ਖੁਸ਼ਆਮਦੀਦ 2019

ਗੁਲਜ਼ਾਰ ਸਿੰਘ ਸੰਧੂ
ਪਿਛਲੇ ਵਰ੍ਹੇ ਮੇਰੀ ਚੁਰਾਸੀ ਕੱਟੀ ਗਈ ਹੈ। 22 ਮਾਰਚ 2019 ਨੂੰ ਪਚਾਸੀਆਂ ਦਾ ਹੋ ਜਾਵਾਂਗਾ। ਅੱਗੋਂ ਉਹ ਜਾਣੇ, ਜੇ ਉਹ ਕਿਧਰੇ ਹੈ ਤਾਂ!
2018 ਵਿਚ ਅਮਰੀਕਾ ਦੀ ਬੋਸਟਨ ਯੂਨੀਵਰਸਟੀ ਦੇ ਵਿਗਿਆਨੀਆਂ ਨੇ ਚੂਹਿਆਂ ਉਤੇ ਤਜਰਬੇ ਕਰਕੇ ਨਤੀਜਾ ਕੱਢਿਆ ਹੈ ਕਿ ਬੁਢਾਪੇ ਦਾ ਮੂਲ ਕਾਰਨ ਜੀਵਾਂ ਵਿਚ ਐਨ.ਏ.ਡੀ. ਮੌਲੀਕਿਊਲ੍ਹ ਦੇ ਪੱਧਰ ਦਾ ਘਟਣਾ ਹੈ। ਉਨ੍ਹਾਂ ਨੇ ਚੂਹਿਆਂ ਵਿਚ ਇਹ ਲੈਵਲ ਵਧਾ ਕੇ ਵੇਖਿਆ ਹੈ ਕਿ ਇਸ ਨਾਲ ਬੁਢਾਪਾ ਅੱਗੇ ਜਾ ਪੈਂਦਾ ਹੈ। ਮੇਰਾ ਸਮਾਂ ਤਾਂ ਬੀਤ ਚੁਕਾ ਹੈ, ਨਵੀਂ ਪੀੜ੍ਹੀ ਜਾਣੇ ਕਿ ਉਨ੍ਹਾਂ ਨੇ ਇਸ ਲੱਭਤ ਨੂੰ ਕਿਵੇਂ ਵੇਖਣਾ ਹੈ?

ਲੰਘੇ ਵਰ੍ਹੇ ਗਵਾਂਢੀ ਦੇਸ਼ਾਂ ਤੋਂ ਆਉਣ ਵਾਲੀਆਂ ਪੌਣਾਂ ਵੀ ਠੀਕ ਰਹੀਆਂ। ਸ੍ਰੀ ਲੰਕਾ ਦਾ ਰਾਜ ਪਲਟਾ ਸਧਾਰਨ ਰਿਹਾ ਤੇ ਮਾਲਦੀਵ ਦੀ ਜਨਤਾ ਨੇ ਤਾਨਾਸ਼ਾਹੀ ਨੂੰ ਠੁੱਡਾ ਮਾਰ ਕੇ ਲੋਕਤੰਤਰ ਲੈ ਆਂਦਾ ਹੈ। ਬੰਗਲਾ ਦੇਸ਼ ਵਿਚ ਸ਼ੇਖ ਹਸੀਨਾ ਅਤੇ ਪਾਕਿਸਤਾਨ ਵਿਚ ਇਮਰਾਨ ਖਾਨ ਦੀ ਸਰਕਾਰ ਬਣਨ ਨਾਲ ਇਨ੍ਹਾਂ ਦੇਸ਼ਾਂ ਨਾਲ ਭਾਰਤ ਦੀ ਭਾਈਚਾਰਕ, ਵਪਾਰਕ ਤੇ ਰਾਜਨੀਤਕ ਸ਼ਾਖ ਵਧਣ ਦੀ ਸੰਭਾਵਨਾ ਹੈ, ਜਿਸ ਨਾਲ ਸਾਰਕ ਦੇਸ਼ਾਂ ਦੀ ਆਪੋ ਵਿਚਲੀ ਈਰਖਾ ਵੀ ਘਟ ਸਕਦੀ ਹੈ ਤੇ ਰਾਜਨੀਤਕ ਤਲਖੀ ਵੀ।
ਸਾਡੇ ਆਪਣੇ ਦੇਸ਼ ਵਿਚ ਸੁਪਰੀਮ ਕੋਰਟ ਦੇ ਇਤਿਹਾਸਕ ਫੈਸਲੇ ਸਵਾਗਤ ਦੇ ਹੱਕਦਾਰ ਹਨ। ਖਾਸ ਕਰਕੇ ਵਿਆਹੁਤਾ ਜੀਵਨ ਵਿਚ ਵਿਆਹ ਤੋਂ ਬਾਹਰਲੇ ਵਾਸਨਾ ਸਬੰਧਾਂ ਵਿਚ ਔਰਤਾਂ ਨੂੰ ਮਰਦਾਂ ਦੇ ਬਰਾਬਰ ਦਾ ਹੱਕ ਮਿਲਣਾ ਤੇ ਸਮਲਿੰਗੀ ਸਬੰਧਾਂ ਨੂੰ ਠੀਕ ਕਰਾਰ ਦਿੱਤੇ ਜਾਣਾ। ਬੱਚੀਆਂ ਦੇ ਬਲਾਤਕਾਰੀਆ ਨੂੰ ਮੌਤ ਦੀ ਸਜ਼ਾ ਦੇਣ ਦਾ ਰੁਝਾਨ ਵੀ ਸਵਾਗਤ ਦਾ ਹੱਕਦਾਰ ਹੈ, ਖਾਸ ਕਰਕੇ ਹਰਿਆਣਾ ਰਾਜ ਦੇ ਪ੍ਰਸੰਗ ਵਿਚ ਜਿਥੇ ਹਰਿਆਣਵੀ ਸੂਰਮਗਤੀ ਨਿਰੀ ਇੱਥੋਂ ਤਕ ਸੀਮਤ ਹੋ ਕੇ ਰਹਿ ਗਈ ਹੈ। ਬਿਹਾਰ ਦੀਆਂ ਉਹ ਸਮਾਜ ਸੇਵੀ ਸੰਸਥਾਵਾਂ ਵੀ ਇਸੇ ਹੀ ਸ਼੍ਰੇਣੀ ਵਿਚ ਆਉਂਦੀਆਂ ਹਨ, ਜਿਥੇ 7-17 ਸਾਲ ਦੀਆਂ ਪਨਾਹ ਲੈ ਰਹੀਆਂ ਬੱਚੀਆਂ ਦਾ ਬਲਾਤਕਾਰ ਹੁੰਦਾ ਹੈ। ਮੀ ਟੂ, ਭਾਵ ਮੇਰੇ ਨਾਲ ਵੀ ਹੋਣ ਵਾਲੀਆਂ ਵਾਰਦਾਤਾਂ ਨੇ ਦਰਪਣ ਹਸਤੀਆਂ ਦੇ ਮੁਖੌਟੇ ਲਾਹੁਣ ਦਾ ਕੰਮ ਕੀਤਾ ਹੈ। ਇਨ੍ਹਾਂ ਵਿਚ ਰਾਜਸੀ ਨੇਤਾ ਐਮ. ਜੇ. ਅਕਬਰ, ਐਕਟਰ ਅਲੋਕ ਨਾਥ ਤੇ ਸਾਹਿਤਕਾਰ ਚੇਤਨ ਭਗਤ ਹੀ ਨਹੀਂ, ਸਾਜਿਦ ਖਾਨ ਤੇ ਸੁਭਾਸ਼ ਘਈ ਵਰਗੇ ਅਨੇਕਾਂ ਚਿਹਰੇ ਸ਼ਾਮਲ ਹਨ, ਜੋ ਬੇਨਕਾਬ ਹੋਏ ਹਨ।
ਦੇਸ਼ ਭਰ ਦੇ ਸਿੱਖ ਭਾਈਚਾਰੇ ਲਈ 1984 ਦੇ ਦੰਗਿਆਂ ਵਿਚ ਸੱਜਣ ਕੁਮਾਰ ਜਿਹੇ ਬੰਦਿਆਂ ਨੂੰ ਸੁਣਾਈ ਗਈ ਸਜ਼ਾ ਵੀ ਤਸੱਲੀ ਵਾਲੀ ਹੈ, ਜਿਸ ਨੂੰ ਦੇਰ ਆਇਦ ਦਰੁਸਤ ਆਇਦ ਕਹਿ ਸਕਦੇ ਹਾਂ।
2018 ਵਿਚ ਪੰਜਾਬ ਦੇ ਵੱਡੇ ਸੂਬੇ ਨੂੰ ਸੂਬੀ ਤੱਕ ਸੀਮਤ ਕਰਨ ਵਾਲੀ ਅਕਾਲੀ ਪਾਰਟੀ ਨੂੰ ਵੀ ਚੰਗਾ ਝਟਕਾ ਲੱਗਾ, ਜਿਸ ਦਾ ਡੇਰਾ ਸਿਰਸਾ ਵਾਲੇ ਰਾਮ ਰਹੀਮ ਕੇਸ ਅਤੇ ਬਰਗਾੜੀ ਬੇਅਦਬੀ ਕਾਂਡ ਬਾਰੇ ਵਰਤਾਰਾ ਏਨਾ ਮਾੜਾ ਰਿਹਾ ਕਿ ਪਾਰਟੀ ਨੂੰ ਹਰਿਮੰਦਰ ਸਾਹਿਬ ਵਿਖੇ ‘ਆਪੇ’ ਭੁੱਲ ਬਖਸ਼ਾਉਣੀ ਪਈ। ਇਸ ਪਾਰਟੀ ਦਾ ਆਪਹੁਦਰਾਪਨ ਟਕਸਾਲੀ ਆਗੂਆਂ ਨੇ ਵੀ ਨੰਗਾ ਕੀਤਾ ਹੈ ਤੇ ਪੰਚਾਇਤੀ ਚੋਣ ਨੇ ਵੀ, ਜਿਸ ਦੇ ਨਤੀਜੇ ਮੂੰਹੋਂ ਬੋਲਦੇ ਹਨ।
ਨਿੱਜੀ ਤੌਰ ‘ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੇਰੇ ਸੀਨੀਅਰ ਮਿੱਤਰ ਸਮਾਜ ਸੇਵੀ ਬੁੱਧ ਸਿੰਘ ਢਾਹਾਂ ਤੇ ਪੱਤਰਕਾਰ ਕੁਲਦੀਪ ਨਈਅਰ ਵਧੀਆ ਨਾਮਣਾ ਖੱਟ ਕੇ ਅਲਵਿਦਾ ਕਹਿ ਗਏ। ਬਾਬਾ ਬੁੱਧ ਸਿੰਘ ਨੇ ਦੁਆਬੇ ਦੇ ਪੱਛੜੇ ਇਲਾਕੇ ਵਿਚ ਦੋ ਗੌਲਣਯੋਗ ਹਸਪਤਾਲਾਂ ਦੀ ਸਥਾਪਨਾ ਕੀਤੀ ਅਤੇ ਕੁਲਦੀਪ ਨਈਅਰ ਨੇ ਨਿਰਪੱਖ ਤੇ ਉਚੀ ਪੱਧਰ ਦੀ ਪੱਤਰਕਾਰੀ ਦੇ ਨਾਲ ਭਾਰਤ-ਪਾਕਿਸਤਾਨ ਮਿੱਤਰਤਾ ਦਾ ਪਰਚਮ ਲਹਿਰਾਈ ਰੱਖਿਆ।
ਸਿਹਤ ਵਲੋਂ ਕਈ ਤਰ੍ਹਾਂ ਦੇ ਧੱਕੇ ਖਾ ਕੇ ਮੈਂ ਆਪਣੀ ਸੇਧ ਅਪਨਾਉਣ ਦੇ ਮਾਰਗ ਉਤੇ ਤੁਰਨ ਦੇ ਯੋਗ ਹੋ ਗਿਆ ਹਾਂ। ਕਸੌਲੀ ਤੇ ਸੋਲਨ ਦੇ ਅੱਧ ਵਿਚਕਾਰ ਧਰਮਪੁਰ-ਸਬਾਥੂ ਸੜਕ ਉਤੇ ਇਕ ਟਿਕਾਣਾ ਬਣਾ ਲਿਆ ਹੈ, ਜਿਥੇ ਰਹਿੰਦੇ ਜੀਵਨ ਦਾ ਵੱਡਾ ਹਿੱਸਾ ਰਹਿਣ ਦੀ ਚਾਹਨਾ ਹੈ। ਮੇਰੀ ਤੰਦਰੁਸਤੀ ਵੇਖ ਕੇ ਮੇਰੇ ਸਮੇਂ ਦੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਮਾਹਿਲਪੁਰ ਨੇ 2019 ਦੇ ਫਰਵਰੀ ਮਹੀਨੇ ਮਨਾਈ ਜਾ ਰਹੀ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਦੇ ਪ੍ਰਬੰਧਕਾਂ ਵਿਚ ਮੈਨੂੰ ਵੀ ਸ਼ਾਮਲ ਕੀਤਾ ਹੈ। ਉਧਰ ਪੰਜਾਬੀ ਯੂਨੀਵਰਸਟੀ, ਪਟਿਆਲਾ ਵਿਚ ਮੇਰੀ ਸਹਿ ਕਰਮੀ ਰਹਿ ਚੁਕੀ ਜਸਬੀਰ ਕੌਰ ਮੈਨੂੰ ਆਪਣੇ ਨਾਲ ਪਾਕਿਸਤਾਨ ਲੈ ਕੇ ਜਾ ਰਹੀ ਹੈ, ਜਿਥੇ ਹੋਰਨਾਂ ਸਥਾਨਾਂ ਤੋਂ ਬਿਨਾ ਮੈਂ ਕਰਤਾਰਪੁਰ ਸਾਹਿਬ ਵੀ ਜਾ ਸਕਾਂਗਾ। ਜਾਂਦੇ-ਜਾਂਦੇ ਇਹ ਵੀ ਦੱਸ ਦਿਆਂ ਕਿ ਮੇਰੀ ਭਤੀਜ ਨੂੰਹ ਅਮਰਜੀਤ ਕੌਰ ਮੇਰੇ ਜੱਦੀ ਪਿੰਡ ਸੂਨੀ ਦੀ ਸਰਪੰਚ ਚੁਣੀ ਗਈ ਹੈ।
ਅੰਤਿਕਾ:ਮਿਰਜ਼ਾ ਗਾਲਿਬ
ਉਨਕੇ ਦੇਖੇ ਸੇ ਜੋ ਆ ਜਾਤੀ ਹੈ ਮੂੰਹ ਪੇ ਰੌਣਕ,
ਵੁਹ ਸਮਝਤੇ ਹੈਂ ਕਿ ਬੀਮਾਰ ਕਾ ਹਾਲ ਅੱਛਾ ਹੈ।
ਦੇਖੀਏ ਪਾਤੇ ਹੈ ਉਸ਼ਾਕ ਬੁੱਤੋਂ ਸੇ ਕਿਆ ਫੈਜ਼,
ਏਕ ਬ੍ਰਾਹਮਣ ਨੇ ਕਹਾ ਹੈ ਕਿ ਸਾਲ ਅੱਛਾ ਹੈ।
ਹਮਕੋ ਮਾਲੂਮ ਹੈ ਜੰਨਤ ਕੀ ਹਕੀਕਤ ਲੇਕਿਨ,
ਦਿਲ ਕੋ ਖੁਸ਼ ਰਖਨੇ ਕੋ ਗਾਲਿਬ ਯੇਹ ਖਿਆਲ ਅੱਛਾ ਹੈ।