ਕਿਆ ਰੁਮਾਂਚਿਕ ਸਨ ਪਿੰਡ ਦੀਆਂ ਖੂਹੀਆਂ!

ਡਾ. ਆਸਾ ਸਿੰਘ ਘੁੰਮਣ
ਨਡਾਲਾ (ਕਪੂਰਥਲਾ)
ਫੋਨ: 91-98152-53245
ਇਹ ਸਦੀਵੀ ਸੱਚ ਹੈ, “ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਇ॥’ ਭਾਵੇਂ ਪਾਣੀ ਨਾਲੋਂ ਹਵਾ ਜਿਉਂਦੇ ਰਹਿਣ ਲਈ ਵਧੇਰੇ ਜਰੂਰੀ ਹੈ ਪਰ ਪਾਣੀਆਂ ਦਾ ਇੱਕ ਆਪਣਾ ਵੱਖਰਾ ਹੀ ਰੁਮਾਂਚ ਰਿਹਾ ਹੈ। ਮਨੁੱਖੀ ਸਭਿਅਤਾਵਾਂ ਪਾਣੀ ਦੇ ਵਗਦੇ ਸਰੋਤਾਂ ਮੁੱਢ ਪਨਪੀਆਂ ਅਤੇ ਵਿਗਸੀਆਂ, ਪਰ ਪਤਾ ਨਹੀਂ ਮਨੁੱਖ ਨੂੰ ਕਿਵੇਂ, ਕਦੋਂ ਅਤੇ ਕਿੱਥੋਂ ਇਹ ਸੁੱਝਿਆ ਕਿ ਧਰਤੀ ਦੇ ਹੇਠਾਂ ਵੀ ਪਾਣੀ ਹੋ ਸਕਦੈ ਅਤੇ ਉਸ ਨੂੰ ਆਪਣੇ ਵੱਸ ਵਿਚ ਕੀਤਾ ਜਾ ਸਕਦਾ ਹੈ। ਜਦ ਉਸ ਦੀ ਦਿਮਾਗੀ ਸੂਝ ਨੇ ਡੂੰਘਾ ਖੱਡਾ ਪੁੱਟ ਕੇ, ਗੋਲਾਈ ਵਿਚ ਚੂਨੇ-ਰੇਤੇ-ਗਾਰੇ ਆਦਿ ਨਾਲ ਪੱਕੀਆਂ ਇੱਟਾਂ ਦੀ ਉਸਾਰੀ ਕਰਕੇ, ਉਸ ਉਪਰ ਵਜ਼ਨ ਪਾ ਕੇ, ਵਿਚਕਾਰੋਂ ਹੌਲੀ-ਹੌਲੀ ਮਿੱਟੀ ਕੱਢ ਕੇ, ਉਸ ਢਾਂਚੇ ਨੂੰ ਥੱਲੇ ਗਾਲਿਆ ਹੋਵੇਗਾ ਅਤੇ ਅਖੀਰ ਨਦੀਆਂ-ਨਾਲਿਆਂ-ਦਰਿਆਵਾਂ ਨਾਲੋਂ ਵੀ ਸਾਫ-ਸਵੱਛ ਪਾਣੀ ਪ੍ਰਾਪਤ ਕਰ ਲਿਆ ਹੋਵੇਗਾ ਤਾਂ ਉਸ ਦੀ ਖੁਸ਼ੀ ਦਾ ਕੋਈ ਮੁਕਾਮ ਨਹੀਂ ਰਿਹਾ ਹੋਣਾ। ਉਸ ਨੂੰ ਕਿੱਡੀ ਵੱਡੀ ਮੌਜ ਮਹਿਸੂਸ ਹੋਈ ਹੋਵੇਗੀ ਕਿ ਜਦੋਂ ਚਾਹੋ ਲੱਜ-ਬਾਲਟੀ ਚੁੱਕੋ ਅਤੇ ਪਾਣੀ ਖਿੱਚ ਲਓ।

ਮੇਰੇ ਪਿੰਡ ਵਿਚ ਚਾਰ ਖੂਹੀਆਂ ਸਨ। ਤਿੰਨ ਖੂਹੀਆਂ ਤਾਂ ਪਿੰਡ ਦੀਆਂ ਮਸੀਤਾਂ ਦੇ ਬਾਹਰ ਸਨ, ਇੱਕ ਸਾਂਝੇ ਥਾਂ ਸੀ। ਖੂਹੀਆਂ ਦਾ ਆਲਾ-ਦੁਆਲਾ ਪੱਕਾ ਸੀ, ਜਿੱਥੇ ਖਲੋ ਕੇ ਨਹਾਤਾ ਜਾ ਸਕਦਾ ਸੀ, ਕੱਪੜੇ ਧੋਤੇ ਜਾ ਸਕਦੇ ਸਨ, ਡੰਗਰ-ਵੱਛੇ ਨੂੰ ਪਾਣੀ-ਧਾਣੀ ਡਾਹਿਆ ਜਾ ਸਕਦਾ ਸੀ। ਭਾਵੇਂ ਸਭ ਖੂਹੀਆਂ ਸਾਂਝੀਆਂ ਸਨ, ਫਿਰ ਵੀ ਦੂਜੇ ਮੁਹੱਲੇ ਵਾਲਿਆਂ ਦਾ ਆਪਣੀ ਖੂਹੀ ਛੱਡ ਕੇ ਦੂਜੇ ਮੁਹੱਲੇ ਦੀ ਖੂਹੀ ‘ਤੇ ਜਾਣਾ ਅਜੀਬ ਜਿਹਾ ਲੱਗਦਾ ਸੀ।
ਕਿਆ ਰੁਮਾਂਚਕ ਸੰਸਾਰ ਸੀ, ਇਨ੍ਹਾਂ ਖੂਹੀਆਂ ਦਾ! ਸਵੇਰੇ-ਸਾਜਰੇ ਹੀ ਭਾਈ ਦੇ ਸੰਖ ਪੂਰਨ ਨਾਲ ਹੀ ਇਹ ਖੂਹੀਆਂ ਵੀ ਜਾਗ ਉਠਦੀਆਂ। ਅੰਮ੍ਰਿਤ ਵੇਲੇ ਇਸ਼ਨਾਨ ਕਰਨ ਵਾਲੇ ਭਗਤ-ਜਨ ਆ ਡੋਲੂ ਖੜਕਾਉਂਦੇ। ਕਈ ਪਾਣੀ ਲੈਣ ਆਉਂਦੇ ਤੇ ਕਈ ਹਨੇਰੇ ਦਾ ਫਾਇਦਾ ਉਠਾਉਂਦੇ, ਉਥੇ ਹੀ ਚਾਰ ਬੁੱਕ ਪਾਣੀ ਪਿੰਡੇ ਉਤੇ ਸੁੱਟ ਕਾਇਆਂ ਸੁੱਚੀ ਕਰ ਲੈਂਦੇ। ਇਸ਼ਕ ਹਕੀਕੀ ਦੇ ਨਾਲ ਹੀ ਇਸ਼ਕ-ਮਿਜਾਜੀ ਵਾਲੇ ਵੀ ਜਾਗ ਉਠਦੇ, ਕਿਉਂਕਿ ਪਾਣੀ ਭਰਨ-ਲਿਆਉਣ ਦੀ ਬਹੁਤੀ ਜਿੰਮੇਵਾਰੀ ਔਰਤਾਂ ਦੇ ਸਿਰ ਸੀ, ਇਸ ਲਈ ਖੂਹੀਆਂ ਨਾਲ ਪਾਣੀ ਤੋਂ ਬਿਨਾ ਹੋਰ ਕਈ ਸੰਭਾਵਨਾਵਾਂ ਵੀ ਅੰਗੜਾਈਆਂ ਲੈਣ ਲੱਗਦੀਆਂ। ਕਈ ਪਰਛਾਵੇਂ ਸਵੇਰ ਵੇਲੇ ਹੀ ਇਸ ਦੇ ਇਰਦ-ਗਿਰਦ ਮੰਡਲਾਉਣ ਲੱਗਦੇ। ਸਵੇਰ ਦੇ ਹਨੇਰੇ ਵਿਚ ਦੋ ਚਾਹਤ ਭਰੇ ਜਿਸਮਾਂ ਦਾ ਆਪਸ ਸੰਗ ਪਰਛਾਵਿਆਂ ਵਾਂਗ ਛੂ ਜਾਣਾ ਹੀ ਕਿੱਡਾ ਵਿਸਮਾਦੀ ਅਹਿਸਾਸ ਹੋ ਨਿੱਬੜਦਾ ਸੀ।
ਗਰਮੀਆਂ ਦੇ ਦਿਨੀਂ ਖੂਹੀਆਂ ਦੀਆਂ ਰੌਣਕਾਂ ਲੰਮੇਰੀਆਂ ਤੇ ਘਨੇਰੀਆਂ ਹੋ ਜਾਂਦੀਆਂ। ਪਿੰਡ ਦੀਆਂ ਔਰਤਾਂ ਦਾ ਇਹ ਚੰਗਾ ਮਿਲਣ-ਕੇਂਦਰ ਬਣ ਜਾਂਦਾ। ਸਖੀਆਂ-ਸਹੇਲੀਆਂ ਦਾ ਸੋਹਣਾ ਮੇਲ-ਗੇਲ ਵੀ ਹੋ ਜਾਂਦਾ, ਹਾਸਾ-ਠੱਠਾ ਵੀ ਹੋ ਜਾਂਦਾ ਤੇ ਚੁਗਲੀ-ਬੁਖਾਲੀ ਕਰਕੇ ਦਿਲ ਵੀ ਹੌਲਾ ਹੋ ਜਾਂਦਾ। ਵਡੇਰੀ ਉਮਰ ਦੀਆਂ ਔਰਤਾਂ ਦੀ ਕੋਸ਼ਿਸ਼ ਹੁੰਦੀ ਕਿ ਜੁਆਨ ਧੀਆਂ ਜਾਂ ਨੂੰਹਾਂ ਨੂੰ ਇਸ ਕੰਮ ਲਈ ਖੂਹੀ ‘ਤੇ ਨਾ ਹੀ ਭੇਜਿਆ ਜਾਵੇ। ਉਹ ਬਹੁਤੀ ਵਾਰ ਆਪ ਪਾਣੀ ਭਰਨ ਆਉਂਦੀਆਂ ਤੇ ਉਨਾ ਚਿਰ ਪਾਣੀ ਭਰਨ ਵਿਚ ਨਾ ਲਾਉਂਦੀਆਂ, ਜਿੰਨਾ ਉਹ ਦੁੱਖ-ਸੁੱਖ ਸੁਣਨ-ਸੁਣਾਉਣ ਵਿਚ ਲਾ ਦਿੰਦੀਆਂ।
ਖੂਹੀਆਂ ‘ਤੇ ਸੁਬ੍ਹਾ ਕੁੱਕੜ-ਬਾਂਗੇ ਵਕਤ ਤੋਂ ਲੈ ਕੇ ਰਾਤ ਪਈ ਤੱਕ ਡੋਲ-ਬਾਲਟੀਆਂ ਖੜਕਦੇ ਰਹਿੰਦੇ। ਹਰ ਕੋਈ ਬਿਨਾ ਰੋਕ-ਟੋਕ ਇਥੋਂ ਪਾਣੀ ਭਰ ਸਕਦਾ ਸੀ। ਉਂਜ ਕਦੀ ਕਦੀ ਅੱਥਰੀਆਂ ਕੁੜੀਆਂ ਪਾਣੀ ਦੀ ਵਾਰੀ ਤੋਂ ਆਪਸ ਵਿਚ ਖਹਿਬੜ ਵੀ ਪੈਂਦੀਆਂ। ਕਈ ਵੱਡੇ ਪਰਿਵਾਰ ਵਾਲੀਆਂ ਦੋ-ਦੋ ਤਿੰਨ-ਤਿੰਨ ਘੜੇ ਲਈ ਆਉਂਦੀਆਂ। ਇੱਕ ਨੂੰ ਨਿਆਣੇ ਵਾਂਗ ਢਾਕੇ ਲਾ ਲੈਂਦੀਆਂ ਤੇ ਦੋ ਦੋ ਘੜੇ ਸਿਰ ‘ਤੇ ਰੱਖੇ ਬਿੰਨੂੰ ‘ਤੇ ਟਿਕਾ ਲੈਂਦੀਆਂ। ਐਂ ਹਿੱਕ ਤਾਣ ਕੇ ਤੁਰਦੀਆਂ ਕਿ ਵੇਖਣ ਵਾਲਾ ਕਿਸੇ ਹਾਦਸੇ ਨੂੰ ਉਡੀਕਦਾ ਹੀ ਰਹਿ ਜਾਂਦਾ।
ਨਵ-ਵਿਆਹੀ ਜਦ ਪਹਿਲੀ ਵਾਰੀ ਖੂਹੀ ‘ਤੇ ਪਾਣੀ ਭਰਨ ਆਉਂਦੀ ਤਾਂ ਸਗਨਾਂ ਨਾਲ ਆਉਂਦੀ। ਉਸ ਦੀ ਸੱਸ ਜਾਂ ਨਨਾਣ ਵੀ ਨਾਲ ਆਉਂਦੀਆਂ। ਇਹ ਸਭ ਤੋਂ ਵਧੀਆ ਥਾਂ ਸੀ, ਪਿੰਡ ਦੀਆਂ ਔਰਤਾਂ ਨਾਲ ਜਾਣ-ਪਛਾਣ ਲਈ। ਉਂਜ ਨੂੰਹਾਂ ਲਈ ਇਹ ਕੰਮ ‘ਦੋ ਦੋ ਪਿੱਟਣੇ’ ਪਿੱਟਣ ਵਾਲਾ ਹੀ ਸੀ। ਸਿਰ ‘ਤੇ ਘੜਾ ਰੱਖ ਕੇ ਲੋੜ ਪਈ ‘ਤੇ ਘੁੰਡ ਵੀ ਕੱਢਣਾ ਪੈਂਦਾ ਸੀ।
ਕਈ ਵਾਰ ਨਿਆਣੇ ਆਪਣੀਆਂ ਮਾਂਵਾਂ ਨੂੰ ਬਾਲਟੀ ਭਰੀ ਲਿਆਉਂਦਿਆਂ ਰਾਹ ਵਿਚ ਹੀ ਘੇਰ ਲੈਂਦੇ ਤੇ ਬਾਲਟੀ ਵਿਚੋਂ ਮੂੰਹ ਲਾ ਕੇ ਪਾਣੀ ਪੀਣ ਦੀ ਜਿਦ ਕਰਦੇ। ਮਾਂਵਾਂ ਵਰਜਦੀਆਂ, “ਵੇ ਵੇਖੀਂ, ਜੂਠਾ ਨਾ ਕਰੀਂ, ਘਰ ਜਾ ਕੇ ਭਾਂਡਾ ਲੈ ਕੇ ਪੀਂਵੀਂ।” ਪਰ ਮਾਂਵਾਂ ਦੀ ਕਿਹੜਾ ਮੰਨਦੈ! ਉਹ ਆਪਣੀ ਪੁਗਾ ਕੇ ਹੀ ਛੱਡਦੇ।
ਅੱਲ੍ਹੜ ਮੁਟਿਆਰਾਂ ਖੂਹੀ ਦੀ ਮੌਣ ‘ਤੇ ਖਲੋ ਕੇ ਏਨੇ ਅਰਾਮ ਨਾਲ ਬਾਲਟੀਆਂ ਧੂ-ਧੂ ਕੇ ਘੜੇ ਭਰਦੀਆਂ ਜਿਵੇਂ ਕਿਸੇ ਸੇਵਾ ਕਾਰਜ ਵਿਚ ਮਗਨ ਹੋਣ। ਕਈ ਵਾਰ ਨਿਆਣੇ ਵੀ ਜਿਦ ਕਰਦੇ, ਬਾਲਟੀ ਖਿੱਚਣ ਦੀ। ਬਾਲਟੀ ਪਾਣੀ ਦੀ ਤਹਿ ਤੱਕ ਤਾਂ ਬੜੇ ਅਰਾਮ ਨਾਲ ਖਿੱਚੀ ਜਾਂਦੀ ਪਰ ਪਾਣੀਓਂ ਬਾਹਰ ਆਉਂਦਿਆਂ ਹੀ ਬਾਲਟੀ ਏਨੀ ਬੋਝਲ ਹੋ ਜਾਂਦੀ ਕਿ ਨਿਆਣਿਆਂ ਦੇ ਵੱਸ ਦੀ ਗੱਲ ਨਾ ਰਹਿੰਦੀ। ਅਜਿਹਾ ਕਿਉਂ ਹੁੰਦਾ ਸੀ, ਉਹ ਸਾਧਾਰਣ ਔਰਤਾਂ ਕੀ ਜਾਣਨ। ਉਨ੍ਹਾਂ ਨੇ ਕਿਹੜਾ ਆਰ. ਕੇ. ਮੀਡੀਜ਼ ਦਾ ਸਿਧਾਂਤ ਪੜ੍ਹਿਆ ਸੀ।
ਖੂਹੀਆਂ ਜੀਵਨ ਨੂੰ ਹਰਿਆ-ਭਰਿਆ ਰੱਖਣ ਲਈ ਅੰਮ੍ਰਿਤ-ਦਾਤੀਆਂ ਸਨ। ਉਹ ਅਮੁੱਕ ਤੇ ਅਮੁੱਲ ਖਜਾਨਿਆਂ ਦੇ ਭੰਡਾਰ ਸਨ। ਬੱਸ ਖੂਹੀ ‘ਤੇ ਪਹੁੰਚਣ ਦੀ ਲੋੜ ਸੀ। ਕੋਈ ਬਿੱਲ ਨਹੀਂ ਸੀ ਪੈਂਦਾ, ਕਿਸੇ ਹਾਕਮ ਦਾ ਹੁਕਮ ਨਾਜ਼ਲ ਨਹੀਂ ਸੀ ਹੁੰਦਾ ਕਿ ਪਾਣੀ ਏਨੇ ਵਜੇ ਖੁੱਲ੍ਹੇਗਾ ਤੇ ਏਨੇ ਵਜੇ ਬੰਦ ਹੋਵੇਗਾ। ਜਦੋਂ ਚਾਹੋ ਹਨੇਰੇ-ਸਵੇਰੇ, ਸੰਧਿਆ ਹੋਵੇ ਜਾਂ ਸਰਘੀ, ਬਾਲਟੀ ਚੁੱਕੋ ਤੇ ਪਾਣੀ ਖਿੱਚ ਲਿਆਓ। ਉਂਜ ਬੀਬੀਆਂ ਵਿਚਾਰ ਕਰਦੀਆਂ ਸਨ ਕਿ ਅੱਧੀ ਰਾਤੀਂ ਤਾਂ ਪਾਣੀ ਵੀ ਸੌਂ ਜਾਂਦੇ ਨੇ, ਅੰਮ੍ਰਿਤ ਵੇਲੇ ਤੱਕ ਉਨ੍ਹਾਂ ਨੂੰ ਜਗਾਈਦਾ ਨਹੀਂ।
ਕਦੀ ਨਹੀਂ ਸੀ ਸੁਣਿਆ ਕਿ ਇਨ੍ਹਾਂ ਖੂਹੀਆਂ ਵਿਚ ਕਿਸੇ ਨੇ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਹੋਵੇ। ਤੌਬਾ! ਸੋਚਣਾ ਵੀ ਗੁਨਾਹ ਸੀ। ਕਦੀ ਕੋਈ ਭੁਲੇਖੇ ਨਾਲ ਵੀ ਇਨ੍ਹਾਂ ਵਿਚ ਨਹੀਂ ਸੀ ਡਿੱਗਿਆ। ਹਰ ਮਰਦ-ਔਰਤ, ਬੱਚਾ-ਬੁੱਢਾ, ਸਰੀਰਕ ਤੇ ਮਾਨਸਿਕ ਤੌਰ ‘ਤੇ ਪੂਰੇ ਸੰਤੁਲਨ ਵਿਚ ਸਨ। ਅਜੋਕੇ ਯੁੱਗ ਵਿਚ ਬੇ-ਵਜ੍ਹਾ ਦੀਆਂ ਮਾਨਸਿਕ ਉਲਝਣਾਂ ਨੇ ਮਨੁੱਖ ਨੂੰ ਹੀਣਾ ਤੇ ਨਿਤਾਣਾ ਬਣਾ ਦਿੱਤਾ ਹੈ। ਨਾ ਮਨ ਡਗਮਗਾਉਂਦੇ ਸਨ, ਨਾ ਤਨ। ਖੂਹੀਆਂ ਜੀਵਨ-ਬਖਸ਼ਿੰਦ ਸਨ, ਜੀਵਨ-ਖੌਂਦੜ ਨਹੀਂ ਸਨ।
ਮੀਂਹ ਦੀਆਂ ਕਣੀਆਂ ਜਾਂ ਹਨੇਰੀਆਂ ਦਾ ਘੱਟਾ-ਮਿੱਟੀ ਉਨ੍ਹਾਂ ਦਾ ਕੁਝ ਨਹੀਂ ਸੀ ਵਿਗਾੜਦਾ। ਹਾਂ, ਬਰਸਾਤ ਦੇ ਦਿਨਾਂ ਵਿਚ ਪਿੰਡ ਦਾ ਚੌਕੀਦਾਰ, ਸਾਰੇ ਮੁਹੱਲਿਆਂ ਵਿਚ ਕਿਸੇ ਉਚੇ ਘਰ ਦੀ ਛੱਤ ‘ਤੇ ਖਲੋ ਕੇ ਹੋਕਾ ਦਿੰਦਾ, “ਸੁਣੋ, ਸੁਣੋ, ਸੁਣੋ। ਸਭ ਮਾਈ-ਭਾਈ ਨੂੰ ਸੂਚਿਤ ਕੀਤਾ ਜਾਂਦੈ ਕਿ ਡਾਕਟਰਾਂ ਵਲੋਂ ਪਰਸੋਂ ਖੂਹੀਆਂ ਵਿਚ ਲਾਲ ਦਵਾਈ ਪਾਈ ਜਾਣੀ ਹੈ। ਤਿੰਨ ਦਿਨ ਖੂਹੀ ਵਿਚੋਂ ਪਾਣੀ ਕੱਢਣਾ ਮਨ੍ਹਾਂ ਰਹੇਗਾ। ਇਸ ਲਈ ਆਪਣਾ ਪਾਣੀ ਜਮ੍ਹਾਂ ਕਰ ਲਓ ਬਈ। ਬੀਬੀਓ, ਭੈਣੋਂ ਸੁਣ ਲਓ ਭਾਈ।”
ਪਿੰਡ ਵਿਚ ਝਟ ਖਬਰ ਫੈਲ ਜਾਂਦੀ। ਖੂਹੀਆਂ ‘ਤੇ ਭਰਵੀਂ ਰੌਣਕ ਹੋ ਜਾਂਦੀ। ਲਾਲ ਦਵਾਈ ਪਾਉਣ ਵਾਲਿਆਂ ਦੇ ਨਾਲ ਨਿਆਣਿਆਂ ਦੀ ਹੇੜ ਖੂਹੀਓ ਖੂਹੀ ਤੁਰੀ ਫਿਰਦੀ। ਲਹੂ-ਰੰਗਾ ਪਾਣੀ ਵੇਖ ਦਿਲ ਘਬਰਾਉਂਦਾ। ਤਿੰਨ ਦਿਨ ਖੂਹੀਆਂ ਸੁੱਤੀਆਂ ਰਹਿੰਦੀਆਂ। ਤਿੰਨ ਦਿਨ ਬਾਅਦ ਕੁੜੀਆਂ-ਚਿੜੀਆਂ ਦੀ ਰੌਣਕ ਮੁੜ ਆ ਉਤਰਦੀ। ਇਹ ਲਾਲ ਦਵਾਈ ਕੀ ਹੁੰਦੀ ਏ, ਇਹ ਕਿਉਂ ਪਾਈ ਜਾਂਦੀ ਏ, ਜੇ ਕੋਈ ਲਾਲ ਪਾਣੀ ਪੀ ਲਵੇ ਤਾਂ ਕੀ ਬਣੇ, ਇਸ ਬਾਰੇ ਚਰਚਾ ਤਾਂ ਹੁੰਦੀ ਪਰ ਗੱਲ ਕਿਸੇ ਨਤੀਜੇ ‘ਤੇ ਨਾ ਪਹੁੰਚਦੀ।
ਹੌਲੀ-ਹੌਲੀ ਸਮੇਂ ਬਦਲਣ ਲੱਗੇ। ਘਰਾਂ ‘ਚ ਚਾਰ ਪੈਸੇ ਆਉਣ ਕਰਕੇ ਕਈਆਂ ਨੇ ਘਰੀਂ ਨਲਕੇ ਲੁਆਉਣੇ ਸ਼ੁਰੂ ਕਰ ਦਿੱਤੇ। ਪਹਿਲਾਂ-ਪਹਿਲਾਂ ਤਾਂ ਇਹ ਨਲਕੇ ਵੀ ਸਾਂਝੀਆਂ ਖੂਹੀਆਂ ਵਾਂਗ ਹੀ ਸਨ, ਪਰ ਹੌਲੀ-ਹੌਲੀ ਘਰਾਂ ਦੀਆਂ ਚਾਰ-ਦੀਵਾਰੀਆਂ ਉਸਰਨ ਲੱਗੀਆਂ। ਹੁਣ ਦੂਸਰੇ ਘਰ ਪਾਣੀ ਲੈਣ ਜਾਣਾ ਉਧਾਰ ਮੰਗਣ ਵਰਗੀ ਗੱਲ ਹੋ ਗਈ। ਪਿੰਡ ਦੀਆਂ ਧੀਆਂ-ਭੈਣਾਂ ਪ੍ਰਤੀ ਭਾਵਨਾਵਾਂ ਵੀ ਵਾਸ਼ਨਾਵਾਂ ਤੇ ਕਾਮਨਾਵਾਂ ਵਿਚ ਬਦਲਣ ਲੱਗੀਆਂ। ਲੋਕਾਂ ਦੀ ਆਪਸੀ ਸਾਂਝ ਵੀ ਤਿੜਕਣ ਲੱਗੀ। ਲੋਕੀਂ ਇੱਕ ਦੂਜੇ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਣ ਲੱਗੇ ਤੇ ਆਪਣੇ ਬੇਗਾਨੇ ਜਾਪਣ ਲੱਗੇ।
ਘਰ-ਘਰ ਨਲਕੇ ਲੱਗਣ ਨਾਲ ਖੂਹੀਆਂ ਦੀਆਂ ਰੌਣਕਾਂ ਗਾਇਬ ਹੋਣ ਲੱਗੀਆਂ। ਹੁਣ ਤਾਂ ਇਨ੍ਹਾਂ ਅੰਦਰ ਝਾਤੀ ਮਾਰਨਾ ਵੀ ਡਰਾਉਣਾ ਲੱਗਦੈ। ਨਿਰਾਸ਼ਾ, ਉਦਾਸੀਆਂ, ਪ੍ਰੇਸ਼ਾਨੀਆਂ ਤੇ ਪਸ਼ੇਮਾਨੀਆਂ ਦੇ ਯੁੱਗ ਨੇ ਜ਼ਿੰਦਗੀ ‘ਚੋਂ ਦ੍ਰਿੜਤਾ ਘਟਾ ਦਿੱਤੀ। ਹੁਣ ਇਹ ਖੂਹੀਆਂ ਜ਼ਿੰਦਗੀ ਤੋਂ ਤੰਗ ਆਇਆਂ ਦੀ ਪਨਾਹ ਵੀ ਬਣ ਸਕਦੀਆਂ ਸਨ। ਇਸ ਲਈ ਇਨ੍ਹਾਂ ਨੂੰ ਮਿੱਟੀ ਪਾ ਦਫਨਾ ਦੇਣਾ ਹੀ ਬਿਹਤਰ ਸੀ। ਇਨ੍ਹਾਂ ਦੇ ਦਫਨ ਹੋਣ ਨਾਲ ਪੰਜਾਬ ਦੇ ਇੱਕ ਰੋਮਾਂਚਿਕ ਯੁੱਗ ਦਾ ਦਫਨ ਹੋ ਗਿਆ, ਜਿਸ ਵਿਚ ਕੀਮੇ-ਮਲਕੀ ਵਰਗੀਆਂ ਅਨੇਕਾਂ ਕਥਾਵਾਂ-ਗਾਥਾਵਾਂ ਅਤੇ ਹੋਰ ਕਿੰਨਾ ਕੁਝ ਸ਼ਾਮਲ ਸੀ।