ਜਦੋਂ ਨਾਇਕ ਖਲਨਾਇਕ ਬਣ ਜਾਂਦੇ…

ਲੋਕ ਖੁਦ ਨੂੰ ਚੰਗਿਆਈ ਦੀ ਚਾਦਰ ਵਿਚ ਜਿੰਨਾ ਮਰਜ਼ੀ ਲਪੇਟ ਕੇ ਰੱਖ ਲੈਣ, ਜ਼ਿਆਦਾਤਰ ਸੈਲੇਬ੍ਰਿਟੀਜ਼ ਦਾ ਗੁਸੈਲ ਸੁਭਾਅ ਉਨ੍ਹਾਂ ਦੇ ਆਚਰਨ ਵਿਚ ਗਾਹੇ-ਬਗਾਹੇ ਝਲਕ ਹੀ ਜਾਂਦਾ ਹੈ। ਕਦੇ ਉਹ ਮੀਡੀਆ ‘ਤੇ ਹੱਥ ਉਠਾ ਲੈਂਦੇ ਹਨ ਤਾਂ ਕਦੇ ਆਪਣੀ ‘ਗਰਲ ਫਰੈਂਡ’ ਦੇ ਥੱਪੜ ਮਾਰ ਦਿੰਦੇ ਹਨ। ਫਿਲਮੀ ਸਿਤਾਰਿਆਂ ਦੇ ਰਿਸ਼ਤੇ ਜਿੰਨੀ ਜਲਦੀ ਬਣਦੇ ਵਿਗੜਦੇ ਹਨ, ਓਨੀ ਹੀ ਤੇਜ਼ੀ ਨਾਲ ਉਨ੍ਹਾਂ ਦਾ ਮੂਡ ਬਦਲਦਾ ਹੈ। ਚਕਾਚੌਂਧ ਦੇ ਆਦੀ ਇਹ ਸਿਤਾਰੇ ਕਦੇ ਮੀਡੀਆ, ਕਦੇ ਸਹਿਕਰਮੀ ਤੇ ਕਦੇ ਆਪਣੇ ਹੀ ਪ੍ਰਸ਼ੰਸਕਾਂ ਨਾਲ ਉਲਝ ਪੈਂਦੇ ਹਨ।

ਫਿਲਮੀ ਸਿਤਾਰਿਆਂ ਵਿਚਕਾਰ ਆਪਸੀ ਝਗੜੇ ਆਮ ਗੱਲ ਹੈ। ਚਰਚਾ ਉਦੋਂ ਹੁੰਦੀ ਹੈ, ਜਦੋਂ ਇਨ੍ਹਾਂ ਦੇ ਇਹ ਝਗੜੇ ਮੀਡੀਆ ਕਿਸੇ ਨਾ ਕਿਸੇ ਵਜ੍ਹਾ ਨਾਲ ਸਾਹਮਣੇ ਲੈ ਆਉਂਦਾ ਹੈ। ਕਈ ਅਜਿਹੇ ਕਲਾਕਾਰ ਹਨ ਜੋ ਕੈਮਰੇ ਦੇ ਸਾਹਮਣੇ ਬੇਸ਼ੱਕ ਚੰਗਾ ਹੋਣ ਦੀ ਕੋਸ਼ਿਸ਼ ਕਰਨ ਪਰ ਮੌਕਾ ਮਿਲਦੇ ਹੀ ਉਹ ਆਪਣੇ ਝਗੜਾਲੂ ਸੁਭਾਅ ਕਾਰਨ ਅਲੱਗ ਅਲੱਗ ਤਰ੍ਹਾਂ ਦੇ ਵਿਵਾਦਾਂ ਨਾਲ ਘਿਰੇ ਰਹਿੰਦੇ ਹਨ।
ਰਣਬੀਰ ਕਪੂਰ ਖੁਦ ਕਬੂਲ ਚੁੱਕਿਆ ਹੈ ਕਿ ਉਸ ਨੂੰ ਸ਼ਰਾਬ ਪੀਣ ਦੀ ਆਦਤ ਹੈ। ਨਸ਼ੇ ਵਿਚ ਡੁਬੇ ਇਸ ਸਿਤਾਰੇ ਦਾ ਗੁੱਸਾ ਅਚਾਨਕ ਹੀ ਨਹੀਂ ਬਲਕਿ ਕਈ ਵਾਰ ਉਸ ਦੇ ਚਿਹਰੇ ‘ਤੇ ਦਿਖਾਈ ਦਿੰਦਾ ਹੈ। ਹਾਲ ਹੀ ਵਿਚ ਜਦੋਂ ਕਿਸੇ ਫੋਟੋਗ੍ਰਾਫਰ ਨੇ ਬਿਨਾਂ ਦੱਸੇ ਆਲੀਆ ਭੱਟ ਨਾਲ ਉਸ ਦੀ ਤਸਵੀਰ ਖਿੱਚ ਲਈ ਤਾਂ ਉਸ ਨੇ ਨਾ ਸਿਰਫ ਫੋਟੋਗ੍ਰਾਫਰ ਨਾਲ ਝਗੜਾ ਕੀਤਾ, ਬਲਕਿ ਉਸ ਦਾ ਕੈਮਰਾ ਖੋਹ ਕੇ ਫੋਟੋ ਵੀ ਡਿਲੀਟ ਕਰ ਦਿੱਤੀ।
ਰਣਵੀਰ ਸਿੰਘ ਵੀ ਰਣਬੀਰ ਕਪੂਰ ਦੇ ਰਸਤੇ ‘ਤੇ ਹੀ ਚੱਲ ਰਿਹਾ ਹੈ ਬਲਕਿ ਉਹ ਇਕ ਕਦਮ ਅੱਗੇ ਹੀ ਹੈ। ਉਹ ਸਪਸ਼ਟ ਕਹਿੰਦਾ ਹੈ, “ਮੈਂ ਜਨਤਕ ਥਾਂ ‘ਤੇ ਜੋ ਚਾਹੇ ਕਰਾਂਗਾ ਅਤੇ ਤੁਸੀਂ ਜੇ ਤਸਵੀਰ ਲੈਣ ਦੀ ਕੋਸ਼ਿਸ਼ ਕੀਤੀ ਤਾਂ ਨਤੀਜਾ ਭੁਗਤਣਾ ਪਵੇਗਾ।” ਸ਼ੁਕਰ ਹੈ, ਅਜੇ ਤਕ ਉਸ ਦਾ ਕੋਈ ਨਵਾਂ ਤਮਾਸ਼ਾ ਸਾਹਮਣੇ ਨਹੀਂ ਆਇਆ।
ਇਹ ਤਾਂ ਹੋਈ ਸਿਤਾਰਿਆਂ ਦੀ ਮੀਡੀਆ ਨਾਲ ਦੁਰਵਿਹਾਰ ਦੀ ਗੱਲ; ਹੁਣ ਗੱਲ ਕਰਦੇ ਹਾਂ ਕਿ ਆਮ ਆਦਮੀ ਨਾਲ ਸਿਤਾਰਿਆਂ ਦੇ ਵਿਹਾਰ ਦੀ। ਜੇ ਕੋਈ ਫਿਲਮ ਸਿਤਾਰਾ ਜਨਤਕ ਥਾਂ ‘ਤੇ ਹੈ ਤਾਂ ਆਮ ਆਦਮੀ ਵੀ ਇਨ੍ਹਾਂ ਦੇ ਗੁੱਸੇ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਨੂੰ ਖੁਦ ਸੈਫ ਅਲੀ ਖਾਨ ਨੇ ਸਾਬਤ ਕੀਤਾ ਹੈ। 2012 ਵਿਚ ਤਾਜ ਹੋਟਲ ਦੇ ਜਪਾਨੀ ਰੈਸਤੋਰਾਂ ਵਿਚ ਦੱਖਣ ਅਫਰੀਕੀ ਨਿਵਾਸੀ ਇਕਬਾਲ ਮੀਰ ਆਪਣੇ ਜਾਣਕਾਰ ਪਰਿਵਾਰ ਨਾਲ ਭੋਜਨ ਕਰ ਰਿਹਾ ਸੀ। ਦੂਜੇ ਮੇਜ਼ ‘ਤੇ ਬੈਠੇ ਸੈਫ, ਕਰੀਨਾ ਕਪੂਰ, ਕ੍ਰਿਸ਼ਮਾ ਕਪੂਰ, ਮਲਾਇਕਾ ਅਰੋੜਾ, ਅੰਮ੍ਰਿਤਾ ਅਰੋੜਾ ਅਤੇ ਉਨ੍ਹਾਂ ਦੇ ਦੋਸਤਾਂ ਦੀ ਚੁਹਲਬਾਜ਼ੀ ਪੂਰੇ ਰੇਸਤੋਰਾਂ ਵਿਚ ਗੂੰਜ ਰਹੀ ਸੀ। ਇਕਬਾਲ ਨੇ ਹੋਟਲ ਦੇ ਪ੍ਰਬੰਧਕਾਂ ਨੂੰ ਤਿੰਨ ਵਾਰ ਉਨ੍ਹਾਂ ਦੀ ਸ਼ਿਕਾਇਤ ਕੀਤੀ। ਰਾਤ ਨੂੰ ਸਾਢੇ ਬਾਰਾਂ ਵਜੇ ਵੀ ਇਹ ਰੌਲਾ ਬੰਦ ਨਾ ਹੋਇਆ ਤਾਂ ਇਕਬਾਲ ਪਰਿਵਾਰ ਸਮੇਤ ਰੇਸਤੋਰਾਂ ਛੱਡ ਕੇ ਘਰ ਨੂੰ ਜਾਣ ਲੱਗਾ ਪਰ ਤਾਂ ਵੀ ਉਨ੍ਹਾਂ ਨੂੰ ਛੁਟਕਾਰਾ ਨਹੀਂ ਮਿਲਿਆ। ਰਸਤੇ ਵਿਚ ਹੀ ਸੈਫ ਅਤੇ ਉਸ ਦੇ ਦੋਸਤਾਂ ਸ਼ਕੀਲ ਅਤੇ ਬਿਲਾਲ ਨੇ ਉਨ੍ਹਾਂ ਨੂੰ ਸ਼ਰਾਬ ਦੇ ਨਸ਼ੇ ਵਿਚ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉਸ ਦੇ 69 ਸਾਲਾ ਸਹੁਰੇ ਨੂੰ ਵੀ ਉਨ੍ਹਾਂ ਨੇ ਨਹੀਂ ਬਖਸ਼ਿਆ। ਪੁਲਿਸ ਵਿਚ ਕੇਸ ਦਰਜ ਹੋਇਆ ਅਤੇ ਇਹ ਕੇਸ ਪੂਰੇ ਤਿੰਨ ਸਾਲ ਚੱਲਿਆ। ਬਾਅਦ ਵਿਚ ਸੈਫ ਨੇ ਮੁਆਫੀ ਮੰਗ ਕੇ ਇਹ ਕੇਸ ਬੰਦ ਕਰਾਇਆ।
ਇਸ ਮਾਮਲੇ ਵਿਚ ਜੌਹਨ ਅਬਰਾਹਮ ਵੀ ਘੱਟ ਨਹੀਂ ਹੈ। ਉਸ ਦਾ ਮਿਜ਼ਾਜ ਵੀ ਨਸ਼ੇ ਤੋਂ ਬਾਅਦ ਖੁੱਲ੍ਹ ਕੇ ਸਾਹਮਣੇ ਆਉਂਦਾ ਹੈ। ਜੇ ਉਸ ਨਾਲ ਕੋਈ ਤਸਵੀਰ ਖਿਚਾਉਣ ਦੀ ਬੇਨਤੀ ਕਰਦਾ ਹੈ ਤਾਂ ਉਹ ਉਸ ਨੂੰ ਅਜਿਹੀ ਗਿੱਦੜ ਭਬਕੀ ਦਿੰਦਾ ਹੈ ਕਿ ਉਹ ਚੁੱਪ-ਚਾਪ ਉਥੋਂ ਜਾਣ ਵਿਚ ਹੀ ਭਲਾਈ ਸਮਝਦਾ ਹੈ। ਦੀਪਿਕਾ ਪਾਦੂਕੋਣ ਦੀ ਇਕ ਤਸਵੀਰ ਵੈੱਬਸਾਈਟ ‘ਤੇ ਦਿਖਾਉਣ ਕਾਰਨ ਇਕ ਮੀਡੀਆ ਗਰੁਪ ਮੁਸੀਬਤ ਵਿਚ ਆ ਗਿਆ ਸੀ। ਦੀਪਿਕਾ ਦਾ ਤਰਕ ਸੀ ਕਿ ਕੋਈ ਵੀ ਮੀਡੀਆ ਗਰੁਪ ਆਪਣੀਆਂ ਨਿੱਜੀ ਤਸਵੀਰਾਂ ਬਾਹਰ ਦਿਖਾ ਸਕਦਾ ਹੈ? ਉਸ ਨੇ ਇਸ ਮੀਡੀਆ ਗਰੁੱਪ ਨੂੰ ਹੋਰ ਵੀ ਬਹੁਤ ਖਰੀਆਂ ਖੋਟੀਆਂ ਸੁਣਾਈਆਂ। ਅਜਿਹੇ ਮਾਮਲਿਆਂ ਵਿਚ ਸੋਨਮ ਵੀ ਘੱਟ ਨਹੀਂ, ਮੀਡੀਆ ਦਾ ਕੋਈ ਸਵਾਲ ਪ੍ਰੇਸ਼ਾਨ ਕਰਦਾ ਹੈ ਤਾਂ ਉਹ ਗੁੱਸੇ ਨਾਲ ਲਾਲ-ਪੀਲੀ ਹੋ ਜਾਂਦੀ ਹੈ।
ਗੁੱਸਾ ਪ੍ਰਗਟ ਕਰਨ ਦੇ ਮਾਮਲੇ ਵਿਚ ਸ਼ਾਹਰੁਖ ਖਾਨ ਬਹੁਤ ਮਸ਼ਹੂਰ ਹੈ। ਸਲਮਾਨ ਦਾ ਵੀ ਮੀਡੀਆ ਨਾਲ ਰਿਸ਼ਤਾ ਪਿਆਰ-ਨਫਰਤ ਭਰਿਆ ਹੈ। ਐਸ਼ਵਰਿਆ ਰਾਏ ਬੱਚਨ ਨਾਲ ਖਰਾਬ ਵਿਹਾਰ, ਪ੍ਰੈਸ ਮੀਟ ਦੌਰਾਨ ਪੱਤਰਕਾਰਾਂ ਨੂੰ ਬਾਹਰ ਕੱਢ ਦੇਣਾ, ਵਿਵੇਕ ਓਬਰਾਏ ਨੂੰ ਫੋਨ ‘ਤੇ ਧਮਕੀ ਦੇਣਾ ਆਦਿ, ਸਲਮਾਨ ਦੀ ਕਹਾਣੀ ਰਾਤ ਕੁ ਲੰਮੀ ਹੈ। ਦਰਅਸਲ, ਸਲਮਾਨ ਦੀ ਬਦਮਿਜ਼ਾਜੀ ਵਾਹਵਾ ਮਸ਼ਹੂਰ ਹੋ ਚੁੱਕੀ ਹੈ।