ਨਸੀਰੂਦੀਨ ਦੀ ਟਿੱਪਣੀ ‘ਤੇ ਕੱਟੜਪੰਥੀਆਂ ਦੀ ਤਲਖੀ

ਫਿਲਮ ਅਦਾਕਾਰ ਨਸੀਰੂਦੀਨ ਸ਼ਾਹ ਵਲੋਂ ਬੁਲੰਦਸ਼ਹਿਰ ਘਟਨਾ ਬਾਰੇ ਕੀਤੀ ਟਿੱਪਣੀ ਬਾਰੇ ਸ਼ੁਰੂ ਹੋਇਆ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹਿੰਦੂ ਕੱਟੜਪੰਥੀਆਂ ਦੇ ਤਿੱਖੇ ਹਮਲਿਆਂ ਤੋਂ ਬਾਅਦ ਅਦਾਕਾਰ ਆਸ਼ੂਤੋਸ਼ ਰਾਣਾ, ਫਿਲਮਸਾਜ਼ ਮਧੁਰ ਭੰਡਾਰਕਰ ਅਤੇ ਹੋਰਾਂ ਨੇ ਨਸੀਰੂਦੀਨ ਸ਼ਾਹ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦਿਆਂ ਕਿਹਾ ਹੈ ਕਿ ਭਾਰਤ ਜਮਹੂਰੀ ਮੁਲਕ ਹੈ, ਇਸ ਲਈ ਹਰ ਇਕ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ। ਯਾਦ ਰਹੇ ਕਿ ਨਸੀਰੂਦੀਨ ਸ਼ਾਹ ਨੇ ਬੁਲੰਦਸ਼ਹਿਰ ਵਿਚ ਹੋਈ ਭਿਆਨਕ ਘਟਨਾ ਬਾਰੇ ਟਿੱਪਣੀ ਕੀਤੀ ਸੀ ਕਿ ਹੁਣ ਤਾਂ ਕਿਸੇ ਗਾਂ ਦਾ ਮਰਨਾ ਵੱਧ ਮਹੱਤਵਪੂਰਨ ਹੋ ਗਿਆ ਹੈ, ਜਦਕਿ ਕਿਸੇ ਪੁਲਿਸ ਅਫਸਰ ਦੇ ਮਰਨ ਦਾ ਕੋਈ ਮੁੱਲ ਨਹੀਂ ਰਹਿ ਗਿਆ।

ਜਾਪਦਾ ਇੰਜ ਹੈ ਕਿ ਨੇੜਲੇ ਭਵਿਖ ਵਿਚ ਇਹ ਹਾਲਾਤ ਬਦਲਣ ਵਾਲੇ ਵੀ ਨਹੀਂ। ‘ਕਾਰਵਾਂ-ਏ-ਮੁਹੱਬਤ’ ਨਾਲ ਮੁਲਾਕਾਤ ਦੌਰਾਨ ਨਸੀਰੂਦੀਨ ਸ਼ਾਹ ਖਾਨ ਨੇ ਕਿਹਾ ਸੀ, “ਹੁਣ ਜਿੰਨ ਨੂੰ ਬੋਤਲ ਵਿਚ ਬੰਦ ਕਰਨਾ ਸ਼ਾਇਦ ਬਹੁਤ ਮੁਸ਼ਕਿਲ ਹੈ। ਕੁਝ ਲੋਕਾਂ ਨੇ ਕਾਨੂੰਨ ਨੂੰ ਆਪਣੇ ਹੱਥ ਵਿਚ ਲੈ ਲਿਆ ਹੋਇਆ ਹੈ, ਮੈਂ ਤਾਂ ਹੁਣ ਆਪਣੇ ਬੱਚਿਆਂ ਲਈ ਬੜੀ ਬੇਚੈਨੀ ਮਹਿਸੂਸ ਕਰਦਾ ਹਾਂ ਕਿਉਂਕਿ ਕੱਲ੍ਹ ਨੂੰ ਜੇ ਭੀੜ ਉਨ੍ਹਾਂ ਨੂੰ ਰੋਕ ਕੇ ਪੁੱਛੇਗੀ ਕਿ ‘ਦੱਸੋ! ਤੁਸੀਂ ਮੁਸਲਮਾਨ ਕਿ ਹਿੰਦੂ?’… ਤਾਂ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਹੋਵੇਗਾ। ਮੇਰੀ ਫਿਕਰ ਇਹ ਵੀ ਹੈ ਕਿ ਇਹ ਹਾਲਤ ਹੁਣ ਥੋੜ੍ਹੀ ਕੀਤੇ ਬਦਲਦੀ ਨਜ਼ਰ ਨਹੀਂ ਆ ਰਹੀ।” ਦੱਸਣਯੋਗ ਹੈ ਕਿ ਬੁਲੰਦਸ਼ਹਿਰ ਵਿਚ ਗਾਂ ਮਰਨ ਦੀ ਅਫਵਾਹ ਤੋਂ ਬਾਅਦ ਭੀੜ ਨੇ ਇਕ ਪੁਲਿਸ ਅਫਸਰ ਨੂੰ ਮਾਰ-ਮੁਕਾਇਆ ਸੀ ਅਤੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੂੰ ਇਸ ਨੂੰ ਮਹਿਜ਼ ਹਾਦਸਾ ਗਰਦਾਨਿਆ ਸੀ।
ਨਸੀਰੂਦੀਨ ਸ਼ਾਹ ਦੀ ਟਿੱਪਣੀ ਤੋਂ ਬਾਅਦ ਹਿੰਦੂ ਕੱਟੜਪੰਥੀ ਸੋਸ਼ਲ ਮੀਡੀਆ ਉਤੇ ਉਸ ਖਿਲਾਫ ਟੁੱਟ ਕੇ ਪੈ ਗਏ ਸਨ। ਭਾਜਪਾ ਹਮਾਇਤੀ ਅਦਾਕਾਰ ਅਨੁਪਮ ਖੇਰ ਨੇ ਵੀ ਨਸੀਰੂਦੀਨ ਦੇ ਇਸ ਬਿਆਨ ਦੀ ਨੁਕਤਾਚੀਨੀ ਕੀਤੀ ਸੀ। ਸੋਸ਼ਲ ਮੀਡੀਆ ਉਤੇ ਇਹ ਵਿਵਾਦ ਇੰਨਾ ਵਧਿਆ ਕਿ ਅਜਮੇਰ ਸਾਹਿਤ ਮੇਲਾ ਜਿਸ ਦਾ ਉਦਘਾਟਨ ਨਸੀਰੂਦੀਨ ਸ਼ਾਹ ਨੇ ਕਰਨਾ ਸੀ ਅਤੇ ਇਕ ਕਿਤਾਬ ਵੀ ਰਿਲੀਜ਼ ਕਰਨੀ ਸੀ, ਹਿੰਦੂ ਕੱਟੜਪੰਥੀਆਂ ਦੇ ਵਿਰੋਧ ਕਾਰਨ ਰੱਦ ਕਰਨਾ ਪੈ ਗਿਆ। ਹੁਣ ਅਦਾਕਾਰ ਆਸ਼ੂਤੋਸ਼ ਰਾਣਾ ਨੇ ਕਿਹਾ ਹੈ ਕਿ ਜੇ ਕੋਈ ਬੰਦਾ ਕਿਸੇ ਮੁੱਦੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਾ ਹੈ ਤਾਂ ਉਸ ਦਾ ਇਉਂ ਸੋਸ਼ਲ ਮੀਡੀਆ ਟਰਾਇਲ ਹੋਣਾ ਮਾੜੀ ਗੱਲ ਹੈ। ਸਭ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ। ਫਿਲਮਸਾਜ਼ ਮਧੁਰ ਭੰਡਾਰਕਰ ਮੁਤਾਬਕ, ਭਾਰਤ ਸਭ ਭਾਰਤੀਆਂ ਦਾ ਮੁਲਕ ਹੈ ਅਤੇ ਹਰ ਕੋਈ ਆਪਣੀ ਰਾਇ ਰੱਖ ਸਕਦਾ ਹੈ।
ਉਧਰ, ਇਸ ਮੁੱਦੇ ‘ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਟਿੱਪਣੀ ਕਰਨ ‘ਤੇ ਨਸੀਰੂਦੀਨ ਸ਼ਾਹ ਨੇ ਉਸ ਨੂੰ ਖਰੀਆਂ ਖਰੀਆਂ ਸੁਣਾਉਂਦਿਆਂ ਕਿਹਾ ਕਿ ਉਹ ਭਾਰਤ ਬਾਰੇ ਕੋਈ ਟਿੱਪਣੀ ਕਰਨ ਤੋਂ ਪਹਿਲਾਂ ਆਪਣੇ ਮੁਲਕ ਦਾ ਹਾਲ ਦੇਖ ਲੈਣ। ਇਮਰਾਨ ਖਾਨ ਨੇ ਪੰਜਾਬ ਵਿਚ ਉਨ੍ਹਾਂ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੀ ਸਰਕਾਰ ਦੇ 100 ਦਿਨ ਮੁਕੰਮਲ ਹੋਣ ‘ਤੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਆਪਣੇ ਮੁਲਕ ਦੀਆਂ ਘੱਟ ਗਿਣਤੀਆਂ ਨਾਲ ਭਾਰਤ ਨਾਲੋਂ ਬਿਹਤਰ ਵਿਹਾਰ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਸੀ: “ਅਸੀਂ ਘੱਟ ਗਿਣਤੀਆਂ ਦੀ ਇਮਦਾਦ ਕਰਾਂਗੇ ਅਤੇ ਜਿਸ ਤਰ੍ਹਾਂ ਕਾਇਦੇ-ਏ-ਆਜ਼ਮ ਮੁਹੰਮਦ ਅਲੀ ਜਿਨਾਹ ਨੇ ਜ਼ੋਰ ਦਿੱਤਾ ਸੀ, ਅਸੀਂ ਉਨ੍ਹਾਂ (ਘੱਟ ਗਿਣਤੀਆਂ) ਦੀ ਹਰ ਪੱਖੋਂ ਰਾਖੀ ਕਰ ਰਹੇ ਹਾਂ। ਇਸ ਲਈ ਜੇ ਕਿਤੇ ਇਨਸਾਫ ਨਹੀਂ ਹੁੰਦਾ ਤਾਂ ਉਥੇ ਬਗਾਵਤ ਉਠਣੀ ਹੀ ਉਠਣੀ ਹੈ।” ਇਮਰਾਨ ਖਾਨ ਨੇ ਇਹ ਟਿੱਪਣੀ ਕਰਦਿਆਂ ਭਾਵੇਂ ਨਸੀਰੂਦੀਨ ਸ਼ਾਹ ਦੀ ਟਿੱਪਣੀ ਦਾ ਹਵਾਲਾ ਨਹੀਂ ਦਿੱਤਾ ਅਤੇ ਨਾ ਹੀ ਨਸੀਰੂਦੀਨ ਸ਼ਾਹ ਦਾ ਨਾਂ ਲਿਆ ਹੈ ਪਰ ਸਾਰੇ ਲੋਕ ਸਮਝ ਗਏ ਸਨ ਕਿ ਉਨ੍ਹਾਂ ਦੀ ਇਹ ਟਿੱਪਣੀ ਨਸੀਰੂਦੀਨ ਸ਼ਾਹ ਦੇ ਬਿਆਨ ਦੇ ਪ੍ਰਸੰਗ ਵਿਚ ਹੀ ਸੀ। ਨਸੀਰੂਦੀਨ ਸ਼ਾਹ ਦਾ ਕਹਿਣਾ ਸੀ ਕਿ ਉਹ ਆਪਣੇ ਮੁਲਕ ਦਾ ਮਸਲਾ ਆਪੇ ਨਜਿੱਠ ਲੈਣਗੇ, ਇਮਰਾਨ ਖਾਨ ਆਪਣੇ ਮੁਲਕ ਦੀ ਫਿਕਰ ਕਰਨ।
ਮਾਹਿਰਾਂ ਦਾ ਆਖਣਾ ਹੈ ਕਿ ਨਸੀਰੂਦੀਨ ਸ਼ਾਹ ਨੂੰ ਇਹ ਬਿਆਨ ਸ਼ਾਇਦ ਇਸ ਕਰਕੇ ਦੇਣਾ ਪਿਆ ਤਾਂ ਕਿ ਹਿੰਦੂ ਕੱਟੜਪੰਥੀ ਉਨ੍ਹਾਂ ਖਿਲਾਫ ਹੋਰ ਫਰੰਟ ਨਾ ਖੋਲ੍ਹ ਦੇਣ। ਇਸੇ ਦੌਰਾਨ ਆਲ ਇੰਡੀਆ ਇਤਿਹਾਦ-ਉਲ ਮੁਸਲਮੀਨ (ਏ.ਐਮ.ਆਈ.ਆਈ.ਐਮ.) ਦੇ ਲੀਡਰ ਅਸਦ-ਉਦ-ਦੀਨ ਓਬੈਸੀ ਨੇ ਕਿਹਾ ਹੈ ਕਿ ਇਮਰਾਨ ਖਾਨ ਨੂੰ ਅਜਿਹੇ ਬਿਆਨ ਦੇਣ ਦੀ ਥਾਂ ਭਾਰਤ ਤੋਂ ਕੁਝ ਸਿੱਖਣ ਦੀ ਗੁਜ਼ਾਰਿਸ਼ ਕੀਤੀ ਹੈ ਅਤੇ ਕਿਹਾ ਹੈ ਕਿ ਪਾਕਿਸਤਾਨ ਦੇ ਸੰਵਿਧਾਨ ਮੁਤਾਬਕ, ਸਿਰਫ ਮੁਸਲਮਾਨ ਹੀ ਪਾਕਿਸਤਾਨ ਦਾ ਰਾਸ਼ਟਰਪਤੀ ਬਣ ਸਕਦਾ ਹੈ ਜਦਕਿ ਭਾਰਤ ਵਿਚ ਵੱਖ-ਵੱਖ ਫਿਰਕਿਆਂ ਦੇ ਲੋਕਾਂ ਨੂੰ ਭਾਰਤ ਦਾ ਰਾਸ਼ਟਰਪਤੀ ਬਣਨ ਦਾ ਮੌਕਾ ਮਿਲਿਆ ਹੈ। ਇਸ ਲਈ ਇਮਰਾਨ ਖਾਨ ਨੂੰ ਕੋਈ ਸਬਕ ਦੇਣ ਤੋਂ ਪਹਿਲਾਂ ਖੁਦ ਸਬਕ ਸਿੱਖਣਾ ਚਾਹੀਦਾ ਹੈ।
-ਗੁਰਜੰਟ ਸਿੰਘ