜੀ ਦੀ ਇਕ ਸੋਹਣੀ ਸੁਨੱਖੀ ਮੱਝ ਅਤੇ ਉਸ ਦਾ ਗੋਰਾ ਚਿੱਟਾ ਕੱਟਾ ਪੁੱਤਰ, ਜਿਸ ਨੂੰ ਸਾਰੇ ਹੀ ਪਿਆਰ ਨਾਲ ਅੰਗਰੇਜ਼ ਆਖ ਕੇ ਬੁਲਾਉਂਦੇ।
ਗੁਰਦੁਆਰੇ ਦਾ ਪੱਕੀਆਂ ਇੱਟਾਂ ਦਾ ਥੜ੍ਹਾ ਅਤੇ ਅੱਗੇ ਖੂਹੀ, ਦੋ ਟੂਟੀਆਂ ਨਹਾਉਣ ਲਈ-ਇਕ ਔਰਤਾਂ ਤੇ ਇਕ ਬੰਦਿਆਂ ਲਈ। ਗੁਰਦੁਆਰੇ ਦੇ ਖੱਬੇ ਪਾਸੇ ਸੀ ਪਿਤਾ ਜੀ ਦਾ ਵਾੜਾ, ਜਿਸ ਵਿਚ ਉਹ ਸਬਜੀਆਂ ਬੀਜਦੇ। ਉਹ ਸਬਜੀਆਂ ਸਾਰਾ ਪਿੰਡ ਹੀ ਲਿਜਾਂਦਾ। ਸਬਜੀਆਂ ਦੇ ਆਲੇ-ਦੁਆਲੇ ਵਾੜ ਕੀਤੀ ਹੋਣ ਕਰਕੇ ਉਸ ਨੂੰ ਵਾੜਾ ਆਖਦੇ। ਵਾੜੇ ਅਤੇ ਟੂਟੀਆਂ ਵਾਲੇ ਪਾਸੇ ਇਕ ਬਹੁਤ ਵੱਡਾ ਬੋਹੜ ਅਤੇ ਇਕ ਪਿੱਪਲ ਵੀ ਸਨ, ਜਿਨ੍ਹਾਂ ‘ਤੇ ਸਾਉਣ ਮਹੀਨੇ ਕੁੜੀਆਂ ਪੀਂਘਾਂ ਪਾਉਂਦੀਆਂ। ਗੁਰੂ ਘਰ ਦੇ ਸੱਜੇ ਪਾਸੇ ਸੀ ਪੰਜਾਹ ਕੁ ਜਾਂ ਕੁਝ ਹੋਰ ਘਰਾਂ ਦਾ ਸਵਰਗ ਵਰਗਾ ਨਿੱਕਾ ਜਿਹਾ ਪਿੰਡ, ਜਿਦ੍ਹੇ ਵਿਚ ਦਿਉਤੇ ਵੱਸਦੇ ਸਨ। ਹਾਂ, ਇਕ ਅੱਧ ਰਾਖਸ਼ਸ਼ ਵੀ ਵਿਚ ਹੈਗਾ ਸੀ, ਜੋ ਕਦੀ ਕਦੀ ਪਿੰਡ ਦੀ ਸ਼ਾਂਤੀ ਵਿਚ ਖਲਲ ਪਾਉਂਦਾ, ਪਰ ਛੇਤੀ ਹੀ ਸਿਆਣੇ ਬਜੁਰਗ ਉਸ ਨੂੰ ਸੰਭਾਲ ਲੈਂਦੇ।
ਉਹ ਅਲੌਕਿਕ ਨਜ਼ਾਰਾ ਅਤੇ ਮੇਰਾ ਸੋਹਣਾ ਜਿਹਾ ਪਿਆਰਾ ਬਚਪਨ। ਸਵੇਰਾ ਹੋ ਗਿਆ ਸੀ। ਮੈ ਦੇਖਿਆ, ਬੇਜੀ ਪੀਹੜੇ ‘ਤੇ ਬੈਠੇ ਵੱਡੀ ਸਾਰੀ ਚਾਟੀ ਵਿਚ ਰੰਗਲੀ ਮਧਾਣੀ ਨਾਲ ਦੁੱਧ ਰਿੜਕਦੇ ਪਏ ਸਨ ਅਤੇ ਨਾਲ ਨਾਲ ਜਪੁਜੀ ਦਾ ਪਾਠ ਵੀ ਪਏ ਕਰੇਂਦੇ ਸਨ। ਝੱਟ ਦੇਣੀ ਬੋਲੇ, ਜੀਤੇ ਪੁੱਤਰ! ਸਵੇਰੇ ਸਵੇਰੇ ਕਿੱਥੇ ਤੁਰ ਗਈ ਸੈਂ? ਆ ਮਾਂ ਸੱਦਕੜੇ, ਬੈਠ ਮੇਰੀ ਝੋਲੀ ਵਿਚ, ‘ਕੱਲੇ ਬਾਹਰ ਨਹੀਓਂ ਜਾਈਦਾ। ਪਿਤਾ ਜੀ ਆਖਣ ਲੱਗੇ, ਅਸਾਂ ਤੇ ਇਸ ਨੂੰ ਵੇਈਂ ਦੇ ਪੱਤਣ ਤੋਂ ਲੈ ਕੇ ਆਏ ਹਾਂ। ਮੁਹਕਮ ਸਿੰਘ ਨੇ ਦੱਸਿਆ ਸੀ ਕਿ ਬਾਬਾ ਜੀ, ਜੀਤਾਂ ਤਾਂ ਪੱਤਣ ‘ਤੇ ਚਸ਼ਮੇ ਨਾਲ ਖੇਡਦੀ ਹੈ।
ਬੇਜੀ ਨੇ ਦੁੱਧ ਰਿੜਕ ਕੇ ਧਾਰ ਕੱਢੀ, ਮੋਤੀ ਤੇ ਮਾਣੋ ਨੇ ਆਪੋ ਆਪਣੇ ਕੌਲੇ ਵਿਚ ਝੱਗਾਂ ਵਾਲਾ ਤਾਜ਼ਾ ਦੁੱਧ ਪੀਤਾ। ਪਿਤਾ ਜੀ ਚੌਂਕੜਾ ਸਜਾ ਮੰਜੇ ‘ਤੇ ਬੈਠ ਗਏ ਤੇ ਦੁੱਧ ਦਾ ਗਲਾਸ ਫੜ ਆਖਣ ਲੱਗੇ, ਅੱਜ ਸਾਡਾ ਜੀਤ ਦੁੱਧ ਦਾ ਗਲਾਸ ਇਕੋ ਡੀਕੇ ਪੀ ਕੇ ਵਿਖਾਏਗਾ। ਕੋਲੋਂ ਬੇਜੀ ਬੋਲੇ (ਅੱਖੀਂ ਮੀਟੀ ਘੁੰਗਰੂ ਰਾਜੇ ਦੀ ਬੇਟੀ ਆਈ ਜੇ), ਪੀ ਲੈ, ਪੀ ਲੈ, ਨਹੀਂ ਤੇ ਸਾਰਾ ਦੁੱਧ ਕੀੜੀ ਨੇ ਲੈ ਜਾਣਾ ਏ। ਬਸ ਇਹ ਤਾਂ ਰੋਜ਼ ਦਾ ਹੀ ਕੰਮ ਸੀ ਕਿ ਦੁੱਧ ਨਹੀਂ ਪੀਣਾ, ਨਹੀਂ ਪੀਣਾ।
ਇੰਨੇ ਨੂੰ ਬਾਪੂ ਜਾਗਰ ਸਿਹੁੰ ਲੰਬੜਦਾਰ ਆ ਗਏ। ਬਾਬਾ ਜੀ, ਜੀਤ ਅਤੇ ਦੁੱਧ! ਨਾ ਜੀ ਨਾ। ਵਿਚਾਰ ਸ਼ੁਰੂ ਹੋ ਗਈ, ਬਾਬਾ ਜੀ, ਸਤਿਗੁਰਾਂ ਦੇ ਪਾਵਨ ਪੁਰਬ ਆ ਰਹੇ ਨੇ, ਤਿਆਰੀਆਂ ਸ਼ੁਰੂ ਕਰ ਦੇਈਏ। ਪਿਤਾ ਜੀ ਕਹਿਣ ਲੱਗੇ, ਲੰਬੜਦਾਰ ਜੀ ਅਸਾਂ ਤਾਂ ਅੱਜ ਤੁਹਾਨੂੰ ਆਖਣਾ ਹੀ ਸੀ, ਤੁਸਾਂ ਆਪੇ ਆ ਗਏ ਜੇ। ਚਲੋ ਤਿਆਰੀ ਤਾਂ ਅੱਜੋ ਹੀ ਹੋ ਜਾਸੀ।
ਥੋੜ੍ਹੇ ਚਿਰ ਵਿਚ ਹੀ ਹੋਰ ਸਿਆਣੇ ਵੀ ਆ ਗਏ। ਬੇਜੀ ਨੇ ਕੜੇ ਵਾਲੇ ਪਿੱਤਲ ਦੇ ਗਲਾਸਾਂ ਵਿਚ ਲੱਸੀ ਭਰ ਉਥੇ ਮੱਖਣ ਰੱਖ ਰੱਖ ਕੇ ਸਭ ਨੂੰ ਚਾ ਫੜ੍ਹਾਈ, ਤੇ ਵਾਹ ਵਾਹ ਹੋ ਉਠੀ। ਉਨ੍ਹੀਂ ਦਿਨੀਂ ਚਾਹ ਨੂੰ ਤਾਂ ਕੋਈ ਪੁਛਦਾ ਨਹੀਂ ਸੀ, ਬਸ ਲੱਸੀ ਦਾ ਹੀ ਰਾਜ ਸੀ। ਉਤੋਂ ਪਿਤਾ ਜੀ ਨੇ ਬੇਜੀ ਨੂੰ ਪੱਕਾ ਹੀ ਆਖਿਆ ਹੋਇਆ ਸੀ ਕਿ ਮੱਖਣ ਪਾਏ ਬਿਨਾ ਲੱਸੀ ਕਿਸੇ ਨੂੰ ਕਦੀ ਨਹੀਂ ਦੇਣੀ।
ਗੁਰਪੁਰਬ ਲਈ ਝੱਟਪੱਟ ਉਗਰਾਹੀ ਹੋ ਗਈ। ਸਾਰੇ ਪਿੰਡ ਨੂੰ ਤਾਂ ਜਿਵੇਂ ਚਾਅ ਹੀ ਚੜ੍ਹ ਗਿਆ ਹੋਵੇ। ਰਸਦਾਂ ਵੀ ਸਾਰੇ ਪਿੰਡ ਦੀਆਂ, ਲੰਗਰ ਪਕਾਉਣ ਵਾਲਾ ਵੀ ਸਾਰਾ ਪਿੰਡ ਅਤੇ ਲੰਗਰ ਛਕਣ ਵਾਲਾ ਵੀ ਸਾਰਾ ਹੀ ਪਿੰਡ। ਗੁਰੂ ਘਰ ਵਿਚ ਰੌਣਕਾਂ ਲੱਗ ਗਈਆਂ। ਅਖੰਡ ਪਾਠ ਸ਼ੁਰੂ ਹੋ ਗਏ, ਤਿੰਨ ਦਿਨ ਰੱਬ ਹੀ ਰੱਬ, ਗੁਰੂ ਹੀ ਗੁਰੂ ਸੀ ਹਰ ਪਾਸੇ। ਅਖੰਡ ਪਾਠ ਦੇ ਭੋਗ ਉਪਰੰਤ ਦੀਵਾਨ ਸਜੇ। ਮੈਂ ਵੀ ਪਿਤਾ ਜੀ ਨਾਲ ਸ਼ਬਦ ਗਾਇਆ, “ਅਪੁਨੇ ਸੇਵਕ ਕੀ ਆਪੇ ਰਾਖੈ ਆਪੇ ਨਾਮੁ ਜਪਾਵੈ॥” ਅਤੁੱਟ ਲੰਗਰ ਵਰਤੇ।
ਮੇਰੀਆਂ ਸਹੇਲੀਆਂ-ਵੀਰੋ, ਸੱਤਿਆ, ਮਿੰਦੋ ਅਤੇ ਸੀਤੋ, ਪੀਤੂ, ਰੁਲੀਆ, ਰੀਠਾ, ਤੇ ਕਿੰਨੇ ਸਾਰੇ ਹੋਰ। ਸਰਪੰਚਾਂ ਦੇ ਮੀਤੇ ਨੇ ਮੋਤੀ ਨੂੰ ਛੇੜ ਦਿਤਾ। ਫਿਰ ਕੀ, ਮੀਤਾ ਅੱਗੇ ਅੱਗੇ ਤੇ ਮੋਤੀ ਪਿੱਛੇ ਪਿੱਛੇ। ਮੋਤੀ ਇੰਨਾ ਮੱਛਰਿਆ ਕਿ ਮੇਰੀ ਗੁੱਡੀ ਚੁੱਕ ਕੇ ਦੌੜਿਆ ਫਿਰੇ ਤੇ ਦੇਵੇ ਹੀ ਨਾ, ਮਸੀਂ ਗੁੱਡੀ ਛਡਾਈ। ਫਿਰ ਮਾਣੋ ਨੂੰ ਪੂਛਲ ਤੋਂ ਫੜ ਕੇ ਘਸੀਟਦਾ ਫਿਰੇ।
ਅਸੀਂ ਸਾਰੇ ਮਿਲ ਕੇ ਖੂਬ ਖੇਡੇ। ਹਨੇਰਾ ਹੋਣ ਲੱਗਾ, ਬੇਜੀ ਕਹਿਣ, ਜਾਓ ਹੁਣ ਘਰੋ ਘਰੀ ਤੇ ਸੌਂਵੋ, ਪਰ ਪਿਤਾ ਜੀ ਬੋਲੇ, ਵੀਰ ਕੌਰੇ ਖੇਡਣ ਦੇਹ, ਇਹ ਉਮਰਾ, ਇਹ ਵੇਲੇ, ਫਿਰ ਨਹੀਓਂ ਲੱਭਣੇ। ਇਨ੍ਹਾਂ ਜਦੋਂ ਵਿਛੜ ਜਾਣਾ ਤਾਂ ਪਤਾ ਨਹੀਂ ਮੁੜ ਮਿਲਣਾ ਵੀ ਹੈ ਕਿ ਨਹੀਂ! ਵਾਹਵਾ ਦੇਰ ਤੀਕ ਅਸਾਂ ਖੇਡਾਂ ਖੇਡੀਆਂ।
ਇਧਰ ਕਿਣ ਮਿਣ ਵੀ ਸ਼ੁਰੂ ਹੋ ਚੁਕੀ ਸੀ। ਜਦੋਂ ਬੱਦਲ ਜ਼ੋਰ ਦੀ ਗੜਕਿਆ ਤਾਂ ਮੈਂ ਵੀ ਝੱਲਿਆਂ ਵਾਂਗ ਇਧਰ ਉਧਰ ਡੌਰ-ਭੌਰ ਪਈ ਵੇਖਾਂ। ਮੈਂ ਹੁਣੇ ਕਿਥੇ ਸਾਂ ਤੇ ਮੀਂਹ ਦੇ ਨਾਲ ਅੱਖੀਆਂ ਦੀ ਬਰਸਾਤ ਵੀ ਸ਼ੁਰੂ ਹੋ ਗਈ। ਜੰਮ ਕੇ ਵਰਸੀਆਂ ਇਹ ਅੱਖੀਆਂ, ਪਤਾ ਨਹੀਂ ਕਿੰਨਾ ਕੁ ਚਿਰ, ਕੌਣ ਜਾਣੇ? ਇਹ ਕੀ, ਇਹ ਤਾਂ ਮੇਰਾ ਬਚਪਨ ਸੀ, ਮੈਂ ਤੇ ਉਥੇ ਹੀ ਰਹਿਣਾ ਸੀ, ਮੈਂ ਇਥੇ ਕਿਉਂ ਆਈ ਹਾਂ? ਨਹੀਂ, ਮੈਂ ਫਿਰ ਉਥੇ ਹੀ ਜਾਵਾਂਗੀ, ਪਿਤਾ ਜੀ ਤੇ ਬੇਜੀ ਦੇ ਕੋਲ ਆਪਣੇ ਪਿੰਡ।
ਜਦ ਅਚੇਤਨਾ ਸੁਚੇਤ ਹੋਈ ਤਾਂ ਯਾਦ ਆਇਆ, ਪਿਤਾ ਜੀ ਤੇ ਬੇਜੀ-ਉਹ ਤਾਂ ਕਦੋਂ ਦੇ ਮੈਨੂੰ ਇਕੱਲੀ ਛੱਡ ਉਸ ਰੱਬੀ ਲੋਕ ਜਾ ਚੁਕੇ ਹਨ, ਜਿਥੇ ਗਿਆ ਕਦੀ ਵੀ ਕੋਈ ਮੁੜ ਕੇ ਨਹੀਂ ਆਇਆ। ਨਾ ਮੋਤੀ ਤੇ ਨਾ ਮਾਣੋ, ਨਾ ਮੇਰਾ ਬਚਪਨ। ਹਾਏ! ਮੈਂ ਤੇ ਜਿਉਂਦੀ ਹਾਂ, ਮੇਰਾ ਬਚਪਨ ਕਿਥੇ ਗੁੰਮ ਹੋ ਗਿਐ? ਕਿਥੇ ਗੁਆਚ ਗਿਐ? ਹਰ ਵੇਲੇ ਲੱਭਦੀ ਹਾਂ, ਆਵਾਜ਼ਾਂ ਦਿੰਦੀ ਹਾਂ, ਪਰ ਉਹਦਾ ਤੇ ਕੋਈ ਵੀ ਥਹੁ ਪਤਾ ਨਹੀਂ ਲੱਗਦਾ। ਮੇਰਾ ਸੋਹਣਾ ਮਾਸੂਮ ਜਿਹਾ ਬਚਪਨ, ਖੌਰੇ ਕਿਥੇ ਹੋਵੇਗਾ? ਭਲਾ ਉਹ ਵੀ ਕਦੀ ਮੈਨੂੰ ਯਾਦ ਕਰਦਾ ਹੋਵੇਗਾ ਕਿ ਨਹੀਂ, ਕੌਣ ਜਾਣੇ? ਮੈਂ ਤੇ ਉਸ ਦੀ ਯਾਦ ਵਿਚ ਰੋ ਰੋ ਕੇ ਇਕ ਕਿਡੀ ਵੱਡੀ ਨਜ਼ਮ ਵੀ ਲਿਖੀ ਸੀ, ‘ਮੇਰਾ ਬਚਪਨ ਕਿਤੇ ਗੁਆਚ ਗਿਐ, ਕੋਈ ਲੱਭ ਲਿਆਵੋ ਓਸ ਨੂੰ।’ ਉਹ ਅਖਬਾਰ ਵਿਚ ਵੀ ਛਪੀ ਸੀ ਕਿ ਸ਼ਾਇਦ ਕਿਤੇ ਪੜ੍ਹ ਕੇ ਉਹ ਆਪੂੰ ਹੀ ਪਰਤ ਆਵੇ ਪਰ ਉਹ ਨਾ ਆਇਆ, ਨਾ ਉਸ ਛਲਾਵੇ ਨੇ ਆਉਣਾ ਹੀ ਸੀ।
ਹਾਏ ਰੱਬ ਜੀ, ਮੇਰਾ ਇੰਨਾ ਪਿਆਰਾ ਬਚਪਨ, ਉਹ ਤੇ ਭੁਲਾਇਆਂ ਵੀ ਨਹੀਂ ਭੁਲਦਾ, ਉਹ ਬੇ-ਪਰਵਾਹੀਆਂ ਹੁਣ ਕਿਥੇ! ਉਹ ਪਿਤਾ ਜੀ ਅਤੇ ਬੇਜੀ ਦੀ ਝੋਲੀ ਦਾ ਨਿੱਘ ਹੁਣ ਕਿਥੇ! ਉਹ ਚੰਨ ਚਾਨਣੀਆਂ ਰਾਤਾਂ ਦੀਆਂ ਪਿਆਰੀਆਂ ਖੇਡਾਂ ਹੁਣ ਕਿਥੇ! ਉਹ ਮਿੱਟੀ ਦੇ ਖਿਡੌਣੇ ਅਤੇ ਰੇਤੇ ਦੇ ਘਰ ਹੁਣ ਕਿਥੇ! ਹੁਣ ਤਾਂ ਸਮਝ ਵੀ ਪਈ ਪੈਂਦੀ ਏ ਕਿ ਜੋ ਇਕ ਵਾਰੀ ਤੁਰ ਜਾਵੇ, ਉਹ ਮੁੜ ਕੇ ਨਹੀਂ ਆਉਂਦਾ। ਐਵੇਂ ਹੀ ਝੂਠੀਆਂ ਗੱਲਾਂ ਬਣੀਆਂ ਹੋਈਆਂ ਨੇ। ਹੁਣ ਤਾਂ ਲੋਕ ਕਮਾਈਆਂ ਕਰਨ ਲਈ ਘਰੋਂ ਪਰਦੇਸ ਗਏ ਨਹੀਂ ਪਰਤਦੇ, ਉਥੇ ਹੀ ਰਹਿ ਪੈਂਦੇ ਨੇ। ਪੁੱਤਰ ਪੜ੍ਹਨ ਲਈ ਜਾਂਦੇ ਨੇ, ਬੜੇ ਦਿਲਾਸੇ ਦੇ ਦੇ ਕੇ ਕਿ ਅਸਾਂ ਪੜ੍ਹ ਕੇ ਤੁਹਾਡੇ ਕੋਲੇ ਰਹਿਣਾ ਹੈ, ਬੜੇ ਸੁਖ ਦੇਣੇ ਨੇ ਤੁਹਾਨੂੰ, ਪਰ ਉਹ ਵੀ ਪਰਤ ਕੇ ਨਹੀਂ ਆਉਂਦੇ। ਮਰਦ ਆਪਣੀ ਔਰਤ ਤੇ ਨਿੱਕੇ ਬੱਚਿਆਂ ਨੂੰ ਦਿਲਾਸੇ ਦੇ ਇਕੱਲਿਆਂ ਛੱਡ ਕੇ ਕਿਹੜੇ ਮੁਲਕੀਂ ਜਾ ਵੱਸਦੇ ਨੇ। ਪਿੱਛੇ ਬੈਠੀਆਂ ਰੋਂਦੀਆਂ ਮਰ ਜਾਂਦੀਆਂ ਨੇ ਉਹ ਵਿਚਾਰੀਆਂ ਪਰ ਪਰਤਦਾ ਹੀ ਕੋਈ ਨਹੀਂ, ਤੇ ਮੈਂ ਬਚਪਨ ਨੂੰ ਲੱਭਦੀ ਫਿਰਦੀ ਹਾਂ!
ਫਿਰ ਸਤਿਗੁਰੂ ਜੀ ਦਾ ਬਚਨ ਯਾਦ ਆਇਆ, “ਇਹ ਜਗਿ ਮੀਤੁ ਨ ਦੇਖਿਓ ਕੋਈ॥” ਤਾਂ ਸਾਰਾ ਕੁਝ ਸਾਫ ਹੋ ਗਿਆ ਕਿ ਇਸ ਦਾ ਨਾਂ ਹੀ ਜ਼ਿੰਦਗੀ ਹੈ, ਇਹ ਹੀ ਜੀਵਨ ਹੈ, ਇਹ ਇਸੇ ਤਰ੍ਹਾਂ ਹੀ ਚੱਲਦਾ ਆਇਆ ਹੈ ਅਤੇ ਚੱਲਦਾ ਰਹੇਗਾ। ਗੁਰੂ ਦੀ ਮਿਹਰ ਨਾਲ ਅਸਾਂ ਆਪਣੇ ਬਚਪਨ ਦੇ ਫਿਰ ਅਨੰਦ ਮਾਣੇ, ਤੁਸੀਂ ਵੀ ਮਾਣੋ।