ਨਤਮਸਤਕ! ਨਤਮਸਤਕ! ਨਤਮਸਤਕ!

ਅਵਤਾਰ ਸਿੰਘ (ਪ੍ਰੋ.)
ਫੋਨ: 91-94175-18384
ਨਵੇਂ ਸਾਲ ਦੇ ਚੜ੍ਹਾ ਪਹਿਲੀ ਜਨਵਰੀ ਨੂੰ ਦਿਨੇ ਦੋ ਕੁ ਵਜੇ ਅਨੰਦਪੁਰ ਸਾਹਿਬ ਦੀ ਯਾਤਰਾ ਲਈ ਰਵਾਨਾ ਹੋ ਗਏ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ, ਦਸਮ ਪਾਤਸ਼ਾਹ ਦੇ ਦਰਬਾਰ ਵਿਚ ਹਾਜ਼ਰੀ ਭਰੀ ਜਾਵੇ। ਲੇਟ ਲਤੀਫ ਤੁਰ ਪਏ।

ਫਗਵਾੜੇ ਤੋਂ ਬੰਗੇ ਤੱਕ ਉਸਾਰੀ ਅਧੀਨ ਨੈਸ਼ਨਲ ਹਾਈਵੇ, ਬੁਰੇ ਹਾਲ, ਉਥਲ-ਪੁਥਲ। ਬੰਗੇ ਤੋਂ ਗੜ੍ਹਸ਼ੰਕਰ ਤੱਕ, ਜਿਵੇਂ ਕਿਸੇ ਹਮਲਾਵਰ ਨੂੰ ਖੁਆਰ ਕਰਨ ਲਈ ਸੜਕ ਵਿਚ ਖੁਦ ਖੱਡੇ ਪੁੱਟੇ ਹੋਣ।
ਕਾਨ੍ਹਪੁਰ ਦੀ ਖੂਹੀ ਤੱਕ ਸੜਕ ਪੱਧਰੀ ਆਈ ਤੇ ਸੁੱਖ ਦਾ ਸਾਹ ਆਇਆ। ਉਸ ਤੋਂ ਅੱਗੇ, ਪੁੱਛੋ ਹੀ ਨਾ। ਜਿਵੇਂ ਚੋਰ ਸੜਕ ਪੁੱਟ ਕੇ ਲੈ ਗਏ ਹੋਣ ਤੇ ਪਿੱਛੋਂ ਬੁਲਡੋਜ਼ਰ ਫੇਰ ਦਿੱਤਾ ਗਿਆ ਹੋਵੇ; ਜਿਵੇਂ ਅਸੀਂ ਊਠਾਂ ਦੇ ਦੇਸ ਪਹੁੰਚ ਗਏ ਹੋਈਏ।
ਝੱਜੇ ਦੇ ਚੌਂਕ ਤੱਕ ਇਸ ਉਮੀਦ ਵਿਚ ਅੱਪੜੇ ਕਿ ਅੱਗੇ ਠੀਕ ਹੋਵੇਗਾ। ਪਰ ਕਿੱਥੇ! ਅੱਗੇ ਤਾਂ ਇਵੇਂ ਲੱਗਾ ਜਿਵੇਂ ਸੜਕ ਖਾਲਸੇ ਦੇ ਜਨਮ ਅਸਥਾਨ ਨੂੰ ਨਹੀਂ, ਬਲਕਿ ਡਾਕੂਆਂ ਨੇ ਮਾਰਧਾੜ ਲਈ ਰਾਖਵੀਂ ਰੱਖੀ ਹੋਵੇ: ਦਗੜ-ਦਗੜ, ਦਗੜ-ਦਗੜ।
ਜਿਵੇਂ ਸਰਕਾਰ ਨਾਂ ਦੀ ਕੋਈ ਸ਼ੈ ਨਾ ਹੋਵੇ, ਜਿਵੇਂ ਕਿਸੇ ਦੁਸ਼ਮਣ ਦਾ ਰਾਜ ਹੋਵੇ, ਜਿਵੇਂ ਅਸੀਂ 18ਵੀਂ ਸਦੀ ‘ਚ ਹੋਈਏ। ਜਿਵੇਂ ਇੱਟਾਂ ਵਾਲੇ ਭੱਠੇ ਨੂੰ ਜਾ ਰਹੇ ਹੋਈਏ।
ਤਖਤ ਸ੍ਰੀ ਕੇਸਗੜ੍ਹ ਸਾਹਿਬ ਦਾ ਕਲਸ ਨਜ਼ਰ ਆਇਆ ਤੇ ਨੀਲੇ ਅੰਬਰਾਂ ‘ਚ ਝੁੱਲਦਾ ਕੇਸਰੀ ਨਿਸ਼ਾਨ। ਦਰਿਆ ਸਤਲੁਜ ਆ ਗਿਆ ਸੀ। ਸਤਲੁਜ ਦੇ ਖਿਆਲ ਨਾਲ ਹੀ ਦਸ਼ਮੇਸ਼ ਪਿਤਾ ਦੀ ਯਾਦ ਉਮੜ ਆਈ।
ਦੁਸ਼ਵਾਰੀਆਂ ਭੁੱਲ ਗਈਆਂ। ਸਿਰ ਕਿਸੇ ਅਲੌਕਿਕ ਆਭਾ ਮੰਡਲ ਵਿਚ ਝੁਕ ਗਿਆ। ਅਕਾਵਟ ਦੂਰ ਹੋਈ, ਥਕਾਵਟ ਲੱਥ ਗਈ ਤੇ ਮੁਸ਼ਕਿਲਾਂ ਰਫੂਚੱਕਰ ਹੋ ਗਈਆਂ। ਸਮੇਂ ਦਾ ਖਿਆਲ ਵਿੱਸਰ ਗਿਆ; ਕਾਲ ਅਕਾਲ ਹੋ ਗਿਆ।
ਸਤਲੁਜ ਦੇ ਕਿਨਾਰੇ ਦਸ਼ਮੇਸ਼ ਪਿਤਾ, ਚੋਜੀ ਪ੍ਰੀਤਮ ਆਪਣੇ ਹਾਣੀਆਂ ਸੰਗ ਪਾਣੀਆਂ ਨਾਲ ਅਠਖੇਲ੍ਹੀਆਂ ਕਰ ਰਹੇ ਸਨ ਕਿ ਗੁਰੂ ਸਾਹਿਬ ਨੇ ਪੱਥਰ ਚੁੱਕਿਆ ਤੇ ਡੂੰਘੇ ਪਾਣੀਆਂ ‘ਚ ਵਗਾਹ ਮਾਰਿਆ। ਸਾਰੇ ਹੱਕੇ ਬੱਕੇ ਰਹਿ ਗਏ, ਭਲਾ ਪੱਥਰ ਦਾ ਕੀ ਕਸੂਰ!
ਦਸਮੇਸ਼ ਪਿਤਾ ਨੇ ਹਾਣੀਆਂ ਨੂੰ ਪੁੱਛਿਆ, ‘ਇਹ ਪੱਥਰ ਕਿਉਂ ਡੁੱਬਿਆ?’
ਕੋਈ ਕਹੇ, ‘ਭਾਰਾ ਸੀ।’ ਕੋਈ ਕਹੇ, ‘ਪੱਥਰ ਸੀ’ ਤੇ ਕੋਈ ਕੁਛ, ਕੋਈ ਕੁਛ ਕਹੇ। ਦਸਮੇਸ਼ ਪਿਤਾ ਦੇ ਨਿਕਟਤਮ ਅਤੇ ਦਰਬਾਰੀ ਕਵੀ, ਆਲਮ ਫਾਜ਼ਲ ਭਾਈ ਨੰਦ ਲਾਲ ਗੋਇਆ ਚੁੱਪ ਰਹੇ ਤੇ ਹਲਕਾ ਜਿਹਾ ਮੁਸਕਰਾਏ।
ਕਲਗੀਆਂ ਵਾਲੇ ਨੇ ਪੁੱਛਿਆ, “ਭਾਈ ਜੀ, ਤੁਸੀਂ ਦੱਸੋ।”
ਨੰਦ ਲਾਲ ਕਹਿਣ ਲੱਗੇ, “ਗੁਰੂ ਦੇ ਹੱਥੋਂ ਛੁੱਟਿਆਂ ਨੇ ਡੁੱਬਣਾ ਹੀ ਹੁੰਦਾ ਹੈ।”
ਇਸਾਕ ਨਿਊਟਨ ਨੂੰ ਇੰਗਲੈਂਡ ਵਿਚ ਸੇਬ ਦੇ ਡਿਗਣ ਵਿਚ ਧਰਤੀ ਦਾ ਆਕਰਸ਼ਣ ਅਰਥਾਤ ਸਾਇੰਸ ਨਜ਼ਰ ਆਈ ਸੀ। ਭਾਈ ਨੰਦ ਲਾਲ ਨੂੰ ਅਨੰਦਪੁਰ ਸਾਹਿਬ ਵਿਖੇ ਸਤਲੁਜ ਦੇ ਕਿਨਾਰੇ ਪੱਥਰ ਦੇ ਡੁੱਬਣ ਵਿਚ ਗੁਰੂ ਦਾ ਹੁਕਮ, ਅਰਥਾਤ ਅਧਿਆਤਮ ਨਜ਼ਰ ਆਇਆ ਸੀ।
ਉਨ੍ਹਾਂ ਲੋਕਾਂ ਨੇ ਨਿਊਟਨ ਦੇ ‘ਆਕਰਸ਼ਣ’ ਦੇ ਸਿਧਾਂਤ ਦਾ ਮੁੱਲ ਪਾਇਆ; ਪਰ ਅਸੀਂ ਭਾਈ ਨੰਦ ਲਾਲ ਦੀ ਲਾਸਾਨੀ ਲੱਭਤ ‘ਵਿਸਰਜਣ’ ਦੇ ਸਿਧਾਂਤ ਨੂੰ ਸਮਝ ਨਾ ਸਕੇ।
ਡਿਗਣਾ ਤੇ ਡੁੱਬਣਾ ਇੱਕੋ ਗੱਲ ਹੈ। ਨਿਊਟਨ ਨੇ ਇਹ ਨਾ ਸੋਚਿਆ ਕਿ ਸਿਰਫ ਉਹੀ ਸੇਬ ਕਿਉਂ ਡਿਗਿਆ ਸੀ? ਬਾਕੀ ਸੇਬ ਕਿਉਂ ਨਾ ਝੜੇ? ਉਨ੍ਹਾਂ ਨੂੰ ਆਕਰਸ਼ਣ ਕਿਉਂ ਨਾ ਡੇਗ ਸਕਿਆ?
ਨਿਊਟਨ ਦੀ ਨਜ਼ਰ ਵਿਚ ਸੇਬ ਇਸ ਲਈ ਡਿੱਗਿਆ ਕਿ ਧਰਤੀ ਨੇ ਖਿੱਚ ਲਿਆ ਸੀ। ਖਲੀਲ ਜਿਬਰਾਨ ਦੱਸਦਾ ਹੈ ਕਿ ਜਦ ਕੋਈ ਪੱਤਾ ਡਿਗਦਾ ਹੈ ਤਾਂ ਉਸ ਦੇ ਡਿਗਣ ਵਿਚ ਸਾਰੇ ਰੁੱਖ ਦੀ ਸਹਿਮਤੀ ਹੁੰਦੀ ਹੈ। ਭਾਈ ਨੰਦ ਲਾਲ ਕਹਿੰਦੇ ਹਨ ਕਿ ਪੱਥਰ ਤਾਂ ਡੁੱਬਿਆ ਕਿ ਗੁਰੂ ਦੇ ਹੱਥੋਂ ਛੁੱਟ ਗਿਆ ਸੀ। ਇਹ ਹੈ ਸਾਇੰਸ, ਕਵਿਤਾ ਤੇ ਅਧਿਆਤਮ ਦਾ ਫਰਕ ਅਤੇ ਦ੍ਰਿਸ਼ਟੀਕੋਣ।
ਦਰਅਸਲ ਜਿਨ੍ਹੀਂ ਦਿਨੀਂ ਪੱਛਮੀ ਲੋਕ ਭਗਵਾਨ ਵਿਚ ਇਨਸਾਨ ਦੇਖ ਰਹੇ ਸਨ, ਉਨ੍ਹੀਂ ਦਿਨੀਂ ਹੀ ਅਸੀਂ ਇੱਥੇ ਇਨਸਾਨ ਵਿਚ ਭਗਵਾਨ ਦੇਖ ਰਹੇ ਸਾਂ। ਮੈਂ ਨਿਊਟਨ (1642-1726) ਅਤੇ ਭਾਈ ਨੰਦ ਲਾਲ (1633-1713) ਦੇ ਸਮਕਾਲ ਬਾਬਤ ਸੋਚਣ ਲੱਗ ਪਿਆ ਤੇ ਹੈਰਾਨ ਹੋਇਆ।
ਹੈਰਾਨੀ ਅਤੇ ਸਤਲੁਜ ਦੇ ਸਰੂਰ ਵਿਚ ਪਤਾ ਹੀ ਨਾ ਲੱਗਾ ਕਿ ਕਦੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਐਨ ਸਾਹਮਣੇ ਸਾਖਸ਼ਾਤ ਹੋ ਗਿਆ; ਜਿਵੇਂ ਕ੍ਰਿਸ਼ਮਾ ਵਾਪਰ ਗਿਆ ਹੋਵੇ।
ਜੋੜੇ ਉਤਾਰੇ ਤੇ ਜਮ੍ਹਾਂ ਕਰਵਾ ਦਿੱਤੇ। ਮੇਰੇ ਬੇਟੇ ਦੇਗ ਕਰਵਾਉਣ ਚਲੇ ਗਏ ਤੇ ਮੈਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਨਮੁਖ ਅੰਤਰ ਧਿਆਨ ਹੋ ਗਿਆ। ਮੇਰਾ ਵਜੂਦ, ਮੇਰਾ ਈਮਾਨ ਤੇ ਮੇਰੀ ਜ਼ਿੰਦਗੀ ਮੈਨੂੰ ਦੇਖ ਰਹੀ ਸੀ ਕਿ ਮੈਂ ਕਿਸ ਆਲਮ ਵਿਚ ਹਾਂ।
ਮੈਂ 1699 ‘ਚ ਪੁੱਜ ਚੁਕਾ ਸਾਂ ਤੇ ਹਜ਼ਾਰਾਂ ਦੇ ਇਕੱਠ ਵਿਚ ਬਹੁਤ ਪਿੱਛੇ ਖੜ੍ਹਾ ਸਾਂ। ਮੈਨੂੰ ਦਸਮੇਸ਼ ਪਿਤਾ ਦਾ ਝਉਲਾ ਜਿਹਾ ਪੈ ਰਿਹਾ ਸੀ; ਵਹ ਪ੍ਰਗਟਿਓ ਮਰਦ ਅਗੰਮੜਾ ਵਰੀਆਮ ਇਕੇਲਾ॥
ਨੀਲਾ ਬਾਣਾ, ਫਰ੍ਹੇ ਵਾਲੀ ਨੀਲੀ ਦਸਤਾਰ ਤੇ ਚਮਕਦੇ ਚੱਕਰ ਸਜ ਰਹੇ ਸਨ। ਸੱਜੇ ਹੱਥ ਵਿਚ ਲਹਿਰਦੀ ਲਿਸ਼ਕਦੀ ਸ਼ਮਸ਼ੀਰ ਅਤੇ ਉਤੇ “ਸਤਿਗੁਰ ਕਾ ਖਿਵੈ ਚੰਦੋਆ॥”
ਅੱਜ ਪਹਿਲੀ ਦਫਾ ਉਹ ਸੰਗਤ ਤੋਂ ਕੁਝ ਦਰਿਆਫਤ ਕਰ ਰਹੇ ਸਨ। ਮੈਨੂੰ ਸਾਫ ਸਾਫ ਸੁਣਾਈ ਨਾ ਦਿੱਤਾ। ਮੈਂ ਧਿਆਨ ਨਾਲ ਸੁਣਨ ਦੀ ਕੋਸ਼ਿਸ਼ ਕੀਤੀ। ਉਹ ਸੀਸ ਦੀ ਮੰਗ ਕਰ ਰਹੇ ਸਨ। ਮੈਂ ਹੋਰ ਧਿਆਨ ਦਿੱਤਾ। ਉਹ ਸੱਚਮੁਚ ਹੀ ਸੀਸ ਮੰਗ ਰਹੇ ਸਨ।
ਮੈਂ ਆਪਣੇ ਬਾਬਤ ਸੋਚਿਆ ਤੇ ਖੁਦ ਨੂੰ ਦੇਖਿਆ। ਮੇਰਾ ਸਿਰ ਸੋਚਾਂ, ਵਿਚਾਰਾਂ ਤੇ ਖਿਆਲਾਂ ਦਾ ਮਜਮੂਆਂ। ਹਾਂ ਕਿ ਨਹੀਂ, ਹੋਊ ਕਿ ਨਾ, ਹੈ ਕਿ ਨਹੀਂ; ਕੀ, ਕੌਣ, ਕਿੱਦਾਂ, ਕਿੱਥੇ! ਮੈਂ ਆਪਣੀ ਸੁਰਤ ਘੁਮਾਈ।
ਅੰਦਰੋਂ ਅਵਾਜ਼ ਆਈ, ਮੱਤ ਪੱਤ ਦਾ ਰਾਖਾ ਆਪ ਵਾਹਿਗੁਰੂ! ਅਰਦਾਸ ਹੋ ਰਹੀ ਸੀ ਕਿ ਮੇਰੇ ਇਮਾਨ ਤੇ ਮੇਰੇ ਨਿਸ਼ਾਨ ਨੇ ਆਖਿਆ, “ਚਲੋ।” ਦੇਗ ਦੀ ਥਾਲੀ ਫੜ੍ਹ ਕੇ ਪੌੜੀਆਂ ਚੜ੍ਹ ਗਏ ਤੇ ਗੁਰੂ ਘਰ ਦੇ ਅੰਦਰ ਪ੍ਰਵੇਸ਼ ਕੀਤਾ।
ਇੱਕ ਪਾਸੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੇ ਦੂਜੇ ਪਾਸੇ ਅਲੌਕਿਕ ਕੀਰਤਨ। ਸਾਹਮਣੇ ਚਬੂਤਰੇ ‘ਤੇ ਸੁਭਾਇਮਾਨ ਦਸ਼ਮੇਸ਼ ਪਿਤਾ ਦੇ ਚਰਨ ਕਮਲਾਂ ਦੀ ਛੋਹ ਪ੍ਰਾਪਤ ਸ਼ਸਤਰ: ਦੋਧਾਰਾ ਖੰਡਾ, ਪੰਚ ਕਲਾ ਸ਼ਸਤਰ, ਬਚਿੱਤਰ ਸਿੰਘ ਦਾ ਨਾਗਣੀ ਬਰਛਾ, ਭਾਲਾ, ਕਟਾਰ, ਬਹਾਦਰ ਸ਼ਾਹ ਵਲੋਂ ਦਸ਼ਮੇਸ਼ ਪਿਤਾ ਨੂੰ ਭੇਟ ਕੀਤੀ ਹਜ਼ਰਤ ਮੁਹੰਮਦ ਸਾਹਿਬ ਦੇ ਦਾਮਾਦ ਹਜ਼ਰਤ ਅਲੀ ਵਾਲੀ ਸੈਫ ਅਤੇ ਡੱਲੇ ਦੀ ਪਰਖ ਵਾਲੀ ਬੰਦੂਕ। ਅਨੰਦਮਈ ਆਭਾ ਮੰਡਲ: ਵਡਾ ਤੇਰਾ ਦਰਬਾਰੁ ਸਚਾ ਤੁਧੁ ਤਖਤੁ॥
ਮਨ ਵਿਚ ਅਰਦਾਸ ਉਠੀ, ਸੱਚੇ ਪਾਤਸ਼ਾਹ, ਸੁੱਖ ਰੱਖੀਂ, ਸਮਰੱਥਾ ਬਖਸ਼ੀਂ, ਇਮਾਨ ਦੇ ਨੇੜੇ ਰੱਖੀਂ ਅਤੇ ਨਿਸ਼ਾਨ ਕਾਇਮ ਰੱਖੀ; ਮੱਤ ਪੱਤ ਦਾ ਰਾਖਾ ਆਪ ਵਾਹਿਗੁਰੂ।
ਨਤਮਸਤਕ ਹੋਏ, ਪਰਿਕਰਮਾ ਕੀਤੀ ਤੇ ਚੌਂਕੀ ਭਰੀ। ਮੱਥਾ ਟੇਕਿਆ ਤੇ ਬਾਹਰ ਆ ਗਏ। ਨਿਗਾਹ ਘੁਮਾਈ। ਲੋਕ ਸੈਲਫੀਆਂ ਖਿੱਚ ਰਹੇ ਸਨ। ਮੇਰੀ ਆਪਣੀ ਸੈਲਫੀ ਬਣੀ ਹੋਈ ਸੀ।
ਇੱਧਰ ਸਤਲੁਜ, ਉਧਰ ਅਨੰਦਪੁਰ ਸਾਹਿਬ, ਇੱਧਰ ਅਨੰਦਗੜ੍ਹ, ਦੂਰ ਪਹਾੜਾਂ ‘ਤੇ ਨੈਣਾਂ ਦੇਵੀ। ਨਾਲੇ ਨੈਣਾਂ ਦੇਵੀ ਦੇ ਦਰਸ਼ਨ, ਨਾਲੇ ਮੁੰਜ ਬਗੜ ਦਾ ਸੌਦਾ।
ਪ੍ਰਸ਼ਾਦ ਲਿਆ, ਛਕਿਆ ਤੇ ਬਾਹਰ ਆ ਗਏ।
ਤਖਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਜੀ ਭਰ ਕੇ ਤੱਕਿਆ ਤੇ ਨਿਹਾਰਿਆ; ਸੋਲਾਂ ਸੌ ਨੜਿੱਨਵੇਂ ਨੂੰ ਯਾਦ ਕੀਤਾ ਤੇ ਵਾਪਸੀ ਪਾਈ।
ਉਹੀ ਉਭੜ ਦੁਭੜ ਖੁਭੜ! ਉਹੀ ਰਸਤਾ, ਖੱਡੇ ਪਲੱਸ ਹਨੇਰਾ। ਮਨ ਸੋਲਾਂ ਸੌ ਨੜਿੱਨਵੇਂ ‘ਚ ਗੁਆਚਿਆ ਰਿਹਾ ਕਿ ਵਿਸਮਾਦ ਜਿਹੇ ਵਿਚ ਘਰ ਪਹੁੰਚ ਗਏ।