ਨਾਵਲੀ-ਕਹਾਣੀ ਬਣਨ ਦੇ ਅਭਿਆਸ ‘ਚ ਰੁੱਝੀ ਪੰਜਾਬੀ ਕਹਾਣੀ

ਪੰਜਾਬੀ ਕਹਾਣੀਕਾਰਾਂ ਦੀ ਪਹਿਲੀ ਪੀੜ੍ਹੀ-ਨਾਨਕ ਸਿੰਘ, ਕਰਤਾਰ ਸਿੰਘ ਦੁੱਗਲ, ਦਲੀਪ ਕੌਰ ਟਿਵਾਣਾ, ਸੰਤੋਖ ਸਿੰਘ ਧੀਰ, ਕੁਲਵੰਤ ਸਿੰਘ ਵਿਰਕ, ਸੰਤ ਸਿੰਘ ਸੇਖੋਂ, ਬਲਵੰਤ ਗਾਰਗੀ ਆਦਿ ਦੀ ਕਹਾਣੀ ਛੋਟੇ ਆਕਾਰ ਦੀ ਹੋਣ ਕਰ ਕੇ ਉਸ ਨੂੰ ਨਿੱਕੀ ਕਹਾਣੀ ਕਿਹਾ ਜਾਂਦਾ ਸੀ। ਦੂਜੀ ਪੀੜ੍ਹੀ ਦੇ ਕਹਾਣੀਕਾਰਾਂ ਖਾਸ ਕਰ ਵਰਿਆਮ ਸਿੰਘ ਸੰਧੂ ਨੇ ਆਕਾਰ ਪੱਖੋਂ ਲੰਮੀ ਕਹਾਣੀ ਲਿਖਣੀ ਸ਼ੁਰੂ ਕੀਤੀ। ਇਸ ਪਿਰਤ ਨੂੰ ਲੰਮੀ ਕਹਾਣੀ ਦਾ ਨਾਂ ਦਿੱਤਾ ਗਿਆ। ਕਹਾਣੀ ਦਾ ਅਗਲਾ ਦੌਰ ਨਾਵਲੀ ਕਹਾਣੀ ਦਾ ਹੈ।

ਇਸ ਵਰਗ ਵਿਚ ਜਸਵੀਰ ਰਾਣਾ, ਕੇਸਰਾ ਰਾਮ, ਜਤਿੰਦਰ ਸਿੰਘ ਹਾਂਸ, ਸਰੂਪ ਸਿਆਲਵੀ, ਗੁਰਮੀਤ ਪਨਾਗ, ਨੈਨ ਸੁਖ, ਸੁਰਿੰਦਰ ਨੀਰ, ਜਿੰਦਰ, ਦੀਪਤੀ ਬਬੂਟਾ, ਜਗਜੀਤ ਗਿੱਲ, ਗੁਰਮੀਤ ਕੜਿਆਲਵੀ, ਕੁਲਜੀਤ ਮਾਨ, ਜਗਦੀਸ਼ ਸਿੰਘ ਆਦਿ ਕਹਾਣੀਕਾਰ ਆਉਂਦੇ ਹਨ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਡਾ. ਬਲਦੇਵ ਸਿੰਘ ਧਾਲੀਵਾਲ ਨੇ ਇਸ ਲੇਖ ਵਿਚ ਪੰਜਾਬੀ ਕਹਾਣੀ ਦੇ ਨਵੇਂ ਦੌਰ ਦੀ ਪੂਰੀ ਪੁਣਛਾਣ ਕੀਤੀ ਹੈ। -ਸੰਪਾਦਕ

ਡਾ. ਬਲਦੇਵ ਸਿੰਘ ਧਾਲੀਵਾਲ

ਸਾਹਿਤ ਦੀ ਕਿਸੇ ਵੀ ਵਿਧਾ ਵਿਚ ਨਵੇਂ ਪ੍ਰਯੋਗ ਨਿਰੰਤਰ ਹੁੰਦੇ ਰਹਿੰਦੇ ਹਨ, ਜੋ ਉਸ ਦੇ ਜਿਉਂਦੇ ਹੋਣ ਅਤੇ ਪ੍ਰਗਤੀ ਦੇ ਰਾਹ ਪਏ ਹੋਣ ਦੀ ਗਵਾਹੀ ਭਰਦੇ ਹਨ। ਜੋ ਪ੍ਰਯੋਗ ਸਾਰਥਕ ਹੋਣ ਸਦਕਾ ਪਾਠਕਾਂ ਦੀ ਨਜ਼ਰ ਵਿਚ ਪ੍ਰਵਾਨ ਚੜ੍ਹ ਜਾਂਦੇ ਹਨ, ਉਹ ਸਿਹਤਮੰਦ ਰੁਝਾਨ ਦੇ ਰੂਪ ਵਿਚ ਆਪਣੀ ਥਾਂ ਰਾਖਵੀਂ ਕਰ ਲੈਂਦੇ ਹਨ। ਇਨ੍ਹਾਂ ਵਿਚੋਂ ਕੁਝ ਰੁਝਾਨ ਵਕਤ ਨਾਲ ਵਿਹਾ ਜਾਂਦੇ ਹਨ, ਪਰ ਕੁਝ ਉਭਰਵੇਂ ਰੂਪ ‘ਚ ਰੂੜ੍ਹ ਹੋ ਕੇ, ਪ੍ਰਵਿਰਤੀ ਬਣ ਕੇ ਇਤਿਹਾਸ ਵਿਚ ਮੀਲ-ਪੱਥਰ ਵਜੋਂ ਸਥਾਪਿਤ ਹੋ ਜਾਂਦੇ ਹਨ।
ਰੂਪਾਕਾਰਕ ਰੂਪਾਂਤਰਣ ਦਾ ਇਹ ਵਰਤਾਰਾ ਨਿਰੰਤਰ ਵਾਪਰਦਾ ਰਹਿੰਦਾ ਹੈ। ਰੂਪਾਕਾਰ ਦੀ ਦ੍ਰਿਸ਼ਟੀ ਤੋਂ ਪੰਜਾਬੀ ਕਹਾਣੀ ਦੇ ਇਤਿਹਾਸ ਉਤੇ ਸਰਸਰੀ ਝਾਤ ਵੀ ਪਾਈਏ ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਸਮੇਂ-ਸਮੇਂ ਪ੍ਰਤਿਮਾਨਕ ਕਹਾਣੀ, ਹੁਨਰੀ ਕਹਾਣੀ, ਅਕਹਾਣੀ, ਦਸਤਾਵੇਜ਼ੀ ਕਹਾਣੀ, ਮਿੰਨੀ ਕਹਾਣੀ, ਲੰਮੀ ਕਹਾਣੀ ਆਦਿ ਦੇ ਰੁਝਾਨ ਪ੍ਰਚਲਿਤ ਹੁੰਦੇ ਰਹੇ ਹਨ। ਉਸੇ ਪਰੰਪਰਾ ਦੀ ਤਰਜ਼ ਉਤੇ ਅਜੋਕੀ ਪੰਜਾਬੀ ਕਹਾਣੀ ਵਿਚ ਨਾਵਲੀ-ਕਹਾਣੀ ਦਾ ਰੁਝਾਨ ਤੇਜੀ ਨਾਲ ਜੜ੍ਹਾਂ ਫੜ ਰਿਹਾ ਹੈ। ਇਸ ਸਾਲ ਦੀ ਪੰਜਾਬੀ ਕਹਾਣੀ ਵਿਚੋਂ ਇਸ ਰੁਝਾਨ ਦੇ ਨਕਸ਼ਾਂ ਦੀ ਨਿਸ਼ਾਨਦੇਹੀ ਸਹਿਜੇ ਹੀ ਕੀਤੀ ਜਾ ਸਕਦੀ ਹੈ।
ਨਾਵਲੀ-ਕਹਾਣੀ ਹੁੰਦੀ ਕੀ ਹੈ? ਇਸ ਬਾਰੇ ਚਰਚਾ ਤਾਂ ਪੰਜ-ਸੱਤ ਵਰ੍ਹੇ ਪਹਿਲਾਂ ਉਸ ਵਕਤ ਹੀ ਛਿੜ ਪਈ ਸੀ, ਜਦੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਪੰਜਾਬੀ ਸਾਹਿਤ ਦੇ ਰੂਪਾਕਾਰਾਂ ਸਬੰਧੀ ਕਰਵਾਏ ਗਏ ਇਤਿਹਾਸਕ ਮਹੱਤਤਾ ਵਾਲੇ ਇਕ ਸੈਮੀਨਾਰ ਦੌਰਾਨ ਸਿਰਮੌਰ ਗਲਪ-ਸ਼ਾਸਤਰੀ ਡਾ. ਜੋਗਿੰਦਰ ਸਿੰਘ ਰਾਹੀ ਨੇ ਇਹ ਧਾਰਨਾ ਉਭਾਰੀ ਸੀ, “ਨਾਵਲੀ-ਕਹਾਣੀ ਵਰਿਆਮ ਸੰਧੂ ਦੀ ਲੰਮੀ ਕਹਾਣੀ ਨਾਲੋਂ ਵੱਖਰੀ ਤੇ ਵੱਡੀਆਂ ਸੰਭਾਵਨਾਵਾਂ ਵਾਲੀ ਗਲਪ-ਵਿਧਾ ਹੈ, ਜੋ ਜ਼ਿੰਦਗੀ ਦਾ ਸੱਚ ਇਤਿਹਾਸ ਅਤੇ ਸਿਸਟਮ ਦੀ ਨਿਸਬਤ ਵਿਚ ਦਰਸਾਉਂਦੀ ਹੈ।”
ਨਾਵਲੀ-ਕਹਾਣੀ ਜ਼ਰੂਰੀ ਨਹੀਂ, ਲੰਮੀ ਵੀ ਹੋਵੇ। ਇਹ ਆਪਣੇ ਆਕਾਰ ਕਰਕੇ ਨਹੀਂ ਸਗੋਂ ਆਪਣੇ ਨਾਵਲੀ ਭਾਂਤ ਦੇ ਕਥਾ-ਵਸਤੂ ਅਤੇ ਆਪਣੀ ਸੰਰਚਨਾ-ਵਿਸ਼ੇਸ਼ ਕਰਕੇ ਲੰਮੀ ਕਹਾਣੀ ਦੇ ਸਮਾਨੰਤਰ ਆਪਣੀ ਨਿਵੇਕਲੀ ਹੋਂਦ ਗ੍ਰਹਿਣ ਕਰਦੀ ਹੈ। ਪੰਜਾਬੀ ਵਿਚ ਲੰਮੀ ਕਹਾਣੀ ਭਾਵੇਂ ਬਹੁਤ ਪਹਿਲਾਂ ਤੋਂ ਲਿਖੀ ਜਾ ਰਹੀ ਸੀ, ਪਰ ਇਸ ਨੂੰ ਵੰਨਗੀ-ਵਿਸ਼ੇਸ਼ ਵਜੋਂ ਵਿਲੱਖਣ ਪਛਾਣ ਵਰਿਆਮ ਸਿੰਘ ਸੰਧੂ ਦੀਆਂ ਕਹਾਣੀਆਂ ਨਾਲ ਮਿਲੀ। ਸੰਧੂ ਦੀਆਂ ਕਹਾਣੀਆਂ ਦਾ ਵਸਤੂ ਬਹੁ-ਪਾਸਾਰੀ ਅਤੇ ਉਨ੍ਹਾਂ ਦੀ ਸੰਰਚਨਾ-ਵਿਸ਼ੇਸ਼ ਅਜਿਹੀ ਸੀ ਕਿ ਉਹ ਛੋਟੇ-ਛੋਟੇ ਉਪ-ਬਿਰਤਾਂਤਾਂ ਰਾਹੀਂ ਕਹਾਣੀ ਦੇ ਮੂਲ ਕਥਾਨਕ ਨੂੰ ਉਸਾਰਦਾ ਅਤੇ ਵਿਸਥਾਰਦਾ ਸੀ। ਅਜਿਹਾ ਕਰਦਿਆਂ ਉਸ ਦਾ ਫੋਕਸ ਮੂਲ ਕਥਾਨਕ ਉਤੇ ਇਸ ਕਦਰ ਰਹਿੰਦਾ ਸੀ ਕਿ ਗੀਤ ਦੀ ਵਿਧਾ ਵਾਂਗ ਉਹ ਛੋਟੇ ਜਿਹੇ ਅੰਤਰਾਲ ਬਾਅਦ ਵਾਰ ਵਾਰ ਸਥਾਈ ਅੰਤਰੇ ਅਰਥਾਤ ਕੇਂਦਰੀ ਥੀਮਿਕ ਬਿੰਦੂ ਵੱਲ ਦੀ ਪਰਿਕਰਮਾ ਕਰਨ ਲਈ ਮੁੜਦਾ ਰਹਿੰਦਾ ਸੀ। ਇਸ ਨਾਲ ਵਸਤੂ-ਸਥਿਤੀ ਦੇ ਵਿਭਿੰਨ ਪਾਸਾਰ ਵੀ ਪੇਸ਼ ਹੋ ਜਾਂਦੇ ਸਨ ਅਤੇ ਲੰਮੇ ਬਿਰਤਾਂਤਕ ਆਕਾਰ ਦੇ ਬਾਵਜੂਦ ਹੁਨਰੀ ਕਹਾਣੀ ਵਾਲਾ ਸੰਜਮ ਅਤੇ ਬੱਝਵਾਂ ਪ੍ਰਭਾਵ ਵੀ ਬਰਕਰਾਰ ਰਹਿੰਦਾ ਸੀ।
ਅਜੋਕੀ ਨਾਵਲੀ-ਕਹਾਣੀ ਵੀ ਲੰਮੀ ਕਹਾਣੀ ਵਾਂਗ ਹੀ ਵਸਤੂ-ਯਥਾਰਥ ਦੇ ਵਿਭਿੰਨ ਪਾਸਾਰ ਪੇਸ਼ ਕਰਨ ਦੀ ਤਲਬਗਾਰ ਹੈ, ਪਰ ਇਹ ਸਥਾਈ ਅੰਤਰੇ ਦੀ ਵਾਰ ਵਾਰ ਪਰਿਕਰਮਾ ਕਰਨ ਦੀ ਥਾਂ ਮੁਸੱਲਸਲ ਗਜ਼ਲ ਦੇ ਸ਼ੇਅਰਾਂ ਵਾਂਗ ਸੁਤੰਤਰ ਪਰ ਅੰਤਰ-ਸਬੰਧਤ ਬਿਰਤਾਂਤ-ਖੰਡਾਂ ਨੂੰ ਇਕ-ਦੂਜੇ ਸਮਵਿੱਥ ਜੋੜਨ-ਬੀੜਨ ਵੱਲ ਵੱਧ ਰੁਚਿਤ ਹੈ। ਇਹੀ ਕਥਾ-ਜੁਗਤ ਇਸ ਦੀ ਸੰਰਚਨਾ-ਵਿਸ਼ੇਸ਼ ਨੂੰ ਨਿਵੇਕਲਾ ਬਣਾਉਂਦੀ ਹੈ। ਇਸ ਵਿਚ ਘਟਨਾਵੀ-ਕ੍ਰਮ ਕਾਰਜ-ਕਾਰਨ-ਪ੍ਰਭਾਵ ਦੇ ਸਿਲਸਿਲੇ ਵਿਚ ਬੱਝਿਆ ਨਾ ਹੋਣ ਕਰਕੇ ਥੀਮਗਤ ਸਾਂਝੀ ਤੰਦ ਤਲਾਸ਼ਣ ਦਾ ਤਰੱਦਦ ਭਰਿਆ ਉਦਮ ਪਾਠਕ ਨੂੰ ਖੁਦ ਹੀ ਕਰਨਾ ਪੈਂਦਾ ਹੈ। ਇਸ ਲਈ ਨਾਵਲੀ-ਕਹਾਣੀ ਸੰਚਾਰ ਲਈ ਕਹਾਣੀਕਾਰ ਦੀ ਜ਼ਿੰਮੇਵਾਰੀ ਘਟਾਉਂਦੀ ਹੈ ਪਰ ਨਾਲ ਹੀ ਪਾਠਕ ਤੋਂ ਵੱਧ ਬਾਲਗ-ਬੁੱਧ ਹੋਣ ਦੀ ਤਵੱਕੋ ਕਰਦੀ ਹੈ। ਆਪਣੇ ਮੁਕਾਬਲਤਨ ਘੱਟ-ਬੰਧੇਜ਼ੀ ਜਾਂ ਖੁੱਲ੍ਹੇ ਰੂਪ ਕਰਕੇ ਨਾਵਲੀ-ਕਹਾਣੀ ਵਿਚ ਨਾਵਲੀ ਭਾਂਤ ਦੀ ਵਸਤੂ-ਸਮੱਗਰੀ ਨੂੰ ਆਪਣੇ ਵਿਚ ਸਮੋਅ ਸਕਣ ਦੀ ਵੱਧ ਸਮਰੱਥਾ ਹੁੰਦੀ ਹੈ, ਪਰ ਕਹਾਣੀਪਣ ਨਿਸਚੇ ਹੀ ਘੱਟ ਹੁੰਦਾ ਹੈ। ਇਸ ਦੇ ਨਾਵਲੀ ਬਣਨ ਦੀ ਅਭਿਲਾਸ਼ਾ ਨੂੰ ਡਾ. ਰਾਹੀ ਨੇ ਇਉਂ ਸਪੱਸ਼ਟ ਕੀਤਾ ਹੈ, “ਇਸ ਦੀ ਜਾਨ ਉਪ-ਬਿਰਤਾਂਤ ਨਹੀਂ, ਬਿਰਤਾਂਤਕ ਖੰਡ ਹਨ। ਇਹ ਬਿਰਤਾਂਤਕ ਖੰਡ ਜ਼ਿੰਦਗੀ ਦੇ ਵਿਰਾਟ ਸੱਚ ਦੀ ਵਿਭਿੰਨਤਾ ਨੂੰ ਉਂਜ ਹੀ ਦਰਸਾਉਂਦੇ ਹਨ, ਜਿਵੇਂ ਨਵੀਨਤਮ ਨਾਵਲ।…ਇਹ ਵਿਧਾ ਇਕੋ ਸਮੇਂ ਵਿਡੰਬਨਾ ਦੀ ਵੀ ਹੈ ਅਤੇ ਇੰਕਸ਼ਾਫ ਦੀ ਵੀ।”
ਭਾਵੇਂ ਇਹ ਫੈਸਲਾ ਤਾਂ ਇਤਿਹਾਸ ਨੇ ਕਰਨਾ ਹੈ ਕਿ ਨਾਵਲੀ-ਕਹਾਣੀ ਦੀ ਵੰਨਗੀ ਪੰਜਾਬੀ ਵਿਚ ਕਿੰਨੀ ਕੁ ਪ੍ਰਵਾਨ ਚੜ੍ਹਦੀ ਹੈ, ਪਰ ਇਹ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਪੰਜਾਬੀ ਕਹਾਣੀਕਾਰ ਵੱਲੋਂ ਇਸ ਜ਼ੋਖਮ ਭਰੇ ਪ੍ਰਯੋਗ ਨੂੰ ਸਫਲਤਾਪੂਰਵਕ ਇਸਤੇਮਾਲ ਕਰ ਸਕਣ ਲਈ ਕਰੜੀ ਮੁਸ਼ੱਕਤ ਵਾਲਾ ਅਭਿਆਸ ਕੀਤਾ ਜਾ ਰਿਹਾ ਹੈ। ਮਿਸਾਲ ਵਜੋਂ ਇਸ ਸਾਲ ਦੀਆਂ ਕੁਝ ਅਹਿਮ ਕਹਾਣੀਆਂ ਦੀ ਸੰਰਚਨਾ-ਵਿਸ਼ੇਸ਼ ਨੂੰ ਇਸ ਦ੍ਰਿਸ਼ਟੀ ਨਾਲ ਵਾਚਿਆ ਜਾ ਸਕਦਾ ਹੈ, ਜਿਵੇਂ ਖੌਫ-84 (ਜਸਵੀਰ ਰਾਣਾ), ਜਨਾਨੀ ਪੌਦ (ਕੇਸਰਾ ਰਾਮ-ਦੋਵੇਂ, ‘ਹੁਣ’, ਜਨਵਰੀ-ਅਪਰੈਲ); ਬਾਕੀ ਸਭ ਝੂਠ ਆ (ਜਤਿੰਦਰ ਸਿੰਘ ਹਾਂਸ, ‘ਹੁਣ’, ਮਈ-ਅਗਸਤ), ਚੀਰ-ਹਰਨ (ਸਰੂਪ ਸਿਆਲਵੀ, ‘ਹੁਣ’, ਸਤੰਬਰ-ਦਸੰਬਰ), ਮਿੱਸ ਇੱਜ਼ੀ: ਦੂਜੀ ਸੰਸਾਰ ਜੰਗ ਵਾਰਤਾ (ਗੁਰਮੀਤ ਪਨਾਗ, ‘ਸਿਰਜਣਾ’, ਅਪਰੈਲ-ਜੂਨ), ਅੱਛਣਾ-ਗੱਛਣਾ (ਨੈਨ ਸੁਖ, ‘ਸਿਰਜਣਾ’, ਜੁਲਾਈ-ਸਤੰਬਰ), ਪੀਰਜ਼ਾਦੀ (ਸੁਰਿੰਦਰ ਨੀਰ, ‘ਪ੍ਰਵਚਨ’, ਜੁਲਾਈ-ਸਤੰਬਰ); ਮੱਛੀ (ਜਿੰਦਰ), ਡਾਂਸ ਫਲੋਰ (ਦੀਪਤੀ ਬਬੂਟਾ) ਤੇ ਹਦਬਸਤ ਨੰਬਰ 211 (ਜਗਜੀਤ ਗਿੱਲ-ਤਿੰਨੇ ‘ਕਹਾਣੀ ਧਾਰਾ’, ਅਪਰੈਲ-ਸਤੰਬਰ 2018); ਸ਼ਿਲਤਰਾਂ (ਗੁਰਮੀਤ ਕੜਿਆਲਵੀ, ‘ਰਾਗ’, ਮਈ-ਅਗਸਤ), ਆ ਗਲੇ ਲੱਗ ਜਾਹ (ਕੁਲਜੀਤ ਮਾਨ, ‘ਰਾਗ’, ਸਤੰਬਰ-ਦਸੰਬਰ), ਬਾਬਾ ਬੁੱਲ੍ਹੇ ਸ਼ਾਹ (ਜਗਦੀਸ਼ ਸਿੰਘ, ‘ਰੋਜ਼ਾਨਾ ਦੇਸ਼ ਸੇਵਕ’, ਜੁਲਾਈ-ਅਗਸਤ) ਆਦਿ ਕਹਾਣੀਆਂ ਪ੍ਰਤੱਖ ਤੌਰ ‘ਤੇ ਨਾਵਲੀ-ਕਹਾਣੀ ਦੇ ਗੁਣਾਂ-ਲੱਛਣਾਂ ਵਾਲੀਆਂ ਹਨ। ਪਰ ਇਹ ਜ਼ਰੂਰੀ ਨਹੀਂ ਕਿ ਹਰੇਕ ਨਾਵਲੀ-ਕਹਾਣੀ ਕਲਾਤਮਕ ਅਤੇ ਬਿਹਤਰੀਨ ਵੀ ਹੋਵੇ, ਜਿਵੇਂ ਸਾਰੀਆਂ ਲੰਮੀਆਂ ਕਹਾਣੀਆਂ ਵੀ ਵਧੀਆ ਨਹੀਂ ਸੀ ਹੁੰਦੀਆਂ। ਸੋ, ਸਪੱਸ਼ਟ ਹੈ ਕਿ ਮੈਂ ਪੰਜਾਬੀ ਕਹਾਣੀ ਦੇ ਇਕ ਨਵੇਂ ਰੁਝਾਨ ਦੀ ਦੱਸ ਹੀ ਪਾਈ ਹੈ, ਪਰ ਸਾਲ 2018 ਦੀਆਂ ਬੇਹਤਰੀਨ ਪੰਜਾਬੀ ਕਹਾਣੀਆਂ ਦੀ ਚੋਣ ਸਮੇਂ ਮੇਰਾ ਮਾਪਦੰਡ ਕੋਈ ਰੂਪਾਕਾਰਕ ਵੰਨਗੀ-ਵਿਸ਼ੇਸ਼ ਨਹੀਂ ਹੁੰਦਾ ਸਗੋਂ ਕਹਾਣੀ ਦੀ ਕਲਾਤਮਕਤਾ ਅਤੇ ਉਸ ਦਾ ਕਹਾਣੀਪਣ ਮੇਰੇ ਲਈ ਅਹਿਮ ਹੁੰਦਾ ਹੈ। ਆਪਣੇ ਇਸੇ ਮਾਪਦੰਡ ਰਾਹੀਂ ਮੈਂ ਪਿਛਲੇ ਸਾਲ ਦੀਆਂ ਕੁਝ ਬੇਹਤਰੀਨ ਕਹਾਣੀਆਂ ਬਾਰੇ ਆਪਣੇ ਵਿਚਾਰ ਪੇਸ਼ ਕਰਦਾ ਹਾਂ:
ਬਲਵਿੰਦਰ ਸਿੰਘ ਗਰੇਵਾਲ ਦੀ ਕਹਾਣੀ ‘ਡਬੋਲੀਆ’ (‘ਸਿਰਜਣਾ’, ਜਨਵਰੀ-ਮਾਰਚ) ਪੰਜਾਬੀ ਸਮਾਜ ਵਿਚ ਇਕ ਗੋਤਾਖੋਰ ਦੀ ਜ਼ਿੰਦਗੀ ਵਿਚ ਆਉਣ ਵਾਲੇ ਉਤਰਾਵਾਂ-ਚੜ੍ਹਾਵਾਂ ਦੇ ਮੂਲੋਂ ਅਣਛੋਹ ਵਿਸ਼ੇ ਨੂੰ ਆਪਣਾ ਕਥਾ-ਵਸਤੂ ਬਣਾਉਂਦੀ ਹੈ। ਉਸ ਤੋਂ ਵੀ ਅਹਿਮ ਗੱਲ ਇਹ ਕਿ ਕਹਾਣੀ ਦਾ ਕੇਂਦਰੀ ਪਾਤਰ ਬਲਕਾਰ ਕੋਈ ਪੇਸ਼ਾਵਰ ਗੋਤਾਖੋਰ ਨਹੀਂ, ਸਗੋਂ ਕਿਸਾਨੀ-ਸੰਕਟ ਦਾ ਧੱਕਿਆ ਇਸ ਕਿੱਤੇ ਨੂੰ ਚੁਣਦਾ ਹੈ ਅਤੇ ਲਾਸ਼ਾਂ ਕੱਢਣ ਦੇ ਧੰਦੇ ਨੂੰ ਮਾਨਵੀ-ਸੰਵੇਦਨਾ ਤੋਂ ਅਭਿੱਜ ਰਹਿ ਕੇ ਨਹੀਂ ਕਰ ਸਕਦਾ। ਇਸ ਲਈ ਲਾਸ਼ ਦੇ ਵਾਰਸਾਂ ਨਾਲ ‘ਪ੍ਰੋਫੈਸ਼ਨਲ’ ਹੋ ਕੇ ਵਿਹਾਰ ਨਹੀਂ ਕਰ ਸਕਦਾ। ਦੂਜੇ ਸ਼ਬਦਾਂ ਵਿਚ, ਸਭ ਤਰ੍ਹਾਂ ਦੇ ਸੰਕਟਾਂ ਦੇ ਬਾਵਜੂਦ ਉਸ ਨੇ ਆਪਣੀ ਮਾਨਵੀਅਤਾ ਨੂੰ ਡੁੱਬਣ ਤੋਂ ਬਚਾਇਆ ਹੋਇਆ ਹੈ। ਕਹਾਣੀ ਦੀ ਸ਼ਕਤੀ ਨਿਸਚੇ ਹੀ ਅਜਿਹੀ ਨਿਵੇਕਲੀ ਵਿਸ਼ਾ-ਚੋਣ ਵਿਚ ਤਾਂ ਹੈ ਹੀ, ਪਰ ਇਸ ਤੋਂ ਵੀ ਵੱਧ ਉਸ ਦੀ ਪ੍ਰੋਢ ਕਥਾ-ਸ਼ੈਲੀ ਕਰਕੇ ਹੈ। ਗੋਤਾਖੋਰੀ ਨਾਲ ਸਬੰਧਤ ਵਿਭਿੰਨ ਕਾਰਜਾਂ ਅਤੇ ਲੋਕਧਾਰਾਈ ਵਿਸ਼ਵਾਸਾਂ ਨੂੰ ਜਿਵੇਂ ਗਰੇਵਾਲ ਨੇ ਪ੍ਰਕਾਰਜੀ ਚਿੰਨ੍ਹਾਂ ਵਿਚ ਢਾਲਿਆ ਅਤੇ ਕਹਾਣੀ ਦੀ ਸੰਰਚਨਾ ਦਾ ਸਹਿਜ ਅੰਗ ਬਣਾਇਆ ਹੈ, ਉਹ ਪੰਜਾਬੀ ਕਹਾਣੀ ਦੀ ਬਿਰਤਾਂਤਕਾਰੀ ਲਈ ਸੱਚਮੁੱਚ ਮਿਸਾਲੀ ਹੈ।
ਮੂਲੋਂ ਨਵੇਂ ਕਹਾਣੀਕਾਰ ਸੁਖਪਾਲ ਸਿੰਘ ਥਿੰਦ ਦੀ ਕਹਾਣੀ ‘ਫੁੱਲਾਂ ਦੀ ਫਸਲ’ (‘ਹੁਣ’, ਮਈ-ਅਗਸਤ) ਪੰਜਾਬ ਦੀ ਅਜੋਕੀ ਨੌਜਵਾਨ ਪੀੜ੍ਹੀ ਦੇ ਧੜਾਧੜ ਹੋ ਰਹੇ ਪਰਵਾਸ ਅਤੇ ਉਸ ਨਾਲ ਇਕਹਿਰੇ ਪਰਿਵਾਰਾਂ ਵਿਚ ਪੈਦਾ ਹੋਣ ਵਾਲੇ ਖਲਾਅ ਦੇ ਮਸਲੇ ਬਾਰੇ ਲਿਖੀ ਗਈ ਹੈ। ਕਹਾਣੀ ਦੇ ਨੌਜਵਾਨ ਪਾਤਰ ਮਹਿਕਦੀਪ ਦੇ ਨੌਕਰੀ-ਪੇਸ਼ਾ ਮਾਪਿਆਂ ਦੀ ਆਰਥਕ ਹਾਲਤ ਵੀ ਕੋਈ ਮਾੜੀ ਨਹੀਂ ਅਤੇ ਮਹਿਕਦੀਪ ਦੀ ਵੀ ਬੀ. ਟੈਕ ਤੋਂ ਬਾਅਦ ਮਲਟੀਨੈਸ਼ਨਲ ਕੰਪਨੀ ਵਿਚ ‘ਪਲੇਸਮੈਂਟ’ ਹੋ ਜਾਂਦੀ ਹੈ, ਪਰ ਇਸ ਦੇ ਬਾਵਜੂਦ ਉਸ ਨੂੰ ਆਪਣੇ ਵਤਨ ਦਾ ਸਭ ਕੁਝ ‘ਟੋਟਲੀ ਸਫੋਕੇਟਿੰਗ’ ਜਾਪਦਾ ਹੈ, ਜਿਥੇ ਕਿਸੇ ਦਾ ‘ਰੂਹ ਦਾ ਪੰਛੀ’ ਚਹਿਕ ਨਹੀਂ ਸਕਦਾ। ਕਦੇ ਮਹਿਕਦੀਪ ਦੇ ਬਾਪ ਨੂੰ ਇਸੇ ਤਰ੍ਹਾਂ ਪਿੰਡ ਛੱਡ ਕੇ ਸ਼ਹਿਰ ਦਾ ਵਸੇਬਾ ਚੁਣਨਾ ਪਿਆ ਸੀ। ਇਸ ਪ੍ਰਕਾਰ ਕਹਾਣੀ ਪੰਜਾਬੀਆਂ ਦੇ ਪਰਵਾਸ ਨੂੰ ਅਟੱਲ ਹੋਣੀ ਦੇ ਰੂਪ ਵਿਚ ਵੀ ਵੇਖਦੀ ਹੈ ਅਤੇ ਨਾਲ ਦੀ ਨਾਲ ਅਜੋਕੇ ਪਰਵਾਸ ਨੂੰ ਇਕ ਚੰਗੇ ਮੌਕੇ ਵਜੋਂ ਹਾਂ-ਪੱਖੀ ਅਰਥਾਂ ਵਿਚ ਵੀ ਉਭਾਰਦੀ ਹੈ। ਕਹਾਣੀ ਦੀ ਤਾਕਤ ਇਸ ਦੀ ਨਿਵੇਕਲੀ ਤਰਕਮਈ ਰਚਨਾ-ਦ੍ਰਿਸ਼ਟੀ ਵਿਚ ਤਾਂ ਹੈ ਹੀ, ਇਸ ਦੇ ਨਾਲ ਨਾਲ ਪਰਵਾਸੀਪੁਣੇ ਰਾਹੀਂ ਪੈਦਾ ਹੋਣ ਵਾਲੇ ਵਿਯੋਗ ਦੇ ਭਾਵਪੂਰਤ ਬਿਆਨ ਅਤੇ ਪ੍ਰਤੀਕਮਈ ਬਿਰਤਾਂਤਕ ਸ਼ੈਲੀ ਵੀ ਇਸ ਦੀ ਪ੍ਰਾਪਤੀ ਬਣਦੇ ਹਨ।
ਜਤਿੰਦਰ ਸਿੰਘ ਹਾਂਸ ਦੀ ਕਹਾਣੀ ‘ਬਾਕੀ ਸਭ ਝੂਠ ਹੈ’ ਪੰਜਾਬ ਦੇ ਕਿਸਾਨੀ ਸੰਕਟ ਦੇ ਹਵਾਲੇ ਨਾਲ ਇਕ ਕਿਸਾਨ ਪਰਿਵਾਰ ਦੀ ਅੰਦਰੂਨੀ ਕਸ਼ਮਕਸ਼ ਦਾ ਬਿਰਤਾਂਤ ਪੇਸ਼ ਕਰਦੀ ਹੈ। ਕਿਸਾਨੀ-ਸੰਕਟ ਦੀ ਪਰੰਪਰਕ ਪੰਜਾਬੀ ਕਹਾਣੀ ਵਾਂਗ ਪਿਉ-ਪੁੱਤ ਵਿਚਲੀ ਕਸ਼ਮਕਸ਼ ਦਾ ਕਾਰਨ ਕੋਈ ਬਹੁਤ ਗਹਿਰਾ ਆਰਥਕ ਸੰਕਟ ਨਹੀਂ, ਸਗੋਂ ਪੜ੍ਹੇ-ਲਿਖੇ ਨੌਜਵਾਨ ਪੁੱਤ ਦਾ ‘ਦੁਨੀਆਂ ਮੇਰੀ ਮੁੱਠੀ ‘ਚ ਹੋਵੇ’ ਵਾਲਾ ਮਾਅਰਕੇਬਾਜ ਵਤੀਰਾ ਵੱਧ ਹੈ, ਜੋ ਅੰਤਿਮ ਅਰਥਾਂ ਵਿਚ ਮੌਤਮੁਖੀ ਸਿੱਧ ਹੁੰਦਾ ਹੈ। ਇਸ ਦੇ ਉਲਟ ਪਿਉ ਦੀ ਜੀਵਨ-ਦ੍ਰਿਸ਼ਟੀ ਸਭ ਸੰਕਟਾਂ ਦੇ ਬਾਵਜੂਦ ਜ਼ਿੰਦਗੀ-ਮੁਖੀ ਹੈ। ਕਹਾਣੀ ਬੜੇ ਸੂਖਮ ਢੰਗ ਨਾਲ ਪਰੰਪਰਾ ਅਤੇ ਨਵੀਨਤਾ ਦੇ ਜੀਵੰਤ ਅਤੇ ਮਾਰੂ ਤੱਤਾਂ ਦੀ ਪਛਾਣ ਮਾਨਵੀਅਤਾ ਦੀ ਕਸਵੱਟੀ ਨਾਲ ਕਰਦੀ ਹੈ।
ਹਾਂਸ ਦੀ ਨਾਟਕੀ ਬਿਰਤਾਂਤ ਦੀ ਕਥਾ-ਜੁਗਤ ਕਹਾਣੀ ਨੂੰ ਬਹੁਤ ਰੌਚਕ, ਵਿਅੰਗ-ਅਰਥੀ ਅਤੇ ਬਹੁ-ਪਰਤੀ ਬਣਾਉਂਦੀ ਹੈ। ਇਸ ਕਹਾਣੀ ਦੇ ਵਸਤੂ-ਵੇਰਵਿਆਂ ਵਿਚ ਨਾਵਲੀ ਵਿਸਥਾਰ ਦੀਆਂ ਸੰਭਾਵਨਾਵਾਂ ਛੁਪੀਆਂ ਹੋਈਆਂ ਹਨ ਅਤੇ ਇਸ ਦੀ ਸੰਰਚਨਾ ਵੀ ਬਿਰਤਾਂਤ-ਖੰਡਾਂ ਵਾਲੀ ਹੈ, ਇਸ ਲਈ ਛੋਟੇ ਆਕਾਰ ਦੇ ਬਾਵਜੂਦ ਇਹ ਸਫਲ ਨਾਵਲੀ-ਕਹਾਣੀ ਹੈ।
ਬਲਬੀਰ ਪਰਵਾਨਾ ਦੀ ਕਹਾਣੀ ‘ਥੈਂਕ ਯੂ ਬਾਪੂ’ (‘ਪ੍ਰਵਚਨ’, ਅਪਰੈਲ-ਜੂਨ) ਪਦਾਰਥਕਤਾ ਦੀ ਨੀਂਹ ‘ਤੇ ਉਸਰੇ ਪਰਿਵਾਰਕ ਰਿਸ਼ਤਿਆਂ ਦਾ ਕੌੜਾ ਪਰ ਡੂੰਘਾ ਸੱਚ ਬਿਆਨਦੀ ਹੈ। ਨੌਕਰੀ ਕਾਰਨ ਆਪਣੇ ਇਕਹਿਰੇ ਪਰਿਵਾਰ ਨਾਲ ਸ਼ਹਿਰ ਰਹਿ ਰਿਹਾ ਪੁੱਤ ਆਪਣੇ ਹਸਪਤਾਲ ਦਾਖਲ ਬਾਪ ਦੀ ਸਾਂਭ-ਸੰਭਾਲ ਦਾ ਫਰਜ਼ ਵੀ ਨਿਭਾਉਣਾ ਚਾਹੁੰਦਾ ਹੈ, ਪਰ ਪਦਾਰਥਕ ਗਿਣਤੀਆਂ-ਮਿਣਤੀਆਂ ‘ਚ ਉਲਝੇ ਪਰਿਵਾਰ ਦੇ ਦਬਾਵਾਂ ਨਾਲ ਪੀੜਤ ਨਿੱਜਮੁਖੀ ਵੀ ਹੈ। ਇਸ ਲਈ ਬਾਪ ਦੀ ਜਲਦੀ ਮੌਤ ਨਾਲ ਥੋੜ੍ਹਾ ਦੁਖੀ ਪਰ ਬਹੁਤਾ ਸੁਰਖੁਰੂ ਮਹਿਸੂਸ ਕਰਦਾ ਹੈ। ਇਸ ਕਹਾਣੀ ਦੀ ਖੂਬੀ ਇਸ ਦੇ ਯਥਾਰਥਕ ਅੰਦਾਜ਼ੇ-ਬਿਆਂ ਅਤੇ ਤਣਾਅ ਨੂੰ ਢੁਕਵੀਂ ਗਲਪੀ-ਭਾਸ਼ਾ ਰਾਹੀਂ ਪ੍ਰਗਟਾਉਣ ਵਿਚ ਹੈ।
ਸਹੀ ਅਰਥਾਂ ਵਿਚ ਕਹੀ ਜਾ ਸਕਦੀ ਜਗਜੀਤ ਗਿੱਲ ਦੀ ਨਾਵਲੀ-ਕਹਾਣੀ ‘ਹਦਬਸਤ ਨੰਬਰ 211’ ਪੰਜਾਬ ਸੰਕਟ ਅਤੇ ਕਿਸਾਨੀ ਸੰਕਟ ਦੇ ਹਵਾਲੇ ਨਾਲ ਮਾਝੇ ਦੇ ਇਕ ਪਰਿਵਾਰ, ਅਰਥਾਤ ਪੂਰੇ ਪਿੰਡ ਜਾਂ ਇਲਾਕੇ ਦੇ ਦੁੱਖਾਂ, ਸੁੱਖਾਂ, ਸੁਪਨਿਆਂ ਅਤੇ ਸੰਤਾਪਾਂ ਦਾ ਸੰਦਰਭ-ਯੁਕਤ ਮਹਾਂਚਿਤਰ ਉਲੀਕਦੀ ਹੈ। ਕਹਾਣੀ ਦੀ ਵਿਸ਼ੇਸ਼ਤਾ ਵਸਤੂ-ਯਥਾਰਥ ਦੀ ਜਟਿਲਤਾ ਨੂੰ ਇਕ ਪਾਸੇ ਬਾਰੀਕਬੀਨੀ ਅਤੇ ਦੂਜੇ ਪਾਸੇ ਵਿਸਥਾਰਮਈ-ਦੋਹਾਂ ਪੱਧਰਾਂ ਉਤੇ ਪੂਰੀ ਪ੍ਰਮਾਣਿਕਤਾ ਨਾਲ ਪੇਸ਼ ਕਰਨ ਵਿਚ ਹੈ।
ਸਿਮਰਨ ਧਾਲੀਵਾਲ ਦੀ ਕਹਾਣੀ ‘ਆ ਆਪਾਂ ਘਰ ਬਣਾਈਏ’ (‘ਸ਼ਬਦ’, ਜੁਲਾਈ-ਸਤੰਬਰ) ਪੰਜਾਬ ਦੀਆਂ ਮੌਜੂਦਾ ਪ੍ਰਸਥਿਤੀਆਂ ਵਿਚ ਦਲਿਤ ਚੇਤਨਾ ਦੇ ਉਭਾਰ ਨਾਲ ਬਣ ਰਹੇ ਮਾਹੌਲ ਕਾਰਨ ਜੱਟ ਵਰਗ ਦੀ ਧੌਂਸਮੁਖੀ ਦ੍ਰਿਸ਼ਟੀ ਨੂੰ ਖੋਰਾ ਲੱਗਣ ਦਾ ਬਿਰਤਾਂਤ ਪੇਸ਼ ਕਰਦੀ ਹੈ। ਇਸ ਕਹਾਣੀ ਦੀ ਸ਼ੈਲੀਗਤ ਵਿਸ਼ੇਸ਼ਤਾ ਇਸ ਗੱਲ ਵਿਚ ਹੈ ਕਿ ਜੱਟ ਵਰਗ ਦੇ ਪ੍ਰਤੀਨਿਧ ਪਾਤਰ ਮੇਜਾ ਸਿੰਘ ਦੇ ਤਣਾਅ ਨੂੰ ਬਹੁਤ ਢੁਕਵੇਂ ਚਿੰਨਾਂ-ਪ੍ਰਤੀਕਾਂ ਵਾਲੀ ਗਲਪੀ-ਭਾਸ਼ਾ ਰਾਹੀਂ ਪ੍ਰਗਟਾਇਆ ਗਿਆ ਹੈ। ਕਹਾਣੀ ਵਿਚ ਅਣਕਹੇ ਦੀ ਕਹੇ ਨਾਲੋਂ ਵੀ ਵੱਧ ਮਹੱਤਤਾ ਬਣ ਗਈ ਜਾਪਦੀ ਹੈ। ਬਿਰਤਾਂਤਕਾਰੀ ਦੀ ਖੂਬੀ ਇਸ ਗੱਲ ਵਿਚ ਵੀ ਹੈ ਕਿ ਮੇਜਾ ਸਿੰਘ ਦੇ ਜੱਟ-ਅਵਚੇਤਨ ਦਾ ਬਹੁਤਾ ਕੁਝ ਅਣਕਹੇ ਰੂਪ ‘ਚ ਵਿਹਾਰਕ ਸੰਕੇਤਾਂ ਰਾਹੀਂ ਉਜਾਗਰ ਹੁੰਦਾ ਹੈ।
ਇੰਗਲੈਂਡ ਵਾਸੀ, ਮੂਲੋਂ ਨਵੇਂ ਕਹਾਣੀਕਾਰ ਨਵਚੇਤਨ ਦੀ ਕਹਾਣੀ ‘ਰਿਵਰ ਆਫ ਲਾਈਫ’ (‘ਸ਼ਬਦ’, ਜਨਵਰੀ-ਜੂਨ) ਇਕ ਪਰਵਾਸੀ ਪੰਜਾਬੀ ਔਰਤ ਦੀ ਮਾਨਸਿਕ ਉਥਲ-ਪੁਥਲ ਨੂੰ ਪੰਜਾਬ ਸੰਕਟ ਦੇ ਦੂਰ ਰਸੀ ਮਨੋਵਿਗਿਆਨਕ ਪ੍ਰਭਾਵਾਂ ਦੇ ਪਿਛੋਕੜ ਰਾਹੀਂ ਚਿਤਰਦੀ ਹੈ। ਉਸ ਦਾ ਜ਼ਖਮੀ ਅਤੀਤ, ਜਿਸ ਨੂੰ ਉਹ ਚੇਤੰਨ ਤੌਰ ‘ਤੇ ਖਾਰਜ ਕਰਨਾ ਲੋਚਦੀ ਹੈ, ਆਪਣੇ ਮੂੰਹ-ਜ਼ੋਰ ਪ੍ਰਭਾਵਾਂ ਨਾਲ ਉਸ ਦੇ ਵਰਤਮਾਨ ਨੂੰ ਗ੍ਰਹਿਣ ਦਿੰਦਾ ਹੈ। ਇਸ ਕਹਾਣੀ ਦੀ ਬਿਰਤਾਂਤਕ ਅਹਿਮੀਅਤ ਮੁੱਖ ਔਰਤ ਪਾਤਰ ਦੇ ਅਵਚੇਤਨ ਨੂੰ ਉਸ ਦੇ ਕਥਨਾਂ ਅਤੇ ਵਿਹਾਰ ਦੀ ਜੁਗਲਬੰਦੀ ਰਾਹੀਂ ਉਜਾਗਰ ਕਰ ਸਕਣ ਦੀ ਮਨੋਵਿਗਿਆਨਕ ਸੂਝ ਵਿਚ ਹੈ।
ਕਹਾਣੀ ਦੇ ਖੇਤਰ ਵਿਚ ਮੁਢਲੇ ਕਦਮ ਰੱਖ ਰਹੇ ਰੰਗਕਰਮੀ ਬਲਵਿੰਦਰ ਦੀ ਕਹਾਣੀ ‘ਲਹੂ ਲੁਹਾਣ’ (‘ਰਾਗ’, ਸਤੰਬਰ-ਦਸੰਬਰ) ਕਸ਼ਮੀਰ ਸੰਕਟ ਦੀ ਪਿੱਠਭੂਮੀ ਨਾਲ ਇਕ ਪੰਜਾਬੀ ਫੌਜੀ ਹਰਨਾਮ ਅਤੇ ਕਸ਼ਮੀਰੀ ਲੜਕੀ ਦੀ ਬਹੁਤ ਸੂਖਮ ਅਤੇ ਮਾਸੂਮ ਜਿਹੀ ਚਾਹਤ ਦਾ ਬਿਰਤਾਂਤ ਪੇਸ਼ ਕਰਦੀ ਹੈ। ਇਸ ਕਹਾਣੀ ਦੀ ਤਾਕਤ ਇਸ ਦੇ ਬਹੁਤ ਸੰਤੁਲਿਤ ਜਿਹੇ ਕਾਵਿਕ ਅੰਦਾਜ਼, ਭੂਗੋਲਿਕ ਦ੍ਰਿਸ਼-ਉਸਾਰੀ ਅਤੇ ਲੁੱਛਦੀ ਮਾਨਵੀ ਸੰਵੇਦਨਾ ਦੇ ਬਹੁਤ ਨਾਜ਼ੁਕ ਅਹਿਸਾਸਾਂ ਦੀ ਨਕਸ਼-ਨਿਗਾਰੀ ਵਿਚ ਹੈ।
ਸਮਕਾਲੀ ਪੰਜਾਬੀ ਕਹਾਣੀ ਦੇ ‘ਮਾਸਟਰ ਸਟੋਰੀ ਟੈਲਰ’ ਸੁਖਜੀਤ ਦੀ ਕਹਾਣੀ ‘ਆਟੋ ਨੰਬਰ 420’ (‘ਸ਼ਬਦ’, ਜੁਲਾਈ-ਸਤੰਬਰ) ਮੁਨਾਫਾਮੁਖੀ ਪੂੰਜੀਵਾਦੀ ਜੀਵਨ-ਸ਼ੈਲੀ ਅਤੇ ਕੁਦਰਤਮੁਖੀ ਮਾਨਵੀ ਜੀਵਨ-ਜਾਚ ਦੇ ਅੰਤਰ-ਸੰਵਾਦ ਨੂੰ ਆਪਣੀ ਕਥਾ-ਵਸਤੂ ਬਣਾਉਂਦੀ ਹੈ। ਪ੍ਰਦੂਸ਼ਿਤ ਸ਼ਹਿਰੀ ਮਾਹੌਲ ਵਿਚ ਰਹਿੰਦੇ ਇਕ ਆਟੋ ਚਾਲਕ ਨੂੰ ਕਿਸੇ ਭਿਆਨਕ ਡਰ ਕਾਰਨ ਕੁਝ ਸਮਾਂ ਜੰਗਲਾਂ ਵਿਚ ਪਨਾਹ ਲੈਣੀ ਪੈਂਦੀ ਹੈ। ਕੁਦਰਤ ਦਾ ਸੰਗ-ਸਾਥ ਉਸ ਦੇ ਜੁੱਸੇ ਅਤੇ ਖੂਨ ਦੀ ਤਾਸੀਰ ਹੀ ਬਦਲ ਦਿੰਦਾ ਹੈ। ਵਿਗਿਆਨ-ਗਲਪ ਦੀ ਤਰਜ਼ ‘ਤੇ ਇਹ ਕਹਾਣੀ ਅਨੁਭਵਮੂਲਕ ਜੀਵਨ-ਯਥਾਰਥ ਦੀ ਥਾਂ ਕਾਲਪਨਿਕ ਜਾਂ ਮਸਨੂਈ ਸਮੱਗਰੀ ਨੂੰ ਆਪਣੀ ਟੇਕ ਬਣਾਉਂਦੀ ਹੈ। ਇਸ ਦੀ ਕਲਾਤਮਕ ਵਡਿਆਈ ਵਸਤੂ-ਚੋਣ ਤੋਂ ਵੀ ਵੱਧ ਯਥਾਰਥ-ਨੁਮਾ ਫੈਂਟਸੀ ਸਿਰਜਣ ਵਿਚ ਹੈ। ਪੰਜਾਬੀ ਵਿਚ ਇਹ ਨਿਵੇਕਲਾ ਪ੍ਰਯੋਗ ਹੈ।
ਦੀਪਤੀ ਬਬੂਟਾ ਦੀ ਨਾਵਲੀ-ਕਹਾਣੀ ‘ਡਾਂਸ ਫਲੋਰ’ (ਕਹਾਣੀ ਧਾਰਾ, ਅਪਰੈਲ-ਸਤੰਬਰ) ਮੈਰਿਜ ਪੈਲੇਸਾਂ ਵਿਚ ਡਾਂਸ ਕਰਨ ਵਾਲੀਆਂ ਲੜਕੀਆਂ ਅਤੇ ਆਰਕੈਸਟਰਾ ਦੇ ਮਾਲਕ ਦੇ ਕਾਰਜ-ਵਿਹਾਰ ਦੀ ਪੇਸ਼ਕਾਰੀ ਰਾਹੀਂ ਐਂਟਰਟੇਨਮੈਂਟ ਉਦਯੋਗ ਦੇ ਅੰਦਰੂਨੀ ਰਹੱਸਾਂ ਦੀਆਂ ਪਰਤਾਂ ਉਜਾਗਰ ਕਰਦੀ ਹੈ। ਇਸ ਕਹਾਣੀ ਦੀ ਕਲਾਤਮਕ ਖੂਬੀ ਇਸ ਦੇ ਨਾਵਲੀ ਵਿਸਥਾਰਾਂ ਨੂੰ ਕਹਾਣੀ-ਬਿਰਤਾਂਤ ਵਿਚ ਸਮੋਣ ਕਰਕੇ ਵੀ ਹੈ ਅਤੇ ਕਿੱਤੇ-ਵਿਸ਼ੇਸ਼ ਦੀ ਜਗਦੀ-ਮਘਦੀ ਗਲਪੀ-ਭਾਸ਼ਾ ਦੇ ਸਿਰਜਣ ਕਾਰਨ ਵੀ ਨਿਰਸੰਦੇਹ ਬਣਦੀ ਹੈ।
ਭਾਵੇਂ ਉਪਰ ਵਰਣਿਤ ਕਹਾਣੀਆਂ ਮੇਰੀ ਪਹਿਲੀ ਪਸੰਦ ਹਨ, ਪਰ ਇਨ੍ਹਾਂ ਤੋਂ ਇਲਾਵਾ ਕੁਝ ਹੋਰ ਵੀ ਜ਼ਿਕਰਯੋਗ ਕਹਾਣੀਆਂ ਬੀਤੇ ਵਰ੍ਹੇ ਪ੍ਰਕਾਸ਼ਿਤ ਹੋਈਆਂ ਹਨ, ਜਿਵੇਂ ਸ਼ਿਲਤਰਾਂ (ਗੁਰਮੀਤ ਕੜਿਆਲਵੀ), ਜਨਪਦ (ਕਲਿਆਣੀ ਅੰਬਪਾਲੀ, ‘ਪ੍ਰਵਚਨ’, ਅਪਰੈਲ-ਜੂਨ), ਬਨਵਾਸ (ਜਿੰਦਰ, ‘ਸਿਰਜਣਾ’, ਅਕਤੂਬਰ-ਦਸੰਬਰ), …ਤੇ ਜੀਨੀ ਜਿੱਤ ਗਈ (ਸ਼ਰਨਜੀਤ ਕੌਰ, ‘ਸਮਕਾਲੀ ਸਾਹਿਤ’, ਜੁਲਾਈ-ਸਤੰਬਰ), ਵਿਸ਼ਵ-ਸੁੰਦਰੀ (ਜਤਿੰਦਰ ਹਾਂਸ, ‘ਸ਼ਬਦ’, ਜਨਵਰੀ-ਜੂਨ), ਹੰਟਡ ਹਾਊਸ (ਸਰਘੀ, ‘ਸ਼ਬਦ’, ਜਨਵਰੀ-ਜੂਨ), ਪੋਸਟ-ਮਾਰਟਮ (ਸੁਕੀਰਤ, ‘ਹੁਣ’, ਜਨਵਰੀ-ਅਪਰੈਲ), ਕੋਈ ਦੇਸ਼ ਨਾ ਜਾਣੇ ਮੇਰਾ (ਗੁਰਮੀਤ ਪਨਾਗ, ‘ਹੁਣ’, ਮਈ-ਅਗਸਤ), ਹਵਾ ਵਿਚ ਉਡਦੀ ਪਤੰਗ (ਮੇਜਰ ਮਾਂਗਟ, ‘ਹੁਣ’, ਮਈ-ਅਗਸਤ), ਘਰ (ਹਰਪ੍ਰੀਤ ਸੇਖਾ, ‘ਰਾਗ’, ਜਨਵਰੀ-ਅਪਰੈਲ), ਆਹੇਂ ਦਾ ਬਾਲਣ (ਖਾਲਿਦ ਹੁਸੈਨ, ‘ਰਾਗ’, ਜਨਵਰੀ-ਅਪਰੈਲ), ਸਮਾਰਟ ਵਰਕ (ਸੰਦੀਪ ਸਮਰਾਲਾ, ‘ਰਾਗ’, ਮਈ-ਅਗਸਤ), ਝਰੀਟਾਂ (ਦਲਜੀਤ ਸ਼ਾਹੀ, ‘ਸਮਦਰਸ਼ੀ’, ਮਾਰਚ-ਅਪਰੈਲ), ਯਾਦਾਂ ਦਾ ਵੱਗ (ਜ਼ੁਬੈਰ ਅਹਿਮਦ, ‘ਵਾਹਗਾ’, ਅਕਤੂਬਰ-ਦਸੰਬਰ) ਆਦਿ।
ਪਿਛਲੇ ਸਾਲ ਦੀ ਪੰਜਾਬੀ ਕਹਾਣੀ ਦਾ ਲੇਖਾ-ਜੋਖਾ ਕਰਦਿਆਂ ਜੋ ਕੁਝ ਪ੍ਰਮੁੱਖ ਤੱਥ ਮੇਰੇ ਸਾਹਮਣੇ ਆਏ ਹਨ, ਉਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ:
ਤੀਜੇ ਪੜਾਅ ਦੇ ਬਹੁਤ ਸਾਰੇ ਕਹਾਣੀਕਾਰ ਜਿਵੇਂ ਪਿਆਰਾ ਸਿੰਘ ਭੋਗਲ, ਗੁਰਬਚਨ ਭੁੱਲਰ, ਜਸਬੀਰ ਭੁੱਲਰ, ਖਾਲਿਦ ਹੁਸੈਨ ਆਦਿ ਇਸ ਵਰ੍ਹੇ ਵੀ ਪੂਰੀ ਤਰ੍ਹਾਂ ਸਰਗਰਮ ਰਹੇ। ਕੁਝ ਦੇ ਤਾਂ ਗੁਣਨਾਤਮਕ ਮਹੱਤਤਾ ਵਾਲੇ ਕਹਾਣੀ-ਸੰਗ੍ਰਿਹ ਵੀ ਇਸ ਵਰ੍ਹੇ ਪ੍ਰਕਾਸ਼ਿਤ ਹੋਏ, ਜਿਵੇਂ ਆਮ ਖਾਸ (ਗੁਰਦੇਵ ਸਿੰਘ ਰੁਪਾਣਾ), ਦਿਨ ਢਲੇ (ਮੁਖਤਾਰ ਗਿੱਲ), ਸ਼ੱਰੇਆਮ (ਕਿਰਪਾਲ ਕਜ਼ਾਕ), ਅੰਧੇ ਕਾ ਨਾਓਂ ਪਾਰਖੂ (ਹਮਦਰਦਵੀਰ ਨੌਸ਼ਹਿਰਵੀ), …ਤੇ ਜੀਨੀ ਜਿੱਤ ਗਈ (ਸ਼ਰਨਜੀਤ ਕੌਰ), ਕੱਚਾ ਮਾਸ (ਮੋਹਨ ਲਾਲ ਫਿਲੌਰੀਆ), ਚੜ੍ਹਦੇ ਸੂਰਜ ਦੀ ਲਾਲੀ (ਮੁਖਤਿਆਰ ਸਿੰਘ) ਆਦਿ ਵਰਨਣਯੋਗ ਹਨ।
ਚੌਥੇ ਪੜਾਅ ਦੇ ਕੁਝ ਕਹਾਣੀਕਾਰਾਂ ਦੇ ਕਹਾਣੀ-ਸੰਗ੍ਰਿਹ ਇਸ ਵਰ੍ਹੇ ਦੀ ਵਿਸ਼ੇਸ਼ ਪ੍ਰਾਪਤੀ ਬਣਦੇ ਹਨ, ਜਿਵੇਂ ਜਿਉਣਾ ਸੱਚ ਬਾਕੀ ਝੂਠ (ਜਤਿੰਦਰ ਹਾਂਸ), ਰੰਗ ਦੀ ਬਾਜ਼ੀ (ਅਜਮੇਰ ਸਿੱਧੂ), ਘੋਰਕੰਡੇ (ਸਿਮਰਨ ਧਾਲੀਵਾਲ), ਅਰਥ ਬਦਲਦੇ ਰਿਸ਼ਤੇ (ਹਰਜਿੰਦਰ ਸੂਰੇਵਾਲੀਆ), ਮਿਹਣਾ (ਗੁਰਸੇਵਕ ਸਿੰਘ ਪ੍ਰੀਤ), ਠਰੀ ਅੱਗ ਦਾ ਸੇਕ (ਜਸਪਾਲ ਮਾਨਖੇੜਾ), ਗਿਆਰਾਂ ਰੰਗ (ਸੁਕੀਰਤ) ਆਦਿ।
ਕੁਝ ਕਹਾਣੀਕਾਰਾਂ ਨੇ ਆਪਣੇ ਪਲੇਠੇ ਕਹਾਣੀ-ਸੰਗ੍ਰਿਹ ਨਾਲ ਹੀ ਪਾਠਕਾਂ ਵਿਚ ਆਪਣੀ ਭਰਵੀਂ ਪਛਾਣ ਬਣਾ ਲਈ, ਜਿਵੇਂ ਚੁੱਪ ਮਹਾਂਭਾਰਤ (ਪਰਮਜੀਤ ਢੀਂਗਰਾ), ਝਰੀਟਾਂ (ਦਲਜੀਤ ਸਿੰਘ ਸ਼ਾਹੀ), ਸ਼ਾਹ ਰਗ ਤੋਂ ਵੀ ਨੇੜੇ (ਪਵਿੱਤਰ ਕੌਰ ਮਾਟੀ), ਲਕੀਰਾਂ ਵਿਚ ਘਿਰੇ ਹੋਏ (ਗੁਰਮੀਤ ਆਰਿਫ), ਮਿਰਗ ਤ੍ਰਿਸ਼ਨਾ (ਸਰਨਜੀਤ ਕੌਰ ਅਨਹਦ) ਆਦਿ।
ਪਰਵਾਸੀ ਪੰਜਾਬੀ ਕਹਾਣੀ ਵਿਚ ਇਸ ਵਾਰ ਵੀ ਕੁਝ ਵਿਸ਼ੇਸ਼ ਮਹੱਤਵ ਵਾਲੇ ਕਹਾਣੀ-ਸੰਗ੍ਰਿਹ ਪ੍ਰਕਾਸ਼ਿਤ ਹੋਏ ਹਨ ਜਿਵੇਂ ਪੌੜੀ (ਸੰਤੋਖ ਧਾਲੀਵਾਲ, ਇੰਗਲੈਂਡ), ਮੁਰਗਾਬੀਆਂ (ਗੁਰਮੀਤ ਪਨਾਗ, ਕੈਨੇਡਾ), ਕੈਨੇਡੀਅਨ ਕੂੰਜਾਂ (ਗੁਰਚਰਨ ਥਿੰਦ, ਕੈਨੇਡਾ), ਦੁੱਖਾਂ ਦੇ ਗੋਹੜੇ (ਸੁਰਿੰਦਰ ਕੌਰ ਪੱਖੋਕੇ, ਅਮਰੀਕਾ), ਨਵੇਂ ਜ਼ਖਮ (ਨਿਰਮਲ ਸਿੰਘ ਲਾਲੀ, ਅਮਰੀਕਾ) ਆਦਿ।
ਪਾਕਿਸਤਾਨ ਵਿਚ ਪੰਜਾਬੀਆਂ ਦੀ ਗਿਣਤੀ ਦੇ ਅਨੁਪਾਤ ਵਿਚ ਕਹਾਣੀ-ਸਿਰਜਣਾ ਦਾ ਕੰਮ ਕੁਝ ਮੱਧਮ ਜਾਪਦਾ ਹੈ ਪਰ ਫਿਰ ਵੀ ਸਥਿਤੀ ਮੂਲੋਂ ਨਿਰਾਸ਼ਾ ਵਾਲੀ ਨਹੀਂ। ਆਪਣੇ ਦੋਸਤ ਅਤੇ ਪ੍ਰਸਿੱਧ ਪਾਕਿਸਤਾਨੀ ਕਹਾਣੀਕਾਰ, ਕਹਾਣੀ-ਆਲੋਚਕ ਕਰਾਮਤ ਅਲੀ ਮੁਗਲ ਰਾਹੀਂ ਪ੍ਰਾਪਤ ਵੇਰਵਿਆਂ ਅਨੁਸਾਰ ਇਸ ਵਾਰ ਵੀ ਕੁਝ ਅਹਿਮ ਕਹਾਣੀ-ਸੰਗ੍ਰਿਹ ਪ੍ਰਕਾਸ਼ਿਤ ਹੋਏ ਹਨ, ਜਿਵੇਂ, ਤੂੰ ਘਰ ਚਲਾ ਜਾ (ਮਕਸੂਦ ਸਾਕਿਬ), ਜਿਵੇਂ ਕੋਈ ਸਮਝੇ (ਅਲੀ ਅਨਵਰ ਅਹਿਮਦ), ਹਿਜ਼ਰ ਤੇਰਾ ਜੋ ਪਾਣੀ ਮੰਗੇ (ਜ਼ਾਹਿਦ ਹਸਨ), ਹਰ ਗੁੱਛਾ ਜ਼ਖਮਾਇਆ (ਨੀਲਮ ਅਹਿਮਦ ਬਸ਼ੀਰ), ਹੂਕਾਂ (ਮਖਦੂਮ ਸੁਲਤਾਨ ਟੀਪੂ), ਸ਼ਹਿਰ ਦੀ ਕੁੜੀ (ਉਮਰ ਫਾਰੂਕ) ਆਦਿ।
ਲਿਪੀਅੰਤਰਕਾਰ ਡਾ. ਹਰਬੰਸ ਧੀਮਾਨ ਦੇ ਉਦਮ ਸਦਕਾ ‘ਤੂੰ ਘਰ ਚਲਾ ਜਾ’ ਕਹਾਣੀ-ਸੰਗ੍ਰਿਹ ਤਾਂ ਗੁਰਮੁਖੀ ਲਿਪੀ ਵਿਚ ਵੀ ਛਪ ਚੁਕਾ ਹੈ।
ਭਾਰਤੀ ਪੰਜਾਬ ਦੇ ਅੱਧੀ ਕੁ ਦਰਜਨ ਰਸਾਲਿਆਂ ਨੇ ਬੀਤੇ ਵਰ੍ਹੇ ਵੀ ਪੰਜਾਬੀ ਕਹਾਣੀ ਦੇ ਵਿਕਾਸ ਲਈ ਬਹੁਤ ਉਚੇਚਾ ਯਤਨ ਕੀਤਾ, ਜਿਵੇਂ ਸ਼ਬਦ, ਰਾਗ, ਕਹਾਣੀ ਧਾਰਾ, ਪ੍ਰਵਚਨ, ਸਿਰਜਣਾ, ਹੁਣ ਆਦਿ ਦੇ ਯਤਨ ਵੇਖੇ ਜਾ ਸਕਦੇ ਹਨ। ‘ਸ਼ਬਦ’ ਦਾ ਜਨਵਰੀ-ਜੂਨ ਅੰਕ, ‘ਕਹਾਣੀ ਧਾਰਾ’ ਦਾ ਅਪਰੈਲ-ਸਤੰਬਰ ਅੰਕ, ਅਤੇ ‘ਪ੍ਰਵਚਨ’ ਦਾ ਅਕਤੂਬਰ-ਦਸੰਬਰ ਅੰਕ ਕਹਾਣੀ ਵਿਸ਼ੇਸ਼ ਅੰਕ ਹੋਣ ਕਰਕੇ ਇਤਿਹਾਸਕ ਮਹੱਤਤਾ ਦੇ ਧਾਰਨੀ ਬਣੇ।
ਪੰਜਾਬੀ ਕਹਾਣੀ ਉਂਜ ਤਾਂ ਕੌਮਾਂਤਰੀ ਹੋਂਦ ਵਾਲੀ ਹੈ, ਪਰ ਇਸ ਦੇ ਬਹੁਤ ਸਾਰੇ ਸ੍ਰੋਤ ਦਿਨੋ-ਦਿਨ ਸੁੱਕ ਰਹੇ ਹਨ। ਪਰਵਾਸੀ ਪੰਜਾਬੀ ਕਹਾਣੀ ਦਾ ਕੇਂਦਰ ਹੁਣ ਕੈਨੇਡਾ ਹੈ। ਇੰਗਲੈਂਡ ਅਤੇ ਅਮਰੀਕਾ ਦੇ ਸ੍ਰੋਤ ਬਹੁਤ ਮੱਧਮ ਪੈ ਗਏ ਹਨ। ਇਸੇ ਤਰ੍ਹਾਂ ਭਾਰਤ ਵਿਚ ਪੰਜਾਬ ਤੋਂ ਬਾਹਰ ਵਧੇਰੇ ਖੇਤਰਾਂ ਵਿਚ ਪੰਜਾਬੀ ਕਹਾਣੀ ਦੇ ਸ੍ਰੋਤ ਸੁੱਕ ਗਏ ਹਨ, ਪਰ ਜੰਮੂ-ਕਸ਼ਮੀਰ ਵਿਚ ਖਾਲਿਦ ਹੁਸੈਨ, ਸੁਰਿੰਦਰ ਨੀਰ, ਬਲਜੀਤ ਰੈਣਾ ਜਿਹੇ ਕਹਾਣੀਕਾਰਾਂ ਦੀਆਂ ਸਰਗਰਮੀਆਂ ਕਰਕੇ ਪੰਜਾਬੀ ਕਹਾਣੀ ਦੀ ਸਥਿਤੀ ਕੁਝ ਤਸੱਲੀਬਖਸ਼ ਹੈ।
ਰਾਜਸਥਾਨੀ ‘ਚ ਲਿਖਣ ਵਾਲੇ ਲੇਖਕ ਰੂਪ ਸਿੰਘ ਰਾਜਪੁਰੀ ਦਾ ਮੌਲਿਕ ਕਹਾਣੀ-ਸੰਗ੍ਰਿਹ ‘ਚਾਂਚੂਆ’ ਗੁਰਮੁਖੀ ਵਿਚ ਪਿਛਲੇ ਸਾਲ ਛਪਿਆ ਹੈ। ਅਜਿਹੀ ਨਵੀਂ ਆਮਦ ਤਸੱਲੀ ਦੇਣ ਵਾਲੀ ਹੈ।
ਸੋਸ਼ਲ ਮੀਡੀਆ ਦਾ ਪੰਜਾਬੀ ਕਹਾਣੀ ਦੇ ਪ੍ਰਕਾਸ਼ਨ ਅਤੇ ਰੀਵਿਊ ਕਰਨ ਵਿਚ ਯੋਗਦਾਨ ਦਿਨੋ-ਦਿਨ ਵਧ ਰਿਹਾ ਹੈ। ਸਾਲ 2018 ‘ਚ ਸੁਖਪਾਲ ਥਿੰਦ ਦੀ ਕਹਾਣੀ ‘ਫੁੱਲਾਂ ਦੀ ਫਸਲ’ ਬਾਰੇ ਛਿੜੀ ਚਰਚਾ ਤਾਂ ਹੈਰਾਨ ਕਰਨ ਵਾਲੀ ਰਹੀ।
ਲੰਘੇ ਵਰ੍ਹੇ ਕੁਝ ਨਾਮਵਰ ਪੰਜਾਬੀ ਕਹਾਣੀਕਾਰ-ਗੁਰਪਾਲ ਲਿੱਟ, ਅਵਤਾਰ ਸਾਦਿਕ, ਪ੍ਰੀਤਮ ਸਿੱਧੂ, ਕਰਤਾਰ ਸਿੰਘ ਸੂਰੀ, ਜਸਦੇਵ ਸਿੰਘ ਧਾਲੀਵਾਲ ਤੇ ਅਮਰਜੀਤ ਸਿੰਘ ਸਾਨੂੰ ਸਦਾ ਲਈ ਅਲਵਿਦਾ ਕਹਿ ਗਏ।
ਪਿਛਲੇ ਵਰ੍ਹੇ ਕੁਝ ਉਨ੍ਹਾਂ ਕਹਾਣੀਕਾਰਾਂ ਦੇ ਸੰਗ੍ਰਿਹ ਵੀ ਛਪੇ ਹਨ, ਜੋ ਮੁੱਖ ਧਾਰਾ ਤੋਂ ਜ਼ਰਾ ਪਰ੍ਹੇ ਰਹਿੰਦਿਆਂ ਵੀ ਆਪਣਾ ਯੋਗਦਾਨ ਨਿਰੰਤਰ ਪਾਉਂਦੇ ਰਹਿੰਦੇ ਹਨ, ਜਿਵੇਂ ਫੁਰ-ਰ-ਰ (ਸੁਰਿੰਦਰ ਪਾਲ ਸਿੰਘ ਪਿੰਗਲੀਆ), ਕਾਲੀ ਮਿੱਟੀ ਲਾਲ ਲਹੂ (ਤੇਜਿੰਦਰ ਸਿੰਘ ਫਰਵਾਹੀ), ਸੰਤਾਲੀ ਦੂਣੀਂ ਚੁਰਾਸੀ (ਬਾਜਵਾ ਸੁਖਵਿੰਦਰ), ਸਾਜਨ ਕੀ ਬੇਟੀਆਂ (ਜਸਬੀਰ ਮਾਨ), ਇਰਾਦਾ (ਗੁਰਦੇਵ ਸਿੰਘ ਗਿੱਲ), ਸੁਹਾਗਣ ਵਿਧਵਾ (ਸੰਤੋਖ ਸਿੰਘ ਹੇਅਰ), ਹਿੰਮਤ (ਸਰਵਨ ਸਿੰਘ ਪਤੰਗ, ਮਿੰਨੀ ਕਹਾਣੀ), ਕੋਈ ਨਾਓ ਨਾ ਜਾਣੇ ਮੇਰਾ (ਕਰਮਵੀਰ ਸੂਰੀ, ਮਿੰਨੀ ਕਹਾਣੀ), ਸੂਰਜ ਦਾ ਪਰਛਾਵਾਂ (ਸੁਰਿੰਦਰ ਕੈਲੇ, ਮਿੰਨੀ ਕਹਾਣੀ), ਕੋਕੂਨ ਵਿਚਲਾ ਮਨੁੱਖ, ਸੁਪਨਿਆਂ ਦਾ ਸੌਦਾਗਰ (ਹਰਭਜਨ ਖੇਮਕਰਨੀ), ਹੌਲਾ ਫੁੱਲ (ਸੁਰਿੰਦਰ ਸੋਹੀ), ਲਹੂ ਰੰਗੀ ਮਹਿੰਦੀ (ਸੁਰਿੰਦਰ ਸੈਣੀ), ਜਾਗਦੀਆਂ ਰਾਤਾਂ ਦਾ ਦਰਦ (ਚੇਤਨ ਸਿੰਘ ਛਾਹੜ), ਪਿੱਪਲ ਪੱਤੀਆਂ (ਬੇਅੰਤ ਸਿੰਘ), ਪਸੀਨੇ ਵਿਚ ਧੋਤੀ ਜ਼ਿੰਦਗੀ (ਮਹਿੰਦਰ ਸਿੰਘ ਦੋਸਾਂਝ), ਛੱਜੂ ਦਾ ਟਾਂਗਾ (ਤਰਸੇਮ ਸਿੰਘ ਭੰਗੂ), ਉਮਰੋਂ ਲੰਮੀ ਉਡੀਕ (ਨਿਸ਼ਾਨ ਸਿੰਘ ਰਾਠੌਰ), ਰੌਣਕੀ ਪਿੱਪਲ (ਕੁਲਵਿੰਦਰ ਕੌਰ ਮਹਿਕ), ਬੁਝਦੇ ਦੀਵੇ ਦੀ ਲੋਅ (ਵਰਿੰਦਰ ਕੌਰ ਰੰਧਾਵਾ), ਯਾਦਵਿੰਦਰ ਸਿੰਘ (ਬਦਲਦੇ ਰਿਸ਼ਤੇ), ਧਰਤੀ ਗਾਥਾ (ਸੁਖਵੰਤ ਸਿੰਘ), ਤਿੜਕਦੇ ਅਹਿਸਾਸ (ਰਜਿੰਦਰ ਸਿੰਘ ਢੱਡਾ), ਜੇਹਾ ਬੀਜੇ ਤੇਹਾ ਲੂਣੇ (ਬਲਵਿੰਦਰ ਭੁੱਲਰ), ਹਤਿਆਰੇ (ਸਾਗਰ ਸਿੰਘ ਤੂਰ), ਵਰਦੀ ਦਾ ਮੁੱਲ (ਜਸਵਿੰਦਰ ਸਿੰਘ ਮਾਣੋਚਾਹਲ) ਆਦਿ।
ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਬੀਤੇ ਵਰ੍ਹੇ ਦੀ ਪੰਜਾਬੀ ਕਹਾਣੀ ਨੇ ਗਿਣਤੀ ਅਤੇ ਗੁਣਾਂ ਦੇ ਪੱਖੋਂ ਇਕ ਵਾਰ ਫੇਰ ਆਪਣੀ ਨਿੱਗਰ ਹੋਂਦ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬੀ ਦੇ ਪਾਠਕ ਭਾਵੇਂ ਦਿਨੋ-ਦਿਨ ਘਟਦੇ ਜਾ ਰਹੇ ਹਨ, ਪਰ ਕਹਾਣੀ-ਸਿਰਜਣਾ ਅਤੇ ਕਹਾਣੀ ਨਾਲ ਸਬੰਧਤ ਸਰਗਰਮੀਆਂ ਵਿਚ ਸਾਲ 2018 ਵਿਚ ਵੀ ਭਰਪੂਰਤਾ ਵੇਖਣ ਨੂੰ ਮਿਲਦੀ ਰਹੀ।