ਸਿੱਖ ਕਤਲੇਆਮ: ਸੱਜਣ ਕੁਮਾਰ ਨੂੰ ਆਖਰਕਾਰ ਮਿਲੀ ਜੇਲ੍ਹ

ਨਵੀਂ ਦਿੱਲੀ: ਸਿੱਖ ਕਤਲੇਆਮ ਨਾਲ ਜੁੜੇ ਮਾਮਲੇ ਵਿਚ ਪਹਿਲੀ ਵਾਰ ਵੱਡੇ ਕੱਦ ਵਾਲੇ ਆਗੂ ਦੇ ਜੇਲ੍ਹ ਜਾਣ ਨਾਲ ਜਿਥੇ ਸਿੱਖ ਹਿਰਦਿਆਂ ਅਤੇ ਇਨਸਾਫ ਪਸੰਦ ਲੋਕਾਂ ਦੇ ਦਿਲਾਂ ਨੂੰ ਕੁਝ ਰਾਹਤ ਮਿਲੀ ਹੈ, ਉਥੇ ਹੀ ਦੇਸ਼ ਦੀ ਨਿਆਂ ਪ੍ਰਣਾਲੀ ‘ਚ ਟੁੱਟਦਾ ਵਿਸ਼ਵਾਸ ਕੁਝ ਹੱਦ ਤੱਕ ਬਹਾਲ ਹੋਇਆ ਹੈ।

ਸਿੱਖ ਕਤਲੇਆਮ ਦੇ ਕੇਸ ਵਿਚ ਦੋਸ਼ੀ ਠਹਿਰਾਏ ਗਏ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਅਤੇ ਉਸ ਦੇ ਦੋ ਸਾਥੀਆਂ ਨੇ ਕੜਕੜਡੂਮਾ ਦੀ ਅਦਾਲਤ ਅੱਗੇ ਆਤਮ ਸਮਰਪਣ ਕਰ ਦਿੱਤਾ। ਦਿੱਲੀ ਹਾਈ ਕੋਰਟ ਵੱਲੋਂ ਤਾਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਮਗਰੋਂ ਉਸ ਨੂੰ 31 ਦਸੰਬਰ ਤੱਕ ਆਤਮ ਸਮਰਪਣ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਸੱਜਣ ਕੁਮਾਰ ਨੂੰ ਮੰਡੋਲੀ ਜੇਲ੍ਹ ਅਤੇ ਦੋ ਹੋਰ ਦੋਸ਼ੀਆਂ ਮਹਿੰਦਰ ਯਾਦਵ ਤੇ ਕ੍ਰਿਸ਼ਨ ਖੋਖਰ ਨੂੰ ਤਿਹਾੜ ਜੇਲ੍ਹ ਭੇਜਿਆ ਗਿਆ ਹੈ। ਦਿੱਲੀ ਹਾਈ ਕੋਰਟ ਵੱਲੋਂ 17 ਦਸੰਬਰ ਨੂੰ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਅਤੇ 31 ਦਸੰਬਰ ਤੱਕ ਆਤਮ ਸਮਰਪਣ ਦੇ ਹੁਕਮ ਤੋਂ ਬਾਅਦ ਸੱਜਣ ਕੁਮਾਰ ਨੇ 20 ਦਸੰਬਰ ਨੂੰ ਦਿੱਲੀ ਹਾਈ ਕੋਰਟ ‘ਚ ਪਟੀਸ਼ਨ ਦਾਖਲ ਕਰ ਕੇ ਆਤਮ ਸਮਰਪਣ ਲਈ ਇਕ ਮਹੀਨੇ ਦੀ ਮੋਹਲਤ ਮੰਗੀ ਸੀ। ਇਸ ਪਟੀਸ਼ਨ ‘ਚ ਖੁਦ ਨੂੰ ਬੇਕਸੂਰ ਅਤੇ ਨਿੱਜੀ ਕਾਰਨਾਂ ਤੇ ਸਿਹਤ ਦਾ ਹਵਾਲਾ ਦਿੱਤਾ ਗਿਆ ਸੀ ਪਰ ਹਾਈ ਕੋਰਟ ਨੇ ਉਸ ਦੀ ਮੋਹਲਤ ਮੰਗਣ ਵਾਲੀ ਇਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਜਿਸ ਪਿੱਛੋਂ ਸੱਜਣ ਕੁਮਾਰ ਕੋਲ ਆਤਮ ਸਮਰਪਣ ਤੋਂ ਬਿਨਾਂ ਕੋਈ ਚਾਰਾ ਨਾ ਰਿਹਾ।
ਸੱਜਣ ਨੇ ਖੁਦ ਨੂੰ ਤਿਹਾੜ ਜੇਲ੍ਹ ‘ਚ ਰੱਖਣ ਦੀ ਗੁਜ਼ਾਰਿਸ਼ ਕੀਤੀ ਸੀ ਪਰ ਅਦਾਲਤ ਨੇ ਉਸ ਦੀ ਇਹ ਬੇਨਤੀ ਠੁਕਰਾ ਦਿੱਤੀ। ਹਾਲਾਂਕਿ ਕੁਝ ਦਿਨ ਪਹਿਲਾਂ ਕੁਮਾਰ ਨੇ ਨਿੱਜੀ ਕਾਰਨਾਂ ਤੇ ਸਿਹਤ ਦਾ ਹਵਾਲਾ ਦੇ ਕੇ ਆਤਮ-ਸਮਰਪਣ ਦੀ ਸਮੇਂ ਹੱਦ ‘ਚ ਵਾਧਾ ਕਰਨ ਦੀ ਮੰਗ ਕੀਤੀ ਸੀ ਪਰ ਦਿੱਲੀ ਹਾਈ ਕੋਰਟ ਨੇ ਉਸ ਦੀ ਅਪੀਲ ਰੱਦ ਕਰ ਦਿੱਤੀ ਸੀ ਜਿਸ ਪਿਛੋਂ ਸੱਜਣ ਕੁਮਾਰ ਕੋਲ 31 ਦਸੰਬਰ ਤੱਕ ਆਤਮ ਸਮਰਪਣ ਕਰਨ ਤੋਂ ਇਲਾਵਾ ਕੋਈ ਰਸਤਾ ਨਹੀਂ ਰਹਿ ਗਿਆ ਸੀ। ਸੱਜਣ ਤੋਂ ਇਲਾਵਾ ਇਸ ਮਾਮਲੇ ਦੇ ਦੂਜੇ ਦੋਸ਼ੀ ਕ੍ਰਿਸ਼ਨ ਖੋਖਰ ਤੇ ਮਹਿੰਦਰ ਯਾਦਵ ਨੇ ਵੀ ਜੱਜ ਅਦਿੱਤੀ ਗਰਗ ਸਾਹਮਣੇ ਆਤਮ ਸਮਰਪਣ ਕਰ ਦਿੱਤਾ। ਇਨ੍ਹਾਂ ਦੋਵਾਂ ਨੂੰ 10-10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਜੇਲ੍ਹ ਵਿਚ ਸੱਜਣ ਕੁਮਾਰ ਨੂੰ ਸਿੱਖ ਕੈਦੀਆਂ ਤੋਂ ਦੂਰ ਰੱਖੇ ਜਾਣ ਦਾ ਫੈਸਲਾ ਕੀਤਾ ਗਿਆ ਹੈ ਕਿਉਂਕਿ ਜੇਲ੍ਹ ਸੂਤਰਾਂ ਮੁਤਾਬਕ ਸਿੱਖ ਕਤਲੇਆਮ ਨਾਲ ਜੁੜੇ ਹੋਣ ਕਾਰਨ ਉਸ ਖਿਲਾਫ ਸਿੱਖ ਭਾਈਚਾਰੇ ‘ਚ ਭਾਰੀ ਗੁੱਸਾ ਹੈ। ਇਸ ਲਈ ਉਸ ਨੂੰ ਜੇਲ੍ਹ ਅੰਦਰ ਵੀ ਸਿੱਖ ਕੈਦੀਆਂ ਤੋਂ ਦੂਰ ਰੱਖਿਆ ਜਾਵੇਗਾ।
ਦਰਅਸਲ ਸਾਰਿਆਂ ਨੂੰ ਉਮੀਦ ਸੀ ਕਿ ਆਤਮ ਸਮਰਪਣ ਉਪਰੰਤ ਸੱਜਣ ਕੁਮਾਰ ਨੂੰ ਤਿਹਾੜ ਜੇਲ੍ਹ ਭੇਜਿਆ ਜਾਵੇਗਾ ਪਰ ਸਾਰੇ ਅੰਦਾਜ਼ਿਆਂ ਦੇ ਉਲਟ ਅਦਾਲਤ ਵਲੋਂ ਉਸ ਨੂੰ ਪੂਰਬੀ ਦਿੱਲੀ ਦੇ ਨੰਦ ਨਗਰੀ ਵਿਖੇ ਸਥਿਤ ਮੰਡੋਲੀ ਜੇਲ੍ਹ ‘ਚ ਭੇਜਣ ਦਾ ਫੈਸਲਾ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਸਿੱਖ ਕੈਦੀਆਂ ਦੀ ਗਿਣਤੀ ਤਿਹਾੜ ਜੇਲ੍ਹ ਦੇ ਮੁਕਾਬਲੇ ਮੰਡੋਲੀ ਜੇਲ੍ਹ ‘ਚ ਕਾਫੀ ਘੱਟ ਹੈ। ਸਿੱਖ ਆਗੂਆਂ ਵੱਲੋਂ ਕੜਕੜਡੂਮਾ ਅਦਾਲਤ ਕੋਲ ਨਾ ਜਾਣ ਦੀ ਅਪੀਲ ਕੀਤੇ ਜਾਣ ਦੇ ਬਾਵਜੂਦ ਦਿੱਲੀ ਕਮੇਟੀ ਦੇ ਆਗੂ ਅਤੇ ਸਿੱਖ ਕਤਲੇਆਮ ਦੇ ਪੀੜਤ ਅਦਾਲਤ ਦੇ ਬਾਹਰ ਬਾਣੀ ਦਾ ਜਾਪ ਕਰਦੇ ਰਹੇ। ਸੱਜਣ ਕੁਮਾਰ ਨੂੰ ਪਾਲਮ ਕਾਲੋਨੀ ਦੇ ਰਾਜ ਨਗਰ ਪਾਰਟ-1 ਵਿਚ 5 ਸਿੱਖਾਂ ਦੇ ਕਤਲ ਅਤੇ ਰਾਜ ਨਗਰ ਦੇ ਪਾਰਟ-2 ਵਿਖੇ ਗੁਰਦੁਆਰਾ ਸਾੜਨ ਦੇ ਮੁਕੱਦਮੇ ਵਿਚ ਤਾਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।