ਅੰਮ੍ਰਿਤਸਰ: ਜਨਤੰਤਰ ਮੋਰਚਾ ਦੇ ਆਗੂ ਤੇ ਸਮਾਜ ਸੇਵੀ ਅੰਨਾ ਹਜ਼ਾਰੇ ਨੇ ਦੇਸ਼ ਵਾਸੀਆਂ ਨੂੰ ਜਾਗਰੂਕ ਕਰਨ ਲਈ ਜਲ੍ਹਿਆਂਵਾਲਾ ਬਾਗ ਤੋਂ ‘ਜਨਤੰਤਰ ਯਾਤਰਾ’ ਸ਼ੁਰੂ ਕੀਤੀ। ਇਸ ਨੂੰ ਆਜ਼ਾਦੀ ਦੀ ਦੂਜੀ ਲੜਾਈ ਕਰਾਰ ਦਿੰਦਿਆਂ ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਭ੍ਰਿਸ਼ਟਾਚਾਰ ਮੁਕਤ ਤੇ ਸ਼ਹੀਦਾਂ ਦੇ ਸੁਫਨਿਆਂ ਦਾ ਦੇਸ਼ ਸਿਰਜਣ ਲਈ ਮੋਰਚੇ ਨਾਲ ਜੁੜਨ। ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਸਮੇਂ ਉਨ੍ਹਾਂ ਕਿਹਾ ਕਿ ਸਾਕਾ ਨੀਲਾ ਤਾਰਾ ‘ਅਗਿਆਨੀ ਲੋਕਾਂ’ ਦੀ ਕਾਰਵਾਈ ਸੀ। ਉਨ੍ਹਾਂ ਕਿਹਾ ਕਿ ਸਰਬ ਸਾਂਝੀਵਾਲਤਾ ਦਾ ਸੱਦਾ ਦੇਣ ਵਾਲੇ ਇਸ ਪਵਿੱਤਰ ਸਥਾਨ ‘ਤੇ ਫ਼ੌਜੀ ਕਾਰਵਾਈ ਨੂੰ ਕਿਸੇ ਵੀ ਹਾਲਤ ਵਿਚ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।
ਸ੍ਰੀ ਅੰਨਾ ਹਜ਼ਾਰੇ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਮਗਰੋਂ ਸੂਚਨਾ ਕੇਂਦਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਕਾ ਨੀਲਾ ਤਾਰਾ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਆਖਿਆ ਕਿ ਇਹ ‘ਅਗਿਆਨੀ ਲੋਕਾਂ’ ਦੀ ਕਾਰਵਾਈ ਸੀ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਸਮੂਹ ਧਰਮਾਂ ਦੇ ਲੋਕਾਂ ਦਾ ਸ਼ਰਧਾ ਸਥਾਨ ਹੈ। ਅਜਿਹੇ ਰੂਹਾਨੀ ਅਸਥਾਨ ‘ਤੇ ਅਗਿਆਨੀ ਲੋਕ ਹੀ ਹਮਲਾ ਕਰ ਸਕਦੇ ਹਨ। ਸਿੱਖ ਕਤਲੇਆਮ ਦੇ ਮਾਮਲੇ ਵਿਚ ਹੁਣ ਤਕ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲਣ ਬਾਰੇ ਉਨ੍ਹਾਂ ਕਿਹਾ ਕਿ ਰੱਬ ਦੇ ਘਰ ਵਿਚ ਦੇਰ ਹੈ, ਅੰਧੇਰ ਨਹੀਂ। ਇਕ ਦਿਨ ਦੋਸ਼ੀਆਂ ਨੂੰ ਜ਼ਰੂਰ ਸਜ਼ਾਵਾਂ ਮਿਲਣਗੀਆਂ। ਗਾਂਧੀਵਾਦੀ ਆਗੂ ਨੇ ਆਖਿਆ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਉਨ੍ਹਾਂ ਨੂੰ ਆਪਣੀ ਜੰਗ ਜਾਰੀ ਰੱਖਣ ਲਈ ਨਵੀਂ ਤਾਕਤ ਮਿਲੀ ਹੈ।
ਤਕਰੀਬਨ ਡੇਢ ਸਾਲ ਦੇਸ਼ ਭਰ ਵਿਚ ਘੁੰਮਣ ਵਾਲੀ ਜਨਤੰਤਰ ਯਾਤਰਾ ਦੀ ਸ਼ੁਰੂਆਤ ਕਰਦਿਆਂ ਅੰਨਾ ਹਜ਼ਾਰੇ ਤੇ ਉਨ੍ਹਾਂ ਦੇ ਸਾਥੀਆਂ ਨੇ ਇਥੇ ਸ਼ਹੀਦੀ ਸਮਾਰਕ ‘ਤੇ ਪ੍ਰਣ ਕੀਤਾ ਕਿ ਜਦੋਂ ਤਕ ਉਨ੍ਹਾਂ ਦਾ ਜੀਵਨ ਹੈ, ਉਹ ਦੇਸ਼, ਦੇਸ਼ ਵਾਸੀਆਂ ਤੇ ਸਮਾਜ ਦੀ ਭਲਾਈ ਲਈ ਜੰਗ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਅਜਾਈਂ ਨਹੀਂ ਜਾਣਗੀਆਂ। ਗਾਂਧੀਵਾਦੀ ਆਗੂ ਨੇ ਆਖਿਆ ਕਿ ਉਨ੍ਹਾਂ ਇਹ ਯਾਤਰਾ ਜਲ੍ਹਿਆਂਵਾਲਾ ਬਾਗ ਤੋਂ ਇਸ ਲਈ ਸ਼ੁਰੂ ਕੀਤੀ ਹੈ ਕਿਉਂਕਿ ਇਹ ਸ਼ਹੀਦਾਂ ਦੀਆਂ ਕੁਰਬਾਨੀਆਂ ਵਾਲੀ ਧਰਤੀ ਹੈ।
ਉਨ੍ਹਾਂ ਦੀਆਂ ਕੁਰਬਾਨੀਆਂ ਨਾਲ ਹੀ ਦੇਸ਼ ਨੂੰ ਆਜ਼ਾਦੀ ਮਿਲੀ ਪਰ ਇਸ ਵੇਲੇ ਦੇਸ਼ ਵਿਚ ਭ੍ਰਿਸ਼ਟਾਚਾਰ, ਲੁੱਟ ਖਸੁੱਟ ਤੇ ਗੁੰਡਾਗਰਦੀ ਦਾ ਬੋਲਬਾਲਾ ਹੈ ਜਿਸ ਤੋਂ ਹਰ ਕੋਈ ਦੁਖੀ ਹੈ। ਉਨ੍ਹਾਂ ਆਖਿਆ ਕਿ ਇਨ੍ਹਾਂ ਬੁਰਾਈਆਂ ਦੇ ਖ਼ਾਤਮੇ ਲਈ ਅੱਜ ਦੂਜੀ ਲੜਾਈ ਦੀ ਸ਼ੁਰੂਆਤ ਕੀਤੀ ਹੈ ਜੋ ਅਹਿੰਸਾ ਦੇ ਮਾਰਗ ‘ਤੇ ਚਲਦਿਆਂ ਲੜੀ ਜਾਵੇਗੀ। ਅੰਨਾ ਹਜ਼ਾਰੇ ਨੇ ਕਿਹਾ ਕਿ ਉਹ ਕਸ਼ਮੀਰ ਤੋਂ ਕੰਨਿਆ ਕੁਮਾਰੀ ਤਕ ਵੱਖ ਵੱਖ ਸੂਬਿਆਂ ਅਤੇ ਸ਼ਹਿਰਾਂ ਵਿਚ ਜਾਣਗੇ ਤੇ ਕੁੰਭਕਰਨੀ ਨੀਂਦ ਸੁੱਤੇ ਲੋਕਾਂ ਨੂੰ ਜਗਾਉਣਗੇ।
ਲੋਕਾਂ ਨੂੰ ਮੋਰਚੇ ਦੇ 25 ਸੂਤਰੀ ਪ੍ਰੋਗਰਾਮ ਬਾਰੇ ਵੀ ਦੱਸਿਆ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਮੋਰਚਾ ਲੋਕਾਂ ਕੋਲੋਂ ਕੋਈ ਮਾਇਕ ਮਦਦ ਨਹੀਂ ਲਵੇਗਾ ਤੇ ਮੋਰਚੇ ਵਿਚ ਅਹੁਦੇ ਨਹੀਂ ਹੋਣਗੇ। ਜਨਤੰਤਰ ਮੋਰਚਾ ਕੋਈ ਚੋਣ ਨਹੀਂ ਲੜੇਗਾ ਤੇ ਨਾ ਕਿਸੇ ਸਿਆਸੀ ਪਾਰਟੀ ਨੂੰ ਸਮਰਥਨ ਦੇਵੇਗਾ। ਉਨ੍ਹਾਂ ਕਿਹਾ ਕਿ ਜਨਤੰਤਰ ਮੋਰਚਾ ਇਸ ਯਾਤਰਾ ਦੌਰਾਨ ਦੇਸ਼ ਭਰ ਵਿਚ ਛੇ ਕਰੋੜ ਲੋਕਾਂ ਨੂੰ ਆਪਣੇ ਨਾਲ ਜੋੜੇਗਾ। ਇਹ ਲੋਕ ਸ਼ਕਤੀ ਸਰਕਾਰ ਨੂੰ ਸੁਧਾਰ ਲਿਆਉਣ ਲਈ ਮਜਬੂਰ ਕਰੇਗੀ।
Leave a Reply