ਸਰਪੰਚੀ ਦੇ ਨੱਬੇ ਫੀਸਦੀ ਉਮੀਦਵਾਰ ਜੇਤੂ ਰਹੇ
ਚੰਡੀਗੜ੍ਹ: ਪੰਜਾਬ ਵਿਚ ਪੰਚਾਇਤੀ ਚੋਣਾਂ ਦੌਰਾਨ ਸੱਤਾਧਾਰੀ ਕਾਂਗਰਸ ਦੀ ਚੜ੍ਹਤ ਰਹੀ। ਜਿਹੜੇ ਪਿੰਡਾਂ ਵਿਚ ਪਿਛਲੇ 10 ਸਾਲਾਂ ਤੋਂ ਅਕਾਲੀ ਜਥੇਦਾਰਾਂ ਦੀ ਤੂਤੀ ਬੋਲਦੀ ਸੀ, ਉਥੇ ਪਈਆਂ ਸਰਪੰਚੀ-ਪੰਚੀ ਦੀਆਂ ਚੋਣਾਂ ਵਿਚ ਕਾਂਗਰਸੀ ਆਗੂਆਂ ਦਾ ਜਾਦੂ ਸਿਰ ਚੜ੍ਹ ਬੋਲਿਆ ਹੈ। ਅਕਾਲੀ ਦਲ ਅਤੇ ‘ਆਪ’ ਦੇ ਉਮੀਦਵਾਰ ਭਾਵੇਂ ਬਹੁਤੇ ਪਿੰਡਾਂ ਵਿਚ ਸਿੱਧੇ ਤੌਰ ‘ਤੇ ਸਾਹਮਣੇ ਨਹੀਂ ਆਏ ਸਨ, ਫਿਰ ਵੀ ਇਨ੍ਹਾਂ ਨੇ ਕਾਂਗਰਸ ਦੇ ਉਮੀਦਵਾਰਾਂ ਨੂੰ ਹਰਾਉਣ ਲਈ ਹਰ ਵਾਹ ਲਾਈ ਸੀ। ਇਨ੍ਹਾਂ ਚੋਣਾਂ ਦਾ ਸਿੱਧਾ ਸਬੰਧ ਭਾਵੇਂ ਹੋਰ ਚਹੁੰ ਮਹੀਨਿਆਂ ਨੂੰ ਆ ਰਹੀਆਂ ਲੋਕ ਸਭਾ ਚੋਣਾਂ ਨਾਲ ਨਹੀਂ ਹੈ ਪਰ ਸਿਆਸੀ ਮਾਹਿਰਾਂ ਦਾ ਆਖਣਾ ਹੈ ਕਿ ਇਸ ਦਾ ਅਸਰ ਲੋਕ ਸਭਾ ਚੋਣਾਂ ਉਤੇ ਪਵੇਗਾ।
ਸਰਪੰਚੀ ਦੀ ਚੋਣ ਲੜ ਰਹੇ ਕਾਂਗਰਸ ਦੇ 90 ਫੀਸਦੀ ਸਰਪੰਚ ਜੇਤੂ ਰਹੇ ਹਨ। ਕੁੱਲ 13175 ਸਰਪੰਚਾਂ ਵਿਚੋਂ 11241 ਸਰਪੰਚ ਕਾਂਗਰਸ ਪਾਰਟੀ ਨਾਲ ਸਬੰਧਤ ਹਨ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਕ੍ਰਮਵਾਰ 981 ਤੇ 100 ਸਰਪੰਚ ਹੀ ਚੁਣੇ ਗਏ ਹਨ। 813 ਸਰਪੰਚ ਹੋਰ ਛੋਟੀਆਂ ਪਾਰਟੀਆਂ ਤੇ ਆਜ਼ਾਦ ਉਮੀਦਵਾਰ ਵਜੋਂ ਚੁਣੇ ਗਏ। ਮਾਨਸਾ ਨੇੜਲੇ ਮੂਸੇ ਪਿੰਡ ਵਿਚ ਲੰਬਾ ਸਮਾਂ ਸਰਪੰਚੀ ਅਕਾਲੀ ਦਲ ਦਾ ਉਮੀਦਵਾਰ ਹੀ ਜਿੱਤਦੇ ਰਹੇ ਹਨ ਅਤੇ ਉਥੇ ਇਸ ਵਾਰ ਲਗਭਗ 599 ਵੋਟਾਂ ‘ਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚੋਣ ਜਿੱਤ ਗਈ। ਉਹ ਕਾਂਗਰਸੀ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਆਏ ਸਨ। ਬਾਦਲ ਪਿੰਡ ‘ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀ ਰਿਸ਼ਤੇਦਾਰ ਉਦੈਵੀਰ ਢਿੱਲੋਂ ਕਾਂਗਰਸ ਹਮਾਇਤੀ ਉਮੀਦਵਾਰ ਕੋਲੋਂ ਸਰਪੰਚੀ ਦੀ ਚੋਣ ਹਾਰ ਗਿਆ। ‘ਆਪ’ ਦੇ ਬਾਗੀ ਆਗੂ ਸੁਖਪਾਲ ਸਿੰਘ ਖਹਿਰਾ ਦੀ ਨਜ਼ਦੀਕੀ ਰਿਸ਼ਤੇਦਾਰ ਕਿਰਨਬੀਰ ਕੌਰ ਸਰਪੰਚੀ ਦੀ ਚੋਣ ਹਾਰ ਗਈ। ਨੂਰਪੁਰ ਬੇਦੀ ਬਲਾਕ ਦੇ ਸੰਵੇਦਨਸ਼ੀਲ ਐਲਾਨੇ ਗਏ ਪਿੰਡ ਕਲਵਾਂ ‘ਚ ਸਰਪੰਚੀ ਦੀ ਚੋਣ ਲਈ ਖੜ੍ਹੀ ਉਮੀਦਵਾਰ ਰਾਜ ਰਾਣੀ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਜ਼ਿਲ੍ਹਾ ਇੰਚਾਰਜ ਬਲਜਿੰਦਰ ਕੌਰ ਨੂੰ 595 ਵੋਟਾਂ ਨਾਲ ਹਰਾਇਆ। ਰਾਜ ਰਾਣੀ ਨੂੰ 890 ਵੋਟਾਂ, ਜਦਕਿ ਬਲਜਿੰਦਰ ਕੌਰ ਨੂੰ ਸਿਰਫ 295 ਵੋਟਾਂ ਹੀ ਮਿਲੀਆਂ।
ਇਸ ਤਰ੍ਹਾਂ ਪਿੰਡ ਬਾਕਰਪੁਰ ‘ਚ ਪਹਿਲੀ ਵਾਰ ਦੋ ਵਾਰਡਾਂ ਦੇ ਪੰਚਾਂ ਦੇ ਉਮੀਦਵਾਰਾਂ ਖਿਲਾਫ ‘ਨੋਟਾ’ ਦੀ ਜਿੱਤ ਹੋਈ। ਹਾਲਾਂਕਿ ਪੰਚਾਇਤ ਚੋਣਾਂ ਵਿਚ ਹੋਈ ਹਿੰਸਾ ਤੇ ਕਈ ਥਾਂਵਾਂ ‘ਤੇ ਬੂਥਾਂ ਉਤੇ ਕਬਜ਼ਿਆਂ ਕਾਰਨ ਜਮਹੂਰੀਅਤ ਧੜੇਬਾਜ਼ੀ ਵਾਲੀ ਸਿਆਸਤ ਦਾ ਸ਼ਿਕਾਰ ਹੁੰਦੀ ਦਿਖਾਈ ਦਿੱਤੀ। ਫਿਰੋਜ਼ਪੁਰ ਜ਼ਿਲ੍ਹੇ ਦੇ ਮਮਦੋਟ ਵਿਚ ਇਕ ਵਿਅਕਤੀ ਦੇ ਹੋਏ ਕਤਲ, ਬੈਲਟ ਬਾਕਸ ਨੂੰ ਲਗਾਈ ਅੱਗ ਤੇ ਇਸੇ ਜ਼ਿਲ੍ਹੇ ਦੇ ਇਕ ਹੋਰ ਪਿੰਡ ਵਿਚ ਭਗਦੜ ਦੌਰਾਨ ਇਕ ਨੌਜਵਾਨ ਦੀ ਮੌਤ ਨੇ ਚੋਣ ਦੰਗਲ ਨੂੰ ਹਿੰਸਕ ਰੂਪ ਦੇ ਦਿੱਤਾ। ਪਟਿਆਲਾ, ਲੁਧਿਆਣਾ, ਜਲੰਧਰ, ਮੋਗਾ, ਗੁਰਦਾਸਪੁਰ, ਅੰਮ੍ਰਿਤਸਰ ਵਿਚ ਕੁਝ ਬੂਥਾਂ ‘ਤੇ ਕਬਜ਼ੇ ਅਤੇ ਹਿੰਸਕ ਝੜਪਾਂ ਹੋਈਆਂ ਜਿਨ੍ਹਾਂ ਵਿਚ ਕੁਝ ਵਿਅਕਤੀ ਜ਼ਖਮੀ ਵੀ ਹੋਏ ਹਨ। ਇਕੱਲੇ ਪਟਿਆਲਾ ਵਿਚ ਦਰਜਨ ਦੇ ਕਰੀਬ ਪਿੰਡਾਂ ਵਿਚ ਇੱਟਾਂ-ਪੱਥਰ ਚੱਲਣ ਦੀਆਂ ਰਿਪੋਰਟਾਂ ਹਨ। ਉਧਰ, ਅਕਾਲੀ ਦਲ ਬਾਦਲ ਨੇ ਦੋਸ਼ ਲਾਏ ਕਿ ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਚੋਣਾਂ ‘ਚ ਕਾਂਗਰਸ ਸਰਕਾਰ ਨੇ ਲੋਕਤੰਤਰ ਦਾ ਘਾਣ ਕੀਤਾ ਅਤੇ ਹੁਣ ਪਿੰਡਾਂ ਦੀਆਂ ਪੰਚਾਇਤ ਚੋਣਾਂ ਵਿਚ ਸਿੱਧੀ ਦਖਲਅੰਦਾਜ਼ੀ ਕਰ ਕੇ ਵੱਡੀ ਪੱਧਰ ‘ਤੇ ਧੱਕੇਸ਼ਾਹੀਆਂ ਕੀਤੀਆਂ ਹਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਚਾਇਤ ਚੋਣਾਂ ਦੌਰਾਨ ਕਾਂਗਰਸ ਸਰਕਾਰ ਨੇ ਹਜ਼ਾਰਾਂ ਹੀ ਸਰਪੰਚੀ ਤੇ ਪੰਚੀ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ ਜਾਂ ਦਾਖਲ ਨਹੀਂ ਹੋਣ ਦਿੱਤੇ ਅਤੇ ਅਦਾਲਤ ਦੇ ਹੁਕਮਾਂ ਦੀ ਵੀ ਪਰਵਾਹ ਨਹੀਂ ਕਰ ਰਹੀ।
ਪੰਜਾਬ ਦੇ ਬਹੁਤ ਸਾਰੇ ਪਿੰਡਾਂ ਵਿਚ ਕਾਂਗਰਸ ਦੇ ਵੱਡੇ ਆਗੂਆਂ ਦੇ ਵੱਖ-ਵੱਖ ਸਮਰਥਕ ਹੀ ਇਕ ਦੂਸਰੇ ਦੇ ਖਿਲਾਫ ਮੈਦਾਨ ਵਿਚ ਨਿੱਤਰੇ। ਕੁੱਲ 12,787,395 ਯੋਗ ਵੋਟਰਾਂ ਵਿਚੋਂ 85 ਫੀਸਦੀ ਨੇ ਆਪਣੀ ਵੋਟ ਹੱਕ ਦਾ ਇਸਤੇਮਾਲ ਕੀਤਾ ਜੋ ਸੂਬੇ ਲਈ ਇਕ ਰਿਕਾਰਡ ਹੈ। ਅੰਮ੍ਰਿਤਸਰ ਵਿਚ 68 ਫੀਸਦੀ, ਬਠਿੰਡਾ 84.75, ਫਤਹਿਗੜ੍ਹ ਸਾਹਿਬ 83.89, ਫਰੀਦਕੋਟ 83, ਫਾਜ਼ਿਲਕਾ 86, ਮੋਗਾ 78, ਸ੍ਰੀ ਮੁਕਤਸਰ ਸਾਹਿਬ 77.92, ਪਟਿਆਲਾ 82, ਪਠਾਨਕੋਟ 82, ਸਾਹਿਬਜ਼ਾਦਾ ਅਜੀਤ ਸਿੰਘ ਨਗਰ 84, ਸੰਗਰੂਰ 81 ਅਤੇ ਜਲੰਧਰ ਵਿਖੇ 75.21 ਫੀਸਦੀ ਵੋਟਾਂ ਪਈਆਂ।