ਆਮ ਆਦਮੀ ਪਾਰਟੀ ਨਹੀਂ, ਗਰੀਬ ਆਦਮੀ ਪਾਰਟੀ ਦੀ ਲੋੜ

ਕਾਮਰੇਡ ਗੁਰਮੇਲ ਬਰਗਾੜੀ
ਬਰੈਂਪਟਨ, ਕੈਨੇਡਾ।
ਫੋਨ: 416-845-7534
ਆਮ ਆਦਮੀ ਪਾਰਟੀ ਦਾ ਉਭਾਰ ਇਸ ਕਰਕੇ ਹੋਇਆ ਕਿ ਲੋਕ ਰਵਾਇਤੀ ਪਾਰਟੀਆਂ ਤੋਂ ਅੱਕੇ ਹੋਏ ਸਨ, ਉਨ੍ਹਾਂ ਸਾਰੀਆਂ ਰਵਾਇਤੀ ਪਾਰਟੀਆਂ ਦੀ ਕਾਰਗੁਜਾਰੀ ਵੇਖ ਲਈ ਸੀ। ਆਜ਼ਾਦੀ ਤੱਕ ਪੁਜਣ ਤੋਂ ਪਹਿਲਾਂ ਕਾਂਗਰਸ ਦੇ ਆਗੂ ਸਨ ਮਹਾਤਮਾਂ ਗਾਂਧੀ, ਜੋ ਖੁਦ ਅਮੀਰ ਘਰਾਣੇ ਤੋਂ ਸਨ ਅਤੇ ਵਲੈਤ ਵਿਚ ਕਾਨੂੰਨ ਦੀ ਪੜ੍ਹਾਈ ਕਰਕੇ ਉਥੇ ਹੀ ਪ੍ਰੈਕਟਿਸ ਕਰਨ ਲੱਗ ਗਏ ਸਨ। ਉਥੇ ਹੀ ਗਾਂਧੀ ਜੀ ਨੇ ਗੋਰੀ ਚਮੜੀ ਵਾਲਿਆਂ ਵਲੋਂ ਆਪਣੇ ਅਤੇ ਹੋਰ ਅਧੀਨ ਕੌਮਾਂ ਦੇ ਲੋਕਾਂ ਨਾਲ ਹੁੰਦਾ ਵਿਤਕਰਾ ਵੇਖਿਆ, ਅਤੇ ਦੇਸ਼ ਵਾਪਿਸ ਆ ਕੇ ਆਜ਼ਾਦੀ ਲਈ ਲੋਕਾਂ ਨੂੰ ਜਗਾਉਣ ਦਾ ਕੰਮ ਸ਼ੁਰੂ ਕੀਤਾ। ਗਾਂਧੀ ਜੀ ਨੇ ਅੰਗਰੇਜ਼ੀ ਸੂਟ-ਬੂਟ ਲਾਹ ਕੇ ਦੇਸ਼ੀ ਚੱਪਲ ਤੇ ਲੰਗੋਟੀ ਪਹਿਨ ਕੇ ਗਰੀਬ ਜਨਤਾ ਨੂੰ ਆਜ਼ਾਦੀ ਲਈ ਜਾਗ੍ਰਿਤ ਕਰਨ ਦਾ ਰਾਹ ਚੁਣਿਆ। ਜਨਤਾ ਨੂੰ ਉਮੀਦ ਹੋ ਗਈ ਕਿ ਗਾਂਧੀ ਜੀ ਗਰੀਬ ਜਨਤਾ ਦੇ ਆਗੂ ਹਨ। ਗਾਂਧੀ ਜੀ ਨੇ ਵਿਦੇਸ਼ੀ ਚੀਜਾਂ ਅਤੇ ਵਿਦੇਸ਼ੀ ਕੱਪੜੇ ਦੇ ਬਾਈਕਾਟ ਦਾ ਨਾਹਰਾ ਦਿੱਤਾ, ਜਿਸ ਕਰਕੇ ਗਰੀਬ ਜਨਤਾ ਉਨ੍ਹਾਂ ਨੂੰ ਆਪਣਾ ਆਗੂ ਮੰਨਣ ਲਗ ਪਈ।

ਅੰਗਰੇਜ਼ ਗਾਂਧੀ ਜੀ ਦੀਆਂ ਨੀਤੀਆਂ ਨੂੰ ਵਿਦੇਸ਼ੀ ਸਮਾਨ ਦਾ ਬਾਈਕਾਟ ਕਰਵਾਉਣ ਕਰਕੇ ਠੀਕ ਨਹੀਂ ਸਨ ਮੰਨਦੇ। ਉਨ੍ਹਾਂ ਵਲੈਤ ਪੜ੍ਹੇ ਅਮੀਰ ਘਰਾਣਿਆਂ ਦੇ ਦੋ ਨੌਜਵਾਨਾਂ-ਇਕ ਹਿੰਦੂ ਅਤੇ ਇਕ ਮੁਸਲਮਾਨ ਨੂੰ ਕਾਂਗਰਸ ਦੀ ਅਗਵਾਈ ਕਰਨ ਲਈ ਭਾਰਤ ਲਿਆਂਦਾ। ਉਹ ਸਨ, ਜਵਾਹਰ ਲਾਲ ਨਹਿਰੂ ਅਤੇ ਲਿਆਕਤ ਅਲੀ ਜਿਨਾਹ, ਜਿਨ੍ਹਾਂ ਨੇ ਆਜ਼ਾਦੀ ਮਿਲਣ ਵੇਲੇ ਤੱਕ ਅੰਗਰੇਜਾਂ ਦਾ ਸਾਥ ਦਿਤਾ। ਉਨ੍ਹਾਂ ਆਗੂਆਂ ਨੇ ਅੰਗਰੇਜ਼ਾਂ ਦੀ ਨੀਤੀ ਮੁਤਾਬਕ ਧਰਮ ਦੇ ਆਧਾਰ ਤੇ ਦੋ ਕੌਮਾਂ ਦੀ ਨੀਤੀ ਮੰਨ ਕੇ ਖੂਨੀ ਆਜ਼ਾਦੀ ਹਾਸਲ ਕੀਤੀ, ਜਿਸ ਵਿਚ 10 ਲੱਖ ਲੋਕਾਂ ਦੀਆਂ ਜਾਨਾਂ ਗਈਆਂ। ਆਜ਼ਾਦੀ ਮਿਲਣ ਪਿਛੋਂ ਗਾਂਧੀ ਜੀ ਆਬਾਦੀਆਂ ਦੇ ਤਬਾਦਲੇ ਦਾ ਵਿਰੋਧ ਕਰਨ ਲਗ ਪਏ, ਨਹਿਰੂ ਅਤੇ ਪਟੇਲ ਨੂੰ ਇਹ ਗੱਲ ਠੀਕ ਨਾ ਲੱਗੀ। ਆਜ਼ਾਦੀ ਤੋਂ ਸਿਰਫ ਸਾਢੇ ਪੰਜ ਮਹੀਨੇ ਬਾਅਦ ਹੀ ਕਿਸੇ ਸਿਰ ਫਿਰੇ ਨੇ ਗਾਂਧੀ ਜੀ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਗਰੀਬਾਂ ਦੇ ਮਸੀਹੇ ਨੂੰ ਕਿਸ ਨੇ ਮਰਵਾਇਆ, ਇਹ ਅਜੇ ਵੀ ਇਕ ਭੇਦ ਹੈ।
ਆਜ਼ਾਦੀ ਅੰਗਰੇਜ਼ਾਂ ਦੇ ਪਿੱਠੂਆਂ ਅਤੇ ਅਮੀਰਾਂ ਦੇ ਹੱਥ ਆ ਗਈ, ਨਹਿਰੂ ਦੀ ਅਗਵਾਈ ਵਿਚ ਸਰਮਾਏਦਾਰੀ ਜੁਗ ਸ਼ੁਰੂ ਹੋਇਆ, ਜਿਸ ਵਿਚ ਅਮੀਰ ਹੋਰ ਅਮੀਰ ਹੁੰਦੇ ਗਏ ਅਤੇ ਗਰੀਬ ਹੋਰ ਗਰੀਬ। ਦੇਸ਼ ਅੰਦਰ ਸਰਮਾਏਦਾਰੀ ਢੰਗ ਦਾ ਵਿਕਾਸ ਸ਼ੁਰੂ ਹੋਇਆ, ਪਰ ਇਸ ਦਾ ਗਰੀਬ ਜਨਤਾ ਨੂੰ ਬਹੁਤਾ ਫਾਇਦਾ ਨਾ ਹੋਇਆ। ਉਸ ਵੇਲੇ ਗਰੀਬ ਜਨਤਾ ਦੀਆਂ ਮੰਗਾਂ ਨੂੰ ਕਮਿਉਨਿਸਟ ਪਾਰਟੀ ਨੇ ਚੁੱਕਣਾ ਸ਼ੁਰੂ ਕੀਤਾ ਤੇ ਜਨਤਾ ਕਮਿਉਨਿਸਟ ਪਾਰਟੀ ਵੱਲ ਹੋ ਤੁਰੀ। ਗਰੀਬ ਪੇਂਡੂ ਤੇ ਸ਼ਹਿਰੀ ਵਰਗ ਵਿਚ ਕਮਿਉਨਿਸਟਾਂ ਦਾ ਅਸਰ ਵਧਣ ਲੱਗਾ। 1957 ਦੀਆਂ ਦੇਸ਼ ਵਿਆਪੀ ਚੋਣਾਂ ਵਿਚ ਕਾਮਰੇਡਾਂ ਨੇ ਬੰਗਾਲ ਅਤੇ ਕੇਰਲਾ ਵਿਧਾਨ ਸਭਾ ਚੋਣਾਂ ਵਿਚ ਜਿੱਤ ਪ੍ਰਾਪਤ ਕੀਤੀ, ਤੇ ਪਾਰਲੀਮੈਂਟ ਵਿਚ ਮੁੱਖ ਵਿਰੋਧੀ ਧਿਰ ਬਣ ਗਏ। ਨਹਿਰੂ ਸਰਕਾਰ ਇਸ ਤੋਂ ਫਿਕਰਮੰਦ ਹੋ ਗਈ। ਉਸ ਨੇ ਵਿਧਾਨ ਦੀ ਧਾਰਾ 365 ਲਾ ਕੇ ਦੋਵੇਂ ਸਰਕਾਰਾਂ ਤੋੜ ਦਿਤੀਆਂ ਤੇ ਗਵਰਨਰੀ ਰਾਜ ਲਾਗੂ ਕਰ ਦਿੱਤਾ। ਦੇਸ਼ ਦੀ ਗਰੀਬ ਜਨਤਾ ਨੇ ਇਸ ਦਾ ਬੁਰਾ ਮਨਾਇਆ, ਜਲਸੇ ਜਲੂਸ ਤੇ ਹੜਤਾਲਾਂ ਹੋਈਆਂ। ਕਾਂਗਰਸ ਸਰਕਾਰ ਨੂੰ 1962 ਦੀਆਂ ਚੋਣਾਂ ਵਿਚ ਹਾਰ ਦਾ ਡਰ ਸਤਾਉਣ ਲੱਗਾ, ਰਾਜ ਸੱਤਾ ਕਮਿਉਨਿਸਟਾਂ ਪਾਸ ਜਾਂਦੀ ਦਿਸਣ ਲੱਗੀ।
ਕਾਂਗਰਸ ਪਾਰਟੀ ਨੇ ਕਮਿਉਨਿਸਟਾਂ ਦੇ ਦੇਸ਼ ਵਿਆਪੀ ਅਸਰ ਨੂੰ ਘੱਟ ਕਰਨ ਲਈ ਗਿਣੀ ਮਿਣੀ ਸਾਜਿਸ਼ ਅਧੀਨ ਚੀਨ ਨਾਲ ਸਰਹੱਦੀ ਝਗੜਾ ਖੜਾ ਕਰ ਲਿਆ। ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦੀਆਂ ਝਗੜੇ ਨੂੰ ਨਜਿਠਣ ਲਈ ਪੀਕਿੰਗ ਅਤੇ ਦਿੱਲੀ ਵਿਚ ਉਚ ਪੱਧਰੀ ਮੀਟਿੰਗਾਂ ਹੋਈਆਂ, ਪਰ ਗੱਲ ਕਿਸੇ ਸਿਰੇ ਨਾ ਲੱਗੀ। ਭਾਰਤ ਸਰਕਾਰ ਆਪਣੇ ਦਾਅਵੇ ਵਾਲੇ ਇਲਾਕੇ ਤੋਂ ਇਕ ਇੰਚ ਵੀ ਪਿਛੇ ਹਟਣ ਲਈ ਤਿਆਰ ਨਾ ਹੋਈ, ਤੇ ਚੀਨੀ ਵਫਦ ਖਾਲੀ ਹੱਥ ਵਾਪਸ ਪਰਤ ਗਿਆ। ਭਾਰਤ ਨੇ ਆਪਣੀ ਫੌਜ ਦਾਅਵੇ ਵਾਲੇ ਇਲਾਕੇ ਵਿਚ ਭੇਜ ਦਿੱਤੀ, ਚੀਨ ਨੇ ਵੀ ਆਪਣੀ ਫੌਜ ਸਰਹੱਦ ‘ਤੇ ਲੈ ਆਂਦੀ, ਦੋਹਾਂ ਧਿਰਾਂ ਵਿਚ ਲੜਾਈ ਸ਼ੁਰੂ ਹੋ ਗਈ। ਸਾਡੀ ਫੌਜ ਚੀਨੀ ਫੌਜ ਦਾ ਟਾਕਰਾ ਨਾ ਕਰ ਸਕੀ ਅਤੇ ਪਿਛੇ ਹੱਟ ਆਈ, ਚੀਨੀ ਫੌਜ ਆਪਣੇ ਦਾਅਵੇ ਵਾਲੇ ਇਲਾਕੇ ਤੱਕ ਆ ਕੇ ਰੁਕ ਗਈ, ਜਦ ਕਿ ਉਸ ਦਾ ਅਗੋਂ ਕੋਈ ਵਿਰੋਧ ਨਹੀਂ ਸੀ ਹੋ ਰਿਹਾ। ਚੀਨ ਵਿਚ ਕਮਿਉਨਿਸਟ ਪਾਰਟੀ ਦਾ ਰਾਜ ਹੈ, ਕਮਿਉਨਿਸਟ ਸਰਕਾਰ ਨਾਲ ਲੜਾਈ ਦਾ ਬਹਾਨਾ ਬਣਾ ਕੇ ਸਾਰੇ ਦੇਸ਼ ਵਿਚੋਂ ਕਮਿਉਨਿਸਟ ਆਗੂਆਂ ਅਤੇ ਵਰਕਰਾਂ ਨੂੰ ਫੜ ਕੇ ਜੇਲ੍ਹਾਂ ਵਿਚ ਡੱਕ ਦਿੱਤਾ। ਉਨ੍ਹਾਂ ‘ਤੇ ਚੀਨ ਦੇ ਏਜੰਟ ਅਤੇ ਦੇਸ਼ ਦੇ ਗੱਦਾਰ ਹੋਣ ਦੇ ਇਲਜਾਮ ਲਾ ਕੇ ਖੂਬ ਭੰਡੀ ਪ੍ਰਚਾਰ ਕੀਤਾ ਗਿਆ, ਅਤੇ ਕਾਂਗਰਸ ਨੇ 1962 ਦੀਆਂ ਚੋਣਾਂ ਅਰਾਮ ਨਾਲ ਜਿੱਤ ਲਈਆਂ। ਕਾਂਗਰਸ ਨੇ ਇਹ ਚੋਣਾਂ ਦੇਸ਼ ਦੇ ਹਜਾਰਾਂ ਫੌਜੀ ਜਵਾਨਾਂ ਦੀ ਕੁਰਬਾਨੀ ਅਤੇ ਬਿਨਾ ਵਜ੍ਹਾ ਕਮਿਉਨਿਸਟ ਆਗੂਆਂ ਨੂੰ ਜੇਲ੍ਹਾਂ ਵਿਚ ਸੁੱਟ ਕੇ ਜਿੱਤੀਆਂ।
ਜੇ ਚੀਨ ਨੇ ਸਾਡੇ ਇਲਾਕੇ ‘ਤੇ ਕਬਜਾ ਕੀਤਾ ਸੀ ਤਾਂ ਉਸ ਵਿਚ ਦੇਸ਼ ਦੇ ਕਮਿਉਨਿਸਟ ਲੀਡਰਾਂ ਤੇ ਵਰਕਰਾਂ ਦਾ ਕੀ ਕਸੂਰ ਸੀ? ਜੇ ਉਹ ਇਲਾਕਾ ਸਾਡਾ ਸੀ ਤਾਂ ਫਿਰ ਉਸ ਨੂੰ ਖਾਲੀ ਕਰਵਾਉਣ ਲਈ ਸਰਕਾਰ ਨੇ ਅੱਜ ਤੱਕ ਕੋਈ ਉਜਰ ਕਿਉਂ ਨਾ ਕੀਤਾ? ਚੋਣਾਂ ਜਿੱਤਣ ਪਿਛੋਂ ਕਮਿਉਨਿਸਟ ਆਗੂਆਂ ਅਤੇ ਵਰਕਰਾਂ ਨੂੰ ਜੇਲ੍ਹਾਂ ਵਿਚੋਂ ਇਸ ਸ਼ਰਤ ‘ਤੇ ਛੱਡਣਾ ਸ਼ੁਰੂ ਦਿਤਾ ਗਿਆ ਕਿ ਜਿਹੜਾ ਆਗੂ ਅਤੇ ਵਰਕਰ ਇਹ ਲਿਖ ਕੇ ਦੇਵੇਗਾ ਕਿ ਚੀਨ ਹਮਲਾਵਰ ਹੈ, ਉਸ ਨੂੰ ਛਡਿਆ ਜਾਵੇਗਾ। ਹਜਾਰਾਂ ਦੀ ਗਿਣਤੀ ਵਿਚ ਵਰਕਰ ਤੇ ਆਗੂ ਚੀਨ ਨੂੰ ਹਮਲਾਵਰ ਮੰਨ ਕੇ ਜੇਲ੍ਹਾਂ ਵਿਚੋਂ ਬਾਹਰ ਆ ਗਏ, ਅਤੇ ਜਾਗਦੀ ਜਮੀਰ ਵਾਲੇ ਹਜਾਰਾਂ ਜੇਲ੍ਹਾਂ ਵਿਚ ਹੀ ਰਹੇ। ਥੋੜ੍ਹੇ ਸਮੇਂ ਬਾਅਦ ਉਨ੍ਹਾਂ ਨੂੰ ਵੀ ਬਿਨਾ ਸ਼ਰਤ ਰਿਹਾ ਕਰ ਦਿੱਤਾ ਗਿਆ। ਇਸ ਨਾਲ ਪਾਰਟੀ ਵਿਚ ਦੁਫੇੜ ਪੈ ਗਈ। ਮੁਆਫੀ ਮੰਗ ਕੇ ਆਉਣ ਵਾਲਿਆਂ ਆਪਣਾ ਨਾ ਰੱਖ ਲਿਆ ਕਮਿਉਨਿਸਟ ਪਾਰਟੀ ਆਫ ਇੰਡੀਆ (ਸੀ. ਪੀ. ਆਈ.) ਅਤੇ ਬਿਨਾ ਸ਼ਰਤ ਰਿਹਾ ਹੋਣ ਵਾਲਿਆਂ ਆਪਣਾ ਨਾਂ ਰੱਖ ਲਿਆ, ਕਮਿਉਨਿਸਟ ਪਾਰਟੀ ਮਾਰਕਸਵਾਦੀ (ਸੀ. ਪੀ. ਐਮ.)। ਸੀ. ਪੀ. ਆਈ. ਕਾਂਗਰਸ ਦੀ ਹਮਾਇਤੀ ਬਣ ਗਈ, ਤੇ ਸੀ. ਪੀ. ਐਮ. ਕਾਂਗਰਸ ਦੀਆਂ ਵਿਰੋਧੀ ਪਾਰਟੀਆਂ ਦੀ ਹਮਾਇਤੀ। ਦੋਵੇਂ ਪਾਰਟੀਆਂ ਹੁਣ ਸਰਕਾਰ ਨਾਲ ਲੜਨ ਦੀ ਥਾਂ ਆਪਸ ਵਿਚ ਲੜਨ ਲੱਗ ਪਈਆਂ। ਉਦੋਂ ਦੀ ਪਈ ਦੁਫੇੜ ਕਰਕੇ ਕਮਿਉਨਿਸਟ ਹਾਸ਼ੀਏ ‘ਤੇ ਚਲੇ ਗਏ। ਗਰੀਬ ਲੋਕਾਂ ਦਾ ਕੋਈ ਮਸੀਹਾ ਨਾ ਰਿਹਾ, ਸਰਮਾਏਦਾਰੀ ਪੱਖੀ ਪਾਰਟੀਆਂ ਗਰੀਬ ਲੋਕਾਂ ਨੂੰ ਸਿਰਫ ਲਾਰੇ ਤੇ ਨਾਅਰੇ ਦੇ ਕੇ ਜਿੱਤਣ ਬਾਅਦ ਮੁਕਰਦੀਆਂ ਆ ਰਹੀਆਂ ਹਨ।
2009 ਵਿਚ ਜਦੋਂ ਕਾਂਗਰਸ ਲਗਾਤਾਰ ਦੂਜੀ ਮਿਆਦ ਜਿੱਤ ਗਈ ਤਾਂ ਉਸ ਦੇ ਆਗੂਆਂ ਅਤੇ ਲੀਡਰਾਂ ਨੇ ਦੇਸ਼ ਦੇ ਖਣਿਜ ਖਜਾਨੇ ਲੁੱਟਣੇ ਸ਼ੁਰੂ ਕਰ ਦਿਤੇ। ਰਿਸ਼ਵਤਖੋਰੀ, ਚੋਰ-ਬਾਜ਼ਾਰੀ, ਸੀਨਾ-ਜੋਰੀ, ਗੁੰਡਾਗਰਦੀ, ਧੀਆਂ-ਭੈਣਾਂ ਦੀ ਇੱਜਤ ‘ਤੇ ਸ਼ੱਰੇ-ਬਾਜ਼ਾਰ ਗੁੰਡਿਆਂ ਵਲੋਂ ਹਮਲੇ ਹੋਣ ਲੱਗੇ। ਪੁਲਿਸ ਉਨ੍ਹਾਂ ਅੱਗੇ ਬੇਵਸ ਨਜ਼ਰ ਆਉਣ ਲੱਗੀ। ਆਮ ਜਨਤਾ, ਗਰੀਬ-ਅਮੀਰ ਸਭ ਦਾ ਜਿਉਣਾ ਦੁੱਭਰ ਹੋ ਗਿਆ। ਦੇਸ਼ ਦੀ ਅਜਿਹੀ ਹਾਲਤ ਵੇਖ ਕੇ ਦੇਸ਼ ਭਗਤ ਅਤੇ ਜਾਗਦੀ ਜਮੀਰ ਵਾਲੇ ਕੁਝ ਸਿਆਣੇ ਲੋਕਾਂ ਨੇ ਬਾਬਾ ਅੰਨਾ ਹਜਾਰੇ, ਜੋ ਗਾਂਧੀਵਾਦੀ ਨੇਤਾ ਕਰਕੇ ਜਾਣਿਆ ਜਾਂਦਾ ਸੀ, ਦੀ ਅਗਵਾਈ ਵਿਚ ਸ਼ਾਂਤਮਈ ਘੋਲ ਲੜਨ ਦਾ ਫੈਸਲਾ ਕੀਤਾ। ਬਾਬਾ ਜੀ ਮਹਾਂਰਾਸ਼ਟਰ ਵਿਚ ਅਜਿਹੇ ਘੋਲ ਲੜ ਚੁਕੇ ਸਨ, ਉਨ੍ਹਾਂ ਨੂੰ ਘੋਲ ਦੀ ਅਗਵਾਈ ਕਰਨ ਲਈ ਬੇਨਤੀ ਕਰਕੇ ਦਿੱਲੀ ਲਿਆਂਦਾ ਗਿਆ। ਉਸ ਤੋਂ ਅਗਲੇ ਦਿਨ ਦਿੱਲੀ ਵਿਚ ਜੰਤਰ ਮੰਤਰ ‘ਤੇ ਧਰਨਾ ਲਾ ਦਿਤਾ ਗਿਆ। ਸਰਕਾਰ ਨੇ ਬਾਬਾ ਜੀ ਨੂੰ ਫੜ ਕੇ ਜੇਲ੍ਹ ਵਿਚ ਬੰਦ ਕਰ ਦਿਤਾ। ਅਗਲੇ ਦਿਨ ਲੱਖਾਂ ਲੋਕਾਂ ਨੇ ਧਰਨੇ ਵਿਚ ਸ਼ਮੂਲੀਅਤ ਕੀਤੀ, ਅਤੇ ਸਾਰੇ ਦੇਸ਼ ਵਿਚ ਲੋਕ ਸੜਕਾਂ ‘ਤੇ ਆ ਗਏ।
ਸਰਕਾਰ ਨੇ ਲੋਕ ਰੋਹ ਤੋਂ ਡਰਦਿਆਂ ਧਰਨਾਕਾਰੀ ਲੀਡਰਾਂ ਨਾਲ ਗੱਲਬਾਤ ਸ਼ੁਰੂ ਕੀਤੀ। ਉਸ ਘੋਲ ਦੀ ਮੁਖ ਸ਼ਰਤ ਸੀ, ਸਰਬ ਉਚ ਸ਼ਕਤੀ ਵਾਲਾ ਲੋਕਪਾਲ ਬਣਾਉਣਾ ਜਿਸ ਕੋਲ ਵੱਡੇ ਅਫਸਰਾਂ ਅਤੇ ਪ੍ਰਧਾਨ ਮੰਤਰੀ ਤੱਕ ਦੇ ਖਿਲਾਫ ਸ਼ਿਕਾਇਤ ਸੁਣਨ ਤੇ ਫੈਸਲਾ ਕਰਨ ਦਾ ਅਧਿਕਾਰ ਹੋਵੇ। ਸਰਕਾਰ ਨੇ ਮੰਗ ਮੰਨ ਲਈ ਅਤੇ ਘੋਲ ਸਮਾਪਤ ਹੋ ਗਿਆ। ਕੁਝ ਮਹੀਨੇ ਟਾਲ ਮਟੋਲ ਕਰਨ ਤੋਂ ਬਾਅਦ ਸਰਕਾਰ ਨੇ ਲੋਕ ਸਭਾ ਵਿਚ ਬਿਲ ਪੇਸ਼ ਕੀਤਾ। ਕਿਸੇ ਵੀ ਪਾਰਟੀ ਨੇ ਬਿੱਲ ਦੀ ਹਮਾਇਤ ਨਾ ਕੀਤੀ, ਕਿਉਂਕਿ ਸੱਭੇ ਪਾਰਟੀਆਂ ਭ੍ਰਿਸ਼ਟਾਚਾਰ ਵਿਚ ਡੁਬੀਆਂ ਹੋਈਆਂ ਸਨ। ਲਾਰੇ ਲੱਪੇ ਲਾਉਣ ਪਿਛੋਂ ਸਰਕਾਰ ਸਾਫ ਮੁਕਰ ਗਈ ਕਿ ਅਸੀਂ ਆਪਣੇ ਗਲ ਵਿਚ ਰੱਸਾ ਆਪੇ ਕਿਵੇਂ ਪਵਾ ਲਈਏ? ਉਸ ਪਿਛੋਂ ਘੋਲ ਦੇ ਆਗੂਆਂ ਨੇ ਫੈਸਲਾ ਕੀਤਾ ਕਿ ਸਾਨੂੰ ਸਿਆਸੀ ਪਾਰਟੀ ਬਣਾ ਕੇ ਚੋਣਾਂ ਲੜਨੀਆਂ ਚਾਹੀਦੀਆਂ ਹਨ। ਇਸ ਘੋਲ ਵਿਚੋਂ ਨਿਕਲੀ ਆਮ ਆਦਮੀ ਪਾਰਟੀ, ਜਿਸ ਨੇ ਕੇਜਰੀਵਾਲ ਨੂੰ ਆਪਣਾ ਲੀਡਰ ਮੰਨ ਕੇ ਰਾਜਨੀਤਕ ਕੰਮ ਦਿੱਲੀ ਵਿਚ ਸ਼ੁਰੂ ਕੀਤਾ। ਦਿੱਲੀ ਵਿਚ ਆਮ ਲੋਕਾਂ ਦੀ ਸਾਰ ਲੈਣੀ ਸ਼ੁਰੂ ਕੀਤੀ, ਸਰਕਾਰੀ ਚੌਧਰੀਆਂ ਦੀਆਂ ਵਧਕੀਆਂ ਖਿਲਾਫ ਲੋਕਾਂ ਨੂੰ ਜਥੇਬੰਦ ਕੀਤਾ।
2014 ਵਿਚ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੇ ਉਮੀਦਵਾਰਾਂ ਦੀ ਚੋਣ ਹਲਕੇ ਦੇ ਲੋਕਾਂ ਤੋਂ ਕਰਵਾਈ ਅਤੇ ਚੋਣ ਲੜੀ, ਜਿਸ ਦਾ ਨਤੀਜਾ ਹੈਰਾਨਕੁਨ ਆਇਆ। ਕਾਂਗਰਸ ਸਿਰਫ 8 ਸੀਟਾਂ ਜਿੱਤ ਸਕੀ, ਭਾਜਪਾ 34 ਅਤੇ ਨਵੀਂ ਬਣੀ ਆਮ ਆਦਮੀ ਪਾਰਟੀ (ਆਪ) 28 ਸੀਟਾਂ ਲੈ ਗਈ। ਕਾਂਗਰਸ ਨੇ ਬਿਨਾ ਸ਼ਰਤ ਆਮ ਆਦਮੀ ਪਾਰਟੀ ਨੂੰ ਹਮਾਇਤ ਦੇ ਦਿਤੀ। ਕੇਜਰੀਵਾਲ, ਜੋ ਪਾਰਟੀ ਦਾ ਕਨਵੀਨਰ ਸੀ, ਨੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਕੇ ਮੰਤਰੀ ਮੰਡਲ ਬਣਾਇਆ ਤੇ ਲੋਕ-ਪੱਖੀ ਕੰਮ ਕਰਨੇ ਸ਼ੁਰੂ ਕਰ ਦਿਤੇ। ਕਾਂਗਰਸ ਨੂੰ ਉਸ ਦੇ ਲੋਕ-ਪੱਖੀ ਕੰਮ ਠੀਕ ਨਾ ਲੱਗੇ। ਦੋ ਮਹੀਨੇ ਬਾਅਦ ਹੀ ਕਾਂਗਰਸ ਨੇ ਹਮਾਇਤ ਵਾਪਸ ਲੈ ਲਈ ਤੇ ਕੇਜਰੀਵਾਲ ਨੇ ਅਸਤੀਫਾ ਦੇ ਦਿਤਾ। ਦਿੱਲੀ ਵਿਚ ਗਵਰਨਰੀ ਰਾਜ ਲਾਗੂ ਕਰ ਦਿੱਤਾ ਗਿਆ।
ਆਮ ਆਦਮੀ ਪਾਰਟੀ ਵਾਲੇ ਫਿਰ ਤੋਂ ਲੋਕ ਕਚਹਿਰੀ ਵਿਚ ਜਾ ਹਾਜਰ ਹੋਏ। ਅੱਗੇ ਆਈਆਂ 2014 ਦੀਆਂ ਲੋਕ ਸਭਾ ਚੋਣਾਂ, ਆਮ ਆਦਮੀ ਪਾਰਟੀ ਦੀ ਦਿੱਲੀ ਵਿਚ ਹੋਈ ਜਿੱਤ ਨੇ ਸਾਰੇ ਦੇਸ਼ ਦੀ ਜਨਤਾ ਨੂੰ ਹੈਰਾਨ ਕਰ ਦਿਤਾ। ਸਾਰੇ ਦੇਸ਼ ਵਿਚੋਂ ਕੇਜਰੀਵਾਲ ਨੂੰ ਪਾਰਟੀ ਯੂਨਿਟ ਬਣਾਉਣ ਦੇ ਸੱਦੇ ਆਉਣ ਲੱਗੇ, ਤੇ ਆਪ ਮੁਹਾਰੇ ਯੂਨਿਟ ਬਣਨ ਲੱਗੇ। ਸ਼ਰੀਫ ਤੇ ਧਨੀ ਲੋਕ ਦਿਲ ਖੋਲ੍ਹ ਕੇ ਫੰਡ ਦੇਣ ਲੱਗੇ। ਪਾਰਟੀ ਨੇ ਸਾਰੇ ਦੇਸ਼ ਵਿਚ 334 ਸੀਟਾਂ ‘ਤੇ ਚੋਣ ਲੜੀ, ਜਿੱਤ ਤਾਂ ਸਿਰਫ ਪੰਜਾਬ ਵਿਚ ਚਾਰ ਸੀਟਾਂ ‘ਤੇ ਹੀ ਹੋਈ, ਪਰ ਪਾਰਟੀ ਸਾਰੇ ਦੇਸ਼ ਵਿਚੋਂ ਪੋਲ ਹੋਈਆਂ ਵੋਟਾਂ ਦਾ 4% ਤੋਂ ਉਪਰ ਲੈ ਜਾਣ ਕਰਕੇ ਨੈਸ਼ਨਲ ਪਾਰਟੀ ਦਾ ਦਰਜਾ ਹਾਸਲ ਕਰ ਗਈ। ਇਸ ਪਿਛੋਂ ਆਈਆਂ ਦੁਬਾਰਾ ਦਿੱਲੀ ਦੀਆਂ ਚੋਣਾਂ, ਉਨ੍ਹਾਂ ਚੋਣਾਂ ਵਿਚ ਫਿਰ ḔਆਪḔ ਨੇ ਉਮੀਦਵਾਰਾਂ ਦੀ ਚੋਣ ਦੇ ਪਹਿਲਾਂ ਵਾਲੇ ਢੰਗ ਨਾਲ ਉਮੀਦਵਾਰ ਦੀ ਚੋਣ ਹਲਕੇ ਦੇ ਯੂਨਿਟਾਂ ਤੋਂ ਕਰਵਾ ਕੇ ਚੋਣ ਲੜੀ। ਜਿਸ ਦਾ ਨਤੀਜਾ ਪਹਿਲਾਂ ਤੋਂ ਵੀ ਹੈਰਾਨਕੁਨ ਆਇਆ। ਦਿੱਲੀ ਦੀਆਂ 70 ਸੀਟਾਂ ਵਿਚੋਂ 67 ਸੀਟਾਂ ‘ਤੇ ਜਿੱਤ ਹਾਸਲ ਕਰਕੇ ਸੱਭੇ ਸਿਆਸੀ ਪਾਰਟੀਆਂ ਨੂੰ ਕਾਂਬਾ ਛੇੜ ਦਿੱਤਾ।
ਉਦੋਂ ਤੱਕ ਭ੍ਰਿਸ਼ਟ ਪਾਰਟੀਆਂ ਆਪਣੇ ਏਜੰਟ ਕੇਜਰੀਵਾਲ ਨਾਲ ਫਿੱਟ ਕਰ ਚੁਕੀਆਂ ਸਨ। ਉਨ੍ਹਾਂ ਏਜੰਟਾਂ ਨੇ ਪਾਰਟੀ ਦੇ ਮੋਢੀ ਪ੍ਰਸ਼ਾਂਤ ਭੂਸ਼ਨ ਅਤੇ ਜੋਗਿੰਦਰ ਯਾਦਵ ‘ਤੇ ਦੋਸ਼ ਲਾ ਦਿਤੇ ਕਿ ਇਨ੍ਹਾਂ ਨੇ ਪਾਰਟੀ ਪ੍ਰਧਾਨ ਕੇਜਰੀਵਾਲ ਨੂੰ ਹਰਾਉਣ ਦੀ ਸਾਜਿਸ਼ ਰਚੀ ਸੀ। ਇਨ੍ਹਾਂ ਵਿਚ ਮੁੱਖ ਸਨ, ਸੰਜੇ ਸਿੰਘ ਤੇ ਦੁਰਗੇਸ਼ ਪਾਠਕ, ਜਿਨ੍ਹਾਂ ਦੀ ਗੱਲ ਮੰਨ ਕੇ ਕੇਜਰੀਵਾਲ ਨੇ ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢ ਦਿੱਤਾ। ਉਨ੍ਹਾਂ ਦੀ ਹਮਾਇਤ ਕਰਨ ਵਾਲੇ ਪੰਜਾਬ ਤੋਂ ਦੋ ਐਮ. ਪੀ. ਵੀ ਸਸਪੈਂਡ ਕਰ ਦਿਤੇ। ਪਾਰਟੀ ਵਿਚ ਆਮ ਆਦਮੀ ਦੀ ਥਾਂ ਖਾਸ ਆਦਮੀਆਂ ਦਾ ਠੱਗ ਟੋਲਾ ਭਾਰੂ ਹੋ ਗਿਆ, ਜਿਨ੍ਹਾਂ ਨੇ ਪੰਜਾਬ ਵਿਚ 2017 ਦੀਆਂ ਚੋਣਾਂ ਵਿਚ ਪਾਰਟੀ ਦੀਆਂ ਟਿਕਟਾਂ ਬੋਲੀ ਲਾ ਕੇ ਵੇਚੀਆਂ।
ਨਤੀਜਾ ਇਹ ਨਿਕਲਿਆ ਕਿ 2014 ਦੀਆਂ ਲੋਕ ਸਭਾ ਚੋਣਾਂ ਵਿਚ 34 ਅਸੈਂਬਲੀ ਹਲਕੇ ਜਿਤਣ ਵਾਲੀ ਪਾਰਟੀ ਸਿਰਫ 20 ਸੀਟਾਂ ‘ਤੇ ਸਿਮਟ ਕੇ ਰਹਿ ਗਈ। ਭ੍ਰਿਸ਼ਟ ਪਾਰਟੀ ਵਿਚੋਂ ਆਏ ਇਕ ਆਗੂ ਨੇ, ਜੋ ਵਿਰੋਧੀ ਪਾਰਟੀ ਦਾ ਆਗੂ ਬਣ ਕੇ ਤਾਂ ਪਾਰਟੀ ਵਿਚ ਟਿਕਿਆ ਰਿਹਾ, ਪਰ ਜਦ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਬਦਲ ਦਿਤਾ ਗਿਆ, ਤਾਂ ਉਸ ਨੇ ਪਾਰਟੀ ਵਿਚ ਖਲਾਰੇ ਪਾਉਣ ਦਾ ਕੰਮ ਸ਼ੁਰੂ ਕਰ ਦਿਤਾ। ਇਹ ਸਾਰਾ ਕੁਝ ਆਮ ਆਦਮੀ ਪਾਰਟੀ ਵਿਚ ਖਾਸ ਆਦਮੀ ਆ ਜਾਣ ਕਰਕੇ ਵਾਪਰ ਰਿਹਾ ਹੈ। ਪੰਜਾਬ ਵਿਧਾਨ ਸਭਾ ਦੀਆਂ 42 ਸੀਟਾਂ ਦਿੱਲੀ ਵਾਲੀ ਸੰਜੇ-ਦੁਰਗੇਸ਼ ਜੋੜੀ ਨੇ ਭ੍ਰਿਸ਼ਟ ਪਾਰਟੀਆਂ ਵਿਚੋਂ ਆਏ ਲੋਕਾਂ ਨੂੰ ਬੋਲੀ ਲਾ ਕੇ ਵੇਚੀਆਂ, ਜਿਸ ਕਰਕੇ ਪਾਰਟੀ ਨੂੰ ਹਾਰ ਦਾ ਮੂੰਹ ਵੇਖਣਾ ਪਿਆ।
ਹੁਣ ਗੱਲ ਕਰਦੇ ਹਾਂ ਗਰੀਬ ਆਦਮੀ ਪਾਰਟੀ ਬਣਾਉਣ ਦੀ, ਉਸ ਦੀ ਮੈਂਬਰਸ਼ਿਪ ਦਾ ਕੋਈ ਪੈਮਾਨਾ ਹੋਣਾ ਚਾਹੀਦਾ ਹੈ। ਪਾਰਟੀ ਦੀ ਮੈਂਬਰਸ਼ਿਪ ਕਿਨ੍ਹਾਂ ਲੋਕਾਂ ਨੂੰ ਦਿੱਤੀ ਜਾਵੇ? ਇਸ ਲਈ ਕੁਝ ਸੁਝਾਅ ਹਨ, ਜਿਨ੍ਹਾ ਨੂੰ ਵਧਾਇਆ-ਘਟਾਇਆ ਵੀ ਜਾ ਸਕਦਾ ਹੈ। ਸੁਝਾਅ ਹਨ: (1) ਪੰਜ ਏਕੜ ਤੋਂ ਘੱਟ ਵਾਲਾ ਕਿਸਾਨ ਅਤੇ ਉਸ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਜਿਸ ਕੋਲ ਕਾਰ, ਕੋਠੀ ਜਾਂ ਹੋਰ ਆਧੁਨਿਕ ਸਹੂਲਤਾਂ ਨਾ ਹੋਣ। (2) ਛੋਟਾ ਦੁਕਾਨਦਾਰ ਅਤੇ ਉਸ ਦਾ ਪਰਿਵਾਰ, ਜਿਸ ਕੋਲ ਕਾਰ ਕੋਠੀ ਜਾਂ ਹੋਰ ਆਧੁਨਿਕ ਸਹੂਲਤਾਂ ਨਾ ਹੋਣ। (3) ਮੁਲਾਜ਼ਮ ਜਿਸ ਦੀ ਤਨਖਾਹ 20 ਹਜਾਰ ਮਹੀਨੇ ਤੋਂ ਵੱਧ ਨਾ ਹੋਵੇ ਅਤੇ ਉਸ ਦੇ ਪਰਿਵਾਰਕ ਮੈਂਬਰ (4) ਸਾਰੀ ਮਜਦੂਰ ਜਮਾਤ ਜਿਸ ਦੇ ਪਰਿਵਾਰ ਕੋਲ ਆਧੁਨਿਕ ਸਹੂਲਤਾਂ ਦੀ ਘਾਟ ਹੋਵੇ, ਸ਼ਹਿਰ ਵਿਚ 1000 ਵਰਗ ਫੁੱਟ ਤੋਂ ਵੱਡਾ ਮਕਾਨ ਨਾ ਹੋਵੇ। (5) ਇਨ੍ਹਾਂ ਸਾਰੇ ਵਰਗਾਂ ਵਿਚੋਂ ਆਏ ਵਿਦਿਆਰਥੀ ਜਿਨ੍ਹਾਂ ਕੋਲ ਸਕੂਲ ਜਾਣ ਲਈ ਵੱਡੇ ਮੋਟਰ ਸਾਈਕਲ ਜਾਂ ਕਾਰਾਂ ਨਾ ਹੋਣ।
ਹਮਦਰਦ ਮੈਂਬਰਸ਼ਿਪ: ਸਾਰੇ ਉਹ ਲੋਕ ਜੋ ਇਮਾਨਦਾਰੀ ਦੀ ਕਮਾਈ ਕਰਦੇ ਹਨ ਅਤੇ ਕਾਨੂੰਨ ਦਾ ਰਾਜ ਚਾਹੁੰਦੇ ਹਨ, ਪਾਰਟੀ ਦੀ ਹਮਦਰਦ ਮੈਂਬਰਸ਼ਿਪ ਲੈ ਸਕਣ। ਕਮਿਉਨਿਸਟ ਪਾਰਟੀਆਂ ਵਿਚੋਂ ਨਿਰਾਸ਼ ਹੋ ਕੇ ਘਰ ਬੈਠੇ ਵਰਕਰ, (ਅਹੁਦੇਦਾਰ ਨਹੀਂ) ਵੀ ਮੈਂਬਰ ਬਣ ਸਕਣ। ਜਿੰਨਾ ਚਿਰ ਅਮੀਰ ਤੇ ਗਰੀਬ, ਠੱਗਾਂ-ਚੋਰਾਂ ਤੇ ਭਲੇਮਾਣਸਾਂ, ਮਿਹਨਤਕਸ਼ਾਂ ਤੇ ਵਿਹਲੜਾਂ, ਬੇਈਮਾਨਾਂ ਅਤੇ ਇਮਾਨਦਾਰਾਂ ਵਿਚ ਜਮਾਤੀ ਲਕੀਰ ਨਹੀਂ ਖਿਚੀ ਜਾਂਦੀ, ਉਨਾਂ ਚਿਰ ਗਰੀਬ ਜਨਤਾ ਦਾ ਕਲਿਆਣ ਨਹੀਂ ਹੋ ਸਕਦਾ। ਗਰੀਬ ਜਨਤਾ ਦੇ ਕਲਿਆਣ ਲਈ ਗਰੀਬ ਜਨਤਾ ਦੇ ਧੀਆਂ ਪੁੱਤਰਾਂ ਨੂੰ ਹੀ ਇਕ ਮਜਬੂਤ ਪਾਰਟੀ ਬਣਾਉਣ ਲਈ ਅੱਗੇ ਆਉਣਾ ਪਵੇਗਾ।
ਗਰੀਬ ਲੋਕ ਆਪਣੇ ਜਮਾਤੀ ਖਾਸੇ ਨੂੰ ਕਦੇ ਵੀ ਨਹੀਂ ਭੁਲਦੇ। ਬੀਤੇ ਸਮੇਂ ਦੀਆਂ ਕੁਝ ਮਿਸਾਲਾਂ ਪੇਸ਼ ਹਨ। ਹਲਕਾ ਲੋਕ ਸਭਾ ਫਰੀਦਕੋਟ ਅਕਾਲੀ ਦਲ ਵਲੋਂ ਸੁਖਬੀਰ ਸਿੰਘ ਬਾਦਲ, ਬਾਪ ਮੁੱਖ ਮੰਤਰੀ, ਜਗੀਰਦਾਰ ਘਰਾਣਾ। ਕਾਂਗਰਸ ਵਲੋਂ ਹਰਚਰਨ ਬਰਾੜ ਦੀ ਬੇਟੀ ਬਬਲੀ ਬਰਾੜ, ਧਨ ਦੀ ਕਮੀ ਨਹੀਂ ਇਕ ਅਮੀਰ ਘਰਾਣਾ ਅਤੇ ਵੱਡਾ ਜਗੀਰਦਾਰ। ਤੀਜਾ ਇਕ ਆਜ਼ਾਦ ਉਮੀਦਵਾਰ ਜਗਮੀਤ ਬਰਾੜ, ਜੋ ਸਧਾਰਨ ਲੋਕਾਂ ਵਿਚੋਂ ਸੀ, ਖੜ੍ਹ ਗਿਆ।
ਆਮ ਲੋਕ ਆਖਣ ਵੱਡੇ ਧਨੀਆਂ ਵਿਚ ਜਗਮੀਤ ਦਾ ਕੀ ਬਣਨਾ ਹੈ, ਪਰ ਆਮ ਲੋਕਾਂ ਨੇ ਧਨੀਆਂ ਨੂੰ ਰੱਦ ਕਰ ਕੇ ਜਗਮੀਤ ਦੀ ਚੋਣ ਕੀਤੀ। ਇਕ ਹੋਰ ਮਿਸਾਲ ਵਿਧਾਨ ਸਭਾ ਹਲਕਾ ਮੁਕਤਸਰ ਤੋਂ ਕਾਂਗਰਸ ਵਲੋਂ ਹਰਚਰਨ ਬਰਾੜ, ਅਕਾਲੀ ਦਲ ਵਲੋਂ ਭਾਈ ਕੁਕੂ (ਪੱਕੇ ਨਾਂ ਦਾ ਪਤਾ ਨਹੀਂ)-ਦੋਵੇਂ ਜਗੀਰਦਾਰ ਖੜ੍ਹੇ ਹੋਏ। ਤੀਜਾ ਇਕ ਆਜ਼ਾਦ ਉਮੀਦਵਾਰ ਮਰਾੜਾਂ ਦਾ ਸਰਪੰਚ ਸਧਾਰਨ ਕਿਸਾਨ ਵੀ ਖੜ੍ਹਾ ਹੋ ਗਿਆ, ਜਦ ਨਤੀਜਾ ਆਇਆ ਤਾਂ ਦੋਵੇਂ ਸਰਦਾਰ ਹੋ ਗਏ ਚਿੱਤ ਤੇ ਮਰਾੜ ਗਿਆ ਜਿੱਤ। ਇਕ ਹੋਰ ਮਿਸਾਲ ਬਲਾਕ ਸੰਮਤੀ ਚੋਣਾਂ ਦੀ, ਹਲਕਾ ਬਰਗਾੜੀ ਅੱਠ ਪਿੰਡਾਂ ਦਾ ਹਲਕਾ, ਤਿੰਨ ਉਮੀਦਵਾਰ। ਕਾਂਗਰਸ ਅਤੇ ਅਕਾਲੀ ਦਲ ਵਲੋਂ ਦੋ ਧਨੀ ਉਮੀਦਵਾਰ। ਵਿਚ ਤੀਜਾ ਇਕ ਗਰੀਬ ਘਰ ਦਾ ਨੌਜਵਾਨ ਪੰਡਿਤ ਕੁੱਕ ਖੜ੍ਹਾ ਹੋ ਗਿਆ। ਲੋਕ ਆਖਣ ਪੰਡਿਤ ਐਵੇਂ ਪੰਗੇ ਲੈਂਦਾ ਹੈ, ਇਹਨੂੰ ਕੀਹਨੇ ਵੋਟ ਪਾਉਣੀ ਐ? ਇਹਦੀ ਜਮਾਨਤ ਜ਼ਬਤ ਹੋਊ। ਜਦ ਨਤੀਜਾ ਆਇਆ ਤਾਂ ਦੋਵੇਂ ਧਨੀ ਹਾਰ ਗਏ ਤੇ ਪੰਡਿਤ ਕੁੱਕ ਜਿੱਤ ਗਿਆ। ਦੋਹਾਂ ਧਨੀਆਂ ਨੂੰ 1210 ਵੋਟਾਂ ਪਈਆਂ ਤੇ ਗਰੀਬ ਪੰਡਿਤ ਨੂੰ 1370 ਵੋਟਾਂ ਪਈਆਂ। ਲੋਕ ਆਪਣੇ ਜਮਾਤੀ ਖਾਸੇ ਨੂੰ ਨਹੀਂ ਭੁਲਦੇ, ਇਹ ਤਾਂ ਸਾਡੀਆਂ ਖੱਬੀਆਂ ਧਿਰਾਂ ਹੀ ਹਨ, ਜੋ ਆਪਣੀ ਜਮਾਤੀ ਲੜਾਈ ਨੂੰ ਭੁੱਲੀ ਬੈਠੀਆਂ ਹਨ। ਸਾਨੂੰ ਜਗੀਰਦਾਰਾਂ ਅਤੇ ਰਜਵਾੜਿਆਂ ਤੋਂ ਦਾਲ ਰੋਟੀ ਦੀ ਭੀਖ ਨਹੀਂ ਮੰਗਣੀ ਚਾਹੀਦੀ। ਅਸੀਂ 70% ਗਰੀਬ ਜਨਤਾ ਦੀ ਤਾਕਤ ਨਾਲ ਰਾਜਸੀ ਤਾਕਤ ‘ਤੇ ਕਬਜਾ ਕਰਨਾ ਹੈ। ਪਾਰਲੀਮੈਂਟਰੀ ਸਿਸਟਮ ਜਮਾਤੀ ਸਫਬੰਦੀ ਦੇ ਆਧਾਰ ‘ਤੇ ਲੜਨ ਦੀ ਅਣਸਰਦੀ ਲੋੜ ਹੈ, ਤਾਂ ਕਿ ਭ੍ਰਿਸ਼ਟ ਹੋ ਚੁਕੇ ਸਿਆਸੀ ਆਗੂਆਂ, ਬੇਈਮਾਨ ਅਫਸਰਾਂ, ਟੈਕਸ ਚੋਰਾਂ ਅਤੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਸਿਆਸੀ ਸਮਗਲਰਾਂ, ਮਿਲਾਵਟਖੋਰ ਕਾਰੋਬਾਰੀਆਂ ਤੋਂ ਜਨਤਾ ਨੂੰ ਨਿਜਾਤ ਦਿਵਾਈ ਜਾ ਸਕੇ।