ਸਿਓਲ/ਵਾਸ਼ਿੰਗਟਨ: ਕਈ ਸਾਲਾਂ ਦੀ ਕਸ਼ਮਕਸ਼ ਤੋਂ ਬਾਅਦ ਉੱਤਰੀ ਕੋਰੀਆ ਅਤੇ ਅਮਰੀਕਾ ਆਹਮੋ-ਸਾਹਮਣੇ ਆਣ ਖੜ੍ਹੇ ਹਨ ਤੇ ਦੋਵਾਂ ਮੁਲਕਾਂ ਨੇ ਸ਼ਰੇਆਮ ਇਕ-ਦੂਜੇ ਨੂੰ ਵੰਗਾਰਿਆ ਹੈ। ਉੱਤਰੀ ਕੋਰੀਆ ਨੇ ਕਿਹਾ ਹੈ ਕਿ ਉਹ ਦੱਖਣੀ ਕੋਰੀਆ ਨਾਲ ‘ਜੰਗ ਵਾਲੀ ਹਾਲਤ’ ਵਿਚ ਪੁੱਜ ਗਿਆ ਹੈ ਤੇ ਨਾਲ ਹੀ ਖ਼ਬਰਦਾਰ ਕੀਤਾ ਹੈ ਕਿ ਕਿਸੇ ਵੀ ਭੜਕਾਹਟ ਦਾ ਸਿੱਟਾ ਪਰਮਾਣੂ ਟਕਰਾਅ ਵਿਚ ਨਿਕਲ ਸਕਦਾ ਹੈ।
ਉੱਤਰੀ ਕੋਰੀਆ ਨੇ ਮਾਰਚ ਦੇ ਸ਼ੁਰੂ ਵਿਚ ਐਲਾਨ ਕੀਤਾ ਸੀ ਕਿ ਉਹ ਅਮਰੀਕਾ ਤੇ ਦੱਖਣੀ ਕੋਰੀਆ ਵੱਲੋਂ ਕੀਤੀਆਂ ਜਾ ਰਹੀਆਂ ਸਾਂਝੀਆਂ ਜੰਗੀ ਮਸ਼ਕਾਂ ਖ਼ਿਲਾਫ਼ ਦੱਖਣੀ ਕੋਰੀਆ ਨਾਲ ਜੰਗਬੰਦੀ ਤੇ ਸਾਰੇ ਅਮਨ ਇਕਰਾਰਨਾਮੇ ਰੱਦ ਕਰ ਰਿਹਾ ਹੈ। ਦੂਜੇ ਪਾਸੇ ਦੱਖਣੀ ਕੋਰੀਆ ਨੇ ਇਸ ਧਮਕੀ ਨੂੰ ਮਹਿਜ਼ ਭੜਕਾਊ ਕਾਰਵਾਈ ਕਰਾਰ ਦਿੱਤਾ ਹੈ ਪਰ ਅਮਰੀਕਾ ਉੱਤਰੀ ਕੋਰੀਆ ਵੱਲੋਂ ਦੱਖਣੀ ਕੋਰੀਆ ਨਾਲ ਜੰਗ ਦੀ ਧਮਕੀ ਨੂੰ ਸੰਜੀਦਗੀ ਨਾਲ ਲੈ ਰਿਹਾ ਹੈ। ਉੱਤਰੀ ਅਤੇ ਦੱਖਣੀ ਕੋਰੀਆ ਦੇ ਸਬੰਧ 1950-53 ਦੀ ਜੰਗ ਦੇ ਸਮੇਂ ਤੋਂ ਹੀ ਤਣਾਅ ਵਾਲੇ ਚਲੇ ਆ ਰਹੇ ਹਨ। ਇਹ ਦੋਵੇਂ ਮੁਲਕ ਹਰ ਵੇਲੇ ਇਕ-ਦੂਜੇ ਨਾਲ ਭਿੜਨ ਲਈ ਤਿਆਰ ਰਹਿੰਦੇ ਹਨ ਕਿਉਂਕਿ ਇਹ ਜੰਗ ਅਸਥਾਈ ਜੰਗਬੰਦੀ ਦੇ ਆਧਾਰ ‘ਤੇ ਰੁਕੀ ਹੋਈ ਹੈ ਤੇ ਇਸ ਪਿੱਛੋਂ ਕੋਈ ਸ਼ਾਂਤੀ-ਸਮਝੌਤਾ ਨਹੀਂ ਹੋਇਆ।
ਹੁਣ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਅਮਰੀਕਾ ਦੇ ਪ੍ਰਸ਼ਾਂਤ ਤੇ ਦੱਖਣੀ ਕੋਰੀਆ ਵਿਚਲੇ ਫੌਜੀ ਅੱਡਿਆਂ ਵੱਲ ਆਪਣੀਆਂ ਮਿਜ਼ਾਈਲਾਂ ਤਾਣ ਲਈਆਂ ਹਨ। ਉੱਤਰੀ ਕੋਰੀਆ ਨੇ ਕਿਹਾ ਹੈ ਕਿ ਅਮਰੀਕਾ ਤੇ ਦੱਖਣੀ ਕੋਰੀਆ ਵਿਚਾਲੇ ਜਿਹੜਾ ਜੰਗੀ ਅਭਿਆਸ ਹੋ ਰਿਹਾ ਹੈ, ਉਸ ਦੌਰਾਨ ਜੇ ਉਸ ਦੀ ਧਰਤੀ ਵੱਲ ਮਾੜੀ ਨਜ਼ਰ ਪਾਈ ਗਈ ਤਾਂ ਇਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।
ਉਧਰ, ਅਮਰੀਕਾ ਨੇ ਕਿਹਾ ਹੈ ਕਿ ਉਸ ਨੇ ਦੱਖਣੀ ਕੋਰੀਆ ਨਾਲ ਪੂਰਾ ਤਾਲਮੇਲ ਬਿਠਾਇਆ ਹੋਇਆ ਹੈ ਤੇ ਉੱਤਰੀ ਕੋਰੀਆ ਤੋਂ ਪੈਦਾ ਹੋਣ ਵਾਲੇ ਹਰ ਤਰ੍ਹਾਂ ਦੇ ਖਤਰੇ ਦਾ ਮੁਕਾਬਲਾ ਕਰਨ ਲਈ ਤਿਆਰ ਹੈ। ਅਮਰੀਕਾ ਦੀ ਕੌਮੀ ਸੁਰੱਖਿਆ ਕੌਂਸਲ ਦੀ ਤਰਜਮਾਨ ਕੈਟਲਿਨ ਹੇਡੇਨ ਨੇ ਕਿਹਾ ਕਿ ਅਮਰੀਕਾ ਆਪਣੀ ਤੇ ਆਪਣੇ ਸਹਿਯੋਗੀ ਮੁਲਕਾਂ ਦੀ ਰੱਖਿਆ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਅਮਰੀਕਾ ਨੇ ਉੱਤਰੀ ਕੋਰੀਆ ਪਾਸੋਂ ਧਮਕੀਆਂ ਮਿਲਣ ਮਗਰੋਂ ਕਈ ਕਦਮ ਚੁੱਕੇ ਹਨ। ਅਮਰੀਕਾ ਤੇ ਦੱਖਣੀ ਕੋਰੀਆ ਵਿਚਾਲੇ ਹਰ ਸਾਲ ਜੰਗੀ ਅਭਿਆਸ ਹੁੰਦਾ ਹੈ ਤੇ ਉੱਤਰੀ ਕੋਰੀਆ ਇਸ ਨੂੰ ਆਪਣੇ ਖ਼ਿਲਾਫ਼ ਜੰਗ ਦੀ ਤਿਆਰੀ ਕਰਾਰ ਦਿੰਦਾ ਹੈ। ਇਸ ਵਾਰ ਇਹ ਮਾਮਲਾ ਕਾਫੀ ਭੜਕ ਗਿਆ ਹੈ।
ਉੱਤਰੀ ਕੋਰੀਆ ਦਾ ਕਹਿਣਾ ਹੈ ਕਿ ਜੇ ਅਮਰੀਕਾ ਨੇ ਆਪਣੇ ਪਰਮਾਣੂ ਹਥਿਆਰਾਂ ਦੀ ਸਮਰੱਥਾ ਰੱਖਣ ਵਾਲੇ ਬੀ-2 ਲੜਾਕੂ ਹਵਾਈ ਜਹਾਜ਼ਾਂ ਰਾਹੀਂ ਭੜਕਾਊ ਕਾਰਵਾਈ ਕੀਤੀ ਤਾਂ ਇਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਅਮਰੀਕਾ ਦੀ ਧਰਤੀ ਹੀ ਨਹੀਂ ਸਗੋਂ ਉਸ ਦੇ ਪ੍ਰਸ਼ਾਂਤ ਸਾਗਰ ਵਿਚ ਹਵਾਈ, ਗੁਆਮ ਤੇ ਦੱਖਣੀ ਕੋਰੀਆ ਤੇ ਹੋਰ ਫੌਜੀ ਟਿਕਾਣਿਆਂ ‘ਤੇ ਮਿਜ਼ਾਈਲਾਂ ਦੀ ਬਰਸਾਤ ਕਰ ਦਿੱਤੀ ਜਾਵੇਗੀ। ਇਹ ਤਣਾਅ ਉਦੋਂ ਵਧਿਆ ਜਦੋਂ ਬੀ-2 ਕੋਰੀਆ ਦੀਪ ਉਪਰ ਉਡਾਣ ਕਰ ਰਹੇ ਸਨ। ਇਹ ਭਾਵੇਂ ਜੰਗੀ ਅਭਿਆਸ ਦਾ ਇਕ ਹਿੱਸਾ ਸੀ ਪਰ ਉੱਤਰੀ ਕੋਰੀਆ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਹੈ। ਅਮਰੀਕੀ ਫੌਜ ਦਾ ਬੀ-2 ਲੜਾਕੂ ਜਹਾਜ਼ ਅਹਿਮ ਹਿੱਸਾ ਹਨ। ਇਹ ਕਿਸੇ ਰਡਾਰ ‘ਤੇ ਨਹੀਂ ਆਉਂਦੇ ਤੇ ਇਨ੍ਹਾਂ ਨੇ ਸਰਬੀਆ, ਅਫਗਾਨਿਸਤਾਨ, ਇਰਾਕ ਤੇ ਲਿਬੀਆ ਵਿਚ ਵਿਆਪਕ ਤਬਾਹੀ ਮਚਾਈ ਹੈ। ਉੱਤਰੀ ਕੋਰੀਆ ਹੁਣ ਖੁੱਲ੍ਹ ਕੇ ਬੋਲ ਰਿਹਾ ਹੈ ਕਿਉਂਕਿ ਬੀਤੇ ਸਾਲ ਦਸੰਬਰ ਵਿਚ ਲੰਬੀ ਦੂਰੀ ਦੀ ਮਿਜ਼ਾਈਲ ਤੇ ਇਸ ਸਾਲ ਪਰਮਾਣੂ ਬੰਬ ਦੀ ਪਰਖ ਕਾਰਨ ਉਸ ‘ਤੇ ਅਮਰੀਕਾ ਤੇ ਸੰਯੁਕਤ ਰਾਸ਼ਟਰ ਨੇ ਪਾਬੰਦੀਆਂ ਲਾਈਆਂ ਹੋਈਆਂ ਹਨ। ਉਧਰ, ਦੱਖਣੀ ਕੋਰੀਆ ਤੇ ਅਮਰੀਕਾ ਵੱਲੋਂ ਉੱਤਰੀ ਕੋਰੀਆ ਨੇੜੇ ਫੌਜੀ ਸਰਗਰਮੀਆਂ ਵਧਾਉਣ ਉਪਰ ਰੂਸ ਨੇ ਫਿਕਰ ਜ਼ਾਹਿਰ ਕੀਤਾ ਹੈ। ਇਹ ਚਿਤਾਵਨੀ ਵੀ ਦਿੱਤੀ ਹੈ ਕਿ ਜੇ ਇਹ ਸਰਗਰਮੀਆਂ ਘਟਾਈਆਂ ਨਾ ਗਈਆਂ ਤਾਂ ਹਾਲਾਤ ਬੇਕਾਬੂ ਹੋ ਸਕਦੇ ਹਨ। ਰੂਸ ਨੇ ਉੱਤਰੀ ਕੋਰੀਆ ਨੇੜੇ ਲੜਾਕੂ ਜਹਾਜ਼ਾਂ ਦੀਆਂ ਉਡਾਣਾਂ ਰੋਕਣ ਲਈ ਕਿਹਾ ਹੈ।
Leave a Reply